ਸ਼ਾਹਸਵਾਰ

ਆਮ-ਖਾਸ ਸਾਹਿਤਕ ਤੰਦਾਂ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…

ਜਸਵੀਰ ਸਿੰਘ ਸ਼ੀਰੀ
ਫੋਨ: +91-6280574657

ਪਹਿਲਾਂ ਅਖਬਾਰਾਂ ਕਰੋਨਾ ਨਾਲ ਭਰੀਆਂ ਹੁੰਦੀਆਂ ਸਨ, ਫਿਰ ਅਖਬਾਰਾਂ ਦੇ ਪਹਿਲੇ ਪੇਜ ਕਿਸਾਨ ਲਹਿਰ ਨੇ ਮੱਲ ਲਏ। ਜਿਸ ਧਾਕੜ ਢੰਗ ਨਾਲ ਪੰਜਾਬ-ਹਰਿਆਣਾ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਤੱਕ ਪੁੱਜੇ ਸਨ ਅਤੇ ਜਿਸ ਤਰ੍ਹਾਂ ਇਸ ਲਹਿਰ ਨੇ ਸਾਰੇ ਦੇਸ਼ ਦੀ ਕਿਸਾਨੀ ਦਾ ਧਿਆਨ ਖਿੱਚਿਆ ਸੀ, ਉਸ ਨਾਲ ਕੇਂਦਰ ਸਰਕਾਰ ਵੀ ਸਕਤੇ ਵਿੱਚ ਆ ਗਈ। ਸਰਕਾਰ ਨੇ ਕਿਸਾਨ ਲੀਡਰਾਂ ਨਾਲ 10-12 ਗੇੜ ਗੱਲਬਾਤ ਦੇ ਚਲਾਏ, ਪਰ ਗੱਲ ਕਿਸੇ ਕੰਢੇ ਨਾ ਲੱਗੀ। ਸਰਕਾਰ ਨੇ ਨਵੇਂ ਕਾਨੂੰਨਾਂ ਨੂੰ ਤਿੰਨ ਸਾਲ ਲਈ ਅੱਗੇ ਪਾਉਣ ਦਾ ਸੁਝਾਅ ਵੀ ਦਿੱਤਾ, ਪਰ ਕਿਸਾਨ ਕਾਨੂੰਨਾਂ ਨੂੰ ਮੁਕੰਮਲ ਤੌਰ ‘ਤੇ ਵਾਪਸ ਕਰਵਾਉਣ ਲਈ ਅੜੇ ਰਹੇ।
ਅੱਜ ਸ਼ਾਮ ਨੂੰ ਜਦੋਂ ਅੰਬੇ ਦਾ ਫੋਨ ਆਇਆ ਤਾਂ ਦਿਲਬਾਗ ਨੇ ਉਨ੍ਹਾਂ ਦੋਹਾਂ ਨੂੰ ਪਿੰਡ ਸੱਦ ਲਿਆ। ‘ਸਵੇਰੇ ਤੜਕੇ-ਤੜਕੇ ਚੱਲਿਉ ਤੇ ਦਿਨੇ-ਦਿਨੇ ਪਹੁੰਚ ਜਾਇਉ’ ਉਹਨੇ ਤਾੜਨਾ ਕੀਤੀ। ਉਹਨੂੰ ਸੀ ਬਈ ਰਾਤ ਵੇਲੇ ਮੁੰਡੇ ਅਚਾਨਕ ਕਿਸੇ ਚੈਕ ਪੁਆਇੰਟ ‘ਤੇ ਨਾ ਫਸ ਜਾਣ। ਸ਼ਾਮ ਵੇਲੇ ਮੂੰਹ ਹਨੇਰਾ ਹੋਣ ਤੋਂ ਪਹਿਲਾਂ ਦੋਵੇਂ ਮੁੰਡੇ ਘਰ ਪਹੁੰਚ ਗਏ ਸਨ। ਦੋ ਦਿਨ ਸਾਰੇ ਜਣੇ ਘਰ ਰਹੇ। ਇੱਕ ਦਿਨ ਤਾਂ ਉਹ ਸੁੱਤੇ ਹੀ ਰਹੇ। ਲਗਦਾ ਸੀ ਧਰਨੇ ਦਾ ਥਕੇਵਾਂ ਉਤਾਰ ਰਹੇ ਸਨ। ਅਗਲੇ ਦਿਨ ਉਨ੍ਹਾਂ ਧਰਨੇ ਵਾਲੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਸਭ ਤੋਂ ਛੋਟਾ ਗੋਲੂ ਅੱਜ ਵੇਗਮਈ ਹੋ ਗਿਆ, ‘ਬਾਈ ਐਵੇਂ ਬੁਲਾ ਲਿਆ ਯਾਰ ਤੁਸੀਂ, ਇੰਨਾ ਦਿਲ ਲੱਗਿਆ ਬਈ ਪੁੱਛ ਨਾ। ਛੋਟੇ ਹੁੰਦੇ ਮੇਲਾ ਵੇਖਣ ਜਾਈਦਾ ਸੀ, ਇੱਕ ਦਿਨ ਹਵਾ ਦੇ ਬੁੱਲੇ ਵਾਂਗ ਲੰਘ ਜਾਂਦਾ ਸੀ। ਉਥੇ ਇੰਨੇ ਦਿਨ ਰਹੇ, ਪਤਾ ਈ ਨਹੀਂ ਲੱਗਾ ਸਮਾਂ ਕਿੱਧਰ ਉਡ ਗਿਆ। ਲਗਦਾ ਜਿਵੇਂ ਕੋਈ ਸੋਹਣਾ ਜਿਹਾ ਸੁਪਨਾ ਵੇਖਿਆ ਹੋਵੇ। ਬੰਦੇ ਵਿੱਚ ਇੰਨੀ ਬੰਦਗੀ, ਇੱਕ-ਦੂਜੇ ਨਾਲ ਇੰਨੀ ਨੇੜਤਾ। ਆਪਣੇ ਇੱਥੇ ਪਿੰਡਾਂ ਵਿੱਚ ਹਰ ਕੋਈ ਇੱਕ-ਦੂਜੇ ਦੇ ਪੈਰ ਵੱਢੀ ਜਾਂਦਾ, ਉਥੇ ਹਰੇਕ ਦੂਜੇ ਨਾਲ ਪਿਆਰ ‘ਚ ਬੱਝਾ ਹੋਇਆ। ਜਿਵੇ ਟਿੱਬੀ ਵਾਲੇ ਬਾਬੇ ਧਾਰਨਾ ਲਾਉਂਦੇ ਹੁੰਦੇ ਸੀ, ‘ਲੁੱਟ-ਲੁੱਟ ਲੋ ਨਸੀਬਾਂ ਵਾਲੇ ਬੰਦਿਓ, ਲੁੱਟ ਪੈ ਗਈ ਰਾਮ ਨਾਮ ਦੀ’ ਉਥੇ ਤਾਂ ਬਾਈ ਜ਼ਿੰਦਗੀ ਦੀ ਲੁੱਟ ਪਈ ਹੋਈ ਐ। ਸਾਰੇ ਈ ਸਾਰਾ ਕੁਝ ਲੁਟਾਈ ਜਾਂਦੇ, ਫਿਰ ਵੀ ਕੁਝ ਨ੍ਹੀਂ ਖਤਮ ਹੁੰਦਾ। ਹਵਾ ਈ ਹੋਰ ਚਲਦੀ ਜਿਵੇਂ, ਜਿਵੇਂ ਕੋਈ ਹੋਰ ਸੂਰਜ ਚੜ੍ਹਦਾ ਹੋਵੇ।’
