ਡਾ. ਹਰਿਭਜਨ ਸਿੰਘ ਵੱਲੋਂ ਰੂਸੀ ਕਵਿਤਾਵਾਂ ਦਾ ਅਨੁਵਾਦ ਮੌਲਿਕਤਾ ਵਰਗਾ ਰਸ-ਭਿੰਨੜਾ

ਸਾਹਿਤਕ ਤੰਦਾਂ

ਮਨਮੋਹਨ ਸਿੰਘ ਦਾਊਂ
ਫੋਨ: +91-9815123900
ਕਿਸੀ ਹੋਰ ਭਾਸ਼ਾ ਦੀ ਕਵਿਤਾ ਦਾ ਆਪਣੀ ਮਾਂ-ਬੋਲੀ ’ਚ ਅਨੁਵਾਦ ਜਾਂ ਰੂਪਾਂਤ੍ਰਣ ਕਰਨਾ ਕਠਿਨ ਕਾਰਜ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਸਲ ਅਰਥਾਂ ਵਿੱਚ ਕਿਸੀ ਹੋਰ ਭਾਸ਼ਾ ਦੀ ਕਵਿਤਾ ਨੂੰ ਦੂਜੀ ਭਾਸ਼ਾ ਵਿੱਚ ਉਲਥਾਣਾ ਹਾਰੀ-ਸਾਰੀ ਦਾ ਕੰਮ ਨਹੀਂ, ਪਰ ਅਜਿਹਾ ਆਦਾਨ-ਪ੍ਰਦਾਨ ਕਰਨ ਦਾ ਉੱਦਮ ਚਿਰ-ਕਾਲ ਤੋਂ ਚਲਿਆ ਆ ਰਿਹਾ ਹੈ। ਇਸ ਨਾਲ ਭਾਸ਼ਾਵਾਂ ਦੀ ਅਮੀਰੀ ਵਿੱਚ ਵਾਧਾ ਹੁੰਦਾ ਹੈ ਤੇ ਮਾਨਵੀ-ਸੰਵੇਦਨਾ ਨਾਲ ਗੂੜ੍ਹੀ ਸਾਂਝ ਵੀ ਪੈਂਦੀ ਹੈ। ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਬ੍ਰਹਿਮੰਡੀ ਹਨ। ਪੰਜਾਬੀ ਕਵਿਤਾ ਦੇ ਦਿਸਹੱਦਿਆਂ ਨੂੰ ਵਿਸ਼ਾਲਤਾ ਦੇਣ ਵਿੱਚ ਭਾਸ਼ਾਵਾਂ ਦੀਆਂ ਕਾਵਿ-ਰਚਨਾਵਾਂ ਦੇ ਅਨੁਵਾਦ ਨਾਲ ਪੰਜਾਬੀ ਬੋਲੀ ਨੂੰ ਮਾਣ ਵੀ ਮਿਲਿਆ। ‘ਏਸ਼ੀਆ ਦਾ ਚਾਨਣ’ (ਠਹੲ Lਗਿਹਟ ੋਾ ੳਸiਅ) ਅਨੁਵਾਦ ਮਹਾਂ-ਕਾਵਿ ਇਸ ਦੀ ਮਿਸਾਲ ਹੈ।

ਸਭ ਤੋਂ ਵੱਧ ਰੂਸੀ ਕਵਿਤਾ ਦੇ ਪੰਜਾਬੀ ਅਨੁਵਾਦ ਵਾਲੀਆਂ ਡਾ. ਹਰਿਭਜਨ ਸਿੰਘ ਦੀਆਂ ਦੋ ਪੁਸਤਕਾਂ ‘ਮੇਰੀ ਬੋਲੀ ਤੇਰੇ ਬੋਲ’ ਅਤੇ ‘ਇਹ ਪਰਦੇਸਣ ਪਿਆਰੀ’ ਬਿਲਕੁਲ ਵੱਖਰੇ ਰਸ ਮਾਨਣ ਵਾਲੀਆਂ ਹਨ। ਡਾ. ਹਰਿਭਜਨ ਸਿੰਘ ਪੰਜਾਬੀ ਕਵਿਤਾ ਦੇ ਜਿੱਥੇ ਸਿਰਮੌਰ ਕਵੀ ਸਨ, ਉੱਥੇ ਉਹ ਸਰੰਚਨਾਵਾਦੀ ਆਲੋਚਕ, ਅਨੁਵਾਦਕ ਅਤੇ ਦਾਰਸ਼ਨਿਕ ਬੁੱਧ-ਬਿਬੇਕ ਸਾਹਿਤਕਾਰ ਸਨ, ਜਿਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਮੰਨੀ ਜਾਂਦੀ ਹੈ। ਉਹ ਮੁਹੱਬਤ ਦਾ ਵਣਜਾਰਾ ਸ਼ਾਇਰ ਸੀ। ਉਸ ਦੇ ਬੋਲ ਹਨ:
ਮਾਣਸ ਜਨਮ ਦੁਬਾਰਾ ਪਾਵਾਂ
ਏਸ ਹੀ ਦੇਸ ਪੰਜਾਬ ’ਚ ਆਵਾਂ।
ਉਨ੍ਹਾਂ ਦੀ ਪਹਿਲੀ ਕਾਵਿ-ਅਨੁਵਾਦ ਪੁਸਤਕ ‘ਮੇਰੀ ਬੋਲੀ ਤੇਰੇ ਬੋਲ’ 1970 ’ਚ ਪ੍ਰਕਾਸ਼ਿਤ ਹੋਈ, ਜਿਸ ਵਿੱਚ 20 ਰੂਸੀ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕੀਤਾ ਗਿਆ। ਮੁਖਬੰਦ ਵਜੋਂ ‘ਸਿਰਫ ਇਤਲਾਅ ਲਈ’ ਲਿਖਦੇ ਹਨ: ਰੂਸੀ ਕਵਿਤਾਵਾਂ ਦਾ ਇਹ (ਅਨੁਵਾਦ) ਰੂਪਾਂਤਰ ਕਿੰਨਾ ਕੁ ਰੂਸੀ ਹੈ ਤੇ ਕਿੰਨਾ ਕੁ ਪੰਜਾਬੀ? ਇਸ ਪ੍ਰਸ਼ਨ ਦਾ ਉੱਤਰ ਨਾ ਮੈਂ ਦੇ ਸਕਦਾ ਹਾਂ, ਨਾ ਤੁਸੀਂ। ਇਹ ਰਚਨਾਵਾਂ ਅਨੁਵਾਦ ਤੋਂ ਵਧੇਰੇ ਮੇਰੇ ਸਿਰਜਨ-ਸੁਆਦ ਦੇ ਲੀਹੇ ਪਈਆਂ ਰਹੀਆਂ ਹਨ। ਮੈਂ ਇਨ੍ਹਾਂ ਕਵਿਤਾਵਾਂ ਨੂੰ ਮਨੁੱਖੀ ਭਾਵ ਦੀਆਂ ਮੂਰਤਾਂ ਸਮਝ ਕੇ ਸਵੀਕਾਰ ਕੀਤਾ ਹੈ।
ਪੁਸਤਕ ਦੇ ਅਰੰਭ ’ਚ ਪੁਸ਼ਕਿਨ ਕਵੀ ਦੀਆਂ 17 ਕਵਿਤਾਵਾਂ ਦੀ ਕਾਵਿ-ਸ਼ੈਲੀ ਨਿਰੋਲ ਪੰਜਾਬੀ ਰੰਗ ਵਾਲੀ ਹੈ:
ਧੁਪੀਅਲ ਤੇ ਚਟਾਨੀ ਕੰਢੇ, ਆਪਣੇ ਕੱਪੜੇ ਪਿਆ ਸੁਕਾਵਾਂ,
ਕੱਪੜੇ ਮੇਰੇ ਤਿਪ-ਤਿਪ ਚੋਂਦੇ,
ਇਹ ਨਾ ਲੱਥਣ, ਮੈਂ ਪਿਆ ਲਾਹਵਾਂ। (ਪੰਨਾ 17)
ਫੇਦੋਰ ਤਿਉਸ਼ੇਵ ਦੀਆਂ 7 ਕਵਿਤਾਵਾਂ ਸ਼ਾਮਲ ਹਨ।
‘ਗੋਰੀ ਦੀਆਂ ਚਿੱਠੀਆਂ’ ਕਵਿਤਾ ਤਾਂ ਨੰਦ ਨਾਲ ਨੂਰਪੁਰੀ ਦਾ ਗੀਤ ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’ ਨੂੰ ਚੇਤੇ ਕਰਾਉਣ ਲਗਦੀ ਹੈ।
ਕਵਿਤਾ ‘ਨੈਣ ਗੋਰੀ ਦੇ’ ਲੋਕ-ਗੀਤ ਵਰਗੀ ਲਗਦੀ ਹੈ:
ਮੇਰੀਏ ਸੋਹਣੀਏ ਨੀ, ਮੈਂ ਤੇਰੇ ਨੈਣ ਪਿਆਰਾਂ,
ਅਜਬ ਇਨ੍ਹਾਂ ਦੀਆਂ ਚੰਚਲ ਕੇਲਾਂ
ਅਜਬ ਲਿਸ਼ਕ-ਲਿਸ਼ਕਾਰਾਂ। (ਪੰਨਾ 27)
ਅਲੈਕਸੀ ਕੋਲਸਤੋਵ ਦੀਆਂ 5 ਕਵਿਤਾਵਾਂ ਤਾਂ ਨਿਰੀਆਂ ਮੁਹੱਬਤੀ ਜਜ਼ਬਿਆਂ ਵਾਲੀ ਪੰਜਾਬੀ ਸੁਭਾਅ ਦੇ ਨੇੜੇ-ਤੇੜੇ ਗੱਲਾਂ ਕਰਦੀਆਂ ਜਾਪਦੀਆਂ:
ਸਿਲ੍ਹੀ-ਸਿਲ੍ਹੀ ਧੁੰਦ ਵਿੱਚ ਗਿੱਲੇ-ਗਿੱਲੇ ਪਾਣੀ
ਕਾਲੀ-ਕਾਲੀ ਰਾਤ ’ਚ ਔਧ ਵਿਹਾਣੀ
ਇਸ ਰੁੱਤੇ ਜੀਣ ਅਞਾਈਂ, ਨੀ ਜਿੰਦੇ ਮੇਰੀਏ। (ਪੰਨਾ 36)
ਮਿਖਾਇਲ ਲਰਮਤੋਵ ਦੀਆਂ 10 ਕਵਿਤਾਵਾਂ ਨਵਾਂ ਬਿੰਬ ਸਿਰਜਦੀਆਂ ਹਨ:
ਮੈਂ ਤੈਨੂੰ ਪਿਆਰ ਕਰਾਂ, ਤੇਰਾ ਜੋਬਨ ਖਿੜਦਾ ਜਾਵੇ
ਦੁਨੀਆਂ ਨੂੰ ਕੀ ਆਖਾਂ, ਜਿਹੜੀ ਫੁੱਲ ਵੀ ਸੁੱਕਣੇ ਪਾਵੇ। (ਪੰਨਾ 43)

ਦਿਲ ਮੇਰੇ ਦੀ ਸੜਦੀ ਭੋਂ ’ਤੇ, ਜਦੋਂ ਵਿਛਣ ਗੀਤਾਂ ਦੀਆਂ ਛਾਵਾਂ
ਮੈਂ ਵੀ ਇੱਕ ਪੰਛੀ ਹੋ ਜਾਵਾਂ, ਪੰਛੀ ਗਾਵੇ ਮੈਂ ਵੀ ਗਾਵਾਂ। (ਪੰਨਾ 45)
ਅਲੈਕਸੀ ਤਾਲਸਤਾਏ ਦੀਆਂ 6 ਕਵਿਤਾਵਾਂ ਪ੍ਰਕਿਰਤੀ ਨਾਲ ਗਲਵਕੜੀ ਪਾਉਂਦੀਆਂ, ਕਲੋਲਾਂ ਕਰਦੀਆਂ ਜਾਪਦੀਆਂ ਹਨ। ਕੁਦਰਤ ਨੂੰ ਬਲਿਹਾਰੀ ਆਖਦੀਆਂ:
ਰੁੱਖ ਪੱਤਿਆਂ ’ਚੋਂ ਬਰਖਾ ਬੂੰਦਾਂ, ਹੌਲੀ-ਹੌਲੀ ਤਿੱਪ-ਤਿੱਪ ਡੁੱਲ੍ਹਣ
ਬਰਖਾ ਤਾਂ ਵਿਦਿਆ ਹੋ ਚੁੱਕੀ, ਰੁੱਖ ਮਲਕੜੇ ਘੁਸਮੁਸ ਕਰਦੇ
ਦੂਰ ਕੂਕਦਾ ਕੂ-ਕੂ ਪੰਛੀ। (ਪੰਨਾ 58)

ਰੁੱਤ ਬਸੰਤੀ, ਸਵੇਰ ਸਾਰ ਹੀ, ਅਜੇ ਤਾਂ ਘਾਹ ਦਾ
ਮੂੰਹ ਮੱਥਾ ਵੀ ਨਜ਼ਰ ਨਾ ਆਵੇ
ਨਦੀਆਂ ਨਾਲੇ ਰੁੜ੍ਹਦੇ ਜਾਂਦੇ
ਅਜੇ ਨਾ ਪੌਣਾਂ ਦੇ ਸਿਰ ਗਰਮੀ ਆਣ ਖਲੋਤੀ। (ਪੰਨਾ 54)

ਨੇਕਰਾਸੋਵ ਦੀਆਂ 5 ਕਵਿਤਾਵਾਂ ’ਚੋਂ ‘ਘਰ ਵਾਲੀ ਦਾ ਸ਼ਿਕਵਾ’ ਨਿਰੋਲ ਪੰਜਾਬਣ ਵਾਂਗ ਆਪਣੇ ਨਸ਼ਈ ਪਤੀ ਪ੍ਰਤੀ ਸ਼ਿਕਵੇ ਦਾ ਇਜ਼ਹਾਰ ਕਰਦੀ ਹੈ। ਬਹੁਤ ਸੰਵੇਦਨਾ ਭਰੀ ਕਵਿਤਾ ਕਿਸਾਨ ਦੀ ਮੁਸ਼ੱਕਤ ਨੂੰ ਚਿਤਰਦੀ ‘ਰੋਟੀ’ ਹੈ:
ਜੱਟ ਖੜਾ ਖੇਤੀ ਨੂੰ ਝੂਰੇ, ਤੱਕਣੀ ਉਸ ਦੀ ਰੋਗੀ ਸੋਗੀ
ਉਭੇ ਸਾਹ, ਉਹ ਹੁਟਿਆ ਹੰਭਿਆ, ਡਿੱਕਮ-ਡੋਲ੍ਹੇ ਸਿਰ ਚਕਰਾਏ।

ਦੇ ਦੇ ਮੈਨੂੰ ਇੱਕੋ ਰੋਟੀ, ਰੋਟੀ ਧਰਤੀ ਮਾਤਾ ਜਿੱਡੀ। (ਪੰਨਾ 62)

ਕਾਨਸਤਾਨਤਿਨ ਬਲਮੌਂਟ ਦੀਆਂ 2 ਕਵਿਤਾਵਾਂ ‘ਉਸ ਨੂੰ ਸ਼ਿਕਵਾ ਕੋਈ ਨਹੀਂ ਸੀ’ ਅਤੇ ‘ਧੁੱਪਾ’ ਬੜੀਆਂ ਹੀ ਪਿਆਰੀਆਂ ਹਨ:
ਮੈਂ ਆਇਆ ਸੀ ਇਸ ਦੁਨੀਆਂ ਵਿੱਚ ਧੁੱਪਾਂ ਵੇਖਣ
ਅੰਬਰ ਦੀ ਨੀਲੀ ਝਿਲਮਿਲ ਦਾ ਸ਼ੌਕ ਹੈ ਮੈਨੂੰ। (ਪੰਨਾ 67)

ਆਈ ਸ਼ੂਰੀਕੋਵ ਦੀ ਇੱਕ ਕਵਿਤਾ ‘ਜੋਬਨ ਪਿਆਰ ਵਿਹੂਣਾ’, ਫੇਦੋਰ ਸੋਲੋਗੁਬ ਦੀਆਂ 2 ਕਵਿਤਾਵਾਂ ‘ਬੂਹੇ ਬੰਦ ਕਿਤੇ ਨਾ ਢੋਈ’ ਅਤੇ ‘ਸੁਰਾਹੀ’ ਹਨ।
ਵਲਾਦੀਮੀਰ ਸੋਲੋਵਯੇਵ ਦੀਆਂ 2 ਕਵਿਤਾਵਾਂ ਹਨ। ਫ਼ੇਤ ਦੀਆਂ 7 ਕਵਿਤਾਵਾਂ ਹਨ। ‘ਕੁਦਰਤ’ ਕਵਿਤਾ ਦੀਆਂ ਦੋ ਲਾਈਨਾਂ ਹਨ:
ਸਮਾਂ ਕਦੇ ਵੀ ਸੁਪਨੇ ਤਾਈਂ ਬੰਨ੍ਹ ਨਾ ਸਕੇ,
ਰੂਹ ਨੂੰ ਬੰਧਨ ਕੋਈ ਨਹੀਂ ਹੈ। (ਪੰਨਾ 82)
ਸਰਗੇਈ-ਏਸੇਨਿਨ ਦੀਆਂ 3 ਕਵਿਤਾਵਾਂ ’ਚੋਂ ‘ਆਪਣੀ ਮਾਂ ਨੂੰ ਚਿੱਠੀ’ ਕਵਿਤਾ ਦਿਲ ਨੂੰ ਧੂਹ ਪਾਉਣ ਵਾਲੀ ਹੈ:
ਮੇਰੀਏ ਮਾਏ, ਅਜੇ ਵੀ ਤੂੰ ਸੁਖ-ਸਾਂਦੀ ਜੀਵੇਂ?
ਮੈਂ ਵੀ ਜੀਵਾਂ, ਰਾਜ਼ੀ-ਬਾਜੀ
ਤੈਨੂੰ ਸੱਤ ਸਲਾਮਾਂ ਘੱਲਾਂ
ਰੱਬ ਕਰੇ ਸਾਡੇ ਨਿੱਕੜੇ ਘਰ ’ਤੇ
ਸ਼ਾਮਾਂ ਦਾ ਚਾਨਣ ਆ ਬੈਠੇ
ਰੂਪ ਨਾ ਜਿਸ ਦਾ ਕਥਿਆ ਜਾਵੇ
ਮਾਏ ਤੇਰੇ ਗਲ ਵਿੱਚ ਉਹੋ ਮੈਲੀ ਕੁੜਤੀ
ਥਾਂ-ਥਾਂ ਜਿਸ ਨੂੰ ਟਾਕੀਆਂ ਲੱਗੀਆਂ। (ਪੰਨਾ 83)
ਅੰਨਾ ਅਖਾਮੋਤਵਾ ‘ਦੇ ਗੀਤ’ ਦੀਆਂ ਲਾਈਨਾਂ ਹਨ, ਜਿਸ ਦਾ ਦਾਰਸ਼ਨਿਕ ਪੱਖ ਬੜਾ ਸੰਦੇਸ਼ਮਈ ਹੈ:
ਧੁੱਪ ਬਿਨਾਂ ਨਾ ਜੀਂਵਦੀ, ਕਦੇ ਕਿਸੇ ਦੀ ਦੇਹ
ਗੀਤ ਬਿਨਾਂ ਨਾ ਲੱਥਦੀ, ਅੰਤਮ ਮਨ ਦੀ ਤੇਹ। (ਪੰਨਾ 89)

ਏਵਗੇਨੀ ਵਿਨੋਕੁਰੋਵ, ਆਂਦ੍ਰੇਈ ਵੋਜ਼ਨੇਸੇਨਸਕੀ ਅਤੇ ਏਵਤੂਸ਼ੈਕ ਦੀ ਇੱਕ-ਇੱਕ ਕਵਿਤਾ ਸ਼ਾਮਲ ਕੀਤੀ ਗਈ ਹੈ। ਗੋਰਕੀ ਦੀਆਂ 2 ਕਵਿਤਾਵਾਂ ਹਨ। ‘ਨਾਨੀ ਦਾ ਗੀਤ’ ਤਾਂ ਸਾਨੂੰ ਪੰਜਾਬ ਦੇ ਸਾਵਣ ਮਹੀਨੇ ਦੀ ਰੁਣ-ਝੁਣ ਯਾਦ ਕਰਵਾ ਦਿੰਦਾ ਹੈ:
ਭਾਦੋਂ ਦਾ ਸੂਰਜ ਡੁੱਬਦਾ ਜਾਏ, ਹੁਣ ਬਾਗੀਂ ਕੋਇਲ ਨਾ ਗਾਏ,
ਭਰ ਜੋਬਨ ਮੈਂ ਕੱਲੀ-ਮਕੱਲੀ, ਖੁਸੀਆਂ ਬਾਝ ਮੇਰੇ ਅੰਗ ਤਿਹਾਏ। (ਪੰਨਾ 94)
ਬੋਰਸ ਪਾਸਤਰਨਾਕ ਦੀਆਂ 2 ਕਵਿਤਾਵਾਂ। ਫੇਦੋਰ ਸੋਲੋਗਬ ਦੀ ‘ਮਿੱਟੀ ਦਾ ਮੋਹ’ ਸਾਡਾ ਧਿਆਨ ਖਿੱਚਦੀ ਹੈ ਤਾਂ ਧਰਤੀ-ਮਾਂ ਸੱਚ-ਮੁੱਚ ‘ਮਾਤਾ ਧਰਤਿ ਮਹਤੁ’ ਗੁਰਬਾਣੀ ਦੀ ਤੁਕ ਚੇਤੇ ਆ ਜਾਂਦੀ ਹੈ:
ਰੱਬ ਨੇ ਗਿੱਲੀ ਮਿੱਟੀ ਲੈ ਕੇ ਮੈਨੂੰ ਰਚਿਆ
ਅਜੇ ਤੀਕ ਵੀ ਮੈਂ ਮਿੱਟੀ ਤੋਂ ਮੁਕਤ ਨਾ ਹੋਇਆ
ਧਰਤੀ, ਇਸ ਦੇ ਟੋਏ, ਟਿੱਬੇ ਅਤੇ ਟੀਸੀਆਂ
ਸਾਰੇ ਮੈਨੂੰ ਆਪਣੇ ਵਾਂਗ ਪਿਆਰੇ, ਸੋਹਣੇ ਲਗਦੇ। (ਪੰਨਾ 99)

