ਪਰਮਜੀਤ ਸੋਹਲ
ਕਵੀ ਰਣਧੀਰ ਸਧਾਰਨ ਸ਼ਬਦਾਵਲੀ ਰਾਹੀਂ ਬਹੁਤ ਗਹਿਰੀ ਭਾਵ-ਅਭਿਅੰਜਨਾ ਵਿਅਕਤ ਕਰ ਜਾਂਦਾ ਹੈ। ਖ਼ੁੱਲ੍ਹੀ ਕਵਿਤਾ ਵਿੱਚ ਇਸ ਤਰ੍ਹਾਂ ਦੀ ਗਹਿਰੀ ਭਾਵ ਸੰਵੇਦਨਾ ਪਾਠਕ ਦੇ ਮਨ ਮਸਤਕ ’ਤੇ ਆਪਣੀ ਗਹਿਰੀ ਛਾਪ ਛੱਡਦੀ ਹੈ। ਰਣਧੀਰ ਦੀ ਕਾਵਿਕ ਪ੍ਰਤਿਭਾ ਦੀ ਗਹਿਰ ਗੰਭੀਰਤਾ ਨੂੰ ਮਾਪ ਸਕਣਾ ਜੇ ਅਸੰਭਵ ਨਹੀਂ ਤਾਂ ਔਖਾ ਕਾਰਜ ਜ਼ਰੂਰ ਹੋ ਜਾਂਦਾ ਹੈ। ਜਿਸ ਸਿਰਜਣਾਤਮਕ ਪੱਧਰ ’ਤੇ ਉਸਨੇ ‘ਖ਼ਤ ਜੋ ਲਿਖਣੋਂ ਰਹਿ ਗਏ’ ਦੀ ਰਚਨਾ ਕੀਤੀ ਹੈ, ਉਸੇ ਅੰਦਾਜ਼ ਵਿੱਚ ਉਸ ਦੇ ਸ਼ਬਦ ਸਾਡੀ ਚੇਤਨਾ ਅੰਦਰ ਉਤਰਦੇ ਚਲੇ ਜਾਂਦੇ ਹਨ। ਜਿੱਥੋਂ ਰਣਧੀਰ ਇਨ੍ਹਾਂ ਕਵਿਤਾਵਾਂ/ਖ਼ਤਾਂ ਦੀ ਸਿਰਜਣਾ ਕਰ ਰਿਹਾ ਹੈ, ਉਥੋਂ ਤੀਕ ਰਸਾਈ ਨਾ ਕਰ ਸਕਣਾ ਮੈਨੂੰ ਬੇਚੈਨ ਕਰ ਦਿੰਦਾ ਹੈ।
ਮੈਥੋਂ ਭੱਜ ਭੱਜ ਕੇ ਵੀ ਉਹਦੇ ਵਿਚਾਰਾਤਮਕ ਸਿਖਰਾਂ ਤੀਕ ਪੁੱਜ ਨਹੀਂ ਹੁੰਦਾ। ਇਹ ਮੇਰੀ ਬੌਧਿਕ ਪੱਧਰ ਦੀ ਘਾਟ ਹੈ ਜਾਂ ਇਨ੍ਹਾਂ ਕਵਿਤਾਵਾਂ ਬਾਰੇ ਇਹ ਧਾਰਨਾ ਕਿ ਇਨ੍ਹਾਂ ਕਵਿਤਾਵਾਂ/ਖ਼ਤਾਂ ਨੂੰ ਪੜ੍ਹਿਆ/ਮਾਣਿਆ ਜਾ ਸਕਦਾ ਹੈ, ਇਨ੍ਹਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਮੈਂ ਇਸ ਨਿਬੰਧ ਵਿੱਚ ਉਸ ਦੀਆਂ ਕੁਝ ਕੁ ਕਵਿਤਾਵਾਂ ਦੇ ਭਾਵਾਂ ਵਿੱਚ ਉਤਰਨ ਦੀ ਕੋਸ਼ਿਸ਼ ਕਰਦਾ ਹਾਂ।
ਸ਼ਾਇਦ ਖ਼ਤਾਂ ਦਾ ਬਿੰਬ ਉਸਦੀ ਕਵਿਤਾ ਵਿੱਚ ਤਤਕਾਲੀ ਮੁੱਦਿਆਂ ਦੇ ਸੰਦਰਭ ਵਿੱਚ ਇਸਤੇਮਾਲ ਹੋਇਆ ਹੈ। ਕਵੀ ਨੇ ਇਕ ਕਵਿਤਾ ਵਿੱਚ ਉਨ੍ਹਾਂ ਖ਼ਤਾਂ ਦਾ ਵੀ ਜ਼ਿਕਰ ਕੀਤਾ ਹੈ, ਜੋ ਕੁਦਰਤ ਵੱਲੋਂ ਲਿਖੇ ਜਾ ਰਹੇ ਹਨ ਤੇ ਪੜ੍ਹੇ ਵੀ ਜਾ ਰਹੇ ਹਨ। ਅਸੀਂ ਇਸ ਕਿਤਾਬ ਦੇ ਸਿਰਲੇਖ ਵਾਲੀ ਕਵਿਤਾ ‘ਖ਼ਤ ਜੋ ਲਿਖਣੋਂ ਰਹਿ ਗਏ’ ਦੀ ਤਫ਼ਸੀਲ ਵਿੱਚ ਜਾ ਕੇ ਦੇਖਦੇ ਹਾਂ ਕਿ ਕਵੀ ਕਿਹੜੇ ਮੁੱਦਿਆਂ ਨੂੰ ਅਣਲਿਖੇ ਖ਼ਤਾਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਕਰਦਾ ਹੈ। ਇਸ ਕਵਿਤਾ ਵਿੱਚ ਪਹਿਲਾ ਸਵਾਲ ਉਸ ਅਗਿਆਤ ਧਿਰ ਦੀ ਪਛਾਣ ਦਾ ਹੈ, ਜਿਸ ਪ੍ਰਤੀ ਜਾਣਨ ਲਈ ਪਾਠਕ ਬਿਹਬਲ ਹੁੰਦਾ ਹੈ। ਕੀ ਪਾਠਕ ਖ਼ੁਦ ਵੀ ਉਸੇ ਧਿਰ ਦਾ ਨੁਮਾਇੰਦਾ ਤਾਂ ਨਹੀਂ, ਜਿਸ ਨੂੰ ਕਵੀ ਮੁਖ਼ਾਤਿਬ ਹੋ ਰਿਹਾ ਹੈ। ਇਸ ਧਿਰ ਨਾਲ ਜੋ ਬੇਇਨਸਾਫ਼ੀ ਹੋਈ ਹੈ, ਕਵੀ ਉਸ ਨੂੰ ਖ਼ਤ ਨਾ ਲਿਖੇ ਜਾ ਸਕਣ ਦੀ ਮਜਬੂਰੀ ਬਿਆਨ ਕਰਦਾ ਹੈ। ਉਹ ਬੋਲਣਾ ਚਾਹੁੰਦਾ ਵੀ ਸ਼ਬਦ ਨਹੀਂ ਬੋਲਦਾ। ਦੇਖਣਾ ਬਣਦਾ ਹੈ ਕਿ ਅਜਿਹੀ ਕੀ ਮਸਰੂਫੀਅਤ ਸੀ ਕਿ ਉਹ ਮਾਫ਼ੀਨਾਮੇ ਦਾ ਇੰਕਸ਼ਾਫ਼ ਕਰਦਾ ਹੈ ਅਤੇ ਆਪਣੀ ਅਰਧ ਚੇਤਨ ਅਵਸਥਾ ਦਾ ਵੀ ਇਜ਼ਹਾਰ ਕਰਦਾ ਹੈ। ਉਦੋਂ ਉਹ ਜੋਗੀ ਹੁੰਦਾ ਇਸ਼ਕ ਦੇ ਚੱਕਰ ’ਚ ਪਿਆ ਹੋਇਆ ਸੀ ਕਿ ਇਸ ਮਸਰੂਫੀਅਤ ਦੇ ਅਚੇਤਪੁਣੇ ਦੀ ਨੀਂਦ ਵਿੱਚ ਇਹ ਸਾਰਾ ਵਰਤਾਰਾ ਵਾਪਰ ਗਿਆ। ਅਗਲਾ ਸਵਾਲ ਜਾਗ ਆਉਣ ’ਤੇ ਭਾਈ ਘਨੱਈਏ ਜਿਹੀ ਸੇਵਾ ਭਾਵਨਾ ਵੇਲੇ ਵੀ ਦੋਸਤਾਂ/ਦੁਸ਼ਮਣਾਂ ਦੀ ਗਿਣਤੀ-ਮਿਣਤੀ ਵਿੱਚ ਪਏ ਰਹਿਣ ਦਾ ਹੈ ਕਿ ਉਸ ਵੱਲੋਂ ਬੋਲੇ ਜਾਣ ਵਾਲੇ ਸ਼ਬਦ ਜਾਂ ਲਿਖੇ ਜਾਣ ਵਾਲੇ ਖ਼ਤਾਂ ਦਾ ਕਾਫ਼ਲਾ ਰੁਕ ਜਾਂਦਾ ਹੈ। ਅਗਲਾ ਸਵਾਲ ਜਦੋਂ ਉਹ ਖ਼ਤ ਲਿਖਣ ਦੀ ਸਹੀ ਸਥਿਤੀ ਦੇ ਸਿਰੇ ’ਤੇ ਪੁੱਜਦਾ ਹੈ ਤਾਂ ਅੰਨ੍ਹੀ ਭੀੜ ਦਾ ਹਿੱਸਾ ਬਣ ਕੇ ਖ਼ਤ ਲਿਖਣੋਂ ਖੁੰਝ ਜਾਂਦਾ ਹੈ। ਨਿਰਸੰਦੇਹ ਕਵੀ ਘਟ ਗਿਣਤੀ ਨਾਲ ਚੁਰਾਸੀ ਦੇ ਦੰਗਿਆਂ ਵੇਲੇ ਦੀ ਨਸਲਕੁਸ਼ੀ ਬਾਬਤ ਗੱਲ ਕਰਦਾ ਹੈ। ਤੇ ਇਹ ਵੀ ਸੱਚ ਹੈ ਕਿ ਭੀੜਤੰਤਰ ਦਿਸ਼ਾਹੀਣ ਹੁੰਦਾ ਹੈ। ਉਹ ਮਕਾਨ ਢਾਹੁੰਦਾ ਹੈ, ਅਬਲਾਵਾਂ ਦੀ ਪੱਤ ਰੋਲਦਾ ਹੈ, ਬੱਚਿਆਂ ਨੂੰ ਯਤੀਮ ਕਰਦਾ ਹੈ। ਅੰਨ੍ਹੀ ਭੀੜ ਦਾ ਹਿੱਸਾ ਹੋਣ ਕਾਰਨ ਜਨ ਸਾਧਾਰਣ ਆਪਣੀ ਆਵਾਜ਼ ਨੂੰ ਦਬਾਅ ਲੈਂਦਾ ਹੈ। ਕਈ ਵਾਰ ਉਹ ਭੀੜਤੰਤਰ ਦੇ ਜਾਹੋ-ਜਲਾਲ ਨਾਲ ਚੁੰਧਿਆਇਆ ਨਿਰਦੋਸ਼ੇ ਬੰਦਿਆਂ ਨੂੰ ਗਲ਼ਾਂ ’ਚ ਟਾਇਰ ਪਾ ਕੇ ਸਾੜਨ ਤੱਕ ਦੇ ਛੜਤੰਤਰ ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਇਹੋ ਵਜ੍ਹਾ ਖ਼ਤ ਨਾ ਲਿਖ ਸਕਣ ਦੀ ਮਸਰੂਫ਼ੀਅਤ ਬਣ ਜਾਂਦੀ ਹੈ। ਅਜਿਹੇ ਹਾਲਾਤ ਅੰਦਰ ਖ਼ਤ ਕਿੱਥੇ ਲਿਖੇ ਜਾਂਦੇ ਹਨ! ਉਨ੍ਹਾਂ ਖ਼ਤਾਂ ਦੇ ਸ਼ਬਦ ਹੀ ਗੁਆਚ ਜਾਂਦੇ ਹਨ।
ਇਸ ਪ੍ਰਕਾਰ ‘ਖ਼ਤ ਜੋ ਲਿਖਣੋਂ ਰਹਿ ਗਏ’ ਇਕ ਗੰਭੀਰ ਮੁੱਦੇ ਬਾਰੇ ਸਵਾਲ ਖੜ੍ਹੇ ਕਰਨ ਵਾਲੀ ਮਾਰਮਿਕ ਕਵਿਤਾ ਹੈ, ਜਿਸ ਦਾ ਅੰਤ ਕਵੀ ਵੱਲੋਂ ਸਦੀ ਦੇ ਏਸ ਵਰ੍ਹੇ ਖ਼ਤ ਲਿਖਣ ਦੀ ਉਮੀਦ ਨਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਖ਼ਤ ਭਾਵੇਂ ਲਿਖੇ ਨਹੀਂ ਜਾਂਦੇ, ਪਰ ਉਨ੍ਹਾਂ ਦੇ ਲਿਖੇ ਜਾਣ ਦੀ ਉਮੀਦ ਪ੍ਰਗਟ ਹੋ ਜਾਂਦੀ ਹੈ।
ਰਣਧੀਰ ਦੀ ਇਹ ਕਿਤਾਬ ਪੰਜਾਬੀ ਕਵਿਤਾ ਦੇ ਗੰਭੀਰ ਪਾਠਕ ਲਈ ਖ਼ੁਸ਼ਆਮਦੀਦ ਹੈ। ਉਸ ਦੀ ਇੱਕ ਨਿੱਕੀ ਜਿਹੀ ਕਵਿਤਾ ‘ਗੱਲਾਂ’ ਨੂੰ ਲਿਆ ਜਾਣਾ ਯੋਗ ਹੋ ਸਕਦਾ ਹੈ:
ਗੱਲਾਂ, ਜੋ ਤੂੰ ਤੇ ਮੈਂ
ਕਰ ਨਹੀਂ ਸਕੇ
ਹੁਣ ਕਵਿਤਾਵਾਂ ਨੇ ਮੇਰੀਆਂ।
ਇਸ ਕਵਿਤਾ ਵਿੱਚ ‘ਤੂੰ ਤੇ ਮੈਂ’ ਕੋਈ ਵੀ ਹੋ ਸਕਦੇ ਹਨ। ਗੱਲਾਂ ਸਿਰਫ਼ ਪਿਆਰ ਦੀਆਂ ਹੀ ਨਹੀਂ ਹੁੰਦੀਆਂ, ਹੋਰ ਵੀ ਹੋ ਸਕਦੀਆਂ ਨੇ, ਉਹ ਗੱਲਾਂ ਕਵੀ ਦੀਆਂ ਕਵਿਤਾਵਾਂ ਹਨ। ਦਰਅਸਲ ਇਹ ਕਵਿਤਾਵਾਂ ਨਹੀਂ, ਖ਼ਤ ਹੀ ਹਨ, ਜਿਨ੍ਹਾਂ ਨੂੰ ਉਸਦੇ ਚਹੇਤੇ ਪਾਠਕਾਂ ਨੇ ਪੜ੍ਹਨਾ ਹੈ। ਗੌਰਤਲਬ ਇਹ ਹੈ ਕਿ ਇਨ੍ਹਾਂ ਖ਼ਤਾਂ ਵਿਚਲੀ ਕਿਹੜੀ ਗੁਫ਼ਤਗੂ ਹੈ, ਜਿਸ ਨੇ ਪਾਠਕ ਨਾਲ ਸਾਂਝੀ ਹੋਣਾ ਹੈ।
ਕਵੀ ਦੀ ‘ਆਖ਼ਰੀ ਪਨਾਹ’ ਪਹਾੜਾਂ ਪਿੱਛੇ ਰਾਤ ਭਰ ਸੂਰਜ ਦੀ ਉਡੀਕ ’ਚ ਗੀਤ ਗਾਉਂਦੀ ਵਗਦੀ ਨਦੀ ਦੀ ਕੁੱਖ ਵਿੱਚ ਲੁਕੇ ਛੋਟੇ ਪੱਥਰ ਵਰਗੀ ਹੋ ਸਕਦੀ ਹੈ, ਪਰ ਕਵੀ ਦੇ ਸ਼ਬਦਾਂ ਵਿੱਚ ਪਾਠਕ ਵੀ ਤਾਂ ਆਪਣੀ ਆਖ਼ਰੀ ਪਨਾਹ ਭਾਲਦਾ ਹੈ। ਜ਼ਿੰਦਗੀ ਜੀਉਣ ਦੇ ਨਾਮ ਦੇ ਉਮਰ ਭਰ ਪਨਾਹ ਹੀ ਭਾਲੀ ਜਾਂਦੀ ਹੈ ਤੇ ਜਦੋਂ ਪਨਾਹ ਨਸੀਬ ਨਹੀਂ ਹੁੰਦੀ ਤਾਂ ਬੁਜ਼ਦਿਲੀ ਨਾਲ ਵਾਹ ਪੈ ਜਾਂਦਾ ਹੈ। ਆਖ਼ਰੀ ਪਨਾਹ ਦੇ ਭੁਲੇਖੇ ’ਚ ਫੁੱਲ ਦੇ ਰਸ ’ਚ ਭਿੱਜਿਆ ਭੌਰਾ ਭੱਜ ਕੇ ਕਿਤੇ ਨਹੀਂ ਜਾ ਸਕਦਾ। ਕਵੀ ਇਹੋ ਇਕਬਾਲੀਆ ਬਿਆਨ ਕਰਦਾ ਹੈ।
‘ਅਵਾਰਾ ਪਲ’ ਕਵਿਤਾ ਵਿਚਲਾ ਨਾਇਕ ਠਹਾਕੇ ਮਾਰ ਕੇ ਹੱਸਦਾ ਤੇ ਆਪਣੀ ਰੂਹ ਦਾ ਗੀਤ ਗਾਉਂਦਾ ਹੋਇਆ ਰੌਣਕੀ ਹੋ ਜਾਂਦਾ ਹੈ। ਉਸਦਾ ਧਰਤੀ ਨੂੰ ਜ਼ੋਰ ਨਾਲ ਘੁਮਾ ਕੇ ਸੂਰਜ ਦੇ ਮੋਢਿਆਂ ’ਤੇ ਚੜ੍ਹ ਜਾਣਾ ਉਹਦੀ ਆਜ਼ਾਦਾਨਾ ਫ਼ਿਤਰਤ ਦੀ ਗਵਾਹੀ ਹੈ। ਮਨੁੱਖ ਅਜਿਹੇ ਲਮਹਿਆਂ ਵਿੱਚ ਦਬਾਅ ਰਹਿਤ ਵਿਚਰਨ ਦੀ ਅਵਸਥਾ ਵਿੱਚ ਪਿਆਰਾ ਲਗਣ ਲੱਗ ਜਾਂਦਾ ਹੈ। ਇਸ ਪ੍ਰਕਾਰ ਇਹ ਕਵਿਤਾ ਜਿੱਥੇ ਮਨੁੱਖ ਦੇ ਭਾਰ ਮੁਕਤ ਹੋ ਕੇ ਖ਼ੁਸ਼ਹਾਲ ਜ਼ਿੰਦਗੀ ਜੀਣ ਦੇ ਸਬੱਬ ਨੂੰ ਦਰਸਾਉਂਦੀ ਹੈ, ਉਥੇ ਕਵੀ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਵੀ ਦ੍ਰਿਸ਼ਟੀਗੋਚਰ ਕਰਵਾਉਂਦੀ ਹੈ।
ਰਣਧੀਰ ਕਵਿਤਾ ਦੀ ਪਰਿਭਾਸ਼ਾ ‘ਇਉਂ ਹੈ’ ਕਵਿਤਾ ਵਿੱਚ ਦਿੰਦਾ ਆਖਦਾ ਹੈ:
ਕਵਿਤਾ
ਇਉਂ ਹੁੰਦੀ ਹੈ
ਜਿਵੇਂ ਨਦੀ ਤੁਰਦੀ ਹੈ
ਭੁੱਖ ਲਗਦੀ ਹੈ
ਤਾਰੇ ਟਿਮਟਿਮਾਉਂਦੇ ਹਨ
ਸੂਰਜ ਚਾਨਣ ਵੰਡਦਾ ਹੈ
ਜਾਂ ਜਿਵੇਂ ਅਸੀਂ
