*ਡਿੰਪੀ ਢਿੱਲੋਂ ਵੱਲੋਂ ਵਰਕਰਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ
ਪੰਜਾਬੀ ਪਰਵਾਜ਼ ਬਿਊਰੋ
ਸ੍ਰੋਮਣੀ ਅਕਾਲੀ ਦਲ ਦਾ ਖੋਰਾ ਠਲ੍ਹਣ ਦਾ ਨਾਂ ਨਹੀਂ ਲੈ ਰਿਹਾ। ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਪਾਰਟੀ ਤੋਂ ਲੰਘੀ 26 ਅਗਸਤ ਨੂੰ ਅਸਤੀਫਾ ਦੇ ਦਿੱਤਾ ਹੈ। ਪਾਰਟੀ ਵਰਕਰਾਂ ਵੱਲੋਂ ਬੁਲਾਈ ਗਈ ਇੱਕ ਮੀਟਿੰਗ ਵਿੱਚ ਅਗਲੇ ਦਿਨ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਬਹੁਤ ਸਾਰੇ ਪਾਰਟੀ ਵਰਕਰ ਵੀ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਹਨ। ਯਾਦ ਰਹੇ, ਹਾਲੇ ਕੁਝ ਦਿਨ ਪਹਿਲਾਂ ਹੀ ਅਕਾਲੀ ਐਮ.ਐਲ.ਏ. ਡਾ. ਸੁਖਵਿੰਦਰ ਸੁੱਖੀ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਡਿੰਪੀ ਢਿੱਲੋਂ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਨਜ਼ਦੀਕੀਆਂ ਵਿੱਚੋਂ ਮੰਨੇ ਜਾਂਦੇ ਸਨ। ਉਹ 1989 ਵਿੱਚ ਪਾਰਟੀ ਨਾਲ ਜੁੜੇ ਸਨ। ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਡਿੰਪੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਨਾ ਬਦਲਣ, ਜ਼ਿਮਨੀ ਚੋਣ ਲਈ ਟਿਕਟ ਉਨ੍ਹਾਂ ਨੂੰ ਹੀ ਦਿੱਤੀ ਜਾਵੇਗੀ। ਹਰਦੀਪ ਸਿੰਘ ਡਿੰਪੀ ਦਾ ਆਖਣਾ ਹੈ ਕਿ ਗਿਦੜਬਾਹਾ ਹਲਕੇ ਤੋਂ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਮੇਲ ਮਿਲਾਪ ਵਧਾ ਰਹੇ ਹਨ। ਉਹ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਵੀ ਨਹੀਂ ਕਰ ਰਹੇ ਅਤੇ ਵਰਕਰਾਂ ਨੂੰ ਆਖ ਰਹੇ ਹਨ ਕਿ ਅਕਾਲੀ ਦਲ ਵੱਲੋਂ ਇੱਥੋਂ ਚੋਣ ਲੜਨਗੇ। ਇਸ ਕਾਰਨ ਉਨ੍ਹਾਂ ਨੂੰ ਮਜਬੂਰਨ ਪਾਰਟੀ ਛੱਡਣੀ ਪਈ ਹੈ। ਉਨ੍ਹਾਂ ਨੂੰ ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਟਿਕਟ ਵਾਸਤੇ ਅਕਾਲੀ ਦਲ ਤੋਂ ਉਮੀਦ ਸੀ।
ਇਸ ਦਰਮਿਆਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਚਲਾਣੇ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਕਾਫੀ ਨੇੜਤਾ ਹੋ ਗਈ ਹੈ। ਹਰਦੀਪ ਸਿੰਘ ਡਿੰਪੀ ਦੇ ਸ਼ਬਦਾਂ ਵਿੱਚ ‘ਦੋਨੋਂ ਭਰਾ ਇੱਕ ਦੂਜੇ ਨਾਲ ਘਿਉ ਖਿਚੜੀ ਹਨ, ਇਸ ਲਈ ਮੈਂ ਉਨ੍ਹਾਂ ਦੇ ਵਿਚਾਲੇ ਪਿਸਣਾ ਨਹੀਂ ਚਾਹੁੰਦਾ।’ ਇਸ ਦਰਮਿਆਨ ਮਨਪ੍ਰੀਤ ਸਿੰਘ ਬਾਦਲ ਨੇ ਡਿੰਪੀ ‘ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਅਕਾਲੀ ਦਲ ਨਾਲ ਜੁੜੇ ਲੋਕ ਭਾਜਪਾ ਵਿੱਚ ਜਾ ਰਹੇ ਹਨ ਤਾਂ ਉਹ ਬੁਖਲਾ ਗਏ ਹਨ। ਮਨਪ੍ਰੀਤ ਨੇ ਇਹ ਵੀ ਕਿਹਾ ਕਿ ਡਿੰਪੀ ਢਿੱਲੋਂ ਨੇ ਕਦੀ ਵੀ ਚੋਣ ਨਹੀਂ ਜਿੱਤੀ। ਉਹ ਪਿਛਲੀਆਂ ਦੋ ਚੋਣਾਂ ਹਾਰ ਚੁੱਕੇ ਹਨ। ਜ਼ਿਕਰਯੋਗ ਹੈ ਕਿ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਡਿੰਪੀ ਢਿੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਡੇਢ ਕੁ ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।
ਡਿੰਪੀ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਦੱਸੇ ਜਾਂਦੇ ਹਨ। ਇੱਕ ਸੋਸ਼ਲ ਮੀਡੀਆ ਚੈਨਲ ਨਾਲ ਆਪਣੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਹਾਲੇ ਤੱਕ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਨਹੀਂ ਹਨ, ‘ਆਪ’ ਦੇ ਸਥਾਨਕ ਆਗੂਆਂ ਦੇ ਸੰਪਰਕ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਉਨ੍ਹਾਂ ਨੂੰ ਸਿਰਫ ਫੋਨ ਆਇਆ ਸੀ।
ਪੰਜਾਬ ਵਿੱਚ ਲੋਕ ਸਭਾ ਚੋਣਾਂ ਕਾਰਨ ਖਾਲੀ ਹੋਈਆਂ ਅਸੈਂਬਲੀ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਭਾਵੇਂ ਹਾਲੇ ਐਲਾਨ ਨਹੀਂ ਹੋਇਆ, ਪਰ ਇਨ੍ਹਾਂ ਚੋਣਾਂ ਲਈ ਚਰਚਾ ਹੁਣੇ ਤੋਂ ਚੱਲ ਪਈ ਹੈ। ਖਾਸ ਕਰਕੇ ਗਿਦੜਬਾਹਾ ਅਤੇ ਡੇਰਾ ਬਾਬਾ ਨਾਨਕ ਸੀਟ ਬਾਰੇ। ਵੱਖ-ਵੱਖ ਪਾਰਟੀਆਂ, ਖਾਸ ਕਰਕੇ ਸੱਤਾ ਧਾਰੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਅੰਦਰ ਇਸ ਸੀਟ ਨੂੰ ਲੈ ਕੇ ਖਾਸੀ ਉਥਲ-ਪੁਥਲ ਹੋ ਰਹੀ ਹੈ। ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਸਾਫ ਕੀਤਾ ਹੈ ਕਿ ਗਿੱਦੜਬਾਹਾ ਸੀਟ ਤੋਂ ਪਾਰਟੀ ਦੀ ਟਿਕਟ ਡਿੰਪੀ ਢਿੱਲੋਂ ਨੂੰ ਹੀ ਦਿੱਤੀ ਜਾਵੇਗੀ ਅਤੇ ਉਹ 10 ਦਿਨਾਂ ਤੱਕ ਡਿੰਪੀ ਦੀ ਉਡੀਕ ਕਰਨਗੇ। ਇਸ ਤੋਂ ਬਾਅਦ ਹੀ ਕਿਸੇ ਹੋਰ ਲਈ ਟਿਕਟ ਦਾ ਐਲਾਨ ਕਰਨਗੇ; ਪਰ ਡਿੰਪੀ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਉਹ ਪਾਰਟੀ ਛੱਡਣ ਦਾ ਫੈਸਲਾ ਕਰ ਚੁੱਕੇ ਹਨ।
