ਡਾ. ਮਹਿੰਦਰ ਪਾਲ ਕੋਹਲੀ
ਵਿਰੇਚਨ: ਦੁਖਾਂਤ ਦੇ ਲੱਛਣ ਅਤੇ ਗੁਣਾਂ ਨੂੰ ਨਿਰਧਾਰਿਤ ਕਰਦੇ ਹੋਏ ਕਥਾਰਸਿਸ (ਵਿਰੇਚਨ) ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਯੂਨਾਨੀ ਦਾਰਸ਼ਨਿਕ ਅਰਸਤੂ ਨੇ ਕੀਤਾ। ਪਾਠਕ ਜਾਂ ਦਰਸ਼ਕ ਦੇ ਮਨ `ਤੇ ਦੁਖਾਂਤ ਦਾ ਕਿਹੜਾ ਪ੍ਰਭਾਵ ਪੈਂਦਾ ਹੈ, ਉਸ ਦਾ ਵਿਵੇਚਨ ਕਰਦੇ ਹੋਏ ਅਰਸਤੂ ਨੇ ਆਪਣੀ ਰਚਨਾ ‘ਪੋਇਟਿਕਸ’ ਵਿੱਚ ਲਿਖਿਆ ਸੀ ਕਿ ਦੁਖਾਂਤ ਦੀ ਕ੍ਰਿਆ ਦਇਆ ਅਤੇ ਡਰ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਕੇ ਸਾਡੀਆਂ ਦਇਆ ਤੇ ਡਰ ਦੀਆਂ ਭਾਵਨਾਵਾਂ ਦਾ ਨਿਕਾਸ ਕਰਦੀ ਹੈ। ਇਸ ਤਰ੍ਹਾਂ ਦੁਖਾਂਤ ਦਰਸ਼ਕਾਂ ਦੇ ਦੁਖਾਂਤਕ ਜਜ਼ਬਿਆਂ ਲਈ ਨਿਕਾਸ ਜਾਂ ਮਾਰਗ ਪ੍ਰਦਾਨ ਕਰਦਾ ਹੈ।
‘ਪੋਇਟਿਕਸ’ ਵਿੱਚ ਦਇਆ ਅਤੇ ਡਰ ਦੀ ਕੋਈ ਹੋਰ ਵਿਸਤਾਰਪੂਰਵਕ ਪਰਿਭਾਸ਼ਾ ਨਹੀਂ ਮਿਲਦੀ। ਉਸ ਦੀ ਪੁਸਤਕ ‘ਰਾਜਨੀਤੀ’ (‘ਪੋਲਿਟਿਕਸ’ ਦੀ ਅੱਠਵੀਂ ਪੋਥੀ) ਵਿੱਚੋਂ ਵਿਦਵਾਨਾਂ ਨੇ ਕਥਾਰਸਿਸ ਦੇ ਵਿਕੋਲਿਤਰੇ ਵਿਚਾਰ ਪੇਸ਼ ਕਰਨ ਦਾ ਯਤਨ ਕੀਤਾ ਹੈ, ਪਰ ਵਾਸਤਵਿਕ ਕਥਾਰਸਿਸ ਕੀ ਹੈ ਅਤੇ ਕਿਸ ਪ੍ਰਕਾਰ ਦੀ ਹੈ? ਇਹ ਵਿਚਾਰ ਹੁਣ ਤਕ ਵਾਦ–ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ।
