ਡਾ. ਧਰਮਪਾਲ ਸਾਹਿਲ
ਫੋਨ: +91-9876156964
ਪ੍ਰਸਿੱਧ ਸਿੱਖਿਆ ਸ਼ਾਸਤਰੀ, ਕੁਸ਼ਲ ਪ੍ਰਬੰਧਕ ਅਤੇ ਸਥਾਪਿਤ ਖੋਜੀ ਨਿਬੰਧਕਾਰ ਡਾ. ਅਰਵਿੰਦਰ ਸਿੰਘ ਮੁੱਖ ਤੌਰ `ਤੇ ਸਮਾਜਕ, ਸਿਆਸਤ, ਫ਼ਲਸਫ਼ੇ, ਸਿੱਖਿਆ ਅਤੇ ਵਰਤਮਾਨ ਸਰੋਕਾਰਾਂ ਨੂੰ ਆਪਣੀਆਂ ਕਿਰਤਾਂ ਦਾ ਵਿਸ਼ਾ ਬਣਾਉਂਦੇ ਹਨ। ਦਰਜਨਾਂ ਮਿਆਰੀ ਪੁਸਤਕਾਂ ਦੇ ਰਚੇਤਾ ਡਾ. ਅਰਵਿੰਦਰ ਸਿੰਘ ਦਾ ਤਾਜ਼ਾ ਲੇਖ ਸੰਗ੍ਰਹਿ ‘ਖਿਆਲ ਤੋਂ ਤਹਿਰੀਰ ਤੱਕ’ ਪ੍ਰਕਾਸ਼ਿਤ ਹੋ ਪਾਠਕਾਂ ਦੇ ਤੀਕ ਪੁੱਜਾ ਹੈ। ਲੇਖਕ ਨੇ ਪੁਸਤਕ ਦੇ ਸਮੁੱਚੇ ਕੰਟੈਂਟ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ‘ਮਜ਼ਹਬ ਅਤੇ ਮਨੁੱਖ’ ਵਿੱਚ 9 ਲੇਖ, ‘ਪੰਥ ਅਤੇ ਪੰਜਾਬ ਦੀ ਅਧੋਗਤੀ ਦੀ ਪੜਚੋਲ’ ਵਿੱਚ 11, ਤੀਸਰੇ ‘ਸਿੱਖਿਆ ਸੰਸਾਰ ਸੰਬੰਧੀ ਸਰੋਕਾਰ’ ਦੇ ਚਾਰ ਲੇਖ ਅਤੇ ‘ਜ਼ਿੰਦਗੀ ਦੀ ਚਾਲ, ਦਿਸ਼ਾ ਅਤੇ ਦਿਸ਼ਾ’ 11 ਲੇਖ ਸ਼ਾਮਿਲ ਕੀਤੇ ਗਏ ਹਨ।
ਡਾ. ਅਰਵਿੰਦਰ ਸਿੰਘ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੇ ਪੈਰੋਕਾਰ ਹਨ। ਉਨ੍ਹਾਂ ਦਾ ਜ਼ਿੰਦਗੀ, ਸਮਾਜ ਅਤੇ ਰਾਜਨੀਤੀ ਪ੍ਰਤੀ ਨਜ਼ਰੀਆ ਗੁਰੂ ਨਾਨਕ ਸਾਹਿਬ ਦੇ ਆਦਰਸ਼ ਅਤੇ ਸੰਕਲਪ ਵਾਲਾ ਹੈ। ਇਸੇ ਲਈ ਉਹ ਪੁਸਤਕ ਦੇ ਪਹਿਲੇ ਪੜਾਅ ‘ਮਜ਼ਹਬ ਅਤੇ ਮਨੁੱਖ’ ਵਿੱਚ ਗੁਰੂ ਨਾਨਕ ਸਾਹਿਬ ਦੀ ਫਿਲਾਸਫ਼ੀ ਨੂੰ ਆਧਾਰ ਬਣਾ ਕੇ ਸਮਾਜ ਤੇ ਅਜੋਕੇ ਸੱਚੇ ਸਿੱਖ ਦੀ ਵਿਆਖਿਆ ਕਰਦੇ ਹਨ ਅਤੇ ਗੁਰੂ ਨਾਨਕ ਨੂੰ ਧਿਆਉਣ ਤੋਂ ਲੈ ਕੇ ਉਸ ਦੀ ਮੰਨਣ ਵਿਚਾਲੇ ਦਿਨ ਪ੍ਰਤੀ ਦਿਨ ਵਧਦੇ ਜਾਂਦੇ ਫ਼ਾਸਲੇ ਦੀ ਨਿਸ਼ਾਨਦੇਹੀ ਕਰਦੇ ਹਨ। ਉਨ੍ਹਾਂ ਨੇ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ ਦੇ ਲੋਕਤੰਤਰੀ ਸਰੋਕਾਰਾਂ ਅਤੇ ਲੁਕਾਈ ਲਈ ਲਾਸਾਨੀ ਸ਼ਹਾਦਤ ਦੇ ਅਰਥ ਸਮਝਾਏ ਹਨ। ਇਨ੍ਹਾਂ ਮਹਾਮਾਨਵਾਂ ਦੇ ਅਦਰਸ਼ਾਂ ਨੂੰ ਜ਼ਿੰਦਗੀ ਵਿੱਚ ਢਾਲਣ ਦੀ ਪ੍ਰੇਰਣਾ ਦਿੱਤੀ ਹੈ।
‘ਸਿੱਖਿਆ ਸੰਸਾਰ ਸੰਬੰਧੀ ਸਰੋਕਾਰ’ ਵਾਲੇ ਪੜਾਅ ਵਿੱਚ ਭਾਰਤ ਵਿੱਚ ਉਚੇਰੀ ਸਿੱਖਿਆ ਦੇ ਖੇਤਰ ਨੂੰ ਦਰਪੇਸ਼ ਚੁਣੌਤੀਆਂ, ਰੁਜ਼ਗਾਰਯੋਗਤਾ ਅਤੇ ਭਾਰਤ ਵਿੱਚ ਉਚੇਰੀ ਸਿੱਖਿਆ ਦੀ ਮੌਜੂਦਾ ਸਥਿਤੀ, ਨਾਲ ਹੀ ਅਸਮਾਨਤਾਵਾਂ ਦੀ ਮਾਰ ਝੱਲ ਰਹੇ ਭਾਰਤੀ ਸਿੱਖਿਆ ਤੰਤਰ ਦੀ ਆਪਣੇ ਤਜ਼ਰਬਿਆਂ ਦੇ ਆਧਾਰ `ਤੇ ਖੁਰਦਬੀਨੀ ਪੜਚੋਲ ਕੀਤੀ ਹੈ। ਉਚੇਰੀ ਵਿਦਿਆ ਦੇ ਖੇਤਰ ਦੇ ਬਹੁਤ ਸਾਰੇ ਅਣਗੌਲੇ ਅਤੇ ਧਿਆਨ ਮੰਗਦੇ ਤੱਥ ਉਜਾਗਰ ਕੀਤੇ ਹਨ।
ਪੁਸਤਕ ਦੇ ‘ਜ਼ਿੰਦਗੀ ਦੀ ਚਾਲ, ਦਿਸ਼ਾ ਅਤੇ ਦਸ਼ਾ’ ਰਾਹੀਂ ਡਾ. ਅਰਵਿੰਦਰ ਸਿੰਘ ਨੇ ਮਨੁੱਖੀ ਜੀਵਨ ਸ਼ੈਲੀ, ਨੈਤਿਕਤਾ, ਜ਼ਿੰਦਗੀ ਜਿਊਣ ਦੇ ਸ਼ਉਰ, ਅਜੋਕੇ ਬਦਲਦੇ ਯੁੱਗ ਵਿੱਚ ਸਾਡੀ ਤਰਜ਼-ਏ-ਜ਼ਿੰਦਗੀ, ਦਾਨਿਸ਼ਮੰਦੀ ਦੇ ਮਹੱਤਵ, ਖੁਸ਼ੀਆਂ ਨੂੰ ਹਾਸਿਲ ਕਰਨ ਅਤੇ ਉਸ ਨੂੰ ਮਾਨਣ ਦੇ ਢੰਗ, ਖ਼ਾਮੋਸ਼ ਰਹਿਣ ਦਾ ਹੁਨਰ ਤੇ ਉਸ ਦਾ ਪ੍ਰਭਾਵ, ਖਾਹਿਸ਼ਾਂ ਦੇ ਚੱਕਰਵਿਊ ਵਿੱਚ ਫਸਿਆ ਇਨਸਾਨ ਗਰੂਰ ਤੋਂ ਬੱਚ ਕੇ ਜਿਊਣ ਦੀ ਕਲਾ ਅਤੇ ਜ਼ਿੰਦਗੀ ਵਿਚਲੀ ਸੰਕਰੀਣਤਾ ਨੂੰ ਖ਼ਤਮ ਕਰਕੇ ਜੀਉ ਤੇ ਜਿਊਣ ਦਿਉ ਦੇ ਫ਼ਲਸਫ਼ੇ `ਤੇ ਅਮਲ ਰਾਹੀਂ ਆਪਣੀ ਜ਼ਿੰਦਗੀ ਦੀ ਦਿਸ਼ਾ ਅਤੇ ਦਸ਼ਾ ਨੂੰ ਨਿਰਧਾਰਤ ਕਰਨ ਦਾ ਉਦੇਸ਼ ਪੂਰਣ ਸੁਨੇਹਾ ਦਿੱਤਾ ਹੈ।