ਸਰਗੇਈ ਸਮਿਰਨੋਵ ‘ਪਾਣੀ ਦੀ ਬੂੰਦ’ ਕਵਿਤਾ ’ਚ ਕਮਾਲ ਕਰਦਾ ਹੈ, ਡੂੰਘੇ ਦਰਸ਼ਨ ਦੀ ਮਿਸਾਲ ਹੈ:
ਲਾਟੂ ਵਾਂਗੂੰ ਘੁੰਮਦੇ ਪਾਣੀ ਦੇ ਤੁਪਕੇ ਅੰਦਰ
ਵੇਖੋ ਨੀਝ ਲਗਾ ਕੇ
ਤੇ ਸਾਰੀ ਦੀ ਸਾਰੀ ਦੁਨੀਆ
ਵੇਖੋਗੇ ਇੱਕ ਸਾਹੇ। (ਪੰਨਾ 100)
ਉਸ ਦੀ ਦੂਜੀ ਕਵਿਤਾ ‘ਧਰਤੀ’। ਕਣਕ ਦੀ ਵਾਢੀ ਦੇ ਸਮੇਂ ਨਾਲ ਸਬੰਧਤ ਪੰਜਾਬ ਦੇ ਖੇਤਾਂ ਦਾ ਭੁਲੇਖਾ ਪਾਉਂਦੀ ਹੈ:
ਅੰਗ ਮਰੋੜੇਦਾਰ ਪੈਲੀਆਂ
ਵਿਛੀਆਂ ਦੂਰ ਅਗਾਂਹ ਤੱਕ
ਮੱਧਮ-ਮੱਧਮ ਗੰਧ ਵਿਛੀ ਹੈ ਤੂੜੀ ਤੰਦ ਦੀ। (ਪੰਨਾ 101)
ਦੂਜੀ ਕਾਵਿ-ਪੁਸਤਕ ‘ਇਹ ਪਰਦੇਸਣ ਪਿਆਰੀ’ 1973 ’ਚ ਛਪੀ, ਜਿਸ ਬਾਰੇ ਡੱਬਖੜੱਬੀ ਭੇਟ (ਮੁਢਲੇ ਸ਼ਬਦ) ’ਚ ਡਾ. ਹਰਿਭਜਨ ਸਿੰਘ ਲਿਖਦੇ ਹਨ: “ਇਹ ਨਜ਼ਮਾਂ ਮੇਰੀ ਪਸੰਦ ਦੀਆਂ ਹਨ ਤੇ ਹੋ ਸਕਦਾ ਰੂਪਾਂਤਰ ਵੇਲੇ ਮੈਂ ਮੂਲ ਸ਼ਾਇਰਾਂ ਤੋਂ ਵਧੀਕ ਆਪਣੇ ਨੇੜੇ ਹੋ ਗਿਆ ਹੋਵਾਂ। ਇਨ੍ਹਾਂ ’ਚੋਂ ਬਹੁਤੇ ਕਵੀ 1917 ਦੇ ਬਾਅਦ ਦੇ ਹਨ।” ਅਰੰਭ ’ਚ ਪੁਸ਼ਕਿਨ ਦੀਆਂ 4 ਕਵਿਤਾਵਾਂ ’ਚੋਂ ‘ਮੁਨਾਰਾ’ ਕਵਿਤਾ ਦੀਆਂ ਦੋ ਟੂਕਾਂ ਬੜੀਆਂ ਮਹੱਤਵਪੂਰਨ ਹਨ:
ਜਦੋਂ ਤੀਕ ਧਰਤੀ ’ਤੇ ਇੱਕ ਸ਼ਾਇਰ ਵੀ ਬਾਕੀ
ਮੇਰਾ ਨਾਮ ਵੀ ਰਹੇਗਾ ਜਿੰਦਾ। (ਪੰਨਾ 9)

ਕਵਿਤਾ ਦੇਵੀ, ਆਪਣੇ ਰੱਬ ਦਾ ਹੁਕਮ ਪਾਲ ਹੁਣ
ਜੇ ਕੋਈ ਅਪਮਾਨ ਕਰੇ ਤਾਂ ਡਰ ਨਾ ਮੰਨੀ
ਸਿਫਤ-ਸਲਾਹੁਤਾ, ਨਿੰਦਿਆ-ਚੁਗਲੀ ਸਮ ਕਰ ਜਾਣੀਂ। (ਪੰਨਾ 10)
‘ਮੁਸ਼ੱਕਤ’, ‘ਪਹਿਰਾ’ ਤੇ ‘ਸੁਹਜ’ ਬੜੇ ਡੂੰਘੇ ਭਾਵਾਂ ਨੂੰ ਚਿਤਰਦੀਆਂ ਹਨ।
ਕੁਝ ਰੂਸੀ ਲੋਕ-ਗੀਤ ਡਾਨ, ਜੰਗ, ਬੇਵਤਨ, ਡਾਨ ਕਿਨਾਰੇ ਵੀ ਉਲਥਾਏ ਗਏ ਹਨ। ਪੰਜਾਬੀ ਲੋਕ-ਗੀਤਾਂ ਵਿੱਚ ਘੋੜੀਆਂ ਵਰਗਾ ਰੂਸੀ ਲੋਕ-ਗੀਤ ਮਾਨਣਯੋਗ ਹੈ:
ਕਿੱਥੇ ਵੇ ਗਿਆ ਤੇਰਾ ਘੋੜਾ
ਉਹ ਤਾਂ ਖੜਾ ਏ ਬਰੂਹਿਆਂ ਤੋਂ ਬਾਹਰ
ਕਿੱਥੇ ਨੇ ਬਰੂਹੇ ਤੇਰੇ ਲਾਲ
ਉਹ ਤਾਂ ਪਾਲੀਆਂ ਨੇ ਸੁੱਟੇ ਨੇ ਬੁਹਾਗ (ਪੰਨਾ 17)
ਮੈਕ ਲਿਮ ਟੈਂਕ ਦੀਆਂ 2 ਕਵਿਤਾਵਾਂ ‘ਖ਼ਤ’ ਅਤੇ ‘ਇਹ ਤਾਂ ਦੋਸ਼ ਕੁਹਾੜੇ ਦਾ’ ਸ਼ਾਮਲ ਹਨ। ‘ਲਗਰ’ ਸਤੀਪਾਨ ਸ਼ਿਪਾਚੇਵ ਦੀ ਕਵਿਤਾ ਰੁਮਾਂਸਵਾਦ ਭਰਪੂਰ ਹੈ। ਕੈਸਾਇਨ ਕੁਲੀਵ ਦੀਆਂ ਤਿੰਨ ਕਵਿਤਾਵਾਂ ‘ਏਕਤਾ’, ‘ਕੁੜੀ ਨਹਾਵੇ’, ‘ਆਪਣੇ ਵਰਗਾ’ ਹਨ, ਜਿਨ੍ਹਾਂ ’ਚੋਂ ਕਾਵਿ-ਟੂਕਾਂ ਬਹੁਤ ਅਰਥ-ਭਰਪੂਰ ਹਨ:
ਬਿਨ ਡੋਰੀ ਦਾ ਧਨੁੱਖ, ਰੁੱਖ ਫਲ ਬਾਝੋਂ ਸੱਖਣਾ
ਅੱਗ ਵਿਹੂਣਾ ਚੁੱਲ੍ਹਾ, ਕਿਸੇ ਵੀ ਕੰਮ ਨਾ ਆਵੇ। (ਪੰਨਾ 24)

