*ਮੈਡਲ ਸੂਚੀ ਵਿੱਚ ਦੂਜੇ ਨੰਬਰ ‘ਤੇ ਰਿਹਾ ਚੀਨ
“ਭਾਰਤ ਦਾ ਸਥਾਨ 69ਵਾਂ
ਪੰਜਾਬੀ ਪਰਵਾਜ਼ ਬਿਊਰੋ
26 ਜੁਲਾਈ ਨੂੰ ਸ਼ੁਰੂ ਹੋਈਆਂ ਪੈਰਿਸ ਓਲੰਪਿਕ ਖੇਡਾਂ ਬੀਤੇ ਐਤਵਾਰ ਸਮਾਪਤ ਹੋ ਗਈਆਂ ਹਨ। ਸਮਾਪਤ ਹੋਣ ਸਮੇਂ ਦੇ ਸਮਾਰੋਹ ਵਿੱਚ ਭਾਰਤੀ ਖਿਡਾਰੀਆਂ ਦੀ ਟੋਲੀ ਨੇ ਵੀ ਹਿੱਸਾ ਲਿਆ। ਇਨ੍ਹਾਂ ਖਿਡਾਰੀਆਂ ਦੀ ਝੰਡਾ ਬਰਦਾਰੀ ਭਾਰਤੀ ਹਾਕੀ ਟੀਮ ਦੇ ਗੋਲ ਕੀਪਰ ਰਹੇ ਸ੍ਰੀਜੇਸ਼ ਅਤੇ ਸ਼ੂਟਿੰਗ ਵਿੱਚ ਡਬਲ ਮੈਡਲ ਜਿੱਤਣ ਵਾਲੀ ਮਨੂ ਭਾਕਰ ਨੇ ਕੀਤੀ। ਭਾਰਤੀ ਖਿਡਾਰੀ ਰਵਾਇਤੀ ਭਾਰਤੀ ਪੁਸ਼ਾਕਾਂ ਵਿੱਚ ਸਜ-ਧਜ ਕੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋਏ।
ਇਨ੍ਹਾਂ ਖੇਡਾਂ ਦੇ ਆਖਰੀ ਦਿਨ ਅਮਰੀਕਾ ਨੇ ਮਹਿਲਾ ਬਾਸਕਟਬਾਲ ਦੇ ਫਾਈਨਲ ਵਿੱਚ ਸੋਨ ਤਮਗਾ ਜਿੱਤਿਆ ਅਤੇ ਚੀਨ ਨੂੰ ਪਛਾੜ ਕੇ ਤਮਗਾ ਸੂਚੀ ਵਿੱਚ ਪਹਿਲੇ ਨੰਬਰ ‘ਤੇ ਆ ਗਿਆ। ਅਮਰੀਕਾ ਨੇ ਸੋਨੇ ਦੇ 40 ਤਮਗੇ ਜਿੱਤੇ। ਇਸ ਦੇਸ਼ ਨੇ 44 ਚਾਂਦੀ, 42 ਕਾਂਸੇ ਸਮੇਤ ਕੁੱਲ 126 ਤਮਗੇ ਜਿੱਤੇ ਹਨ। 40 ਸੋਨੇ, 27 ਚਾਂਦੀ ਅਤੇ 24 ਕਾਂਸੇ ਦੇ ਸਮੇਤ ਕੁੱਲ 91 ਤਮਗੇ ਜਿੱਤ ਕੇ ਚੀਨ ਦੂਜੇ ਨੰਬਰ ‘ਤੇ ਰਿਹਾ। 20 ਸੋਨੇ, 12 ਚਾਂਦੀ ਅਤੇ 13 ਕਾਂਸੇ ਸਮੇਤ ਕੁੱਲ 45 ਤਮਗੇ ਜਿੱਤ ਕੇ ਜਪਾਨ ਤੀਜੇ ਸਥਾਨ ‘ਤੇ ਰਿਹਾ ਹੈ। ਆਸਟਰੇਲੀਆ 18 ਸੋਨੇ, 19 ਚਾਂਦੀ ਅਤੇ 16 ਕਾਂਸੇ ਸਮੇਤ ਕੁੱਲ 53 ਤਮਗਿਆਂ ਨਾਲ ਮੈਡਲ ਟੈਲੀ ਵਿੱਚ ਚੌਥੇ ਸਥਾਨ ‘ਤੇ ਰਿਹਾ।
ਭਾਰਤ ਨੇ ਇਨ੍ਹਾਂ ਓਲੰਪਿਕ ਖੇਡਾਂ ਵਿੱਚ 6 ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 5 ਕਾਂਸੇ ਦੇ ਤਮਗੇ ਹਨ ਜਦਕਿ 1 ਚਾਂਦੀ ਦਾ ਤਮਗਾ ਜਿੱਤਿਆ ਹੈ। ਭਾਰਤੀ ਹਾਕੀ ਟੀਮ 1972 ਦੀਆਂ ਮਿਊਨਿਖ ਓਲੰਪਿਕ ਤੋਂ ਬਾਅਦ ਲਗਾਤਾਰ ਦੂਜੀ ਵਾਰ ਕਾਂਸੇ ਦਾ ਤਮਗਾ ਜਿੱਤਣ ਵਿੱਚ ਕਾਮਯਾਬ ਰਹੀ। ਕੁਆਰਟਰ ਫਾਈਨਲ ਮੁਕਾਬਲਿਆਂ ਤੱਕ ਜਿਸ ਦ੍ਰਿੜਤਾ ਅਤੇ ਲਗਨ ਨਾਲ ਭਾਰਤੀ ਟੀਮ ਖੇਡੀ, ਉਸ ਤੋਂ ਆਸ ਬੱਝ ਗਈ ਸੀ ਕਿ ਇਹ ਟੀਮ ਇਸ ਵਾਰ ਸੋਨੇ ਦੇ ਮੈਡਲ ਨੂੰ ਵੀ ਹੱਥ ਮਾਰ ਸਕਦੀ ਹੈ; ਪਰ ਸੈਮੀਫਾਈਨਲ ਵਿੱਚ ਜਰਮਨੀ ਤੋਂ 3-2 ਦੇ ਫਰਕ ਨਾਲ ਹਾਰ ਜਾਣ ਕਾਰਨ ਇਹ ਸੁਪਨਾ ਅਧੂਰਾ ਰਹਿ ਗਿਆ। ਫਿਰ ਸਪੇਨ ਖਿਲਾਫ ਹੋਏ ਤੀਜੀ ਪੁਜੀਸ਼ਨ ਲਈ ਮੁਕਾਬਲੇ ਵਿੱਚ ਇਸ ਯੂਰਪੀ ਮੁਲਕ ਨੂੰ 2-1 ਦੇ ਫਰਕ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿੱਤਣ ਵਿੱਚ ਭਾਰਤੀ ਟੀਮ ਸਫਲ ਰਹੀ। ਇਸ ਖੇਡ ਨਾਲ ਜੁੜੇ ਮਾਹਿਰਾਂ ਦਾ ਆਖਣਾ ਹੈ ਕੇ ਪਿਛਲੇ ਵਰਲਡ ਕੱਪ ਵਿੱਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਭਾਰਤ ਨੇ ਆਪਣੇ ਆਪ ਨੂੰ ਮੁੜ ਸੰਭਾਲਿਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਭਾਰਤੀ ਹਾਕੀ ਪੁਨਰਸੁਰਜੀਤ ਹੋ ਰਹੀ ਹੈ। ਭਾਰਤ ਨੂੰ ਸੈਮੀਫਾਈਨਲ ਵਿੱਚ ਮਾਤ ਦੇਣ ਵਾਲੀ ਜਰਮਨੀ ਦੀ ਹਾਕੀ ਟੀਮ ਪੈਰਿਸ ਓਲੰਪਿਕ ਵਿੱਚ ਸੋਨੇ ਦਾ ਤਮਗਾ ਜਿੱਤੀ। ਜਰਮਨ ਟੀਮ ਨੇ ਨੀਦਰਲੈਂਡ ਨੂੰ 1-0 ਨਾਲ ਹਰਾਇਆ।
ਹਾਕੀ ਤੋਂ ਇਲਾਵਾ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਸ ਤੋਂ ਸੋਨੇ ਦੇ ਤਮਗੇ ਦੀ ਆਸ ਕੀਤੀ ਜਾ ਰਹੀ ਸੀ, ਪਰ ਸੋਨਾ ਪਾਕਿਸਤਾਨ ਜੈਵਲਿਨ ਸੁਟਾਵਾ ਅਰਸ਼ਦ ਨਦੀਮ ਜਿੱਤ ਗਿਆ। ਅਰਸ਼ਦ ਪੱਛਮੀ ਪੰਜਾਬ ਦਾ ਰਹਿਣ ਵਾਲਾ ਅਤੇ ਨੀਰਜ ਚੋਪੜਾ ਦਾ ਗੂੜ੍ਹਾ ਦੋਸਤ ਹੈ। ਦੋਹਾਂ ਦੀਆਂ ਮਾਵਾਂ ਨੇ ਇੱਕ ਦੂਜੇ ਨਾਲ ਮੋਹ ਮੁਹੱਬਤ ਦਾ ਇਜ਼ਹਾਰ ਕੀਤਾ। ਨੀਰਜ ਦੀ ਮਾਂ ਨੇ ਆਪਣੇ ਬਿਆਨ ਵਿੱਚ ਕਿਹਾ, ਅਰਸ਼ਦ ਵੀ ਸਾਡਾ ਹੀ ਪੁੱਤ ਹੈ, ਉਹਨੇ ਵੀ ਮਿਹਨਤ ਕੀਤੀ ਹੈ। ਸਾਨੂੰ ਚਾਂਦੀ ਹੀ ਸੋਨੇ ਵਰਗੀ ਹੈ। ਦੂਜੇ ਪਾਸੇ ਅਰਸ਼ਦ ਦੀ ਮਾਂ ਨੇ ਵੀ ਤਕਰੀਬਨ ਇਸੇ ਕਿਸਮ ਦੇ ਜਜ਼ਬਾਤ ਦਾ ਇਜ਼ਹਾਰ ਕੀਤਾ।
ਭਾਰਤ ਲਈ ਨਿਸ਼ਾਨੇਬਾਜ਼ਾਂ ਨੇ ਤਿੰਨ ਕਾਂਸੀ ਦੇ ਤਮਗੇ ਜਿੱਤੇ ਹਨ। ਹਰਿਆਣਾ ਦੀ ਇੱਕ ਮੁਟਿਆਰ ਮਨੂ ਭਾਕਰ ਨੇ ਦੋ ਕਾਂਸੀ ਦੇ ਤਮਗਿਆਂ ਨਾਲ ਆਪਣਾ ਨਾਤਾ ਜੋੜਿਆ। ਉਸ ਨੇ ਕਾਂਸੇ ਦਾ ਇੱਕ ਤਮਗਾ ਇੰਡਵਿਜੂਅਲ ਈਵੈਂਟ ਵਿੱਚ ਜਿੱਤਿਆ ਅਤੇ ਦੂਜਾ ਹਰਿਆਣਾ ਦੇ ਹੀ ਵਸਨੀਕ ਇਕ ਨੌਜੁਆਨ ਸਰਬਜੀਤ ਸਿੰਘ ਨਾਲ ਮਿਲ ਕੇ ਪ੍ਰਾਪਤ ਕੀਤਾ। ਨਿਸ਼ਾਨੇਬਾਜ਼ੀ ਵਿੱਚ ਇੱਕ ਹੋਰ ਤਮਗਾ ਸਵਪਨਿਲ ਕੁਸਾਲੇ ਨੇ ਜਿੱਤਿਆ। ਪਹਿਲਵਾਨ ਅਮਨ ਸਹਿਰਾਵਤ ਨੇ ਵੀ 57 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ। 50 ਕਿੱਲੋ ਭਾਰ ਵਰਗ ਵਿੱਚ ਔਰਤਾਂ ਦੀ ਕੁਸ਼ਤੀ ‘ਚ ਹਰਿਆਣਾ ਦੀ ਵਸਨੀਕ ਵਿਨੇਸ਼ ਫੋਗਾਟ ਫਾਈਨਲ ਵਿੱਚ ਪਹੁੰਚ ਗਈ ਸੀ। ਉਸ ਤੋਂ ਸੋਨੇ ਦੇ ਤਮਗੇ ਦੀ ਆਸ ਕੀਤੀ ਜਾ ਰਹੀ ਸੀ, ਪਰ ਉਹ ਫਾਈਨਲ ਤੋਂ ਪਹਿਲਾਂ 100 ਗਰਾਮ ਭਾਰ ਜ਼ਿਆਦਾ ਹੋਣ ਕਾਰਨ ਡਿਸਕੁਆਲੀਫਾਈ ਕਰ ਦਿੱਤੀ ਗਈ। ਉਸ ਨੇ ਓਲੰਪਿਕ ਅਰਬੀਟਰੇਰੀ ਕਮਿਸ਼ਨ ਕੋਲ ਅਪੀਲ ਦਾਖਲ ਕੀਤੀ ਹੈ ਕਿ ਉਸ ਨੂੰ ਚਾਂਦੀ ਦਾ ਤਮਗਾ ਦਿੱਤਾ ਜਾਵੇ; ਕਿਉਂਕਿ ਸੈਮੀਫਾਈਨਲ ਵਿੱਚ ਜਿੱਤਣ ਤੱਕ ਉਸ ਦਾ ਭਾਰ ਸਹੀ ਪਾਇਆ ਗਿਆ ਸੀ। ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਬਹੁਤ ਸਾਰੇ ਖਿਡਾਰੀਆਂ ਨੇ ਵਿਨੇਸ਼ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਅਰਬੀਟਰੇਰੀ ਕਮਿਸ਼ਨ ਕੋਲ ਉਸ ਦੀ ਅਪੀਲ ਦਾ ਫੈਸਲਾ ਇੱਕ ਅੱਧ ਦਿਨ ਵਿੱਚ ਹੋਣ ਵਾਲਾ ਹੈ। ਪਿਛਲੀ ਵਾਰ ਦੀ ਕਾਂਸੀ ਦਾ ਤਮਗਾ ਜੇਤੂ ਭਾਰ ਤੋਲਾਵੀ ਮੀਰਾ ਬਾਈ ਚਾਨੂ ਵੀ ਇਸ ਵਾਰ ਮੈਡਲ ਤੋਂ ਖੁੰਝ ਗਈ ਅਤੇ ਚੌਥੇ ਸਥਾਨ ‘ਤੇ ਰਹੀ। ਨਿਸ਼ਾਨੇਬਾਜ਼ ਅਰਜਨ ਬਬੂਟਾ ਵੀ ਚੌਥੇ ਸਥਾਨ ‘ਤੇ ਰਿਹਾ। ਦੋ ਤਮਗੇ ਜਿੱਤਣ ਵਾਲੀ ਮਨੂ ਭਾਕਰ ਵੀ ਇੱਕ ਹੋਰ ਮੁਕਾਬਲੇ ਵਿੱਚ ਮਾਮੂਲੀ ਅੰਤਰ ਨਾਲ ਖੁੰਝ ਗਈ ਅਤੇ ਚੌਥੇ ਸਥਾਨ ‘ਤੇ ਰਹੀ। ਦੋ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੋ ਤਮਗੇ ਜਿੱਤਣ ਵਾਲਾ ਨੀਰਜ ਚੋਪੜਾ ਭਾਰਤ ਦਾ ਚੌਥਾ ਖਿਡਾਰੀ ਹੈ। ਉਸ ਤੋਂ ਪਹਿਲਾਂ ਕੁਸ਼ਤੀ ਵਿੱਚ ਸੁਸ਼ੀਲ ਕੁਮਾਰ ਅਤੇ ਬੈਡਮਿੰਟਨ ਵਿੱਚ ਪੀ.ਵੀ. ਸਿੰਧੂ ਕ੍ਰਮਵਾਰ 2008-2012 ਤੇ 2016-2020 ਵਿੱਚ ਦੋ ਵਾਰ ਤਮਗੇ ਜਿੱਤ ਚੁੱਕੇ ਹਨ।
ਕੈਨੇਡਾ 7 ਸੋਨੇ, 6 ਚਾਂਦੀ ਅਤੇ 11 ਕਾਂਸੇ ਦੇ ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਗਿਆਰਵੇਂ ਸਥਾਨ ‘ਤੇ ਰਿਹਾ। ਜਦਕਿ ਭਾਰਤ ਤਮਗਾ ਸੂਚੀ ਵਿੱਚ 69ਵੇਂ ਸਥਾਨ ‘ਤੇ ਰਿਹਾ। ਆਲੋਚਕ ਸਵਾਲ ਕਰ ਰਹੇ ਹਨ ਕਿ 140 ਕਰੋੜ ਅਬਾਦੀ ਵਾਲਾ ਇਹ ਮੁਲਕ ਅਤੇ ਸੰਸਾਰ ਦੀ ਤੀਜੇ ਨੰਬਰ ਦੀ ਆਰਥਿਕਤਾ ਖੇਡਾਂ ਵਿੱਚ ਇਸ ਕਦਰ ਪਛੜੇ ਹੋਏ ਕਿਉਂ ਹਨ? ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਜਲੰਧਰ ਦੱਖਣੀ ਤੋਂ ਮੌਜੂਦਾ ਐਮ.ਐਲ.