ਕੁੱਝ ਰੁੱਖ ਲਗਦੇ ਮਾਵਾਂ… ਜਿਉਣ ਰੁੱਖਾਂ ਦੀਆਂ ਛਾਵਾਂ

ਆਮ-ਖਾਸ

ਤਰਲੋਚਨ ਸਿੰਘ ਭੱਟੀ
ਫੋਨ: +91-9876502607
ਪੰਜਾਬ, 50362 ਵਰਗ ਕਿਲੋਮੀਟਰ ਦੇ ਭੂਗੋਲਿਕ ਖੇਤਰ ਵਾਲਾ ਭਾਰਤ ਦੇ ਛੋਟੇ ਰਾਜਾਂ ਵਿੱਚੋਂ ਇੱਕ ਹੈ ਅਤੇ 23 ਜਿਲ੍ਹੇ 12,858 ਪਿੰਡ, 234 ਸ਼ਹਿਰੀ/ ਕਸਬਿਆਂ ਵਾਲਾ ਰਾਜ ਹੈ, ਜਿਸ ਵਿੱਚ ਜੰਗਲਾਂ ਅਧੀਨ ਕਾਨੂੰਨੀ ਤੌਰ `ਤੇ 3058 ਵਰਗ ਕਿਲੋਮੀਟਰ ਜਾਂ ਕੁੱਲ ਭੂਗੋਲਿਕ ਖੇਤਰ ਦਾ ਲਗਭਗ 6.1% ਜੰਗਲਾਤ ਹੈ। ਇਸ ਵਿੱਚ ਲਗਭਗ ਅੱਧੇ ਜੰਗਲੀ ਖੇਤ ਰਾਖਵੇਂ ਸੁਰੱਖਿਅਤ ਜੰਗਲ ਵਜੋਂ ਸੂਚੀਬੱਧ ਹਨ।

ਮੁੱਖ ਤੌਰ `ਤੇ ਪੰਜਾਬ ਵਿੱਚ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ (ਪੰਜਾਬ ਸਰਕਾਰ) ਪੰਜਾਬ ਵਿੱਚ ਰੁੱਖ ਲਗਾਉਣ ਜੰਗਲਾਂ ਅਤੇ ਜੰਗਲੀ ਜੀਵ ਸੁਰੱਖਿਆ ਲਈ ਜ਼ਿੰਮੇਵਾਰ ਹੈ। ਇਸ ਦੇ ਦੋ ਵਿੰਗ– ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਹਨ। ਜਿੱਥੋਂ ਤੱਕ ਜੰਗਲਾਂ ਦਾ ਸਬੰਧ ਹੈ, ਜੰਗਲਾਤ ਵਿੰਗ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ 1900 ਨੂੰ ਲਾਗੂ ਕਰਕੇ ਪੰਜਾਬ ਰਾਜ ਵਿੱਚ ਪੰਜਾਬ ਵਿੱਚ ਜੰਗਲੀ ਖੇਤਰਾਂ ਦੀ ਸੁਰੱਖਿਆ ਲਈ ਜਿੰLਮੇਵਾਰ ਹੈ- ਇੰਡੀਅਨ ਫਾਰੈਸਟ ਐਕਟ 1927, ਜੰਗਲਾਤ ਸੰਭਾਲ ਐਕਟ 1980; ਹੋਰ ਐਕਟਾਂ ਅਤੇ ਨਿਯਮਾਂ ਨੂੰ ਲਾਗੂ ਕਰਨਾ ਜੰਗਲਾਤ ਵਿੰਗ ਦੇ ਅਧੀਨ ਹੈ।
ਸੂਚੀਬੱਧ ਰਾਖਵੇਂ ਸੁਰੱਖਿਅਤ ਜੰਗਲ ਤੋਂ ਇਲਾਵਾ ਬਾਕੀ ਬਚੇ ਜੰਗਲਾਤ ਦਾ ਪ੍ਰਬੰਧਨ ਪੰਜਾਬ ਭੂਮੀ ਸੁਰੱਖਿਆ ਐਕਟ 1900 ਅਧੀਨ ਕੀਤਾ ਜਾਂਦਾ ਹੈ। ਜੰਗਲੀ ਜੀਵ ਵਿੰਗ ਜੰਗਲੀ ਜੀਵ ਦੀ ਸੁਰੱਖਿਆ, ਸੰਭਾਲ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ। ਸਰੱਖਿਆ ਕਾਰਜਾਂ ਵਿੱਚ ਜੰਗਲੀ ਜੀਵ ਅਪਰਾਧਾਂ ਦਾ ਪਤਾ ਲਗਾਉਣਾ, ਅਦਾਲਤਾਂ ਵਿੱਚ ਉਨ੍ਹਾਂ ਦੇ ਮੁੱਕਦਮੇ ਚਲਾਉਣਾ ਅਤੇ ਜੰਗਲੀ ਜੀਵ (ਸੁਰੱਖਿਆ ਐਕਟ 1972) ਨੂੰ ਲਾਗੂ ਕਰਨਾ ਸ਼ਾਮਲ ਹੈ। ਜੰਗਲੀ ਜੀਵ ਸੁਰੱਖਿਆ ਦੇ ਨਾਲ ਨਾਲ ਜੀਵਾਂ ਦੇ ਕੁਦਰਤੀ ਨਿਵਾਸ ਅਸਥਾਨਾਂ ਚਿੜੀਆਂ ਘਰਾਂ ਅਤੇ ਮਿੰਨੀ ਚਿੜੀਆਂ ਘਰਾਂ ਦਾ ਪ੍ਰਬੰਧਨ ਦੇ ਨਾਲ ਨਾਲ ਪੰਛੀਆਂ ਅਤੇ ਜਾਨਵਰਾਂ ਦੀਆਂ ਦੁਰਲਭ ਅਤੇ ਕਤਰੇ ਵਾਲੀਆਂ ਕਿਸਮਾਂ ਦੀ ਸੁਰੱਖਿਆ ਵੀ ਸ਼ਾਮਲ ਹੈ। ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਪੰਜਾਬ ਵਿੱਚ ਰੁੱਖ ਲਗਾਉਣ ਲਈ ਸਿਹਤਮੰਦ ਅਤੇ ਚੰਗੀ ਕਿਸਮਾਂ ਦੇ ਰੁੱਖ ਲਗਾਉਣ ਲਈ ਆਮ ਲੋਕਾਂ ਅਤੇ ਸੰਸਥਾਵਾਂ ਨੂੰ ਵਾਜਬ ਕੀਮਤਾਂ `ਤੇ ਆਪਣੀਆਂ ਨਰਸਰੀਆਂ/ਬੂਟੇ ਉਪਲਬੱਧ ਕਰਵਾਉਣਾ ਹੈ। ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਬਾਰੇ ਵੇਰਵਾ ਦੇਣ ਤੋਂ ਸਾਡਾ ਮਕਸਦ ਇਸ ਵਿਭਾਗ (ਪੰਜਾਬ ਸਰਕਾਰ) ਦੀ ਜ਼ਿੰਮੇਵਾਰੀਆਂ ਬਾਰੇ, ਪੰਜਾਬ ਵਿੱਚ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੁਕ ਕਰਨਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਸੰਵਿਧਾਨ ਦੇ ਭਾਗ 4 (ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ) ਦੇ ਆਰਟੀਕਲ 48 (ੳ) ਰਾਹੀਂ ਵਿਵਸਥਾ ਕੀਤੀ ਗਈ ਹੈ ਕਿ ਰਾਜ, ਦੇਸ਼ ਦੇ ਵਾਤਾਵਰਣ ਦੀ ਹਿਫ਼ਾਜ਼ਤ, ਬੇਹਤਰੀ, ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸਰੁੱਖਿਆ ਲਈ ਉੱਦਮ ਕਰੇਗਾ। ਇਸ ਤਰ੍ਹਾਂ ਸੰਵਿਧਾਨ ਦੇ ਭਾਗ ਚਾਰ (ੳ) (ਮੂਲ ਕਰਤਵਾਂ) ਆਰਟੀਕਲ ਨੰ. 51 ਰਾਹੀਂ ਭਾਰਤ ਦੇ ਹਰੇਕ ਨਾਗਰਿਕ ਦੀਆਂ ਹੋਰ ਮੁੱਢਲੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਇਹ ਵੀ ਜ਼ਿੰਮੇਵਾਰੀ ਹੈ ਕਿ ਉਹ ਕੁਦਰਤੀ ਵਾਤਾਵਰਣ ਦੀ, ਜਿਸ ਵਿੱਚ ਜੰਗਲ, ਝੀਲਾਂ, ਦਰਿਆਂ ਅਤੇ ਜੰਗਲੀ ਜੀਵਨ ਸ਼ਾਮਲ ਹੈ, ਦੀ ਰੱਖਿਆ ਅਤੇ ਬਿਹਤਰੀ ਕਰਨ ਦੇ ਨਾਲ ਨਾਲ ਜਾਨਦਾਰ ਜੰਤੂਆਂ ਉਤੇ ਦਇਆ ਕਰੇਗਾ। ਸੰਵਿਧਾਨ ਵਿੱਚ ਦਰਸਾਏ ਗਏ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਦਿੱਤੇ ਗਏ ਸੰਵਿਧਾਨਕ ਨਿਰਦੇਸ਼ ਅਤੇ ਭਾਰਤ ਦੇ ਹਰੇਕ ਨਾਗਰਿਕ ਲਈ ਰੁੱਖਾਂ, ਜੰਗਲਾਂ, ਝੀਲਾਂ, ਦਰਿਆਵਾਂ ਆਦਿ ਦੀ ਸੰਭਾਲ ਕਰਨੀ ਸਰਕਾਰਾਂ ਅਤੇ ਨਾਗਰਿਕਾਂ ਦੀਆਂ ਇਖਲਾਕੀ ਜ਼ਿੰਮੇਵਾਰੀਆਂ ਹਨ, ਜਿਨ੍ਹਾਂ ਨੂੰ ਅਦਾਲਤਾਂ ਦੇ ਹੁਕਮਾਂ ਰਾਹੀਂ ਲਾਗੂ ਨਹੀਂ ਕਰਵਾਇਆ ਜਾ ਸਕਦਾ। ਰੁੱਖਾਂ, ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੰਭਾਲ ਲਈ ਸਰਕਾਰਾਂ ਅਤੇ ਲੋਕਾਂ ਨੂੰ ਢੁਕਵੀਂ ਲੋਕ ਰਾਏ ਅਤੇ ਸਮਾਜਿਕ ਦਬਾਅ ਬਣਾ ਕੇ ਪ੍ਰੇਰਤ ਕਰਨ ਦੇ ਨਾਲ ਨਾਲ ਮਜ਼ਬੂਰ ਵੀ ਕੀਤਾ ਜਾ ਸਕਦਾ ਹੈ ਕਿ ਆਪਣੇ ਆਪਣੇ ਖੇਤਰ ਵਿੱਚ ਨਵੇਂ ਰੁੱਖ ਲਗਾਉਣ ਅਤੇ ਲਗਾਏ ਗਏ ਰੁੱਖ, ਵਣਾਂ ਦੀ ਸਾਂਭ-ਸੰਭਾਲ ਜਰੂਰ ਕਰਨਾ।
ਅੰਤਰਰਾਸ਼ਟਰੀ ਪੈਨਲ ਆਨ ਕਲਾਈਮੇਟ ਚੇਂਜ ਦੀ 2018 ਦੀ ਰਿਪੋਰਟ ਅਨੁਸਾਰ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਸਭ ਤੋਂ ਵਧੀਆ ਅਤੇ ਅਸਾਨ ਤਰੀਕਾ ਰੁੱਖ ਲਗਾਉਣਾ ਅਤੇ ਜੰਗਲਾਤ ਖੇਤਰ ਨੂੰ ਵਧਾਉਣਾ ਹੈ। ਨਵੇਂ ਰੁੱਖ ਲਗਾਉਣਾ ਅਤੇ ਪੁਰਾਣੇ ਲੱਗੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਨਾਲ ਜਿੱਥੇ ਲੋਕਾਂ ਨੂੰ ਸਾਫ ਹਵਾ, ਸਾਫ ਪਾਣੀ, ਬੈਠਣ ਲਈ ਛਾਂ, ਗਰਮੀ ਤੋਂ ਰਾਹਤ, ਸਥਿਰ ਜਲਵਾਯੂ, ਜੈਵ ਵਿਭਿੰਨਤਾ, ਸਿਹਤ ਵਧਾਉਣਾ, ਸਥਾਨਕ ਭਾਈਚਾਰਾ ਅਤੇ ਸਕਾਰਾਤਮਕ ਸਮਾਜਿਕ ਪ੍ਰਭਾਵ ਪਾਉਣਾ, ਮਕਾਨ ਉਸਾਰੀ ਲਈ ਸਮਗਰੀ, ਖਾਣਾ ਪਕਾਉਣ ਲਈ ਬਾਲਣ ਆਦਿ ਉਪਲੱਬਧ ਕਰਵਾਉਣਾ ਹੈ।
ਹਰੇਕ ਸਾਲ ਬਰਸਾਤੀ ਮੌਸਮ ਸਮੇਂ (ਜੁਲਾਈ, ਅਗਸਤ, ਸਤੰਬਰ ਦੌਰਾਨ) ਪੰਜਾਬ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ, ਵਿਅਕਤੀਗਤ ਤੌਰ `ਤੇ ਅਤੇ ਸਮੂਹਿਕ ਤੌਰ `ਤੇ ਵਣ ਉਤਸਵ ਮਨਾਉਂਦੇ ਹੋਏ ਬੂਟੇ ਇਸ ਆਸ ਅਤੇ ਮਕਸਦ ਨਾਲ ਲਗਾਏ ਜਾਂਦੇ ਹਨ ਕਿ ਇਹ ਬੂਟੇ ਵੱਡੇ ਹੋ ਕੇ ਰੁੱਖ ਬਨਣਗੇ, ਜਿਸ ਦੀ ਛਾਂ ਹੇਠ ਲੋਕ ਆਪਣੇ ਵਿਹਲੇ ਸਮੇਂ ਦੌਰਾਨ ਸੱਥਾਂ ਲਗਾਉਣਗੇ। ਭਾਵੇਂ ਬੂਟੇ ਲਗਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਗਤ ਬੂਟੇ ਲਗਾਉਂਦੇ ਸਮੇਂ ਫੋਟੋ ਸੈਸ਼ਨ ਦੌਰਾਨ ਅੰਕੜੇ ਵੀ ਸਾਂਝੇ ਕਰਦੇ ਹਨ, ਪਰ ਅਫਸੋਸ ਹੈ ਕਿ ਅਜੇ ਤੱਕ ਕੋਈ ਐਸਾ ਵਿਭਾਗ ਜਾਂ ਸੰਸਥਾ ਸਾਡੀ ਨਜ਼ਰ ਨਹੀਂ ਪਈ, ਜਿਸ ਨੇ ਇਹ ਅਧਿਐਨ ਕੀਤਾ ਹੋਵੇ ਕਿ ਕਿਸ ਖੇਤਰ ਵਿੱਚ ਕਿਸੇ ਸੰਸਥਾ ਵਲੋਂ ਜਿਹੜੇ ਜਿਹੜੇ ਬੂਟੇ ਲਗਾਏ ਗਏ ਸਨ ਅਤੇ ਉਨ੍ਹਾਂ ਵਿੱਚੋਂ ਕਿੰਨੇ ਬੂਟੇ ਰੁੱਖ ਬਣ ਗਏ ਹਨ।
ਸਾਲ 2024 ਦੇ ਬਰਸਾਤੀ ਸੀਜ਼ਨ ਦੌਰਾਨ ਵੀ ਬਹੁਤ ਸਾਰੇ ਵਿਭਾਗਾਂ ਅਤੇ ਸੰਸਥਾਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਬੂਟੇ ਲਗਾਉਂਦੇ ਸਮੇਂ ਦੀਆਂ ਤਸਵੀਰਾਂ ਅਤੇ ਅੰਕੜੇ ਜਾਰੀ ਕੀਤੇ ਹਨ। ਮਸਲਨ ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਵੱਲੋਂ 12 ਜੁਲਾਈ 2024 ਨੂੰ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਅਧੀਨ ਆਰਮਡ ਬਟਾਲੀਅਨ, ਰੇਲਵੇ ਪੁਲਿਸ, ਜੇਲ੍ਹ ਵਿਭਾਗ, ਜ਼ਿਲ੍ਹਾ ਪੁਲਿਸ ਸਟੇਸ਼ਨਾਂ ਸਮੇਤ ਸਾਰੀਆਂ ਯੁਨਿਟਾਂ ਵੱਲੋਂ 10,000 ਤੋਂ ਵੱਧ ਰੁੱਖ ਲਗਾ ਕੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪੁਲਿਸ ਵੱਲੋਂ ਲਗਾਏ ਗਏ 10,000 ਬੂਟਿਆਂ ਵਿੱਚੋਂ ਕਿੰਨੇ ਸੁਰਖਿਅਤ ਰਹਿ ਕੇ ਰੁੱਖ ਬਣਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।
ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਪੜਾਅ ਦੌਰਾਨ ਇੱਕ ਲੱਖ ਦੇ ਕਰੀਬ ਬੂਟੇ ਚਾਹਵਾਨ ਲੋਕਾਂ ਨੂੰ ਵੰਡੇ ਗਏ। ਪੰਜਾਬ ਦੇ ਜੰਗਲਾਤ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਵਿਭਾਗ ਵੱਲੋਂ 3 ਕਰੋੜ ਰੁੱਖ ਲਗਾਏ ਜਾ ਰਹੇ ਹਨ। ਭਾਰਤ ਸਰਕਾਰ ਵੱਲੋਂ ਵੀ ਸਾਲ 2016 ਵਿੱਚ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਨਾਗਰਿਕਾਂ ਦੀ ਮਦਦ ਨਾਲ ਇੱਕ ਦਿਨ ਵਿੱਚ 50 ਮਿਲੀਆਨ ਰੁੱਖ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਸਰਕਾਰਾਂ ਦੇ ਦਾਅਵੇ ਸਰਕਾਰਾਂ ਨੂੰ ਮੁਬਾਰਕ। ਰੁੱਖਾਂ ਬਾਰੇ ਪੰਜਾਬੀਆਂ ਵਿੱਚ ਇਹ ਇੱਕ ਪ੍ਰਚਲਤ ਵਿਖਿਆਨ ਹੈ, “ਆਇਆ ਸੌਣ ਦਾ ਮਹੀਨਾ, ਰੁੱਖ ਲਾਉਣ ਦਾ ਮਹੀਨਾ।”
ਉੱਘੇ ਰੁੱਖ ਵਿਗਿਆਨੀ ਡਾ. ਬਲਵਿੰਦਰ ਸਿੰਘ ਲੱਖੇਵਾਲ ਵੱਲੋਂ ਪੰਜਾਬ ਵਿਚਲੇ ਰੁੱਖਾਂ ਦਾ ਵਰਗੀਕਰਨ ਅਤੇ ਯੋਜਨਾਬੰਦੀ ਕੀਤੀ ਗਈ ਹੈ। ਪੰਜਾਬ ਵਿੱਚ ਲੁਪਤ ਹੋ ਰਹੇ ਰੁੱਖਾਂ ਦਾ ਵੇਰਵਾ, ਗੁਰੂ ਗ੍ਰੰਥ ਸਾਹਿਬ ਵਿੱਚ ਰੁੱਖਾਂ ਦਾ ਜ਼ਿਕਰ, ਸੜਕਾਂ ਉਤੇ ਲਗਾਏ ਜਾਣ ਵਾਲੇ ਰੁੱਖਾਂ, ਟਿਊਬਵੈਲਾਂ ਅਤੇ ਖੇਤਾਂ ਵਿਚਾਲੇ ਲਗਾਏ ਜਾਣ ਵਾਲੇ ਰੁੱਖਾਂ, ਫੁਲਾਂ ਵਾਲੇ ਅਤੇ ਸੁੰਦਰ ਦਿਖਣ ਵਾਲੇ ਰੁੱਖਾਂ, ਸੁਗੰਧੀ ਵਾਲੇ ਰੁੱਖਾਂ, ਦਵਾਈਆਂ ਵਿੱਚ ਵਰਤੇ ਜਾਣ ਵਾਲੇ ਰੁੱਖਾਂ ਦੀ ਪਛਾਣ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ ਐਸੀ ਵਿਲੱਖਣ ਜਾਣਕਾਰੀ ਤੋਂ ਫਾਇਦਾ ਲੈਣਾ ਚਾਹੀਦਾ ਹੈ।
ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਰੁੱਖ ਲਗਾਉਣੇ ਜਰੂਰੀ ਹਨ। ਵਿਦੇਸ਼ ਵਿੱਚ ਭਾਈਚਾਰਾ ਪੰਜਾਬ ਰਹਿੰਦੇ ਆਪਣੇ ਪਰਿਵਾਰਾਂ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰ ਸਕਦਾ ਹੈ। ਸ਼ਿਵ ਕੁਮਾਰ ਬਟਾਲਵੀ ਨੇ ਰੁੱਖ ਦੀ ਬੜੀ ਖੂਬਸੁਰਤੀ ਨਾਲ ਵਿਆਖਿਆ ਕੀਤੀ ਹੈ:
ਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁੱਝ ਰੁੱਖ ਲਗਦੇ ਮਾਵਾਂ
ਕੁੱਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁੱਝ ਰੁੱਖ ਵਾਂਗ ਭਰਾਵਾਂ…

ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਉਣ ਰੁੱਖਾਂ ਦੀਆਂ ਛਾਵਾਂ
ਆਓ ! ਫਿਰ ਪੰਜਾਬ ਬਚਾਈਏ, ਰੁੱਖ ਲਗਾਈਏ।

Leave a Reply

Your email address will not be published. Required fields are marked *