‘ਸਾਡੇ ਪਿੰਡ ਵਾਲਾ ਕੱਬਾ (ਕੁਲਬੀਰ) ਕਾਮਰੇਡ ਕਹਿੰਦਾ ਹੁੰਦਾ ਸੀ ਬਈ ਸਾਰੇ ਬੰਦੇ ਬਰਾਬਰ ਹੋਣੇ ਚਾਹੀਦੇ। ਲੈ ਉਥੇ ਜਾ ਕੇ ਵੇਖ ਲੈ ਸਾਰੇ ਈ ਬਰਾਬਰ ਹੋ`ਗੇ। ਕੋਈ ਕੱਪੜੇ ਲੱਤੇ ਵਰਤਾਈ ਜਾਂਦਾ, ਕੋਈ ਜੁੱਤੀਆਂ ਵੰਡੀ ਜਾਂਦਾ, ਕਿਧਰੇ ਲੱਡੂ ਰੁਲ਼ੀ ਜਾਂਦੇ, ਕਿਤੇ ਪਿੰਨੀਆਂ ਵਰਤੀ ਜਾਂਦੀਆਂ। ਤੂੰ ਐਂ ਪੁੱਛ ਬਈ ਉਥੇ ਕੀ ਹੈ ਨ੍ਹੀਂ। ਸਭ ਤੋਂ ਵੱਡੀ ਗੱਲ ਇਉਂ ਲਗਦਾ ਜਿਵੇਂ ਸਾਰੇ ਈ ਬੰਦੇ ਕਿਸੇ ਇੱਕ ਹੀ ਵੱਡੀ ਮੂਰਤ ਦੀਆਂ ਨੁੱਕਰਾਂ ਹੋਵਣ।’ ਗੋਲੂ ਨੂੰ ਸਾਰੇ ਭੋਲੂ ਪ੍ਰਸ਼ਾਦ ਹੀ ਸਮਝਦੇ ਸਨ। ਜਿਧਰ ਜੀ ਕਰੇ ਤੋਰ ਲਿਆ। ਨਾ ਕੁਝ ਪੜ੍ਹਨ ਦਾ ਸ਼ੌਕ, ਨਾ ਲਿਖਣ ਦਾ। ਬਸ ਕਬੱਡੀ ਇੱਕੋ ਇੱਕ ਸ਼ੌਕ ਸੀ ਉਸ ਦਾ। ਰੇਡ ਪਾਉਣ ਗਿਆ ਕਈ ਵਾਰ ਉਹ ਖੜੇ੍ਹ ਜਾਫੀ ਦੇ ਉੱਤੋਂ ਦੀ ਛਾਲ ਮਾਰ ਜਾਂਦਾ। ਜਦੋਂ ਦਾ ਦਿਲਬਾਗ ਨਾਲ ਰਲਿਆ ਸੀ, ਉਹ ਸ਼ੌਕ ਵੀ ਕਿਧਰੇ ਪਿੱਛੇ ਰਹਿ ਗਿਆ ਸੀ। ਜਦੋਂ ਉਹ ਬੋਲ ਰਿਹਾ ਸੀ ਤਾਂ ਦਿਲਬਾਗ ਉਹਦੇ ਵੱਲ ਟਿਕਟਿਕੀ ਬੰਨ੍ਹ ਕੇ ਵੇਖਦਾ ਰਿਹਾ। ਸੋਚਣ ਲੱਗਾ, ਇਹਨੂੰ ਸਾਲ਼ੇ ਨੂੰ ਅਸੀਂ ਟੂਟਲ ਜਿਹਾ ਈ ਸਮਝਦੇ ਸੀ, ਅੱਜ ਇਹੀ ਅਫਲਾਤੂਨ ਬਣਿਆ ਫਿਰਦਾ, ਕਿੰਨੀ ਡੁੰਘਾਈ ਆ ਗਈ ਇਹਦੀਆਂ ਗੱਲਾਂ ‘ਚ। ਊਂ ਅੱਖਰ ਪੜ੍ਹਨ ਦਾ ਵੈਰੀ ਆ ਇਹ, ਉਲਟੇ ਸਿੱਧੇ ਕੰਮ ਜਿੰਨੇ ਮਰਜ਼ੀ ਕਰਵਾ ਲੋ। ਕਿਸਾਨ ਮੋਰਚੇ ‘ਚ ਚਾਰ ਦਿਨ ਰਹਿ ਕੇ ਕਿੰਨੀਆਂ ਸੋਹਣੀਆਂ ਗੱਲਾਂ ਕਰਨ ਲੱਗ ਪਿਆ ਇਹ। ਦਿਲਬਾਗ ਦਾ ਜੀ ਕੀਤਾ ਕਿ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਇਸ ਇਕੱਠ ਦੀ ਤਾਸੀਰ ਜ਼ਰੂਰ ਪਰਖਣੀ ਚਾਹੀਦੀ, ਜਿੱਥੋਂ ਦੇ ਪਾਰਸ ਨਾਲ ਸਾਡਾ ਲੋਹਾ ਸੋਨਾ ਹੋ ਗਿਆ। ਹਾਲੇ ਦਿਲਬਾਗ ਇਹ ਸੋਚ ਹੀ ਰਿਹਾ ਸੀ ਕਿ ਅੰਬੇ ਦੀ ਆਵਾਜ਼ ਆਈ, ‘ਬਾਈ ਜਾ ਆਉ ਦਿੱਲੀ ਤੁਸੀਂ ਵੀ, ਪਤਾ ਨ੍ਹੀਂ ਕਦੋਂ ਮੇਲਾ ਵਿਛੜ ਜਾਵੇ। ਇਹ ਆਰਜੀ ਤੀਰਥ ਅਸਥਾਨ ਹੈ। ਅਲੋਪ ਵੀ ਹੋ ਸਕਦਾ।’ ਇਨ੍ਹਾਂ ਬੋਲਾਂ ਨੇ ਦਿਲਬਾਗ ਨੂੰ ਹੋਰ ਹੈਰਾਨ ਕੀਤਾ, ਉਹਨੂੰ ਲੱਗਾ, ‘ਇਹੋ ਜਿਹੀ ਭਾਸ਼ਾ ਤਾਂ ਮੇਰੇ ਆਪਣੇ ਕੋਲ ਵੀ ਹੈ ਨ੍ਹੀਂ, ਜਿਸ ਤਰ੍ਹਾਂ ਦੀ ਇਹ ਬੋਲਦੇ ਆ।’ ਹੁਣ ਦਿਲਬਾਗ ਨੂੰ ਲੱਗਣ ਲੱਗਾ, ਪਈ ਇਹ ਮੁੰਡੇ ਸਾਂਭਣ ਯੋਗ ਹੋ ਗਏ ਹਨ। ਇਹੋ ਜਿਹੇ ਯਾਰ ਬੇਲੀ ਅਜਾਈਂ ਨਹੀਂ ਗੁਆਏ ਜਾ ਸਕਦੇ।
