ਅੰਬੀਆਂ ਨੂੰ ਬੂਰ ਪੈ ਗਏ…
ਪੰਜਾਬ ਵਿੱਚ ਬਹੁਤ ਸਾਰੇ ਰੁੱਖ ਧਾਰਮਿਕ ਦ੍ਰਿਸ਼ਟੀਕੋਣ ਅਤੇ ਸੱਭਿਆਚਾਰਕ ਵਿਰਸੇ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹਨ ਜਿਵੇਂ ਕਿ ਬੇਰ, ਫਲਾਹੀ, ਕਿੱਕਰ, ਜੰਡ, ਟਾਹਲੀ ਆਦਿ। ਅੰਬ ਅਜਿਹੇ ਰੁੱਖਾਂ ਵਿੱਚੋਂ ਇੱਕ ਹੈ, ਜੋ ਸੱਭਿਆਚਾਰਕ ਵਿਰਸੇ ਨਾਲ ਡੂੰਘੀਆਂ ਜੜ੍ਹਾਂ ਰੱਖਦਾ ਹੈ। ਪਿੰਡਾਂ ਵਿੱਚ ਆਮ ਵੇਖਣ ਨੂੰ ਮਿਲਦਾ ਹੈ ਕਿ ਛੋਟੇ ਬੱਚੇ ਅੰਬਾਂ ਦੇ ਦਰੱਖਤ ਉੱਤੇ ਚੜ੍ਹ ਕੇ ਅੰਬ ਤੋੜਦੇ ਹਨ। ਉਹ ਅੰਬ ਦੇ ਬੀਜ ਤੋਂ ਪੀਪਨੀ ਨਾਂ ਦੀ ਸੀਟੀ ਵੀ ਬਣਾਉਂਦੇ ਹਨ। ਕਈ ਪੁਰਾਣੇ ਪੰਜਾਬੀ ਗੀਤਾਂ ਵਿੱਚ ਅੰਬ ਦਾ ਜ਼ਿਕਰ ਕੀਤਾ ਗਿਆ ਹੈ।
ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519
ਡਾ. ਸ਼ਾਲੂ ਵਿਆਸ ਫੋਨ: +91-9996692444
ਪੰਜਾਬ ਵਿੱਚ ਬਹੁਤ ਸਾਰੇ ਰੁੱਖ ਧਾਰਮਿਕ ਦ੍ਰਿਸ਼ਟੀਕੋਣ ਅਤੇ ਸੱਭਿਆਚਾਰਕ ਵਿਰਸੇ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹਨ ਜਿਵੇਂ ਕਿ ਬੇਰ, ਫਲਾਹੀ, ਕਿੱਕਰ, ਜੰਡ, ਟਾਹਲੀ ਆਦਿ। ਅੰਬ ਅਜਿਹੇ ਰੁੱਖਾਂ ਵਿੱਚੋਂ ਇੱਕ ਹੈ, ਜੋ ਸੱਭਿਆਚਾਰਕ ਵਿਰਸੇ ਨਾਲ ਡੂੰਘੀਆਂ ਜੜ੍ਹਾਂ ਰੱਖਦਾ ਹੈ। ਪਿੰਡਾਂ ਵਿੱਚ ਆਮ ਵੇਖਣ ਨੂੰ ਮਿਲਦਾ ਹੈ ਕਿ ਛੋਟੇ ਬੱਚੇ ਅੰਬਾਂ ਦੇ ਦਰੱਖਤ ਉੱਤੇ ਚੜ੍ਹ ਕੇ ਅੰਬ ਤੋੜਦੇ ਹਨ। ਉਹ ਅੰਬ ਦੇ ਬੀਜ ਤੋਂ ਪੀਪਨੀ ਨਾਂ ਦੀ ਸੀਟੀ ਵੀ ਬਣਾਉਂਦੇ ਹਨ। ਕਈ ਪੁਰਾਣੇ ਪੰਜਾਬੀ ਗੀਤਾਂ ਵਿੱਚ ਅੰਬ ਦਾ ਜ਼ਿਕਰ ਕੀਤਾ ਗਿਆ ਹੈ। 