ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਕਰੇਨ ਦੌਰਾ
ਜੇ.ਐਸ. ਮਾਂਗਟ
ਬੀਤੇ ਦਿਨੀਂ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਲੈਂਡ ਅਤੇ ਯੂਕਰੇਨ ਦੇ ਦੌਰੇ ‘ਤੇ ਸਨ ਤਾਂ ਬਿਲਕੁਲ ਉਸੇ ਵਕਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਨੂੰ ਮਿਲ ਰਹੇ ਸਨ। ਇਹ ਸੰਸਾਰ ਦੀਆਂ ਵੱਡੀਆਂ ਤਾਕਤਾਂ ਰੂਸ, ਚੀਨ ਅਤੇ ਅਮਰੀਕਾ (ਸਮੇਤ ਨਾਟੋ ਮੁਲਕਾਂ ਦੇ) ਦੇ ਆਪਸੀ ਸੰਬੰਧਾਂ ਵਿਚਲੀ ਰਗੜ ਵਿੱਚੋਂ ਪੈਦਾ ਹੋਈ ਤਪਸ਼ ਨੂੰ ਪੁਰਾਣੇ ਜ਼ਮਾਨੇ ਦੀ ਗੁੱਟ ਨਿਰਲੇਪ ਨੀਤੀ ਨਾਲ ਠੰਡਾ ਕਰਨ ਦਾ ਯਤਨ ਲਗਦਾ ਹੈ।
ਸੋਵੀਅਤ ਯੂਨੀਅਨ ਅਤੇ ਅਮਰੀਕੀ ਗੁੱਟ ਵਿਚਕਾਰ ਚਲਦੀ ਰਹੀ ਠੰਡੀ ਜੰਗ ਵੇਲੇ ਵੀ ਭਾਰਤ ਏਸੇ ਕੂਟਨੀਤੀ ਦਾ ਆਸਰਾ ਲੈਂਦਾ ਰਿਹਾ ਹੈ। ਇਸ ਤਰ੍ਹਾਂ ਕਰਦਿਆਂ ਇੱਕ ਪਾਸੇ ਤਾਂ ਭਾਰਤ ਏਸ਼ੀਆਈ ਖਿੱਤੇ ਵਿੱਚ ਆਪਣੀ ਸੁਰੱਖਿਆ ਲਈ ਅਮਰੀਕਾ ਨਾਲ ਆਪਣੇ ਸੰਬੰਧਾਂ ਵਿੱਚ ਕਿਸੇ ਕਿਸਮ ਦੀ ਤਰੇੜ ਨਹੀਂ ਚਾਹੁੰਦਾ, ਦੂਜੇ ਪਾਸੇ ਆਪਣੇ ਹੰਢੇ ਵਰਤੇ ਮਿੱਤਰ ਰੂਸ ਦਾ ਸਸਤਾ ਕੱਚਾ ਤੇਲ ਵੀ ਗੁਆਉਣਾ ਨਹੀਂ ਚਾਹੁੰਦਾ, ਜਿਸ ਨੂੰ ਰਿਫਾਈਨ ਕਰਕੇ ਯੂਰਪੀ ਮੁਲਕਾਂ ਨੂੰ ਵੇਚਣ ਨਾਲ ਭਾਰਤ ਨੂੰ ਚੰਗੀ ਕਮਾਈ ਹੋ ਰਹੀ ਹੈ। ਪਰ ਪੱਛਮੀ ਮੁਲਕ ਖਾਸ ਕਰਕੇ ਅਮਰੀਕਾ ਅਤੇ ਨਾਟੋ ਗੁੱਟ ਚਾਹੁੰਦੇ ਹਨ ਕਿ ਭਾਰਤ ਖੁੱਲ੍ਹ ਕੇ ਉਨ੍ਹਾਂ ਵੱਲ ਸਟੈਂਡ ਲਵੇ ਅਤੇ ਰੂਸ ਵੱਲੋਂ ਯੂਕਰੇਨ ਵਿੱਚ ਛੇੜੀ ਜੰਗ ਵਿੱਚ ਉਨ੍ਹਾਂ ਦਾ ਸਾਥ ਦੇਵੇ। ਇਹ ਗੱਲ ਭਾਰਤੀ ਹਕੂਮਤ ਦੇ ਪ੍ਰਤੀਨਿਧਾਂ ਨੂੰ ਤਾਂ ਭਾਵੇਂ ਅਮਰੀਕਾ ਵਾਲੇ ਦੱਬੀ ਜ਼ੁਬਾਨ ਵਿੱਚ ਕਹਿੰਦੇ ਹਨ, ਪਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਤੋਂ ਉਨ੍ਹਾਂ ਇਹ ਗੱਲ ਖੁੱਲ੍ਹ ਕੇ ਅਖਵਾਈ।
ਦੋ ਦਹਾਕੇ ਪਹਿਲਾਂ ਜਦੋਂ ਅਮਰੀਕਾ ਦੇ ਜੌੜੇ ਟਰੇਡ ਟਾਵਰਾਂ ‘ਤੇ ਇਸਲਾਮਿਕ ਮੂਲਵਾਦੀਆਂ ਨੇ ਹਮਲਾ ਕੀਤਾ ਸੀ ਤਾਂ ਅਮਰੀਕੀ ਸਦਰ ਜਾਰਜ ਬੁਸ਼ ਨੇ ਇਹ ਪੈਂਤੜਾ ਖੁੱਲ੍ਹ ਕੇ ਅਖਤਿਆਰ ਕੀਤਾ ਸੀ ਕਿ ਦੁਨੀਆਂ ਵਿੱਚ ਅੱਜ ਜਿਹੜੇ ਸਾਡੇ ਨਾਲ ਨਹੀਂ ਹਨ, ਉਹ ਦੁਸ਼ਮਣ ਨਾਲ ਮੰਨੇ ਜਾਣਗੇ। ਉਸ ਵਕਤ ਅਫਗਾਨਿਸਤਾਨ ਵਿੱਚ ਮੁੱਲਾਂ ਉਮਰ ਦੀ ਅਗਵਾਈ ਵਿੱਚ ਤਾਲਿਬਾਨ ਦੀ ਸਰਕਾਰ ਸੀ। ਪਾਕਿਸਤਾਨੀ ਅਵਾਮ ਦੇ ਦਬਾਅ ਹੇਠ ਪਾਕਿਸਤਾਨ ਦਾ ਹਾਕਮ ਖੁੱਲ੍ਹ ਕੇ ਅਮਰੀਕਾ ਦੇ ਪੱਖ ਵਿੱਚ ਖਲੋਣ ਤੋਂ ਹਿਚਕਚਾ ਰਿਹਾ ਸੀ ਤਾਂ ਬੁਸ਼ ਨੇ ਧਮਕੀ ਦਿੱਤੀ, ‘ਵੁਈ ਵਿੱਲ ਰਡਿਊਸ ਯੂ ਟੂ ਦ ਸਟੋਨ ਏਜ।’ ਇਸ ਤੋਂ ਬਾਅਦ ਪਾਕਿਸਤਾਨ ਸਿੱਧਾ ਹੋ ਕੇ ਅਮਰੀਕਾ ਦੇ ਹੱਕ ਵਿੱਚ ਖਲੋ ਗਿਆ ਸੀ; ਪਰ ਅੱਜ ਨਾ ਤੇ ਅਮਰੀਕਾ ਹੀ ਇਸ ਕਿਸਮ ਦੀ ਧਮਕੀ ਦੇਣ ਦੀ ਸਥਿਤੀ ਵਿੱਚ ਹੈ ਅਤੇ ਨਾ ਹੀ ਭਾਰਤ ਦੀ ਹਾਲਤ ਪਾਕਿਸਤਾਨ ਵਰਗੀ ਹੈ, ਖਾਸ ਕਰਕੇ ਫੌਜੀ ਦ੍ਰਿਸ਼ਟੀ ਤੋਂ। ਉਂਝ ਇਹਦੇ ਨਾਲ ਰਲਦੇ-ਮਿਲਦੇ ਅਰਥਾਂ ਵਾਲੀਆਂ ਗੱਲਾਂ ਹੀ ਜ਼ੇਲੈਂਸਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹੀਆਂ ਹਨ, ਪਰ ਕਾਫੀ ਧੀਮੀ ਸੁਰ ਵਿੱਚ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਸਾਡਾ ਦੇਸ਼ ਤੁਹਾਨੂੰ ਸਪਸ਼ਟ ਰੂਪ ਵਿੱਚ ਆਪਣੇ ਹੱਕ ਵਿੱਚ ਖੜ੍ਹਾ ਵੇਖਣਾ ਚਾਹੁੰਦਾ ਹੈ। ਉਨ੍ਹਾਂ ਇਤਰਾਜ਼ ਜਿਤਾਇਆ ਕਿ ਭਾਰਤ ਰੂਸ ਤੋਂ ਜਿਹੜਾ ਕੱਚਾ ਤੇਲ ਖਰੀਦ ਰਿਹਾ ਹੈ, ਉਸ ਤੋਂ ਹੋਣ ਵਾਲੀ ਆਮਦਨ ਨਾਲ ਹੀ ਉਹ ਯੂਕਰੇਨ ਖਿਲਾਫ ਜੰਗ ਜਾਰੀ ਰੱਖ ਰਿਹਾ ਹੈ। ਇਸ ਦੀ ਅਣਹੋਂਦ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਲਾਈਆਂ ਗਈਆਂ ਆਰਥਕ ਪਾਬੰਦੀਆਂ ਉਸ ਦਾ ਕਚੂੰਮਰ ਕੱਢ ਦੇਣਗੀਆਂ ਅਤੇ ਰੂਸ ਦੇ ਲੋਕ ਪੂਤਿਨ ਨੂੰ ਜੰਗ ਬੰਦ ਕਰਨ ਲਈ ਮਜ਼ਬੂਰ ਕਰ ਦੇਣਗੇ। ਯਾਦ ਰਹੇ, ਜੰਗ ਤੋਂ ਪਹਿਲਾਂ ਰੂਸ ਯੂਰਪੀਅਨ ਮੁਲਕਾਂ ਨੂੰ ਸਮੁੰਦਰੀ ਪਾਈਪ ਲਾਈਨ ਰਾਹੀਂ ਤੇਲ ਸਪਲਾਈ ਕਰਦਾ ਸੀ, ਜਿਹੜਾ ਯੂਕਰੇਨ ਖਿਲਾਫ ਜੰਗ ਛੇੜਨ ਤੋਂ ਬਾਅਦ ਬੰਦ ਹੋ ਗਿਆ। ਹੁਣ ਯੂਰਪ ਦੇ ਬਹੁਤੇ ਮੁਲਕਾਂ ਨੂੰ ਤੇਲ ਦੀ ਸਪਲਾਈ ਜਾਂ ਤੇ ਅਮਰੀਕਾ ਕਰਦਾ ਹੈ ਜਾਂ ਖਾੜੀ ਖੇਤਰ ਵਿੱਚੋਂ ਹੁੰਦੀ ਹੈ। ਭਾਰਤ ਵੀ ਰੂਸ ਤੋਂ ਕੱਚਾ ਤੇਲ ਖਰੀਦ ਕੇ ਅਗਾਂਹ ਯੂਰਪ ਨੂੰ ਵੇਚਦਾ ਹੈ ਅਤੇ ਜੰਗ ਵਾਲੀ ਸਥਿਤੀ ਵਿੱਚ ਆਪਣੇ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਨੂੰ ਸਾਵੀਆਂ ਰੱਖਣ ਦਾ ਯਤਨ ਕਰਦਾ ਹੈ। ਉਂਝ ਇਹ ਵੀ ਧਿਆਨ ਦੇਣਾ ਬਣਦਾ ਹੈ ਕਿ ਕਿਸੇ ਦੋ ਮੁਲਕਾਂ ਵਿਚਕਾਰ ਲੱਗੀ ਜੰਗ ਦਾ ਲਾਭ ਕੇਵਲ ਹਿੰਦੁਸਤਾਨ ਹੀ ਨਹੀਂ ਚੁੱਕ ਰਿਹਾ, ਪੱਛਮੀ ਮੁਲਕਾਂ ਦੀ ਹਥਿਆਰ ਬਣਾਉਣ-ਵੇਚਣ ਵਾਲੀ ਲੌਬੀ ਵੀ ਇਸ ਦਾ ਬੇਪਨਾਹ ਲਾਭ ਉਠਾ ਰਹੀ ਹੈ। ਰੂਸੀ ਤੇਲ ਪਾਈਪ ਲਾਈਨ ਨੂੰ ਤੋੜ ਭੰਨ ਕੇ ਅਮਰੀਕੀਆਂ ਨੇ ਯੂਰਪ ਨੂੰ ਆਪਣਾ ਤੇਲ ਸਪਲਾਈ ਕਰਨਾ ਸ਼ੁਰੂ ਕੀਤਾ ਅਤੇ ਇਸ ਨਾਲ ਉਨ੍ਹਾਂ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੇ ਦੌਰੇ ‘ਤੇ ਸਨ ਤਾਂ ਰੂਸ ਦੀਆਂ ਮਿਜ਼ਾਈਲਾਂ ਬੱਚਿਆਂ ਦੇ ਇੱਕ ਹਸਪਤਾਲ ‘ਤੇ ਡਿੱਗੀਆਂ। ਜ਼ੇਲੈਂਸਕੀ ਨੇ ਤੁਰੰਤ ਇਸ ਨੂੰ ਆਪਣੇ ਪੱਖ ਵਿੱਚ ਭੁਗਤਾਉਂਦਿਆਂ ਆਖਿਆ ਕਿ ਰੂਸ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਵੀ ਕਦਰ ਨਹੀਂ ਕਰਦਾ। ‘ਤੁਹਾਡੀ ਇੱਥੇ ਮੌਜੂਦਗੀ ਦੇ ਬਾਵਜੂਦ ਬੱਚਿਆਂ ਦੇ ਹਸਪਤਾਲ ਨੂੰ ਨਿਸ਼ਾਨਾ ਬਣਾਈ ਜਾ ਰਿਹਾ ਹੈ।’ ਇਸ ਹਸਪਤਾਲ ‘ਤੇ ਹਮਲੇ ਵਿੱਚ 2000 ਬੱਚਿਆਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਜ਼ੇਲੈਂਸਕੀ ਨੇ ਮੋਦੀ ਨੂੰ ਸਪਸ਼ਟ ਕਿਹਾ ਕਿ ਉਨ੍ਹਾਂ ਨੂੰ ਪੂਤਿਨ ਵਰਗੇ ਖੂਨੀ ਮੁਜ਼ਰਿਮ ਦੇ ਹੱਕ ਵਿੱਚ ਨਹੀਂ ਖਲੋਣਾ ਚਾਹੀਦਾ। ਸਾਡੇ ਮੁਲਕ ਨੂੰ ਤੁਹਾਡੀ ਹਰ ਕਿਸਮ ਦੀ ਹਮਾਇਤ ਦੀ ਲੋੜ ਹੈ।
ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਦੇ ਫੋਰਮਾਂ ‘ਤੇ ਭਾਰਤ ਵੱਲੋਂ ਯੂਕਰੇਨ ਦਾ ਪੱਖ ਨਾ ਪੂਰਨ ‘ਤੇ ਵੀ ਇਤਰਾਜ਼ ਜਤਾਇਆ; ਪਰ ਇਸ ਸਾਰੇ ਕਾਸੇ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹ ਆਪਣੀ ਗੁੱਟ ਨਿਰਲੇਪ ਨੀਤੀ ਨੂੰ ਜਾਰੀ ਰੱਖਣ ਵੱਲ ਹੀ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ “ਅਸੀਂ ਯੂਕਰੇਨ ਜੰਗ ਦੌਰਾਨ ਨਿਰਲੇਪ ਨਹੀਂ ਰਹੇ, ਸਗੋਂ ‘ਸ਼ਾਂਤੀ’ ਦਾ ਪੱਖ ਲਿਆ। ਰੂਸ-ਯੂਕਰੇਨ ਜੰਗ ਛਿੜਨ ਦੇ ਪਹਿਲੇ ਦਿਨ ਤੋਂ ਹੀ ਸਾਡੀ ਇਹ ਅਡੋਲ ਪੁਜ਼ੀਸ਼ਨ ਰਹੀ ਹੈ।” ਮੋਦੀ ਨੇ ਕਿਹਾ, “ਅਸੀਂ ਯੂਕਰੇਨ ਦੀ ਅਖੰਡਤਾ ਅਤੇ ਇਕਜੁੱਟਤਾ ਦੇ ਹਾਮੀ ਹਾਂ।” ਇਸ ਤੋਂ ਇਲਾਵਾ ਦੋਹਾਂ ਮੁਲਕਾਂ ਦੇ ਆਗੂਆਂ ਨੇ ਸਾਂਝੇ ਰੂਪ ਵਿੱਚ ਹਥਿਆਰ ਬਣਾਉਣ ਸਮੇਤ ਆਪਸੀ ਕਾਰੋਬਾਰ ਵਧਾਉਣ ਦੇ ਮਸ਼ਵਰੇ ਵੀ ਕੀਤੇ। ਇਸ ਫੇਰੀ ਦੌਰਾਨ ਭਾਰਤ ਅਤੇ ਯੂਕਰੇਨ ਨੇ ਖੇਤੀ, ਖੁਰਾਕ ਸਨਅਤ, ਮੈਡੀਸਨ, ਸਭਿਆਚਰ ਅਤੇ ਮਾਨਵ ਸਹਿਯੋਗ ਦੇ ਖੇਤਰਾਂ ਵਿੱਚ ਚਾਰ ਸਮਝੌਤੇ ਵੀ ਸਹੀਬਧ ਕੀਤੇ। ਜ਼ੇਲੈਂਸਕੀ ਨੇ ਭਾਰਤ ਆਉਣ ਦੀ ਵੀ ਇੱਛਾ ਜ਼ਾਹਰ ਕੀਤੀ।
ਅੰਤਰਰਾਸ਼ਟਰੀ ਸੰਬੰਧਾਂ ਦੇ ਕੁਝ ਮਾਹਿਰਾਂ ਵੱਲੋਂ ਇਸ ਕਿਸਮ ਦੀਆਂ ਕਿਆਸ ਅਰਾਈਆਂ ਵੀ ਪਰਗਟ ਕੀਤੀਆਂ ਗਈਆਂ ਕਿ ਭਾਰਤ ਯੂਕਰੇਨ ਜੰਗ ਦੇ ਮਾਮਲੇ ਵਿੱਚ ਰੂਸ ਅਤੇ ਯੂਕਰੇਨ ਵਿਚਕਾਰ ਸਮਝੌਤਾ ਕਰਵਾਉਣ ਦੇ ਯਤਨ ਕਰ ਰਿਹਾ ਹੈ। ਹਾਲਾਂਕਿ ਹਾਲ ਦੀ ਘੜੀ ਇਸ ਬਾਰੇ ਦੋਹਾਂ ਮੁਲਕਾਂ ਦੇ ਆਗੂਆਂ ਨੇ ਬਹੁਤਾ ਕੁਝ ਨਹੀਂ ਕਿਹਾ। ਉਂਝ ਆਪਣੀ ਗੁਟ ਨਿਰਲੇਪ ਨੀਤੀ ਕਾਰਨ ਹਿੰਦੋਸਤਾਨ ਦੋਨੋ ਮੁਲਕਾਂ ਵਿੱਚ ਅਮਨ-ਅਮਾਨ ਕਰਵਾਉਣਾ ਲਈ ਸਭ ਤੋਂ ਢੁਕਵਾਂ ਮੁਲਕ ਹੈ। ਇਸ ਤੋਂ ਪਹਿਲਾਂ ਸਵਿਟਜ਼ਰਲੈਂਡ ਵੱਲੋਂ ਇਸ ਕਿਸਮ ਦੇ ਯਤਨ ਇੱਕ ਵਾਰ ਕੀਤੇ ਜਾ ਚੁੱਕੇ ਹਨ, ਜਿੱਥੇ ਦੋਨੋਂ ਮੁਲਕ ਆਪੋ ਆਪਣੀਆਂ ਪੁਜੀਸ਼ਨਾਂ ‘ਤੇ ਅੜੇ ਰਹੇ।
ਜ਼ਿਕਰਯੋਗ ਹੈ ਕਿ ਯੂਕਰੇਨ ਦੇ ਆਪਣੇ ਚਾਰ ਦਿਨਾ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 21-22 ਅਗਸਤ ਨੂੰ ਪੋਲੈਂਡ ਦਾ ਦੌਰਾ ਕੀਤਾ। ਇੱਥੇ ਪ੍ਰਧਾਨ ਮੰਤਰੀ ਪੋਲੈਂਡ ਦੇ ਰਾਸ਼ਟਰਪਤੀ ਐਂਡਰੇਜ਼ ਸੇਬੇਸਟੀਅਨ ਨੂੰ ਮਿਲੇ ਅਤੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਦੁਵੱਲੇ ਮਸਲਿਆਂ ‘ਤੇ ਗੱਲਬਾਤ ਕੀਤੀ।