ਸੁਰੱਖਿਆ ਦੇ ਘੇਰੇ

ਆਮ-ਖਾਸ ਸਿਆਸੀ ਹਲਚਲ

ਚਰਨਜੀਤ ਕੌਰ ਸੰਧੂ
ਡੌਨਲਡ ਟਰੰਪ ਦੀ ਸੁਰੱਖਿਆ ਵਿੱਚ ਕੋਤਾਹੀ ਦੀ ਜ਼ਿੰਮੇਵਾਰੀ ਲੈਂਦਿਆਂ ਅਮਰੀਕਾ ਦੀ ਸੁਰੱਖਿਆ ਏਜੰਸੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿਮ ਸ਼ੀਟਲ ਵੱਲੋਂ ਟਰੰਪ ਦੀ ਸੁਰੱਖਿਆ ਵਿੱਚ ਨਾਕਾਮ ਰਹਿਣ ਕਰਕੇ ਅਸਤੀਫਾ ਦੇ ਦਿੱਤਾ ਹੈ। ਟਰੰਪ ਉੱਪਰ ਹੋਏ ਹਮਲੇ ਤੋਂ ਬਾਅਦ ਕਿਮ ਸ਼ੀਟਲ ਡੈਮੋਕ੍ਰੇਟਸ ਅਤੇ ਰਿਪਬਲੀਕਨਜ਼ ਦੀ ਆਲੋਚਨਾ ਸਹਿ ਰਹੇ ਸਨ। ਜ਼ਿਕਰਯੋਗ ਹੈ ਕਿ ਪੈਨਸਿਲਵੇਨੀਆ ਸੂਬੇ ਵਿੱਚ ਜਦੋਂ ਡੌਨਲਡ ਟਰੰਪ ਉੱਤੇ ਹਮਲਾ ਹੋਇਆ, ਉਹ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੇ ਨੇੜੇ ਇੱਕ ਛੱਤ ਉੱਤੇ ਖੜ੍ਹੇ ਵਿਅਕਤੀ ਨੇ ਉਨ੍ਹਾਂ ਉੱਤੇ ਗੋਲ਼ੀ ਚਲਾਈ ਜਿਸ ਦੇ ਛਰ੍ਹੇ ਉਨ੍ਹਾਂ ਦੇ ਕੰਨ ਉੱਤੇ ਲੱਗੇ ਸਨ, ਪਰ ਉਨ੍ਹਾਂ ਦੀ ਜਾਨ ਬਚ ਗਈ।

ਅਮਰੀਕਾ ਵਿੱਚ ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੇਸ ਦੀ ਜਿਸ ਏਜੰਸੀ ਕੋਲ ਹੁੰਦੀ ਹੈ, ਉਸ ਨੂੰ ਸੀਕਰੇਟ ਸਰਵਿਸ ਕਿਹਾ ਜਾਂਦਾ ਹੈ। ਡੌਨਲਡ ਟਰੰਪ `ਤੇ ਹੋਏ ਹਮਲੇ ਤੋਂ ਬਾਅਦ ਸੀਕਰੇਟ ਸਰਵਿਸ ਦੀ ਕਾਰਗੁਜ਼ਾਰੀ, ਸੁਰੱਖਿਆ ਰਣਨੀਤੀ ਅਤੇ ਮੁਸਤੈਦੀ ਉੱਤੇ ਸਵਾਲ ਖੜ੍ਹੇ ਹੋਏ ਸਨ। ਦਰਅਸਲ ਤਤਕਾਲ ਵਿੱਚ ਅਮਰੀਕਾ ਨੇ ਆਪਣੇ ਚਾਰ ਰਾਸ਼ਟਰਪਤੀਆਂ ਦਾ ਕਤਲ ਦੇਖਿਆ ਹੈ। 1865 `ਚ ਅਬਰਾਹਿਮ ਲਿੰਕਨ, 1881 `ਚ ਜੇਮਜ਼ ਏ. ਗਾਰਫਿਲਡ, 1901 `ਚ ਵਿਲੀਅਮ ਮੈਕਿਨਲੇ ਅਤੇ 1963 `ਚ ਜੌਨ ਐਫ. ਕੈਨੇਡੀ ਦਾ ਕਤਲ ਹੋਇਆ ਸੀ। ਇਸ ਦੇ ਨਾਲ ਹੀ 43 ਸਾਲ ਪਹਿਲਾਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਵੀ ਇੱਕ ਹਮਲਾਵਰ ਨੇ ਗੋਲੀ ਮਾਰੀ ਸੀ, ਪਰ ਉਨ੍ਹਾਂ ਦੀ ਜਾਨ ਬਚ ਗਈ ਸੀ। ਟਰੰਪ ਉੱਤੇ ਹੋਏ ਹਮਲੇ ਨੇ ਚਾਰ ਦਹਾਕੇ ਬਾਅਦ ਅਮਰੀਕੀ ਏਜੰਸੀਆਂ ਅੱਗੇ ਮੁੜ ਉਹੀ ਸਵਾਲ ਖੜ੍ਹਾ ਕਰ ਦਿੱਤਾ ਕਿ ਸੀਕਰੇਟ ਏਜੰਸੀ ਕਿੰਨੀ ਕੁ ਮੁਸਤੈਦ ਹੈ? ਸਵਾਲ ਹੈ ਕਿ ਸੁਰੱਖਿਆ ਏਜੰਸੀਆਂ ਨੇ ਜਿਸ ਥਾਂ ਨੂੰ ਡੌਨਲਡ ਟਰੰਪ ਲਈ ਮਹਿਫੂਜ਼ ਬਣਾਇਆ ਸੀ, ਉੱਥੇ ਮੰਚ `ਤੇ ਖੜ੍ਹੇ ਟਰੰਪ `ਤੇ ਹਮਲਾਵਰ ਨੇ ਚਾਰ ਗੋਲੀਆਂ ਕਿਵੇਂ ਦਾਗੀਆਂ? ਸੁਰੱਖਿਆ ਵਿੱਚ ਸੀਕਰੇਟ ਸਰਵਿਸ ਨੇ ਇੰਨੀ ਗੰਭੀਰ ਕੋਤਾਹੀ ਕਿਵੇਂ ਕੀਤੀ?
ਸੀਕਰੇਟ ਸਰਵਿਸ `ਤੇ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਕੀ ਹੈ ਅਤੇ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ? ਇਸ ਤੋਂ ਇਲਾਵਾ ਭਾਰਤੀ ਪ੍ਰਧਾਨ ਮੰਤਰੀਆਂ ਦੀ ਸੁਰੱਖਿਆ ਲਈ ਬਣੀ ਏਜੰਸੀ ਐੱਸ.ਪੀ.ਜੀ. ਕੀ ਹੈ ਅਤੇ ਇਸ ਦੀਆਂ ਕੀ ਜ਼ਿੰਮੇਵਾਰੀਆਂ ਹਨ? ਬਾਰੇ ਵੀ ਚਰਚਾ ਕਰਾਂਗੇ। ਸੀਕਰੇਟ ਸਰਵਿਸ ਏਜੰਸੀ 1865 ਵਿੱਚ ਬਣੀ ਸੀ, ਪਰ 1901 ਤੋਂ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਦਾ ਕੰਮ ਸੌਂਪਿਆ ਗਿਆ ਸੀ। ਇਸ ਤੋਂ ਪਹਿਲਾਂ ਇਸ ਏਜੰਸੀ ਦੀ ਜ਼ਿੰਮੇਵਾਰੀ ਅਮਰੀਕਾ ਦੇ ਵਿੱਤੀ ਢਾਂਚੇ ਨੂੰ ਸਥਿਰ ਕਰਨ ਲਈ ਜਾਲਸਾਜ਼ੀ ਰੋਕਣਾ ਸੀ; ਪਰ 1901 ਵਿੱਚ ਅਮਰੀਕੀ ਰਾਸ਼ਟਰਪਤੀ ਵਿਲੀਅਮ ਮੈਕਿਨਲੇ ਦੇ ਕਤਲ ਤੋਂ ਬਾਅਦ ਸੀਕਰੇਟ ਸਰਵਿਸ ਨੂੰ ਰਾਸ਼ਟਰਪਤੀ ਸਣੇ ਕਈ ਹੋਰ ਅਹਿਮ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਵੀ ਸੌਂਪ ਦਿੱਤਾ ਗਿਆ ਸੀ। ਲਗਭਗ 7000 ਹਜ਼ਾਰ ਏਜੰਟ ਅਤੇ ਅਫਸਰ ਸੀਕਰੇਟ ਸਰਵਿਸ ਵਿੱਚ ਕੰਮ ਕਰਦੇ ਹਨ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ 3200 ਸਪੈਸ਼ਲ ਏਜੰਟਸ, 1300 ਅਫ਼ਸਰ, 2000 ਤਕਨੀਕੀ ਮਾਹਰ ਅਤੇ ਹੋਰ ਸਟਾਫ ਹੁੰਦਾ ਹੈ। ਇਸਦੀ ਟ੍ਰੇਨਿੰਗ ਦੁਨੀਆਂ ਦੀਆਂ ਸਭ ਤੋਂ ਮੁਸ਼ਕਿਲ ਸਿਖਲਾਈਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ।
ਯੂ.ਐੱਸ.ਏ. ਸੀਕਰੇਟ ਸਰਵਿਸ ਦੀ ਅਧਿਕਾਰਤ ਵੈੱਬਸਾਈਟ `ਤੇ ਦਿੱਤੀ ਜਾਣਕਾਰੀ ਮੁਤਾਬਕ ਇਹ ਏਜੰਸੀ, ਜਿਸ ਵਿਅਕਤੀ ਦੀ ਸੁਰੱਖਿਆ ਕਰਦੀ ਹੈ, ਉਸ ਨੂੰ ਸਰੀਰਕ ਸੁਰੱਖਿਆ ਦੇ ਇਲਾਵਾ ਏਅਰ ਸਪੇਸ, ਸਾਇਬਰ ਸਿਸਟਮ, ਰਸਾਇਣਕ ਅਤੇ ਜੈਵਿਕ ਹਥਿਆਰਾਂ ਦੇ ਹਮਲਿਆਂ ਤੋਂ ਵੀ ਸੁਰੱਖਿਅਤ ਕਰਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਸੀਕਰੇਟ ਸਰਵਿਸ ਦੇ ਸਥਾਈ ਪ੍ਰੋਟੈਕਟੀਜ਼ ਹੁੰਦੇ ਹਨ, ਜਿਨ੍ਹਾਂ ਲਈ ਪੱਕੇ ਤੌਰ `ਤੇ ਸਪੈਸ਼ਟਲ ਏਜੰਟ ਤਾਇਨਾਤ ਹੁੰਦੇ ਹਨ। 1965 ਵਿੱਚ ਅਮਰੀਕੀ ਕਾਂਗਰਸ ਨੇ ਸਾਬਕਾ ਰਾਸ਼ਟਰਪਤੀ, ਉਨ੍ਹਾਂ ਦੇ ਪਤੀ ਜਾਂ ਪਤਨੀ ਅਤੇ 16 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਸੀਕਰੇਟ ਸਰਵਿਸ ਦੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ। ਉਂਜ ਜੇ ਉਹ ਚਾਹੁਣ ਤਾਂ ਸੁਰੱਖਿਆ ਲੈਣ ਤੋਂ ਇਨਕਾਰ ਵੀ ਕਰ ਸਕਦੇ ਹਨ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਪਤੀ ਜਾਂ ਪਤਨੀ ਵੀ ਸੀਕਰੇਟ ਸੁਰੱਖਿਆ ਹਾਸਿਲ ਕਰ ਸਕਦੇ ਹਨ।
ਚੇਤੇ ਰਹੇ, ਅਮਰੀਕਾ ਦੇ ਰਾਸ਼ਟਰਪਤੀ ਦਾ ਤਿੰਨ ਲੇਅਰ ਦਾ ਸੁਰੱਖਿਆ ਘੇਰਾ ਹੁੰਦਾ ਹੈ। ਸਭ ਤੋਂ ਅੰਦਰ ਰਾਸ਼ਟਰਪਤੀ ਦੇ ਪ੍ਰੋਟੈਕਟਿਵ ਡਵੀਜ਼ਨ ਏਜੰਟ, ਫਿਰ ਵਿਚਾਲੇ ਸੀਕਰੇਟ ਸਰਵਿਸ ਏਜੰਟ ਅਤੇ ਉਸ ਤੋਂ ਬਾਅਦ ਪੁਲਿਸ ਹੁੰਦੀ ਹੈ। ਸੀਕਰੇਟ ਸਰਵਿਸ ਹੀ ਤੈਅ ਕਰਦੀ ਹੈ ਕਿ ਰਾਸ਼ਟਰਪਤੀ ਕਿੱਥੇ ਠਹਿਰਨਗੇ, ਉਸ ਥਾਂ ਦੀ ਪਹਿਲਾਂ ਪੜਤਾਲ ਕੀਤੀ ਜਾਂਦੀ ਹੈ ਅਤੇ ਕਈ ਹੋਰ ਇੰਤਜ਼ਾਮ ਦੇਖੇ ਜਾਂਦੇ ਹਨ। ਸੀਕਰੇਟ ਸਰਵਿਸ ਅਤੇ ਲੋਕਲ ਏਜੰਸੀ ਰਾਸ਼ਟਰਪਤੀ ਦੇ ਕਾਫ਼ਲੇ ਦਾ ਰੂਟ ਤੈਅ ਕਰਦੀ ਹੈ, ਦੇਖਿਆ ਜਾਂਦਾ ਹੈ ਕਿ ਕਿਸੇ ਐਮਰਜੈਂਸੀ ਸਥਿਤੀ ਵਿੱਚ ਕਿਵੇਂ ਬਚ ਕੇ ਨਿਕਲਣਾ ਹੈ। ਜੇ ਕੋਈ ਹਮਲਾ ਹੁੰਦਾ ਹੈ ਤਾਂ ਸੁਰੱਖਿਅਤ ਥਾਂ ਕਿਹੜੀ ਹੈ। ਆਲੇ-ਦੁਆਲੇ ਦੇ ਹਸਪਤਾਲ ਕਿਹੜੇ ਹਨ, ਏਜੰਟ ਇਹ ਪੱਕਾ ਕਰਦੇ ਹਨ ਕਿ ਜਿੱਥੇ ਰਾਸ਼ਟਰਪਤੀ ਰੁਕੇ ਹੋਣ, ਉਹ ਹਸਪਤਾਲ ਦੇ ਟਰੌਮਾ ਸੈਂਟਰ ਤੋਂ 10 ਮਿੰਟ ਤੋਂ ਵੱਧ ਦੂਰ ਨਾ ਹੋਵੇ। ਇੱਕ ਏਜੰਟ ਆਲੇ-ਦੁਆਲੇ ਦੇ ਹਰ ਹਸਪਤਾਲ ਦੇ ਬਾਹਰ ਤਾਇਨਾਤ ਰਹਿੰਦਾ ਹੈ। ਉਨ੍ਹਾਂ ਦੇ ਬਲੱਡ ਗਰੁੱਪ ਦਾ ਖੂਨ ਵੀ ਨਾਲ ਰੱਖਿਆ ਜਾਂਦਾ ਹੈ ਕਿ ਕਿਤੇ ਕਿਸੇ ਸਥਿਤੀ ਵਿੱਚ ਉਨ੍ਹਾਂ ਨੂੰ ਖੂਨ ਚੜ੍ਹਾਉਣ ਦੀ ਲੋੜ ਪਏ ਤਾਂ ਇੰਤਜ਼ਾਰ ਨਾ ਕਰਨਾ ਪਵੇ। ਸੀਕਰੇਟ ਸਰਵਿਸ `ਤੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਨਾਲ ਹਰ ਵਕਤ ਰਹਿਣ ਵਾਲੇ ਫੌਜ ਦੇ ਉਸ ਸ਼ਖ਼ਸ ਨੂੰ ਵੀ ਸੁਰੱਖਿਅਤ ਰੱਖਣਾ ਹੁੰਦਾ ਹੈ, ਜਿਸ ਦੇ ਕੋਲ ਯੂ.ਐੱਸ. ਨਿਊਕਲੀਅਰ ਮਿਜ਼ਾਇਲ ਨੂੰ ਲਾਂਚ ਕਰਨ ਵਾਲਾ ਬ੍ਰੀਫਕੇਸ ਹੁੰਦਾ ਹੈ।
ਟਰੰਪ ਉੱਤੇ ਹਮਲੇ ਦੀ ਨਵੀਂ ਫੁਟੇਜ ਆਈ ਸਾਹਮਣੇ
