‘ਕੌਮਾਂਤਰੀ ਮਨੁੱਖੀ ਤਸਕਰੀ ਵਿਰੋਧੀ ਦਿਵਸ’ ’ਤੇ ਵਿਸ਼ੇਸ਼
ਅੰਕੜੇ ਬੜੇ ਹੀ ਤਕਲੀਫ਼ਦੇਹ ਅਤੇ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੇ
ਪਰਮਜੀਤ ਸਿੰਘ ਬਟਾਲਾ
ਕੋਈ ਵੇਲਾ ਸੀ ਜਦੋਂ ਭਾਰਤ ਹੀ ਨਹੀਂ ਸਗੋਂ ਦੂਜੇ ਮੁਲਕਾਂ ਵਿੱਚ ਪਸ਼ੂਆਂ ਦੇ ਨਾਲ-ਨਾਲ ਮਨੁੱਖਾਂ ਦੀ ਵੀ ਮੰਡੀ ਲੱਗਦੀ ਹੁੰਦੀ ਸੀ। ਜਵਾਨ ਔਰਤਾਂ ਤੇ ਮਰਦਾਂ ਅਤੇ ਬੱਚਿਆਂ ਤੱਕ ਦੀ ਵੀ ਬੋਲੀ ਲਾਈ ਜਾਂਦੀ ਸੀ ਤੇ ਖ਼ਰੀਦ ਕੇ ਲੈ ਜਾਣ ਤੋਂ ਬਾਅਦ ਮਾਲਕ ਵੱਲੋਂ ਉਨ੍ਹਾਂ ਨੂੰ ਬਿਨਾ ਕੋਈ ਪੈਸਾ ਜਾਂ ਮਜ਼ਦੂਰੀ ਅਦਾ ਕੀਤਿਆਂ ਉਨ੍ਹਾਂ ਤੋਂ ਵਰਿ੍ਹਆਂ ਤੱਕ ਗ਼ੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਔਰਤਾਂ ਤੇ ਬੱਚੀਆਂ ਦਾ ਤਾਂ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ।
ਗ਼ੁਲਾਮ ਪ੍ਰਥਾ ਖ਼ਿਲਾਫ਼ ਦੁਨੀਆ ਭਰ ਵਿੱਚ ਉੱਠੇ ਵੱਖ-ਵੱਖ ਅੰਦੋਲਨਾਂ ਕਰਕੇ ਇਹ ਪ੍ਰਥਾ ਕਾਫੀ ਹੱਦ ਤੱਕ ਖ਼ਤਮ ਹੋ ਗਈ ਮੰਨੀ ਜਾਣ ਲੱਗ ਪਈ ਸੀ, ਪਰ ਕੁਝ ਇੱਕ ਸਮਾਜ ਵਿਗਿਆਨੀਆਂ ਦਾ ਮੱਤ ਹੈ ਕਿ ਸਮਾਂ ਬਦਲਣ ਨਾਲ ਕਈ ਥਾਂਈਂ ਮਨੁੱਖੀ ਖ਼ਰੀਦੋ-ਫ਼ਰੋਖ਼ਤ ਦਾ ਸਰੂਪ ਹੀ ਬਦਲਿਆ ਹੈ, ਪਰ ਇਹ ਪ੍ਰਥਾ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਅੱਜ ਵੀ ਦੁਨੀਆ ਭਰ ਵਿੱਚੋਂ ਔਰਤਾਂ, ਲੜਕੀਆਂ ਅਤੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਫਿਰ ਉਨ੍ਹਾਂ ਤੋਂ ਸਰੀਰਕ ਮਿਹਨਤ ਜਾਂ ਬੰਧੂਆ ਮਜ਼ਦੂਰੀ ਵਾਲੇ ਕੰਮ ਕਰਵਾਏ ਜਾਂਦੇ ਹਨ; ਜਾਂ ਫਿਰ ਭੀਖ ਮੰਗਣ ਦੇ ‘ਕਾਲੇ ਕਾਰੋਬਾਰ’ ਵਿੱਚ ਲਾ ਦਿੱਤਾ ਜਾਂਦਾ ਹੈ। ਅਗਵਾ ਕਰਕੇ ਬੰਧੂਆ ਬਣਾ ਲਈਆਂ ਗਈਆਂ ਲੜਕੀਆਂ ਨੂੰ ਵੇਸ਼ਵਾਗਮਨੀ ਦੇ ਧੰਦੇ ਵਿੱਚ ਧਕੇਲ ਕੇ ਉਨ੍ਹਾਂ ਦਾ ਜੀਵਨ ਨਾਸ ਕਰ ਦਿੱਤਾ ਜਾਂਦਾ ਹੈ। ਮਨੁੱਖੀ ਤਸਕਰਾਂ ਵੱਲੋਂ ‘ਡੰਕੀ’ ਲਾ ਕੇ ਵਿਦੇਸ਼ੀ ਮੁਲਕਾਂ ਵਿੱਚ ਭੇਜੇ ਜਾਣ ਵਾਲੇ ਜ਼ਿਆਦਾਤਰ ਮਰਦ ਤੇ ਔਰਤਾਂ ਰਸਤੇ ਵਿੱਚ ਦਰਦਨਾਕ ਢੰਗ ਨਾਲ ਮੌਤ ਦੇ ਸ਼ਿਕਾਰ ਬਣ ਜਾਂਦੇ ਹਨ, ਪਰ ਪੈਸੇ ਲੈਣ ਵਾਲੇ ਏਜੰਟਾਂ ਨੂੰ ਰਤਾ ਵੀ ਤਰਸ ਨਹੀਂ ਆਉਂਦਾ ਹੈ।
