ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਆਪਣੀ ਨਿਵੇਕਲੀ ਧਾਰਮਿਕ ਪਛਾਣ ਕਾਇਮ ਰੱਖਣ ਹਿਤ ਪੰਜਾਬੀਆਂ ਨੇ ਜਰਮਨੀ ਵਿਖੇ ਪੰਜਾਹ ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬਾਨ ਦਾ ਨਾਂ ‘ਗੁਰਦੁਆਰਾ ਸਿੰਘ ਸਭਾ’ ਹੈ। ਫ਼ਖ਼ਰ ਦੀ ਗੱਲ ਇਹ ਵੀ ਹੈ ਕਿ ਹਰਮਨਜੋਤ ਸਿੰਘ ਨਾਂ ਦਾ ਪੰਜਾਬੀ ਨੌਜਵਾਨ ਜਰਮਨੀ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਮੈਂਬਰ ਹੈ। ਪੇਸ਼ ਹੈ, ਜਰਮਨੀ ਵਿੱਚ ਪੰਜਾਬੀਆਂ ਦੀ ਤਰੱਕੀ ਬਾਰੇ ਇਹ ਲੇਖ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਦੁਨੀਆਂ ਭਰ ਦੇ ਦੇਸ਼ਾਂ ਅੰਦਰ ਜਾ ਕੇ ਆਪਣੀ ਧਾਕ ਜਮਾਉਣ ਵਾਲੇ ਭਾਰਤੀਆਂ, ਖ਼ਾਸ ਕਰ ਪਜਾਬੀਆਂ ਨੇ ਜਰਮਨੀ ’ਚ ਜਾ ਕੇ ਵੀ ਰਾਜਨੀਤੀ, ਖੇਡਾਂ, ਵਿੱਤ ਅਤੇ ਮਨੋਰੰਜਨ ਆਦਿ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਜਰਮਨੀ ਦੀਆਂ ਹੱਦਾਂ ਦੇ ਅੰਦਰ ਪੰਜਾਹ ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਨ ਵਿੱਚ ਸਫ਼ਲ ਹੋ ਜਾਣ ਵਾਲੇ ਪੰਜਾਬੀਆਂ ਦੀ ਆਮਦ ਬਾਰੇ ਸੰਨ 2015 ਵਿੱਚ ਜਰਮਨੀ ਵਿਖੇ ਪ੍ਰਕਾਸ਼ਿਤ ਆਪਣੇ ਇੱਕ ਥੀਸਿਜ਼ ਵਿੱਚ ਈਸ਼ਾ ਕੌਰ ਗਰੋਵਰ ਨਾਮੀਂ ਵਿਦਿਆਰਥਣ ਲਿਖ਼ਦੀ ਹੈ, “ਦੂਜੀ ਸੰਸਾਰ ਜੰਗ ਕਰਕੇ ਅਤੇ ਸੰਨ 1984 ਵਿੱਚ ਪੰਜਾਬ ਅੰਦਰ ਫ਼ੈਲੀ ਸਿਆਸੀ ਗੜਬੜ ਦੇ ਕਾਰਨ ਬਹੁਤ ਸਾਰੇ ਪੰਜਾਬੀ ਲੋਕ ਇੱਥੇ ਕੰਮ ਹਾਸਿਲ ਕਰਨ ਲਈ ਪੁੱਜੇ ਸਨ। ਇੱਥੇ ਆਉਣ ਵਾਲੇ ਪੰਜਾਬੀਆਂ ਵਿੱਚੋਂ ਕੁਝ ਇੱਕ ਨੂੰ ਜਰਮਨੀ ਦੀ ਸਰਕਾਰ ਨੇ ਸ਼ਰਨ ਪ੍ਰਦਾਨ ਕਰ ਦਿੱਤੀ ਸੀ, ਜਦੋਂ ਕਿ ਬਹੁਤ ਸਾਰੇ ਪੰਜਾਬੀ ਆਰਥਿਕ ਪਰਵਾਸੀਆਂ ਵਜੋਂ ਇਸ ਮੁਲਕ ਵਿੱਚ ਪ੍ਰਵੇਸ਼ ਪਾ ਗਏ ਸਨ।” ਈਸ਼ਾ ਕੌਰ ਦੇ ਕਹਿਣ ਅਨੁਸਾਰ ਇੱਥੇ ਆਉਣ ਵਾਲੇ ਪੰਜਾਬੀਆਂ ਨੇ ਅਕਾਦਮਿਕ ਤੇ ਸਿਆਸੀ ਖੇਤਰ ਵਿੱਚ ਤਰੱਕੀ ਕਰਨ ਦੇ ਨਾਲ-ਨਾਲ ਇਥੇ ਹੌਲੀ-ਹੌਲੀ ਆਪਣੇ ਪੈਰ ਜਮਾਅ ਲਏ ਸਨ ਤੇ ਫਿਰ ਕਈ ਪੰਜਾਬੀ ਨੌਜਵਾਨਾਂ ਨੇ ਤਾਂ ਆਪਣੇ ਸਾਰੇ ਪਰਿਵਾਰ ਹੀ ਇੱਥੇ ਸੱਦ ਲਏ ਸਨ; ਕਈਆਂ ਨੇ ਇੱਥੋਂ ਦੀਆਂ ਨਾਗਰਿਕ ਮੁਟਿਆਰਾਂ ਨਾਲ ਵਿਆਹ ਕਰਵਾ ਕੇ ਇੱਥੇ ਹੀ ਆਪਣੇ ਪਰਿਵਾਰ ਕਾਇਮ ਕਰ ਲਏ ਸਨ।
ਸੰਨ 2009 ਵਿੱਚ ਜਰਮਨ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇੱਥੇ 1,10,204 ਦੇ ਕਰੀਬ ਭਾਰਤੀ ਵੱਸਦੇ ਸਨ, ਜਿਨ੍ਹਾਂ ਵਿੱਚੋਂ 43,175 ਭਾਰਤੀਆਂ ਕੋਲ ਭਾਰਤੀ ਪਾਸਪੋਰਟ ਸਨ, ਜਦੋਂ ਕਿ 67,029 ਭਾਰਤੀਆਂ ਕੋਲ ਜਰਮਨ ਪਾਸਪੋਰਟ ਸਨ। ਸੰਨ 2022 ਵਿੱਚ ਹਾਸਿਲ ਹੋਏ ਅੰਕੜੇ ਦੱਸਦੇ ਸਨ ਕਿ ਉਸ ਵੇਲੇ ਜਰਮਨੀ ਵਿੱਚ ਭਾਰਤੀ ਮੂਲ ਦੇ 2,47,000 ਦੇ ਕਰੀਬ ਲੋਕ ਵੱਸਦੇ ਸਨ, ਜਿਨ੍ਹਾਂ ਵਿੱਚੋਂ 1,98,000 ਭਾਰਤੀਆਂ ਦਾ ਪਿਛੋਕੜ ਪਰਵਾਸ ਕਰਕੇ ਇੱਥੇ ਪੁੱਜਣ ਨਾਲ ਜੁੜਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਸਾਲ 2008-09 ਦੌਰਾਨ 3516 ਭਾਰਤੀ ਨੌਜਵਾਨ ਬਤੌਰ ਵਿਦਿਆਰਥੀ ਜਰਮਨੀ ਪੁੱਜੇ ਸਨ, ਜਦੋਂ ਕਿ ਸਾਲ 2013-14 ਵਿੱਚ ਅਜਿਹੇ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਦਸ ਹਜ਼ਾਰ ਤੋਂ ਵੱਧ ਸੀ, ਜੋ ਕਿ ਸਾਲ 2018-19 ਵਿੱਚ ਦੁੱਗਣੀ ਹੋ ਕੇ 20,810 ਹੋਣ ਤੋਂ ਬਾਅਦ ਸਾਲ 2022-23 ਵਿੱਚ 42,997 ਹੋ ਗਈ ਸੀ।