ਹਰ ਰੁੱਖ ਦਾ ਆਪਣਾ ਪਰਛਾਵਾਂ, ਵਿੰਗਾ ਸਿੱਧਾ ਉਸ ਦੇ ਵਰਗਾ ਹੋਰ ਨਾ ਕੋਈ।

ਹਰ ਇੱਕ ਸ਼ੈ ਦੇ ਜ਼ਿੰਮੇ ਉਸ ਦਾ ਆਪਣਾ ਕੰਮ ਹੈ
ਇੱਕ ਦਾ ਬੋਝ ਦੂਸਰਾ ਬੰਦਾ ਕੀਕਣ ਚੁੱਕੇ। (ਪੰਨਾ 26)
—-
ਹਰ ਇੱਕ ਰੂਹ ਦਾ ਆਪਣਾ ਦੁੱਖ ਹੈ
ਹਰ ਪੰਛੀ ਨੇ ਆਪੋ-ਆਪਣਾ ਰਾਹ ਮੁਕਾਉਣਾ। (ਪੰਨਾ 27)
ਅੰਨਾ ਅਖ਼ਮਾਤੋਵਾ ਦੀਆਂ 5 ਕਵਿਤਾਵਾਂ ਹਨ, ਜੋ ਕਮਾਲ ਹਨ।
ਰਚਨਾ, ਆਪਣੀ ਬੋਲੀ, ਆਪਣਾ ਦੇਸ, ਸਭ ਕੁਝ ਵਿਕ ਚੁੱਕਾ ਹੈ ਅਤੇ ਯਾਦ। ‘ਆਪਣੀ ਬੋਲੀ’ ਕਵਿਤਾ ਬਹੁਤ ਪ੍ਰਭਾਵਤ ਕਰਨ ਵਾਲੀ ਹੈ:
ਸਦਾ ਸਲਾਮਤ ਰਹੇ ਅਸਾਡੇ ਦੇਸ ਦੀ ਬੋਲੀ
ਸਦਾ ਉਜਾਗਰ ਸ਼ਾਨਾਂ ਵਾਲੇ ਦੇਸ ਦੀ ਬੋਲੀ
ਸੁੱਚੇ ਖਾਲਸ, ਮੁਕਤ ਬੋਲ ਨੂੰ ਸੱਤੇ ਖੈਰਾਂ
ਆਉਣ ਵਾਲੀਆਂ ਪੁਸ਼ਤਾਂ ਨੂੰ, ਏਹੋ ਸਰਮਾਇਆ ਦੇ ਜਾਵਾਂਗੇ। (ਪੰਨਾ 29)
ਓਲਗਾ ਬਰਗੋਲਟਸ ਦੀ ਕਵਿਤਾ ‘ਏਸੇ ਦਾ ਨਾਂ ਸੁਖ ਹੈ’, ਨਿਕੋਲਾਈ ਤਿਖੋਨੋਵ ਦੀ ਕਵਿਤਾ ‘ਕੌੜੀ ਜ਼ਾਲਮ ਬੋਲੀ’, ਏਰਕਿਨ ਵਖੀਦੋਵ ਦੀ ਕਵਿਤਾ ‘ਫੋਟੋਗਰਾਫ’ ਅਤੇ ਵਲਾਦੀਮੀਰ ਬੀਕਮੈਨ ਦੀ ਕਵਿਤਾ ‘ਜਾਪਾਨੀ ਗੁੱਡੀਆਂ’ ਦਾ ਅਨੁਵਾਦ ਪੰਜਾਬੀ ਕਵਿਤਾ ਦਾ ਭੁਲੇਖਾ ਪਾਉਂਦਾ।
ਸਰਗੇਈ ਓਰਲੋਵ ਦਾ ਗੀਤ ਬਹੁਤ ਹੀ ਮਾਨਣ ਵਾਲਾ ਅਤੇ ਜੀਵਨ ਦੇ ਤੱਤਾਂ ਦੀ ਗੁਆਹੀ ਭਰਨ ਵਾਲਾ ਹੈ:
ਜੰਮਣਸਾਰ ਅਸਾਨੂੰ ਗੀਤਾਂ ਦੀ ਭੁੱਖ ਲੱਗੇ
ਚੁੰਘ-ਚੁੰਘ ਕੇ ਗੀਤ ਅਸੀਂ ਵੱਡੇ ਹੋ ਜਾਈਏ।

ਜਦੋਂ ਤੀਕ ਜੰਗਲ ’ਚੋਂ ਖਹਿ ਕੇ ਪੌਣ ਤੁਰੇਗੀ
ਜਦੋਂ ਤੀਕ ਧਰਤੀ ’ਤੇ ਬੰਦਾ ਜਨਮ ਲਏਗਾ
ਰਾਤ ਦੇ ਮਗਰੇ-ਮਗਰ ਜਦੋਂ ਤਕ ਦਿਨ ਆਵੇਗਾ
ਜਦ ਤੱਕ ਮਿੱਟੀ ਦੇ ਵਿੱਚ ਡੁੱਲ੍ਹਦੀਆਂ ਰਹਿਣ ਤਰੇਲਾਂ
ਉਦੋਂ ਤੀਕ ਗੀਤਾਂ ਦੀ ਏਥੇ ਬਾਤ ਛਿੜੇਗੀ। (ਪੰਨਾ 39)