ਪੁਸਤਕ ਦਾ ਚੌਥਾ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤੇ ਸਮਕਾਲੀ ਪੜਾਅ ਹੈ, ‘ਪੰਥ ਅਤੇ ਪੰਜਾਬ ਦੀ ਅਧੋਗਤੀ ਦੀ ਪੜਚੋਲ’ ਵਿਚਲੇ 11 ਲੇਖ। ਇਨ੍ਹਾਂ ਵਿੱਚ ਲੇਖਕ ਨੇ ਸਿੱਖ ਕੌਮ ਅਤੇ ਅਜੋਕੇ ਪੰਜਾਬ ਨਾਲ ਜੁੜੇ ਬਹੁਤ ਹੀ ਅਹਿਮ ਮੁੱਦਿਆਂ `ਤੇ ਬੇਬਾਕ, ਤਰਕ ਆਧਾਰਿਤ, ਨਿਰਪੱਖ ਮੁਲੰਕਣ ਕਰਦਿਆਂ ਅਜਿਹਾ ਅਕਸ ਵਿਖਾਇਆ ਹੈ ਕਿ ਪੰਜਾਬੀ ਪਾਠਕ ਨੂੰ ਪੰਜਾਬ ਦੇ ਸਮਾਜਕ, ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਪਰਿਦ੍ਰਿਸ਼ ਵਿਚਲਾ ਖੋਖਲਾਪਣ ਸਪੱਸ਼ਟ ਨਜਰ ਆਉਣ ਲੱਗਦਾ ਹੈ। ਲੇਖਕ ਨੇ ਬਹੁਤ ਹੀ ਸੰਜੀਦਾ ਹੋ ਕੇ ਨਿਰਪੱਖ ਢੰਗ ਨਾਲ ਅਜੋਕੀ ਵਿਵਸਥਾ ਦੀ ਜਿਹੜੀ ਪੜਚੋਲ ਕੀਤੀ ਹੈ, ਉਸ ਵਿੱਚ ਸਿੱਖ ਕੌਮ ਦੇ ਮਸਲਿਆਂ, ਉਸ ਦੇ ਏਜੰਡੇ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸਾਰਥਕਤਾ ਨੂੰ ਆਪਣੇ ਨੁਕਤੇ-ਨਿਗਾਹ ਤੋਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਨਿਬੰਧਾਂ ਵਿੱਚ ਲੇਖਕ ਬੇਹੱਦ ਫਿਕਰਮੰਦ ਨਜ਼ਰ ਆਉਂਦਾ ਹੈ, ਅਜੋਕਾ ਸਿੱਖ, ਪੰਥ ਤੋਂ ਬੇਮੁੱਖ ਹੋ ਰਿਹਾ ਹੈ। ਉਸ ਨੂੰ ਗੁਰੂਆਂ ਦੀ ਵਰਸੋਈ ਧਰਤੀ, ਪੰਜਾਬ ਦੇ ਪੌਣ-ਪਾਣੀ, ਪੰਜਾਬ ਦੇ ਸਭਿਆਚਾਰ, ਪੰਜਾਬ ਦੇ ਮਹੱਤਵਪੂਰਨ ਮਸਲਿਆਂ ਪ੍ਰਤੀ ਗੈਰ-ਸੰਜੀਦਗੀ, ਪੰਜਾਬ ਦੇ ਦਰਦ ਦੀ ਅਣਦੇਖੀ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ।
