ਗੁਰਚਰਨਜੀਤ ਸਿੰਘ ਲਾਂਬਾ
‘ਗੁਰੂ ਦੁਆਰੈ ਹੋਇ ਸੋਝੀ ਪਾਇਸੀ॥’ ਗੁਰਦੁਆਰਾ ਸਾਹਿਬ ਸਿੱਖਾਂ ਦੀ ਸਾਹ-ਰਗ ਹੈ। ਇਸ ਲਈ ਇੱਕ ਪੰਥਕ ਨਿਸ਼ਾਨਾ ਅਰਦਾਸ ਦੇ ਰੂਪ ਵਿੱਚ ਨਿਤਾਪ੍ਰਤਿ ਯਾਦ ਕੀਤਾ ਜਾਂਦਾ ਹੈ। ਇਹ ਹੈ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਵੇ। ਇਹ ਮੁਢਲਾ ਪੰਥਕ ਹੱਕ ਅਤੇ ਫ਼ਰਜ਼ ਸੀ, ਜਿਹੜਾ ਹਰ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਪਿਆ। ਇਹ ਤ੍ਰਾਸਦੀ ਹੈ ਕਿ ਮੁੱਢ ਕਦੀਮ ਤੋਂ ਹੀ ਵਕਤੀ ਸਰਕਾਰਾਂ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਅਧੀਨ ਰੱਖਣ ਲਈ ਹਰ ਹੀਲਾ ਵਰਤਦੀਆਂ ਰਹੀਆਂ ਹਨ। ਇਸ ਲਈ ਸਰਕਾਰਾਂ ਨੂੰ ਜਿਤਨਾ ਵੀ ਜ਼ੁਲਮੋ-ਤਸ਼ੱਦਦ ਕਰਨਾ ਪਵੇ, ਕੋਈ ਕੰਜੂਸੀ ਨਹੀਂ ਵਰਤੀ ਗਈ।
ਇਸ ਲੜੀ ਵਿੱਚ ਅੰਗਰੇਜ਼ੀ ਰਾਜ ਕਾਲ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰੂ ਕਾ ਬਾਗ, ਗੰਗਸਰ, ਜੈਤੋ, ਪੰਜਾ ਸਾਹਿਬ, ਨਨਕਾਣਾ ਸਾਹਿਬ, ਤਰਨਤਾਰਨ ਸਾਹਿਬ ਆਦਿ ਮੋਰਚਿਆਂ ਵਿੱਚ ਸਿੰਘਾਂ ਨੇ ਜੋ ਕੁਰਬਾਨੀਆਂ ਕੀਤੀਆਂ, ਉਹ ਲਹੂ ਰੰਗੇ ਸਿੱਖ ਇਤਿਹਾਸ ਦੇ ਸੁਨਹਿਰੀ ਪਤਰੇ ਹਨ। ਇਨ੍ਹਾਂ ਸਾਰਿਆਂ ਵਿੱਚ ਮੋਰਚਾ ਗੁਰੂ ਕਾ ਬਾਗ ਉਚੇਚੀ ਅਤੇ ਵਿਲੱਖਣ ਥਾਂ ਰਖਦਾ ਹੈ; ਪਰ ਪੰਥ ਨੇ ਆਪਣਾ ਆਪਾ ਵਾਰ ਕੇ ਚੜ੍ਹਦੀ ਕਲਾ ਨਾਲ ਫ਼ਤਹਿਯਾਬੀ ਹਾਸਲ ਕੀਤੀ। ਇਸ `ਤੇ ਮਹਾਤਮਾ ਗਾਂਧੀ ਨੇ ਪੰਥ ਨੂੰ ਵਧਾਈ ਦੀ ਤਾਰ ਭੇਜੀ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਵੱਡੀ ਜੰਗ ਜਿੱਤ ਲਈ।
ਨਾ ਓਹਿ ਮਰਹਿ ਨ ਠਾਗੇ ਜਾਹਿ॥
ਜਿਨ ਕੈ ਰਾਮੁ ਵਸੈ ਮਨ ਮਾਹਿ॥
ਇੱਥੇ ਇੱਕ ਵਾਹਿਗੁਰੂ ਦੀ ਅਦ੍ਰਿਸ਼ ਕਲਾ ਵੀ ਵਾਪਰੀ। ਸਿੱਖ ਦੇ ਜੀਵਨ ਦਾ ਹਰ ਪੱਖ ਧਰਮ ਹੇਠ ਜੀਵਿਆ ਜਾਂਦਾ ਹੈ। ਇਸ ਨੂੰ ਵੱਖ ਵੱਖ ਢੰਗ ਨਾਲ ਡੱਬੇ ਬੰਦ ਨਹੀਂ ਕੀਤਾ ਜਾ ਸਕਦਾ ਕਿ ਇਹ ਉਸਦਾ ਨਿਜੀ ਜੀਵਨ ਹੈ, ਇਹ ਵਪਾਰਕ ਜੀਵਨ ਹੈ, ਇਹ ਸਮਾਜਕ ਜੀਵਨ ਹੈ, ਆਦਿ ਆਦਿ। ਇਸ ਲਈ ਜਦੋਂ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜੱਦੋ ਜਹਿਦ ਕਰਦਾ ਹੈ ਤਾਂ ਇਹ ਵੀ ਧਰਮ ਯੁੱਧ ਹੀ ਕਰ ਰਿਹਾ ਹੁੰਦਾ ਹੈ। ਜਦੋਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਿੱਖ ਜਾਨਾਂ ਹੂਲ ਰਹੇ ਸਨ ਅਤੇ ਫ਼ਿਰੰਗੀ ਸਰਕਾਰ ਤੇ ਉਨ੍ਹਾਂ ਦੇ ਪਿੱਠੂ ਹਾਰਦੀ ਲੜਾਈ ਲੜ ਰਹੇ ਸਨ ਤਾਂ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਰਾਇ ਦਿੱਤੀ ਕਿ ਤੁਸੀਂ ਇਸ ਗੁਰਦੁਆਰਾ ਸੁਧਾਰ ਲਹਿਰ ਨੂੰ ਫਿਲਹਾਲ ਰੋਕ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਲਈ ਕੰਮ ਕਰੋ। ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਗੁਰਦੁਆਰੇ ਤਾਂ ਆਪੇ ਹੀ ਆਜ਼ਾਦ ਹੋ ਜਾਣਗੇ। ਇਹ ਪੰਥ ਦੇ ਵਾਲੀ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਹੋਈ ਕਿ ਸਾਡੇ ਬਜ਼ੁਰਗ ਇਸ ਝਾਂਸੇ ਵਿੱਚ ਨਹੀਂ ਆਏ। ਇਹ ਸਹਿਜੇ ਹੀ ਅਨੁਮਾਨਿਆ ਜਾ ਸਕਦਾ ਹੈ ਕਿ ਜੇ ਐਸਾ ਹੋ ਜਾਂਦਾ ਤਾਂ ਕੀ ਗੁਰਦੁਆਰੇ ਪੰਥ ਦੇ ਪ੍ਰਬੰਧ ਹੇਠ ਆ ਜਾਂਦੇ? ਸ਼ਬਦਕੋਸ਼ਾਂ ਵਿੱਚ ਅੰਗਰੇਜ਼ੀ ਦਾ ਅਰਥ ਛੁਰੀ, ਤਲਵਾਰ ਜਾਂ ਕੈਂਚੀ ਕੀਤਾ ਗਿਆ ਹੈ, ਜੋ ਅੰਗਾਂ ਦੇ ਟੋਟੇ ਕਰ ਦੇਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਇਸੇ ਅਰਥ ਵਿੱਚ ਇਸ ਦਾ ਵਰਣਨ ਕੀਤਾ ਹੈ, ‘ਅੰਗਰੇਜੀ ਗਹਿ ਕੈ ਛੁਰੀ ਤਾ ਕੀ ਗ੍ਰੀਵ ਤਕਾਇ॥ ਤਨਿਕ ਦਬਾਈ ਇਹ ਦਿਸਾ ਉਹਿ ਦਿਸਿ ਨਿਕਸੀ ਜਾਇ॥’ ਅੰਗਰੇਜ਼ਾਂ `ਤੇ ਇਹ ਪੂਰੀ ਤਰ੍ਹਾਂ ਢੁਕਦੀ ਹੈ। ਸੋ ਦੇਸ਼ ਦੀ ਵੰਡ ਦੇ ਬਾਅਦ ਦੀਆਂ ਸਰਕਾਰਾਂ ਨੇ ਇਹੀ ਅੰਗਰੇਜ਼ਾਂ ਵਾਲਾ ਵਰਤਾਰਾ ਜਾਰੀ ਰੱਖਿਆ। ਪੰਜਾਬ ਤੋਂ ਬਾਹਰਲੇ ਇਤਿਹਾਸਕ ਗੁਰਦੁਆਰਿਆਂ ਵਿੱਚ ਦਖ਼ਲ ਦੇਣ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਗ ਰੇਜ਼ਾ ਰੇਜ਼ਾ ਕੀਤੇ।
ਸੋ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਅਰੰਭ ਹੋਇਆ ਤਾਂ ਇਹ ਸਰਕਾਰੀ ਵਰਤਾਰਾ ਵਰਤ ਰਿਹਾ ਸੀ। ਸਰਕਾਰ ਮਹੰਤਾਂ ਦੀ ਪਿੱਠ `ਤੇ ਆ ਖੜ੍ਹੀ ਹੋਈ ਕਿ ਸਿੱਖ ਉਸਦੀ ਜਾਇਦਾਦ `ਤੇ ਜ਼ਬਰਦਸਤੀ ਦਾਖ਼ਲ ਹੋ ਰਹੇ ਹਨ। ਇਸ ਦੇ ਬਾਅਦ ਤਸ਼ੱਦਦ ਦੀ ਜਿਹੜੀ ਅਣਚਿਤਵੀ ਹਨੇਰੀ ਝੁਲੀ, ਉਸਨੇ ਨਾ ਕੇਵਲ ਸਾਰੇ ਦੇਸ਼ ਬਲਕਿ ਸੰਸਾਰ ਭਰ ਵਿੱਚ ਹਾਹਾਕਾਰ ਮਚਾ ਦਿੱਤੀ। ਇਸ ਵਿੱਚ ਇੰਗਲੈਂਡ ਤੋਂ ਆਏ ਪਾਦਰੀ, ਵੱਖ-ਵੱਖ ਧਰਮਾਂ ਅਤੇ ਰਾਜਨੀਤਕ ਆਗੂ ਇਸ ਦ੍ਰਿਸ਼ ਨੂੰ ਵੇਖ ਕੇ ਕੰਬ ਉਠੇ।
ਬੀ.ਟੀ. ਵਲੋਂ ਇਸ ਮੋਰਚੇ ਵਿੱਚ ਸਿਰਫ਼ ਸੁੰਮ ਵਾਲੀਆਂ ਡਾਂਗਾਂ ਨਾਲ ਹੀ ਨਹੀਂ ਸੀ ਕੁੱਟਿਆ ਜਾਂਦਾ ਬਲਕਿ ਹੰਟਰ ਮਾਰਨੇ, ਦਾੜ੍ਹੀ ਕੇਸ ਪੁਟਣੇ, ਜ਼ਖਮੀ ਸਿੰਘਾਂ ਨੂੰ ਧੂਹ ਕੇ ਛੱਪੜਾਂ ਅਤੇ ਨਹਿਰਾਂ ਵਿੱਚ ਸੁਟਣਾ, ਗੁਪਤ ਅੰਗਾਂ `ਤੇ ਸੱਟਾਂ ਮਾਰਨੀਆਂ ਆਦਿ ਸਾਰੇ ਵਹਿਸ਼ਿਆਨਾ ਕੰਮ ਕੀਤੇ ਗਏ। ਸੈਂਟਰਲ ਮਾਝਾ ਦੀਵਾਨ ਦੇ ਜਥੇ ਨਾਲ ਅੰਨ੍ਹੀ ਮਾਰ ਕੁਟਾਈ ਕੀਤੀ, ਉਹ ਸਹਾਰ ਲਈ; ਪਰ ਇਸ ਦੇ ਬਾਅਦ ਤਾਕਤ ਵਿੱਚ ਅੰਨ੍ਹੇ ਹੋਏ ਬੀ.ਟੀ. ਨੇ ਕਿਹਾ ਕਿ ਦੱਸੋ! ਤੁਹਾਡਾ ਗੁਰੂ ਗੋਬਿੰਦ ਸਿੰਘ ਕਿੱਥੇ ਹੈ? ਇਹ ਕਹਿ ਕੇ ਉਸ ਨੇ ਆਪਣੀ ਮੌਤ ਦੇ ਵਾਰੰਟਾਂ `ਤੇ ਖ਼ੁਦ ਦਸਤਖ਼ਤ ਕਰ ਦਿੱਤੇ।
ਅੰਮ੍ਰਿਤਸਰ ਸਾਹਿਬ ਦੀ ਖ਼ੈਰਦੀਨ ਦੀ ਮਸੀਤ ਵਿੱਚ ਇੱਕ ਬਹੁਤ ਵੱਡਾ ਜਲਸਾ ਮੁਨੱਕਦ ਕੀਤਾ ਗਿਆ, ਜਿੱਥੇ ਮੋਰਚੇ ਦੀ ਸਫ਼ਲਤਾ ਅਤੇ ਸਿੰਘਾਂ ਦੀ ਚੜ੍ਹਦੀ ਕਲਾ ਲਈ ਦੁਆ ਮੰਗੀ ਗਈ। ਕੋਈ ਤਬਕਾ ਐਸਾ ਨਹੀਂ ਰਿਹਾ, ਜਿਸਨੇ ਅੰਗਰੇਜ਼ਾਂ ਅਤੇ ਬੀ.ਟੀ. ਨੂੰ ਲਾਅਨਤਾਂ ਨਹੀਂ ਪਾਈਆਂ।
ਇਸ ਮੋਰਚੇ ਦੌਰਾਨ ਇੱਕ ਹੋਰ ਪ੍ਰਤੱਖ ਬਖਸ਼ਿਸ਼ ਹੋਈ ਜਦੋਂ ਸਿੰਘਾਂ `ਤੇ ਜ਼ੁਲਮ ਹੋ ਰਿਹਾ ਹੈ ਤਾਂ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਜ਼ ਦੇ ਪ੍ਰਤੱਖ ਦਰਸ਼ਨ ਹੋਏ।
ਅਕਾਲ ਤਖ਼ਤ ਸਾਹਿਬ ਤੋਂ ਹਰ ਹਾਲਤ ਵਿੱਚ ਸ਼ਾਂਤਮਈ ਰਹਿਣ ਦੀ ਅਰਦਾਸ ਕਰਕੇ ਸਿਰ `ਤੇ ਖੱਫਣ ਬੰਨ੍ਹ ਕੇ ਗੁਰੂ ਕੇ ਸੂਰਮੇ ਲਾਲ ਤੁਰਦੇ ਸਨ। ਉਨ੍ਹਾਂ ਦੇ ਗਾਤਰੇ ਸ੍ਰੀ ਸਾਹਿਬ ਹਨ। ਉਨ੍ਹਾਂ ਦੇ ਸਿਰਾਂ `ਤੇ ਸੁੰਮਾਂ ਵਾਲੀਆਂ ਡਾਂਗਾਂ ਵਰ੍ਹਦੀਆਂ ਸਨ। ਆਮ ਤੌਰ `ਤੇ ਜੇ ਕਿਸੇ ਨੂੰ ਕੋਈ ਸੋਟੀ ਮਾਰੇ ਤਾਂ ਆਪ ਮੁਹਾਰੇ ਉਸ ਦੇ ਹੱਥ ਹਿਲਣਗੇ, ਹੱਥ ਉਠਣਗੇ; ਪਰ ਹੈਰਾਨੀ ਦੀ ਇੰਤਹਾ ਹੋਈ ਕਿ ਉਨ੍ਹਾਂ ਜ਼ਿੰਦਾ ਸ਼ਹੀਦਾਂ ਦੇ ਹੱਥ ਜੁੜੇ ਹੋਏ ਹਨ, ਸਿਰ `ਤੇ ਡਾਂਗ ਵੱਜੀ ਹੈ, ਸਿਰ ਖੁੱਲ੍ਹ ਗਿਆ ਹੈ, ਖ਼ੂਨ ਦਾ ਫ਼ੱਵਾਰਾ ਚਲ ਪਿਆ ਹੈ, ਪਰ ਉਨ੍ਹਾਂ ਦੇ ਹੱਥ ਜੁੜੇ ਦੇ ਜੁੜੇ ਹਨ। ਇਹ ਕਿਹੋ ਜਿਹੇ ਹਠੀ ਹਨ, ਜਿਨ੍ਹਾਂ ਦੀ ਕਮਾਈ ਨੂੰ ਰੋਜ਼ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ।