ਅਗਾਂਹ 26 ਜਨਵਰੀ ਆ ਰਹੀ ਸੀ। ਕਿਸਾਨਾਂ ਨੇ 26 ਜਨਵਰੀ ਦੇ ਸਰਕਾਰੀ ਮਾਰਚਾਂ ਦੇ ਸਮਾਨੰਤਰ ਦਿੱਲੀ ਵਿੱਚ ਟਰੈਕਟਰ ਮਾਰਚ ਦਾ ਪ੍ਰੋਗਰਾਮ ਦੇ ਦਿੱਤਾ। ਇਹ ਬਹੁਤ ਵੱਡਾ ਐਕਸ਼ਨ ਸੀ। ਕਈ ਧਿਰਾਂ ਵੱਲੋਂ ਇਸ ਐਕਸ਼ਨ ਵਿੱਚ ਗੜਬੜ ਹੋਣ ਦੇ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਸਨ। 26 ਜਨਵਰੀ ਤੋਂ ਪਹਿਲਾਂ ਟਰੈਕਟਰ ਮਾਰਚ ਦੇ ਰੂਟਾਂ ਬਾਰੇ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਵਿਚਕਾਰ ਗੱਲਬਾਤ ਚੱਲਦੀ ਰਹੀ। ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਰਾਜਧਾਨੀਂ ਦੀਆਂ ਸੜਕਾਂ ‘ਤੇ ਮਾਰਚ ਕਰਨ ਤੋਂ ਰੋਕਿਆ ਜਾ ਰਿਹਾ ਸੀ, ਪਰ ਕਿਸਾਨ ਟਰੈਕਟਰ ਮਾਰਚ ਕਰਨ ‘ਤੇ ਅੜੇ ਹੋਏ ਸਨ। ਅਖੀਰ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਸ਼ਹਿਰ ਦੇ ਬਾਹਰਵਾਰ ਵਾਲੇ ਰੂਟਾਂ ‘ਤੇ ਮਾਰਚ ਕਰਨ ਦੀ ਇਜਾਜ਼ਤ ਦੇ ਦਿੱਤੀ, ਪਰ ਕਿਸਾਨਾਂ ਵਿੱਚ ਕੰਮ ਕਰ ਰਹੇ ਕੁਝ ਤੱਤੇ ਨੌਜਵਾਨ ਪੁਲਿਸ ਦੀਆਂ ਹਦਾਇਤਾਂ ਨੂੰ ਮੰਨਣ ਲਈ ਤਿਆਰ ਨਹੀਂ ਸਨ। ਉਹ ਦਿੱਲੀ ਸ਼ਹਿਰ ਦੇ ਅੰਦਰਲੀਆਂ ਸੜਕਾਂ ‘ਤੇ ਮਾਰਚ ਕਰਨ ਲਈ ਬਜ਼ਿਦ ਸਨ। ਇਸ ਦਰਮਿਆਨ ਅਮਰੀਕਾ ਬੈਠੇ ਇੱਕ ਵਕੀਲ ਨੇ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾ ਦੇਣ ਦੀ ਕਾਲ ਦੇ ਦਿੱਤੀ ਅਤੇ ਇਹਦੇ ਲਈ ਵੱਡੇ ਇਨਾਮ ਦਾ ਐਲਾਨ ਕਰ ਦਿੱਤਾ। 25 ਜਨਵਰੀ ਨੂੰ ਦੇਰ ਰਾਤ ਨੌਜਵਾਨਾਂ ਦੇ ਇੱਕ ਗਰਮ ਧੜੇ ਨੇ ਕਿਸਾਨਾਂ ਦੀ ਮੁੱਖ ਸਟੇਜ ‘ਤੇ ਕਬਜ਼ਾ ਕਰ ਲਿਆ ਅਤੇ ਲਾਲ ਕਿਲੇ ਵੱਲ ਜਾਣ ਦਾ ਐਲਾਨ ਕਰ ਦਿੱਤਾ। ਕਿਸਾਨਾਂ ਦਾ ਸ਼ਾਂਤਮਈ ਪੱਖ ਵਾਲਾ ਧੜਾ ਦਿੱਲੀ ਦੀਆਂ ਬਾਹਰਲੀਆਂ ਸੜਕਾਂ ਉੱਪਰ ਮਾਰਚ ਕਰਨ ‘ਤੇ ਅੜਿਆ ਰਿਹਾ। ਮਾਰਚ ਦੇ ਸ਼ੁਰੂ ਹੋਣ ਦਾ ਸਮਾਂ 9 ਵਜੇ ਰੱਖਿਆ ਗਿਆ ਸੀ। ਕਾਹਲੇ ਹੋਏ ਤੱਤਿਆਂ ਨੇ ਮਾਰਚ 8 ਵਜੇ ਹੀ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਮਾਰਚ ਲਾਲ ਕਿਲੇ ਵੱਲ ਵਧਣ ਲੱਗਾ। ਪੁਲਿਸ ਤਮਾਸ਼ਬੀਨ ਬਣੀ ਵੇਖਦੀ ਰਹੀ। ਲਗਦਾ ਸੀ ਜਿਵੇਂ ਪੁਲਿਸ ਮੁੰਡਿਆਂ ਨੂੰ ਲਾਲ ਕਿਲੇ ਵੱਲ ਜਾਣ ਦੀ ਜਾਣ-ਬੁਝ ਕੇ ਖੁਲ੍ਹ ਦੇ ਰਹੀ ਹੋਵੇ। ਜਦੋਂ ਤੱਕ ਉਨ੍ਹਾਂ ਨੇ ਤਿਰੰਗੇ ਦੇ ਬਰਾਬਰ ਵਾਲੇ ਇੱਕ ਹੋਰ ਖੰਭੇ ‘ਤੇ ਕੇਸਰੀ ਨਿਸ਼ਾਨ ਝੁਲਾ ਨਹੀਂ ਦਿੱਤਾ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਮਗਰੋਂ ਉਥੇ ਪੁੱਜੇ ਲੋਕਾਂ ਦਾ ਅੰਨ੍ਹੇਵਾਹ ਕੁਟਾਪਾ ਸ਼ੁਰੂ ਕਰ ਦਿੱਤਾ। ਕਈ ਥਾਵਾਂ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੇ ਭੇੜ ਹੋਏ। ਪੁਲਿਸ ਦੀ ਗੋਲੀ ਨਾਲ ਇੱਕ ਮੁੰਡੇ ਦੀ ਮੌਤ ਵੀ ਹੋ ਗਈ। ਅਨੇਕਾਂ ਜੇਲ੍ਹ ਭੇਜ ਦਿੱਤੇ। ਲਾਲ ਕਿਲੇ `ਤੇ ਝੰਡਾ ਲਹਿਰਾਉਣ ਦੀ ਦੇਰ ਸੀ, ਦੇਸ਼ ਭਰ ਦੇ ਮੀਡੀਏ ਨੇ ਸਿੰਗਾਂ ‘ਤੇ ਮਿੱਟੀ ਚੁੱਕ ਲਈ। ਸਾਰੀ ਕਿਸਾਨ ਲਹਿਰ ਨੂੰ ਵੱਖਵਾਦੀ, ਅਤਿਵਾਦੀ ਅਤੇ ਖਾਲਿਸਤਾਨ ਗਰਦਾਨਣ ਦੀ ਮੁਹਿਮ ਵਿੱਢ ਦਿੱਤੀ। ਹਿੰਦੋਸਤਾਨ ਦਾ ਮੀਡੀਆ ਤੋਪਖਾਨਿਆਂ ਨਾਲੋਂ ਵੀ ਭਿਆਨਕ ਅੱਗ ਉਗਲ ਰਿਹਾ ਸੀ। 1984 ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਅਤੇ ਸਿੱਖਾਂ ਦੇ ਖਿਲਾਫ ਅੰਨ੍ਹੀ ਨਫਰਤ ਫੈਲਾਈ ਜਾਣ ਲੱਗੀ। ਇੱਕ ਵਾਰ ਸਾਰੀ ਕਿਸਾਨ ਲਹਿਰ ਦੇ ਪੈਰ ਉੱਖੜ ਗਏ। ਕਿਸਾਨ ਘਰਾਂ ਨੂੰ ਪਰਤਣ ਲੱਗੇ। ਭਰਿਆ ਮੇਲਾ ਲਗਪਗ ਉੱਜੜ ਗਿਆ ਸੀ। ਅਖੀਰ ਟਿਕਰੀ ਬਾਰਡਰ ਤੋਂ ਪੱਛਮੀ ਯੂ.ਪੀ. ਦੇ ਇੱਕ ਵੱਡੇ ਕਿਸਾਨ ਆਗੂ ਦਾ ਸ਼ਾਮਿਆਨਾ ਵੀ ਉਜਾੜਿਆ ਜਾਣ ਲੱਗਾ। ਕਿਸਾਨ ਮੋਰਚੇ ਉੱਪਰ ਤਸ਼ੱਦਦ ਦਾ ਦੌਰ ਵੇਖ ਕੇ ਇਹ ਵੱਡਾ ਕਿਸਾਨ ਆਗੂ ਭਾਵੁਕ ਹੋ ਗਿਆ। ਪੰਜਾਬੀ ਕਿਸਾਨ ਚੱਟਾਨ ਵਾਂਗ ਉਹਦੇ ਨਾਲ ਡਟ ਗਏ। ਉਸ ਦੀ ਅੱਖ ਵਿੱਚੋਂ 2 ਹੰਝੂ ਡਿੱਗੇ ਤੇ ਸਾਰੀ ਕਿਸਾਨ ਲਹਿਰ ਮੁੜ ਪੈਰਾਂ ਸਿਰ ਹੋ ਗਈ। ਇਹ ਖ਼ਬਰ ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਫੈਲੀ ਅਤੇ ਰਾਤੋ ਰਾਤ ਹਜ਼ਾਰਾਂ ਕਿਸਾਨ ਮੁੜ ਬਾਰਡਰਾਂ ‘ਤੇ ਜੁੜ ਗਏ। ਕਿਸਾਨ ਸੰਘਰਸ਼ ਦਾ ਜਿਹੜਾ ਮੇਲਾ ਇੱਕ ਵਾਰ ਉੱਜੜ ਗਿਆ ਸੀ, ਉਹ ਫਿਰ ਜੁੜ ਗਿਆ। ਹੁਣ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਭਰਿਆ ਲੱਗਣ ਲੱਗਾ। ਕਿਸਾਨਾਂ ਦਾ ਝੰਡਾ ਚਾਰੇ ਪਾਸੇ ਝੂਲਣ ਲੱਗਾ। ਕਿਸਾਨ ਲਹਿਰ ਇੱਕ ਵਾਰ ਬੇਮੁਹਾਰ ਹੋ ਗਈ ਲਗਦੀ ਸੀ, ਹੁਣ ਉਸਦੀ ਮੁਹਾਰ ਹੁਣ ਪੰਜਾਬੀ ਕਿਸਾਨ ਲਡਿਰਾਂ ਦੇ ਹੱਥੋਂ ਖਿਸਕ ਕੇ ਯੂ.ਪੀ. ਵਾਲੇ ਵੱਡੇ ਕਿਸਾਨ ਆਗੂ ਦੇ ਹੱਥ ਆ ਗਈ ਸੀ। ਸਰਕਾਰ ਨੇ ਆਪਣੀ ਸਖਤੀ ਜਾਰੀ ਰੱਖੀ। ਮੋਰਚੇ ਦੇ ਦੁਆਲੇ ਪੱਥਰਾਂ ਦੇ ਟਰੱਕ ਉਤਾਰੇ ਜਾਣ ਲੱਗੇ। ਧਰਨੇ ‘ਤੇ ਬੈਠੇ ਕਿਸਾਨਾਂ ਦੇ ਦੋਨੋਂ ਪਾਸੇ ਬੈਰੀਕੇਡ ਲਾ ਕੇ ਸੜਕਾਂ ‘ਤੇ ਕਿੱਲ ਗੱਡ ਦਿੱਤੇ ਗਏ। ਵੇਖਣ ਨੂੰ ਇਹ ਇੱਕ ਭਿਆਨਕ ਦ੍ਰਿਸ਼ ਲਗਦਾ ਸੀ। ‘ਤੁਸੀਂ ਕਿੱਲ ਬੀਜਦੇ ਹੋ ਅਸੀਂ ਫੁੱਲ ਬੀਜਾਂਗੇ’ ਕਿਸਾਨ ਆਗੂਆਂ ਨੇ ਕਿਹਾ।
