ਖਿਡਾਰੀ ਪੰਜ-ਆਬ ਦੇ (23)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਗੋਲ ਕਰਨ ਵਿੱਚ ਭਾਰਤ ਵੱਲੋਂ ਧਿਆਨ ਚੰਦ ਅਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਤੀਜੇ ਨੰਬਰ ਉਤੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਕਿੱਸਾ ਛੋਹਿਆ ਗਿਆ ਹੈ। ਪੈਰਿਸ ਓਲੰਪਿਕਸ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਕਪਤਾਨ ਹਰਮਨਪ੍ਰੀਤ ਸਿੰਘ ਦਾ ਰਿਹਾ। ਕੁਮੈਂਟਰੀ ਕਰਨ ਵਾਲਿਆਂ ਵੱਲੋਂ ਤਖ਼ੱਲਸ ਦਿੰਦਿਆਂ ਉਸ ਨੂੰ ‘ਸਰਪੰਚ’ ਆਖਿਆ ਗਿਆ। ਉਹ ਆਪਣੇ ਇੱਕ ਦਹਾਕਾ ਖੇਡ ਕਰੀਅਰ ਵਿੱਚ ਹੁਣ ਤੱਕ 227 ਕੌਮਾਂਤਰੀ ਮੈਚ ਖੇਡ ਚੁੱਕਾ ਹੈ। ਪੇਸ਼ ਹੈ, ਹਰਮਨਪ੍ਰੀਤ ਸਿੰਘ ਦੀਆਂ ਪ੍ਰਾਪਤੀਆਂ ਦਾ ਸੰਖੇਪ ਵੇਰਵਾ…
ਨਵਦੀਪ ਸਿੰਘ ਗਿੱਲ
ਫੋਨ: +91-9780036216
ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ 52 ਸਾਲ ਬਾਅਦ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਲਗਾਤਾਰ ਦੋ ਵਾਰ ਤਮਗ਼ੇ ਜਿੱਤੇ। ਭਾਰਤ ਨੇ 2021 ਵਿੱਚ ਟੋਕੀਓ ਵਿਖੇ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਇਸ ਤੋਂ ਪਹਿਲਾਂ 1968 ਵਿੱਚ ਮੈਕਸੀਕੋ ਤੇ 1972 ਵਿੱਚ ਮਿਊਨਿਖ ਵਿਖੇ ਵੀ ਲਗਾਤਾਰ ਤਮਗ਼ੇ ਜਿੱਤੇ ਸਨ। ਹਾਲਾਂਕਿ ਭਾਰਤ ਨੇ 1928 ਐਮਸਟਰਡਮ ਤੋਂ ਲੈ ਕੇ 1972 ਤੱਕ ਲਗਾਤਾਰ 10 ਤਮਗ਼ੇ ਜਿੱਤੇ ਹਨ। ਓਲੰਪਿਕ ਖੇਡਾਂ ਵਿੱਚ ਹਾਕੀ ਮੁਕਾਬਲਿਆਂ ਵਿੱਚ ਇਹ ਭਾਰਤ ਦਾ 13ਵਾਂ ਤਮਗ਼ਾ ਹੈ, ਜਿਨ੍ਹਾਂ ਵਿੱਚ 8 ਸੋਨੇ, ਇੱਕ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਸ਼ਾਮਲ ਹਨ।