ਅਸਲ ਵਿੱਚ ਜਿਸ ਪ੍ਰਕਾਰ ਪਲੈਟੋ ਦੇ ਵਿਚਾਰ ਕਿ ‘ਕਵਿਤਾ ਨਕਲ ਦੀ ਨਕਲ ਹੈ’ ਨੂੰ ਅਰਸਤੂ ਨੇ ਕਵਿਤਾ ਨੂੰ ਵਿਆਪੀ ਮਨ ਦਾ ਪ੍ਰਗਟਾਅ ਆਖਿਆ ਸੀ, ਉਸੇ ਤਰ੍ਹਾਂ ਕਥਾਰਸਿਸ ਦਾ ਸਿਧਾਂਤ ਪੇਸ਼ ਕਰਕੇ ਅਰਸਤੂ ਨੇ ਪਲੈਟੋ ਦੇ ਇਸ ਵਿਚਾਰ ਦਾ ਖੰਡਨ ਕੀਤਾ ਕਿ ਕਵਿਤਾ ਕੋਝੀਆਂ ਭਾਵਨਾਵਾਂ ਨੂੰ ਉਤੇਜਿਤ ਕਰਕੇ ਨੈਤਿਕ ਸਤਰ ਨੂੰ ਕਮਜ਼ੋਰ ਕਰਦੀ ਹੈ। ਕਥਾਰਸਿਸ ਸਿਧਾਂਤ ਦੀ ਵਿਚਾਰਧਾਰਾ ਨੇ ਦੋ ਪ੍ਰਕਾਰ ਦੀ ਸੇਧ ਅਪਣਾਈ ਹੈ। ਪਹਿਲੀ ਇਹ ਕਿ ਅਰਸਤੂ ਦਾ ਭਾਵ ਕੀ ਸੀ ਅਤੇ ਦੂਜੀ ਇਹ ਕਿ ਦੁਖਾਂਤ ਤੇ ਦੂਜੇ ਕਾਵਿ-ਰੂਪਾਂ ਦੇ ਕਰਤੱਵ ਦੀ ਵਿਆਖਿਆ ਵਿੱਚ ਇਸ ਸਿਧਾਂਤ ਦਾ ਕੀ ਲਾਭ ਹੈ? ਅਰਸਤੂ ਦੇ ਇਸ ਸਿਧਾਂਤ ਦੀ ਵਿਆਖਿਆ ਹਰ ਇੱਕ ਕਾਲ ਦੀਆਂ ਸਮਕਾਲੀ ਭਾਵਨਾਵਾਂ ਦਾ ਪ੍ਰਗਟਾ ਹੈ। ਵਿਚਾਰਾਂ ਦੇ ਇਤਿਹਾਸ ਵਿੱਚ ਇਸ ਲਈ ਇਸ ਦਾ ਵਿਸ਼ੇਸ਼ ਮਹੱਤਵ ਹੈ ਅਤੇ ਸੌਂਦਰਯ ਅਤੇ ਲਲਿਤ ਵਿਗਿਆਨ ਦੇ ਵੱਖ ਵੱਖ ਸਿਧਾਤਾਂ ਦਾ ਆਧਾਰ ਬਣਿਆ ਹੈ।
ਸੋਲ੍ਹਵੀਂ ਸਦੀ ਈ. ਵਿੱਚ ਇਸ ਸਿਧਾਂਤ ਦੀ ਤਿੰਨ ਪੱਖੀ ਵਿਆਖਿਆ ਕੀਤੀ ਗਈ। ਰੋਬਰਟੈਲੀ (1548 ਈ.), ਕੈਸਟੇਲਵੇਟਰੋ (1570 ਈ.), ਹੀਨਸਿਅਸ (1611 ਈ.) ਅਤੇ ਵੌਸੀਅਸ (1647 ਈ.) ਦੇ ਵਿਚਾਰਾਂ ਅਨੁਸਾਰ ਦੁਖਾਂਤ ਸੰਤਾਪ ਅਤੇ ਹਿੰਸਾ ਦੀਆਂ ਝਾਕੀਆਂ ਪੇਸ਼ ਕਰਕੇ ਪਾਠਕਾਂ ਅਤੇ ਦਰਸ਼ਕਾਂ ਦੇ ਦਿਲਾਂ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਸੰਤਾਪੀ ਜੀਵਨ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਕੋਰਨੀਲ ਅਨੁਸਾਰ ਦੁਖਾਂਤਮਕ ਦਇਆ ਦਰਸ਼ਕ ਨੂੰ ਆਪਣੇ ਭਲੇ ਅਤੇ ਬਚਾਅ ਲਈ ਸੋਚਣ ਲਈ ਪ੍ਰੇਰਦੀ ਹੈ ਅਤੇ ਦੁਖਾਂਤਕ ਨਾਇਕ ਦੀਆਂ ਕਮਜ਼ੋਰੀਆਂ ਨੂੰ ਉਹ ਦੂਰ ਕਰਨ ਦਾ ਯਤਨ ਕਰਦਾ ਹੈ। ਤੀਜਾ ਵਿਚਾਰ ਹੋਮੋਪੈਥੀ ਦੇ ਸਿਧਾਂਤ ਨਾਲ ਸੰਬੰਧ ਰੱਖਦਾ ਹੈ। ਮਿਨਟੁਰਨੋ ਅਤੇ ਮਿਲਟਨ ਇਸ ਵਿਚਾਰ ਦੇ ਵਿਸ਼ੇਸ਼ ਅਨੁਯਾਈ ਸਨ। ਇਸ ਸਿਧਾਂਤ ਅਨੁਸਾਰ ਜਿਵੇਂ ਕੰਡੇ ਨਾਲ ਸ਼ਰੀਰ ਵਿੱਚੋਂ ਕੰਡੇ ਨੂੰ ਕੱਢਿਆ ਜਾਂਦਾ ਹੈ, ਜਿਵੇਂ ਲੋਹੇ ਨੂੰ ਲੋਹਾ ਕਟਦਾ ਹੈ, ਜਿਵੇਂ ਜ਼ਹਿਰ ਨਾਲ ਜ਼ਹਿਰ ਮਰਦੀ ਹੈ, ਤਿਵੇਂ ਹੀ ਡਰ ਅਤੇ ਦਇਆ ਦੀ ਭਾਵਨਾ ਨਾਲ ਡਰ ਤੇ ਦਇਆ ਦਾ ਨਿਕਾਸ ਹੁੰਦਾ ਹੈ। ‘ਪੈਰਾਡਾਈਜ਼ ਲੌਸਟ’ ਅਤੇ ‘ਸੈਮਸਨ ਅਗੋਨਿਸਟਿਸ’ ਦੀਆਂ ਅੰਤਲੀਆਂ ਪੰਕਤੀਆਂ ਇਸ ਸਿਧਾਂਤ ’ਤੇ ਹੀ ਲਿਖੀਆਂ ਗਈਆਂ ਹਨ। ਸ਼ੈਕਸਪੀਅਰ ਦੇ ਸਾਰੇ ਦੁਖਾਂਤ ਇਸ ਸਿਧਾਂਤ ਨੂੰ ਵਿਅਕਤ ਕਰਦੇ ਹਨ ਅਤੇ ਦਰਸ਼ਕ ਆਪਣੇ ਆਪ ਨੂੰ ਹੌਲੇ ਫੁੱਲ ਅਨੁਭਵ ਕਰਦੇ ਹਨ।
ਅਠਾਰ੍ਹਵੀਂ ਸਦੀ ਈ. ਵਿੱਚ ਲੈਸਿੰਗ (1721–1781 ਈ.) ਨੇ ਇਸ ਸਿਧਾਂਤ ਨੂੰ ਭਾਵਨਾਵਾਂ ਦੇ ਸ਼ੁੱਧੀਕਰਣ ਦੇ ਅਰਥ ਵਿੱਚ ਵਰਤਿਆ। ਉਸ ਅਨੁਸਾਰ ਦੁਖਾਂਤ ਭਾਵਾਂ ਨੂੰ ਸੰਤੁਲਿਤ ਕਰਦਾ ਹੈ। ਇਸੇ ਕਾਲ ਦੇ ਹੋਰ ਆਲੋਚਕ ਕੈਥਾਰਸਿਸ ਨੂੰ ਉਦਾਤੀਕਰਨ ਦੇ ਭਾਵ ਵਿੱਚ ਪ੍ਰਯੋਗ ਕਰਕੇ ਹਨ। ਉਨ੍ਹਾਂ ਨੇ ਕਥਾਰਸਿਸ ਦੇ ਸ਼ਾਬਦਿਕ ਅਰਥ ਸਾਫ਼ ਕਰਨਾ, ਸ਼ੁੱਧ ਕਰਨਾ ਤੇ ਚੁਣਨ ਦੀ ਕ੍ਰਿਆ ਨੂੰ ਆਪਣੇ ਵਿਚਾਰਾਂ ਦੀ ਨੀਂਹ ਬਣਾਇਆ ਹੈ ਅਤੇ ਹਿਕਮਤ ਦੇ ਇਸ ਮੱਤ ਨੂੰ ਆਧਾਰ ਬਣਾਇਆ ਹੈ ਕਿ ਜਿਸਮ ਵਿੱਚੋਂ ਉਸ ਚੀਜ਼ ਦਾ ਨਿਕਾਸ ਕੀਤਾ ਜਾਵੇ, ਜਿਹੜੀ ਜ਼ਰੂਰਤ ਤੋਂ ਵੱਧ ਹੋਵੇ। ਆਧੁਨਿਕ ਮਨੋਵਿਸ਼ਲੇਸ਼ਣ, ਜਿਸ ਅਨੁਸਾਰ ਦੱਬੀਆਂ ਹੋਈਆਂ ਭਾਵਨਾਵਾਂ ਦਾ ਨਿਕਾਸ ਜ਼ਰੂਰੀ ਹੈ, ਇਸ ਦੇ ਕਾਫ਼ੀ ਨੇੜੇ ਹੈ। ਕਰੌਚੇ ਅਨੁਸਾਰ ਕਰੁਣ ਰਸ ਸਾਹਿਤਕ ਆਨੰਦ ਨੂੰ ਵਧਾਉਂਦਾ ਹੈ। ਗੈਂਟੇ ਅਨੁਸਾਰ ਇਹ ਪ੍ਰਭਾਵ ਅਭਿਨੇਤਾ ਦੇ ਮਨ ’ਤੇ ਪੈਂਦਾ ਹੈ, ਲੈਸਿੰਗ ਪਾਠਕ ਅਤੇ ਦਰਸ਼ਕ ਨੂੰ ਇਸ ਤੋਂ ਪ੍ਰਭਾਵਿਤ ਹੁੰਦੇ ਮੰਨਦਾ ਹੈ। ਬੁੱਚਰ ਅਤੇ ਆਈ.ਏ. ਰਿਚਰਡਜ਼ ਇਸ ਦਾ ਇਕ ਹੋਰ ਸੂਖ਼ਮ ਭੇਦ ਦੱਸਦੇ ਹਨ। ਇਨ੍ਹਾਂ ਅਨੁਸਾਰ ਜੀਵਨ ਦੀਆਂ ਪ੍ਰਤੱਖ ਅਨੁਭੂਤੀਆਂ ਜਿਹੜੀਆਂ ਕਸ਼ਟਕਾਰੀ ਹਨ, ਨੂੰ ਦੂਰ ਕਰਨ ਦੀ ਕ੍ਰਿਆ ਕਥਾਰਸਿਸ ਹੈ। ਸਾਹਿਤਕ ਕਲਪਨਾ ਨਾਲ ਡਰ ਆਪਣਾ ਰੂਪ ਬਦਲ ਲੈਂਦਾ ਹੈ।
ਪੁਰਾਤਨ ਭਾਰਤੀ ਸਾਹਿਤ ਵਿੱਚ ਦੁਖਾਂਤ ਦੀ ਅਣਹੋਂਦ ਸੀ। ਇਸ ਲਈ ਵਿਰੇਚਨ ਸਿਧਾਂਤ ਦੀ ਵਿਚਾਰਧਾਰਾ ਦੀ ਕੋਈ ਪੱਧਤੀ ਨਹੀਂ ਚਲੀ; ਪਰ ਆਧੁਨਿਕ ਨਾਟਕਾਂ ਵਿੱਚ ਸ਼ੈਕਸਪੀਅਰ ਅਤੇ ਸਿੰਗ ਦੇ ਨਾਟਕੀ ਵਿਰੇਚਨ ਨੂੰ ਭਾਰਤੀ ਲੇਖਕਾਂ ਨੇ ਵਿਅਕਤ ਕੀਤਾ ਹੈ। ਬਲਵੰਤ ਗਾਰਗੀ ਦਾ ਨਾਟਕ ‘ਬੇਬੇ’, ਆਹੂਜਾ ਦਾ ਨਾਟਕ ‘ਜੌਹਰ’, ਹਰਚਰਨ ਸਿੰਘ ਦਾ ਨਾਟਕ ‘ਅਣਜੋੜ’ ਜਿੱਥੇ ਸ਼ੈਕਸਪੀਅਰ ਦੇ ਵਿਰੇਚਕ ਸਿਧਾਂਤ ਨੂੰ ਅਪਣਾਉਂਏ ਹਨ, ਉੱਥੇ ਇਬਸਨ ਵਾਂਗ ਆਧੁਨਿਕ ਯਥਾਰਥਵਾਦੀ ਨਾਟਕਕਾਰਾਂ ਨੇ ਇਸ ਨਿਕਾਸ ਸਿਧਾਂਤ ਨੂੰ ਛੱਡ ਕੇ ਉਤਸੁਕਤਾ–ਪੂਰਣ ਅਸੰਤੁਲਿਤ ਨਾਟਕੀ ਅੰਤ ਪ੍ਰਦਾਨ ਕੀਤਾ ਹੈ। ਸੇਖੋਂ ਅਤੇ ਸੁਰਜੀਤ ਸਿੰਘ ਸੇਠੀ ਇਸ ਵਿਚਾਰ ਦੇ ਵਿਸ਼ੇਸ਼ ਅਨੁਯਾਈ ਹਨ।
—
(ਸਰੋਤ: ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ)