ਬੱਬਰਾਂ ਦਾ ਬੁੰਗਾ: ਧਾਮੀਆਂ ਕਲਾਂ

ਆਮ-ਖਾਸ

ਪਿੰਡ ਵਸਿਆ-9
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪਿੰਡ ਧਾਮੀਆਂ ਕਲਾਂ ਬਾਰੇ ਸੰਖੇਪ ਵੇਰਵਾ…

ਵਿਜੈ ਬੰਬੇਲੀ
ਫੋਨ: +91-9463439075

ਵਾਜਬ-ਉਲ-ਅਰਜ਼/ਵਜਾਹ ਤਕਸੀਮ ਦੇਹ ਹਜ਼ਾ ਅਨੁਸਾਰ ਧਾਮੀਆਂ ਕਲਾਂ (ਸ਼ਾਮ ਚੌਰਾਸੀ) ਪਿੰਡ ਦਾ ਬਾਨੀ ਸੁਬਾਨੀ ਇੱਕ ਧਾਮੀ ਜੱਟ ਸੀ, ਜਿਹੜਾ ਆਪਣੇ ਸਕੇ-ਸੋਧਰਿਆਂ ਨਾਲ ਪਿੰਡ ਪਿੱਪਲਾਂਵਾਲਾਂ (ਹੁਸ਼ਿਆਰਪੁਰ) ਤੋਂ ਉੱਠ ਕੇ ਇੱਥੇ, ਬਹੀਦੀ ਨਾਂ ਦੇ ਇੱਕ ਬੇਚਰਾਗ ਪਿੰਡ ਆ ਬਿਰਾਜਮਾਨ ਹੋਇਆ। ਪੁਰਾਤਨ ਦਸਤਾਵੇਜ਼ਾਂ ਅਨੁਸਾਰ ਇੱਥੋਂ ਦੇ ਲੋਕ ਬੜੇ ਮਾਰਖੋਰੇ, ਪਰ ਮੋਹਵੰਤੇ ਸਨ। ਇੱਕ ਗਾਥਾ ਅਨੁਸਾਰ ਰਾਣਾ ਸੰਗਰਾਮ ਦੇ ਜਿਹੜੇ ਸਿਪਾਹੀ ਬਾਬਰ ਨਾਲ ਅਹਿਦਨਾਮੇ ਸਮੇਂ ਅਫਗਾਨਿਸਤਾਨ ਤੋਂ ਪਾਰਲੇ ਖਿੱਤਿਆ ਵੱਲ ਬਾਰੂਦ ਅਤੇ ਆਤਸ਼ੀ ਹਥਿਆਰਾਂ ਦੀ ਸਿਖਲਾਈ ਹਿੱਤ ਗਏ, ਉਨ੍ਹਾਂ ਵਿੱਚੋਂ ਬਹੁਤੇ ਦੋਹਾਂ ਧਿਰਾਂ ਦੀ ਅਣ-ਬਣ ਦਰਿਮਿਆਨ ਆਪਣਾ ਧੰਦਾ ਛੱਡ ਕਾਸ਼ਤਕਾਰੀ ਵੱਲ ਅਹੁਲ ਪਏ।
ਖੇਤੀ ਵੱਲ ਆਉਣ ਦਾ ਕਾਰਨ ਇਹ ਵੀ ਸੀ ਕਿ ਵਾਪਸੀ ਸਮੇਂ ਇਧਰਲੀਆਂ ਤੀਵੀਆਂ ਨਾਲ ਵਿਆਹ ਕਰਵਾਉਣ ਕਰਕੇ ਉਹ ਰਾਜਪੂਤਾਂ ਵਿੱਚੋਂ ਛੇਕੇ ਗਏ, ਪਰ ਉਨ੍ਹਾਂ ਉਚੇਰੇ ਪਹਾੜਾਂ ਨੂੰ ਚੜ੍ਹੇ ਅਤੇ ਸ਼ਿਮਲੇ ਕੰਨੀ ਆਪਣੀ ਧਾਮੀ ਰਿਆਸਤ ਦਾ ਪਿੜ ਬੰਨਣ ਵਾਲੇ ਯੋਧਿਆਂ ਦੀ ਧਾਮੀ ਅੱਲ ਨਹੀਂ ਤਿਆਗੀ। 1857 ਦੇ ਗ਼ਦਰ ਉੁਪਰੰਤ ਇਨ੍ਹਾਂ ਵਿੱਚੋਂ ਕੁਝ ਨੇ ਪੰਜਾਬ ਦੀ ਲੌਅਰ ਸ਼ਿਵਾਲਕ ਤਲਹੱਟੀ ਦੇ ਪੈਰਾਂ ‘ਚ ਪੈਂਦੇ ਬਜਵਾੜਾ-ਮਲੋਤ-ਸ਼ਾਮਚੌਰਾਸੀ ਦੇ ਖਿੱਤੇ ਵਿੱਚ ਆਪਣੇ ਧਾਮੀ ਪਿੰਡ ਵਸਾਏ, ਜਿਸ ਵਿੱਚ ਆਪਣੀ ਪ੍ਰਾਚੀਨਤਾ ਕਾਰਨ ਪਿੱਪਲਾਂਵਾਲਾ ਅਤੇ ਬਦੌਲਤ ਬੱਬਰ ਅਕਾਲੀ ਲਹਿਰ ਧਾਮੀਆਂ ਕਲਾਂ ਬੜਾ ਮਸ਼ਹੂਰ ਹੋਇਆ।
ਉਂਜ ਹੁਸ਼ਿਆਰਪੁਰ ਜ਼ਿਲ੍ਹੇ ‘ਚ ਤਿੰਨ ਧਾਮੀਆਂ ਹਨ: ਧਾਮੀਆਂ ਬਹੀਦੀ ਉਰਫ ਧਾਮੀਆਂ ਕਲਾਂ ਅੱਲ ਧਾਮੀਆਂ ਬੱਬਰਾਂ, ਧਾਮੀਆਂ ਖੁਰਦ (ਨੰਦਾਚੌਰ) ਅਤੇ ਧਾਮੀਆਂ ਭੱਦਾਂ (ਮੁਕੇਰੀਆਂ)। ਧਾਮੀਆਂ ਬਹੀਦੀ/ਕਲਾਂ ਕਿੳਂੁਕਿ ਇਹ ਪਿੰਡ ਪ੍ਰਾਚੀਨ ਬਹੀਦੀ ਨਗਰ, ਜਿਸ ਦੇ ਥੇਹ ਅਜੇ ਵੀ ਧਾਮੀਆਂ ਲਾਗੇ ਮੌਜੂਦ ਹਨ, ਦੇ ਉਜੜੇਵੇਂ ਉਪਰੰਤ ਮੁੜ ਵਸਿਆ। ਇਸ ਕਾਰਨ ਇਹ ਮਾਲ-ਰਿਕਾਰਡ ਦੇ ਦਸਤਾਵੇਜ਼ਾਂ ਵਿੱਚ ਅਜੇ ਵੀ ਬਹੀਦੀ ਧਾਮੀਆਂ ਵਜੋਂ ਦਰਜ ਹੈ, ਭਾਵੇਂ ਕਿ ਲੋਕ ‘ਵਾਜ਼ ‘ਚ ਇਹ ਧਾਮੀਆਂ ਕਲਾਂ ਨਹੀਂ, ਧਾਮੀਆਂ ਬੱਬਰਾਂ ਵਜੋਂ ਮਕਬੂਲ ਹੈ।
1884 ਦੇ ਬੰਦੋਬਸਤ ਵੇਲੇ ਇਸ ਪਿੰਡ ਦੇ ਤਿੰਨ ਮੋਹਤਬਰਾਂ ਤਹਿਤ ਤਿੰਨ ਪੱਤੀਆਂ ਤਸਲੀਮ ਹੋਈਆਂ: ‘ਪੱਤੀ ਸੰਗਤ’ (ਆਗੂ ਬਜ਼ੁਰਗ ਸੰਗਤ, ਤਰਫ ਚੜਦਾ, ਆਬਾਦੀ ਸ਼ਾਹੂਕਾਰ, ਪ੍ਰੋਹਿਤ ਅਤੇ ਸ਼ਿਲਪੀ, ਭੋਇੰ ਅੱਵਲ, ਮਾਲਕੀ ਸੋਲਾਂ ਆਨੇ ‘ਚੋਂ ਸਾਢੇ ਤਿੰਨ ਆਨੇ), ‘ਪੱਤੀ ਜੀਵਨ’ (ਮੋਹਤਬਰਾਨ ਜੀਵਨ, ਗੱਭਲੀ ਪੱਤੀ, ਵਸੋਂ ਧਾਮੀ ਜੱਟ, ਜ਼ਮੀਨ ਹਰ ਕਿਸਮ, ਮਾਲਕੀ 9 ਆਨੇ) ਅਤੇ ‘ਪੱਤੀ ਸਰਮੁੱਖ’ (ਬਜ਼ੁਰਗਵਾਰ ਸਰਮੁੱਖ, ਤਰਫ ਲਹਿੰਦਾ, ਵਸੋਂ ਕੰਮੀ-ਕਮੀਣ, ਮਾਲਕੀ ਸਾਢੇ ਤਿੰਨ ਆਨੇ)। ਪੀੜ੍ਹੀ-ਦਰ-ਪੀੜ੍ਹੀ ਤੁਰੀ ਆੳਂੁਦੀ ਦੰਦ ਕਥਾ ਅਨੁਸਾਰ ਤਿੰਨੋਂ ਆਗੂ ਬੜੇ ਨਜ਼ੂਮ ਅਤੇ ਧੜੱਲੇਦਾਰ ਸਨ, ਪਰ ਜੀਵਨ ਕੁਝ ਜ਼ਿਆਦਾ ਉੱਭਰਵਾਂ ਅਤੇ ਦਾਨਾ ਸੀ। ਉਸ ਦੀ ਵੱਧ ਮਾਲਕੀ ਦਾ ਕਾਰਨ ਉਸ ਵੱਲੋਂ ਅੜੀ ਕਰਕੇ ਲਿਆ ਵੱਧ ਰਕਬੇ ਦਾ ਅਸਲ ਮਾਜਰਾ ਇਹ ਸੀ ਕਿ ਉਹ ਤਾਅ-ਜਾਤਾਂ ਧਰਮਾਂ ਦੀ ਆਪਸੀ ਸਾਂਝ ਕਾਰਨ ਉਨ੍ਹਾਂ ਸਭ ਨੂੰ ਮਾਲਕੀ ਹੱਕ ਦੇਣਾ ਚਾਹੁੰਦਾ ਸੀ, ਜਿਹੜੇ ਉਸਨੇ ਆਪਣੇ ਹਿੱਸੇ ਵਿੱਚੋਂ ਦਿੱਤੇ ਵੀ, ਜਿਸ ਕਾਰਨ ਦੂਸਰੇ ਦੋਹਾਂ ਨੇ ਆਪਣਾ ਹਿੱਸਾ 7 ਆਨੇ ਮਨਜ਼ੂਰ ਕਰ ਲਿਆ।