ਤੈਨੂੰ ਮਾਣ ਹੈ ਜਾਬਰਾ ਗੋਲੀਆਂ `ਤੇ,
ਜੇਲ੍ਹਾਂ ਚੱਕੀਆਂ ਤੇ ਤੇਜ਼ ਕਾਤੀਆਂ `ਤੇ।
ਸਾਨੂੰ ਮਾਣ ਹੈ ਸਬਰ ਦੀ ਤੇਗ ਉਤੇ,
ਤੀਰ ਝਲਨੇ ਵਾਲੀਆਂ ਛਾਤੀਆਂ `ਤੇ। (ਵਿਧਾਤਾ ਸਿੰਘ ਤੀਰ)
ਡਾਂਗਾਂ ਦੀ ਮੋਹਲੇਧਾਰ ਬਰਖਾ ਨਾਲ ਉਹ ਧਰਤੀ `ਤੇ ਡਿੱਗ ਪੈਂਦੇ ਸਨ। ਉਨ੍ਹਾਂ ਦੇ ਉੱਤੇ ਘੋੜੇ ਦੌੜਾ ਕੇ ਉਨ੍ਹਾਂ ਦੀਆਂ ਸੁੰਮਾਂ ਨਾਲ ਲਤਾੜਿਆ ਜਾਂਦਾ। ਇਹ ਹੈ ਅਸਲੀ ਚਿਹਰਾ ਸੱਭਿਅਕ ਅਖਵਾਉਣ ਵਾਲੇ ਗੋਰਿਆਂ ਦਾ! ਪਰ ਨਾਲ ਹੀ ਇਹ ਸਨ ਇੱਕ ਅਕਾਲ ਦੇ ਉਪਾਸ਼ਕ ਧੰਨ ਅਕਾਲੀ। ਜੇ ਐਸੇ ਅਕਾਲੀਆਂ ਦੇ ਕਿਰਦਾਰ ਦਾ ਕਿਣਕਾ ਵੀ ਹੁਣ ਦੇ ਅਕਾਲੀਆਂ ਵਿੱਚ ਆ ਜਾਏ ਤਾਂ ਕੋਈ ਸੰਸਾ ਨਹੀਂ ਕਿ ਪੰਥ ਤੇਰੇ ਦੀਆਂ ਗੂੰਜਾ ਨਾ ਪੈਣ ਸਾਰੇ ਸੰਸਾਰ ਵਿੱਚ। ਰਾਖਾ ਆਪ ਅਕਾਲ ਅਕਾਲੀਆਂ ਦਾ। ਅਕਾਲੀ ਕਿਰਦਾਰ ਦੀ ਤਰਜਮਾਨੀ ਉਸ ਸਮੇਂ ਗਿਆਨੀ ਹੀਰਾ ਸਿੰਘ ਦਰਦ ਨੇ ਕੀਤੀ,
ਅੱਖਾਂ ਖੋਲ੍ਹੋ ਢਿਲੜ ਵੀਰੋ, ਆ ਗਿਆ ਫੇਰ ਅਕਾਲੀ ਜੇ।
ਝੰਡਾ ਫੜਿਆ ਹੱਥ ਸੱਚ ਦਾ, ਜੋਤ ਮਾਰਦੀ ਲਾਲੀ ਜੇ।
ਅੱਖੀਂ ਵੇਖ ਬੇਅਦਬੀ ਹੁੰਦੀ, ਬੀਰ ਨਾ ਕਦੀ ਸਹਾਰ ਸਕੇ।
ਜਿਸ ਨੇ ਸੀਸ ਤਲੀ `ਤੇ ਧਰਿਆ, ਉਸ ਨੂੰ ਕੋਈ ਨਾ ਮਾਰ ਸਕੇ।…
ਜੀਉਂਦੇ ਹੋਣ ਅਕਾਲੀ ਵਰਗੇ, ਕੌਮ ਕਦੀ ਨਾ ਹਾਰ ਸਕੇ।
ਇੱਕ ਅਕਾਲੀ ਬਾਝੋਂ ਯਾਰੋ, ਬਣ ਗਈ ਕੌਮ ਪਰਾਲੀ ਜੇ।
ਅੱਖਾਂ ਖੋਲ੍ਹੋ ਢਿਲੜ ਵੀਰੋ।…
ਅਗਸਤ 1922 ਵਿੱਚ ਗੁਰੂ ਕਾ ਬਾਗ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਗਿਆ। ਇੱਥੋਂ ਗੁਰੂ ਕੇ ਲੰਗਰ ਲਈ ਬਾਲਣ ਦੀਆਂ ਲੱਕੜਾਂ ਲਿਆਈਆਂ ਜਾਂਦੀਆਂ ਸਨ। ਪਰ ਮਹੰਤ ਦੀ ਰਿਪੋਰਟ `ਤੇ ਸਰਕਾਰ ਪੂਰੀ ਬੇਸ਼ਰਮੀ ਨਾਲ ਵਿਚਕਾਰ ਆ ਗਈ। ਫਿਰ ਸ਼ੁਰੂ ਹੋਇਆ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਕੇ ਬਾਗ ਵੱਲ ਜਾਣ ਵਾਲੇ ਜਥਿਆਂ `ਤੇ ਤਸ਼ੱਦਦ। ਸਿੰਘਾਂ ਨੂੰ ਬੇਤਹਾਸ਼ਾ ਅਤੇ ਵਹਿਸ਼ਿਆਨਾ ਢੰਗ ਨਾਲ ਕੁਟਿਆ ਜਾਂਦਾ, ਡਾਂਗਾਂ ਨਾਲ ਫੇਹਾ ਜਾਂਦਾ, ਰਫਲਾਂ ਦੇ ਬੱਟ ਮਾਰੇ ਜਾਂਦੇ; ਪਰ ਸਿੰਘ ਹੱਥ ਜੋੜ ਵਾਹਿਗੁਰੂ ਵਾਹਿਗੁਰੂ ਦੇ ਇਲਾਵਾ ਕੋਈ ਲਫ਼ਜ਼ ਨਾ ਬੋਲਦੇ। ਇਸ ਸਮੇਂ ਅਖਬਾਰਾਂ ਦੇ ਐਡੀਟਰ, ਹਕੀਮ ਅਜਮਲ ਖਾਨ ਤੇ ਹੋਰ ਰਾਜਨੀਤਕ ਆਗੂ ਮੌਕੇ `ਤੇ ਪਹੁੰਚ ਕੇ ਨਮ ਅੱਖਾਂ ਨਾਲ ਇਹ ਸਭ ਕੁਝ ਵੇਖਦੇ। ਜ਼ਿਮੀਂਦਾਰ ਦੇ ਐਡੀਟਰ ਮੌਲਾਨਾ ਜ਼ਫਰ ਅਲੀ ਅਤੇ ਲਾਲਾ ਮੇਲਾ ਰਾਮ ਵਫ਼ਾ ਨੇ ਕਵਿਤਾਵਾਂ ਲਿਖੀਆਂ। ਪੰਡਤ ਮਦਨ ਮੋਹਨ ਮਾਲਵੀਯ ਨੇ ਕਿਹਾ ਕਿ ਹਰ ਇੱਕ ਡਾਂਗ ਬ੍ਰਿਟਿਸ਼ ਸਰਕਾਰ ਦੀਆਂ ਜੜ੍ਹਾਂ ਉਤੇ ਵਾਰ ਸਾਬਤ ਹੋਏਗਾ। 12 ਸਤੰਬਰ ਨੂੰ ਪਾਦਰੀ ਸੀ. ਐਫ਼. ਐਂਡਰੀਉ ਨੇ ਹਾਜ਼ਰ ਹੋ ਕੇ ਇਹ ਸਾਰਾ ਦ੍ਰਿਸ਼ ਵੇਖਿਆ ਅਤੇ ਕਈ ਲੇਖ ਲਿਖੇ। ਉਸ ਨੇ ਕੁਰਲਾ ਕੇ ਕਿਹਾ ਕਿ ਕਾਲੀਆਂ ਪਗੜੀਆਂ ਵਾਲੇ ਇਨ੍ਹਾਂ ਨਿਰਦੋਸ਼ ਨਿਹੱਥੇ ਸਿੱਖਾਂ ਉੱਤੇ ਪਿੱਤਲ ਦੀਆਂ ਸੁੰਮਾਂ ਵਾਲੀਆਂ ਡਾਂਗਾਂ ਨਾਲ ਕਾਇਰਾਨਾ ਹਮਲਾ ਕੀਤਾ ਜਾ ਰਿਹਾ ਹੈ। ਉਸ ਨੇ ਸਰਕਾਰ ਨੂੰ ਵੀ ਲਿਖਿਆ ਕਿ ਇਹ ਡਾਂਗਾ ਈਸਾ ਮਸੀਹ `ਤੇ ਵਰ੍ਹਦੀਆਂ ਵੇਖ ਰਿਹਾ ਹਾਂ।
ਇਹ ਉਹ ਅਕਾਲੀ ਸੂਰਮੇ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਕਾਲੀ ਦਲ ਹੋਂਦ ਵਿੱਚ ਆਇਆ। ਪੰਡਤ ਲਾਲਾ ਮੇਲਾ ਰਾਮ ਵਫ਼ਾ ਨੇ ਉਸ ਸਮੇਂ ਲਿਖਿਆ,
ਤੇਰੀ ਕੁਰਬਾਨੀਉਂ ਕੀ ਧੂਮ ਹੈ ਆਜ ਇਸ ਜ਼ਮਾਨੇ ਮੇਂ,
ਬਹਾਦਰ ਹੈ ਅਗਰ ਕੋਈ ਤੋ ਵੋਹ ਤੂ ਅਕਾਲੀ ਹੈ।…
ਬੜੀ ਤਾਰੀਫ਼ ਕੇ ਕਾਬਲ ਤੇਰੀ ਹਿੰਮਤ ਓ ਜੁਰਅਤ,
ਜਦੋ ਜਹਿਦ ਆਜ਼ਾਦੀ ਮੇਂ ਤੂੰ ਨੇ ਜਾਨ ਡਾਲੀ ਹੈ।
ਕੀਆ ਹੈ ਜ਼ਿੰਦਾ ਤੂੰ ਨੇ ਰਵਾਇਆਤੇ ਗੁਜ਼ੱਸ਼ਤਾ ਕੋ,
ਸਿਤਮਗਰੋਂ ਸੇ ਤੂੰ ਨੇ ਕੌਮ ਕੀ ਇੱਜ਼ਤ ਬਚਾ ਲੀ ਹੈ।
ਜ਼ਾਲਿਮੋਂ ਕੀ ਲਾਠੀਆਂ ਤੂੰ ਨੇ ਸਹੀ ਸੀਨਾਏ ਸਪਰ ਹੋ ਕਰ,
ਲੁਤਫ਼ ਇਸ ਪੈ ਕਿ ਲਬ ਪਹਿ ਸ਼ਿਕਾਇਤ ਹੈ ਨਾ ਗਾਲੀ ਹੈ।
