ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲ ਵਿੱਚ

ਖਬਰਾਂ ਗੂੰਜਦਾ ਮੈਦਾਨ

*ਨਿਊਜ਼ੀਲੈਂਡ ਅਤੇ ਆਇਰਲੈਂਡ ਨੂੰ ਹਰਾਇਆ, ਅਰਜਨਟੀਨਾ ਨਾਲ ਬਰਾਬਰੀ
*ਸ਼ੂਟਰ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿੱਚ ਦੋ ਕਾਂਸੀ ਦੇ ਤਮਗੇ ਜਿੱਤੇ
ਪੰਜਾਬੀ ਪਰਵਾਜ਼ ਬਿਊਰੋ
ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਹੁਣ ਤੱਕ ਆਪਣੇ ਤਿੰਨ ਲੀਗ ਮੈਚ ਨਿਊਜ਼ੀਲੈਂਡ, ਅਰਜਨਟੀਨਾ ਅਤੇ ਆਇਰਲੈਂਡ ਦੇ ਖਿਲਾਫ ਖੇਡ ਚੁੱਕੀ ਹੈ। ਅਰਜਨਟੀਨਾ ਖਿਲਾਫ ਭਾਰਤ ਦਾ ਮੁਕਾਬਲਾ 1-1 ਨਾਲ ਬਰਾਬਰ ਰਿਹਾ ਹੈ ਅਤੇ ਬਾਕੀ ਦੋ ਮੁਕਾਬਲੇ ਭਾਰਤੀ ਟੀਮ ਨੇ ਜਿੱਤ ਲਏ ਹਨ। ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਅਤੇ ਆਇਰਲੈਂਡ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਇਸ ਤਰ੍ਹਾਂ ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਗਈ ਹੈ।

ਭਾਰਤੀ ਹਾਕੀ ਟੀਮ ਨੇ ਬੈਲਜੀਅਮ ਅਤੇ ਆਸਟਰੇਲੀਆ, ਦੋ ਹੋਰ ਟੀਮਾਂ ਦੇ ਖਿਲਾਫ ਲੀਗ ਮੁਕਾਬਲੇ ਖੇਡਣੇ ਹਨ। ਇਨ੍ਹਾਂ ਮੁਲਕਾਂ ਦੇ ਖਿਲਾਫ ਜੇ ਭਾਰਤੀ ਹਾਕੀ ਟੀਮ ਮੁਕਾਬਲੇ ਬਰਾਬਰ ਰੱਖਣ ਵਿੱਚ ਵੀ ਕਾਮਯਾਬ ਹੋ ਜਾਂਦੀ ਹੈ ਤਾਂ ਉਸ ਦਾ ਕੁਆਰਟਰ ਫਾਈਨਲ ਆਸਾਨ ਟੀਮ ਨਾਲ ਹੋ ਸਕਦਾ ਹੈ। ਭਾਰਤ ਦੀ ਇੱਕ ਸ਼ੂਟਰ ਮਨੂੰ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਅਤੇ 10 ਮੀਟਰ ਏਅਰ ਪਿਸਟਲ ਸਿੰਗਲ ਮੁਕਾਬਲੇ ਵਿੱਚ ਦੋ ਕਾਂਸੀ ਦੇ ਤਮਗੇ ਜਿੱਤੇ ਹਨ। ਮਿਕਸਡ ਮੁਕਾਬਲੇ ਵਿੱਚ ਸਰਬਜੋਤ ਸਿੰਘ ਉਨ੍ਹਾਂ ਨਾਲ ਜੋੜੀਦਾਰ ਸਨ। ਸਰਬਜੋਤ ਹਰਿਆਣਾ ਨਾਲ ਸੰਬੰਧਤ ਖਿਡਾਰੀ ਹਨ। ਇਸ ਦੇ ਉਲਟ ਅਰਜਨ ਬਬੂਟਾ ਵੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਤਮਗੇ ਦੇ ਦਾਅਵੇਦਾਰ ਸਨ, ਪਰ ਫਾਈਨਲ ਮੁਕਾਬਲੇ ਵਿੱਚ ਮਾਮੂਲੀ ਫਰਕ ਨਾਲ ਖੁੰਝ ਗਏ ਅਤੇ ਚੌਥੇ ਨੰਬਰ ‘ਤੇ ਰਹੇ। ਇਸ ਤੋਂ ਇਲਾਵਾ ਭਾਰਤ ਦੇ ਬੈਡਮਿੰਟਨ ਖਿਡਾਰੀਆਂ ਅਤੇ ਐਥਲੀਟਾਂ ਨੇ ਵੀ ਆਪੋ ਆਪਣੇ ਮੁਢਲੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। 400 ਮੀਟਰ ਰਿਲੇਅ ਰੇਸ ਵਿੱਚ ਵੀ ਭਾਰਤੀ ਟੀਮ ਅਗਲੇ ਗੇੜ ਵਿੱਚ ਪੁੱਜ ਗਈ ਹੈ। ਇਸ ਰਿਪੋਰਟ ਦੇ ਛਪਣ ਤੱਕ ਕੁਝ ਹੋਰ ਮੁਕਾਬਲਿਆਂ ਦੇ ਨਤੀਜੇ ਵੀ ਆ ਚੁੱਕੇ ਹੋਣਗੇ।
ਟੋਕੀਓ ਓਲੰਪਿਕ ਵਿੱਚ ਭਾਰਤ ਦੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਹਾਸਲ ਕੀਤਾ ਸੀ। ਉਸ ਕੋਲੋਂ ਇਸ ਵਾਰ ਵੀ ਸੋਨ ਤਮਗੇ ਦੀ ਆਸ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੈਡਮਿੰਟਨ ਵਿੱਚ ਪੀ.ਵੀ. ਸੰਧੂ, ਗੋਲਫ ਵਿੱਚ ਆਦਿਤੀ ਅਸ਼ੋਕ, ਬਾਕਸਿੰਗ ਵਿੱਚ ਲਵਲੀਨਾ, ਨਿਖਤ ਜਰੀਨ, ਪ੍ਰੀਤੀ ਪਵਾਰ, ਵੇਟ ਲਿਫਟਿੰਗ ਮੁਕਾਬਲੇ ਵਿੱਚ ਮੀਰਾਬਾਈ ਚਾਨੂੰ ਤੋਂ ਤਮਗੇ ਦੀਆਂ ਉਮੀਦਾਂ ਹਨ। ਸ਼ੂਟਿੰਗ ਵਿੱਚ ਸਿਫਤ ਕੌਰ ਸਮਰਾ, ਭਜਨ ਕੌਰ ਤੋਂ ਤਮਗੇ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਸ਼ਤੀ ਮੁਕਾਬਲਿਆਂ ਵਿੱਚ ਇਸ ਵਾਰ 6 ਔਰਤਾਂ ਅਤੇ 1 ਮਰਦ ਪਹਿਲਵਾਨ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ ਵਿਨੇਸ਼ ਫੋਗਾਟ ਤੋਂ ਤਮਗੇ ਦੀ ਉਮੀਦ ਕੀਤੀ ਜਾ ਰਹੀ।
ਦਿਲਚਸਪ ਇਹ ਹੈ ਕਿ ਇਨ੍ਹਾਂ ਖੇਡਾਂ ਵਿੱਚ ਜੰਗ ਦੇ ਬੁਰੀ ਤਰ੍ਹਾਂ ਭੰਨੇ ਛੋਟੇ ਜਿਹੇ ਮੁਲਕ ਫਲਿਸਤੀਨ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਦਾ ਆਖਣਾ ਹੈ ਕਿ ਅਸੀਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਜਿੱਤ ਗਏ ਹਾਂ। ਸਾਡੇ ਲਈ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਾ ਹੀ ਜਿੱਤ ਦੇ ਬਰਾਬਰ ਹੈ। ਭਾਵੇ ਇਜ਼ਰਾਇਲ ਦੀ ਖੇਡਾਂ ਵਿੱਚ ਸ਼ਮੂਲੀਅਤ ਦਾ ਕਈ ਮੁਸਲਿਮ ਮੁਲਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਪਰ ਅਮਰੀਕਾ ਅਤੇ ਪੱਛਮੀ ਮੁਲਕਾਂ ਦੀ ਪੈਰਵੀ ਕਾਰਨ ਇਜ਼ਰਾਇਲ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮਿਲ ਗਈ। ਇਸ ਮੱਧਪੂਰਬ ਦੇ ਵਿਵਾਦਗ੍ਰਸਤ ਮੁਲਕ ਦੀ ਫੁੱਟਬਾਲ ਟੀਮ ਅਤੇ ਹੋਰ ਖਿਡਾਰੀ ਵੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣਗੇ। ਫਲਿਸਤੀਨੀ ਲੋਕਾਂ ਵੱਲੋਂ ਵੀ ਇਜ਼ਰਾਇਲ ਦੀ ਸ਼ਮੂਲੀਅਤ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਯਾਦ ਰਹੇ, ਫਰਾਂਸ ਦੇ ਖੂਬਸੂਰਤ ਸ਼ਹਿਰ ਪੈਰਿਸ ਵਿੱਚ ਓਲੰਪਿਕ ਖੇਡਾਂ 26 ਜੁਲਾਈ ਨੂੰ ਸ਼ੁਰੂ ਹੋਈਆਂ ਹਨ। ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਕੁਝ ਦੋਖੀ ਅਨਸਰਾਂ ਵੱਲੋਂ ਪੈਰਿਸ ਦੇ ਦੁਆਲੇ ਰੇਲ ਪਟੜੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਕਰਨ ਸੈਂਕੜੇ ਯਾਤਰੀ ਖੱਜਲ ਖੁਆਰ ਹੁੰਦੇ ਵੇਖੇ ਗਏ। ਇਹ ਅਸਲ ਵਿੱਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਦਹਿਸ਼ਤਜ਼ਦਾ ਕਰਨ ਦਾ ਯਤਨ ਲੱਗਿਆ; ਪਰ ਪੈਰਿਸ ਪ੍ਰਸ਼ਾਸਨ ਨੇ ਸੁਰੱਖਿਆ ਬੇਹੱਦ ਸਖਤ ਕਰ ਦਿੱਤੀ ਹੈ।
ਇੱਥੇ ਇਹ ਵੀ ਧਿਆਨ ਰਹੇ ਕਿ ਇਨ੍ਹਾਂ ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਖੇਡ ਸਟੇਡੀਅਮਾਂ ਦੀ ਉਸਾਰੀ ਲਈ ਕਥਿਤ ਤੌਰ ‘ਤੇ ਬੇਘਰ ਕੀਤੇ ਗਏ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਖਿਆਲ ਕੀਤਾ ਜਾ ਰਿਹਾ ਹੈ ਕਿ ਇਸ ਕਿਸਮ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਹੀ ਆਪਣਾ ਵਿਰੋਧ ਦਰਜ ਕਰਵਾਉਣ ਲਈ ਰੇਲ ਪਟੜੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੋ ਸਕਦਾ ਹੈ। ਖੇਡਾਂ ਦੇ ਇਸ ਮਹਾਂ ਕੁੰਭ ਵਿੱਚ 205 ਮੁਲਕਾਂ ਦੇ 10,000 ਤੋਂ ਵੱਧ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੀ ਇੱਕ ਵਿਲੱਖਣ ਘਟਨਾ ਇਹ ਰਹੀ ਕਿ ਇਨ੍ਹਾਂ ਦਾ ਉਦਘਾਟਨ ਕਿਸੇ ਖੇਡ ਸਟੇਡੀਅਮ ਦੀ ਥਾਂ ਪੈਰਿਸ ਸ਼ਹਿਰ ਦੇ ਵਿੱਚੋਂ ਲੰਘਦੀ ਸੀਨ ਨਦੀ ਦੇ ਵਿੱਚ ਹੋਇਆ। ਪੈਰਿਸ ਦੀ ਇਹ ਨਦੀ ਸਾਡੇ ਦਰਿਆਵਾਂ ਵਾਂਗ ਹੀ ਸ਼ਹਿਰੀ ਅਤੇ ਹੋਰ ਪ੍ਰਦੂਸ਼ਣ ਨਾਲ ਮੈਲੀ ਹੋ ਗਈ ਸੀ। 