ਪਹਿਲ-ਪਲੱਕੜਿਆਂ ਵਿੱਚ ਇੱਥੋਂ ਦੇ ਕਿਰਤੀ-ਸ਼ਿਲਪੀ ਵੀ ਬੜੇ ਉੱਘੇ ਸਨ; ਲਲਾਰੀ ਅਤੇ ਮੁਸਲਿਮ ਜੁਲਾਹੇ, ਘੁਮਿਹਾਰ ਅਤੇ ਲੁਹਾਰ ਜਿਹੜੇ ਪ੍ਰਸਿੱਧ ਨਕਸ਼ਦਾਰ ਅਤੇ ਠੇਕੇਦਾਰਾਂ ਵਜੋਂ ਪ੍ਰਸਿੱਧ ਹੋਏ, ਉਨ੍ਹਾਂ ਨੇ ਕੋਟੇ–ਬਲੋਚ (ਹੁਣ ਪਾਕਿਸਤਾਨ) ਤਰਫ ਬੜਾ ਨਾਮ ਅਤੇ ਨਾਮਾਂ ਖੱਟਿਆ। ਪੱਛਮੀ ਪੰਜਾਬ ਦੀਆਂ ਤਿੰਨ ਤਰੱਕੀ ਬਖਸ਼ ਨਹਿਰਾਂ: ‘ਅਪਰ ਜੇਹਲਮ’, ‘ਅਪਰ ਚਨਾਬ’ ਅਤੇ ‘ਲੋਇਰ ਬਾਰੀ ਦੁਆਬ’ ਦੀ ਠੇਕੇਦਾਰੀ ਸਮੇਂ ਇਨ੍ਹਾਂ ਬੜੀ ਸ਼ੋਹਰਤ ਕਮਾਈ। ਇਸੇ ਪੈਸੇ ਅਤੇ ਹੁਨਰ ਬਦੌਲਤ ‘ਬੱਲੋਕੀ ਹੈੱਡ’ (ਪਾਕਿਸਤਾਨ) ਉੱਤੇ ਬਣੀਆਂ ਆਹਲਾ ਕੋਠੀਆਂ ਦੇ ਨਮੂਨੇ ‘ਤੇ ਇਨ੍ਹਾਂ ਆਪਣੇ ਪਿਤਾ-ਪੁਰਖੀ ਪਿੰਡ ਵਿੱਚ ਵੀ ਇੱਕ ਲਾਜਵਾਬ ਕੋਠੀ ਉਸਾਰੀ, ਜਿਸਨੇ ਸ਼ਾਮ ਚੌਰਾਸੀ ਦੇ ਘਰਾਣੀ-ਗਵੱਈਆਂ, ਮੁਸਲਿਮ ਜਗੀਰਦਾਰਾਂ ਅਤੇ ਹਿੰਦੂ ਸ਼ਾਹੂਕਾਰਾਂ ਦੀਆਂ ਧੜਵੈਲ ਇਮਾਰਤਾਂ ਨੂੰ ਝੂੰਧਿਆ ਦਿੱਤਾ। ਬੇਹਤਰੀਨ ਸਹੂਲਤਾਂ ਨਾਲ ਲਬਰੇਜ਼ ਇਸ ਸੁਨੱਖੜੀ ਕੋਠੀ ਉੱਤੇ ਬੱਬਰਾਂ ਦੀ ਭਾਲ ‘ਚ ਹਰਲ-ਹਰਲ ਫਿਰਦੇ ਗੋਰੇ ਅਹਿਲਕਾਰਾਂ ਦੀ ਅਜਿਹੀ ਅੱਖ ਟਿਕੀ ਕਿ 1925 ਦੀ ਪ੍ਰਥਮ ਬੱਬਰ ਅਕਾਲੀ ਲਹਿਰ ਤੋਂ ਲੈ ਕੇ ਤੌੜ 1941, ਯੁੱਗ ਪਲਟਾਓ ਦਲ ਦੀ ਢਲਦੀ ਸ਼ਾਮ ਤੀਕ, ਹਥਿਆਰਬੰਦ ਪਲਟੂਨਾਂ ਨੇ ਇਸਦਾ ਕਬਜ਼ਾ ਨਾ ਛੱਡਿਆ। ਬੱਬਰ ਅਕਾਲੀ ਲਹਿਰ ਦੀ ਸੂਹੀ ਗਵਾਹੀ ਭਰਦੀ ਇਹ ਕੋਠੀ ਅਜੇ ਵੀ ਹਿੱਕ ਤਾਣੀ ਖੜ੍ਹੀ ਹੈ।
ਇਸ ਖੈੜੇ, ਜਿਸਨੇ ਸੁਤੰਤਰਤਾ ਸੰਗਰਾਮ ‘ਚ ਘੋਰ ਸੰਤਾਪ ਝੱਲਿਆ ਪਰ ਡਗਮਗਾਇਆ ਨਹੀਂ, ਦੇ ਇਹ ਸਪੂਤ ਬੜੇ ਸਿਰਲੱਥ ਸਿੱਧ ਹੋਏ: ਜਿੱਥੇ ਬੱਬਰ ਪਿਆਰਾ ਸਿੰਘ-ਭੋਲਾ ਸਿੰਘ-ਧਰਮ ਸਿੰਘ ਨੇ ਘਰ-ਘਾਟ ਜ਼ਬਤ/ਬਾ-ਮੁਸ਼ੱਕਤ ਕੈਦਾਂ ਭੁਗਤੀਆਂ, ਉਥੇ ਬੱਬਰ ਜੀਵੇ ਘੁਮਿਹਾਰ ਦੀ ਕੁਰਬਾਨੀ ਬੜੀ ਹੈਰਤਅੰਗੇਜ਼ ਹੈ। ਕੀ ਤੁਹਾਨੂੰ ਪਤੈ ਕਿ ਬੱਬਰ ਦਲੀਪ ਸਿੰਘ ਉਰਫ ਦਲੀਪਾ ਭੁਝੰਗੀ ਮਹਿਜ਼ 18 ਸਾਲਾਂ ਦੀ ਗਭਰੇਟ ਉਮਰੇ ਫਾਂਸੀ ਚੜ੍ਹਿਆ ਸੀ ਅਤੇ ਬੰਤਾ ਸਿੰਘ ਨੇ 25ਵੇਂ ਵਰ੍ਹੇ ਸ਼ਹੀਦੀ ਜਾਮ ਪੀਤਾ ਸੀ। ਇਹੀ ਨਹੀਂ; ਜਿੱਥੇ ਬਾਬੂ ਦਲੀਪ ਸਿੰਘ ਕੈਦ-ਤਨਹਾਈ ਦੌਰਾਨ ਫੌਤ ਹੋਇਆ ਸੀ, ਉੱਥੇ ਇਸੇ ਪਿੰਡ ਦਾ ਯੁੱਗ ਪਲਟਾਊਆ ਮਾਸਟਰ ਉਜਾਗਰ ਸਿੰਘ ਇੱਕ ਸ਼ੱਕੀ ਮੁਕਾਬਲੇ ਵਿੱਚ ਆਹਲਾ ਵਤਨ ਲਈ ਕੁਰਬਾਨ ਹੋ ਗਿਆ ਸੀ। ਮੁੱਕਦੀ ਗੱਲ, ਕੀ ਸਾਨੂੰ ਖਾਸ ਕਰ ਹਾਕਮ ਜਮਾਤਾਂ ਨੂੰ, ਕਦੇ ਬੱਬਰ ਤਵਾਰੀਖ ‘ਚ ‘ਬੱਬਰਾਂ ਦਾ ਬੁੰਗਾਂ’ ਵਜੋਂ ਚਰਚਤਿ, ਇਸ ਨਗਰ ਦੀ ਜੰਗ-ਏ-ਆਜ਼ਾਦੀ ਵਿੱਚ ਪਾਏ ਯੋਗਦਾਨ ਦੀ ਯਾਦ ਆਈ ਹੈ? ਨਿਰਸੰਦੇਹ! ਨਹੀਂ।

Leave a Reply

Your email address will not be published. Required fields are marked *