ਉਪਰੋਕਤ ਕਸ਼ਟਾਂ ਨਾਲ ਬਾਵਸਤਾ ਲੋਕਾਂ ਨੂੰ ਸਮਰਪਿਤ ਹੈ 30 ਜੁਲਾਈ ਦਾ ਦਿਨ ਤੇ ਪੂਰੇ ਵਿਸ਼ਵ ਵਿੱਚ ਇਹ ਦਿਨ ‘ਇੰਟਰਨੈਸ਼ਨਲ ਡੇਅ ਅਗੇਨਸਟ ਟਰੈਫਿਕਿੰਗ ਇਨ ਹਿਊਮਨਜ਼’ ਭਾਵ ‘ਕੌਮਾਂਤਰੀ ਮਨੁੱਖੀ ਤਸਕਰੀ ਵਿਰੋਧੀ ਦਿਵਸ’ ਦੇ ਸਿਰਲੇਖ ਹੇਠ ਹਰ ਸਾਲ ਮਨਾਇਆ ਜਾਂਦਾ ਹੈ। ਸੰਨ 2013 ਵਿੱਚ ਹੋਈ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਵਿੱਚ ਇਸ ਦਿਵਸ ਨੂੰ ਮਨਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਮਨੁੱਖੀ ਸਮਗਲਿੰਗ ਅਤੇ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਸਮਰਪਿਤ ਕਰਕੇ ਇੱਕ ਅਜਿਹਾ ਦਿਨ ਮਨਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ, ਜਿਸ ਵਿੱਚ ਪੀੜਤ ਲੋਕਾਂ ਦੇ ਹੱਕਾਂ ਸਬੰਧੀ ਜਾਗਰੂਕਤਾ ਫੈਲਾਈ ਜਾਵੇ ਤੇ ਪੀੜਤਾਂ ਨੂੰ ਨਰਕ ਕੁੰਭ ’ਚੋਂ ਕੱਢ ਕੇ ਇੱਕ ਚੰਗਾ ਜੀਵਨ ਜਿਊਣ ਦੇ ਕਾਬਿਲ ਬਣਾਇਆ ਜਾਵੇ।
ਸੰਨ 2003 ਵਿੱਚ ਸੰਯੁਕਤ ਰਾਸ਼ਟਰ ਦੇ ‘ਡਰੱਗ ਐਂਡ ਕ੍ਰਾਈਮ ਵਿਭਾਗ’ ਨੇ ਉਕਤ ਸਮੱਸਿਆ ਨਾਲ ਪੀੜਤ ਸਵਾ ਦੋ ਲੱਖ ਦੇ ਕਰੀਬ ਵਿਅਕਤੀਆਂ ਦੀ ਪਛਾਣ ਕੀਤੀ ਸੀ ਤੇ ਉਪਰੰਤ ਸਮੂਹ ਮੁਲਕਾਂ ਨੇ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮੁਕਤੀ ਦੁਆਉਣ ਦੀ ਪ੍ਰਕਿਰਿਆ ਅਰੰਭ ਕਰ ਦਿੱਤੀ ਸੀ। ਪ੍ਰਾਪਤ ਅੰਕੜਿਆਂ ਅਨੁਸਾਰ ਮਨੁੱਖੀ ਤਸਕਰੀ ਦੀਆਂ ਸ਼ਿਕਾਰ ਔਰਤਾਂ ਜਾਂ ਲੜਕੀਆਂ ਵਿੱਚੋਂ 65 ਫ਼ੀਸਦੀ ਲੜਕੀਆਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਲਾ ਦਿੱਤਾ ਜਾਂਦਾ ਹੈ ਤੇ 35 ਫ਼ੀਸਦੀ ਕੋਲੋਂ ਬੰਧੂਆ ਮਜ਼ਦੂਰੀ ਕਰਵਾਈ ਜਾਂਦੀ ਹੈ। ਸਾਲ 2022 ਵਿੱਚ ਕੌਮਾਂਤਰੀ ਮਜ਼ਦੂਰ ਸੰਗਠਨ ਅਤੇ ਵਾੱਕ ਫ਼ਰੀ ਫ਼ਾਊਂਡੇਸ਼ਨ ਦੁਆਰਾ ਜਾਰੀ ਕੀਤੇ ਇੱਕ ਅਨੁਮਾਨ ਮੁਤਾਬਿਕ ਦੁਨੀਆ ਭਰ ਵਿੱਚ ਸਾਲ 2021 ਵਿੱਚ ਪੰਜ ਕਰੋੜ ਤੋਂ ਵੱਧ ਲੋਕ ‘ਆਧੁਨਿਕ ਗ਼ੁਲਾਮੀ’ ਦੇ ਸ਼ਿਕਾਰ ਸਨ, ਜਿਨ੍ਹਾਂ ਵਿੱਚੋਂ 2.76 ਕਰੋੜ ਲੋਕ ਬੰਧੂਆ ਮਜ਼ਦੂਰੀ ਅਤੇ 2.20 ਕਰੋੜ ਲੋਕ ਬੰਧੂਆ ਸ਼ਾਦੀ ਭਾਵ ਜ਼ਬਰਦਸਤੀ ਦੀ ਸ਼ਾਦੀ ਜਿਹੀਆਂ ਕੁਰੀਤੀਆਂ ਕਰਕੇ ਸੰਤਾਪ ਹੰਢਾਅ ਰਹੇ ਸਨ। ਹਾਰਵਰਡ ਯੂਨੀਵਰਸਿਟੀ ਵੱਲੋਂ ਸਾਲ 2023 ਵਿੱਚ ਛਾਪੀ ਗਈ ਇੱਕ ਰਿਪੋਰਟ ਅਨੁਸਾਰ ਬੱਚਿਆਂ ਦਾ ਤਸਕਰੀ ਦੇ ਕੁੱਲ ਮਾਮਲਿਆਂ ਵਿੱਚੋਂ ਪੰਜਾਹ ਫ਼ੀਸਦੀ ਦੇ ਕਰੀਬ ਮਾਮਲੇ ਸਬੰਧਿਤ ਮੁਲਕ ਦੀਆਂ ਹੱਦਾਂ ਦੇ ਅੰਦਰ ਹੀ ਵਾਪਰਦੇ ਹਨ।
ਸੰਯੁਕਤ ਰਾਸ਼ਟਰ ਸੰਘ ਵੱਲੋਂ ਕਰਵਾਏ ਗਏ ਇੱਕ ਅਧਿਐਨ ਤੋਂ ਇਹ ਪਤਾ ਲੱਗਾ ਹੈ ਕਿ ਇਸ ਗੋਰਖਧੰਦੇ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਸ਼ਾਤਿਰ ਦਿਮਾਗ ਅਪਰਾਧੀਆਂ ਨੇ ਨੌਕਰੀ ਜਾਂ ਪੈਸਿਆਂ ਦਾ ਲਾਲਚ ਦੇ ਕੇ ਫਸਾਇਆ ਹੁੰਦਾ ਹੈ। ਨਿੱਕੇ ਬੱਚਿਆਂ ਨੂੰ ਜਾਂ ਤਾਂ ਅਗਵਾ ਕਰ ਲਿਆ ਜਾਂਦਾ ਹੈ ਜਾਂ ਫਿਰ ਗ਼ਰੀਬ ਮਾਪਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬੱਚੇ ਉਨ੍ਹਾਂ ਤੋਂ ਲੈ ਲਏ ਜਾਂਦੇ ਹਨ ਤੇ ਫਿਰ ਇਸ ਕਾਲੇ ਕਾਰੋਬਾਰ ਵਿੱਚ ਧੱਕ ਦਿੱਤੇ ਜਾਂਦੇ ਹਨ। ਇਸ ਧੰਦੇ ਦੇ ਮਾਹਿਰ ਲੋਕ ਸਮਾਜ ਵਿੱਚ ਗ਼ਰੀਬ, ਇਕੱਲੇ, ਬੇਰੁਜ਼ਗਾਰ, ਅਨਪੜ੍ਹ ਲੋਕਾਂ ਨੂੰ ਤਲਾਸ਼ਦੇ ਰਹਿੰਦੇ ਹਨ ਤੇ ਹੋਰ ਤਾਂ ਹੋਰ ਕਿਸੇ ਮੁਲਕ ਵਿੱਚ ਜੰਗ ਜਾਂ ਕੁਦਰਤੀ ਆਫ਼ਤ ਦੇ ਸ਼ਿਕਾਰ ਔਰਤਾਂ ਤੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਬਾਜ਼ ਨਹੀਂ ਆਉਂਦੇ ਹਨ। ਅਨੇਕਾਂ ਬੱਚਿਆਂ ਤੇ ਔਰਤਾਂ ਨੂੰ ਤਾਂ ਅਜਿਹੇ ਅਣਜਾਣੇ ਮੁਲਕਾਂ ਵਿੱਚ ਲਿਜਾਇਆ ਜਾਂਦਾ ਹੈ, ਜਿੱਥੋਂ ਦੀ ਭਾਸ਼ਾ ਵੀ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਹੈ। ਉਨ੍ਹਾਂ ਮੁਲਕਾਂ ਵਿੱਚ ਇਨ੍ਹਾਂ ਵਿਚਾਰਿਆਂ ਦੀ ਮਦਦ ਲਈ ਕੋਈ ਨਹੀਂ ਬਹੁੜਦਾ ਹੈ ਤੇ ਫਿਰ ਕਈ ਸਾਲ ਦੀ ਤਸ਼ਦੱਦ ਭਰੀ ਜ਼ਿੰਦਗੀ ਕੱਟਣ ਪਿੱਛੋਂ ਉਹ ਕਿਹੜੇ ਖੂਹ-ਖਾਤੇ ਪੈ ਜਾਂਦੇ ਹਨ, ਇਹ ਕੋਈ ਨਹੀਂ ਜਾਣਦਾ ਹੈ।