ਸਾਹ ਲੈਂਦੇ ਹਾਂ।
ਸੋ ਕੁਦਰਤ ਦੀਆਂ ਸਹਿਜ ਕਿਰਿਆਵਾਂ ਵਾਂਗ ਜਾਂ ਮਨੁੱਖ ਦੇ ਸਾਹ ਲੈਣ ਦੀ ਸਹਿਜ ਪ੍ਰਕਿਰਿਆ ਵਾਂਗ ਹੀ ਕਵਿਤਾ ਹੁੰਦੀ ਹੈ। ਇਹ ਗੱਲ ਕਿੰਨੇ ਸਰਲ ਤਰੀਕੇ ਨਾਲ ਕਹਿ ਦਿੱਤੀ ਗਈ ਹੈ, ਦਰਅਸਲ ਇਸ ਤੋਂ ਵਧੀਆ ਕਵਿਤਾ ਦੀ ਹੋਰ ਪਰਿਭਾਸ਼ਾ ਹੋ ਵੀ ਕੀ ਸਕਦੀ ਹੈ? ਇੱਕ ਹੋਰ ਕਵਿਤਾ ਵਿੱਚ ਉਹ ਆਪਣੀ ਕਵਿਤਾ ਨੂੰ ਏਨੀ ਮਾਸੂਮ ਨਹੀਂ, ‘ਤਿਗੜਮਬਾਜ਼’ ਵੀ ਕਹਿ ਦਿੰਦਾ ਹੈ, ਜੋ ਸਿਆਣਿਆਂ ਦੇ ਸੁਝਾਏ ਅਰਥ ਭੁਲਾ ਦਿੰਦੀ ਹੈ।
‘ਮਾਂ’ ਬਾਰੇ ਹਰ ਕਵੀ ਕੁਝ ਨਾ ਕੁਝ ਜ਼ਰੂਰ ਲਿਖਦਾ ਹੈ। ਮਰਹੂਮ ਕਵੀ ਦੇਵਨੀਤ ਦਾ ਕਹਿਣਾ ਸੀ ਕਿ ਉਹ ਉਸਨੂੰ ਹਰੇਕ ਭੇਟ ਕੀਤੀ ਕਾਵਿ-ਪੁਸਤਕ ਵਿੱਚੋਂ ਪਹਿਲਾਂ ਕਵੀ ਦੁਆਰਾ ਮਾਂ ਬਾਰੇ ਲਿਖੀ ਹੋਈ ਕਵਿਤਾ ਲੱਭਦਾ ਹੈ। ਰਣਧੀਰ ਨੇ ਮਾਂ ਲਈ ‘ਬੁਲਬਲਾ’ ਕਵਿਤਾ ਸਮਰਪਿਤ ਕੀਤੀ ਹੈ। ਮਾਂ ਬੁਲਬਲਿਆਂ ਵਾਲੇ ਮੀਂਹ ਵਿੱਚ ਖ਼ੁਦ ਭਿੱਜਦੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਭਿੱਜਦੇ ਹੋਏ ਇਸ ਨੂੰ ਇੱਕ ਉਤਸਵ ਬਣਾ ਲੈਂਦੀ ਹੈ। ਕਣੀਆਂ ਦੇ ਬੁਲਬਲਿਆਂ ਦੇ ਥੁੜ੍ਹਚਿਰੇ ਜੀਵਨ ਦੀ ਗੱਲ ਨੂੰ ਭੁਲਾ ਕੇ ਭਿੱਜਣ ਨੂੰ ਜਸ਼ਨ ਵਿੱਚ ਤਬਦੀਲ ਕਰ ਲੈਣਾ ਮਾਂ ਨਾਲੋਂ ਬਿਹਤਰ ਕੌਣ ਜਾਣ ਸਕਦਾ ਹੈ।
