ਪੀ.ਏ.ਓ. ਦੇ ਤੀਆਂ ਦੇ ਮੇਲੇ `ਚ ਪਿਆ ਗਿੱਧੇ ਦਾ ਧਮੱਚੜ

ਆਮ-ਖਾਸ ਖਬਰਾਂ

‘ਪੂਰ ਬੇੜੀ ਦਾ ਤ੍ਰਿੰਞਣ ਦੀਆਂ ਕੁੜੀਆਂ, ਸਬੱਬ ਨਾਲ ਹੋਵਣ `ਕੱਠੀਆਂ’
ਸ਼ਿਕਾਗੋ (ਕੁਲਜੀਤ ਦਿਆਲਪੁਰੀ): ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ.ਏ.ਓ.) ਦੇ 20ਵੇਂ ਸਾਲਾਨਾ ਪ੍ਰੋਗਰਾਮ ‘ਤੀਆਂ ਦਾ ਮੇਲਾ’ ਵਿੱਚ ਇਕੱਤਰ ਹੋਈਆਂ ਸੁਆਣੀਆਂ, ਮੁਟਿਆਰਾਂ, ਬੇਬੇਆਂ ਤੇ ਬੱਚੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਖੂਬ ਤੀਆਂ ਮਨਾਈਆਂ। ਦਿਲਚਸਪ ਨਜ਼ਾਰਾ ਇਹ ਸੀ ਕਿ ਤੀਆਂ ਦਾ ਮੇਲਾ ਸਮਾਪਤ ਹੋ ਗਿਆ ਸੀ, ਪਰ ਬੀਬੀਆਂ ਅਖੀਰ ਤੱਕ ਵੀ ਗਿੱਧੇ ਦੇ ਪਿੜ ਵਿੱਚ ਬੋਲੀਆਂ `ਤੇ ਗਿੱਧਾ ਪਾਉਂਦੀਆਂ ਰਹੀਆਂ; ਹਾਲਾਂਕਿ ਬੈਂਕੁਇਟ ਹਾਲ ਦੇ ਮੁਲਾਜ਼ਮ ਕਾਰਿੰਦੇ ਖਾਲੀ ਹੋਈਆਂ ਕੁਰਸੀਆਂ ਅਤੇ ਸਟੇਜ `ਤੇ ਲੱਗੇ ਬੈਨਰ ਤੇ ਹੋਰ ਸਜਾਵਟ ਵਾਲਾ ਸਮਾਨ ਇਕੱਠਾ ਕਰਨ ਲੱਗ ਪਏ ਸਨ।

ਇਹ ਮੇਲਾ ਸਿਰਫ ਬੀਬੀਆਂ ਲਈ ਸੀ, ਇਸ ਕਰ ਕੇ ਉਹ ਖੁੱਲ੍ਹ ਕੇ ਨੱਚੀਆਂ, ਟੱਪੀਆਂ ਅਤੇ ਗਾਉਣ, ਖਾਸ ਕਰ ਬੋਲੀਆਂ ਪਾਉਣ ਦਾ ਚਾਅ ਬੇਝਿਜਕ ਪੂਰਾ ਕੀਤਾ। ਪਹਿਲਾਂ ਕੁਝ ਕੁਝ ਝਿਜਕਦੀਆਂ ਰਹੀਆਂ, ਪਰ ਫੇਰ ਨੱਚ ਨੱਚ ਖੂਬ ਰੌਣਕ ਲਾਈ। ਬੀਬੀਆਂ ਨੇ ਸਿਰ `ਤੇ ਰੱਖ ਜਾਗੋ ਵੀ ਕੱਢੀ। ਸ਼ਿੰਗਾਰਿਆ ਖਾਲੀ ਛੱਜ ਛੱਟਿਆ, ਪੱਖੀਆਂ ਦੀ ਝੱਲ ਮਾਰੀ, ਗੜਵੀ ਤੇ ਬਾਲਟੀਆਂ ਚੁੱਕੀਆਂ, ਕਿੱਕਲੀ ਪਾਈ ਤੇ ਘੁੰਗਰੂਆਂ ਵਾਲਾ ਖੁੰਡਾ ਖੜਕਾਇਆ। ਗਿੱਧੇ ਨੂੰ ਲੋਹੜਾ ਆਇਆ ਪਿਆ ਸੀ ਤੇ ਕਿੱਕਲੀ ਜ਼ੋਰ ਵਿਖਾ ਰਹੀ ਸੀ।
ਪ੍ਰਬੰਧਕ ਬੀਬੀਆਂ ਵੱਲੋਂ ਸਟੇਜ ਨੂੰ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ। ਮੇਲੇ ਵਿੱਚ ਪਹੁੰਚੀਆਂ ਸਭ ਜਣੀਆਂ ਪੂਰੇ ਹਾਰ-ਸ਼ਿੰਗਾਰ ਲਾ ਕੇ ਤੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਹੋਈਆਂ ਸਨ। ਰੰਗ-ਬਰੰਗੇ ਸੂਟਾਂ, ਲਹਿੰਗਿਆਂ, ਸ਼ਰਾਰਿਆਂ, ਫੁਲਕਾਰੀਆਂ, ਚੁੰਨੀਆਂ ਤੇ ਹੋਰ ਨਵੇਂ-ਨਵੇਂ ਫੈਸ਼ਨਾਂ ਵਾਲੇ ਪੰਜਾਬੀ ਪਹਿਰਾਵਿਆਂ ਕਾਰਨ ਹਾਲ ਅੰਦਰ ਹੀ ਸਤਰੰਗੀ ਪੀਂਘ ਪਈ ਹੋਈ ਸੀ। ਉਂਜ ਨਾ ਕੋਈ ਪਿੱਪਲ ਸੀ, ਨਾ ਬਰੋਟੇ ਤੇ ਨਾ ਹੀ ਨਿੰਮਾਂ ਸਨ; ਪਰ ਇੱਕ ਝੂਲੇ ਨੂੰ ਹੀ ਪੀਂਘ ਜਾਣ ਬੀਬੀਆਂ/ਕੁੜੀਆਂ ਨਾਲੇ ਉਹਦੇ `ਤੇ ਬੈਠ ਝੂਟ ਰਹੀਆਂ ਸਨ ਅਤੇ ਨਾਲ ਹੀ ਵੱਖ ਵੱਖ ਪੋਜ਼ ਬਣਾ ਤਸਵੀਰਾਂ ਖਿੱਚਵਾ ਰਹੀਆਂ ਸਨ।
ਮੇਲੇ ਦੌਰਾਨ ਮਨੋਰੰਜਨ ਲਈ ਢੋਲ ਦੀ ਥਾਪ `ਤੇ ਬੋਲੀਆਂ ਤੇ ਗੀਤ ਸਨ; ‘ਮੁਟਿਆਰਾਂ ਸਾਊਥ-ਵੈਸਟ ਦੀਆਂ’ ਟੀਮ ਦਾ ਧਮੱਚੜ ਪਾਉਂਦਾ ਗਿੱਧਾ ਸੀ ਤੇ ‘ਮਜਾਜਣਾਂ ਸ਼ਿਕਾਗੋ ਦੀਆਂ’ ਤੇ ਸਵਾਤੀ ਵੱਲੋਂ ਡਾਂਸ ਦੀਆਂ ਪੇਸ਼ਕਾਰੀਆਂ ਸਨ। ਇੱਕ ਗਿੱਧਾ ਟੀਮ ਨੇ ਰਿਕਾਰਡ ਬੋਲੀਆਂ ਉਤੇ ਗਿੱਧਾ ਪੇਸ਼ ਕਰ ਕੇ ਬੁੱਤਾ ਸਾਰ ਲਿਆ, ਉਂਜ ਗਿੱਧਾ ਪਾਇਆ ਖੂਬ। ਮੇਲੇ ਦਾ ਵਿਸ਼ੇਸ਼ ਆਕਰਸ਼ਣ ‘ਸ਼ੌਂਕਣ ਮੇਲੇ ਦੀ’ ਸੀ, ਜਿਸ ਵਿੱਚ ਕਈ ਬੀਬੀਆਂ ਨੇ ਹਿੱਸਾ ਲਿਆ। ਰੂਪਇੰਦਰ ਕੌਰ ਢੀਂਡਸਾ ‘ਸ਼ੌਂਕਣ ਮੇਲੇ ਦੀ’ ਜੇਤੂ ਐਲਾਨੀ ਗਈ। ਉਸ ਦਾ ਉਚੇਚਾ ਸਨਮਾਨ ਕੀਤਾ ਗਿਆ। ਲਾਡੀ ਕੇ. ਸਿੰਘ, ਰਾਜ ਧਾਲੀਵਾਲ ਤੇ ਸੁਖਵੀਰ ਕੌਰ ਢਿੱਲੋਂ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ‘ਸ਼ੋਅ ਆਫ ਟੈਲੇਂਟ ਸ਼ਿਕਾਗੋ’ ਦੌਰਾਨ ਵੀ ਕਈ ਜਣੀਆਂ ਪਿੱਛੇ ਨਾ ਰਹੀਆਂ ਤੇ ਆਪਣੇ ਟੈਲੇਂਟ ਦਾ ਜ਼ਾਹਰਾ ਤੌਰ `ਤੇ ਇਜ਼ਹਾਰ ਕੀਤਾ। ਬੀਬੀਆਂ ਦੀ ‘ਸਪੂਨ ਰੇਸ’ ਵੀ ਹੋਈ, ਜਿਸ ਵਿੱਚ ਰਾਜਵਿੰਦਰ ਕੌਰ ਜੇਤੂ ਰਹੀ। ਬੀਬੀਆਂ ਨੂੰ ਦਿਲਚਸਪ ਖੇਡਾਂ ਵੀ ਖਿਡਾਈਆਂ ਗਈਆਂ। ਹਾਲ ਦੇ ਅੰਦਰ ਖਰੀਦੋ-ਫਰੋਖਤ ਦੇ ਕਈ ਸਟਾਲ ਲੱਗੇ ਹੋਏ ਸਨ। ਤਰ੍ਹਾਂ ਤਰ੍ਹਾਂ ਦੇ ਬਨਾਉਟੀ ਗਹਿਣੇ, ਸਾਦੀਆਂ ਤੇ ਤਿੱਲੇ ਦੀ ਕਢਾਈ ਵਾਲੀਆਂ ਜੁੱਤੀਆਂ, ਮਹਿੰਗੇ-ਸਸਤੇ ਸੂਟਾਂ ਤੇ ਹੋਰ ਪਹਿਰਾਵਿਆਂ ਅਤੇ ਕਈ ਕਿਸਮ ਦੀ ਸਾਜ-ਸਜਾਵਟ ਵਾਲੇ ਸਮਾਨ ਦੇ ਸਟਾਲ ਸਨ। ਹੱਥਾਂ `ਤੇ ਮਹਿੰਦੀ ਲੁਆ ਕੇ ਬੀਬੀਆਂ ਖੁਸ਼ ਸਨ।
ਪ੍ਰੋਗਰਾਮ ਦਾ ਮੰਚ ਸੰਚਾਲਨ ਜਯੋਤੀ ਸ਼ਰਮਾ ਨੇ ਬਾਖੂਬੀ ਕੀਤਾ। ਉਸ ਨੇ ਗੀਤ ਗਾਏ, ਬੋਲੀਆਂ ਪਾਈਆਂ ਅਤੇ ਸ਼ੇਅਰੋ-ਸ਼ਾਇਰੀ ਤੇ ਫਿਲਮੀ ਸੰਵਾਦਾਂ ਰਾਹੀਂ ਤੀਆਂ ਮਨਾਉਣ ਜੁੜੀਆਂ ਪੰਜਾਬਣਾਂ ਦਾ ਧਿਆਨ ਖਿੱਚਿਆ। ਆਪਣੀ ਕਲਾ ਦੇ ਪ੍ਰਦਰਸ਼ਨ ਨਾਲ ਉਸ ਨੇ ਤੀਆਂ ਦੇ ਮੇਲੇ ਨੂੰ ਰੰਗਾਰੰਗ ਬਣਾਈ ਰੱਖਿਆ। ਜ਼ਿਕਰਯੋਗ ਹੈ ਕਿ ਜਯੋਤੀ ਸ਼ਰਮਾ ਪਹਿਲਾਂ ਫਿਲਮਾਂ/ਨਾਟਕਾਂ ਵਿੱਚ ਕੰਮ ਕਰਦੀ ਰਹੀ ਹੈ ਅਤੇ ਉਸ ਨੂੰ ਗਾਉਣ ਦਾ ਵੀ ਸ਼ੌਕ ਹੈ। ਮਿਲਵਾਕੀ ਤੋਂ ਆਈ ਗਾਇਕਾ ਪੂਜਾ ਧਾਲੀਵਾਲ ਨੇ ਆਪਣੇ ਗੀਤਾਂ ਰਾਹੀਂ ਬੀਬੀਆਂ ਦਾ ਮਨੋਰੰਜਨ ਕੀਤਾ।
ਇਸ ਵਾਰ ਦੇ ਤੀਆਂ ਦੇ ਮੇਲੇ ਦੀ ਖਾਸੀਅਤ ਇਹ ਰਹੀ ਕਿ ਜਵਾਨ-ਜਹਾਨ ਤਾਂ ਅੱਥਰੀਆਂ ਫਿਰਦੀਆਂ ਹੀ ਸਨ, ਸਗੋਂ ਬਜ਼ੁਰਗ ਬੀਬੀਆਂ ਨੇ ਵੀ ਬੋਲੀਆਂ ਚੜ੍ਹਦੀ ਵਰੇਸ ਵਾਲੀਆਂ ਪਾ ਕੇ ਚਿੱਤ ਰਾਜੀ ਕੀਤਾ। ਇੱਕ ਬੇਬੇ ਨੇ ਬੋਲੀ ਚੁੱਕੀ:
ਊਠਾਂ ਵਾਲਿਓ ਵੇ ਊਠ ਲੱਦੇ ਨੇ ਤਿਲਾਂ ਦੇ
ਮੰਨਣੀ ਨਹੀਂ ਤੇਰੀ, ਸੌਦੇ ਹੋਣਗੇ ਦਿਲਾਂ ਦੇ।
ਫਿਰ ਉਹਨੇ ਗਿੱਧੇ `ਚ ਗੇੜਾ ਦਿੱਤਾ ਅਤੇ ਨਾਲ ਦੀਆਂ ਵੀ ਝੁਰਮਟ ਪਾ ਨੱਚਣ ਲੱਗੀਆਂ। ਬੋਲੀਆਂ ਸੁਣ ਕੇ ਇੱਕ ਬੇਬੇ ਬੋਲੀ, ‘ਬਈ ਇੱਕ ਤੋਂ ਇੱਕ ਵੱਧ ਐ।’ ਨਾਲ ਹੀ ਮੰਚ ਸੰਚਾਲਕਾ ਹੱਲਾਸ਼ੇਰੀ ਦਿੰਦੀ ਰਹੀ, ‘ਜਿਨ੍ਹਾਂ ਨੇ ਬੋਲੀ ਨਹੀਂ ਪਾਈ, ਛੇਤੀ ਛੇਤੀ ਪਾ ਲਓ… ਚੱਕ ਦਿਓ ਫੱਟੇ…।’ ਇਸੇ ਦੌਰਾਨ ਇੱਕ ਹੋਰ ਬੇਬੇ ਨੇ ਬੋਲੀ ਚੁੱਕ ਲਈ:
ਓ ਵੇਖੋ ਸਈਓ ਮੇਰੀ ਮਾਂ ਬੋਲੀ ਆਉਂਦੀ ਐ
ਹੱਥਾਂ ਵਿੱਚ ਲੱਡੂ, ਪਿੱਛੇ ਨੂੰਹਾਂ ਲਈ ਆਉਂਦੀ ਐ।
ਫਿਰ ਇੱਕ ਹੋਰ ਬੇਬੇ ਨੇ ਆਪਣਾਂ ਨਾਂ ਦੱਸਦਿਆਂ ਬੋਲੀ ਪਾਈ, ‘ਹਰੀ ਚੌਂਕੀ, ਪੀਲੀ ਚੌਂਕੀ; ਮੇਰੇ ਬਾਪ ਦਾ ਜਵਾਈ ਬੜਾ ਸ਼ੌਂਕੀ।’ ਇੰਨੇ ਨੂੰ ਇੱਕ ਹੋਰ ਬੀਬੀ ਨੇ ਬਾਹਾਂ ਉਤਾਂਹ ਕਰਦਿਆਂ ‘ਕਦੇ ਹੂੰ ਕਰ ਕੇ, ਕਦੇ ਹਾਂ ਕਰ ਕੇ, ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂਹ ਕਰ ਕੇ’ ਬੋਲੀ ਪਾਈ ਤਾਂ ਸਭ ਬਾਂਹਾਂ ਚੁੱਕ ਚੁੱਕ ਨੱਚਣ ਲੱਗ ਪਈਆਂ। ਬੇਬੇਆਂ ਨੂੰ ਆਪਣੀ ਢਲਦੀ ਉਮਰ ਭੁੱਲ ਗਈ ਲੱਗਦੀ ਸੀ। ਅਸਲ ਵਿੱਚ ਜਦੋਂ ਦਿਲ ਵਿੱਚ ਚਾਅ ਤੇ ਉਮੰਗਾਂ ਹੋਣ ਤਾਂ ਸੁਭਾਅ ਵਿੱਚੋਂ ਖੇੜਾ ਝਲਕ ਆਉਣਾ ਸੁਭਾਵਿਕ ਹੈ। ਇੱਕ ਬੋਲੀ ਸੀ, ‘ਵੇ ਕਬੂਤਰ ਬਣ ਕੇ ਕੋਠੇ ਆ…।’
‘ਜੁਗਨੀ’, ‘ਮਜਾਜਣ’, ‘ਪੰਜਾਬਣ’, ‘ਸੋਹਣੀ ਕੁੜੀ’, ਸ਼ੌਕੀਨਣ’, ‘ਮੇਲਾ ਤੀਆਂ ਦਾ’ ਆਦਿ ਨਾਵਾਂ ਵਾਲੀਆਂ ਤਖਤੀਆਂ ਫੜ ਫੜ ਬੱਚੀਆਂ, ਤ੍ਰੀਮਤਾਂ ਤੇ ਬਜ਼ੁਰਗ ਬੀਬੀਆਂ ਵੱਲੋਂ ਫੋਟੋਆਂ ਖਿਚਵਾਉਣ ਵਾਲਾ ਦ੍ਰਿਸ਼ ਵੀ ਦਿਲਚਸਪ ਸੀ। ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਬੱਚੀਆਂ ਬਹੁਤ ਪਿਆਰੀਆਂ ਲੱਗ ਰਹੀਆਂ ਸਨ। ‘ਸਵੇਰਾ–ਵੂਮਨ ਈਰਾ’ ਦੀ ਟੀਮ ਵੀ ਮੇਲੇ ਵਿੱਚ ਪਹੁੰਚੀ ਹੋਈ ਸੀ। ਜ਼ਿਕਰਯੋਗ ਹੈ ਕਿ ਇਹ ਸੰਸਥਾ ਵੀ ਰਲ-ਮਿਲ ਕੇ ਤੀਆਂ ਮਨਾਉਣ ਦਾ ਬੰਨ-ਸੁੱਬ ਕਰਦੀ ਹੈ।
ਇਸ ਮੌਕੇ ‘ਤੀਆਂ ਦੇ ਮੇਲੇ’ ਦੀਆਂ ਪ੍ਰਬੰਧਕ ਬੀਬੀਆਂ ਨੇ ਦੱਸਿਆ ਕਿ ਹਰ ਸਾਲ ਇਹ ਮੇਲਾ ਕਰਵਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਸੱਭਿਆਚਾਰ ਵਿੱਚ ਤੀਆਂ ਦੀ ਆਪਣੀ ਅਹਿਮੀਅਤ ਹੈ ਅਤੇ ਸਾਡੀ ਸੰਸਥਾ ਸ਼ਿਕਾਗੋਲੈਂਡ ਵਿੱਚ ਪੰਜਾਬਣਾਂ ਨੂੰ ਪੰਜਾਬ ਦੇ ਸੱਭਿਆਚਾਰ ਦੀ ਯਾਦ ਤਾਜ਼ਾ ਰੱਖਣ ਅਤੇ ਮਨੋਰੰਜਨ ਪ੍ਰਦਾਨ ਕਰਨ ਵਿੱਚ ਸਰਗਰਮ ਹੈ। ਮੇਲੇ ਲਈ ਦਾਖਲਾ ਟਿਕਟ ਰੱਖੀ ਗਈ ਸੀ, ਪਰ ਖਾਣਾ ਨਾਲ ਪਰੋਸਿਆ ਗਿਆ। ‘ਤੀਆਂ ਦਾ ਮੇਲਾ’ ਐਲਮਹਰਸਟ ਦੇ ਵਾਟਰਫੋਰਡ ਬੈਂਕੁਇਟ ਵਿੱਚ ਜੁੜਿਆ, ਜਦਕਿ ਬੰਦਿਆਂ ਦੇ ਖਾਣ-ਪੀਣ ਦਾ ਪ੍ਰਬੰਧ ਮਹਾਰਾਜ ਰੈਸਤਰਾਂ ਵਿੱਚ ਸੀ। ਜੇ ਇੱਕ ਪਾਸੇ ਤੀਆਂ ਵਿੱਚ ਬੋਲੀਆਂ ਪੈ ਰਹੀਆਂ ਸਨ ਤਾਂ ਦੂਜੇ ਪਾਸੇ ਬੋਲੇ ਗੂੰਜ ਰਹੇ ਸਨ; ਜੇ ਇੱਕ ਪਾਸੇ ਗਿੱਧੇ ਦੀ ਧਮਾਲ ਸੀ ਤਾਂ ਦੂਜੇ ਪਾਸੇ ਗੱਲਾਂ-ਬਾਤਾਂ ਤੇ ਹਵਾ-ਪਿਆਜ਼ੀ ਮਾਹੌਲ ਸੀ। ਭਾਂਤ-ਸੁਭਾਂਤੇ ‘ਸ਼ਕਤੀ ਵਾਟਰ’ ਦੀ ਮਹਿਕ/ਮੁਸ਼ਕ ਕਾਰਨ ਉਥੇ ਪਹੁੰਚੇ ਕੁਝ ਸੋਫੀ ਸੱਜਣਾਂ ਵਿੱਚੋਂ ਇੱਕ ਦੀ ਟਿੱਪਣੀ ਸੀ, ‘ਇੰਜ ਲੱਗਦਾ ਜਿਵੇਂ ਸ਼ਰਾਬ ਦੇ `ਹਾਤੇ ਵਿੱਚ ਬੈਠੇ ਹੋਈਏ!’
ਇਸ ਮੌਕੇ ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ ਦੇ ਗੁਲਜ਼ਾਰ ਸਿੰਘ ਮੁਲਤਾਨੀ ਨੇ ਸਾਰੇ ਮਹਿਮਾਨਾਂ ਤੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਛੋਟੇ ਹੁੰਦਿਆਂ ਪੀਂਘ ਝੂਟਣ ਦਾ ਕਿੱਸਾ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਸੱਭਿਆਚਾਰਕ ਨਜ਼ਰੀਏ ਤੋਂ ‘ਤੀਆਂ ਤੀਜ ਦੀਆਂ’ ਦੀ ਮਹੱਤਤਾ ਦੱਸਦਿਆਂ ਸੰਸਥਾ ਵੱਲੋਂ ਇਹ ਮੇਲਾ ਕਰਵਾਏ ਜਾਣ `ਤੇ ਚਾਣਨਾ ਪਾਇਆ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਦੇ ‘ਤੀਆਂ ਦੇ ਮੇਲੇ’ ਲਈ ਕੋਈ ਦਾਖਲਾ ਟਿਕਟ ਨਹੀਂ ਹੋਵੇਗੀ ਅਤੇ ਸਭ ਬੀਬੀਆਂ ਨੂੰ ਤੀਆਂ ਦੇ ਮੇਲੇ ਲਈ ਖੁੱਲ੍ਹਾ ਸੱਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਪੂਰੀ ਪੀ.ਏ.ਓ. ਟੀਮ ਵੱਲੋਂ ਲਿਆ ਗਿਆ ਹੈ।