ਭਾਰਤ ਵਿੱਚ ਸੰਨ 2016 ਵਿੱਚ 2,90,439 ਲੋਕਾਂ ਦੇ ਗੁੰਮ ਹੋਣ ਸਬੰਧੀ ਰਿਪੋਰਟਾਂ ਦਰਜ ਹੋਈਆਂ ਸਨ, ਜੋ ਕਿ ਸੰਨ 2018 ਵਿੱਚ ਵਧ ਕੇ 3,47,524 ਹੋ ਗਈਆਂ ਸਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 40 ਹਜ਼ਾਰ ਬੱਚੇ ਹਰ ਸਾਲ ਅਗਵਾ ਕੀਤੇ ਜਾਂਦੇ ਹਨ। ਇੱਕ ਹੋਰ ਰਿਪੋਰਟ ਅਨੁਸਾਰ 60 ਹਜ਼ਾਰ ਬੱਚੇ ਇੱਥੇ ਹਰ ਸਾਲ ਗੁੰਮਸ਼ੁਦਾ ਐਲਾਨੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 11 ਹਜ਼ਾਰ ਦਾ ਤਾਂ ਕੋਈ ਅਤਾ-ਪਤਾ ਨਹੀਂ ਲੱਗਦਾ ਹੈ। ਸਾਲ 2020 ਵਿੱਚ ਮੱਧ ਪ੍ਰਦੇਸ਼ ਵਿੱਚ 8751 ਅਤੇ ਰਾਜਸਥਾਨ ਵਿੱਚ 3179 ਬੱਚੇ ਗੁੰਮਸ਼ੁਦਾ ਐਲਾਨੇ ਗਏ ਸਨ ਤੇ ਸਾਲ 2021 ਵਿੱਚ ਇਹ ਅੰਕੜਾ ਵਧ ਕੇ ਕ੍ਰਮਵਾਰ 10648 ਅਤੇ 5354 ਹੋ ਗਿਆ ਸੀ। ਸਾਲ 2021 ਵਿੱਚ ਹੀ ਉੱਤਰ ਪ੍ਰਦੇਸ਼ ਤੋਂ 2998 ਬੱਚੇ ਗੁੰਮਸ਼ੁਦਾ ਐਲਾਨੇ ਗਏ ਸਨ।
ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਭਾਰਤ ਅੰਦਰ 62,099 ਮੁਟਿਆਰਾਂ ਜਾਂ ਬੱਚੀਆਂ ਅਗਵਾ ਕਰ ਲਈਆਂ ਗਈਆਂ ਸਨ। ਵਧੇਰੇ ਦੁੱਖ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹੁਣ ਤੱਕ ਗੁਮਸ਼ੁਦਾ ਐਲਾਨੇ ਗਏ ਬੱਚਿਆਂ ਵਿੱਚੋਂ 83 ਫ਼ੀਸਦੀ ਲੜਕੀਆਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਜਾਣ ਦੀ ਸੰਭਾਵਨਾ ਸੀ। ਤਕਰੀਬਨ 12 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਔਰਤਾਂ ਤੇ ਬੱਚੇ ਹਰ ਸਾਲ ਗੁਆਂਢੀ ਮੁਲਕਾਂ ਤੋਂ ਲਿਆ ਕੇ ਭਾਰਤ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਧਕੇਲ ਦਿੱਤੇ ਜਾਂਦੇ ਹਨ।
ਯੂਨੀਸੈਫ਼ ਦੀ ਰਿਪੋਰਟ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਤਿੰਨ ਲੱਖ ਤੋਂ ਵੱਧ ਬੱਚਿਆਂ ਨੂੰ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਚੱਲ ਰਹੇ ਹਥਿਆਰਬੰਦ ਵਿਦਰੋਹਾਂ ਵਿੱਚ ਵਰਤਿਆ ਜਾ ਰਿਹਾ ਹੈ। ਬਦਕਿਸਮਤੀ ਨਾਲ ਸਾਢੇ ਬਾਰ੍ਹਾਂ ਲੱਖ ਬੱਚਿਆਂ ਨੂੰ ਬੇਹੱਦ ਖ਼ਤਰਨਾਕ ਕੰਮ-ਧੰਦਿਆਂ ਵਿੱਚ ਲਗਾਇਆ ਗਿਆ ਹੈ। ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ‘ਚਾਈਲਡ ਪੋਰਨ ਇੰਡਸਟਰੀ’ ਵਿੱਚ ਵਰਤਿਆ ਜਾਂਦਾ ਹੈ। ਭਾਰਤ ਵਿੱਚ ਕਈ ਬਾਗ਼ੀ ਸਮੂਹਾਂ ਨੇ ਤਾਂ ‘ਬਾਲ ਦਸਤੇ’ ਵੀ ਕਾਇਮ ਕੀਤੇ ਹੋਏ ਹਨ। ਇੱਥੇ ਤਿੰਨ ਲੱਖ ਦੇ ਕਰੀਬ ਬੱਚੇ ਭੀਖ ਮੰਗਦੇ ਹਨ ਤੇ 44 ਹਜ਼ਾਰ ਬੱਚੇ ਵੱਖ-ਵੱਖ ਅਪਰਾਧੀ ਗਿਰੋਹਾਂ ਲਈ ਕੰਮ ਕਰਦੇ ਹਨ। ਭਾਰਤੀ ਪੁਲੀਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਲੱਖ ਔਰਤਾਂ ਤੇ ਬੱਚੇ ਰੈੱਡਲਾਈਟ ਖੇਤਰਾਂ ਵਿੱਚ ਸਰਗਰਮ ਹਨ। ਦੇਹ ਵਪਾਰ ਦੇ ਧੰਦੇ ਨਾਲ ਜੁੜੇ ਲੋਕਾਂ ਵਿੱਚ 40 ਫ਼ੀਸਦੀ ਬੱਚੇ ਹਨ। ਇਹ ਸਭ ਅੰਕੜੇ ਬੜੇ ਹੀ ਤਕਲੀਫ਼ਦੇਹ ਅਤੇ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੇ ਹਨ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਤੋਨੀਓ ਗੁਟਰੇਜ਼ ਨੇ ਕਿਹਾ ਸੀ, “ਅੱਜ ਦੇ ਦਿਨ ਆਓ ਉਸ ਪ੍ਰਣ ਨੂੰ ਦੁਹਰਾਈਏ ਕਿ ਅਸੀਂ ਉਨ੍ਹਾਂ ਸਾਰੇ ਅਪਰਾਧੀਆਂ ਨੂੂੰ ਨੱਥ ਪਾਵਾਂਗੇ, ਜੋ ਆਪਣੇ ਫ਼ਾਇਦੇ ਲਈ ਬੜੀ ਬੇਦਰਦੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਹਨ ਤੇ ਨਾਲ ਹੀ ਇਹ ਪ੍ਰਣ ਵੀ ਦੁਹਰਾਈਏ ਕਿ ਪੀੜਤ ਲੋਕਾਂ ਨੂੰ ਅਸੀਂ ਉਨ੍ਹਾਂ ਦੇ ਮਨੁੱਖੀ ਅਧਿਕਾਰ ਵਾਪਿਸ ਦਿਵਾ ਕੇ ਉਨ੍ਹਾਂ ਨੂੰ ਇੱਕ ਚੰਗਾ ਜੀਵਨ ਜਿਊਣ ਲਈ ਦੇਈਏ।”
——————————————-
ਸੰਸਾਰ ਭਰ ਵਿੱਚ ਮਨੁੱਖੀ ਤਸਕਰੀ ਤਹਿਤ 40 ਮਿਲੀਅਨ ਲੋਕ ਪੀੜਤ
ਪੰਜਾਬੀ ਪਰਵਾਜ਼ ਬਿਊਰੋ
ਗੁਲਾਮੀ ਅੱਜ ਵੀ ਮੌਜੂਦ ਹੈ! ਇਸ ਸਮੇਂ ਸੰਸਾਰ ਵਿੱਚ ਮਨੁੱਖੀ ਤਸਕਰੀ ਤਹਿਤ ਗੁਲਾਮੀ ਦੇ ਵਪਾਰ ਵਿੱਚ ਅੰਦਾਜ਼ਨ 40 ਮਿਲੀਅਨ ਲੋਕ ਫਸੇ ਹੋਏ ਹਨ। ਹੋਮਲੈਂਡ ਸਕਿਓਰਿਟੀ ਵਿਭਾਗ ਦੁਆਰਾ ਪਰਿਭਾਸ਼ਿਤ ਕੀਤੇ ਅਨੁਸਾਰ “ਮਨੁੱਖੀ ਤਸਕਰੀ ਵਿੱਚ ਕਿਸੇ ਕਿਸਮ ਦੀ ਮਜ਼ਦੂਰੀ ਜਾਂ ਵਪਾਰਕ ਸੈਕਸ ਐਕਟ ਪ੍ਰਾਪਤ ਕਰਨ ਲਈ ਤਾਕਤ, ਧੋਖਾਧੜੀ ਜਾਂ ਜ਼ਬਰਦਸਤੀ ਦੀ ਵਰਤੋਂ ਸ਼ਾਮਲ ਹੈ।” ਭਾਵ ਹਰ ਰੋਜ਼ ਲੱਖਾਂ ਲੋਕ ਕਿਸੇ ਹੋਰ ਦੇ ਫਾਇਦੇ, ਲਾਭ ਜਾਂ ਖੁਸ਼ਹਾਲੀ ਲਈ ਖਰੀਦੇ, ਵੇਚੇ ਅਤੇ ਸ਼ੋਸ਼ਣ ਕੀਤੇ ਜਾ ਰਹੇ ਹਨ।
ਵਰਤਮਾਨ ਸਮੇਂ ਅਮਰੀਕਾ ਵਿੱਚ ਹਰ 800 ਲੋਕਾਂ ਵਿੱਚੋਂ ਲਗਭਗ 1 ਦੀ ਤਸਕਰੀ ਹੋ ਰਹੀ ਹੈ। ਅਜਿਹਾ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਹੈ। ਅਮਰੀਕਾ ਵਿੱਚ ਮਨੁੱਖੀ ਤਸਕਰੀ ਵੱਖ-ਵੱਖ ਰੂਪਾਂ ਵਿੱਚ ਹੈ, ਪਰ ਇਸ ਦੀਆਂ ਸਿਖਰਲੀਆਂ ਕਿਸਮਾਂ ਵਿੱਚ ਸ਼ਾਮਲ ਹਨ: ਐਸਕਾਰਟ ਸੇਵਾਵਾਂ, ਅਸ਼ਲੀਲਤਾ, ਨਾਜਾਇਜ਼ ਮਾਲਸ਼, ਸਿਹਤ ਤੇ ਸੁੰਦਰਤਾ; ਰਿਹਾਇਸ਼ੀ-ਆਧਾਰਿਤ ਵਪਾਰਕ ਲਿੰਗ, ਨਿੱਜੀ ਜਿਨਸੀ ਸੇਵਾ, ਘਰੇਲੂ ਕੰਮ ਅiਾਦ। ਇਸ ਤੋਂ ਇਲਾਵਾ ਉਭਰਦੀਆਂ ਕਿਸਮਾਂ ਵਿੱਚ ਸ਼ਾਮਲ ਹਨ- ਬਾਰ, ਸਟ੍ਰਿਪ ਕਲੱਬ ਅਤੇ ਗੈਰ-ਕਾਨੂੰਨੀ ਗਤੀਵਿਧੀਆਂ।
ਹਾਲਾਂਕਿ ਮਨੁੱਖੀ ਤਸਕਰੀ ਇੰਨੀ ਵਿਆਪਕ ਹੈ, ਪਰ ਇਹ ਅਜੇ ਵੀ ਇੱਕ ਅਜਿਹਾ ਮੁੱਦਾ ਹੈ, ਜਿਸ ਬਾਰੇ ਦੇਸ਼ ਵਿੱਚ ਬਹੁਤੇ ਲੋਕ ਅਣਜਾਣ ਹਨ। ਤਸਕਰੀ ਕਿਸੇ ਨਾਲ ਵੀ, ਕਿਤੇ ਵੀ ਹੋ ਸਕਦੀ ਹੈ ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਕਿਵੇਂ? ਜ਼ਿਆਦਾਤਰ ਪੀੜਤਾਂ ਦੇ ਆਪਣੇ ਤਸਕਰਾਂ ਨਾਲ ਕਿਸੇ ਕਿਸਮ ਦੇ ਪੁਰਾਣੇ ਸਬੰਧ ਹਨ। 2020 ਵਿੱਚ 42% ਜਿਨਸੀ ਤਸਕਰੀ ਦੇ ਪੀੜਤਾਂ ਦੀ ਤਸਕਰੀ ਇੱਕ ਪਰਿਵਾਰਕ ਮੈਂਬਰ ਦੁਆਰਾ ਕੀਤੀ ਗਈ ਸੀ ਅਤੇ 39% ਨੂੰ ਇੱਕ ਨਜ਼ਦੀਕੀ ਸਾਥੀ ਜਾਂ ਵਿਆਹ ਦੇ ਪ੍ਰਸਤਾਵ ਦੁਆਰਾ ਤਸਕਰੀ ਵਿੱਚ ਲਿਆਂਦਾ ਗਿਆ ਸੀ। ਮਜ਼ਦੂਰ ਤਸਕਰੀ ਦੇ ਮਾਮਲਿਆਂ ਵਿੱਚ 69% ਪੀੜਤਾਂ ਨੂੰ ਇੱਕ ਸੰਭਾਵੀ ਜਾਂ ਮੌਜੂਦਾ ਮਾਲਕ ਦੁਆਰਾ ਤਸਕਰੀ ਵਿੱਚ ਭਰਤੀ ਕੀਤਾ ਗਿਆ ਸੀ ਅਤੇ 15% ਪੀੜਤਾਂ ਨੂੰ ਇੱਕ ਪਰਿਵਾਰਕ ਮੈਂਬਰ ਦੁਆਰਾ ਭਰਤੀ ਕੀਤਾ ਗਿਆ ਸੀ।
ਤਸਕਰੀ ਕਰਨ ਵਾਲੇ ਪੀੜਤਾਂ ਨੂੰ ਫਸਾਉਣ ਲਈ ਕਈ ਚਾਲਾਂ ਚਲਦੇ ਹਨ, ਪਰ ਸਭ ਤੋਂ ਆਮ ਤਰੀਕਿਆਂ ਵਿੱਚੋਂ ਇੱਕ ਨੂੰ ਸ਼ਿੰਗਾਰ ਕਿਹਾ ਜਾਂਦਾ ਹੈ। ਗਰੂਮਿੰਗ ਇੱਕ ਤਸਕਰ ਦੁਆਰਾ ਇੱਕ ਰਿਸ਼ਤਾ ਬਣਾਉਣ ਅਤੇ ਆਪਣੇ ਸੰਭਾਵੀ ਪੀੜਤਾਂ ਨਾਲ ਵਿਸ਼ਵਾਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ। ਤਸਕਰੀ ਕਰਨ ਵਾਲੇ ਆਪਣੇ ਪੀੜਤਾਂ ਦੀਆਂ ਕਮਜ਼ੋਰੀਆਂ ਜਾਣ ਕੇ ਸ਼ਿਕਾਰ ਕਰਦੇ ਹਨ- ਭਾਵੇਂ ਇਹ ਇੱਕ ਅਸਥਿਰ ਪਰਿਵਾਰਕ ਜੀਵਨ ਹੋਵੇ, ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ, ਵਿੱਤੀ ਲੋੜਾਂ, ਨੌਕਰੀ ਦੀ ਅਸੁਰੱਖਿਆ, ਰਿਸ਼ਤੇਦਾਰੀ ਦੀਆਂ ਇੱਛਾਵਾਂ, ਸਵੈ-ਮੁੱਲ ਦੀ ਘੱਟ ਭਾਵਨਾ ਜਾਂ ਇਸ ਤੋਂ ਵੱਧ; ਤੇ ਉਹ ਉਨ੍ਹਾਂ ਘਾਟਾਂ ਨੂੰ ਭਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਅੱਗੇ ਵਧਦੇ ਹਨ। ਇੱਕ ਵਾਰ ਭਰੋਸਾ ਸਥਾਪਤ ਹੋ ਜਾਣ `ਤੇ ਤਸਕਰੀ ਕਰਨ ਵਾਲੇ ਜਬਰੀ ਮਜ਼ਦੂਰੀ ਜਾਂ ਵਪਾਰਕ ਸੈਕਸ ਰਾਹੀਂ ਆਪਣੇ ਫਾਇਦੇ ਲਈ ਪੀੜਤਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਹਨ।
ਹਾਲ ਹੀ ਵਿੱਚ ਟੈਕਸਸ ਸਟੇਟ ਵਿੱਚ ਇੱਕ 17 ਸਾਲ ਦੀ ਲੜਕੀ ਦੇ ਸੈਕਸ ਤਸਕਰੀ ਵਿੱਚ ਸ਼ਾਮਲ ਪੰਜ ਲੋਕਾਂ ਨੂੰ ਕਰੀਬ 63 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਬੰਧਤ ਮੁਲਜ਼ਿਮਾਂ ਨੂੰ ਯੌਨ ਤਸਕਰੀ, ਵੇਸਵਾਗਮਨੀ ਵਿੱਚ ਸ਼ਾਮਲ ਹੋਣ ਲਈ ਅੰਤਰਰਾਜੀ ਆਵਾਜਾਈ, ਬਾਲ ਪੋਰਨੋਗ੍ਰਾਫੀ ਦੀ ਵੰਡ ਅਤੇ ਅਪਰਾਧ ਦੀ ਗਲਤ ਜਾਣਕਾਰੀ (ਛੁਪਾਉਣ) ਲਈ ਸਜ਼ਾ ਸੁਣਾਈ ਗਈ। ਪੀੜਤ ਲੜਕੀ ਨਵੰਬਰ 2022 ਨੂੰ ਆਪਣੇ ਅਪਾਰਟਮੈਂਟ ਕੰਪਲੈਕਸ ਤੋਂ ਲਾਪਤਾ ਹੋ ਗਈ ਸੀ। ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਗਈਆਂ ਅਤੇ ਜਿਨਸੀ ਸੇਵਾਵਾਂ ਲਈ ਆਨਲਾਈਨ ਵਿਗਿਆਪਨ ਪੋਸਟ ਕੀਤੇ ਗਏ ਸਨ। ਬੱਚੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਕਈ ਮੌਕਿਆਂ `ਤੇ ਉਸ ਨਾਲ ਸਰੀਰਕ ਸੋਸ਼ਣ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ। ਸੰਘੀ ਅਦਾਲਤ ਨੇ ਅਜਿਹੀ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ `ਤੇ ਸਖਤੀ ਨਾਲ ਮੁਕੱਦਮਾ ਚਲਾਏ ਜਾਣ ਦੀ ਗੱਲ ਕਹੀ ਹੈ।
ਇਸੇ ਦੌਰਾਨ ਪਰਵਾਸੀ ਤਸਕਰੀ ਯੋਜਨਾ ਵਿੱਚ ਇੱਕ ਹਥਿਆਰਬੰਦ ਮੁਲਜ਼ਿਮ ਨੂੰ 78 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਪਰਾਧ ਵਿੱਚ ਸ਼ਾਮਲ ਵਿਅਕਤੀ ਵਿਰੁੱਧ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਿਜਾਣ ਅਤੇ ਗੈਰ-ਕਾਨੂੰਨੀ ਤੌਰ `ਤੇ ਹਥਿਆਰ ਰੱਖਣ ਦੇ ਦੋਸ਼ ਤਹਿਤ ਸੰਘੀ ਜੇਲ੍ਹ ਵਿੱਚ 78 ਮਹੀਨਿਆਂ ਦੀ ਸਜ਼ਾ ਦਾ ਹੁਕਮ ਹੈ। ਜ਼ਿਕਰਯੋਗ ਹੈ ਕਿ ਸੰਘੀ ਪ੍ਰਣਾਲੀ ਵਿੱਚ ਕੋਈ ਪੈਰੋਲ ਨਹੀਂ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਉਸ ਨੂੰ ਜਨਵਰੀ 2023 ਨੂੰ ਇੱਕ ਯੂ.ਐਸ. ਬਾਰਡਰ ਪੈਟਰੋਲ ਏਜੰਟ ਨੇ ਲਾਸ ਕਰੂਸ, ਨਿਊ ਮੈਕਸੀਕੋ ਦੇ ਨੇੜੇ ਹਾਈਵੇਅ 185 `ਤੇ ਉੱਤਰ ਵੱਲ ਜਾਂਦਿਆਂ ਗ੍ਰਿਫਤਾਰ ਕੀਤਾ ਸੀ। ਉਸ ਨੂੰ ਪੈਸੇ ਲਈ ਗੈਰ-ਕਾਨੂੰਨੀ ਪਰਵਾਸੀ ਲੋਕਾਂ ਨੂੰ ਯੂ.ਐਸ. ਵਿੱਚ ਪਹੁੰਚਾਉਣ ਦਾ ਦੋਸ਼ੀ ਮੰਨਿਆ ਗਿਆ।
ਇਸ ਤੋਂ ਇਲਾਵਾ ਪੈਨਸਿਲਵੇਨੀਆ ਦੇ ਇੱਕ ਵਿਅਕਤੀ `ਤੇ ਏਲੀਅਨ ਤਸਕਰੀ ਅਤੇ ਮਨੁੱਖੀ ਤਸਕਰੀ ਦਾ ਦੋਸ਼ ਹੈ। ਪੰਜ ਸ਼੍ਰੀਲੰਕਾਈ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਦਾ ਭੁਗਤਾਨ ਕਰਨ ਲਈ ਉਟਾਹ ਦੀ ਯਾਤਰਾ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਸੰਘੀ ਗ੍ਰੈਂਡ ਜਿਊਰੀ ਨੇ ਪੈਨਸਿਲਵੇਨੀਆ ਵਿੱਚ ਰਹਿਣ ਵਾਲੇ ਕਥਿਤ ਮੁਲਜ਼ਮ ਸ਼ਿਵਰਾਮਲਿੰਗਮ, ਜਿਸਨੇ ਸੰਯੁਕਤ ਰਾਸ਼ਟਰ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਗੈਰ-ਕਾਨੂੰਨੀ ਤਸਕਰੀ ਨੂੰ ਉਤਸ਼ਾਹਿਤ ਕੀਤਾ, ਵਿਰੁੱਧ ਵੀਜ਼ਾ ਲਈ ਭੁਗਤਾਨ ਕਰਨ ਅਤੇ ਹੋਰ ਗਤੀਵਿਧੀਆਂ ਕਰਨ ਦਾ ਦੋਸ਼ ਹੈ ਕਿ ਉਹ ਭਾਰਤ ਅਤੇ ਸ਼੍ਰੀਲੰਕਾ ਤੋਂ ਅਮਰੀਕਾ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਕਰਦਾ ਰਿਹਾ ਹੈ। ਉਸ ਉਤੇ ਅਣਇੱਛਤ ਸੇਵਾ ਅਤੇ ਜਬਰੀ ਮਜ਼ਦੂਰੀ ਦੇ ਸਬੰਧ ਵਿੱਚ ਏਲੀਅਨ ਤਸਕਰੀ ਦਾ ਦੋਸ਼ ਹੈ। ਮਾਮਲੇ ਦੀ ਜਾਂਚ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ, ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ, ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼ ਅਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਦੁਆਰਾ ਸਾਂਝੇ ਤੌਰ `ਤੇ ਕੀਤੀ ਜਾ ਰਹੀ ਹੈ।