ਪੰਜਾਬੀ ਰਵਾਇਤੀ ਸੰਗੀਤ ਤੇ ਰਵਾਇਤੀ ਦੋਗਾਣਾ ਗਾਇਕੀ

ਆਮ-ਖਾਸ

ਤਾਨੀਆ ਸੰਘਾ
ਪੰਜਾਬੀ ਦੋਗਾਣੇ ਦੀਆਂ ਜੜ੍ਹਾਂ ਰਵਾਇਤੀ ਲੋਕ ਸੰਗੀਤ ਵਿੱਚ ਹਨ, ਪਰ ਪੰਜਾਬ ਤੋਂ ਬਾਹਰ ਹਮੇਸ਼ਾ ਅਜਿਹਾ ਨਹੀਂ ਰਿਹਾ ਹੈ। 1970 ਅਤੇ 1980 ਦੇ ਦਹਾਕੇ ਨੂੰ ਇਸਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ। ਉਸ ਸਮੇਂ ਮਰਦਾਂ ਤੇ ਔਰਤਾਂ ਦੇ ਦੋਗਾਣੇ ਅਤੇ ਹਾਰਮੋਨੀਅਮ, ਅਕਾਰਡੀਅਨ ਤੇ ਗਿਟਾਰ ਦੀਆਂ ਆਵਾਜ਼ਾਂ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਨ। ਉਸ ਦੌਰਾਨ ਭੰਗੜੇ ਨੂੰ ਆਧੁਨਿਕ ਸ਼ਹਿਰੀ ਧੁਨਾਂ ਵਿੱਚ ਢਾਲਿਆ ਗਿਆ ਅਤੇ ਮਿਲਾਇਆ ਗਿਆ; ਪਰ ਜਿਉਂ-ਜਿਉਂ ਇਸ ਸ਼ੈਲੀ ਨੇ ਵਿਕਾਸ ਕੀਤਾ, ਇਸ ਦਾ ਮੁਹਾਂਦਰਾ ਘੜਨ ਵਿੱਚ ਮਦਦ ਕਰਨ ਵਾਲੇ ਦੋਗਾਣੇ ‘ਪੁਰਾਣੇ’ ਜਾਪਣ ਲੱਗੇ; ਸ਼ਾਇਦ ਹੁਣ ਉਹ ਵਾਪਸੀ ਕਰ ਸਕਦੇ ਹਨ।

ਚਰਚਿਤ ਗਾਣੇ ‘ਫਾਰਐਵਰ’ ਦੇ ਪਿੱਛੇ ਬ੍ਰਿਟਿਸ਼ ਏਸ਼ੀਆਈ ਰਿਕਾਰਡ ਨਿਰਮਾਤਾ ਮਨੀ ਸੰਧੂ ਦਾ ਹੱਥ ਹੈ। ਇਹ ਗੀਤ ਗਾਇਕ ਤੇਗੀ ਪੰਨੂ ਅਤੇ ਪ੍ਰੇਮ ਲਤਾ ਦਾ ਦੋਗਾਣਾ ਹੈ, ਜੋ ਕਿ ਲਗਾਤਾਰ ਪੰਜ ਹਫ਼ਤਿਆਂ ਤੱਕ ਅਧਿਕਾਰਤ ਬ੍ਰਿਟਿਸ਼ ਏਸ਼ੀਅਨ ਚਾਰਟ ਵਿੱਚ ਸਿਖਰ ’ਤੇ ਰਿਹਾ। ਇਹ ਗੀਤਸ ਸਪੌਟੀਫਾਈ ਅਤੇ ਯੂਟਿਯੂਬ ’ਤੇ ਕੁੱਲ ਮਿਲਾ ਕੇ ਤਿੰਨ ਕਰੋੜ ਤੋਂ ਵੱਧ ਵਾਰ ਵੱਜਿਆ ਅਤੇ ਗਲੋਬਲ ਏਸ਼ੀਅਨ ਮਿਊਜ਼ਿਕ ਚਾਰਟ ਵਿੱਚ ਦੂਜੇ ਨੰਬਰ ’ਤੇ ਰਿਹਾ ਹੈ।
ਮਨੀ ਅਨੁਸਾਰ ਦੋਗਾਣਾ ਗਾਇਕੀ ਦਾ ਦੌਰ ਯਕੀਨਨ ਵਾਪਸ ਆ ਰਿਹਾ ਹੈ। ‘ਫਾਰਐਵਰ’ ਦੀ ਪ੍ਰਸਿੱਧੀ ਉਸ ਤਰ੍ਹਾਂ ਦੇ ਪੰਜਾਬੀ ਲੋਕ ਸੰਗੀਤ ਪ੍ਰਤੀ ਵੱਧਦੀ ਚਾਹਤ ਦੇ ਕਾਰਨ ਹੈ, ਜੋ ਕਈ ਦਹਾਕਿਆਂ ਪਹਿਲਾਂ ਬਹੁਤ ਪਸੰਦ ਕੀਤੀ ਜਾਂਦੀ ਸੀ। ਸਾਡੀ ਸਨਅਤ ਯਕੀਨੀ ਤੌਰ `ਤੇ ਇੱਕ ਅਜਿਹੇ ਦੌਰ ਵਿੱਚੋਂ ਲੰਘੀ ਹੈ, ਜਿੱਥੇ ਅਸੀਂ ਪੱਛਮ ਦੀ ਨਕਲ ਕਰਨ ਅਤੇ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ। ਹਾਲ ਹੀ ਵਿੱਚ ਜੋ ਸੰਗੀਤ ਸਾਹਮਣੇ ਆਇਆ ਹੈ, ਉਸ ਵਿੱਚ ਨਿਸ਼ਚਤ ਤੌਰ `ਤੇ ਜ਼ਿਆਦਾ ਰਵਾਇਤੀ ਧੁਨਾਂ ਹਨ। ‘ਫਾਰਐਵਰ’ ਦੀਆਂ ਧੁਨਾਂ ‘ਥੋੜ੍ਹੀਆਂ ਸ਼ਹਿਰੀ’ ਹਨ, ਪਰ ਗਾਇਕੀ ਅਤੇ ਬੋਲਾਂ ਵਿੱਚ ‘ਪ੍ਰਮਾਣਿਕ ਪੁਰਾਣਾ ਪੰਜਾਬੀ ਸੰਗੀਤ’ ਮੌਜੂਦ ਹੈ।
ਇਸ ਦੀਆਂ ਮੂਲ ਲੋਕ ਧੁਨਾਂ ਅਮਰ ਸਿੰਘ ਚਮਕੀਲਾ ਤੋਂ ਕਾਫ਼ੀ ਪ੍ਰਭਾਵਿਤ ਸਨ, ਜਿਸ ਨੂੰ 1980 ਦੇ ਦਹਾਕੇ ਵਿੱਚ ‘ਪੰਜਾਬ ਦਾ ਐਲਵਿਸ’ ਕਿਹਾ ਜਾਂਦਾ ਸੀ। ਅਮਰ ਸਿੰਘ ਚਮਕੀਲਾ ਦੇ ਬਹੁਤ ਸਾਰੇ ਹਿੱਟ ਗੀਤ ਅਮਰਜੋਤ ਨਾਲ ਦੋਗਾਣੇ ਸਨ। ਰੈਪਰ ਅਤੇ ਗੀਤਕਾਰ ਰਾਜਾ ਕੁਮਾਰੀ ਨੇ ਗੁਰੂ ਰੰਧਾਵਾ ਦੇ ਨਾਲ ਇੱਕ ਰਵਾਇਤੀ ਦੋਗਾਣਾ ਸ਼ੈਲੀ ਦਾ ਗੀਤ ‘ਇਨ ਲਵ’ ਕੱਢਿਆ। ਇਸ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਪੰਜਾਬ ’ਚ ਕੀਤੀ ਗਈ ਅਤੇ ਯੂਟਿਊਬ ’ਤੇ ਇਸ ਨੂੰ 37 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਭਾਰਤੀ ਮੂਲ ਦੀ ਅਮਰੀਕੀ ਰਾਜਾ ਕੁਮਾਰੀ ਨੇ ਇਸ ਤੋਂ ਪਹਿਲਾਂ ਇਗੀ ਅਜ਼ਾਲੀਆ, ਫਿਫਥ ਹਾਰਮਨੀ, ਸਿੱਧੂ ਮੂਸੇਵਾਲਾ ਅਤੇ ਫਾਲ ਆਊਟ ਬੌਇ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ, ਪਰ ਉਸ ਦਾ ਕਹਿਣਾ ਹੈ ਕਿ ਹਰ ਕੋਈ ਹਮੇਸ਼ਾ ਆਪਣੀਆਂ ਜੜ੍ਹਾਂ ਵੱਲ ਪਰਤਣ ਦੀ ਕੋਸ਼ਿਸ਼ ਕਰਦਾ ਹੈ। ਇਸ ਗੀਤ ਲਈ ਪੰਜਾਬੀ ਭਾਈਚਾਰੇ ਵੱਲੋਂ ਜੋ ਮੈਨੂੰ ਪਿਆਰ ਮਿਲਿਆ ਹੈ, ਉਸ ਤੋਂ ਮੈਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਸ ਦਾ ਮੰਨਣਾ ਹੈ ਕਿ ਨੌਜਵਾਨ ਸਰੋਤਿਆਂ ਲਈ ਮੂਲ ਧੁਨਾਂ ਨੂੰ ਸਾਂਭ ਕੇ ਰੱਖਣਾ ਮਹੱਤਵਪੂਰਨ ਹੈ। ਉਮੀਦ ਹੈ ਕਿ ਜਦੋਂ ਲੋਕ ਇਨ੍ਹਾਂ ਆਧੁਨਿਕ ਜੋੜੀਆਂ ਨੂੰ ਦੇਖਣਗੇ, ਤਾਂ ਇਹ ਉਨ੍ਹਾਂ ਨੂੰ ਪਿੱਛੇ ਜਾ ਕੇ ਸਮਝਣ ਲਈ ਮਜਬੂਰ ਕਰਨਗੇ, ਜਿੱਥੋਂ ਇਹ ਆਇਆ ਹੈ। ਇਹ ਪੁਨਰ-ਉਥਾਨ ਮੁੱਖ ਧਾਰਾ ਦੇ ਸੰਗੀਤ ਤੱਕ ਹੀ ਸੀਮਿਤ ਨਹੀਂ ਹੈ।
ਬੈਂਗਰ ਅਤੇ ਸੈਮੀ, ਜਿਨ੍ਹਾਂ ਦੀ ਜੋੜੀ ਦਾ ਨਾਂ ‘ਸਾਡੀ ਜੋੜੀ’ ਹੈ, ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਭਾਰਤ ਵਿੱਚ ਸ਼ੋਅ ਕੀਤਾ ਤਾਂ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਜ਼ਿਕਰਯੋਗ ਵਾਧਾ ਹੋਇਆ। ਸੈਮੀ ਦਾ ਕਹਿਣਾ ਹੈ, “ਇਹ ਇੱਕ ਅਜਿਹੇ ਬਿੰਦੂ ’ਤੇ ਪਹੁੰਚ ਗਿਆ ਸੀ, ਜਿੱਥੇ ਤੁਸੀਂ ਕੁਝ ਵੀ ਨਹੀਂ ਦੇਖ ਸਕਦੇ ਸੀ, ਕਿਉਂਕਿ ਉੱਥੇ ਬਹੁਤ ਸਾਰੇ ਲੋਕ ਸਨ। ਸਾਨੂੰ ਆਪਣੀ ਕਾਰ ਤੋਂ ਸਟੇਜ ਤੱਕ ਪਹੁੰਚਣ ਲਈ ਦੋ ਮਿੰਟ ਲੱਗੇ, ਪਰ ਸਟੇਜ ਤੋਂ ਵਾਪਸ ਆਪਣੀ ਕਾਰ ਤੱਕ ਪਹੁੰਚਣ ਲਈ ਸਾਨੂੰ ਦੋ ਘੰਟੇ ਲੱਗ ਗਏ।”
ਬੈਂਗਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਥਾਵਾਂ ਤੋਂ ਬੁਕਿੰਗ ਮਿਲ ਰਹੀ ਹੈ, ਜਿੱਥੇ ਚਮਕੀਲੇ ਨੇ ਅਸਲ ਵਿੱਚ ਪੇਸ਼ਕਾਰੀ ਦਿੱਤੀ ਸੀ। ਪੰਜਾਬੀ ਦੋਗਾਣਾ ਗਾਇਕੀ ਦਾ ਦੌਰ ਯਕੀਨੀ ਤੌਰ ’ਤੇ ਵਾਪਸ ਆ ਗਿਆ ਹੈ, ਇਹ ਬਹੁਤ ਮਕਬੂਲ ਹੋ ਰਹੀ ਹੈ।
ਪੀ.ਆਰ.ਐੱਸ. ਫਾਰ ਮਿਊਜ਼ਿਕ ਗਰੁੱਪ ਦੀ ਰੁਪਿੰਦਰ ਵਿਰਦੀ ਅਨੁਸਾਰ, ਕਿਸੇ ਵੀ ਹੋਰ ਸ਼ੈਲੀ ਦੀ ਤਰ੍ਹਾਂ, ਇਸ ਵਿੱਚ ਵੀ ‘ਉਚਾਣ ਅਤੇ ਨਿਵਾਣ’ ਹਨ, ਪਰ ਇਸ ਸ਼ੈਲੀ ਦੇ ਮੂਲ ਰੂਪ ਵਿੱਚ ਵੱਡੇ ਪ੍ਰਸ਼ੰਸਕ ਨਿਰੰਤਰ ਬਣੇ ਹੋਏ ਹਨ। ਹਾਲ ਹੀ ਵਿੱਚ ਪੰਜਾਬੀ ਸੰਗੀਤ ਵਿੱਚ ਵਧੇਰੇ ਦਿਲਚਸਪੀ ਲਈ ਕੁਝ ਕਾਰਕ ਜ਼ਿੰਮੇਵਾਰ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਵਿਸ਼ਵ ਪੱਧਰ ’ਤੇ ਪੰਜਾਬੀ ਸੰਗੀਤ ’ਤੇ ਵਧ ਰਿਹਾ ਧਿਆਨ। ਅਸੀਂ ਲਾਈਵ ਸ਼ੋਅ’ਜ਼ ਲਈ ਗਲਾਸਟਨਬਰੀ, ਕੋਚੇਲਾ, ਹਾਲ ਹੀ ਵਿੱਚ ਲੈਟੀਚਿਊਡ ਅਤੇ ਲੋਲਾਪਾਲੂਜ਼ਾ ਵਰਗੇ ਵਿਆਪਕ ਮੰਚਾਂ ’ਤੇ ਪੰਜਾਬੀ ਕਲਾਕਾਰਾਂ ਨੂੰ ਸ਼ਾਮਲ ਹੁੰਦੇ ਦੇਖ ਰਹੇ ਹਾਂ। ਸਟ੍ਰੀਮਿੰਗ ਅਤੇ ਪਬਲਿਸ਼ਿੰਗ ਦੇ ਮਾਮਲੇ ਵਿੱਚ ਭਾਰਤ ਵਿੱਚ ਸੰਗੀਤ ਦਾ ਵਿਕਾਸ ਹੋਇਆ ਹੈ, ਜਿਸ ਨਾਲ ਦੇਸ਼ ਦੀ ਉਭਰਦੀ ਆਰਥਿਕ ਸ਼ਕਤੀ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਸ਼ੈਲੀ ਦੇ ਸੰਗੀਤ ਨੂੰ ਵਿਸ਼ਵ ਪੱਧਰ `ਤੇ ਫੈਲਾਉਣ ਵਿੱਚ ਮਦਦ ਮਿਲ ਰਹੀ ਹੈ। ਪ੍ਰੋਡਕਸ਼ਨ, ਬੀਟਸ ਅਤੇ ਭਾਸ਼ਾ ਪੱਖੋਂ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ; ਤੇ ਸਾਨੂੰ ਪੰਜਾਬੀ ਸੰਗੀਤ ਸੱਭਿਆਚਾਰ ’ਤੇ ਮਾਣ ਹੈ, ਜਿਸਦੀ ਸ਼ਲਾਘਾ ਕੀਤੀ ਜਾ ਰਹੀ ਹੈ। ਭਾਸ਼ਾ ਸਬੰਧੀ ਰੁਕਾਵਟਾਂ ਦੇ ਬਾਵਜੂਦ ਜ਼ਿਆਦਾ ਲੋਕ ਧੁਨਾਂ ਪ੍ਰਤੀ ਖੁੱਲ੍ਹੇ ਸੁਭਾਅ ਦੇ ਹਨ।
ਰੁਪਿੰਦਰ ਦਾ ਅਨੁਮਾਨ ਹੈ ਕਿ ਵਿਕਾਸ ਉਸੇ ਤਰ੍ਹਾਂ ਜਾਰੀ ਰਹੇਗਾ, ਜਿਵੇਂ ਐਫਰੋਬੀਟਸ ਵਧਦਾ ਹੈ, ਪਰ ਇਹ ਸਹੀ ਸਾਧਨ ਪ੍ਰਦਾਨ ਕਰਨ ’ਤੇ ਨਿਰਭਰ ਕਰਦਾ ਹੈ। ਇਸ ਲਈ ਸਾਨੂੰ ਸਹਾਇਕ ਬੁਨਿਆਦੀ ਢਾਂਚੇ ਅਤੇ ਗਲੋਬਲ ਕਨੈਕਟੀਵਿਟੀ ਦਾ ਨਿਰਮਾਣ ਕਰਨ ਲਈ ਆਪਣੇ ਮਜਬੂਤ ਪ੍ਰਤਿਭਾ ਪਾਈਪਲਾਈਨ, ਨਿਵੇਸ਼, ਰਣਨੀਤੀ ਅਤੇ ਸਮਰਥਨ ਦੀ ਲੋੜ ਹੈ।

Leave a Reply

Your email address will not be published. Required fields are marked *