ਕਿਸਾਨ ਦੇ ਸੰਘਰਸ਼ ਦਾ ਮੇਲਾ ਫਿਰ ਜੁੜਨ ਲੱਗਾ ਤਾਂ ਦੋ ਦਿਨ ਬਾਅਦ ਦਿਲਬਾਗ ਨੇ ਗੋਲੂ ਕੋਲ ਵੀਰਦੀਪ ਨੂੰ ਸੁਨੇਹਾ ਭੇਜਿਆ, ਉਸ ਨੂੰ ਅਗਲੇ ਦਿਨ ਕਿਸੇ ਟਿਕਾਣੇ ‘ਤੇ ਮਿਲਣ ਲਈ ਕਿਹਾ ਅਤੇ ਉਥੋਂ ਉਨ੍ਹਾਂ ਨੇ ਦਿੱਲੀ ਦੇ ਬਾਰਡਰਾਂ ਵੱਲ ਨਿਕਲ ਜਾਣਾ ਸੀ। ਗੋਲੂ ਵੀਰਦੀਪ ਨੂੰ ਸੁਨੇਹਾ ਦੇ ਕੇ ਵਾਪਸ ਪਰਤ ਆਇਆ। ਦੋ ਦਿਨ ਬਾਅਦ ਦਿਲਬਾਗ ਸਾਰਾ ਕੰਮ ਕਾਜ ਮੁੰਡਿਆਂ ਦੇ ਹਵਾਲੇ ਕਰਕੇ ਵੀਰਦੀਪ ਨੂੰ ਮਿਲਿਆ ਅਤੇ ਉਹ ਦਿੱਲੀ ਚਲੇ ਗਏ। ਉਨ੍ਹਾਂ ਕਿਸਾਨ ਸੰਘਰਸ਼ ਦੇ ਸਾਰੇ ਟਿਕਾਣੇ ਚੰਗੀ ਤਰ੍ਹਾਂ ਘੁੰਮ ਕੇ ਵੇਖੇ। ਕਿਸਾਨ ਲੀਡਰਾਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਦੇ ਭਾਸ਼ਨ ਸੁਣਦੇ ਰਹੇ। ਵਿੱਚੋਂ ਕੁਝ ਆਗੂ ਤੱਤਾ ਵੀ ਬੋਲ ਜਾਂਦੇ, ਪਰ ਬਹੁਤੇ ਸੰਘਰਸ਼ ਨੂੰ ਸਾਂਤਮਈ ਰੱਖਣ ਦੇ ਹਾਮੀ ਸਨ। ਅਪ੍ਰੈਲ ਦਾ ਦੂਜਾ ਹਫਤਾ ਉਹ ਦਿੱਲੀ ਦੀਆਂ ਬਰੂਹਾਂ ‘ਤੇ ਗੁਜ਼ਾਰ ਕੇ ਵਾਪਸ ਪਰਤ ਆਏ। ਕਿਸਾਨ ਸੰਘਰਸ਼ ਨੇ ਉਨ੍ਹਾਂ ਨੂੰ ਬੜਾ ਕੁਝ ਨਵਾਂ ਸਿੱਖਣ ਨੂੰ ਦਿੱਤਾ। ਇਸ ਤੋਂ ਪਹਿਲਾਂ ਉਹ ਬਹੁਤ ਸਾਰੀਆਂ ਕਾਲਪਨਿਕ ਉਡਾਰੀਆਂ ਵਿੱਚ ਜੀਂਦੇ ਰਹੇ ਸਨ। ਸੰਘਰਸ਼ਾਂ ਦੌਰਾਨ ਵੱਡੇ ਇਕੱਠਾਂ ਨੂੰ ਕਿਵੇਂ ਸਾਂਭਣਾ ਹੈ, ਕਿਸ ਤਰ੍ਹਾਂ ਇੱਕ ਡਿਸਿਪਲਿਨ ਵਿੱਚ ਦ੍ਰਿੜ ਪਰ ਸ਼ਾਂਤ ਚਿੱਤ ਰੱਖਣਾ ਹੈ, ਇਹਦੇ ਬਾਰੇ ਉਨ੍ਹਾਂ ਨੂੰ ਦਿੱਲੀ ਦੀਆਂ ਬਰੂਹਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ। ਉਹ ਇੱਥੇ ਪੈਦਾ ਹੋ ਰਹੇ ਤਜਰਬੇ ਨੂੰ ਪੰਜਾਬ ਵਿੱਚ ਲਾਗੂ ਕਰਨਾ ਚਾਹੁੰਦੇ ਸਨ। ਕਿਸਾਨਾਂ ਵੱਲੋਂ ਚਲਾਈ ਸਮਾਨੰਤਰ ਪਾਰਲੀਮੈਂਟ ਨੂੰ ਉਨ੍ਹਾਂ ਨੇ ਕਾਫੀ ਨਜ਼ਦੀਕ ਤੋਂ ਵੇਖਿਆ। ਇਸ ਘਟਨਾਕ੍ਰਮ ਨੇ ਕਿਸਾਨ ਲਹਿਰ ਨੂੰ ਕੌਮਾਂਤਰੀ ਪੱਧਰ ‘ਤੇ ਮਕਬੂਲ ਬਣਾ ਦਿੱਤਾ। ਦਿੱਲੀ ਵਿੱਚ ਚੱਲ ਰਹੀ ਇਸ ਕਿਸਾਨ ਲਹਿਰ ਦੇ ਹੱਕ ਵਿੱਚ ਵੱਡੇ-ਵੱਡੇ ਵਿਦਵਾਨ, ਅਦਾਕਾਰ ਅਤੇ ਕਲਾਕਾਰ ਬੋਲਣ ਲੱਗੇ। ਕਿਸਾਨ ਲਹਿਰ ਦੀ ਇਸ ਮਕਬੂਲੀਅਤ ਨੇ ਲਹਿਰ ‘ਤੇ ਜ਼ਬਰ ਕਰਨਾ ਸਰਕਾਰ ਲਈ ਮੁਸ਼ਕਿਲ ਬਣਾ ਦਿੱਤਾ। ਅੰਤ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੇਂਦਰ ਸਰਕਾਰ ਨੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਸੁਣਾ ਦਿੱਤਾ। ਇਸ ਐਲਾਨ ਦੇ ਹੁੰਦਿਆਂ ਹੀ ਸੰਘਰਸ਼ ਦੇ ਪਿੜ ਵਿੱਚ ਡਟੇ ਕਿਸਾਨਾਂ ਵੱਲੋਂ ਭੰਗੜੇ ਪੈਣ ਲੱਗੇ। ਪੰਜਾਬ-ਹਰਿਆਣਾ ਵਿੱਚ ਇੱਕ ਵੱਡੀ ਖੁਸ਼ੀ ਦੀ ਲਹਿਰ ਵਿਆਪਕ ਪੱਧਰ ‘ਤੇ ਫੈਲ ਗਈ।
ਕਿਸਾਨ ਲਹਿਰ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਆਤਮ ਵਿਸ਼ਵਾਸ ਦਿੱਤਾ। ਖਾੜਕੂ ਲਹਿਰ ਦੇ ਅੰਤ ਤੋਂ ਬਾਅਦ ਇੱਕ ਨਿੰਮੋਝੂਣਾਪਣ ਪੰਜਾਬ ਦੇ ਲੋਕਾਂ ਵਿੱਚ ਪੈਦਾ ਹੋ ਗਿਆ ਸੀ, ਉਹ ਪੂਰੀ ਤਰ੍ਹਾਂ ਛਟ ਗਿਆ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਸਮੇਤ ਪੰਜ ਰਾਜਾਂ ਵਿੱਚ ਰਾਜ ਅਸੈਂਬਲੀ ਦੀਆਂ ਚੋਣਾਂ ਆ ਰਹੀਆਂ ਸਨ। ਜਿਵੇਂ ਕਿ ਵੀਰਦੀਪ ਹੋਰਾਂ ਨੂੰ ਆਸ ਸੀ ਕਿ ਕਿਸਾਨ ਲਹਿਰ ਵੱਲੋਂ ਪੈਦਾ ਕੀਤੀ ਗਈ ਸਮੂਹਿਕ ਊਰਜਾ ਪੰਜਾਬ ਚੋਣਾਂ ਵਿੱਚ ਕੋਈ ਨਵਾਂ-ਨਵੇਲਾ ਕਰਿਸ਼ਮਾ ਕਰ ਦੇਵੇਗੀ, ਅਜਿਹਾ ਵਾਪਰ ਨਾ ਸਕਿਆ। ਵੋਟਾਂ ਦੇ ਮੁੱਦੇ ‘ਤੇ ਕਿਸਾਨ ਆਗੂਆਂ ਦੀ ਪਾਟੋਧਾੜ ਉਨ੍ਹਾਂ ਨੂੰ ਲੈ ਬੈਠੀ। ਤਬਦੀਲੀ ਦੇ ਹੱਕ ਵਿੱਚ ਬਣਿਆ ਮਾਹੌਲ ਇੱਕ ਨਵੀਂ ਪਾਰਟੀ ਦੇ ਪੱਖ ਵਿੱਚ ਭੁਗਤ ਗਿਆ।
ਵੀਰਦੀਪ ਅਤੇ ਦਿਲਬਾਗ ਇਸ ਗੱਲੋਂ ਨਿਰਾਸ਼ ਸਨ ਕਿ ਕਿਸਾਨ ਸੰਘਰਸ਼ ਰਾਹੀਂ ਪੈਦਾ ਹੋਈ ਉਰਜਾ ਪੰਜਾਬ ਵਿੱਚ ਤਬਦੀਲੀ ਲਿਆਉਣ ਦੇ ਕੰਮ ਨਹੀਂ ਆ ਸਕੀ। ਕਿਸਾਨ ਸੰਘਰਸ਼ ਨੇ ਵੀਰਦੀਪ ਦਾ ਵਿਸ਼ਵਾਸ ਸੰਘਰਸ਼ ਦੇ ਸ਼ਾਂਤਮਈ ਤੌਰ-ਤਰੀਕਿਆਂ ਵਿੱਚ ਹੋਰ ਦ੍ਰਿੜ ਕੀਤਾ। ਦਿਲਬਾਗ ਦੀ ਟੇਕ ਹਾਲੇ ਵੀ ਹਥਿਆਰਾਂ ਤੋਂ ਟੁੱਟ ਨਹੀਂ ਸੀ ਰਹੀ। ਸ਼ਾਂਤਮਈ ਨਿਹੱਥੇ ਕਿਸਾਨਾਂ ਉੱਪਰ ਗੱਡੀ ਚਾੜ੍ਹ ਦੇਣ ਦੀ ਘਟਨਾ ਨੇ ਉਸ ਦਾ ਮਨ ਸੰਘਰਸ਼ ਦੇ ਹਿੰਸਕ ਬਦਲਾਂ ਵਿੱਚ ਹੋਰ ਪੱਕਾ ਕਰ ਦਿੱਤਾ। ਉਸ ਦਿਨ ਦਿਲਬਾਗ ਬਹੁਤ ਬੇਚੈਨ ਰਿਹਾ। ਘਟਨਾ ਵਿੱਚ ਯੂ.ਪੀ. ਦੇ ਕਿਸੇ ਵੱਡੇ ਅਧਿਕਾਰੀ ਦਾ ਮੁੰਡਾ ਸ਼ਾਮਲ ਸੀ। ਦਿਲਬਾਗ ਸੋਚਣ ਲੱਗਾ, ‘ਸਾਲ਼ਾ ਇਸ ਤੋਂ ਅਗਾਂਹ ਹੋਰ ਕੀ ਹੋ ਸਕਦਾ, ਖਾਲੀ ਹੱਥ ਤੁਰੇ ਜਾਂਦੇ ਬੰਦੇ ਗੱਡੀ ਹੇਠ ਦਰੜ ਦਿੱਤੇ। ਇਨ੍ਹਾਂ ਨੂੰ ਇਸੇ ਤਰ੍ਹਾਂ ਦਰੜ ਕੇ ਨਾ ਮਾਰਿਆ ਤਾਂ ਸਾਡਾ ਜੀਣਾ ਕੀ ਹੋਇਆ?’ ਦਿਲਬਾਗ ਇਸ ਘਟਨਾ ਦਾ ਬਦਲਾ ਲੈਣ ਦੀ ਤਰਕੀਬ ਸੋਚਣ ਲੱਗਾ। ਇਸੇ ਘਟਨਾ ਬਾਰੇ ਵੀਰਦੀਪ ਹੋਰ ਤਰ੍ਹਾਂ ਸੋਚ ਰਿਹਾ ਸੀ। ਦਿਲਬਾਗ ਨੇ ਇਸ ਘਟਨਾ ਬਾਰੇ ਵੀਰਦੀਪ ਦਾ ਪ੍ਰਤੀਕਰਮ ਪੁਛਿਆ। ਵੀਰਦੀਪ ਆਖਣ ਲੱਗਾ, ‘ਕਿਸਾਨਾਂ ਨੇ ਤੁਰੰਤ ਪ੍ਰਤੀਕਰਮ ਦੇ ਹੀ ਦਿੱਤਾ, ਤਿੰਨ ਹਮਲਾਵਰ ਵੀ ਮਾਰੇ ਗਏ। ਹੁਣ ਕੇਸ ਦੀ ਅਦਾਲਤ ਵਿੱਚ ਚੱਜ ਨਾਲ ਪੈਰਵਹੀ ਕਰਨੀ ਚਾਹੀਦੀ। ਦੋਸ਼ੀਆਂ ਦਾ ਬਚਣਾ ਸੌਖਾ ਨਹੀਂ ਹੋਏਗਾ।’
ਦਿਲਬਾਗ ਤਿੜ ਗਿਆ, ‘ਸ਼ਾਂਤੀ ਦੀ ਵੀ ਕੋਈ ਹੱਦ ਹੁੰਦੀ ਯਾਰ। ਇਸ ਤੋਂ ਅਗਾਂਹ ਹੋਰ ਕੀ ਕਰ ਸਕਦੇ ਅਗਲੇ। ਚਿੱਟੇ ਦਿਨ ਗੱਡੀ ਕਿਸਾਨਾਂ ‘ਤੇ ਚੜ੍ਹਾ ਦਿੱਤੀ। ‘ਵੇਖੀਂ ਵੀਰਦੀਪ ਇੱਕ ਦਿਨ ਇਨ੍ਹਾਂ ਨੂੰ ਇੱਦਾਂ ਹੀ ਦਰੜ ਕੇ ਮਾਰਾਂਗੇ, ਜਿੱਦਾਂ ਇਨ੍ਹਾਂ ਨੇ ਆਪਣੇ ਬੰਦਿਆਂ ਨੂੰ ਮਾਰਿਆ। ਅਦਾਲਤਾਂ ਅਦੂਲਤਾਂ ‘ਚ ਨ੍ਹੀਂ ਕੁਸ਼ ਵੀ ਹੋਣਾ, ਸਿੱਧੇ ਪੈਣਾ ਪਊ ਇਨ੍ਹਾਂ ਨੂੰ।’
‘ਇਹਦੇ ਨਾਲ ਉਸ ਇਲਾਕੇ ਵਿੱਚ ਸਾਡੇ ਜਿਹੜੇ ਕਿਸਾਨ ਰਹਿੰਦੇ, ਉਨ੍ਹਾਂ ਦਾ ਭਾਰੀ ਨੁਕਸਾਨ ਹੋ ਸਕਦਾ’ ਵੀਰਦੀਪ ਦੂਰ ਦੀ ਸੋਚ ਰਿਹਾ ਸੀ।
‘ਜਿੱਦਾਂ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਦਿੱਲੀ ਤੇ ਹੋਰ ਇਲਾਕਿਆਂ ‘ਚ ਸਿੱਖਾਂ ਦਾ ਹੋਇਆ ਸੀ। ਇਹ ਲੋਕ ਸਥਾਨਕ ਲੋਕਾਂ ਨੂੰ ਭੜਕਾ ਕੇ ਪੰਜਾਬੀ ਸਿੱਖ ਕਿਸਾਨਾਂ ਦੇ ਗਲ ਪਾ ਸਕਦੇ’ ਵੀਰਦੀਪ ਨੇ ਹੋਰ ਦਲੀਲ ਦਿੱਤੀ। ਵੀਰਦੀਪ ਦੀ ਸੁਣ ਕੇ ਦਿਲਬਾਗ ਦਾ ਮਨ ਕੁਝ ਸੋਚੀਂ ਪੈ ਗਿਆ, ਪਰ ਬਾਅਦ ਵਿੱਚ ਉਹ ਫਿਰ ਆਪਣੇ ਟਰੈਕ ‘ਤੇ ਤੁਰ ਪਿਆ। ਵੀਰਦੀਪ ਦਿਲਬਾਗ ਦਾ ਮਨ ਮੋੜਨ ਦਾ ਯਤਨ ਕਰਦਾ ਰਿਹਾ, ‘ਦਿਲਬਾਗ ਇਤਿਹਾਸ ਵਿੱਚ ਪੰਜਾਬ ਦੀਆਂ ਹੋਈਆ ਹਾਰਾਂ ਅਤੇ ਕਿਸਾਨ ਸੰਘਰਸ਼ ਦੀ ਹੋਈ ਜਿੱਤ ਤੋਂ ਸਾਨੂੰ ਬੜਾ ਕੁਝ ਸਿੱਖਣਾ ਚਾਹੀਦਾ। ਅੱਜ ਕੱਲ੍ਹ ਸਟੇਟ ਅਥਾਹ ਸਾਧਨਾਂ ਦੀ ਮਾਲਕ ਹੋ ਗਈ ਹੈ। ਸਰਵੀਲੈਂਸ ਦਾ ਸਾਮਰਾਜ ਆਪਣੇ ਸਿੱਖਰ ਉਤੇ ਹੈ। ਸੈਟੇਲਾਈਟ, ਐਂਡਰਾਇਡ ਫੋਨਾਂ, ਈਮੇਲਾਂ ਅਤੇ ਹੋਰ ਕਮਿਊਨੀਕੇਸ਼ਨ/ਡਿਟੈਕਸ਼ਨ ਦੇ ਸਾਧਨਾਂ ਰਾਹੀਂ ਰਾਜ ਆਪਣੇ ਹਰ ਨਾਗਰਿਕ ‘ਤੇ ਨਿਗਾਹ ਰੱਖ ਸਕਦਾ, ਉਸ ਦੇ ਈ-ਮੇਲ, ਟੈਲੀ ਸੁਨੇਹਿਆਂ ਦੀ ਕੁਝ ਹੀ ਮਿੰਟਾਂ ‘ਚ ਪੁਣ-ਛਾਣ ਕਰ ਸਕਦਾ। ਇਹ ਅਠਾਰਵੀਂ ਸਦੀ ਨਹੀਂ, ਇੱਕੀਵੀਂ ਸਦੀ ਦਾ ਯੁੱਗ ਹੈ। ਇਕ ਅੱਧ ਵੱਡੀ ਘਟਨਾ ਤੁਹਾਨੂੰ ਬੱਲੇ-ਬੱਲੇ ਤਾਂ ਦਿਵਾ ਸਕਦੀ, ਪਰ ਸੰਘਰਸ਼ ਜਿਤਵਾ ਨਹੀਂ ਸਕਦੀ।’ ਵੀਰਦੀਪ ਨੇ ਦਿਲਬਾਗ ਨੂੰ ਲੰਮੀ ਚਿਤਾਵਨੀ ਦਿੱਤੀ।
‘ਸੰਘਰਸ਼ ਜਿਤਵਾ ਨਹੀਂ ਸਕਦੀ ਤਾਂ ਅਜਿਹੀ ਘਟਨਾ ਸੰਘਰਸ਼ ਨੂੰ ਹੁਲਾਰਾ ਤਾਂ ਦੇ ਸਕਦੀ? ਲੋਕਾਂ ਦਾ ਹੌਸਲਾ ਬੁਲੰਦ ਕਰ ਸਕਦੀ? ਆਪਣੇ ਆਪ ਵਿੱਚ ਵਿਸ਼ਵਾਸ ਕਰਨਾ ਸਿਖਾ ਸਕਦੀ ਕਿ ਇਹ ਵੀ ਨ੍ਹੀਂ ਹੋ ਸਕਦਾ?’ ਦਿਲਬਾਗ ਨੇ ਵੀ ਅਗਿਉਂ ਦਲੀਲਾਂ ਦੀ ਝੜੀ ਲਗਾ ਦਿੱਤੀ। ਦਿਲਬਾਗ ਦੀਆਂ ਦਲੀਲਾਂ ਸੁਣ ਕੇ ਵੀਰਦੀਪ ਸੋਚੀਂ ਪੈ ਗਿਆ। ਉਹ ਸੋਚਣ ਲੱਗਾ, ‘ਗੱਲਾਂ ਤਾਂ ਇਹ ਵੀ ਠੀਕ ਕਰਦਾ, ਪਰ ਲੜਾਈ ਜਿੱਤਣ ਲਈ ਇੱਕ ਲੰਮੇ ਤੇ ਲਟਕਵੇਂ ਸਿਆਸੀ ਸੰਘਰਸ਼ ਤੋਂ ਬਿਨਾ ਕੋਈ ਚਾਰਾ ਨਹੀਂ ਅੱਜ ਦੇ ਯੁੱਗ ‘ਚ।’
‘ਮੈਂ ਏਦਾਂ ਨਹੀਂ ਸੋਚਦਾ ਦਿਲਬਾਗ ਜਿੱਦਾਂ ਤੂੰ ਸੋਚਦਾ। ਚਾਚਾ ਕਰਮਾ ਹੈ ਘਰੇ, ਮੈਂ ਕੁਝ ਘਰੇਲੂ ਕਾਰਨਾਂ ਕਰਕੇ ਵੀ ਤੇਰੇ ਵਾਲੇ ਰਾਹ ਨਹੀਂ ਤੁਰ ਸਕਦਾ। ਚਾਚੀ ਨਵਜੋਤ ਹੈ, ਉਨ੍ਹਾਂ ਨੇ ਵੀ ਮੈਨੂੰ ਕੁਝ ਆਸਾਂ ਨਾਲ ਪਾਲਿਆ ਪਲੋਸਿਆ। ਉਨ੍ਹਾਂ ਦੇ ਵੀ ਮੈਂ ਕੁਝ ਸੁਪਨੇ ਪੂਰੇ ਕਰਨੇ। ਇਸ ਦੇ ਬਾਵਜੂਦ ਮੈਂ ਆਪਣੇ ਸਮਾਜ, ਇਤਿਹਾਸ ਵੱਲੋਂ ਵੀ ਮੂੰਹ ਨਹੀਂ ਮੋੜ ਸਕਦਾ। ਮੈਂ ਇਸ ਸਾਰੇ ਕੁਝ ਨੂੰ ਨਾਲ ਲਏ ਬਿਨਾ ਨਹੀਂ ਤੁਰ ਸਕਦਾ।’ ਖਾਸਾ ਕੁਝ ਸੋਚ ਕੇ ਵੀਰਦੀਪ ਨੇ ਉੱਤਰ ਦਿੱਤਾ। ‘ਦਿਲਬਾਗ ਮੇਰੀ ਰੂਹ ਤੇਰੇ ਨਾਲੋਂ ਟੁੱਟ ਨਹੀਂ ਰਹੀ, ਪਰ ਮੈਂ ਤੇਰੇ ਵਾਲੇ ਰਾਹ ‘ਤੇ ਨਹੀਂ ਤੁਰ ਸਕਦਾ। ਮੈਨੂੰ ਲਗਦਾ ਆਪਾਂ ਉਸ ਮੋੜ ‘ਤੇ ਆ ਗਏ ਹਾਂ, ਜਿੱਥੋਂ ਆਪਣੇ ਜਿਸਮ ਇੱਕ ਦੂਜੇ ਤੋਂ ਵੱਖ ਹੋ ਜਾਣੇ ਹਨ। ਤੇਰੇ ਲਈ ਮੈਨੂੰ ਲਗਦਾ ਉਹੋ ਰਾਹ ਠੀਕ ਹੈ ਜੋ ਤੂੰ ਸੋਚਦਾਂ। ਮੈਂ ਕੋਈ ਰਾਜਨੀਤਿਕ ਪਾਰਟੀ ਖੜ੍ਹੀ ਕਰਨ ਦਾ ਯਤਨ ਕਰ ਸਕਦਾਂ। ਜਦੋਂ ਮੇਰੇ ਸੰਘਰਸ਼ ਅੱਗੇ ਕੋਈ ਚੁਣੌਤੀ ਆਈ, ਤੈਨੂੰ ਆਪੇ ਪਤਾ ਲੱਗ ਜਾਣੈਂ ਪਈ ਤੈਨੂੰ ਕੀ ਕਰਨਾ ਚਾਹੀਦਾ। ਜਦੋਂ ਤੇਰੇ ‘ਤੇ ਕੋਈ ਮੁਸੀਬਤ ਆਈ, ਮੇਰਾ ਦਿਲ ਦੱਸ ਦੇਵੇਗਾ ਮੈਂ ਕੀ ਕਰਾਂ। ਮੇਰੀ ਇੱਛਾ ਤਾਂ ਸੀ ਕਿ ਆਪਾਂ ਇਕੱਠੇ ਸੰਘਰਸ਼ ਕਰਦੇ, ਕੋਈ ਸੰਗਠਨ ਬਣਾਉਂਦੇ, ਪਾਰਟੀ ਬਣਾਉਂਦੇ, ਪਰ ਤੇਰੀ ਮਨੋ ਬਣਤਰ ਹੋਰ ਤਰ੍ਹਾਂ ਢਲੀ ਹੋਈ ਹੈ। ਤੈਨੂੰ ਕੁਦਰਤ ਨੇ ਸ਼ਾਇਦ ਕਿਸੇ ਹੋਰ ਕਾਰਜ ਲਈ ਪੈਦਾ ਕੀਤਾ। ਇਸ ਲਈ ਹੁਣ ਜਦੋਂ ਵੀ ਕੋਈ ਸੁਨੇਹਾ ਭੇਜਣਾ ਹੋਇਆ ਤਾਂ ਅਜਿਹੇ ਬੰਦੇ ਕੋਲ ਨਾ ਭੇਜੀਂ, ਜਿਹਨੂੰ ਮੈਂ ਜਾਣਦਾ ਹੋਵਾਂ ਤੇ ਨਾ ਹੀ ਮੈਨੂੰ ਆਪਣੇ ਟਿਕਾਣੇ ਬਾਰੇ ਦੱਸੀਂ। ਮੈਂ ਕਦੋਂ ਤੇਰੇ ਲਈ ਕੀ ਕਰ ਸਕਦਾਂ, ਆਪੇ ਮੈਨੂੰ ਮੇਰਾ ਦਿਲ ਦੱਸ ਦੇਵੇਗਾ। ਮੈਨੂੰ ਮਿਲਣਾ ਹੋਇਆ ਤਾਂ ਕਦੀ ਅਚਾਨਕ ਆਵੀਂ; ਟੈਲੀਫੋਨ, ਈ-ਮੇਲ, ਵੱ੍ਹਟਸਐਪ ਵਗੈਰਾ ‘ਤੇ ਕੋਈ ਸੁਨੇਹਾ ਨਾ ਭੇਜੀਂ। ਇਸੇ ਵਿੱਚ ਤੇਰਾ ਭਲਾ ਹੈ ਤੇ ਇਸੇ ਵਿੱਚ ਮੇਰਾ ਵੀ।’ ਵੀਰਦੀਪ ਨੇ ਲੰਮੀ ਤਾਕੀਦਨੁਮਾ ਤਕਰੀਰ ਕੀਤੀ। ਦਿਲਬਾਗ ਤਹੱਮਲ ਨਾਲ ਬੈਠਾ ਸੁਣਦਾ ਰਿਹਾ। ਇਸ ਵਾਰ ਉਸ ਦੇ ਚਿਹਰੇ ‘ਤੇ ਪਹਿਲਾਂ ਵਾਂਗ ਬਹੁਤੇ ਹਾਵਭਾਵ ਨਹੀਂ ਆਏ। ਉਹ ਜਿਵੇਂ ਵੀਰਦੀਪ ਦੇ ਪ੍ਰਤੀਕਰਮ ਬਾਰੇ ਜਾਣੀਜਾਣ ਹੀ ਸੀ। ਦੋਵੇਂ ਇੱਕ-ਦੂਜੇ ਦੇ ਦਿਲਾਂ ਦੇ ਭੇਤੀ ਸਨ।

Leave a Reply

Your email address will not be published. Required fields are marked *