*ਨੋਬਲ ਇਨਾਮ ਜੇਤੂ ਮੁਹੰਮਦ ਯੂਨਸ ਬਣੇ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁਖੀ
*ਵਿਦਿਆਰਥੀ ਆਗੂਆਂ ਨਾਲ ਕਰਨਗੇ ਭਾਈਵਾਲੀ
ਜੇ.ਐਸ. ਮਾਂਗਟ
ਭਾਰਤ ਦੇ ਗੁਆਂਢੀ ਦੇਸ ਬੰਗਲਾਦੇਸ਼ ਵਿੱਚ ਜੁਲਾਈ ਮਹੀਨੇ ਤੋਂ ਚੱਲ ਰਹੀ ਵਿਦਿਆਰਥੀਆਂ ਦੀ ਵਿਰੋਧ ਲਹਿਰ ਨੇ ਪ੍ਰਧਾਨ ਮੰਤਰੀ (ਹੁਣ ਸਾਬਕਾ) ਸ਼ੇਖ ਹਸੀਨਾ ਦਾ ਤਖਤਾ ਪਲਟ ਦਿੱਤਾ ਹੈ। ਵੱਡੇ ਵਿਰੋਧ ਪ੍ਰਦਰਸ਼ਨ ਅਤੇ ਇਸ ਕਾਰਨ ਕਾਫੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ ਨੇ ਅਖੀਰ ਦੇਸ ਦੇ ਬਾਨੀ ਸ਼ੇਖ ਮੁਜ਼ਬੀ-ਉਰ-ਰਹਿਮਾਨ ਦੀ ਬੇਟੀ ਸ਼ੇਖ ਹਸੀਨਾ ਨੂੰ ਅਚਾਨਕ ਪ੍ਰਧਾਨ ਮੰਤਰੀ ਦਾ ਅਹੁਦਾ ਤਿਆਗਣ ਲਈ ਮਜਬੂਰ ਕਰ ਦਿੱਤਾ।
ਉਹ ਸੈਨਾ ਦੇ ਜਹਾਜ ਰਾਹੀਂ ਭਾਰਤ ਪਹੁੰਚੀ ਅਤੇ ਇੱਥੇ ਕਿਤੇ ਅਣਦੱਸੀ ਥਾਂ ‘ਤੇ ਰਹਿ ਰਹੀ ਹੈ। ਹਸੀਨਾ ਵੱਲੋਂ ਆਪਣੀ ਇੱਕ ਭੈਣ ਸ਼ੇਖ ਰਿਹਾਨਾ ਸਮੇਤ ਇੰਗਲੈਂਡ ਵਿੱਚ ਰਾਜਨੀਤਿਕ ਸ਼ਰਨ ਲੈਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਬੇਟਾ ਇੰਗਲੈਂਡ ਵਿੱਚ ਰਹਿ ਰਿਹਾ ਹੈ। ਇੰਜ ਬੰਗਲਾਦੇਸ਼ ਵਿੱਚ ਹਸੀਨਾ ਦੀ ਪਾਰਟੀ ਅਵਾਮੀ ਲੀਗ ਦਾ ਸਾਸ਼ਨ ਖਤਮ ਹੋ ਗਿਆ ਹੈ ਅਤੇ ਉਸ ਦੀ ਥਾਂ ‘ਤੇ ਸਾਂਤੀ ਲਈ ਨੋਬਲ ਇਨਾਮ ਜੇਤੂ ਮੁਹੰਮਦ ਯੂਨਸ ਨੇ ਅੰਤ੍ਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕ ਲਈ ਹੈ।
ਬੰਗਲਾਦੇਸ਼ ਵਿੱਚ ਮਾਈਕਰੋ ਲੋਨ ਦੇਣ ਲਈ ਮਸ਼ਹੂਰ ਹੋਏ ਮੁਹੰਮਦ ਯੂਨਸ ਫਰਾਂਸ ਵਿੱਚ ਰਹਿ ਰਹੇ ਸਨ ਅਤੇ ਹਾਲ ਹੀ ਵਿੱਚ ਪਰਤੇ ਹਨ। ਪੱਛਮ ਵਾਲੇ ਉਸ ਨੂੰ ਮਾਈਕਰੋ ਫਾਈਨੈਂਸ (ਛੋਟੇ ਛੋਟੇ ਕਰਜ਼ੇ) ਰਾਹੀ ਗਰੀਬੀ ਖਤਮ ਕਰਨ ਵਾਲਾ ਮਸੀਹਾ ਸਮਝਦੇ ਹਨ। ਹਸੀਨਾ ਸਰਕਾਰ ਨੇ ਉਨ੍ਹਾਂ ਦੇ ਖਿਲਾਫ ਵੀ ਕੁਝ ਆਰਥਕ ਬੇਨਿਯਮੀਆਂ ਦੇ ਦੋਸ਼ ਆਇਦ ਕੀਤੇ ਸਨ। ਸ਼ੇਖ ਹਸੀਨਾ ਵਿਰੁਧ ਸੰਘਰਸ਼ ਲੜ ਰਹੇ ਵਿਦਿਆਰਥੀ ਆਗੂਆਂ ਨੇ ਬੀਤੇ ਦਿਨੀਂ ਮੁਹੰਮਦ ਯੂਨਸ ਨੂੰ ਸਰਕਾਰ ਦਾ ਮੁਖੀ ਬਣਾਏ ਜਾਣ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਬੰਗਲਾਦੇਸ਼ ਦੀ ਫੌਜ ਅਤੇ ਰਾਸ਼ਟਰਪਤੀ ਦੀ ਸਹਿਮਤੀ ਨਾਲ ਮੁਹੰਮਦ ਯੂਨਸ ਨੂੰ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਚੋਣਾਂ ਕਰਵਾਏ ਜਾਣ ਤੱਕ ਸਰਕਾਰ ਦੇ ਮੁਖੀ ਰਹਿਣਗੇ।
ਯਾਦ ਰਹੇ, ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਵਿਰੁਧ ਚੱਲ ਰਹੀ ਵਿਦਿਆਰਥੀਆਂ ਦੀ ਪ੍ਰਤੀਰੋਧ ਲਹਿਰ ਬੀਤੀ 5 ਅਗਸਤ ਨੂੰ ਆਖਿਰ ਉਨ੍ਹਾਂ ਦੇ ਘਰ ਤੱਕ ਪਹੁੰਚ ਗਈ ਸੀ। ਭੀੜ ਬੰਗਲਾਦੇਸ਼ ਦੀ ਪਾਰਲੀਮੈਂਟ ਵਿੱਚ ਵੀ ਦਾਖਲ ਹੋ ਗਈ। ਅੰਦੋਲਨਕਾਰੀ ਹਸੀਨਾ ਦੇ ਸਰਕਾਰੀ ਘਰ ਵਿੱਚੋਂ ਕੁਝ ਨਿੱਜੀ ਵਸਤਾਂ ਵੀ ਚੁੱਕ ਕੇ ਲੈ ਗਏ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬੰਗਲਾਦੇਸ਼ੀ ਫੌਜ ਨੇ ਅੰਦੋਲਨਕਾਰੀ ਨੌਜਵਾਨਾਂ ‘ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਪਿੱਛੋਂ ਥਲ ਸੈਨਾ ਦੇ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਸੱਤਾ ਸੰਭਾਲਣ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਸਾਂਤੀ ਬਹਾਲ ਕਰਨ ਵਿੱਚ ਮੱਦਦ ਕਰਨ ਦੀ ਅਪੀਲ ਕੀਤੀ। ਫੌਜ ਦੇ ਮੁਖੀ ਨੇ ਇਹ ਵੀ ਕਿਹਾ ਸੀ ਕਿ ਹਾਲਾਤ ਆਮ ਵਾਂਗ ਹੋਣ ‘ਤੇ ਜਲਦੀ ਹੀ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਸੱਤਾ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਸੌਂਪ ਦਿੱਤੀ ਜਾਵੇਗੀ।
ਬੰਗਲਾਦੇਸ਼ੀ ਥਲ ਸੈਨਾ ਦੇ ਮੁਖੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਦਬਾਅ ਅਧੀਨ ਸ਼ੇਖ ਹਸੀਨਾ ਨੂੰ ਗੱਦੀ ਤਿਆਗਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੇਖ ਹਸੀਨਾ ਗੱਦੀ ਛੱਡਣ ਲਈ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਫੌਜ ਪ੍ਰਦਰਸ਼ਨਕਾਰੀਆਂ ਵਿਰੁਧ ਸਖਤੀ ਨਾਲ ਨਿਪਟੇ; ਪਰ ਬਾਅਦ ਵਿੱਚ ਫੌਜ ਦੇ ਮੁਖੀ ਵੱਲੋਂ ਹਸੀਨਾ ਦੇ ਬੇਟੇ ਦੀ ਸਾਲਸੀ ਰਾਹੀਂ ਉਨ੍ਹਾਂ ਨੂੰ ਮਨਾ ਲਿਆ ਗਿਆ ਅਤੇ ਬੰਗਲਾਦੇਸ਼ ਦੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਭਾਰਤ ਭੇਜ ਦਿੱਤਾ ਗਿਆ। 5 ਅਗਸਤ ਨੂੰ ਦੁਪਹਿਰੇ ਡੇਢ ਵਜੇ ਸ਼ੇਖ ਹਸੀਨਾ ਹਵਾਈ ਜਹਾਜ ਰਾਹੀਂ ਦਿੱਲੀ ਨੇੜੇ ਸਥਿਤ ਗਾਜ਼ੀਆਬਦ ਹਿੰਡਨ ਹਵਾਈ ਅੱਡੇ ‘ਤੇ ਪੁੱਜੀ ਤਾਂ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਜੀਤ ਡੋਵਾਲ ਹਵਾਈ ਅੱਡੇ ‘ਤੇ ਮੌਜੂਦ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ‘ਤੇ ਭੇਜ ਦਿੱਤਾ ਗਿਆ। ਉਨ੍ਹਾਂ ਦੀ ਇੱਕ ਧੀ ਦਿੱਲੀ ਰਹਿ ਰਹੀ ਹੈ ਅਤੇ ਡਬਲਿਊ.ਐਚ.ਓ. ਲਈ ਖੇਤਰੀ ਡਾਇਰੈਕਟਰ ਵਜੋਂ ਕੰਮ ਕਰਦੀ ਹੈ। ਹਸੀਨਾ ਦੇ ਗੱਦੀ ਛੱਡਣ ਤੋਂ ਇਕਦਮ ਬਾਅਦ ਬੰਗਲਾਦੇਸ਼ ਨੈਸ਼ਨੇਲਿਸਟ ਪਾਰਟੀ ਦੀ ਆਗੂ ਖਾਲਿਦਾ ਜ਼ਿਆ ਨੂੰ ਬੰਗਲਾਦੇਸ਼ ਦੇ ਰਾਸ਼ਟਰਪਤੀ ਸ਼ਹਾਬੂਦੀਨ ਵੱਲੋਂ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਹਸੀਨਾ ਦੇ ਪੁੱਤਰ ਸਾਜੀਬ ਵਾਜਿਦ ਜੋਏ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਪਇਵਾਰ ਦੇ ਜ਼ੋਰ ਪਾਉਣ `ਤੇ ਬੰਗਲਾਦੇਸ਼ ਛੱਡ ਦਿੱਤਾ ਹੈ।
ਯਾਦ ਰਹੇ, ਇਸ ਸਾਲ ਜਨਵਰੀ ਵਿੱਚ ਬੰਗਲਾਦੇਸ਼ ਵਿੱਚ ਚੋਣਾਂ ਹੋਈਆਂ ਸਨ। ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲ ਪਾਰਟੀ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ। ਇਸ ਦੌਰਾਨ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਇਸ ਤਰ੍ਹਾਂ ਉਹ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਵਿੱਚ ਕਾਮਯਾਬ ਹੋ ਗਈ ਸੀ। ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ ਇੱਕ ਫਰਾਡ ਕਰਾਰ ਦਿੱਤਾ ਗਿਆ। ਪਿਛੋਂ ਜੁਲਾਈ ਮਹੀਨੇ ਵਿੱਚ ਵਿਦਿਆਰਥੀਆਂ ਨੇ ਅਵਾਮੀ ਲੀਗ ਵੱਲੋਂ 1971 ਵਿੱਚ ਦੇਸ਼ ਦੀ ਕਾਇਮੀ ਲਈ ਜੰਗ ਲੜਨ ਵਾਲੇ ਪਰਿਵਾਰਾਂ ਨਾਲ ਸੰਬੰਧਤ ਵਿਦਿਆਰਥੀਆਂ ਲਈ 30 ਫੀਸਦੀ ਨੌਕਰੀਆਂ ਰਾਖਵੀਆਂ ਕਰਨ ਵਿਰੁਧ ਅੰਦੋਲਨ ਛੇੜ ਦਿੱਤਾ ਗਿਆ। ਆਰਥਕ ਮੰਦੇ ਵਾਲੇ ਹਾਲਾਤ ਦੇ ਦਰਮਿਆਨ ਇਹ ਅੰਦੋਲਨ ਸਾਰੇ ਦੇਸ਼ ਵਿੱਚ ਫੈਲ ਗਿਆ ਅਤੇ ਹਾਲ ਹੀ ਵਿੱਚ ਵਿਰੋਧੀ ਧਿਰਾਂ ਅੰਦੋਲਨ ਦੀ ਹਮਾਇਤ ਵਿੱਚ ਆ ਗਈਆਂ। ਇੰਜ ਨੌਕਰੀਆਂ ਦੇ ਕੋਟੇ ਵਿਰੁਧ ਆਰੰਭ ਹੋਇਆ ਅੰਦੋਲਨ ‘ਹਸੀਨਾ ਗੱਦੀ ਛੱਡੋ’ ਦੇ ਨਾਹਰੇ ਤੱਕ ਪਹੁੰਚ ਗਿਆ। ਵਿਦਿਆਰਥੀ ਅੰਦੋਲਨ ਕਾਰਨ ਹੁਣ ਤੱਕ 300 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 11000 ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਕੱਲੇ ਪੰਜ ਅਗਸਤ ਨੂੰ ਹੀ ਪੁਲਿਸ ਅਤੇ ਅੰਦੋਲਨਕਾਰੀਆਂ ਦਰਮਿਆਨ ਹੋਈਆਂ ਝੜਪਾਂ ਵਿੱਚ 15 ਪੁਲਿਸ ਮੁਲਾਜ਼ਮਾਂ ਸਮੇਤ 100 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਇੱਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਸ਼ੇਖ ਹਸੀਨਾ ਨੇ ਇੱਕ ਤਾਨਾਸ਼ਾਹ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਨਵਰੀ ਵਿੱਚ ਹੋਈਆਂ ਇਕਤਰਫਾ ਚੋਣਾਂ ਵਿੱਚ ਸਿਰਫ 40 ਫੀਸਦੀ ਵੋਟਾਂ ਪਈਆਂ। ਉਸ ਨੇ ਹਰ ਵਿਰੋਧੀ ਵਿਅਕਤੀ ਜਾਂ ਪਾਰਟੀ ਉੱਪਰ ਅਤਿਵਾਦੀ ਜਾਂ ਦੇਸ਼ ਧਰੋਹੀ ਹੋਣ ਦਾ ਲੇਬਲ ਲਗਾਉਣਾ ਸ਼ੁਰੂ ਕਰ ਦਿੱਤਾ। ਹਸੀਨਾ ਦੇ ਸਾਸ਼ਨ ਕਾਲ ਵਿੱਚ ਬੰਗਲਾਦੇਸ਼ ਵਿੱਚ ਸਰਕਾਰ ਵਿਰੋਧੀ ਸਿਆਸੀ ਕਾਰਕੁੰਨਾਂ ‘ਤੇ ਤਸ਼ੱਦਦ, ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਲਾਪਤਾ ਕਰਨ ਵਰਗੀਆਂ ਘਟਨਾਵਾਂ ਆਮ ਹੋ ਗਈਆਂ ਸਨ। ਸਰਕਾਰ ਵਿਰੋਧੀ ਮੀਡੀਆ ਦੀ ਆਵਾਜ਼ ਨੂੰ ਵੀ ਜ਼ੋਰ ਨਾਲ ਦਬਾਉਣ ਦਾ ਯਤਨ ਕੀਤਾ ਗਿਆ। ਇਸ ਸਾਰੇ ਕੁਝ ਦਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਵਿਰੋਧ ਵੀ ਕੀਤਾ ਗਿਆ। 