ਇਸ ਅਕਾਲੀ ਲਹਿਰ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਆਪਣੀ ਗ੍ਰਿਫਤਾਰੀ ਦਿੱਤੀ ਅਤੇ ਨਾਭੇ ਜੇਲ੍ਹ ਵਿੱਚ ਕੈਦ ਕੱਟੀ। ਪੰਡਤ ਨਹਿਰੂ ਨੇ ਲਿਖਿਆ ਕਿ ਅਕਾਲੀਆਂ ਦੇ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ; ਪਰ ਇਤਿਹਾਸ ਕੇਵਲ ਆਪਣੀ ਚਾਲ ਹੀ ਨਹੀਂ ਚਲਦਾ ਬਲਕਿ ਜਦੋਂ ਸੱਤਾ ਦੀ ਵਾਗਡੋਰ ਪੰਡਤ ਨਹਿਰੂ ਦੇ ਹੱਥ ਆਈ ਤਾਂ ਇਹ ਗੁਰੂ ਕੇ ਬਾਗ ਵਰਗਾ ਜ਼ੁਲਮ ਸਿੱਖਾਂ ਦੇ ਉੱਤੇ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਲਿਸ ਦਾਖ਼ਲ ਕਰਵਾ ਕੇ ਅਤੇ ਮੁੜ 12 ਜੂਨ 1960 ਨੂੰ ਦਿੱਲੀ ਦੀਆਂ ਸੜਕਾਂ `ਤੇ ਨਿਹੱਥੇ ਸਿੱਖਾਂ ਦਾ ਖੂਨ ਡੋਲਿ੍ਹਆ ਗਿਆ। ਫਰਕ ਸਿਰਫ਼ ਇਤਨਾ ਸੀ ਕਿ ਸਿੱਖ ਤਾਂ ਉਹੀ ਸਨ, ਹਾਕਮ ਬਦਲ ਚੁਕੇ ਸਨ।
ਅੰਗ+ਰੇਜ਼ੀ, ਅੰਗਰੇਜ਼ੀ ਹਕੂਮਤ ਦੇ ਬੀ.ਟੀ. ਦੀਆਂ ਡਾਂਗਾਂ ਦੇ ਜਿਹੜੇ ਵਹਿਸ਼ਿਆਨਾ ਤਸ਼ੱਦਦ, ਜ਼ੁਲਮ, ਕਹਿਰ ਗੁਰੂ ਰੂਪ ਖ਼ਾਲਸੇ ਨੇ ਆਪਣੇ ਸਰੀਰ `ਤੇ ਹੰਢਾਏ, ਉਸ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਮੁੜ ਪ੍ਰਰੱਖ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਤੋਂ ਲੈ ਕੇ ਬਾਕਾਇਦਾ ਕਾਨੂੰਨੀ ਮਾਨਤਾ ਪ੍ਰਾਪਤ ਹੋਣ ਦੇ ਵਿਚਕਾਰ ਦਾ ਇਹ ਸਮਾਂ ਬਹੁਤ ਹੀ ਭਾਰਾ ਸੀ। ਸਿੰਘਾਂ ਦੇ ਸਿਰੜ ਨੂੰ ਪਰਖਣ ਅਤੇ ਕੁਚਲਣ ਲਈ ਸਰਕਾਰ ਨੇ ਆਪਣੀ ਪੂਰੀ ਤਾਕਤ ਝੌਂਕ ਦਿੱਤੀ। ਮੁੱਦਾ ਸਿਰਫ਼ ਇਤਨਾ ਸੀ ਕਿ ਕੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਲੰਗਰ ਲਈ ਲੱਕੜਾਂ ਲਿਜਾਣ ਦਾ ਹੱਕ ਵੀ ਸਿੱਖਾਂ ਨੂੰ ਹੈ ਜਾਂ ਨਹੀਂ!
ਉਸ ਸਮੇਂ ਹੁੰਦੇ ਤਸ਼ੱਦਦ ਨੂੰ ਸਾਰੇ ਸੰਸਾਰ ਨੇ ਵੇਖਿਆ ਅਤੇ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ। ਪਾਦਰੀ ਸੀ. ਐਫ਼ ਐਂਡਰਿਉ, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹਰ ਇੱਕ ਨੇ ਹਕੂਮਤ `ਤੇ ਲਾਅਨਤ ਪਾਈ।
ਇਸ ਮੋਰਚੇ ਦੌਰਾਨ ਇੱਕ ਨੌਜਵਾਨ ਨੂੰ ਬੀ.ਟੀ. ਗੋਰਖੇ ਸਿਪਾਹੀਆਂ ਕੋਲੋਂ ਬੇ-ਦਰਦੀ ਨਾਲ ਕੁਟਵਾ ਰਿਹਾ ਸੀ। ਅਚਾਨਕ ਉਸ ਨੌਜਵਾਨ ਨੇ ਉਨ੍ਹਾਂ ਦੋਹਾਂ ਸਿਪਾਹੀਆਂ ਨੂੰ ਆਪਣੀਆਂ ਕੱਛਾਂ ਵਿੱਚ ਚੁੱਕਿਆ ਅਤੇ ਬੀ.ਟੀ. ਕੋਲ ਲਿਜਾ ਕੇ ਕਹਿਣ ਲੱਗਾ ਕਿ ਅਕਾਲ ਤਖ਼ਤ ਸਾਹਿਬ `ਤੇ ਕੀਤੇ ਅਰਦਾਸੇ ਦਾ ਜ਼ਾਬਤਾ ਨਾ ਹੁੰਦਾ ਤਾਂ ਹੁਣੇ ਪਤਾ ਲੱਗ ਜਾਣਾ ਸੀ।