ਉਸ ਦੀ ਇੱਕ ਹੋਰ ਕਵਿਤਾ ‘ਹਾਸਾ’ ਬਹੁਤ ਸੁੰਦਰ ਦ੍ਰਿਸ਼ ਚਿੱਤਰਦੀ ਹੈ। ਸਜੀਵ ਰੰਗ ਵਾਲਾ।
ਪੌਣ ਵੀ ਅਥਰੀ,
ਉਸ ਦੀ ਘੱਗਰੀ ਨਾਲ ਮਸ਼ਕਰੀ ਕਰਦੀ ਜਾਵੇ
ਕੁੜੀ ਘੱਗਰੀ ਸਾਂਭ ਪੌਣ ਨੂੰ ਚੁੱਪ ਕਰਾਵੇ
ਨਾਲੇ ਆਪੂੰ ਹਸਦੀ ਜਾਵੇ। (ਪੰਨਾ 40)
ਇਹ ਕਵਿਤਾ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਕੁੜੀ ਪੋਠੋਹਾਰ ਦੀ’ ਨੂੰ ਯਾਦ ਕਰਾ ਦਿੰਦੀ ਹੈ। ਅਜਿਹਾ ਉਲੱਥਾ ਡਾ. ਹਰਿਭਜਨ ਸਿੰਘ ਦੀ ਕਲਾ-ਸ਼ਿਲਪ ਦਾ ਸਿਖਰ ਹੈ। ਸਰਗੇਈ ਏਸੇਨਿਨ ਦੀ ਕਵਿਤਾ ‘ਤੜਕਸਵੇਰੇ’ ਮਾਏ ਨੂੰ ਸੰਬੋਧਨ ਹੁੰਦੀ ਹੈ। ‘ਕੋਈ ਅਫਸੋਸ ਨਹੀਂ’ ਅਤੇ ‘ਨਹੀਂ ਅਕਾਰਥ’ ਕੁਦਰਤ ਦੀ ਸੁੰਦਰਤਾ ਨਾਲ ਗੜੁੱਚ ਹਨ। ਮਿਖਾਇਲ ਦੂਦਿਨ ਦੀ ਕਵਿਤਾ ‘ਤੇਰੇ ਬਿਨਾਂ’ ਮੁਹੱਬਤ ਦੇ ਰੰਗ ਨੂੰ ਪੇਸ਼ ਕਰਦੀ ਹੈ:
ਜਿਹੜੇ ਦਿਨ ਦੇ ਕੋਲ ਰਾਤ ਦੀ ਦਾਤ ਨਹੀਂ ਹੈ
ਉਹ ਕਾਹਦਾ ਦਿਨ?
ਜਿਹੜੀ ਰਾਤ ਦੇ ਕੋਲ ਨਾ ਵਾਅਦਾ ਚੜ੍ਹਦੇ ਦਿਨ ਦਾ
ਓਸ ਰਾਤ ਵਿੱਚ ਕੋਈ ਕੀਕਣ ਜਸ਼ਨ ਮਨਾਏ। (ਪੰਨਾ 47)
‘ਪਹਿਲਾ ਪਿਆਰ’ ਕਵਿਤਾ ਵੀ ਮੁਹੱਬਤ ਦੇ ਵਿਸਮਾਦ ਵਾਲੀ ਹੈ।
ਗ੍ਰਿਗੋਈ ਵਿਏਰੂ ਦੀਆਂ ਕਵਿਤਾਵਾਂ ‘ਮੁੰਦਰੀ’ ਅਤੇ ‘ਹੱਥ’ ਮਨੁੱਖ ਦੇ ਜਜ਼ਬਿਆਂ ਦੀ ਅਕਾਂਖਿਆ ਵਾਲੀਆਂ ਹਨ। ਨਿਕੋਲਾਈ ਰਾਇਲੈਂਨਕੌਵ ਦੀ ਇੱਕ ਕਵਿਤਾ ਹੈ। ਲੋਇਕ ਸ਼ੇਰਾਲੀਵ ਦੀ ‘ਬਿਰਛ’ ਪ੍ਰਕਿਰਤੀ ਦੀ ਅਦਭੁੱਤਤਾ ਦਾ ਨਮੂਨਾ ਹੈ। ਲੀਉਨਿਦਮਾਰਤਾਇਨੋਵ ਦੀਆਂ ਦੋ ਕਵਿਤਾਵਾਂ ‘ਪੱਤੇ’ ਅਤੇ ‘ਕਲਾਕਾਰ’ ਕੁਦਰਤ ਦੀ ਅਸਚਰਜਤਾ ਦੀਆਂ ਮੂਰਤਾਂ ਬਣਾਉਂਦੀਆਂ ਹਨ। ਰਮਿਸ ਰਾਇਸੁਕੋਵ ‘ਰੁੱਤ ਬਹਾਰਾਂ’ ਕਵਿਤਾ ’ਚ ਕਹਿੰਦਾ ਹੈ:
ਰੁੱਤ-ਬਹਾਰਾਂ ਜੋਬਨ ਦੰਗਾ ਬਣ ਜਾਂਦਾ ਹੈ
ਬੰਦਾ ਇਸ ਦੀ ਪਕੜ ’ਚ ਬੇਬਸ ਹੋ ਜਾਂਦਾ ਹੈ। (ਪੰਨਾ 55)
ਇੰਜ ਹੀ ਸੈਮੁਅਲ ਮਾਰਸ਼ਕ ਦੀ ਕਵਿਤਾ ‘ਸੋਹਣਾ’ ਅਤੇ ਅਨਾਹ ਕੋਵੂਸੋਵ ਦੀ ਕਵਿਤਾ ‘ਬਾਜ਼’ ਬਹੁਤ ਖੂਬਸੂਰਤ ਨਜ਼ਾਰੇ ਪੇਸ਼ ਕਰਦੀਆਂ ਹਨ। ਮਰੀਨਾ ਸਵੇਤਾਯੇਵਾ ਦੀ ‘ਮਕਾਨ’ ਛੋਟੀ ਜਿਹੀ ਕਵਿਤਾ ਮਨੁੱਖ ਦੀ ਮੂਲ ਲੋੜ ਦੀ ਗੱਲ ਕਰਦੀ। ਏਵਗੇਨੀ ਵਿਨੋਕੁਰੋਵ ਦੀ ‘ਮੁੱਖੜਾ’ ਕਵਿਤਾ, ਮੇਰਿਸ ਚਕਲੇਸ ਦੀ ‘ਸੜਕ ਦਾ ਗੀਤ’, ਰਾਇਗੋਰ ਬੋਰੋਦੁਲਿਨ ਦੀ ‘ਤੂਫ਼ਾਨ ਤੋਂ ਬਾਅਦ’, ਸਤੀਪਾਨ ਸ਼ਿਪਾਚੇਵ ਦੀ ‘ਪਿਆਰ’, ‘ਸਿਆਲ ਨੂੰ ਵਿਦਾ’, ‘ਤੇਰੀ ਗੱਲ ਹੋਰ ਹੈ’, ‘ਪਿਆਰ’, ‘ਸਫ਼ਰ ’ਤੇ’ ਅਤੇ ‘ਚੇਤਾ’ ਸ਼ਾਮਲ ਕੀਤੀਆਂ ਗਈਆਂ ਹਨ। ਆਂਦਰੇਈ ਵੋਜ਼ਨੇਸੇਨੇਸਰੀ ਦੀ ਕਵਿਤਾ ‘ਆਬਸ਼ਾਰ’ ਤਾਂ ਇੱਕ ਸੁੰਦਰ ਫੋਟੋ ਵਰਗੀ ਹੈ:
ਕਿਰਨਾਂ ਵਰਗੀ ਇਹ ਜਲਧਾਰਾ
ਹਿਰਨੀ ਵਰਗੀ ਕੁੜੀ ਪਿਆਰੀ
ਇੱਕ ਦੂਜੇ ਵਿੱਚ ਡਿੱਗਣ ਡੁੱਲ੍ਹਣ। (ਪੰਨਾ 69)
ਪੇਤਰੁਸ ਬਰੋਵਕੀ ਦੀ ਕਵਿਤਾ ‘ਓਕ ਬਿਰਛ ਦਾ ਪੱਤਾ’ ਜ਼ਿੰਦਗੀ ਦੇ ਸੰਘਰਸ਼ ਦੀ ਬਾਤ ਪਾਉਂਦੀ, ਆਸ਼ਾਵਾਦੀ ਸੁਨੇਹਾ ਦੇਂਦੀ ਹੈ:
ਓਕ ਬਿਰਛ ਦਾ ਮੈਂ ਇੱਕ ਪੱਤਾ, ਕਾਲੇ ਤੋਂ ਕਾਲਾ ਬੱਦਲ ਵੀ,
ਮੈਨੂੰ ਰਤਾ ਡਰਾ ਨਾ ਸੱਕੇ, ਅੜ੍ਹਬ ਅੱਥਰੀ ਤੁੰਦ ਹਨੇਰੀ
ਮੈਨੂੰ ਮੇਰੀ ਥਾਉਂ ਮੂਲ ਹਟਾ ਨਾ ਸੱਕੇ। (ਪੰਨਾ 70)
ਇਸ ਤੋਂ ਬਾਅਦ ਕੋਨਸਟੈਨਟਿਨ ਵਾਨਸ਼ੇਨਕਿਨ ਦੀ ਬਾਕਮਾਲ ਕਵਿਤਾ ‘ਘਰ ਵਾਪਸੀ’ ਜੰਗ ਤੋਂ ਬਾਅਦ ਸਿਪਾਹੀ ਦੀ ਘਰ ਵਾਪਸੀ ਦਾ ਪਤਨੀ ਸੰਜੋਗ ਬਹੁਤ ਹੀ ਰੁਮਾਂਟਿਕ ਹੈ:
ਹੁਣ ਉਸ ਬੱਤੀ ਆਪ ਬੁਝਾਈ, ਸੌਣ ਲਈ ਤਨ ਦੇ ਸਭ ਕਪੜੇ ਲਾਹੇ
ਕਪੜੇ ਤਨ ਤੋਂ ਇਉਂ ਲਹਿੰਦੇ ਨੇ, ਜਿਵੇਂ ਝੀਲ ਦੀ ਗਲ੍ਹ ਨੂੰ ਛੋਹ ਕੇ
ਨਿੱਕੀ ਜਿਹੀ ਹਵਾ ਲੰਘਦੀ ਹੈ। (ਪੰਨਾ 72)
ਇਸਾਕੋਵਸਕੀ ਦੀ ‘ਘਾਹ’ ਅਤੇ ਏ. ਯਾਸ਼ੀਨ ਦੀ ‘ਸਾਥੀ ਲੇਖਕਾਂ ਲਈ’ ਸ਼ਾਮਲ ਹਨ। ਬੁਲਾਤ ਓਲਜਾਵਾਦੀ ‘ਖੁੱਲ੍ਹੇ ਬੂਹੇ’ ਮਹਿਮਾਨ ਦਾ ਸੁਆਗਤ ਕਰਦੀ। ਕੋਨਸਟੈਨਟਿਨ ਸਿਮੋਨੋਵ ਦੀ ‘ਇੰਤਜ਼ਾਰ’ ਮੁਹੱਬਤ ਦੀ ਸ਼ਿੱਦਤ ਦਾ ਸੰਦੇਸ਼ ਦੇਂਦੀ ਹੈ। ਨਿਕੋਲਾਈ ਰਾਇਲੈਂਨਕੋਵ ਦੀ ‘ਸ਼ਬਦ ਰੰਗ’ ਦਾਰਸ਼ਨਿਕ-ਦ੍ਰਿਸ਼ਟੀ ਨੂੰ ਉਜਾਗਰ ਕਰਦੀ ਹੈ:
ਸ਼ਬਦਾਂ ਵਿੱਚੋਂ ਜਦ ਵੀ ਰੰਗ ਵਿਦਾ ਹੋ ਜਾਵੇ
ਉਨ੍ਹਾਂ ਦੇ ਵਿਚ ਵਜ਼ਨ ਰਹੇ ਨਾ, ਮੁੱਲ ਰਹੇ ਨਾ
ਓਦੋਂ ਮੈਨੂੰ ਡਰ ਆਉਂਦਾ ਹੈ, ਲੱਗੇ ਜੀਕਣ
ਮੇਰੇ ਵਿੱਚੋਂ ਕੋਈ ਰੁੱਤ ਗੁਆਚ ਗਈ ਹੈ। (ਪੰਨਾ 81)
ਦੂਜੀ ਕਵਿਤਾ ‘ਕੁੜੀ’ ਤਾਂ ਜਿਵੇਂ ਹੁਸਨ ਦੀ ਪਟਾਰੀ ਹੀ ਹੋਵੇ:
ਪਰ ਉਸ ਦੀ ਆਵਾਜ਼, ਹਾਇ ਆਵਾਜ਼ ਤਰਲ, ਝਿਲਮਿਲ ਤੇ ਗਹਿਰੀ।
ਰੂਹ ਵਿੱਚ ਅੱਗ ਬਾਲ ਧਰ ਦੇਵੇ।
ਨੈਣ ਉਸ ਦੇ, ਨਿੱਘੇ ਨੀਲ-ਸਮੁੰਦਰ ਜੀਕਣ ਸ਼ਾਂਤ ਪਏ ਨੇ। (ਪੰਨਾ 82)
ਨਿਕੋਲਾਈ ਰਾਇਲੈਂਨਕੋਵ ਦੀ ‘ਸਰਕੜੇ’ ਤਾਂ ਬਚਪਨ ਦੀ ਤ੍ਰਾਸਦੀ ਲਈ ਹੰਝੂ ਕੇਰਨ ਵਾਲੀ ਹੈ:
ਅਸੀਂ ਸਰਕੜੇ ਵਾਂਗੂ ਜੰਮੇ
ਸਰਕੜਿਆਂ ਦੇ ਵਾਂਗ ਪਲੇ ਹਾਂ
ਤਾਂ ਵੀ ਸਾਡਾ ਜੀਅ ਕਰਦਾ ਹੈ
ਰੋਮ-ਰੋਮ ਵਿੱਚ ਫੁੱਲ ਉਗਾਈਏ
ਖੁਸ਼ਬੋਆਂ ਦੀ ’ਵਾਜ ਮਾਰ ਕੇ
ਤੁਰਦੇ ਰਾਹੀ ਪਾਸ ਬਿਠਾਈਏ। (ਪੰਨਾ 80)
ਮੂਮਿਨ ਕਨੋਆਤੋਵ ਦੀ ‘ਪਿਆਰ’, ਡੇਵਿਡ ਕੁਗੁਲਤਿਨੋਵ ਦਾ ‘ਗੀਤ’ ਅਤੇ ਯਾਗੋਸਲਾਵ ਸਮੇਲਯਾਕੋਵਦੀ ‘ਵਸੀਅਤ’ ਬੜੀਆਂ ਡੂੰਘੇ ਭਾਵਾਂ ਵਾਲੀਆਂ ਹਨ। ਪੇਦੇਰ ਖੂਜਨਗਈ ਦੀ ‘ਆਪਣੀ ਧਰਤੀ’ ਮੋਹ-ਮਿੱਟੀ ਦੀ ਗੱਲ ਕਰਦੀ ਹੈ, ਓਲੇਗ ਸ਼ੇਸਤਿੰਸਦੀ ਦੀ ਬਹੁਤ ਪਿਆਰੀ ਕਵਿਤਾ ‘ਮਾਂ’ ਪੜ੍ਹਨਯੋਗ ਹੈ। ਮਾਂ ਦਾ ਰਿਣ ਉਤਾਰਿਆ ਹੀ ਨਹੀਂ ਜਾ ਸਕਦਾ:
ਛੋਟਾ ਬੱਚਾ ਨਾਲ ਸੁਆ ਕੇ, ਸੁਪਨੇ ਵਿੱਚ ਬਰੜਾਵੇ ਮਾਂ
ਗੱਭਰੂ ਪੁੱਤਰ ਬਾਹਰ ਘੱਲ ਕੇ, ਪੂਰੀ ਅੱਖ ਨਾ ਲਾਵੇ ਮਾਂ।
ਰੋਮ-ਰੋਮ ਮਾਂ ਦਾ ਕਰਜ਼ਾਈ, ਕਿਵੇਂ ਓਸ ਦਾ ਕਰਜ਼ਾ ਲਾਹੀਏ।
ਯੁਵਤੂਸ਼ੰਕੋ ਦੀ ‘ਯਹੂਦੀ’ ਅਤੇ ‘ਝੂਠਾ’, ਜਸਤਿਨਾਸ ਮਾਰਸਿਨਕੇ ਵਿਸ਼ੀਅਸ ਦੀ ‘ਮੂਰਖ ਜਿਹਾ ਭੁਲੇਖਾ’ ਅਤੇ ਲੀਉਨਿਦ ਮਾਰਤਾਇਨੋਵ ਦੀ ‘ਨਿਸਾਨ’ ਆਪਣੇ-ਆਪਣੇ ਰੰਗ ਦੀਆਂ ਹਨ। ਪੁਸਤਕ ਦੇ ਅੰਤ ਵਿੱਚ ਉੱਘੇ ਕਵੀ ਮਾਇਆਕੋਵਸਕੀ ਦੀਆਂ 12 ਕਵਿਤਾਵਾਂ ਇਸ ਅਨੁਵਾਦ ਨੂੰ ਸੰਪੂਰਨਤਾ ਪ੍ਰਦਾਨ ਕਰਦੀਆਂ ਹਨ। ਕਵਿਤਾਵਾਂ ਹਨ: ਸੂਰਜ ਨੂੰ ਚਾਹ ਦਾ ਸੱਦਾ, ਪਿਆਰ, ਬਚਪਨ, ਸਕੂਲ, ਯੂਨੀਵਰਸਿਟੀ, ਵੱਡੇ ਹੋ ਕੇ, ਸਿੱਟਾ, ’ਵਾਜਾਂ ਮਾਰਾਂ, ਤੂੰ, ਨਾਮੁਮਕਿਨ, ਮੇਰਾ ਵੀ ਇਹੋ ਹਾਲ ਹੈ ਅਤੇ ਅੰਤਿਮ ਕਵਿਤਾ ਤਾਰੇ।
ਮਾਇਆਕੋਵਸਕੀ ਦੀਆਂ ਕਵਿਤਾਵਾਂ ’ਚੋਂ ਕੁਝ ਅੰਸ਼ ਪੇਸ਼ ਹਨ:
ਮੈਂ ਤੇ ਸੂਰਜ ਦੋਵੇਂ ਮਿਲ ਕੇ ਏਹੋ ਕਹੀਏ
ਜਿੰਨਾ ਚਿਰ ਜੱਗ ’ਤੇ ਜਿਊਣਾ ਹੈ
ਆਪਣਾ ਸਾਰਾ ਜ਼ੋਰ ਲਗਾ ਕੇ
ਮੱਘਦੇ ਰਹੀਏ, ਮੱਚਦੇ ਰਹੀਏ
ਸਦਾ ਚਮਕਣਾ ਹੀ ਜਿਊਣਾ ਹੈ। (ਪੰਨਾ 97 – ਸੂਰਜ ਨੂੰ ਚਾਹ ਦਾ ਸੱਦਾ)
ਇਸ ਦੁਨੀਆ ਵਿੱਚ ਜੰਮਣ ਵਾਲੇ ਹਰ ਬੰਦੇ ਨੂੰ
ਪਿਆਰ ਤਾਂ ਐਵੇਂ ਮਿਲ ਜਾਂਦਾ ਹੈ
ਪਰ ਰੁਜ਼ਗਾਰ ਦੇ ਝਾਂਜੇ-ਝੇੜੇ
ਪੈਸੇ ਦੇ ਨੇ ਕਈ ਬਖੇੜੇ। (ਪੰਨਾ 97 – ਪਿਆਰ)

ਮਿੱਟੀ ਮਾਂ ਹੈ
ਮਿੱਟੀ ਸਾਡੇ ਪੈਂਡੇ ਦੀ ਓੜਕ ਮੰਜ਼ਲ ਹੈ। (ਪੰਨਾ 110 – ਮੇਰਾ ਵੀ ਇਹੋ ਹਾਲ ਹੈ)
ਇਨ੍ਹਾਂ ਕਾਵਿ-ਪੁਸਤਕਾਂ ਦੇ ਅਨੁਵਾਦ (ਰੂਪਾਂਤ੍ਰਣ) ਨਾਲ ਪੰਜਾਬੀ ਕਵਿਤਾ ਨੂੰ ਜਿੱਥੇ ਨਵੇਂ-ਨਵੇਂ ਵਿਸ਼ੇ ਮਿਲੇ ਹਨ, ਉੱਥੇ ਦੋ ਮੁਲਕਾਂ ਦੇ ਲੋਕਾਂ ਦੇ ਦਿਲਾਂ ਨੂੰ ਨੇੜਤਾ ਵੀ ਖੁਸ਼ਨਸੀਬ ਹੋਈ ਹੈ।
‘ਮੇਰੀ ਬੋਲੀ ਤੇਰੇ ਬੋਲ’ ਅਤੇ ‘ਇਹ ਪਰਦੇਸਣ ਪਿਆਰੀ’ ਪੁਸਤਕਾਂ ਦਾ ਮੌਲਿਕਤਾ ਵਰਗਾ ਰਸ-ਭਿੰਨੜਾ ਅਨੁਵਾਦ ਪੜ੍ਹਿਆਂ ਹੀ ਮਾਣਿਆ ਜਾ ਸਕਦਾ ਹੈ।

Leave a Reply

Your email address will not be published. Required fields are marked *