ਡੌਨਲਡ ਟਰੰਪ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਤੋਂ ਤੁਰੰਤ ਮਗਰੋਂ ਰਿਕਾਰਡ ਕੀਤੀ ਗਈ ਇੱਕ ਬੌਡੀਕੈਮ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿੱਚ ਸੀਕਰੇਟ ਸਰਵਿਸਿਜ਼ ਦੇ ਅਧਿਕਾਰੀ ਨੂੰ ਗੋਲੀ ਚਲਾਉਣ ਵਾਲੇ ਦੇ ਬੇਜਾਨ ਸਰੀਰ ਕੋਲ ਖੜ੍ਹੇ ਦੇਖਿਆ ਜਾ ਸਕਦਾ ਹੈ। ਲਾਸ਼ ਦੇ ਕੋਲ ਮ੍ਰਿਤਕ ਦੇ ਖੂਨ ਦੀ ਧਾਰਾ ਵਹਿੰਦੀ ਵੀ ਦੇਖੀ ਜਾ ਸਕਦੀ ਹੈ। ਜਿਸ ਦੀ ਪਛਾਣ 20 ਸਾਲਾ ਥੌਮਸ ਮੈਥਿਊ ਕਰੂਕਸ ਵਜੋਂ ਕੀਤੀ ਗਈ ਸੀ। ਇਹ ਫੁਟੇਜ ਸੀਕਰੇਟ ਸਰਵਿਸਿਜ਼ ਦੀ ਨਿਰਦੇਸ਼ਕ ਕਿਮ ਸ਼ੀਟਲ ਵੱਲੋਂ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਤੋਂ ਬਾਅਦ ਸਾਹਮਣੇ ਆਈ ਹੈ। ਬੌਡੀਕੈਮ ਦੀ ਵੀਡੀਓ, ਜੋ ਕਿ ਬਟਲਰ ਕਾਊਂਟੀ ਐਮਰਜੈਂਸੀ ਸਰਵਿਸਿਜ਼ ਯੂਨਿਟ ਵੱਲੋਂ ਬਣਾਈ ਗਈ ਹੈ, ਨੂੰ ਰਿਪਬਲਿਕਨ ਸੈਨੇਟਰ ਚੱਕ ਗਰਾਸਲੀ ਵੱਲੋਂ ਆਪਣੇ ਟਵਿੱਟਰ ਹੈਂਡਲ ਉੱਤੇ ਸਾਂਝਾ ਕੀਤਾ ਗਿਆ। ਵੀਡੀਓ ਵਿੱਚ ਹਮਲਾਵਰ ਦੀ ਲਾਸ਼ ਵੱਲ ਇਸ਼ਾਰਾ ਕਰਦੇ ਹੋਏ ਸੀਕਰੇਟ ਸਰਵਿਸ ਏਜੰਟਾਂ ਦੀ ਗੱਲਬਾਤ ਰਿਕਾਰਡ ਹੈ।
ਚਰਚਾ ਵਿੱਚ ਭੀੜ ਵਿਚਲੇ ਪੀੜਤਾਂ ਬਾਰੇ ਅਤੇ ਫਿਲਮ ਬਣਾ ਰਹੇ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਵੀ ਗੱਲਬਾਤ ਸੁਣੀ ਜਾ ਸਕਦੀ ਹੈ। ਸੈਨੇਟਰ ਗਰਾਸਲੀ ਕਾਂਗਰਸ ਦੇ ਉਨ੍ਹਾਂ ਕਈ ਮੈਂਬਰਾਂ ਵਿੱਚ ਹਨ, ਜੋ ਹਾਦਸੇ ਦੀ ਮੁਕੰਮਲ ਜਾਂਚ ਦੀ ਮੰਗ ਕਰ ਰਹੇ ਹਨ। ਸੋਮਵਾਰ ਨੂੰ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਦੀ ਓਵਰਸਾਈਟ ਕਮੇਟੀ ਵਿੱਚ ਸ਼ਾਮਲ ਸੰਸਦ ਮੈਂਬਰਾਂ ਨੇ ਰੈਲੀ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਤਿਆਰੀਆਂ ਬਾਰੇ ਕਿਮ ਸ਼ੀਟਲ ਤੋਂ ਛੇ ਘੰਟੇ ਪੁੱਛਗਿੱਛ ਕੀਤੀ।
ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਿਵੇਂ ਹੁੰਦੀ ਹੈ!
ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀਆਂ ਦੀ ਸੁਰੱਖਿਆ ਸੀਕਰੇਟ ਸਰਵਿਸ ਕਰਦੀ ਹੈ ਤਾਂ ਇਹ ਜਾਣਨਾ ਵੀ ਦਿਲਚਸਪ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਘੇਰਾ ਕਿਹੋ ਜਿਹਾ ਹੁੰਦਾ ਹੈ। ਇਸ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਭਾਰਤ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ.) ਕੋਲ ਹੁੰਦੀ ਹੈ। ਪ੍ਰਧਾਨ ਮੰਤਰੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇੱਕ ਤੈਅ ਸਮੇਂ ਲਈ ਇਸ ਏਜੰਸੀ ਦੀ ਸੁਰੱਖਿਆ ਮਿਲਦੀ ਹੈ। ਸਾਲ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਦੇ ਕੁਝ ਸਾਲ ਬਾਅਦ 1988 ਵਿੱਚ ਐੱਸ.ਪੀ.ਜੀ. ਦਾ ਗਠਨ ਹੋਇਆ ਸੀ। ਐੱਸ.ਪੀ.ਜੀ. ਨੂੰ ਭਾਰਤ ਦੀ ਸਭ ਤੋਂ ਮਹਿੰਗੀ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਵਾਲੀ ਏਜੰਸੀ ਮੰਨਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਜਦੋਂ ਤੁਰਦੇ ਹਨ ਤਾਂ ਉਨ੍ਹਾਂ ਦੇ ਆਲੇ-ਦੁਆਲੇ ਕਾਲਾ ਸਫਾਰੀ ਸੂਟ, ਕਾਲੀਆਂ ਐਨਕਾਂ ਅਤੇ ਹੱਥ ਵਿੱਚ ਹਥਿਆਰਾਂ ਨਾਲ ਲੈਸ ਲੋਕ ਦੇਖੇ ਹੋਣਗੇ। ਇਨ੍ਹਾਂ ਦੇ ਕੋਲ ਵੌਕੀ-ਟੌਕੀ ਹੁੰਦਾ ਹੈ ਅਤੇ ਕੰਨ ਵਿੱਚ ਈਅਰਪੀਸ ਲੱਗਿਆ ਹੁੰਦਾ ਹੈ, ਇਹ ਐੱਸ.ਪੀ.ਜੀ. ਅਧਿਕਾਰੀ ਹੁੰਦੇ ਹਨ। ਐੱਸ.ਪੀ.ਜੀ. ਦੇ ਜਵਾਨ ਪਰਛਾਵੇਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਨਾਲ ਰਹਿੰਦੇ ਹਨ ਅਤੇ ਸਥਾਨਕ ਪ੍ਰਸ਼ਾਸਨ ਮਿਲ ਕੇ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਹਨ। ਐੱਸ.ਪੀ.ਜੀ. ਦੇ ਇਹ ਜਵਾਨ ਕਈ ਤਰ੍ਹਾਂ ਦੀ ਵਿਸ਼ੇਸ਼ ਸਿਖਲਾਈ ਵਿੱਚੋਂ ਲੰਘਦੇ ਹਨ। ਉਨ੍ਹਾਂ ਨੂੰ ਖ਼ਾਸ ਤੌਰ ਉੱਤੇ ਇਸ ਕੰਮ ਲਈ ਤਿਆਰ ਕੀਤਾ ਜਾਂਦਾ ਹੈ।
ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਸਾਲ 1947 ਵਿੱਚ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਖੁੱਲ੍ਹੀ ਕਾਰ ਵਿੱਚ ਯਾਤਰਾ ਕਰਦੇ ਸਨ। ਨਹਿਰੂ ਲੋਕਾਂ ਵਿੱਚ ਮਕਬੂਲ ਆਗੂ ਜ਼ਰੂਰ ਸਨ, ਪਰ ਉਨ੍ਹਾਂ ਨੂੰ ਵੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ। 1967 ਵਿੱਚ ਜਦੋਂ ਇੰਦਰਾ ਗਾਂਧੀ `ਤੇ ਪੱਥਰ ਸੁੱਟੇ ਗਏ ਤਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ, ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਫੈਸਲਾਕੁਨ ਮੋੜ ਉਦੋਂ ਆਇਆ ਜਦੋਂ 31 ਅਕਤੂਬਰ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ। ਅਗਲੇ ਹੀ ਸਾਲ 1985 ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਨ ਦੇ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਸਥਾਪਨਾ ਕਰ ਦਿੱਤੀ ਗਈ ਸੀ, ਪਰ 1988 ਵਿੱਚ ਸੰਸਦ ਵਿੱਚ ਐੱਸ.ਪੀ.ਜੀ. ਐਕਟ ਪਾਸ ਕੀਤਾ ਗਿਆ ਸੀ।
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਰਿਪੋਰਟ ਮੁਤਾਬਕ 1991 ਵਿੱਚ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਐੱਸ.ਪੀ.ਜੀ. ਐਕਟ ਵਿੱਚ ਸੋਧ ਕੀਤੀ ਗਈ ਅਤੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ 10 ਸਾਲ ਲਈ ਸੁਰੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ; ਪਰ ਸਾਲ 2003 ਵਿੱਚ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਨੇ ਐੱਸ.ਪੀ.ਜੀ. ਐਕਟ ਵਿੱਚ ਤਰਮੀਮ ਕੀਤੀ। ਇਸ ਸੋਧ ਮੁਤਾਬਕ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਇੱਕ ਸਾਲ ਲਈ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਐੱਸ.ਪੀ.ਜੀ. ਸੁਰੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ। ਖ਼ਤਰੇ ਦਾ ਮੁਲੰਕਣ ਕਰਨ ਤੋਂ ਬਾਅਦ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਸਾਲ 2019 ਵਿੱਚ ਐੱਸ.ਪੀ.ਜੀ. ਐਕਟ ਵਿੱਚ ਭਾਰਤ ਸਰਕਾਰ ਨੇ ਇੱਕ ਹੋਰ ਸੋਧ ਕੀਤੀ। ਐੱਸ.ਪੀ.ਜੀ. ਦੀ ਵੈੱਬਸਾਈਟ ਮੁਤਾਬਕ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਅਮੈਂਡਮੈਂਟ ਐਕਟ, 2019 ਦੇ ਸੈਕਸ਼ਨ 4 ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਉਹ ਪਰਿਵਾਰਕ ਮੈਂਬਰ, ਜੋ ਉਨ੍ਹਾਂ ਦੇ ਨਾਲ ਰਹਿੰਦੇ ਹੋਣ, ਉਹ 5 ਸਾਲ ਲਈ ਵਿਸ਼ੇਸ਼ ਸੁਰੱਖਿਆ ਸਮੂਹ ਦੀ ਸੁਰੱਖਿਆ ਦੇ ਹੱਕਦਾਰ ਹੁੰਦੇ ਹਨ, ਪਰ ਜੇ ਉਹ ਚਾਹੁਣ ਤਾਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਸਕਦੇ ਹਨ।

Leave a Reply

Your email address will not be published. Required fields are marked *