ਅਕਾਲੀਆਂ ਦੀਆਂ ਕੁਰਬਾਨੀਆਂ ਅਤੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਮਦਰਾਸ ਦੇ ਜੀ. ਏ. ਸੁੰਦਰਮ ਨੇ ਅੰਗਰੇਜ਼ੀ ਵਿੱਚ ਇੱਕ ਕਿਤਾਬ ‘ਗੁਰੂ ਕਾ ਬਾਗ ਸਤਿਆਗ੍ਰਹਿ’ ਲਿਖੀ। ਇਸ ਵਿੱਚ ਆਜ਼ਾਦੀ ਘੁਲਾਟੀਏ ਹਰਿੰਦਰਨਾਥ ਚਟੋਪਾਧਿਆਏ ਨੇ ਇੱਕ ਨਜ਼ਮ ਲਿਖੀ, ‘ਸਾਂਗ ਆਫ਼ ਦ ਅਕਾਲੀਜ਼।’ ਇਸ ਵਿੱਚ ਕਿਹਾ ਕਿ ਇਸ ਮੋਰਚੇ ਵਿੱਚ ਸਿੰਘਾਂ ਦੇ ਸਰੀਰ ਨਹੀਂ ਬਲਕਿ ਉਨ੍ਹਾਂ ਦੀਆਂ ਰੂਹਾਂ ਲੜ ਰਹੀਆਂ ਹਨ ਤੇ ਰੂਹਾਂ ਜਿੱਤੀਆਂ ਨਹੀਂ ਜਾ ਸਕਦੀਆਂ।
ਪੇਸ਼ ਹੈ, ਇਸ ਕਵਿਤਾ ਦਾ ਪੰਜਾਬੀ ਰੂਪ:
ਅਕਾਲੀਆਂ ਦਾ ਜਯ ਗੀਤ
ਟਿੱਲ ਲਾ ਲੈ ਜੋ ਤੂੰ ਲਾਵਣਾ ਏ
ਨਹੀਂ ਮੋੜਨਾ ਕਦਮ ਪਿਛਾਂਹ ਇੱਕ ਵੀ,
ਇਹ ਰਣ-ਜੂਝ ਦੀ ਗੁੜ੍ਹਤੀ ਸਰੀਰਾਂ ਦੀ ਨਹੀਂ, ਰੂਹ ਦੀ ਏ।
ਤੇਰੇ ਬੇਜਾਨ ਹਥਿਆਰ ਕਿਵੇਂ ਹਟਕਾਉਣਗੇ,
ਤਖ਼ਤ ਅਕਾਲ `ਤੇ ਸੋਧੇ ਇਸ ਜ਼ਾਬਤੇ ਦੇ ਅਰਦਾਸੇ ਤੋਂ।
ਸਾਡੀਆਂ ਦੇਹਾਂ? …ਅਡੋਲ ਆਤਮਾ ਨੂੰ ਵਲੇਟੀ ਕੇਵਲ ਮਿੱਟੀ ਦੇ ਓਹਲੇ,
ਕੀ ਜਾਣੇ ਇਹ ਸੁੰਨ ਮਿੱਟੀ, ਜ਼ਖਮਾਂ, ਪੀੜਾਂ, ਦੁਖਾਂ, ਤਕਲੀਫਾਂ ਦੀ ਤਾਬ।
ਅਬਿਨਾਸ਼ੀ ਹੋ ਚੁਕੀ ਇਹ ਪ੍ਰੇਮ ਪ੍ਰੋਤੀ ਰੂਹ,
ਹੋ ਸੁਰਗ ਨਰਕ ਤੋਂ ਮੰਜ਼ਿਲਾਂ ਦੂਰ, ਛੰਡ ਚੁਕੀ ਹੈ ਭੈ ਦੇ ਕਾਲੇ ਬੱਦਲ।
ਇੱਥੇ ਇੱਕ ਨਹੀਂ ਹਰ ਯੋਧਾ ਬੰਦ ਬੰਦ ਪੇਸ਼ ਕਰਨ ਲਈ ਹੈ ਬੇਤਾਬ,
ਤੇਰੀ ਬੇਵਸ ਹੰਕਾਰੀ ਹਵਸ ਤੋਂ ਲਤਾੜੇ ਜਾਣ ਲਈ,
ਇਹ ਦਰਗਾਹੀ ਰੂਹਾਂ ਅਲਾਅ ਰਹੀਆਂ ਹਨ ‘ਰਣੰਜੀਤ` ਦੇ ਤਰਾਨੇ।
ਸ਼ਿੰਗਾਰੀ ਜਾ ਤੂੰ ਸਾਡੀ ਮਿਝ ਅਤੇ ਰਤ ਨਾਲ ਆਪਣੇ ਦੋਜ਼ਖ ਦੇ ਹਨੇਰੇ ਪੈਂਡੇ,
ਖਿੜੇ ਮੱਥੇ ਖੁੰਡੀਆਂ ਕਰੀਂ ਜਾਨੇਂ ਆਂ ਤੇਰੀਆਂ ਤਲਵਾਰਾਂ ਦੀਆਂ ਧਾਰਾਂ।
ਤੂੰ ਬੰਨ ਸਕੇਂਗਾ ਆਜ਼ਾਦ ਆਤਮਾ ਨੂੰ ਸੰਗਲਾਂ ਨਾਲ?
ਭਰ ਲੈ ਪਾਪ ਦੇ ਕਾਸੇ ਸਾਡੇ ਪਾਵਨ ਲਹੂ ਦੀਆਂ ਧਾਰਾਂ ਨਾਲ,
ਸਦੀ ਦੇ ਲਗੇ ਹੋਏ ਦਾਗਾਂ ਨੂੰ ਧੋਣ ਹਿਤ।
ਸਾਡੇ ਜਲੌ ਅਤੇ ਸ਼ਾਹੀ ਜਲਵੇ ਦੇ ਜਲਾਲ ਨੂੰ ਕਿਵੇਂ ਪਾਏਂਗਾ ਮਾਤ,
ਜੋ ਪਾਵਨ ‘ਮਦਰ ਦੇਸ’ ਹਿਤ ਦੁੱਖ ਸਹਿਣ ਲਈ ਹੈ ਚੇਤੰਨ?