ਜਿੱਥੋਂ ਤੱਕ ਜਰਮਨੀ ਵਿੱਚ ਵੱਸਣ ਵਾਲੇ ਪੰਜਾਬੀਆਂ ਦੀ ਸੰਖਿਆ ਦਾ ਪ੍ਰਸ਼ਨ ਹੈ ਤਾਂ ਪਤਾ ਲੱਗਦਾ ਹੈ ਕਿ ਸੰਨ 2020 ਵਿੱਚ ਇੱਥੇ 25,000 ਤੋਂ ਵੱਧ ਪੰਜਾਬੀ ਲੋਕ ਵੱਸਦੇ ਸਨ, ਜਿਨ੍ਹਾਂ ਦੀਆਂ ਤਿੰਨ ਮੁੱਖ ਸ੍ਰੇਣੀਆਂ ਸਨ ਤੇ ਉਹ ਸਨ: (1) ਪੰਜਾਬ ਤੋਂ ਆ ਕੇ ਵੱਸੇ ਪੰਜਾਬੀ ਲੋਕ, (2) ਅਫ਼ਗਾਨਿਸਤਾਨ ਤੋਂ ਆ ਕੇ ਵੱਸੇ ਪੰਜਾਬੀ ਲੋਕ ਅਤੇ (3) ਆਪਣਾ ਮੂਲ ਧਰਮ ਬਦਲ ਕੇ ਸਿੱਖ ਧਰਮ ਵਿੱਚ ਸ਼ਾਮਿਲ ਹੋਏ ਜਰਮਨੀ ਦੇ ਮੂਲ ਨਿਵਾਸੀ। ਸਰਕਾਰੀ ਅੰਕੜਿਆਂ ਅਨੁਸਾਰ ਯੂਰਪੀ ਦੇਸ਼ਾਂ ਦੀ ਲੜੀ ਵਿੱਚ ਆਬਾਦੀ ਪੱਖੋਂ ਪੰਜਾਬੀਆਂ ਦਾ ਜਰਮਨੀ ਵਿੱਚ ਜਨਸੰਖਿਆ ਪੱਖੋਂ ਪੰਜਵਾਂ ਸਥਾਨ ਹੈ, ਕਿਉਂਕਿ ਇੰਗਲੈਂਡ ਵਿੱਚ 5,24,000; ਇਟਲੀ ਵਿੱਚ 2,20,000; ਪੁਰਤਗਾਲ ਵਿੱਚ 35,000 ਅਤੇ ਸਪੇਨ ਵਿੱਚ 26,000 ਪੰਜਾਬੀ ਲੋਕ ਵੱਸਦੇ ਹਨ। ਪੰਜਵਾਂ ਸਥਾਨ ਜਰਮਨੀ ਦਾ ਹੈ, ਜਿੱਥੇ ਪੰਜਾਬੀਆਂ ਦੀ ਸੰਖਿਆ 25 ਹਜ਼ਾਰ ਤੋਂ ਵੱਧ ਹੈ। ਪੰਜਾਬੀਆਂ ਦੀ ਜ਼ਿਆਦਾਤਰ ਆਬਾਦੀ ਬਰਲਿਨ, ਕੋਲੋਨ, ਹੈਮਬਰਗ, ਫ਼ਰੈਂਕਫ਼ਰਟ ਅਤੇ ਮਿਊਨਿਖ਼ ਵਿਖੇ ਪਾਈ ਜਾਂਦੀ ਹੈ। ਆਪਣੀ ਨਿਵੇਕਲੀ ਧਾਰਮਿਕ ਪਛਾਣ ਕਾਇਮ ਰੱਖਣ ਹਿਤ ਪੰਜਾਬੀਆਂ ਨੇ ਜਰਮਨੀ ਵਿਖੇ ਪੰਜਾਹ ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬਾਨ ਦਾ ਨਾਂ ‘ਗੁਰਦੁਆਰਾ ਸਿੰਘ ਸਭਾ’ ਹੈ।
ਜਰਮਨੀ ਵਿਖੇ ਸੰਨ 2016 ਵਿੱਚ ਇੱਕ ਅਜਿਹੀ ਘਟਨਾ ਘਟੀ ਸੀ, ਜਿਸ ਨੇ ਉੱਥੇ ਵੱਸਦੇ ਸਮੂਹ ਪੰਜਾਬੀਆਂ ਅਤੇ ਜਰਮਨੀ ਦੀ ਪੁਲਿਸ ਨੂੰ ਪ੍ਰੇਸ਼ਾਨ ਤੇ ਦੁਖੀ ਕਰ ਦਿੱਤਾ ਸੀ। ਜਰਮਨੀ ਦੇ ਐਸੇਨ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿਖੇ 16 ਸਾਲ ਦੀ ਨਾਬਾਲਿਗ ਉਮਰ ਦੇ ਦੋ ਮੁਸਲਿਮ ਮੁੰਡਿਆਂ ਨੇ ਇੱਕ ਅੱਗ ਬੁਝਾਊ ਯੰਤਰ ਨੂੰ ਹੀ ਇੱਕ ਧਮਾਕਾਖ਼ੇਜ਼ ਸਮੱਗਰੀ ’ਚ ਤਬਦੀਲ ਕਰਕੇ ਇੱਕ ਜ਼ਬਰਦਸਤ ਧਮਾਕਾ ਕਰ ਦਿੱਤਾ ਸੀ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਤੇ ਗੁਰਦੁਆਰੇ ਦੇ ਗ੍ਰੰਥੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਨਾਲ-ਨਾਲ ਕੁਝ ਹੋਰ ਪੰਜਾਬੀਆਂ ਨੂੰ ਵੀ ਮਾਮੂਲੀ ਜ਼ਖ਼ਮ ਆਏ ਸਨ। ਗ਼ਨੀਮਤ ਇਹ ਰਹੀ ਸੀ ਕਿ ਇਸ ਧਮਾਕੇ ਤੋਂ ਕੁਝ ਮਿੰਟ ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿਖੇ ਇੱਕ ਪੰਜਾਬੀ ਨੌਜਵਾਨ ਦੇ ਅਨੰਦ ਕਾਰਜ ਦੀ ਰਸਮ ਅਦਾ ਹੋਈ ਸੀ ਤੇ ਰਸਮਾਂ ਪੂਰੀਆਂ ਹੋਣ ਉਪਰੰਤ ਲੜਕੇ ਤੇ ਲੜਕੀ ਸਮੇਤ ਸਾਰੇ ਰਿਸ਼ਤੇਦਾਰ ‘ਰਿਸੈਪਸ਼ਨ ਪਾਰਟੀ’ ਲਈ ਉੱਥੋਂ ਕਿਧਰੇ ਹੋਰ ਜਾ ਚੁੱਕੇ ਸਨ। ਜੇਕਰ ਉਕਤ ਦੋਵੇਂ ਧਿਰਾਂ ਦੇ ਮੈਂਬਰ ਉੱਥੇ ਹੀ ਮੌਜੂਦ ਹੁੰਦੇ ਤਾਂ ਸ਼ਾਇਦ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਪੁਲਿਸ ਲਈ ਪ੍ਰੇਸ਼ਾਨੀ ਦੀ ਗੱਲ ਇਹ ਸੀ, ਉਸ ਧਮਾਕੇ ਨੂੰ ਅੰਜਾਮ ਦੇਣ ਵਾਲੇ ਉਨ੍ਹਾਂ ਨਾਬਾਲਿਗ ਮੁੰਡਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਉਕਤ ਧਮਾਕਾਖ਼ੇਜ਼ ਵਸਤੂ ਕੇਵਲ ਇੱਕ ‘ਪਟਾਕਾ’ ਬਣਾਉਣ ਲਈ ਤਿਆਰ ਕੀਤੀ ਸੀ ਅਤੇ ਉਨ੍ਹਾਂ ਦਾ ਮਕਸਦ ਕੋਈ ਬੰਬ ਤਿਆਰ ਕਰਨਾ ਤੇ ਕਿਸੇ ਉਤੇ ਉਹ ਬੰਬ ਵਰਤ ਕੇ ਨੁਕਸਾਨ ਪਹੁੰਚਾਉਣਾ ਹਰਗ਼ਿਜ਼ ਨਹੀਂ ਸੀ। ਬਾਅਦ ਵਿੱਚ ਜਾਂਚ ਕਰਨ ’ਤੇ ਪੁਲਿਸ ਨੂੰ ਇਹ ਪਤਾ ਲੱਗਾ ਸੀ ਕਿ ਉਨ੍ਹਾਂ ਮੁੰਡਿਆਂ ਨੇ ਉਕਤ ਧਮਾਕਾ ਕਰਨ ਤੋਂ ਪਹਿਲਾਂ ‘ਨੌਰਥ ਰਾਈਨ’ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਵੀ ਦਾਖ਼ਲ ਹੋਣ ਦਾ ਯਤਨ ਕੀਤਾ ਸੀ।
ਅੰਤ ਵਿੱਚ ਇਹ ਦੱਸਣਾ ਬਣਦਾ ਹੈ ਕਿ ਇਹ ਬੜੇ ਹੀ ਫ਼ਖ਼ਰ ਦੀ ਗੱਲ ਹੈ ਕਿ ਹਰਮਨਜੋਤ ਸਿੰਘ ਨਾਂ ਦਾ ਪੰਜਾਬੀ ਨੌਜਵਾਨ ਜਰਮਨੀ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਮੈਂਬਰ ਹੈ। ਇਸ ਤੋਂ ਇਲਾਵਾ ਕਈ ਹੋਰ ਭਾਰਤੀਆਂ ਨੇ ਵੀ ਆਪਣੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ ਜਰਮਨੀ ਵਿੱਚ ਖ਼ੂਬ ਸ਼ਲਾਘਾ ਖੱਟੀ ਹੈ। ਰਾਹੁਲ ਕੁਮਾਰ ਕੰਬੋਜ ਨੂੰ ਫ਼ਰੈਂਕਫ਼ਰਟ ਸ਼ਹਿਰ ਤੋਂ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਹੋਣ ਦਾ ਸ਼ਰਫ਼ ਹਾਸਿਲ ਹੈ, ਜਦੋਂ ਕਿ ਭਾਰਤੀ ਮੂਲ ਦੇ ਜੋਸਫ਼ ਵਿੰਕਲਰ ਵੀ ਸੰਸਦ ਮੈਂਬਰ ਬਣਨ ’ਚ ਸਫ਼ਲ ਰਹੇ ਹਨ। ਭਾਰਤ ਦੀ ਸ਼ਾਨ ਕਹੇ ਜਾਂਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਧੀ ਸ੍ਰੀਮਤੀ ਅਨੀਤਾ ਬੋਸ ਨੇ ਬਤੌਰ ਅਰਥ ਸ਼ਾਸਤਰੀ ਜਰਮਨੀ ਵਿਖੇ ਚੰਗਾ ਨਾਮਣਾ ਖੱਟਿਆ। ਅਸ਼ੋਕ ਅਲੈਗਜ਼ੈਂਡਰ ਸ੍ਰੀਧਰਨ ਨੂੰ ਵੀ ਬੌਨ ਸ਼ਹਿਰ ਦਾ ਮੇਅਰ ਬਣਨ ਦਾ ਮਾਣ ਮਿਲਿਆ ਹੈ। ਬਤੌਰ ਯੂਟਿਊਬਰ ਤਹਿਲਕਾ ਮਚਾ ਦੇਣ ਵਾਲੇ ਧਰੁਵ ਰਾਠੀ ਵੀ ਜਰਮਨੀ ਦੇ ਹੀ ਵਾਸੀ ਹਨ। ਬਾਲੀਵੁੱਡ ਵਿੱਚ ਆਪਣੀ ਖ਼ੂਬਸੂਰਤੀ ਅਤੇ ਦਿਲਕਸ਼ ਅਦਾਕਾਰੀ ਸਦਕਾ ਸਭਨਾਂ ਦੇ ਮਨਾਂ ਨੂੰ ਮੋਹ ਲੈਣ ਵਾਲੀਆਂ ਐਵਲਿਨ ਸ਼ਰਮਾ, ਮਿੰਕ ਬਰਾੜ ਅਤੇ ਆਇਸ਼ਾ ਕਪੂਰ ਆਦਿ ਅਦਾਕਾਰਾਂ ਜਰਮਨੀ ਦੀਆਂ ਨਾਗਰਿਕ ਹਨ। ਇਸ ਤੋਂ ਇਲਾਵਾ ਜੇਕਰ ਖੇਡਾਂ ਦੇ ਖੇਤਰ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਜਿੱਥੇ ਭਾਰਤੀ ਮੂਲ ਦੀ ਸ਼ਾਂਤਾ ਘੋਸ਼ ਜਰਮਨੀ ਦੀ ਇੱਕ ਨਾਮਵਰ ਦੌੜਾਕ ਬਣ ਚੁੱਕੀ ਹੈ, ਉੱਥੇ ਹੀ ਅਨੁਰਾਧਾ ਦੁਡਭਾਲਪੁਰ, ਸ਼ਰਣਿਆ ਸਦਾਰੰਗੀ ਅਤੇ ਕ੍ਰਿਤਿਕਾ ਵਿਜੇਰਾਘਵਨ ਨਾਮਕ ਮੁਟਿਆਰਾਂ ਜਰਮਨੀ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੀਆਂ ਮੈਂਬਰ ਬਣ ਕੇ ਭਾਰਤ ਦਾ ਨਾਂ ਚਮਕਾ ਰਹੀਆਂ ਹਨ।