ਏ. ਪਰਗਟ ਸਿੰਘ ਇਸ ਦਾ ਜਵਾਬ ਇਹ ਦਿੰਦੇ ਹਨ ਕਿ ਵਿਕਸਤ ਦੇਸ਼ਾਂ ਅਤੇ ਚੀਨ ਵਾਂਗ ਸਾਡੇ ਕੋਲ ਖੇਡਾਂ ਦਾ ਵਧੀਆਂ ਢਾਂਚਾ ਤੇ ਖੇਡ ਸਭਿਆਚਾਰ ਨਹੀਂ ਹੈ। ਇਸ ਦੇ ਨਾਲ ਹੀ ਖੇਡਾਂ ਦਾ ਬਜਟ ਵੀ ਘੱਟ ਰੱਖਿਆ ਜਾਂਦਾ ਹੈ। ਖੇਡ ਸਭਿਆਚਾਰ ਦੀ ਘਾਟ ਹੋਣ ਕਾਰਨ ਸਾਡੇ ਲੋਕਾਂ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਦੀ ਰੁਚੀ ਵੀ ਬਹੁਤ ਜ਼ਿਆਦਾ ਨਹੀਂ ਹੈ।
ਇੱਥੇ ਇਹ ਅੰਕੜੇ ਵੀ ਦਿਲਚਸਪ ਹੋਣਗੇ ਕਿ ਇਸ ਵਾਰ ‘ਖੇਲੋ ਇੰਡੀਆ’ ਦੇ ਬਜਟ ਦੀ ਅਲਾਟਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਨਾਲ ਧੱਕੇ ਦੀ ਗੱਲ ਵੀ ਤੁਰ ਪਈ ਹੈ। ‘ਖੇਲੋ ਇੰਡੀਆ’ ਤਹਿਤ ਗੁਜਾਰਤ ਅਤੇ ਯੂ.ਪੀ. ਨੂੰ ਕ੍ਰਮਵਾਰ 608 ਅਤੇ 503 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸ ਵਾਰ ਓਲੰਪਿਕ ਵਿੱਚ ਗੁਜਰਾਤ ਦੇ ਦੋ ਅਤੇ ਉੱਤਰ ਪ੍ਰਦੇਸ਼ ਦੇ 8 ਖਿਡਾਰੀ ਖੇਡ ਰਹੇ ਸਨ; ਜਦਕਿ ਪੰਜਾਬ ਦੇ 20 ਅਤੇ ਹਰਿਆਣਾ ਦੇ 24 ਖਿਡਾਰੀ ਖੇਡੇ ਹਨ। ਪੰਜਾਬ ਨੂੰ 91 ਕਰੋੜ ਅਤੇ ਹਰਿਆਣਾ ਨੂੰ ‘ਖੇਲੋ ਇੰਡੀਆ’ ਤਹਿਤ 89 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਖੇਡ ਮਾਹਿਰਾਂ ਅਨੁਸਾਰ ਇਨ੍ਹਾਂ ਨੀਤੀਆਂ ਦਾ ਸਿੱਟਾ ਇਹ ਹੈ ਕਿ ਭਾਰਤ ਪੈਰਿਸ ਓਲੰਪਿਕ ਖੇਡਾਂ ਦੀ ਮੈਡਲ ਸੂਚੀ ਵਿੱਚ 69 ਨੰਬਰ ‘ਤੇ ਰਿਹਾ ਹੈ। ਕੁਝ ਆਸ਼ਾਵਾਦੀ ਖੇਡ ਮਾਹਿਰਾਂ ਦਾ ਆਖਣਾ ਹੈ ਕਿ ਇਸ ਵਾਰ ਤਮਗੇ ਜਿੱਤਣ ਵਾਲੇ ਬਹੁਤੇ ਖਿਡਾਰੀ ਨੌਜਵਾਨ ਹਨ, ਇਸ ਲਈ ਅਗਲੀਆਂ ਖੇਡਾਂ ਤੱਕ ਉਹ ਆਪਣਾ ਪ੍ਰਦਰਸ਼ਨ ਸੁਧਾਰ ਸਕਦੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਇਸੇ ਕਰਕੇ ਭਾਰਤ ਦਾ ਖੇਡਾਂ ਵਿੱਚ ਭਵਿੱਖ ਰੋਸ਼ਨ ਵਿਖਾਈ ਦਿੰਦਾ ਹੈ।