ਕਰ ਸਕਦਾ ਹੈਂ ਕੀ ਤੂੰ? ਸਿਦਕ ਭਰੋਸਾ ਸਾਡਾ ਹੈ ਸਮਰੱਥ,
ਅੱਗ ਸ਼ੂਕਦੇ ਤੇਰੇ ਹਥਿਆਰਾਂ ਨੂੰ ਭਸਮਾਉਣ ਲਈ
(ਮੂਲ: ਹਰਿੰਦਰਨਾਥ ਚਟੋਪਾਧਿਆਏ; ਪੰਜਾਬੀ ਉਲਥਾ: ਗੁਰਚਰਨਜੀਤ ਸਿੰਘ ਲਾਂਬਾ)
ਇਸ ਸਾਰੇ ਜ਼ੁਲਮੋ ਤਸ਼ੱਦਦ ਦਾ ਚੰਦੂ ਰਿਆਸਤ ਪਟਿਆਲੇ ਦੇ ਪਿੰਡ ਚੱਢੇ ਦਾ ਰਹਿਣ ਵਾਲਾ ਪੁਲਿਸ ਕਪਤਾਨ ਬੀ.ਟੀ. ਸੀ। ਉਸ ਦੀ ਦੁਸ਼ਮਣੀ ਉਸ ਦੇ ਰਿਸ਼ਤੇਦਾਰ ਕਾਕਾ ਸਿੰਘ ਨਾਲ ਸੀ।
ਹੁਣ ਵੇਲਾ ਆ ਗਿਆ ਬੀ.ਟੀ. ਵਲੋਂ ਪਾਈ ਭਾਜੀ ਮੋੜਨ ਦਾ। ਬੱਬਰ ਅਕਾਲੀ ਕਰਤਾਰ ਸਿੰਘ ਛੀਨਾਵਾਲ, ਭੋਲਾ ਸਿੰਘ ਲੋਹਾ ਖੇੜਾ, ਕੁੰਢਾ ਸਿੰਘ ਗਾਜ਼ੀਆਣਾ ਅਤੇ ਫ਼ਜ਼ਲਾ ਘੁੰਮਣ ਨੇ ਪੁਲਿਸ ਦੀ ਵਰਦੀ ਪਾਈ ਤੇ ਬੀ.ਟੀ. ਦੇ ਦੁਸ਼ਮਣ ਕਾਕਾ ਸਿੰਘ ਨੂੰ ਰਲਾਇਆ। ਉਹ ਉਸ ਨੂੰ ਧੂਹੰਦੇ ਅਤੇ ਮਾਰ ਕੁਟਾਈ ਕਰਦੇ ਹੋਏ ਬੀ.ਟੀ. ਦੀ ਕੋਠੀ ਲਿਜਾ ਕੇ ਉਸ ਦੇ ਪੈਰਾਂ ਵਿੱਚ ਸੁੱਟਿਆ। ਕਾਕਾ ਸਿੰਘ ਨੂੰ ਕਿਹਾ ਸਾਹਬ ਦੇ ਪੈਰੀਂ ਪੈ ਕੇ ਮੰਗ ਮਾਫੀ। ਕਾਕਾ ਸਿੰਘ ਜਦੋਂ ਬੀ.ਟੀ. ਦੇ ਪੈਰੀਂ ਪਿਆ, ਉਸ ਨੇ ਪੈਰ ਫੜੇ ਅਤੇ ਉਸਨੂੰ ਲੱਤਾਂ ਤੋਂ ਉਲਟਾ ਦਿੱਤਾ। ਬਸ ਇਸ ਵੇਲੇ ਉਨ੍ਹਾਂ ਸਿੰਘਾਂ ਨੇ ਗੋਲੀਆਂ ਨਾਲ ਬੀ.ਟੀ. ਭੁੰਨ ਦਿੱਤਾ।
ਹੁਣ ਵਾਰੀ ਸੀ ਬੀ.ਟੀ. ਦੇ ਕਾਤਲ ਨੂੰ ਸਨਮਾਨ ਦੇਣ ਦੀ। ਬਾਬਾ ਛੀਨਾ ਵਾਲ ਤੇ ਲੋਹਾਖੇੜਾ ਉਮਰ ਕੈਦ ਭੋਗ ਕੇ ਰਿਹਾਅ ਹੋਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੇ 27 ਨਵੰਬਰ 1959 ਦੇ ਜਨਰਲ ਇਜਲਾਸ ਵਿੱਚ ਇਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਮਤਾ ਪਾਸ ਕੀਤਾ, ਜੋ ਪੰਜਾਹ ਸਾਲਾ ਇਤਿਹਾਸ ਦੇ ਪੰਨਾ 304 `ਤੇ ਅੰਕਿਤ ਹੈ।
(1) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇਜਲਾਸ ਬਾਬਾ ਕਰਤਾਰ ਸਿੰਘ ਛੀਨੇਵਾਲ ਤੇ ਬਾਬਾ ਭੋਲਾ ਸਿੰਘ ਲੋਹਾ ਖੇੜਾ ਜ਼ਿਲਾ ਸੰਗਰੂਰ ਦੀ ਉਸ ਸੇਵਾ ਦੀ ਪ੍ਰਸੰLਸਾ ਕਰਦਾ ਹੈ ਕਿ ਜੋ ਉਨ੍ਹਾਂ ਨੇ ਅਕਾਲੀ ਲਹਿਰ ਸਮੇਂ ਗੁਰੂ ਕੇ ਬਾਗ ਦੇ ਮੋਰਚੇ ਅਤੇ ਅਤਿਆਚਾਰੀ ਮਿਸਟਰ ਬੀ.ਟੀ. ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਕੱਟ ਕੇ ਕੀਤੀ ਤੇ ਉਸ ਕੈਦ ਵਿੱਚੋਂ ਉਹ ਹੁਣੇ ਰਿਹਾਅ ਹੋਏ ਹਨ।
(2) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੇਸ਼ ਭਗਤਾਂ ਨੂੰ ਖੁੱਲ੍ਹੀ ਸਹਾਇਤਾ ਦੇਵੇ ਤਾਂਕਿ ਇਹ ਆਪਣੀ ਬਕਾਇਆ ਜ਼ਿੰਦਗੀ ਸੁਖ ਨਾਲ ਬਤੀਤ ਕਰ ਸਕਣ।
ਸਮਾਂ ਬਦਲ ਗਿਆ, ਪਾਤਰ ਬਦਲ ਗਏ; ਪਰ ਪੰਥਕ ਹਾਲਾਤ ਨਹੀਂ ਬਦਲੇ। ਅਕਾਲੀ ਲਹਿਰ ਅਤੇ ਵਿਸ਼ੇਸ਼ ਕਰ ਗੁਰੂ ਕੇ ਬਾਗ ਦੇ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਮਹਾਨ ਅਕਾਲੀ ਲਫ਼ਜ਼ ਦੇ ਕਿਣਕਾ ਮਾਤਰ ਗੁਣ ਹਾਸਲ ਕਰਨ ਦਾ ਅਤੇ ਗੁਰਦੁਆਰਿਆਂ ਵਿੱਚ ਸਿੱਧੇ-ਅਸਿੱਧੇ ਤੌਰ `ਤੇ ਸਰਕਾਰੀ ਦਖ਼ਲਅੰਦਾਜ਼ੀ ਨੂੰ ਠੱਲ੍ਹ ਪਾਉਣ ਦਾ ਸਮਾਂ ਹੈ!