ਲੇਖਕ ਬਿਨਾ ਉਲਾਰ ਹੋਇਆਂ ਬਹੁਤ ਹੀ ਸੰਤੁਲਤ ਤੇ ਸਕਾਰਾਤਮਕ ਪਹੁੰਚ ਅਪਣਾਉਂਦਾ ਹੋਇਆ ਪੰਜਾਬ ਦੀਆਂ ਅਜੋਕੀ ਪ੍ਰਸਥਿਤੀਆਂ ਦੀ ਪਰਖ ਪੜਚੋਲ ਕਰਦਾ ਹੈ ਅਤੇ ਨਾਲੋ-ਨਾਲ ਪੰਜਾਬੀਆਂ ਨੂੰ ਨਸੀਹਤਾਂ ਵੀ ਦਿੰਦਾ ਜਾਂਦਾ ਹੈ। ਦਰਅਸਲ ਲੇਖਕ ਵੱਲੋਂ ਲਿਖੇ ਇਨ੍ਹਾਂ ਸ਼ਬਦਾਂ ਵਿਚਲਾ ਦਰਦ, ਫ਼ਿਕਰ, ਹਰ ਉਸ ਸੱਚੇ ਪੰਜਾਬੀ ਦੇ ਦਿਲ ਦੀ ਹੂਕ ਹੈ, ਜਿਹੜਾ ਪੰਜਾਬ ਦੇ ਇਸ ਬਦਲਦੇ ਸਰੂਪ ਤੋਂ ਦੁਖੀ ਅਤੇ ਪ੍ਰੇਸ਼ਾਨ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਡਾ. ਅਰਵਿੰਦਰ ਸਿੰਘ ਦੀ ਸਿੱਖ ਧਰਮ, ਪੰਥ, ਪੰਜਾਬ ਦੀ ਇਤਿਹਾਸਕ, ਭੁਗੋਲਿਕ, ਧਾਰਮਿਕ, ਅਧਿਆਤਮਕ, ਆਰਥਿਕ, ਰਾਜਨੀਤਕ ਸੰਬੰਧੀ ਵਿਸ਼ਾਲ ਅਤੇ ਡੂੰਘੇ ਗਿਆਨ ਦਾ ਪਤਾ ਚਲਦਾ ਹੈ। ਲੇਖਕ ਨਾਲੋ-ਨਾਲ ਪੰਜਾਬ ਦੇ ਗੌਰਵਮਈ ਇਤਿਹਾਸ, ਵਿਲੱਖਣ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ, ਪੰਜਾਬੀ ਜੀਵਨ ਦੀਆਂ ਰਹੁ-ਰੀਤਾਂ, ਰਵਾਇਤਾਂ ਦਾ ਅਹਿਸਾਸ ਵੀ ਕਰਾਉਂਦਾ ਜਾਂਦਾ ਹੈ, ਯਾਨਿ ਇੱਕ ਤੁਲਨਾਤਮਕ ਵਿਸ਼ਲੇਸ਼ਣ ਵੀ ਹੁੰਦਾ ਜਾਂਦਾ ਹੈ। ਪਾਠਕ ਨੂੰ ਪੁਰਾਤਨ ਅਤੇ ਅਜੋਕੇ ਸਰੋਕਾਰਾਂ ਵਿਚਲਾ ਅੰਤਰ ਵੀ ਸਪਸ਼ਟ ਹੁੰਦਾ ਜਾਂਦਾ ਹੈ।
ਲੇਖਕ ਨੇ ਸਮੁੱਚੇ ਪੰਜਾਬੀਆਂ ਸਾਹਮਣੇ ਕਈ ਮਹੱਤਵਪੂਰਨ ਪ੍ਰਸ਼ਨ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਨੂੰ ਚੇਤੰਨ ਵੀ ਕੀਤਾ ਹੈ ਤੇ ਸਾਵਧਾਨ ਵੀ। ਵਿਸ਼ੇਸ਼ ਕਰਕੇ ਪੰਜਾਬ ਦਾ ਬੁੱਧੀਜੀਵੀ ਵਰਗ ਜਿਹੜਾ ਸਭ ਕੁੱਝ ਵੇਖਦਾ, ਸੁਣਦਾ ਤੇ ਸਮਝਦਾ ਹੋਇਆ ਵੀ ਅਪਣੀ ਜਿੰਮੇਵਾਰੀ ਤੋਂ ਪਾਸਾ ਵੱਟਿਆ ਜਾਪਦਾ ਹੈ। ਲੇਖਕ ਨੇ ਬੜੇ ਹੀ ਸਪੱਸ਼ਟ ਢੰਗ ਨਾਲ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ, ਜਾਣੇ-ਅਣਜਾਣੇ ਕੀਤੀਆਂ ਅਣਗਹਿਲੀਆਂ ਤੇ ਇਤਿਹਾਸਕ ਗਲਤੀਆਂ ਲਈ ਵਕਤ ਦੇ ਹਾਕਮਾਂ ਨੂੰ ਸਵਾਲ ਕੀਤੇ ਹਨ ਤੇ ਉਨ੍ਹਾਂ ਨੂੰ ਸੰਕੀਰਣ, ਸਵਾਰਥੀ, ਸੱਤਾ ਦੀ ਭੁੱਖ ਨੂੰ ਲਾਂਭੇ ਰੱਖ ਕੇ ਪੰਜਾਬ ਦੇ ਸਾਊ ਪੁੱਤ ਬਣ ਕੇ ਆਪਣੇ ਫ਼ਰਜ਼ਾਂ ਦੀ ਪੂਰਤੀ ਲਈ ਪ੍ਰੇਰਿਤ ਕੀਤਾ ਹੈ।
ਡਾ. ਅਰਵਿੰਦਰ ਸਿੰਘ ਦੀ ਪ੍ਰਵਾਹਮਈ, ਸਪੱਸ਼ਟ, ਸਟੀਕ ਅਤੇ ਸੰਵੇਦਨਸ਼ੀਲ ਸ਼ੈਲੀ ਨੇ ਸੋਨੇ `ਤੇ ਸੁਹਾਗੇ ਵਾਲਾ ਕੰਮ ਕੀਤਾ ਹੈ। ਸ਼ਬਦਾਂ ਦੀ ਚੋਣ, ਢੁਕਵੇਂ ਮੁਹਾਵਰੇ, ਦ੍ਰਿਸ਼ਟਾਂਤ ਅਤੇ ਉਦਾਹਰਣਾਂ ਨੇ ਇਨ੍ਹਾਂ ਨਿਬੰਧਾਂ ਨੂੰ ਰੌਚਕਤਾ ਬਖਸ਼ੀ ਹੈ। ਇਸ ਬਿਰਤਾਂਤਕ ਸ਼ੈਲੀ ਰਾਹੀਂ ਲੇਖਕ ਪਾਠਕੀ ਸੋਚ ਨੂੰ ਹਲੂਣਨ ਵਿੱਚ ਸਮਰੱਥ ਹੈ। ਇੱਕ ਵਾਰ ਤਾਂ ਪਾਠਕ ਸੋਚੀ ਪੈ ਜਾਂਦਾ ਹੈ। ਪਾਠਕ ਨੂੰ ਝੰਜੋੜ ਕੇ ਉਸ ਨੂੰ ਜਗਾਉਣਾ ਤੇ ਸੋਚਣ ਲਈ ਮਜਬੂਰ ਕਰ ਦੇਣਾ ਡਾ. ਅਰਵਿੰਦਰ ਸਿੰਘ ਦੀ ਲੇਖਣੀ ਦਾ ਕਮਾਲ ਹੈ ਅਤੇ ਇਨ੍ਹਾਂ ਲੇਖਾਂ ਦਾ ਹਾਸਿਲ ਹੈ। ਲੇਖਕ ਪਾਸ ਨਾ ਸਿਰਫ਼ ਸ਼ਬਦਾਂ ਦਾ ਖ਼ਜਾਨਾ ਹੈ, ਸਗੋਂ ਉਸ ਪਾਸ ਜਾਣਕਾਰੀ ਅਤੇ ਸੂਚਨਾਵਾਂ ਦਾ ਵਿਸ਼ਾਲ ਭੰਡਾਰ ਹੈ। ਇਹ ਸਭ ਉਸਨੂੰ ਆਪਣੇ ਮਨੋਭਾਵਾਂ ਦੇ ਪ੍ਰਗਟਾਅ ਲਈ ਮਦਦਗਾਰ ਸਾਬਿਤ ਹੁੰਦਾ ਹੈ। ਸਮੇਂ ਦੇ ਯਥਾਰਥ ਨੂੰ ਸਮਝਣਾ, ਉਸ ਦੀ ਨਿਸ਼ਾਨਦੇਹੀ ਕਰਨਾ, ਪੁਰਾਤਨ ਨਾਲ ਤੁਲਨਾ ਕਰਨੀ, ਵਿਸ਼ਲੇਸ਼ਣ ਮਗਰੋਂ ਸਿੱਟਿਆਂ ਨੂੰ ਨਾਪ-ਤੋਲ ਕੇ ਸੰਤੁਲਤ ਢੰਗ ਨਾਲ ਸਕਾਰਾਤਮਕ ਪਹੁੰਚ ਅਪਣਾਉਂਦਿਆਂ ਪ੍ਰਭਾਵਸ਼ਾਲੀ ਰੌਚਕ ਸ਼ੈਲੀ ਵਿੱਚ ਪੇਸ਼ ਕਰਨਾ ਇਹ ਸੌਖਾ ਕਾਰਜ ਨਹੀਂ ਹੈ, ਜਿਸ ਨੂੰ ਲੇਖਕ ਨੇ ਬੜੇ ਹੀ ਸਿਰੜ ਤੇ ਸਿਦਕ ਨਾਲ ਅੰਜ਼ਾਮ ਦਿੱਤਾ ਹੈ। ਲੇਖਕ ਦਾ ਅਨੁਭਵ ਤੋਂ ਅਨੁਭੂਤੀ ਦਾ ਇਹ ਸਫ਼ਰ ਬਹੁਤ ਤਸੱਦਦ ਭਰਿਆ ਹੈ।
ਪੁਸਤਕ ‘ਖ਼ਿਆਲ ਤੋਂ ਤਹਿਰੀਰ ਤੱਕ’ ਮਨੁੱਖੀ ਖ਼ਿਆਲ ਦੀ ਉਪਜ ਤੋਂ ਲੈ ਕੇ ਵਿਸਥਾਰ ਗ੍ਰਹਿਣ ਕਰਕੇ ਕਾਗਜ਼ ਦੇ ਕੈਨਵਸ ਤੇ ਸ਼ਬਦਾਂ, ਗਿਆਨ ਤੇ ਅਨੁਭਵ ਦੇ ਰੰਗਾਂ ਰਾਹੀਂ ਪੰਜਾਬ ਦਾ ਯਥਾਰਥਮਈ ਚਿੱਤਰਣ ਡਾ. ਅਰਵਿੰਦਰ ਸਿੰਘ ਵਰਗੇ ‘ਇੰਮਪ੍ਰੇਸ਼ਨਿਸ਼ਟ ਕਲਾਕਾਰ’ ਦੀ ਕਲਮ ਤੋਂ ਹੀ ਸੰਭਵ ਹੋ ਸਕਿਆ ਹੈ। ਯੂਨੀਸਟਾਰ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਇਹ ਪੁਸਤਕ ਦਾ ਸਰਵਰਕ ਆਕਰਸ਼ਕ ਹੈ। ਪ੍ਰਿੰਟਿਗ ਪੱਖੋਂ ਮਿਆਰੀ ਹੈ। ਇੱਕ ਬਾਮਕਸਦ ਤੇ ਸਾਰਥਕ ਪੁਸਤਕ ਦੀ ਸਿਰਜਣਾ ਲਈ ਡਾ. ਅਰਵਿੰਦਰ ਸਿੰਘ ਵਧਾਈ ਦੇ ਹੱਕਦਾਰ ਹਨ। ਮੈਂ ਪੰਜਾਬ ਦੇ ਸੱਚੇ ਹਿਤੈਸ਼ੀਆਂ ਨੂੰ ਇਹ ਪੁਸਤਕ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ।