*ਇਨਸਾਫ ਅਤੇ ਮੁਆਵਜ਼ੇ ਲਈ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
*ਪਾਰਟੀਆਂ ਲੱਗੀਆਂ ਸਿਆਸੀ ਰੋਟੀਆਂ ਸੇਕਣ
ਪੰਜਾਬੀ ਪਰਵਾਜ਼ ਬਿਊਰੋ
ਕੇਂਦਰੀ ਦਿੱਲੀ ਦੇ ਇੱਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਹੋਈ ਤਿੰਨ ਵਿਦਿਆਰਥੀਆਂ ਦੀ ਮੌਤ ਨੇ ਇੱਕ ਵਾਰ ਫਿਰ ਸਾਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ ਹੈ। ਕੇਂਦਰੀ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਇਲਾਕੇ ਵਿੱਚ ਭਾਰੀ ਮੀਂਹ ਪੈਣ ਕਾਰਨ ਲੰਘੇ ਸ਼ਨੀਵਾਰ ਦੀ ਰਾਤ ਨੂੰ ਇਹ ਘਟਨਾ ਵਾਪਰੀ। ਪੁਰਾਣੇ ਰਾਜਿੰਦਰ ਨਗਰ ਦੇ ਰਾਓ ਆਈ.ਏ.ਐਸ. ਕੋਚਿੰਗ ਸੈਂਟਰ ਵਿੱਚ ਭਰਵੀਂ ਬਾਰਸ਼ ਤੋਂ ਬਾਅਦ ਗਲੀਆਂ ਵਿੱਚ ਜਮ੍ਹਾਂ ਹੋਇਆ ਪਾਣੀ ਮਕਾਨ ਦੇ ਬੂਹੇ ਤੋੜ ਕੇ ਬੇਸਮੈਂਟ ਵਿੱਚ ਭਰ ਗਿਆ।
ਕਿਹਾ ਜਾ ਰਿਹਾ ਹੈ ਕਿ ਜਦੋਂ ਸੜਕ ਪਾਣੀ ਨਾਲ ਭਰੀ ਹੋਈ ਸੀ ਤਾਂ ਇਸ ਸੈਂਟਰ ਦੇ ਅੱਗੋਂ ਤੇਜ਼ੀ ਨਾਲ ਲੰਘੀ ਇੱਕ ਐਸ.ਯੂ.ਵੀ. ਨੇ ਪਾਣੀ ਦੀਆਂ ਤੇਜ਼ ਛੱਲਾਂ ਪੈਦਾ ਕੀਤੀਆਂ, ਇਹਦੇ ਨਾਲ ਰਾਓ ਕੋਚਿੰਗ ਸੈਂਟਰ ਦਾ ਦਰਵਾਜ਼ਾ ਭੰਨ ਕੇ ਪਾਣੀ ਤੇਜ਼ੀ ਨਾਲ ਬੇਸਮੈਂਟ ਵਿੱਚ ਵੜ ਗਿਆ। ਇਹ ਬੇਸਮੈਂਟ ਰਾਓ ਸੈਂਟਰ ਵੱਲੋਂ ਲਾਇਬਰੇਰੀ ਵਜੋਂ ਵਰਤੀ ਜਾ ਰਹੀ ਸੀ, ਜਦੋਂਕਿ ਇਸ ਦੀ ਮਨਜ਼ੂਰੀ ਇੱਕ ਸਟੋਰ ਵਜੋਂ ਲਈ ਗਈ ਸੀ। ਪਾਣੀ ਦੀ ਆਮਦ ਇੰਨੀ ਤੇਜ਼ ਸੀ ਕਿ ਕੁਝ ਹੀ ਮਿੰਟਾਂ ਵਿੱਚ ਬੇਸਮੈਂਟ ਵਿੱਚ 9-10 ਫੁੱਟ ਪਾਣੀ ਭਰ ਗਿਆ। ਇਸ ਨਾਲ ਪਾਣੀ ਤੋਂ ਬਾਹਰ ਨਾ ਨਿਕਲ ਸਕਣ ਵਾਲੇ ਤਿੰਨ ਵਿਦਿਆਰਥੀਆਂ (ਇੱਕ ਲੜਕਾ ਤੇ ਦੋ ਲੜਕੀਆਂ) ਦੀ ਮੌਤ ਹੋ ਗਈ। ਰਿਪੋਰਟ ਅਨੁਸਾਰ ਕੁਝ ਵਿਦਿਆਰਥੀ ਬਾਹਰੋਂ ਮਿਲੀ ਮੱਦਦ ਕਾਰਨ ਡੁੱਬਣੋਂ ਬਚ ਗਏ। ਮ੍ਰਿਤਕਾਂ ਦੀ ਪਛਾਣ ਸ਼੍ਰੇਆ ਯਾਦਵ ਵਾਸੀ ਅੰਬੇਦਕਰ ਨਗਰ ਉੱਤਰ ਪ੍ਰਦੇਸ਼, ਤਾਨੀਆ ਸੋਨੀ ਵਾਸੀ ਤਿਲੰਗਾਨਾ, ਕੇਰਲ ਦੇ ਏਰਨਕੁਲਮ ਦੇ ਵਸਨੀਕ ਦਾਲਵਿਨ ਵਜੋਂ ਹੋਈ ਹੈ।
ਇਸ ਘਟਨਾ ਵਿੱਚ ਹੁਣ ਤੱਕ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਯਾਦ ਰਹੇ, ਦਿੱਲੀ ਦੀ ਮਿਊਂਸਿਪਲ ਕਾਰਪੋਰੇਸ਼ਨ ਅਤੇ ਦਿੱਲੀ ਰਾਜ ਦੀ ਸਰਕਾਰ ‘ਤੇ ਆਮ ਆਦਮੀ ਪਾਰਟੀ ਦਾ ਕਬਜਾ ਹੈ, ਜਦੋਂਕਿ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਦਾ ਮੁੱਖ ਕੰਟੋਰਲ ਇੱਕ ਆਰਡੀਨੈਂਸ ਰਾਹੀਂ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ। ਹੁਣ ਜਦੋਂ ਹਾਦਸਾ ਸਾਹਮਣੇ ਆਇਆ ਹੈ ਤਾਂ ਕੇਂਦਰ ਸਰਕਾਰ ਸਾਰੀ ਜ਼ਿੰਮੇਵਾਰੀ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ‘ਤੇ ਸੁੱਟ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਦਿੱਲੀ ਦੀ ‘ਆਪ’ ਸਰਕਾਰ ਅਤੇ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀ ਸਾਰੀ ਜ਼ਿੰਮੇਵਾਰੀ ਕੇਂਦਰ ਅਧੀਨ ਚਲੇ ਗਏ ਪ੍ਰਸ਼ਾਸਨ ‘ਤੇ ਸੁੱਟਣ ਦਾ ਯਤਨ ਕਰ ਰਹੇ ਹਨ। ‘ਆਪ’ ਆਗੂ ਸੰਜੇ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਹਾਦਸੇ ਲਈ ਦਿੱਲੀ ਨਗਰ ਨਿਗਮ ‘ਤੇ ਲੰਮੀ ਦੇਰ ਤੱਕ ਕਾਬਜ਼ ਰਹੀ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ। ਉਂਝ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਐਮ.ਸੀ.ਡੀ. ਕਮਿਸ਼ਨਰ ਨੂੰ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਹੁਣ ਤੱਕ 7 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਵਿੱਚ ਐਸ.ਯੂ.ਵੀ. ਦੇ ਡਰਾਈਵਰ ਮਨੁਜ ਕਥੂਰੀਆ ਤੋਂ ਇਲਾਵਾ ਬੇਸਮੈਂਟ ਦੇ ਸਹਿ ਮਾਲਕ ਤੇਜਿੰਦਰ ਸਿੰਘ, ਪਲਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਰਾਓ ਕੋਚਿੰਗ ਸੈਂਟਰ ਦੇ ਮਾਲਕ ਅਭਿਸ਼ੇਕ ਗੁਪਤਾ ਅਤੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਯਾਦ ਰਹੇ, ਹਾਲ ਹੀ ਵਿੱਚ ਨੀਟ ਦੇ ਇਮਤਿਹਾਨ ਵਿੱਚ ਹੋਈਆਂ ਬੇਨਿਯਮੀਆਂ, ਪੇਪਰ ਲੀਕ ਅਤੇ ਹੁਣ ਦਿੱਲੀ ਵਿੱਚ ਹੜ੍ਹ ਦਾ ਪਾਣੀ ਬੇਸਮੈਂਟ ਵਿੱਚ ਵੜਨ ਕਾਰਨ ਮਾਰੇ ਗਏ ਵਿਦਿਆਰਥੀਆਂ ਦੀ ਘਟਨਾ ਨੇ ਦੇਸ਼ ਦੇ ਸ਼ਹਿਰੀ ਅਤੇ ਵਿਦਿਅਕ ਕੁਪ੍ਰਬੰਧ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਨੇ ਸਾਫ ਕਰ ਦਿੱਤਾ ਹੈ ਕਿ ਮਹੱਤਵਪੂਰਨ ਮਹਾਂਨਗਰਾਂ ਦੀ ਹਾਲਤ ਵੀ ਦੇਸ਼ ਦੇ ਆਮ ਸ਼ਹਿਰਾਂ ਤੋਂ ਵੱਖਰੀ ਨਹੀਂ ਹੈ, ਜਿੱਥੇ ਥੋੜ੍ਹਾ ਜਿਹਾ ਸਮਾਂ ਦੱਬ ਕੇ ਮੀਂਹ ਪੈਣ ਨਾਲ ਅਕਸਰ ਹੀ ਜਲਥਲ ਹੋ ਜਾਂਦੀ ਹੈ। ਅਸੀਂ ਹੁਣ ਤੱਕ ਮੁੱਖ ਤੌਰ ‘ਤੇ ਦੇਸ਼ ਦੇ ਪੇਂਡੂ ਅਤੇ ਗਰੀਬ ਇਲਾਕਿਆਂ ਵਿੱਚ ਹੀ ਹੜ੍ਹਾਂ ਦੀ ਮਾਰ ਵੇਖਦੇ ਆਏ ਹਾਂ, ਪਰ ਹੁਣ ਇਹ ਵੀ ਸਾਹਮਣੇ ਆਉਣ ਲੱਗਾ ਹੈ ਕਿ ਬੇਤਰਤੀਬ, ਗੈਰ-ਯੋਜਨਾਬੱਧ ਅਤੇ ਪਾਣੀ ਦੇ ਕੁਦਰਤੀ ਵਹਾ ਦੇ ਉਲਟ ਬਣੇ ਸ਼ਹਿਰਾਂ ਨੂੰ ਵੱਡੀ ਮਾਰ ਪੈ ਸਕਦੀ ਹੈ। ਖਾਸ ਕਰਕੇ ਜਦੋਂ ਕਦੀ ਮੋਹਲੇਧਾਰ ਬਾਰਸ਼ ਹੋ ਗਈ। ਵਿਸ਼ਾਲ ਇਲਾਕੇ ਵਿੱਚ ਇੱਕੋ ਵਾਰ ਜ਼ਿਆਦਾ ਮੀਂਹ ਪੈਣ ਨਾਲ ਬਹੁਤ ਸਾਰੇ ਸ਼ਹਿਰ ਇਕੱਠੇ ਵੀ ਇਸ ਦੀ ਲਪੇਟ ਵਿੱਚ ਆ ਸਕਦੇ ਹਨ। ਪਿਛਲੇ ਸਾਲ ਵੀ ਜਮਨਾ ਦਰਿਆ ਵਿੱਚ ਹੜ੍ਹ ਆਉਣ ਨਾਲ ਦਿੱਲੀ ਦੇ ਕਾਫੀ ਅੰਦਰ ਤੱਕ ਪਾਣੀ ਆ ਗਿਆ ਸੀ ਅਤੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਸਨ। ਇਸ ਤੋਂ ਇਲਾਵਾ ਪੰਜਾਬ, ਹਿਮਾਚਲ ਅਤੇ ਉਤਰਾਖੰਡ ਵਿੱਚ ਵੀ ਹੜ੍ਹਾਂ ਦੀ ਵੱਡੀ ਮਾਰ ਪਈ ਸੀ। ਦਿੱਲੀ ਵਿੱਚ ਜਮਨਾ ਦਾ ਪਾਣੀ ਵੜਨ ਵੇਲੇ ਇਹ ਤੱਥ ਵੀ ਸਾਹਮਣੇ ਆਇਆ ਸੀ ਕਿ ਪ੍ਰਾਪਰਟੀ ਖਰੀਦ-ਵੇਚ ਅਤੇ ਕਲੋਨੀਆ ਕੱਟਣ ਦੇ ਮਾਮਲੇ ਵਿੱਚ ਕੰਮ ਕਰਦੇ ਮਾਫੀਆ ਨੇ ਜਮਨਾ ਦਰਿਆ ਦੇ ਵਹਿਣ ਵਿੱਚ ਵੀ ਕਲੋਨੀਆ ਵਸਾ ਦਿੱਤੀਆਂ ਹਨ।
ਇਹ ਹਾਲ ਇਕੱਲੀ ਦਿੱਲੀ ਦਾ ਨਹੀਂ, ਸਾਰੇ ਦੇਸ਼ ਵਿੱਚ ਹੀ ਸ਼ਹਿਰੀ ਵਿਕਾਸ ਗੈਰ-ਯੋਜਨਾਬੱਧ ਅਤੇ ਬੇਤਰਤੀਬਾ ਹੈ। ਸਾਡੇ ਸ਼ਹਿਰਾਂ ਵਿੱਚ ਬਾਰਸ਼ ਦੇ ਪਾਣੀ ਦੇ ਵਹਾਓ ਲਈ ਵੱਖਰੇ ਡਰੇਨੇਜ ਸਿਸਟਮ ਬਹੁਤ ਘੱਟ ਹਨ। ਜੇ ਹੈ ਵੀ ਤਾਂ ਇਸ ਦੀ ਸਾਫ-ਸਫਾਈ ਵਿੱਚ ਅਣਗਹਿਲੀ ਵਰਤੀ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਦਰਿਆਵਾਂ ਦੇ ਕੰਢਿਆਂ ‘ਤੇ ਬਣਾਈਆਂ ਗਈਆਂ ਇਮਾਰਤਾਂ ਅਤੇ ਹੋਟਲਾਂ ਆਦਿ ਦੇ ਨੁਕਸਾਨੇ ਜਾਣ ਦਾ ਮਾਮਲਾ ਪਿਛਲੇ ਸਾਲ ਸਾਹਮਣੇ ਆ ਹੀ ਚੁੱਕਾ ਹੈ। ਸੋ ਕੁੱਲ ਮਿਲਾ ਕੇ ਹਾਲਤ ਇਹ ਹੈ ਕਿ ਭਰਵੀਂ ਬਾਰਸ਼ ਹੋਣ ਬਾਅਦ ਸਥਿਤੀ ਕਦੀ ਵੀ ਅਤੇ ਕਿਤੇ ਵੀ ਵਿਸਫੋਟਕ ਹੋ ਸਕਦੀ ਹੈ। ਪੰਜਾਬ ਦੇ ਦਰਿਆਵਾਂ ਵਿੱਚ ਖਣਨ ਸਾਰਾ ਸਾਲ ਜਾਰੀ ਰਹਿੰਦਾ ਹੈ ਅਤੇ ਜਦੋਂ ਦਰਿਆਵਾਂ ਵਿੱਚ ਹੜ੍ਹ ਆਉਂਦਾ ਹੈ ਤਾਂ ਟਰੈਕਟਰਾਂ ਟਰਾਲੀਆਂ ਅਤੇ ਟਰਕਾਂ ਵਾਲਿਆਂ ਵੱਲੋਂ ਤੋੜੇ ਗਏ ਦਰਿਆ ਦੇ ਕੰਢਿਆਂ ਤੋਂ ਪਾਣੀ ਅਸਾਨੀ ਨਾਲ ਖੇਤਾਂ ਅਤੇ ਪਿੰਡਾਂ ਵਗੈਰਾ ਵਿੱਚ ਜਾ ਵੜਦਾ ਹੈ। ਗੈਰ-ਕਾਨੂੰਨੀ ਖਣਨ ਆਮ ਤੌਰ `ਤੇ ਸੱਤਾਧਾਰੀ ਪਾਰਟੀ ਦੀ ਛਤਰ ਛਾਇਆ ਹੇਠ ਹੀ ਹੁੰਦਾ ਹੈ। ਅਜੀਬ ਨਹੀਂ ਲਗਦਾ ਕਿ ਕਾਨੂਨ ਬਣਾਉਣ ਵਾਲੇ ਹੀ ਕਾਨੂੰਨ ਤੋੜਨ ਦੇ ਸਭ ਤੋਂ ਵੱਡੇ ਦੋਸ਼ੀ ਹਨ?
ਇਸ ਮਸਲੇ ‘ਤੇ ਹੁਣ ਵੱਖ-ਵੱਖ ਪਾਰਟੀਆਂ ਨੇ ਆਪਣੀ ਰਾਜਨੀਤਿਕ ਰੋਟੀਆਂ ਵੀ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ, ਕੇਂਦਰੀ ਸੱਤਾ ਦੀ ਅਗਵਾਈ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਅਤੇ ਸਥਾਨਕ ਮਿਊਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀ- ਸਾਰੇ ਇੱਕ ਦੂਜੇ ਵੱਲ ਜ਼ਿੰਮੇਵਾਰੀ ਖਿਸਕਾ ਕੇ ਆਪਾ ਬਚਾਉਣ ਦਾ ਯਤਨ ਕਰ ਰਹੇ ਹਨ। ਦਿੱਲੀ ਵਰਗੇ ਸ਼ਹਿਰ, ਜਿੱਥੇ ਪੂਰੇ ਮੁਲਕ ਦੀ ਸੱਤਾ ਕੇਂਦਰਿਤ ਹੈ, ਵਿੱਚ ਇਸ ਕਿਸਮ ਦੇ ਹਾਦਸੇ ਦਾ ਵਾਪਰ ਜਾਣਾ ਇੱਕ ਵੱਡੇ ਕਲੰਕ ਤੋਂ ਘੱਟ ਨਹੀਂ ਹੈ। ਰਾਜਨੀਤਿਕ ਪਾਰਟੀਆਂ ਹਾਦਸੇ ਦੇ ਅਸਲ ਕਾਰਨਾਂ ਨੂੰ ਜਾਨਣ, ਟਿੱਕਣ ਅਤੇ ਅਗਾਂਹ ਤੋਂ ਇਸ ਕਿਸਮ ਦੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਦਾ ਕੋਈ ਹੀਲਾ-ਵਸੀਲਾ ਸੋਚਣ ਦੀ ਥਾਂ ਇੱਕ-ਦੂਜੇ ‘ਤੇ ਇਲਜ਼ਾਮ ਤਰਾਸ਼ੀ ਕਰ ਰਹੀਆਂ ਹਨ।
ਦੂਜੇ ਪਾਸੇ ਇਨ੍ਹਾਂ ਕੋਚਿੰਗ ਸੈਂਟਰਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਅਰਥੀ ਸੜਕਾਂ ‘ਤੇ ਆ ਗਏ ਹਨ ਅਤੇ ਉਨ੍ਹਾਂ ਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹ ਮਾਰੇ ਗਏ ਵਿਦਿਆਰਥੀਆਂ ਲਈ ਇਨਸਾਫ ਅਤੇ ਤਿੰਨ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਰਾਜ ਸਭਾ ਅਤੇ ਲੋਕ ਸਭਾ- ਦੋਹਾਂ ਵਿੱਚ ਇਸ ਮਸਲੇ ਦੀ ਗੂੰਜ ਪਈ ਹੈ। ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਨੂੰ ਇਸ ਮਸਲੇ ‘ਤੇ ਰਾਜਨੀਤੀ ਨਾ ਕਰਨ ਦੀਆਂ ਮੱਤਾਂ ਦੇ ਰਹੀ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕੋਚਿੰਗ ਸੈਂਟਰਾਂ ਦੀ ‘ਗੈਸ ਚੈਂਬਰਾਂ’ ਨਾਲ ਤੁਲਨਾ ਕੀਤੀ ਅਤੇ ਕਿਹਾ ਕਿ ਇਹ ਇੱਕ ਮਾਫੀਆ ਬਣ ਗਿਆ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ 1120 ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤੀ ਗਏ ਸਨ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਇਲਾਵਾ ਰਾਜਾਂ ਨੂੰ ਇੱਕ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕਦਾ ਸੀ। ‘ਆਪ’ ਆਗੂ ਸੰਜੇ ਸਿੰਘ ਨੇ ਆਪਣੀ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਚਿੰਗ ਸੈਂਟਰਾਂ ਨੂੰ ਰੈਗੂਲੇਟ ਕਰਦੀ ਹੈ। ਦਿੱਲੀ ਸਰਕਾਰ ਦੇ ਮੰਤਰੀਆਂ ਨੇ ਡਰੇਨਾਂ ਦੀ ਸਫਾਈ ਦੀ ਮੰਗ ਕੀਤੀ ਸੀ, ਪਰ ਅਧਿਕਾਰੀਆਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਹ ਘਟਨਾ ਦਿੱਲੀ ਵਿੱਚ ਭਾਜਪਾ ਦੇ ਐਮ.ਸੀ.ਡੀ. ‘ਤੇ 15 ਸਾਲ ਦੇ ਰਾਜ ਦਾ ਨਤੀਜਾ ਹੈ। ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਐਮ.ਪੀ. ਬਾਂਸੁਰੀ ਸਵਰਾਜ ਨੇ ਘਟਨਾ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਮਾਮਲੇ ਦੀ ਪੜਤਾਲ ਲਈ ਕਮੇਟੀ ਬਣਾ ਦਿੱਤੀ ਹੈ।