‘ਸਰਾਪੇ ਦੇਵ’ ਕਵਿਤਾ ਵਿੱਚ ਰਣਧੀਰ ਖੇਤ ਦੇ ਦੇਵ ਨੂੰ ਸ਼ਰਾਬ ਦਾ ਅਧੀਆ ਪਿਲਾ ਆਉਂਦਾ ਹੈ। ਲੋਕ ਉਸਨੂੰ ਸ਼ਰਾਬੀ ਹੋਣ ਦੇ ਉਲ੍ਹਾਮੇ ਦਿੰਦੇ ਹਨ। ਕਵੀ ਆਖਦਾ ਹੈ ਕਿ ਨਸ਼ੇ ’ਚ ਧੁੱਤ ਹੋਏ ਦੇਵ ਨੂੰ ਕੀ ਪਤਾ ਕਿ ‘ਬੰਦਾ’ ਹੋਣ ਦੀ ਪੀੜ ਕੀ ਹੁੰਦੀ ਹੈ।
‘ਹਰ ਵਰ੍ਹੇ’ ਕਵਿਤਾ ਮਜ਼ਦੂਰ ਔਰਤ ਦੇ ਜਣੇਪੇ ਦੇ ਦਰਦ ਨੂੰ ਬਿਆਨ ਕਰਦੀ ਹੈ। ਔਰਤ ਦੀ ਜ਼ਿੰਦਗੀ ਹਰ ਵਰ੍ਹੇ ਚੀਕਾਂ, ਹੰਝੂਆਂ ਤੇ ਜੰਮਣ-ਪੀੜਾਂ ਸਹਿੰਦਿਆਂ ਗੁਜ਼ਰਦੀ ਹੈ। ਫਿਰ ਉਹ ਕਿਸੇ ਕਾਰਖ਼ਾਨੇ, ਦਫ਼ਤਰ, ਖੇਤ, ਭੱਠੇ ’ਤੇ ਕੰਮ ਕਰਨ ਲਈ ਮਜ਼ਬੂਰ ਹੁੰਦੀ ਹੈ। ਇਸ ਤਰ੍ਹਾਂ ਕਵਿਤਾ ਵਿਚਲੀ ਮਜ਼ਦੂਰ ਔਰਤ ਹਰ ਵਰ੍ਹੇ ਗਰਭਵਤੀ ਹੋਣ ਦਾ ਸੰਤਾਪ ਭੁਗਤਦੀ ਹੈ।
ਰਣਧੀਰ ਨੇ ਕਿਤਾਬ ਦੇ ਅਖ਼ੀਰ ਵਿੱਚ ‘ਤਾਰੇ’ ਦਾ ਸ਼ਬਦ ਚਿੱਤਰ ਪ੍ਰਸਤੁਤ ਕੀਤਾ ਹੈ। ਤਾਰਾ ਸੁਵਖ਼ਤੇ ‘ਹੀਰ’ ਗਾ ਕੇ ਲੋਕਾਂ ਨੂੰ ਹੈਰਾਨ ਕਰਦਾ ਹੈ। ਲੋਕ ਉਹਦੀ ਆਵਾਜ਼ ਸੁਣ ਕੇ ਘਰਾਂ ਦੀਆਂ ਬੱਤੀਆਂ ਬੁਝਾ ਦਿੰਦੇ ਹਨ। ਕਿਸੇ ਨੂੰ ਜਿਵੇਂ ਉਹ ਪਸੰਦ ਨਾ ਹੋਵੇ। ਕਿਸੇ ਲਈ ਜਿਵੇਂ ਉਹਦਾ ਕੋਈ ਅਰਥ ਨਾ ਹੋਵੇ। ਲੋਕਾਂ ਨੂੰ ਉਹਦੇ ਪਾਗ਼ਲਪੁਣੇ ਦੀ ਖਿਝ ਹੈ ਕਿ ਉਸ ਕੋਲੋਂ ਟਿਕ ਕੇ ਬੈਠ ਨਹੀਂ ਹੁੰਦਾ। ਐਵੇਂ ਅਵਾਰਾਗਰਦੀ ਕਰਦਾ ਰਹਿੰਦਾ ਹੈ। ਕਈ ਤਾਂ ਉਸ ਨਾਲ ਵਿਆਹਣ ਦੀ ਗੱਲ ਛੇੜ ਕੇ ਮਜ਼ਾਕ ਕਰਦੇ ਹਨ। ਇਸ ਗੱਲੋਂ ਭੱਜੇ ਜਾਂਦੇ ਤਾਰੇ ਦੇ ਦਿਲ ’ਤੇ ਕੀ ਵਾਪਰਦੀ ਹੈ, ਕੋਈ ਨਹੀਂ ਸੋਚਦਾ। ਕੋਈ ਉਹਨੂੰ ਗਾਲ੍ਹਾਂ ਕੱਢਦਾ, ਕੋਈ ਨਫ਼ਰਤ ਕਰਦਾ, ਪਰ ਕੋਈ ਹਮਦਰਦੀ ਵਜੋਂ ਰੋਟੀ ਦਾ ਟੁਕ ਵੀ ਦੇ ਦਿੰਦਾ ਹੈ। ਜ਼ਿਆਦਾਤਰ ਲੋਕ ਉਹਨੂੰ ਕਿਸੇ ਕੰਮ ਦਾ ਨਹੀਂ ਸਮਝਦੇ, ਕਿਉਂਕਿ ਉਹ ਨਾ ਉਨ੍ਹਾਂ ਦਾ ਪਾਣੀ ਭਰਦਾ ਹੈ, ਨਾ ਸਹੀ ਜੁਆਬ ਦਿੰਦਾ ਹੈ। ਫ਼ੱਕਰਾਂ ਵਾਂਗ ਉਹ ਲੋਕਾਂ ਲਈ ਪੇਸ਼ੀਨਗੋਈ ਵੀ ਨਹੀਂ ਕਰਦਾ। ਬੱਸ, ਸਵੇਰੇ-ਸਵੇਰੇ ਉਠ ਕੇ ਟੋਟਿਆਂ ’ਚ ‘ਹੀਰ’ ਗਾਉਣ ਲੱਗ ਜਾਂਦਾ ਹੈ। ‘ਤਾਰਾ’ ਸਦਾ ਪੂਰਬਾਂ, ਪੱਛਮਾਂ ’ਚ ਛਿਪਦਾ ਰਹਿੰਦਾ ਹੈ। ਗੂੜ੍ਹੀ ਨੀਂਦ ਸੁੱਤਿਆਂ ਲੋਕਾਂ ਨੂੰ ਤਾਰੇ ਨਾਲ ਕੋਈ ਸਰੋਕਾਰ ਨਹੀਂ ਹੈ। ਸੋ ਤਾਰੇ ਦਾ ਸ਼ਬਦ-ਚਿੱਤਰ ਵੀ ਇੱਕ ਅਜਿਹਾ ਖ਼ਤ ਹੀ ਹੈ, ਜੋ ਲਿਖਣੋਂ ਰਹਿ ਗਿਆ ਹੈ। ਸਾਡੇ ਸਮਾਜ ਵਿੱਚ ਅਜਿਹੇ ਕਿੰਨੇ ਹੀ ਤਾਰੇ ਹਨ, ਜਿਹੜੇ ਚੜ੍ਹਦੇ-ਅਸਤਦੇ ਰਹਿੰਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਵੱਲ ਅਸੀਂ ਪਿੱਠ ਕਰਕੇ ਲੰਘ ਜਾਂਦੇ ਹਾਂ।
ਇਸ ਤਰ੍ਹਾਂ ਦੇਖਿਆ ਜਾਵੇ ਤਾਂ ਰਣਧੀਰ ਦੀ ਕਵਿਤਾ ਉਨ੍ਹਾਂ ਅਹਿਸਾਸਾਂ ਦੀ ਗੁਫ਼ਤਗੂ ਹੈ, ਜਿਹੜੇ ਅਣਡਿੱਠ ਕੀਤੇ ਜਾ ਰਹੇ ਹਨ। ਜੀਵਨ ਦੇ ਮਾਣਨੋਂ ਰਹਿ ਗਏ ਪਲਾਂ ਨੂੰ ਹੀ ‘ਲਿਖਣੋਂ ਰਹਿ ਗਏ ਖ਼ਤ’ ਸਮਝ ਕੇ ਪੁਨਰ ਯਾਦ ਕਰਨ ਦੀ ਲੋੜ ਹੈ। ਅਜਿਹੀ ਲਿਖ਼ਤ ਦੀ ਸਾਰਥਕਤਾ ਨੂੰ ਦਰਸਾਉਣ ਲਈ ਰਣਧੀਰ ਵਰਗੇ ਕਵੀ ਨੂੰ ਸ਼ਾਬਾਸ਼ ਕਹਿਣਾ ਬਣਦਾ ਹੈ।