ਪੈਰਿਸ ਓਲੰਪਿਕਸ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਕਪਤਾਨ ਹਰਮਨਪ੍ਰੀਤ ਸਿੰਘ ਦਾ ਰਿਹਾ। ਹਰਮਨਪ੍ਰੀਤ ਸਿੰਘ ਨੇ ਓਲੰਪਿਕਸ ਵਿੱਚ ਕੁੱਲ 10 ਗੋਲ ਕੀਤੇ ਅਤੇ ਉਹ ਓਲੰਪਿਕ ਖੇਡਾਂ ਦਾ ਸਰਵੋਤਮ ਸਕੋਰਰ ਵੀ ਰਿਹਾ। ਉਸ ਤੋਂ ਬਾਅਦ ਆਸਟਰੇਲੀਆ ਦੇ ਬਲੈਕ ਗੋਵਰਜ਼ ਨੇ ਸੱਤ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ ਕਪਤਾਨਾਂ ਵਾਲੀ ਖੇਡ ਦਿਖਾਉਂਦਾ ਹੋਇਆ ਟੀਮ ਨੂੰ ਅੱਗੇ ਲੈ ਕੇ ਵਧਿਆ। ਕਬੱਡੀ ਖਿਡਾਰੀਆਂ ਵਾਂਗ ਹਰਮਨਪ੍ਰੀਤ ਸਿੰਘ ਨੂੰ ਓਲੰਪਿਕਸ ਦੀ ਕੁਮੈਂਟਰੀ ਕਰਨ ਵਾਲਿਆਂ ਵੱਲੋਂ ਤਖ਼ੱਲਸ ਦਿੰਦਿਆਂ ‘ਸਰਪੰਚ’ ਆਖਿਆ ਜਾ ਰਿਹਾ ਹੈ। ਜਿਵੇਂ ਸਰਪੰਚ ਪਿੰਡ ਦਾ ਮੁਖੀ ਹੁੰਦੀ ਹੈ, ਉਵੇਂ ਹੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਮੁਖੀ ਹੈ। ਉਹ ਸੁਚੱਜੇ ਤਰੀਕੇ ਨਾਲ ਟੀਮ ਦੀ ਅਗਵਾਈ ਕਰਦਾ ਹੋਇਆ ਜਿੱਥੇ ਡਿਫੈਂਸ ਅਤੇ ਪੈਨਲਟੀ ਕਾਰਨਰ ਰੋਕਣ ਮੌਕੇ ਟੀਮ ਦਾ ਥੰਮ੍ਹ ਬਣਿਆ ਹੋਇਆ ਹੈ, ਉਥੇ ਹੀ ਆਪਣੀ ਡਰੈਗ ਫਲਿੱਕ ਅਤੇ ਸਕੂਪ ਨਾਲ ਉਹ 10 ਗੋਲ ਕਰਕੇ ਓਲੰਪਿਕ ਖੇਡਾਂ ਦਾ ਸਰਵੋਤਮ ਸਕੋਰਰ ਰਿਹਾ। ਬਰਤਾਨੀਆ ਖਿਲਾਫ਼ ਮੈਚ ਵਿੱਚ ਹਰਮਨਪ੍ਰੀਤ ਸਿੰਘ ਨੇ ਔਖੇ ਸਮੇਂ ਟੀਮ ਦਾ ਹੌਸਲਾ ਨਹੀਂ ਡਿੱਗਣ ਦਿੱਤਾ ਅਤੇ ਆਪਣੇ ਹਮਲਾਵਰ ਅੰਦਾਜ਼ ਵਿੱਚ ਖੇਡ ਖੇਡੀ।
ਹਰਮਨਪ੍ਰੀਤ ਸਿੰਘ ਪਿਛਲੀਆਂ ਟੋਕੀਓ ਓਲੰਪਿਕਸ ਵਿੱਚ ਟੀਮ ਦਾ ਉਪ ਕਪਤਾਨ ਸੀ, ਜਦੋਂ ਟੀਮ ਦੇ ਮੌਜੂਦਾ ਖਿਡਾਰੀ ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਭਾਰਤ ਨੇ 41 ਵਰਿ੍ਹਆਂ ਬਾਅਦ ਓਲੰਪਿਕ ਖੇਡਾਂ ਵਿੱਚ ਤਮਗ਼ਾ ਜਿੱਤਿਆ ਸੀ। ਟੋਕੀਓ ਓਲੰਪਿਕਸ ਵਿੱਚ ਹਰਮਨਪ੍ਰੀਤ ਸਿੰਘ ਨੇ ਛੇ ਗੋਲ ਕੀਤੇ ਸਨ ਅਤੇ ਭਾਰਤ ਦਾ ਸਰਵੋਤਮ ਗੋਲ ਸਕਰੋਰ ਸੀ। ਇਸ ਤਰ੍ਹਾਂ ਹਰਮਨਪ੍ਰੀਤ ਦੀ ਹਾਕੀ ਨੇ ਓਲੰਪਿਕ ਖੇਡਾਂ ਵਿੱਚ ਕੁੱਲ 16 ਗੋਲ ਕਰ ਦਿੱਤੇ ਹਨ। 13 ਨੰਬਰ ਜਰਸੀ ਵਿੱਚ ਖੇਡਣ ਵਾਲੇ ਹਰਮਨਪ੍ਰੀਤ ਸਿੰਘ ਨੇ ਭਾਰਤ ਨੂੰ ਹਾਕੀ ਵਿੱਚ 13ਵਾਂ ਤਮਗ਼ਾ ਜਿਤਾਇਆ ਹੈ। ਇਹ ਨੰਬਰ ਹਰਮਨਪ੍ਰੀਤ ਸਿੰਘ ਨੂੰ ਹਾਕੀ ਦੇ ਮਹਾਨ ਦਿੱਗਜ਼ ਬਲਬੀਰ ਸਿੰਘ ਸੀਨੀਅਰ ਨੇ ਦਿੱਤਾ ਸੀ। ਜਦੋਂ ਹਰਮਨਪ੍ਰੀਤ ਸਿੰਘ ਨੂੰ ਸ਼ੁਰੂਆਤੀ ਸਮੇਂ ਵਿੱਚ 13 ਨੰਬਰ ਜਰਸੀ ਅਲਾਟ ਹੋਈ ਤਾਂ ਉਦੋਂ ਉਹ ਇਸ ਨੰਬਰ ਨੂੰ ਅਭਾਗਾ (ਯੂਰਪ ਦੀ ਸੋਚ ਮੁਤਾਬਕ) ਸਮਝਦਾ ਹੋਣ ਕਰਕੇ ਅਪਣਾਉਣ ਤੋਂ ਹਿਚਕਾਉਂਦਾ ਸੀ। ਫੇਰ ਬਲਬੀਰ ਸਿੰਘ ਸੀਨੀਅਰ ਨੇ ਹਰਮਨਪ੍ਰੀਤ ਸਿੰਘ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਆਖ ਕੇ 13 ਨੰਬਰ ਦੀ ਜਰਸੀ ਪਹਿਨਣ ਲਈ ਪ੍ਰੇਰਿਆ। ਉਦੋਂ ਤੋਂ ਹਰਮਨਪ੍ਰੀਤ ਸਿੰਘ 13 ਨੰਬਰ ਜਰਸੀ ਵਿੱਚ ਖੇਡਦਾ ਹੈ। ਉਸ ਦੇ ਸੋਸ਼ਲ ਮੀਡੀਆ ਹੈਂਡਲ ਉਪਰ ਵੀ ਨਾਮ ਦੇ ਨਾਲ 13 ਲਿਖਿਆ ਹੁੰਦਾ। ਉਹ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੰਦਾ ਹੋਇਆ ਵੀ 13 ਨੰਬਰ ਜ਼ਰੂਰ ਲਿਖਦਾ ਹੈ।
ਹਰਮਨਪ੍ਰੀਤ ਸਿੰਘ ਨੇ ਪੈਰਿਸ ਓਲੰਪਿਕਸ ਵਿੱਚ ਜਿਸ ਟੀਮ ਦੀ ਅਗਵਾਈ ਕੀਤੀ, ਉਸ ਵਿੱਚ ਦੋ ਸਾਬਕਾ ਕਪਤਾਨ ਖੇਡ ਰਹੇ ਹਨ। ਮਿਡਫੀਲਡਰ ਮਨਪ੍ਰੀਤ ਸਿੰਘ ਨੇ ਟੋਕੀਓ ਓਲੰਪਿਕਸ ਵਿੱਚ ਕਪਤਾਨੀ ਕੀਤੀ, ਜਦੋਂਕਿ ਟੀਮ ਦੀ ਮਜਬੂਤ ਦੀਵਾਰ ਬਣ ਕੇ ਗੋਲਾਂ ਦੀ ਰਾਖੀ ਕਰ ਰਹੇ ਗੋਲਚੀ ਪੀ.ਆਰ. ਸ੍ਰੀਜੇਸ਼ 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦਾ ਕਪਤਾਨ ਸੀ।
ਹਰਮਨਪ੍ਰੀਤ ਸਿੰਘ ਟੀਮ ਦਾ ਡਿਫੈਂਡਰ ਵੀ ਹੈ ਅਤੇ ਮਜਬੂਤ ਡਰੈਗ ਫਲਿੱਕ ਕਾਰਨ ਪੈਨਲਟੀ ਕਾਰਨਰ ਮੌਕੇ ਟੀਮ ਲਈ ਟਰੰਪ ਕਾਰਡ ਵੀ ਸਾਬਤ ਹੁੰਦਾ ਹੈ। ਉਸ ਦੀ ਦਨਦਨਾਉਂਦੀ ਤੇਜ਼ ਤਰਾਰ ਡਰੈਗ ਫਲਿੱਕ ਪੈਨਲਟੀ ਕਾਰਨਰ ਮੌਕੇ ਸਿੱਧਾ ਵਿਰੋਧੀ ਟੀਮ ਦੇ ਗੋਲਾਂ ਵਿੱਚ ਜਾਂਦੀ। ਉਹ ਅੱਜ ਹਰ ਹਾਕੀ ਪ੍ਰੇਮੀ ਦਾ ਹਰਮਨ ਪਿਆਰਾ ਖਿਡਾਰੀ ਬਣ ਗਿਆ ਹੈ। ਆਪਣੇ ਆਦਰਸ਼ ਜੁਗਰਾਜ ਸਿੰਘ ਵਾਂਗ ਖੇਡਦਾ ਹਰਮਨਪ੍ਰੀਤ ਸਿੰਘ ਮਿਡਫੀਲਡ ਤੋਂ ਖੁਦ ਵੀ ਗੇਂਦ ਨੂੰ ਅੱਗੇ ਲਿਜਾ ਕੇ ਭਾਰਤੀ ਫਾਰਵਰਡਾਂ ਦੀ ਮੱਦਦ ਕਰਦਾ ਰਿਹਾ। ਰਣਨੀਤੀ ਤਹਿਤ ਉਹ ਅੱਗੇ ਵੀ ਖੇਡਦਾ ਹੈ, ਜੋ ਕਿ ਭਾਰਤ ਲਈ ਲਾਹੇਵੰਦ ਸਾਬਤ ਹੁੰਦਾ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਿੰਮੋਵਾਲ ਵਿਖੇ 6 ਜਨਵਰੀ 1996 ਨੂੰ ਸਾਧਾਰਣ ਕਿਸਾਨ ਪਰਿਵਾਰ ਵਿੱਚ ਜਨਮਿਆ ਹਰਮਨਪ੍ਰੀਤ ਸਿੰਘ ਪੈਰਿਸ ਵਿਖੇ ਆਪਣੀ ਤੀਜੀ ਓਲੰਪਿਕਸ ਖੇਡਿਆ। 10 ਸਾਲ ਦੀ ਉਮਰੇ ਹਾਕੀ ਦੀ ਸ਼ੁਰੂਆਤ ਕਰਨ ਵਾਲੇ ਹਰਮਨਪ੍ਰੀਤ ਦਾ ਕਰੀਅਰ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੋਂ ਸ਼ੁਰੂ ਹੋਇਆ। ਮਾਝੇ ਦੇ ਅੰਮ੍ਰਿਤਸਰ-ਗੁਰਦਾਸਪੁਰ ਜ਼ਿਲਿ੍ਹਆਂ ਨੇ ਅਨੇਕਾਂ ਓਲੰਪੀਅਨ ਦਿੱਤੇ ਹਨ, ਜਿਨ੍ਹਾਂ ਵਿੱਚ ਰਈਆ, ਬਾਬਾ ਬਕਾਲਾ, ਬੁਤਾਲਾ, ਸਠਿਆਲਾ, ਮਹਿਤਾ ਚੌਕ, ਮਰੜ, ਬਟਾਲਾ, ਗੁਰਦਾਸਪੁਰ ਦੇ ਖਿਡਾਰੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਹਰਮਨਪ੍ਰੀਤ ਸਿੰਘ ਤੋਂ ਪਹਿਲਾਂ ਤਿੰਮੋਵਾਲ ਪਿੰਡ ਦਾ ਕੋਈ ਵੱਡਾ ਖਿਡਾਰੀ ਨਹੀਂ ਸੀ, ਪਰ ਹਰਮਨਪ੍ਰੀਤ ਸਿੰਘ ਇਕੱਲੇ ਨੇ ਤਿੰਮੋਵਾਲ ਦਾ ਓਲੰਪਿਕਸ ਤੱਕ ਨਾਮ ਰੌਸ਼ਨ ਕਰ ਦਿੱਤਾ। ਛੋਟਾ ਹੁੰਦਾ ਹਰਮਨਪ੍ਰੀਤ ਵਾਲੀਬਾਲ ਵੀ ਖੇਡਦਾ ਸੀ। ਕੱਚੇ ਘਰ ਦੇ ਵਿਹੜੇ ਵਿੱਚ ਕੰਧਾਂ ਵਿੱਚ ਬਾਲਾਂ ਮਾਰ-ਮਾਰ ਹਾਕੀ ਖੇਡਦਾ ਹੁੰਦਾ। ਖੇਤੀਬਾੜੀ ਵਿੱਚ ਆਪਣੇ ਪਿਤਾ ਨਾਲ ਹੱਥ ਵਟਾਉਂਦਾ, ਪਰ ਦਿਮਾਗ ਵਿੱਚ ਹਰ ਸਮੇਂ ਹਾਕੀ ਹੀ ਹੁੰਦੀ ਸੀ। ਹਰਮਨਪ੍ਰੀਤ ਸਿੰਘ ਨੂੰ ਗਾਉਣ ਦਾ ਵੀ ਸ਼ੌਕ ਰਿਹਾ ਅਤੇ ਇੱਕ ਵਾਰ ਉਸ ਨੇ ਹਾਰਮੋਨੀਅਮ ਵੀ ਖਰੀਦਿਆ ਸੀ। ਹਰਮਨਪ੍ਰੀਤ ਸਿੰਘ ਨੂੰ ਖੇਡਣ ਤੋਂ ਇਲਾਵਾ ਟਰੈਕਟਰ ਚਲਾਉਣ ਅਤੇ ਬੁਲਟ ਮੋਟਰ ਸਾਈਕਲ ਚਲਾਉਣ ਦਾ ਸ਼ੌਕ ਰਿਹਾ। ਹਰਮਨਪ੍ਰੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਕਹੀ ਚਲਾਉਣ ਵਾਲੇ ਹੱਥ ਡਰੈਗ ਫਲਿੱਕ ਵੀ ਜਬਰਦਸਤ ਲਗਾ ਸਕਦੇ ਹਨ।
ਹਰਮਨਪ੍ਰੀਤ ਸਿੰਘ ਆਪਣੇ ਇੱਕ ਦਹਾਕਾ ਖੇਡ ਕਰੀਅਰ ਵਿੱਚ ਹੁਣ ਤੱਕ 227 ਕੌਮਾਂਤਰੀ ਮੈਚ ਖੇਡ ਚੁੱਕਾ ਹੈ ਅਤੇ ਕੁੱਲ 198 ਗੋਲ ਕੀਤੇ ਹਨ। ਗੋਲਾਂ ਦਾ ਦੋਹਰਾ ਸੈਂਕੜਾ ਮਾਰਨ ਦੇ ਕਰੀਬ ਹੈ। ਗੋਲ ਕਰਨ ਵਿੱਚ ਉਹ ਭਾਰਤ ਵੱਲੋਂ ਧਿਆਨ ਚੰਦ ਅਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਤੀਜੇ ਨੰਬਰ ਉਤੇ ਹੈ। ਚੰਗੀ ਡੀਲ ਡੌਲ ਵਾਲਾ ਇਹ ਖਿਡਾਰੀ ਭਾਰਤੀ ਹਾਕੀ ਦਾ ਭਵਿੱਖ ਹੈ, ਜਿਸ ਤੋਂ ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਸਭ ਤੋਂ ਵੱਧ ਗੋਲ ਕਰਨ ਦਾ ਸੋਹੇਲ ਅੱਬਾਸ ਦਾ ਰਿਕਾਰਡ ਤੋੜੇਗਾ।
2011 ਵਿੱਚ ਜੂਨੀਅਰ ਭਾਰਤੀ ਹਾਕੀ ਟੀਮ ਵੱਲੋਂ ਸੁਲਤਾਨ ਜੌਹਰ ਕੱਪ ਖੇਡ ਕੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ। 2016 ਵਿੱਚ ਲਖਨਊ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਵਿੱਚ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਦੀ ਜਿੱਤ ਵਿੱਚ ਤਿੰਨ ਗੋਲਾਂ ਨਾਲ ਅਹਿਮ ਯੋਗਦਾਨ ਪਾਉਣ ਵਾਲੇ ਹਰਮਨਪ੍ਰੀਤ ਸਿੰਘ ਨੇ 2015 ਵਿੱਚ ਮਲੇਸ਼ੀਆ ਵਿਖੇ ਹੋਏ ਜੂਨੀਅਰ ਏਸ਼ੀਆ ਕੱਪ ਦੀ ਜਿੱਤ ਵਿੱਚ ਵੀ 14 ਗੋਲ ਕਰਕੇ ਅਹਿਮ ਯੋਗਦਾਨ ਪਾਇਆ ਸੀ। ਉਹ ਉਦੋਂ ਵੀ ਸਰਵੋਤਮ ਸਕਰੋਰ ਬਣਿਆ ਸੀ। ਸੀਨੀਅਰ ਵਰਗ ਵਿੱਚ ਉਸ ਨੇ 2021 ਵਿੱਚ ਟੋਕੀਓ ਓਲੰਪਿਕ ਖੇਡਾਂ ਤੇ ਹੁਣ 2024 ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। 2023 ਵਿੱਚ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਸੋਨੇ ਅਤੇ 2018 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। 2017 ਵਿੱਚ ਢਾਕਾ ਵਿਖੇ ਏਸ਼ੀਆ ਕੱਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 2018 ਵਿੱਚ ਮਸਕਟ ਅਤੇ 2023 ਵਿੱਚ ਚੇਨੱਈ ਵਿਖੇ ਦੋ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 2021 ਵਿੱਚ ਢਾਕਾ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 2016 ਵਿੱਚ ਲੰਡਨ ਅਤੇ 2018 ਵਿੱਚ ਬਰੇਡਾ ਵਿਖੇ ਹੋਈ ਚੈਂਪੀਅਨਜ਼ ਟਰਾਫੀ ਵਿੱਚ ਦੋ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ। 2016-17 ਵਿੱਚ ਭੁਵਨੇਸ਼ਵਰ ਵਿਖੇ ਹੋਈ ਹਾਕੀ ਵਿਸ਼ਵ ਲੀਗ ਵਿੱਚ ਕਾਂਸੀ ਦਾ ਤਮਗਾ ਅਤੇ 2022 ਵਿੱਚ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ।
ਹਰਮਨਪ੍ਰੀਤ ਸਿੰਘ ਦੇ ਨਿੱਜੀ ਰਿਕਾਰਡਾਂ ਦੀ ਗੱਲ ਕਰੀਏ ਤਾਂ ਇਸ ਸਾਲ ਐਫ.ਆਈ.ਐਚ. ਪ੍ਰੋ. ਹਾਕੀ ਲੀਗ ਵਿੱਚ ਉਸ ਨੇ ਕੁੱਲ 12 ਗੋਲ ਕੀਤੇ। ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ 13 ਗੋਲ ਕੀਤੇ, ਜਦੋਂ ਭਾਰਤ ਨੇ ਸੋਨ ਤਮਗ਼ਾ ਜਿੱਤਿਆ। 2018 ਵਿੱਚ ਹੋਈਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ 10 ਗੋਲ ਕੀਤੇ ਸਨ, ਜਦੋਂ ਭਾਰਤੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ 9 ਗੋਲ ਕੀਤੇ। ਪਿਛਲੇ ਸਾਲ ਐਫ.ਆਈ.ਐਚ. ਪ੍ਰੋ. ਹਾਕੀ ਲੀਗ ਵਿੱਚ 18 ਗੋਲ ਅਤੇ 2022 ਵਿੱਚ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ 9 ਗੋਲ ਕੀਤੇ। ਹਰਮਨਪ੍ਰੀਤ ਸਿੰਘ ਨੇ ਆਪਣੀ ਕਪਤਾਨੀ ਹੇਠ ਓਲੰਪਿਕ ਖੇਡਾਂ ਵਿੱਚ ਕਾਂਸੀ, ਏਸ਼ਿਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 2023 ਦੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਹਰਮਨਪ੍ਰੀਤ ਸਿੰਘ ਨੇ ਵੱਡੇ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਅਤੇ ਉਹ ਚਾਰ ਗੋਲ ਕਰਕੇ ਭਾਰਤ ਵੱਲੋਂ ਸਰਵੋਤਮ ਸਕਰੋਰ ਰਿਹਾ ਸੀ।
ਹਰਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਾਲ ਹਰਮਨਪ੍ਰੀਤ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਦਲੇ ਸਨਮਾਨ ਕਰਦਿਆਂ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਭਰਤੀ ਕੀਤਾ। ਪੈਰਿਸ ਓਲੰਪਿਕਸ ਤੇ ਟੋਕੀਓ ਓਲੰਪਿਕਸ ਵਿੱਚ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਹਰਮਨਪ੍ਰੀਤ ਸਿੰਘ ਦਾ ਅਗਲਾ ਨਿਸ਼ਾਨਾ 2028 ਵਿੱਚ ਲਾਸ ਏਂਜਲਸ ਓਲੰਪਿਕਸ ਖੇਡਣਾ ਹੈ ਅਤੇ ਉਸ ਵਿੱਚ ਤਮਗ਼ੇ ਦੀ ਹੈਟ੍ਰਿਕ ਅਤੇ ਰੰਗ ਵੀ ਬਦਲਣ ਦਾ ਨਿਸ਼ਾਨਾ ਹੋਵੇਗਾ।