2024 ਦੀਆਂ ਓਲੰਪਿਕ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ ਪੈਰਿਸ ਦੇ ਸਥਾਨਕ ਪ੍ਰਸ਼ਾਸਨ ਦੀ ਮੇਅਰ ਐਨੀ ਹਿਦਾਲਗੋ ਨੇ ਕਈ ਸਾਲ ਪਹਿਲਾਂ ਹੀ ਇਸ ਨਦੀ ਨੂੰ ਸਾਫ ਕਰਨ ਦਾ ਐਲਾਨ ਕਰ ਦਿੱਤਾ ਸੀ। ਐਨੀ ਸਪੈਨਿਸ਼ ਮੂਲ ਦੀ ਫਰਾਂਸੀਸੀ ਸਿਆਸਤਦਾਨ ਹੈ। ਉਹ 2014 ਤੋਂ ਇਸ ਸ਼ਹਿਰ ਦੀ ਮੇਅਰ ਚਲੀ ਆ ਰਹੀ ਹੈ। ਇਹ ਦੱਸਣਾ ਵੀ ਦਿਲਚਸਪ ਹੋਏਗਾ ਕਿ ਇਸ ਸ਼ਹਿਰ ਦੀ ਉਹ ਪਹਿਲੀ ਔਰਤ ਮੇਅਰ ਹੈ। ਬਹੁਤੇ ਲੋਕਾਂ ਨੂੰ ਮੇਅਰ ਦੇ ਸੀਨ ਨਦੀ ਨੂੰ ਸਾਫ ਕਰਨ ਦੇ ਐਲਾਨ ‘ਤੇ ਵਿਸ਼ਵਾਸ ਨਹੀਂ ਸੀ ਹੋਇਆ। ਇਸ ਨਦੀ ਨੂੰ ਸਾਫ ਕਰਨ ‘ਤੇ ਡੇਢ ਬਿਲੀਅਨ ਡਾਲਰ ਦਾ ਖਰਚਾ ਆਇਆ। ਸਾਡੇ ਮੁਲਕ ਦੇ ਉਲਟ ਇਨ੍ਹਾਂ ਖੇਡਾਂ ਦਾ ਆਯੋਜਨ ਸੱਤਾ ਦੇ ਵਿਕੇਂਦਰੀਕਰਣ ਦਾ ਸ਼ਾਨਦਾਰ ਨਮੂਨਾ ਹੈ।
ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਸੀਨ ਨਦੀ ਦੇ ਪਾਣੀ ਦੇ ਪ੍ਰਦੂਸ਼ਣ ਦੇ ਪੱਧਰ ਬਾਰੇ ਚਿੰਤਾ ਜਤਾਈ ਜਾ ਰਹੀ ਸੀ ਤਾਂ ਮੇਅਰ ਐਨੀ ਨੇ ਖੁਦ ਇਸ ਨਦੀ ਵਿੱਚ ਤੈਰ ਕੇ ਇਨ੍ਹਾਂ ਚਿੰਤਾਵਾਂ ‘ਤੇ ਵਿਰਾਮ ਲਗਾਇਆ। ਪੈਰਿਸ ਓਲੰਪਿਕ ਖੇਡਾਂ ਦੇ ਇਸ ਨਿਆਰੇ ਉਦਘਾਟਨ ਦੌਰਾਨ 6800 ਅਥਲੀਟਾਂ ਨੇ 90 ਕਿਸ਼ਤੀਆਂ ਵਿੱਚ ਸਵਾਰ ਹੋ ਕੇ ਇਸ ਅਦਭੁਤ ਪ੍ਰੇਡ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਵੱਲੋਂ 6 ਕਿਲੋਮੀਟਰ ਦਾ ਸਫਰ ਤੈਅ ਕੀਤਾ ਗਿਆ। ਯਾਦ ਰਹੇ, ਪੈਰਿਸ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇੱਕ ਸਦੀ ਪਹਿਲਾਂ 1924 ਦੀਆਂ ਓਲੰਪਿਕ ਖੇਡਾਂ ਵੀ ਪੈਰਿਸ ਵਿੱਚ ਹੋਈਆਂ ਸਨ। ਇਸ ਵਰ੍ਹੇ ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ 117 ਭਾਰਤੀ ਐਥਲੀਟ 16 ਖੇਡਾਂ ਵਿੱਚ ਹਿਸਾ ਲੈ ਰਹੇ ਹਨ, ਜਿਨ੍ਹਾਂ ਵਿੱਚ 47 ਔਰਤ ਐਥਲੀਟ ਅਤੇ 70 ਮਰਦ ਐਥਲੀਟ ਸ਼ਾਮਲ ਹਨ। ਭਾਰਤ ਦੇ ਖਿਡਾਰੀ ਮੁੱਖ ਤੌਰ ‘ਤੇ ਹਾਕੀ, ਤੀਰ ਅੰਦਾਜ਼ੀ, ਕੁਸ਼ਤੀ, ਬੌਕਸਿੰਗ, ਬੈਡਮਿੰਟਨ, ਰੋਇੰਗ, ਸ਼ੂਟਿੰਗ, ਟੈਨਿਸ, ਟੇਬਲ ਟੈਨਿਸ, ਜੈਵਲਿਨ ਥਰੋਅ ਆਦਿ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

Leave a Reply

Your email address will not be published. Required fields are marked *