2021 ਵਿੱਚ ਬੰਗਲਾਦੇਸ਼ ਦੇ ਇੱਕ ਵਿਸ਼ੇਸ਼ ਸੁਰੱਖਿਆ ਦਸਤੇ ਦੇ ਮੈਂਬਰਾਂ ਅਤੇ ਅਫਸਰਾਂ ‘ਤੇ ਅਮਰੀਕਾ ਵੱਲੋਂ ਪਾਬੰਦੀਆਂ ਵੀ ਲਗਾਈਆਂ ਗਈਆਂ ਸਨ।
ਜਦੋਂ ਤੱਕ ਪੁਲਿਸ ਨੇ ਪ੍ਰਦਸ਼ਨਕਾਰੀਆਂ ਨੇ ਹਮਲਾ ਨਹੀਂ ਕੀਤਾ, ਇਹ ਪ੍ਰਦਰਸ਼ਨ ਸ਼ਾਂਤਮਈ ਰਹੇ। ਪੁਲਿਸ ਦੇ ਤਸ਼ੱਦਦ ਤੋਂ ਬਾਅਦ ਅੰਦੋਲਨਕਾਰੀ ਵੀ ਹਿੰਸਕ ਹੋਣ ਲੱਗੇ ਅਤੇ ਅਖ਼ੀਰ ਹਸੀਨਾਂ ਨੂੰ ਗੱਦੀ ਛੱਡਣੀ ਪਈ। ਕਿਹਾ ਜਾ ਰਿਹਾ ਹੈ ਕਿ ਅਫਰਾ-ਤਫਰੀ ਦਾ ਫਾਇਦਾ ਉਠਾ ਕੇ ਪਿਛਲੇ ਕੁਝ ਸਮੇਂ ਵਿੱਚ ਇਸਲਾਮੀ ਸਾਸ਼ਨ ਤੰਤਰ ਅਤੇ ਜਮਾਤ-ਏ-ਇਸਲਾਮੀ ਵਰਗੇ ਕੱਟੜਪੰਥੀ ਵੀ ਇਸ ਅੰਦੋਲਨ ਵਿੱਚ ਘੁਸਪੈਠ ਕਰ ਗਏ ਸਨ; ਪਰ ਵਿਦਿਆਰਥੀ ਆਗੂਆਂ ਨੇ ਆਪਣੀ ਲਹਿਰ ਨੂੰ ਧਰਮ ਨਿਰਲੇਪ ਲੀਹਾਂ ‘ਤੇ ਚਲਾਉਣ ਦਾ ਯਤਨ ਜਾਰੀ ਰੱਖਿਆ। ਇਸ ਦਰਮਿਆਨ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟਗਿਣਤੀ ਵਰਗਾਂ ‘ਤੇ ਭੀੜ ਵੱਲੋਂ ਹਮਲਿਆਂ ਦੀ ਖ਼ਬਰਾਂ ਵੀ ਆਉਣ ਲੱਗੀਆਂ, ਪਰ ਫੌਜ ਅਤੇ ਵਿਦਿਆਰਥੀ ਆਗੂਆਂ ਨੇ ਸਿਆਣਪ ਨਾਲ ਇਸ ਨੂੰ ਹੱਲ ਕਰ ਲਿਆ।
ਸ਼ੇਖ ਹਸੀਨਾ 1996 ਤੋਂ ਬਾਅਦ ਲਗਾਤਾਰ ਸੱਤਾ ਵਿੱਚ ਰਹੀ। ਇਸ ਵਾਰ ਜਨਵਰੀ ਮਹੀਨੇ ਦੀਆਂ ਚੋਣਾਂ ਵਿੱਚ ਉਹ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੀ ਸੀ। ਰਾਜਨੀਤਿਕ ਵਿਸ਼ਲੇਸ਼ਣਕਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੰਗਲਾਦੇਸ਼ ਵਿੱਚ ਰਾਜਪਲਟੇ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਸਾਜ਼ਿਸ਼ ਵੀ ਹੋ ਸਕਦੀ ਹੈ। ਕੁਝ ਸਾਲ ਪਹਿਲਾਂ ਹਸੀਨਾ ਸਰਕਾਰ ਚੀਨ ਵੱਲ ਝੁਕੀ ਰਹੀ। ਚੀਨੀ ਕੰਪਨੀਆਂ ਨੇ ਬੰਗਲਾਦੇਸ਼ ਵਿੱਚ ਸੜਕਾਂ ਸਮੇਤ ਹੋਰ ਆਧਾਰ ਢਾਂਚਾ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਮਰੀਕਾ ਦੇ ਵਿਰੋਧ ਦੇ ਮੱਦੇਨਜ਼ਰ ਸ਼ੇਖ ਹਸੀਨਾ ਨੇ ਆਪਣੇ ਆਪ ਨੂੰ ਸੰਤੁਲਿਤ ਕਰਨ ਦਾ ਯਤਨ ਕੀਤਾ, ਅਜਿਹਾ ਕਰਦਿਆਂ ਉਹ ਭਾਰਤ ਦੇ ਨੇੜੇ ਆ ਗਈ। ਭਾਰਤ ਵੱਲੋਂ ਲਗਾਤਾਰ ਹਸੀਨਾ ਸਾਸ਼ਨ ਦੀ ਮੱਦਦ ਕੀਤੀ ਜਾ ਰਹੀ ਸੀ। ਕੇਂਦਰ ਸਰਕਾਰ ਨੇ ਗੁਆਂਢੀ ਦੇਸ਼ ਵਿੱਚ ਗੜਬੜ-ਚੌਥ ਦੇ ਮੱਦੇਨਜ਼ਰ ਭਾਰਤ ਨਾਲ ਲਗਦੀ ਬੰਗਲਾਦੇਸ਼ ਦੀ ਸਰਹੱਦ ਉੱਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਾਸਤੇ ਤਾਇਨਾਤ ਕਰ ਦਿੱਤੇ ਹਨ। ਭਾਰਤ ਬੰਗਲਾਦੇਸ਼ ਵਿੱਚ ਬਣ-ਤਣ ਰਹੀ ਸਥਿਤੀ ‘ਤੇ ਨੇੜਿਉਂ ਨਿਗਾਹ ਰੱਖ ਰਿਹਾ ਹੈ ਅਤੇ ਨਵੀਂ ਸਰਕਾਰ ਨਾਲ ਰਾਬਤਾ ਬਣਾਉਣ ਦੇ ਯਤਨ ਵਿੱਚ ਹੈ। ਇਹ ਖਦਸ਼ੇ ਵੀ ਹਨ ਕਿ ਇਸ ਅਫਰਾਤਫਰੀ ਵਿੱਚ ਇਸਲਾਮਿਕ ਕੱਟੜਪੰਥੀ ਸੱਤਾ ‘ਤੇ ਕਾਬਜ਼ ਹੋ ਸਕਦੇ ਹਨ।
———————————
ਸ਼ੇਖ ਹਸੀਨਾ ਬਨਾਮ ਖਾਲਿਦਾ ਜ਼ਿਆ
ਸ਼ੇਖ ਹਸੀਨਾ ਅਤੇ ਖਾਲਿਦਾ ਜ਼ਿਆ ਦਾ 1991 ਤੋਂ ਦੇਸ਼ `ਤੇ ਦਬਦਬਾ ਬਣਿਆ ਰਿਹਾ ਹੈ। ਸ਼ੇਖ ਹਸੀਨਾ ਨੇ ਆਪਣੇ ਪਿਤਾ, ਰਾਜ ਦੇ ਸੰਸਥਾਪਕ ਮੁਜੀਬੁਰ ਰਹਿਮਾਨ ਦੀ ਅਵਾਮੀ ਲੀਗ ਦੀ ਅਗਵਾਈ ਕੀਤੀ, ਜਿਸ ਦਾ 1975 ਵਿੱਚ ਕਤਲ ਕਰ ਦਿੱਤਾ ਗਿਆ ਸੀ। ਖਾਲਿਦਾ ਨੇ 1981 ਵਿੱਚ ਮਾਰੇ ਗਏ ਆਪਣੇ ਪਤੀ ਜ਼ਿਆਉਰ ਰਹਿਮਾਨ ਤੋਂ ਬੀ.ਐਨ.ਪੀ. ਦੀ ਕਮਾਨ ਸੰਭਾਲੀ ਸੀ। ਦੋਹਾਂ ਦਾ ਝਗੜਾ, ਜਿਸ ਨੂੰ ‘ਬੇਗਮਾਂ ਦੀ ਲੜਾਈ’ ਵਜੋਂ ਜਾਣਿਆ ਜਾਂਦਾ ਹੈ, ਦਹਾਕਿਆਂ ਤੋਂ ਬੰਗਲਾਦੇਸ਼ੀ ਰਾਜਨੀਤੀ ਵਿੱਚ ਫੈਲਿਆ ਰਿਹਾ ਹੈ। ਸਾਲ 2009 ਵਿੱਚ ਹਸੀਨਾ ਦੇ ਜਿੱਤਣ ਤੋਂ ਬਾਅਦ ਖਾਲਿਦਾ ਨੂੰ ਕਈ ਅਪਰਾਧਿਕ ਦੋਸ਼ਾਂ ਅਤੇ ਜੇਲ੍ਹ ਦਾ ਸਾਹਮਣਾ ਕਰਨਾ ਪਿਆ। ਉਹ ਜਨਤਕ ਜੀਵਨ ਤੋਂ ਪਿੱਛੇ ਹਟ ਗਈ ਅਤੇ ਆਪਣੇ ਜਲਾਵਤਨ ਵੱਡੇ ਪੁੱਤਰ ਨੂੰ ਆਪਣੀ ਰਾਜਨੀਤਿਕ ਲਹਿਰ ਦੇ ਕਾਰਜਕਾਰੀ ਨੇਤਾ ਵਜੋਂ ਇੰਚਾਰਜ ਛੱਡ ਦਿੱਤਾ। ਖਾਲਿਦਾ ਨੂੰ, 1981 ਵਿੱਚ ਇੱਕ ਫੌਜੀ ਤਖਤਾਪਲਟ ਦੀ ਕੋਸ਼ਿਸ਼ ਵਿੱਚ ਉਸ ਦੇ ਪਤੀ ਦੇ ਕਤਲ ਤੋਂ ਪਹਿਲਾਂ ਵਿਆਪਕ ਤੌਰ `ਤੇ ਇੱਕ ਸ਼ਰਮੀਲੀ ਪਤਨੀ ਅਤੇ ਸਮਰਪਿਤ ਮਾਂ ਵਜੋਂ ਦੇਖਿਆ ਜਾਂਦਾ ਸੀ।
ਰਾਜਨੀਤੀ ਵਿੱਚ ਸਰਗਰਮ ਹੋਣ ਨਾਲ ਉਹ ਤਿੰਨ ਸਾਲ ਬਾਅਦ ਆਪਣੇ ਪਤੀ ਦੀ ਰੂੜੀਵਾਦੀ ਬੀ.ਐਨ.ਪੀ. ਦੀ ਮੁਖੀ ਬਣ ਗਈ ਅਤੇ ‘ਬੰਗਲਾਦੇਸ਼ ਨੂੰ ਗਰੀਬੀ ਅਤੇ ਆਰਥਿਕ ਪਛੜੇਪਣ ਤੋਂ ਆਜ਼ਾਦ’ ਕਰਨ ਦੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦੀ ਸਹੁੰ ਖਾਧੀ। ਉਸਨੇ ਅਤੇ ਹਸੀਨਾ ਨੇ ਜਮਹੂਰੀਅਤ ਲਈ ਇੱਕ ਪ੍ਰਸਿੱਧ ਵਿਦਰੋਹ ਦੀ ਅਗਵਾਈ ਕਰਨ ਲਈ ਹੱਥ ਮਿਲਾਇਆ ਸੀ, ਜਿਸਨੇ 1990 ਵਿੱਚ ਫੌਜੀ ਸ਼ਾਸਕ ਹੁਸੈਨ ਮੁਹੰਮਦ ਇਰਸ਼ਾਦ ਨੂੰ ਸੱਤਾ ਤੋਂ ਹਟਾ ਦਿੱਤਾ; ਪਰ ਸਿਆਸੀ ਦੁਸ਼ਮਣੀ ਨੇ ਰਿਸ਼ਤੇ ਨੂੰ ਵਿਗਾੜ ਦਿੱਤਾ ਸੀ, ਉਦੋਂ ਤੋਂ ਹੀ ਦੋਹਾਂ ਵਿਚਕਾਰ ਝਗੜਾ ਵਧ ਗਿਆ।
1991 ਵਿੱਚ ਬੰਗਲਾਦੇਸ਼ ਵਿੱਚ ਪਹਿਲੀ ਸੁਤੰਤਰ ਚੋਣ ਦੇ ਰੂਪ ਵਿੱਚ ਸ਼ਲਾਘਾ ਕੀਤੀ ਗਈ ਸੀ। ਖਾਲਿਦਾ ਨੇ ਇਸਲਾਮਿਕ ਸਿਆਸੀ ਸਹਿਯੋਗੀਆਂ ਦਾ ਸਮਰਥਨ ਹਾਸਲ ਕਰਕੇ ਹਸੀਨਾ `ਤੇ ਹੈਰਾਨੀਜਨਕ ਜਿੱਤ ਹਾਸਲ ਕੀਤੀ। ਅਜਿਹਾ ਕਰਨ ਨਾਲ ਉਹ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਸੀ; ਪਾਕਿਸਤਾਨ ਦੀ ਬੇਨਜ਼ੀਰ ਭੁੱਟੋ ਤੋਂ ਬਾਅਦ ਮੁੱਖ ਤੌਰ `ਤੇ ਮੁਸਲਿਮ ਦੇਸ ਦੀ ਲੋਕਤੰਤਰੀ ਸਰਕਾਰ ਦੀ ਅਗਵਾਈ ਕਰਨ ਵਾਲੀ ਦੂਜੀ ਔਰਤ ਹੈ। ਉਸਨੇ ਰਾਸ਼ਟਰਪਤੀ ਪ੍ਰਣਾਲੀ ਦੀ ਥਾਂ ਇੱਕ ਸੰਸਦੀ ਰੂਪ ਦੀ ਸਰਕਾਰ ਚਲਾਈ, ਤਾਂ ਜੋ ਸ਼ਕਤੀ ਪ੍ਰਧਾਨ ਮੰਤਰੀ ਕੋਲ ਰਹੇ; ਵਿਦੇਸ਼ੀ ਨਿਵੇਸ਼ `ਤੇ ਪਾਬੰਦੀਆਂ ਹਟਾ ਦਿੱਤੀਆਂ ਅਤੇ ਪ੍ਰਾਇਮਰੀ ਸਿੱਖਿਆ ਨੂੰ ਲਾਜ਼ਮੀ ਅਤੇ ਮੁਫਤ ਬਣਾਇਆ।
ਉਹ 1996 ਦੀਆਂ ਚੋਣਾਂ ਵਿੱਚ ਹਸੀਨਾ ਤੋਂ ਹਾਰ ਗਈ, ਫਿਰ ਪੰਜ ਸਾਲ ਬਾਅਦ ਇੱਕ ਹੋਰ ਚੋਣ ਵਿੱਚ ਸੱਤਾ ਵਿੱਚ ਵਾਪਸ ਆਈ। ਉਸ ਦਾ ਦੂਜਾ ਕਾਰਜਕਾਲ ਇਸਲਾਮੀ ਖਾੜਕੂਆਂ ਦੇ ਉਭਾਰ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਪ੍ਰਭਾਵਿਤ ਹੋਇਆ ਸੀ। 2004 ਵਿੱਚ ਹਸੀਨਾ ਜਿਸ ਰੈਲੀ ਨੂੰ ਸੰਬੋਧਿਤ ਕਰ ਰਹੀ ਸੀ, ਉਸ ਉੱਤੇ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ। ਹਸੀਨਾ ਬਚ ਗਈ, ਪਰ 20 ਤੋਂ ਵੱਧ ਲੋਕ ਮਾਰੇ ਗਏ ਅਤੇ 500 ਤੋਂ ਵੱਧ ਜ਼ਖਮੀ ਹੋ ਗਏ ਸਨ। ਖਾਲਿਦਾ ਦੀ ਸਰਕਾਰ ਅਤੇ ਇਸਦੇ ਇਸਲਾਮੀ ਸਹਿਯੋਗੀਆਂ ਨੂੰ ਵਿਆਪਕ ਤੌਰ `ਤੇ ਦੋਸ਼ੀ ਠਹਿਰਾਇਆ ਗਿਆ ਸੀ, ਅਤੇ ਕਈ ਸਾਲਾਂ ਬਾਅਦ ਖਾਲਿਦਾ ਦੇ ਵੱਡੇ ਪੁੱਤਰ ਵਿਰੁੱਧ ਉਸਦੀ ਗੈਰ-ਹਾਜ਼ਰੀ ਵਿੱਚ ਮੁਕੱਦਮਾ ਚਲਾਇਆ ਗਿਆ ਸੀ ਅਤੇ ਹਮਲੇ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬੀ.ਐਨ.ਪੀ. ਨੇ ਦਲੀਲ ਦਿੱਤੀ ਕਿ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਹਾਲਾਂਕਿ ਖਾਲਿਦਾ ਨੇ ਬਾਅਦ ਵਿੱਚ ਇਸਲਾਮੀ ਕੱਟੜਪੰਥੀ ਸਮੂਹਾਂ `ਤੇ ਨਕੇਲ ਕੱਸ ਲਈ। ਪ੍ਰਧਾਨ ਮੰਤਰੀ ਵਜੋਂ ਉਸਦਾ ਦੂਜਾ ਕਾਰਜਕਾਲ 2006 ਵਿੱਚ ਖਤਮ ਹੋਇਆ, ਜਦੋਂ ਇੱਕ ਫੌਜ-ਸਮਰਥਿਤ ਅੰਤ੍ਰਿਮ ਸਰਕਾਰ ਨੇ ਰਾਜਨੀਤਿਕ ਅਸਥਿਰਤਾ ਅਤੇ ਸੜਕੀ ਹਿੰਸਾ ਦੇ ਵਿਚਕਾਰ ਸੱਤਾ ਸੰਭਾਲੀ। ਬੀ.ਐਨ.ਪੀ. ਨੇ 2008 ਦੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਹਸੀਨਾ ਦੇ ਨਾਲ ਖਾਲਿਦਾ ਦਾ ਵਿਵਾਦ ਬੰਗਲਾਦੇਸ਼ੀ ਰਾਜਨੀਤੀ `ਤੇ ਹਾਵੀ ਰਿਹਾ।
ਦੋਹਾਂ ਧਿਰਾਂ ਵਿਚਕਾਰ ਤਣਾਅ ਅਕਸਰ ਹੜਤਾਲਾਂ, ਹਿੰਸਾ ਅਤੇ ਮੌਤਾਂ ਦਾ ਕਾਰਨ ਬਣਦਾ ਰਿਹਾ ਹੈ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਰੁਕਾਵਟ ਪਾਉਂਦਾ ਰਿਹਾ ਹੈ। ਵਿਦੇਸ਼ੀ ਦਾਨ ਵਿੱਚ ਘਪਲੇ ਦੇ ਦੋਸ਼ਾਂ ਤਹਿਤ ਖਾਲਿਦਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ, ਪਰ ਉਸ ਦੀ ਸਿਹਤ ਵਿਗੜਨ ਕਾਰਨ ਮਨੁੱਖੀ ਆਧਾਰ `ਤੇ ਮਾਰਚ 2020 ਵਿੱਚ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।