ਅਕਾਲੀ ਦਲ ਦੀ ਹਾਲਤ ਹਰ ਆਏ ਦਿਨ ਪਤਲੀ ਹੋ ਰਹੀ ਹੈ। ਇਸੇ ਵਰ੍ਹੇ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਸਿਰਫ ਬਠਿੰਡਾ ਸੀਟ ਜਿੱਤਣ ਵਿੱਚ ਕਾਮਯਾਬ ਹੋ ਸਕਿਆ ਹੈ; ਜਿੱਥੋਂ ਹਰਸਿਮਰਤ ਕੌਰ ਬਾਦਲ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੀ ਸੀ। ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸਨ ਅਤੇ ਵੋਟ ਫੀਸਦੀ ਦੇ ਮਾਮਲੇ ਵਿੱਚ ਵੀ ਭਾਜਪਾ ਤੋਂ ਬਾਅਦ ਚੌਥੇ ਨੰਬਰ `ਤੇ ਰਿਹਾ ਸੀ। ਅਕਾਲੀ ਦਲ ਦੀ ਇਸ ਹਾਲਤ ਲਈ ਬਾਅਦ ਵਿੱਚ ਬਹੁਤ ਸਾਰੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਜਿਹੇ ਸੀਨੀਅਰ ਆਗੂਆਂ ਨੇ ਪਾਰਟੀ ਲੀਡਰਸ਼ਿਪ ਖਿਲਾਫ ਬਗਵਾਤ ਦਾ ਰਾਹ ਫੜ ਲਿਆ। ਇਹ ਆਗੂ ਮੰਗ ਕਰ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਦੀਆਂ ਸੱਤਾ ਦੌਰਾਨ ਕੀਤੀਆਂ ਗਈਆਂ ਗਲਤੀਆਂ ਕਾਰਨ ਸਿੱਖਾਂ ਨੇ ਅਕਾਲੀ ਦਲ ਤੋਂ ਦੂਰੀ ਬਣਾ ਲਈ ਹੈ। ਲੋਕ ਅਕਾਲੀ ਦਲ ਦੇ ਇਕੱਠਾਂ ਵਿੱਚ ਤਾਂ ਸ਼ਾਮਲ ਹੁੰਦੇ ਹਨ, ਪਰ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਂਦੇ। ਸੁਖਬੀਰ ਬਾਦਲ ਵੱਲੋਂ ਬੀਤੇ ਦਿਨੀਂ ਇਨ੍ਹਾਂ ਆਗੂਆਂ ਨੂੰ ਪਾਰਟੀ ਅਨੁਸ਼ਾਸਨ ਭੰਗ ਕਰਨ ਦੇ ਨਾਂ ‘ਤੇ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਪਣਾ ਕਨਵੀਨਰ ਨਿਯੁਕਤ ਕਰ ਕੇ ‘ਆਕਾਲੀ ਸੁਧਾਰ ਲਹਿਰ’ ਦੇ ਨਾਂ ‘ਤੇ ਟਕਸਾਲੀ ਅਕਾਲੀ ਵਰਕਰਾਂ ਨਾਲ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਹੈ। ਬਾਗੀ ਧੜੇ ਵੱਲੋਂ ਮਰਹੂਮ ਅਕਾਲੀ ਆਗੂ ਮੋਹਨ ਸਿੰਘ ਤੁੜ ਦੇ ਘਰ ਕੁਝ ਦਿਨ ਪਹਿਲਾਂ ਇੱਕ ਸਮਾਗਮ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਵੀ ਦੋਹਾਂ ਧੜਿਆਂ ਵੱਲੋਂ ਵੱਖੋ-ਵੱਖ ਮਨਾਈ ਗਈ। ਹਾਲੇ ਕੁਝ ਕੁ ਦਿਨ ਪਹਿਲਾਂ ਹੀ ਅਕਾਲੀ ਦਲ ਦਾ ਇੱਕ ਅਸੈਂਬਲੀ ਮੈਂਬਰ ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਤਿੰਨ ਉਮੀਦਵਾਰ ਜਿੱਤੇ ਸਨ, ਜਿਨ੍ਹਾਂ ਵਿੱਚੋਂ ਹੁਣ ਦੋ ਹੀ ਪਾਰਟੀ ਨਾਲ ਰਹਿ ਗਏ ਹਨ। ਇਨ੍ਹਾਂ ਵਿੱਚੋਂ ਇੱਕ ਮਨਪ੍ਰੀਤ ਸਿੰਘ ਇਆਲੀ ਹਨ, ਜਿਹੜੇ ਹਾਲ ਦੀ ਘੜੀ ਖਾਮੋਸ਼ ਬੈਠੇ ਹਨ ਅਤੇ ਦੂਸਰੇ ਬਿਕਰਮਜੀਤ ਸਿੰਘ ਮਨਜੀਠੀਆ ਦੀ ਪਤਨੀ ਗੁਨੀਵ ਕੌਰ ਮਜੀਠੀਆ ਹਨ। ਬੀਤੇ ਦਿਨੀਂ ਬਿਕਰਮਜੀਤ ਸਿੰਘ ਮਜੀਠੀਆਂ ਦੇ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਚਲਦੀ ਰਹੀ ਹੈ। ਲੰਘੀਆਂ ਲੋਕ ਸਭਾ ਚੋਣਾਂ ਵਿੱਚ ਦੋ ਆਜ਼ਾਦ ਸਿੱਖ ਉਮੀਦਵਾਰ- ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਹਨ। ਦੋਹਾਂ ਨੇ ਭਾਵੇਂ ਪਾਰਲੀਮਾਨੀ ਮੈਂਬਰਾਂ ਵਜੋਂ ਸਹੁੰ ਚੁੱਕ ਲਈ ਹੈ, ਪਰ ਅੰਮ੍ਰਿਤਪਾਲ ਸਿੰਘ ਹਾਲੇ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਹਾਲਤ ਸਮੁੱਚੀ ਸਿੱਖ ਸਿਆਸਤ ਦੀ ਤਸਵੀਰ ਵੀ ਹਾਲ ਦੀ ਘੜੀ ਧੁੰਦਲੀ ਜਾਪਦੀ ਹੈ। ਸਿੱਖ ਆਵਾਮ ਦੀ ਹਮਦਰਦੀ ਕਾਰਨ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਭਾਵੇਂ ਚੋਣ ਜਿੱਤ ਗਏ ਹਨ, ਪਰ ਉਹ ਖੁਦ ਜਾਂ ਉਨ੍ਹਾਂ ਦੇ ਸਮਰਥਕ ਪੰਜਾਬ ਵਿੱਚ ਕੋਈ ਨਵੀਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਜਥੇਬੰਦ ਕਰਨ ਦੇ ਸਮਰੱਥ ਨਹੀਂ ਜਾਪਦੇ। ਅਕਾਲੀ ਦਲ ਅੰਮ੍ਰਿਤਸਰ ਦਾ ਪਹਿਲਾਂ ਹੀ ਇੱਕ ਸੀਮਤ ਜਿਹਾ ਘੇਰਾ ਹੈ। ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਦੀ ਕਾਰਗੁਜ਼ਾਰੀ ਵੀ ਬਹੁਤੀ ਚੰਗੀ ਨਹੀਂ ਰਹੀ। ਸ. ਸਿਮਰਨਜੀਤ ਸਿੰਘ ਮਾਨ ਭਾਵੇਂ ‘ਆਪ’ ਸਰਕਾਰ ਬਣਨ ਤੋਂ ਥੋੜ੍ਹਾ ਸਮਾਂ ਬਾਅਦ ਹੀ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤ ਗਏ ਸਨ, ਪਰ ਬਾਅਦ ਵਿੱਚ ਹੋਈਆਂ ਆਮ ਚੋਣਾਂ ਵਿੱਚ ਉਨ੍ਹਾਂ ਨੇ ਵੀ ਆਪਣੀ ਸੀਟ ਗੁਆ ਲਈ। ਇਸ ਤਰ੍ਹਾਂ ਦੀ ਹਾਲਤ ਵਿੱਚ ਪੰਜਾਬ ਇੱਕ ਮਜਬੂਤ ਖੇਤਰੀ ਪਾਰਟੀ ਤੋਂ ਮਹਿਰੂਮ ਹੁੰਦਾ ਜਾਪਦਾ ਹੈ। ਸਿੱਖ ਵੋਟਰਾਂ ਨੂੰ ਕਾਂਗਰਸ, ‘ਆਪ’ ਅਤੇ ਭਾਜਪਾ ਵਰਗੀਆਂ ਤਿੰਨ ਕੌਮੀ ਪਾਰਟੀਆਂ ਵਿੱਚੋਂ ਹੀ ਕਿਸੇ ਇੱਕ ਨੂੰ ਵੋਟਾਂ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇੱਥੇ ਇਹ ਜ਼ਿਕਰ ਕਰਨਾ ਵੀ ਜਾਇਜ਼ ਹੋਵੇਗਾ ਕਿ ਅਕਾਲੀਆਂ ਦੇ ਬਾਗੀ ਧੜੇ ਵੱਲੋਂ ਇੱਕ ਜੁਲਾਈ ਨੂੰ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਅਕਾਲੀ ਰਾਜ ਵੇਲੇ ਹੋਈਆਂ ਗਲਤੀਆਂ ਦੇ ਭਾਗੀਦਾਰ ਹੋਣ ਦੀ ਸਜ਼ਾ ਲਵਾਉਣ ਲਈ ਲਿਖਤੀ ਬੇਨਤੀ ਕਰ ਦਿੱਤੀ ਗਈ ਸੀ। ਜਥੇਦਾਰ ਸਾਹਿਬ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਦਿਵਾਉਣ, 2015 ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਦੋ ਸਿੱਖਾਂ ਅਤੇ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਨਿਯੁਕਤ ਕਰਨ ਜਿਹੇ ਮਸਲਿਆਂ ‘ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦੀ ਮੰਗ ਕੀਤੀ ਸੀ। ਮਗਰੋਂ ਸੁਖਬੀਰ ਸਿੰਘ ਬਾਦਲ ਵੀ ਆਪਣਾ ਲਿਖਤੀ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਦੇ ਆਏ ਸਨ। ਹੁਣ 30 ਅਗਸਤ ਨੂੰ ਇਸ ਕਿੱਸੇ ਦਾ ਨਬੇੜਾ ਕਰਨ ਲਈ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬ ਦੀ ਮੀਟਿੰਗ ਬੁਲਾਈ ਗਈ ਹੈ।