ਮੇਲਾ ਸਮਾਪਤ ਹੋਣ ਤੱਕ ਮਰਦ ਵੀ ਬੈਂਕੁਇਟ ਹਾਲ ਪਹੁੰਚ ਗਏ ਸਨ ਅਤੇ ਨਾਲ ਹੀ ਖਾਸ ਮਹਿਮਾਨ ਤੇ ਹੋਰ ਸਪਾਂਸਰ ਵੀ। ਕਾਰੋਬਾਰੀ ਸ. ਦਰਸ਼ਨ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਭਰਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਬਤੌਰ ਮੁੱਖ ਮਹਿਮਾਨ ਪਹੁੰਚੇ। ਗਰੈਂਡ ਸਪਾਂਸਰ ਜੋਡੀ ਤੇ ਮੈਕ ਭਮਰਾ ਅਤੇ ਜੇ.ਪੀ. ਖਹਿਰਾ ਸਨ। ਤੀਆਂ ਦਾ ਮੇਲਾ ਸੰਪਨ ਹੋਣ `ਤੇ ਸ. ਧਾਲੀਵਾਲ ਵੱਲੋਂ ਮੁੱਖ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ। ਸਪਾਂਸਰ ਬੀਬੀਆਂ ਦਾ ਪਲੇਕਾਂ ਅਤੇ ਫੁਲਕਾਰੀਆਂ ਦੇ ਕੇ ਸਨਮਾਨ ਕੀਤਾ ਗਿਆ।
ਸੰਸਥਾ ਦੀ ਬੀਬੀਆਂ ਦੀ ਟੀਮ ਵਿੱਚ ਮਿੰਨੀ ਮੁਲਤਾਨੀ, ਨੈਨਾ ਸਿੰਘ, ਜਸਮੀਤ ਸੂਗਾ, ਰਾਜ ਮਾਗੋ, ਜੋਤੀ ਖਹਿਰਾ, ਕਮਲ ਹੁੰਜਣ, ਪੰਮੀ ਸੰਘਾ, ਨੇਹਾ ਵਾਲੀਆ, ਜੀਵਨ ਧਾਮੀ, ਪਿੰਕੀ ਵਾਲੀਆ, ਪ੍ਰਭ ਖਹਿਰਾ, ਸੁੱਖੀ ਸਿੰਘ, ਜੌਲੀ ਡੰਡੋਨਾ, ਸ਼ਾਲੂ ਛਾਬੜਾ, ਗੁਰਪ੍ਰੀਤ ਕੇ. ਸਿੰਘ, ਰੋਜ਼ੀ ਰੇਹਲ, ਸ਼ੀਤਲ ਕਾਲੜਾ ਤੇ ਹੋਰ ਸ਼ਾਮਲ ਸਨ, ਜਿਨ੍ਹਾਂ ਨੇ ‘ਤੀਆਂ ਦਾ ਮੇਲਾ’ ਕਰਵਾਉਣ ਲਈ ਪ੍ਰਬੰਧਾਂ ਵਿੱਚ ਹੱਥ ਵਟਾਇਆ। ਇਸ ਤੋਂ ਇਲਾਵਾ ਪੀ.ਏ.ਓ. ਦੇ ਬੋਰਡ ਮੈਂਬਰਾਂ- ਗੁਲਜ਼ਾਰ ਸਿੰਘ ਮੁਲਤਾਨੀ, ਜਸਬੀਰ ਸੂਗਾ, ਪਾਲ ਡੰਡੋਨਾ, ਸੁਖਵਿੰਦਰ ਹੁੰਜਣ, ਜਗਮੀਤ ਸਿੰਘ, ਡਾ. ਹਰਜਿੰਦਰ ਖਹਿਰਾ, ਸਵੀ ਅਟੱਲ, ਦਵਿੰਦਰ ਸਿੰਘ ਤੇ ਹੋਰਨਾਂ ਨੇ ਮੇਲੇ ਲਈ ਜ਼ਰੂਰੀ ਪ੍ਰਬੰਧ ਕਰਨ ਅਤੇ ਫੰਡ ਇਕੱਤਰ ਕਰਨ ਵਿੱਚ ਯੋਗਦਾਨ ਪਾਇਆ।

Leave a Reply

Your email address will not be published. Required fields are marked *