1959 ਦੀ ਪੰਜਾਬੀ ਫਿਲਮ ਭੰਗੜਾ ਵਿੱਚ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੁਆਰਾ ਗਾਏ ਗਏ ਸਦਾਬਹਾਰ ਗਾਣੇ ਸ਼ਾਮਲ ਹਨ ਜਿਵੇਂ ਕਿ “ਰੁਤ ਭੰਗੜਾ ਪਾਉਣ ਦੀ ਆਈ ਕਿ ਅੰਬੀਆਂ ਨੂੰ ਬੂਰ ਪੈ ਗਏ”, “ਅੰਬੀਆਂ ਦੇ ਬੂਟਿਆਂ `ਤੇ ਲੱਗ ਗਿਆ ਬੂਰ ਨੀ… ਰੁਤ ਐ ਮਿਲਾਪਾਂ ਵਾਲੀ, ਚੰਨ ਮੇਰਾ ਦੂਰ ਨੀ।” ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਗੀਤ ਹਨ, ਜਿਨ੍ਹਾਂ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕਾਂ ਨੇ ਅੰਬ ਦਾ ਜ਼ਿਕਰ ਕੀਤਾ ਹੈ, ਜਿਵੇਂ ਕਿ “ਮੁਖੜਾ ਸੰਦੂਰੀ ਅੰਬ ਵਰਗਾ”, “ਅੰਬ ਚੂਪਦੀ ਜਾਂਦੀ ਛਤਰੀ ਦੀ ਛਾਂ ਕਰ ਦੇ” ਆਦਿ।
ਗਰਮੀ ਦੇ ਮੌਸਮ ਵਿੱਚ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਅਤੇ ਅਰਧ-ਸ਼ਹਿਰੀ ਖੇਤਰ ਅੰਬਾਂ ਦੀ ਮਿੱਠੀ ਮਹਿਕ ਨਾਲ ਭਰ ਜਾਂਦੇ ਹਨ। ਫਲਾਂ ਦੀਆਂ ਦੁਕਾਨਾਂ, ਰੇਹੜੀਆਂ ਅਤੇ ਫਲਾਂ ਦੀਆਂ ਮੰਡੀਆਂ ਵਿੱਚ ਹਰ ਥਾਂ ਅੰਬ ਹੀ ਅੰਬ ਨਜ਼ਰ ਆਉਂਦੇ ਹਨ। ਅਜਿਹਾ ਕੋਈ ਘਰ ਨਹੀਂ ਹੋਵੇਗਾ, ਜਿੱਥੇ ਲੋਕ ਰੋਜ਼ਾਨਾ ਅੰਬ ਨਾ ਖਾਂਦੇ ਹੋਣ। ਪੰਜਾਬ ਵਿੱਚ ਪੱਕੇ ਅੰਬਾਂ ਤੋਂ ਇਲਾਵਾ ਖੱਟੇ, ਕੱਚੇ ਅੰਬਾਂ ਦੀ ਵਰਤੋਂ ਅੰਬ ਦੀ ਚਟਨੀ ਲਈ, ਅੰਬ ਦੇ ਅਚਾਰ ਦੇ ਰੂਪ ਵਿੱਚ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ। ਆਮ ਪੰਨਾ ਨਾਮਕ ਗਰਮੀਆਂ ਦਾ ਡਰਿੰਕ ਅੰਬਾਂ ਨਾਲ ਬਣਾਇਆ ਜਾਂਦਾ ਹੈ। ਮੈਂਗੋ ਸ਼ੇਕ, ਸਮੂਦੀਜ਼, ਮੈਂਗੋ ਕੇਕ, ਮੈਂਗੋ ਆਈਸਕ੍ਰੀਮ, ਮੈਂਗੋ ਲੱਸੀ ਆਦਿ ਅੰਬ ਪ੍ਰੇਮੀਆਂ ਦੁਆਰਾ ਪਸੰਦ ਕੀਤੇ ਜਾਂਦੇ ਹਨ ਅਤੇ ਅੰਬ ਮਨਪਸੰਦ ਫਲਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ।
ਅੰਬ ਕੇਵਲ ਪੰਜਾਬ ਦਾ ਹੀ ਪ੍ਰਸਿੱਧ ਫਲ ਨਹੀਂ ਹੈ, ਸਗੋਂ ਇਹ ਪੂਰੇ ਭਾਰਤ ਅਤੇ ਦੁਨੀਆ ਦੇ ਕਈ ਹਿੱਸਿਆਂ ਦਾ ਪ੍ਰਸਿੱਧ ਫਲ ਹੈ, ਜਿਸ ਕਾਰਨ ਇਸ ਨੂੰ ‘ਫਲਾਂ ਦਾ ਰਾਜਾ’ ਦਾ ਖਿਤਾਬ ਦਿੱਤਾ ਗਿਆ ਹੈ। ਇਹ ਭਾਰਤ ਦਾ ਰਾਸ਼ਟਰੀ ਫਲ ਹੈ। 1987 ਵਿੱਚ ਭਾਰਤ ਦੇ ਰਾਸ਼ਟਰੀ ਬਾਗਬਾਨੀ ਬੋਰਡ ਨੇ ਫਲਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਅੰਤਰਰਾਸ਼ਟਰੀ ਅੰਬ ਫੈਸਟੀਵਲ ਆਯੋਜਿਤ ਕਰਨ ਦਾ ਵਿਚਾਰ ਪੇਸ਼ ਕੀਤਾ। ਇਸ ਤਰ੍ਹਾਂ ਅੰਬਾਂ ਲਈ ਇੱਕ ਦਿਨ ਸਮਰਪਿਤ ਕਰਨ ਦਾ ਵਿਚਾਰ ਆਇਆ ਅਤੇ ਬਾਅਦ ਵਿੱਚ ਇਹ ਹਰ ਸਾਲ 22 ਜੁਲਾਈ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਣ ਵਾਲਾ ਸਾਲਾਨਾ ਜਸ਼ਨ ‘ਰਾਸ਼ਟਰੀ ਮੈਂਗੋ ਡੇਅ’ (ਰਾਸ਼ਟਰੀ ਅੰਬ ਦਿਵਸ) ਬਣ ਗਿਆ। ਇਹ ਦਿਵਸ ਅੰਬ ਦੇ ਮਿੱਠੇ ਸੁਆਦਾਂ ਦਾ ਆਨੰਦ ਲੈਣ ਅਤੇ ਵੱਖ-ਵੱਖ ਸਭਿਆਚਾਰਾਂ ਵਿੱਚ ਇਸਦੀ ਮਹੱਤਤਾ ਬਾਰੇ ਜਾਣਨ ਦਾ ਦਿਨ ਹੈ। ਰਾਸ਼ਟਰੀ ਅੰਬ ਦਿਵਸ, ਅੰਬ ਦੇ ਸੱਭਿਆਚਾਰਕ ਮਹੱਤਵ ਅਤੇ ਸਿਹਤ ਲਾਭਾਂ ਬਾਰੇ ਦੱਸਦਾ ਹੈ ਅਤੇ ਲੋਕਾਂ ਨੂੰ ਅੰਬ ਦੀਆਂ ਵੱਖ-ਵੱਖ ਕਿਸਮਾਂ ਅਤੇ ਟਿਕਾਊ ਸਰੋਤਾਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਹ ਦਿਨ ਅੰਬ ਦੀ ਬਹੁਪੱਖੀਅਤਾ ਅਤੇ ਲੋਕਾਂ ਨੂੰ ਇਕੱਠੇ ਲਿਆਉਣ ਦੀ ਸਮਰੱਥਾ ਦੀ ਯਾਦ ਦਿਵਾਉਂਦਾ ਹੈ। ਅੱਜ-ਕੱਲ੍ਹ ਅੰਬਾਂ ਦੀ ਟੋਕਰੀ ਦੇਣਾ ਦੋਸਤੀ ਦਾ ਪ੍ਰਤੀਕ ਬਣ ਗਿਆ ਹੈ।
ਅੰਬ ਦਾ ਵਿਗਿਆਨਕ ਨਾਮ ਮੈਂਗੀਫੇਰਾ ਇੰਡੀਕਾ ਹੈ ਅਤੇ ਇਹ ਐਨਾਕਾਰਡਿਆਸੀ ਪਰਿਵਾਰ ਦਾ ਮੈਂਬਰ ਹੈ। ਵਿਗਿਆਨਕ ਨਾਮ ਦਰਸਾਉਂਦਾ ਹੈ ਕਿ ਇਹ ਭਾਰਤੀ ਮੂਲ ਦਾ ਹੈ। ਅੰਗਰੇਜ਼ੀ ਨਾਮ ਮੈਂਗੋ ਦੀ ਉਤਪੱਤੀ ਮਲਿਆਲਮ ਸ਼ਬਦ ਮੰਨਾ ਤੋਂ ਹੋਈ ਸੀ, ਜੋ ਬਾਅਦ ਵਿੱਚ ਪੁਰਤਗਾਲੀਆ ਦੁਆਰਾ ਮੰਗਾ ਵਿੱਚ ਬਦਲ ਗਿਆ ਅਤੇ ਆਖਰਕਾਰਾਂ ਵਿੱਚ ਇਹ ਸ਼ਬਦ ਮੈਂਗੋ ਬਣ ਗਿਆ। ਭਾਰਤ ਵਿੱਚ ਅੰਬ ਨੂੰ ਪਹਿਲੀ ਵਾਰ ਲਗਭਗ 5000 ਸਾਲ ਪਹਿਲਾਂ ਉਗਾਇਆ ਗਿਆ ਸੀ। ਪੱਛਮੀ ਬੰਗਾਲ ਰਾਜ ਦੇ ਸ਼ਹਿਰ ਮਾਲਦਾ ਨੂੰ ‘ਮੈਂਗੋ ਸਿਟੀ’ ਵਜੋਂ ਜਾਣਿਆ ਜਾਂਦਾ ਹੈ। ਮਾਲਦਾ ਉੱਚ ਗੁਣਵੱਤਾ ਵਾਲੇ ਅੰਬਾਂ ਦੇ ਵਿਸ਼ਾਲ ਉਤਪਾਦਨ ਲਈ ਮਸ਼ਹੂਰ ਹੈ। ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਡਾ ਅੰਬ ਉਤਪਾਦਕ ਰਾਜ ਹੈ। ‘ਅਲਫੋਂਸੋ’ ਅੰਬਾਂ ਦੀ ਸਭ ਤੋਂ ਮਹਿੰਗੀ ਅਤੇ ਵਧੀਆ ਕਿਸਮਾਂ ਵਿੱਚੋਂ ਇੱਕ ਹੈ, ਜੋ ਮੁੱਖ ਤੌਰ `ਤੇ ਭਾਰਤ ਦੇ ਪੱਛਮੀ ਹਿੱਸੇ ਵਿੱਚ ਉਗਾਈ ਜਾਂਦੀ ਹੈ। ਅਲਫੋਂਸੋ ਨੂੰ ਮਹਾਰਾਸ਼ਟਰ ਅਤੇ ਗੁਜਰਾਤ ਰਾਜਾਂ ਵਿੱਚ ਅਕਸਰ ‘ਹਾਪੁਸ’ ਕਿਹਾ ਜਾਂਦਾ ਹੈ। ਦਸਹਿਰੀ ਇੱਕ ਹੋਰ ਮਸ਼ਹੂਰ ਅੰਬ ਦੀ ਕਿਸਮ ਹੈ, ਜੋ 18ਵੀਂ ਸਦੀ ਵਿੱਚ ਲਖਨਊ ਜ਼ਿਲ੍ਹੇ ਦੇ ਇੱਕ ਪਿੰਡ ਦਾਸ਼ਾਰੀ ਵਿੱਚ ਗ੍ਰਾਫਟਿੰਗ ਰਾਹੀਂ ਪੈਦਾ ਹੋਈ ਸੀ। ਇਹ ਉੱਤਰੀ ਭਾਰਤ ਵਿੱਚ ਉਗਾਈ ਜਾਣ ਵਾਲੀ ਅੰਬ ਦੀ ਇੱਕ ਮਿੱਠੀ ਅਤੇ ਸੁਗੰਧਿਤ ਕਿਸਮ ਹੈ। ਉੱਤਰ ਪ੍ਰਦੇਸ਼ ਵਿੱਚ ਮਲੀਹਾਬਾਦ ਇਸ ਕਿਸਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇੱਕ ਹੋਰ ਮਸ਼ਹੂਰ ਕਿਸਮ, ਲੰਗੜਾ ਅੰਬ ਦਾ ਜਨਮ ਲਗਭਗ 250 ਤੋਂ 300 ਸਾਲ ਪਹਿਲਾਂ ਵਾਰਾਣਸੀ ਸ਼ਹਿਰ ਦੇ ਇੱਕ ਸ਼ਿਵ ਮੰਦਰ ਵਿੱਚ ਹੋਇਆ ਦੱਸਿਆ ਜਾਂਦਾ ਹੈ। ਕਥਾ ਹੈ ਕਿ ਇੱਕ ਸੰਤ ਆਪਣੇ ਨਾਲ ਅੰਬ ਦਾ ਇੱਕ ਵਿਸ਼ੇਸ਼ ਬੀਜ ਲੈ ਕੇ ਆਇਆ ਅਤੇ ਇਸ ਨੂੰ ਸ਼ਿਵ ਮੰਦਰ ਵਿੱਚ ਉਗਾਇਆ। ਸੰਤ ਲੰਗੜਾ ਹੋਣ ਕਰਕੇ ਉਸ ਦਰੱਖਤ `ਤੇ ਪੈਦਾ ਹੋਏ ਅੰਬ ਨੂੰ ਲੰਗੜਾ ਕਿਹਾ ਜਾਣ ਲੱਗਾ। ਲੰਗੜਾ ਅੰਬ ਆਪਣੀ ਸੁੰਦਰ ਖੁਸ਼ਬੂ, ਭਰਪੂਰ ਸੁਆਦ, ਪਤਲੀ ਚਮੜੀ ਅਤੇ ਭਰਪੂਰ ਮਿੱਝ ਲਈ ਜਾਣਿਆ ਜਾਂਦਾ ਹੈ। ਇਹ ਯੂ.ਪੀ., ਬਿਹਾਰ ਅਤੇ ਬੰਗਾਲ ਦੇ ਪੂਰਬੀ ਹਿੱਸਿਆਂ ਵਿੱਚ ਬਹੁਤ ਮਸ਼ਹੂਰ ਹੈ, ਪਰ ਬਨਾਰਸੀ ਲੰਗੜਾ ਅੰਬ ਖੇਤਰ ਦੇ ਪਾਣੀ ਅਤੇ ਮਿੱਟੀ ਦੀ ਬਣਤਰ ਕਾਰਨ ਵਿਲੱਖਣ ਸੁਆਦ ਰੱਖਦਾ ਹੈ।
ਭਾਰਤ ਵਿੱਚ ਅੰਬਾਂ ਦੀਆਂ ਸਭ ਤੋਂ ਮਹਿੰਗੀਆਂ ਕਿਸਮਾਂ ਵਿੱਚੋਂ ਇੱਕ ਕਿਸਮ ਦਾ ਨਾਮ ‘ਕੋਹਿਤੂਰ’ ਹੈ, ਜੋ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਉਗਾਇਆ ਜਾਂਦਾ ਹੈ। ਇਸ ਕਿਸਮ ਦੇ ਇੱਕ ਅੰਬ ਦੀ ਕੀਮਤ 2000 ਤੋਂ 3000 ਰੁਪਏ ਤੱਕ ਹੋ ਸਕਦੀ ਹੈ। ਸਮੇਂ-ਸਮੇਂ ਬਾਜ਼ਾਰ `ਚ ਉਪਲਬਧ ਹੋਣ ਵਾਲੀਆਂ ਅੰਬਾਂ ਦੀਆਂ ਕੁਝ ਹੋਰ ਪ੍ਰਸਿੱਧ ਕਿਸਮਾਂ ਸਿੰਦੂਰੀ, ਨੂਰਜਹਾਂ, ਤੋਤਾਪੁਰੀ, ਹਿਮਸਾਗਰ, ਚੌਸਾ, ਕੇਸਰ, ਬਦਾਮ, ਸਫੇਦਾ ਅਤੇ ਨੀਲਮ ਹਨ। “ਮੀਆਜ਼ਾਕੀ ਅੰਬ” ਜਾਪਾਨ ਵਿੱਚ ਉਗਾਏ ਜਾਣ ਵਾਲੇ ਅੰਬ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਕਿਹਾ ਜਾਂਦਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਪਦਮ ਸ਼੍ਰੀ ਹਾਜੀ ਕਲੀਮਉਲ੍ਹਾ ਖਾਨ, ਜੋ ਕਿ ‘ਭਾਰਤ ਦਾ ਮੈਂਗੋ ਮੈਨ’ (ੰਅਨਗੋ ੰਅਨ ੌਾ ਟਹੲ ੀਨਦiਅ) ਵਜੋਂ ਜਾਣੇ ਜਾਂਦੇ ਹਨ, ਦੇ ਯੋਗਦਾਨ ਦੀ ਚਰਚਾ ਨਾ ਕਰੀਏ ਤਾਂ ਇਹ ਬਹੁਤ ਵੱਡੀ ਬੇਇਨਸਾਫ਼ੀ ਹੋਵੇਗੀ। ਉਹ ਇੱਕ ਅਨੁਭਵੀ ਬਾਗਬਾਨੀ ਵਿਗਿਆਨੀ ਹੈ ਅਤੇ ਆਪਣੇ ਜੱਦੀ ਸ਼ਹਿਰ ਮਲੀਹਾਬਾਦ, ਉੱਤਰ ਪ੍ਰਦੇਸ਼ ਵਿੱਚ ਅੰਬਾਂ ਦੀਆਂ ਵੱਖ ਵੱਖ ਕਿਸਮਾਂ ਉਗਾਉਣ ਲਈ ਜਾਣਿਆ ਜਾਂਦਾ ਹੈ। ਅੰਬਾਂ ਦੀਆਂ 300 ਤੋਂ ਵੱਧ ਕਿਸਮਾਂ ਦੇ ਨਾਲ ‘ਅਨਾਰਕਲੀ’ ਨਾਮਕ ਇੱਕ ਵਿਲੱਖਣ ਦਰੱਖਤ ਵਿਕਸਤ ਕਰਨ ਲਈ ਉਸਦਾ ਨਾਮ ‘ਲਿਮਕਾ ਬੁੱਕ ਆਫ਼ ਰਿਕਾਰਡਜ਼’ ਵਿੱਚ ਦਰਜ ਹੈ।
ਅੰਬ ਇਤਿਹਾਸਕ ਅਤੇ ਧਾਰਮਿਕ ਪੱਖੋਂ ਵੀ ਮਹੱਤਵਪੂਰਨ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਅੰਬ ਸਭ ਤੋਂ ਪਹਿਲਾਂ ਭਾਰਤ ਵਿੱਚ ਉਗਾਇਆ ਗਿਆ ਸੀ ਅਤੇ ਇਸ ਦੇਸ਼ ਲਈ ਇਸਦਾ ਵਿਸ਼ੇਸ਼ ਮਹੱਤਵ ਹੈ। ਗੌਤਮ ਬੁੱਧ ਨੂੰ ਅੰਬ ਦੇ ਇੱਕ ਵਿਸ਼ਾਲ ਦਰੱਖਤ ਕੋਲ ਬੈਠੇ ਦਰਸਾਇਆ ਗਿਆ ਹੈ। ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਮੁਗਲ ਸਮਰਾਟ ਬਾਬਰ ਨੇ ਇੱਕ ਖਾਸ ਸੁਆਦੀ ਅੰਬ ਚੱਖਣ ਤੋਂ ਬਾਅਦ ਭਾਰਤ ਨੂੰ ਜਿੱਤਣ ਦਾ ਫੈਸਲਾ ਕੀਤਾ। ਅੰਬ ਮੁਗਲ ਸਾਮਰਾਜ ਨੂੰ ਇੰਨੇ ਪਿਆਰੇ ਸਨ ਕਿ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਪੁੱਤਰ ਨੂੰ ਇਹ ਜਾਣ ਕੇ ਸਜ਼ਾ ਦਿੱਤੀ ਕਿ ਉਸਨੇ ਮਹਿਲ ਦੇ ਅੰਬ ਖਾ ਲਏ। ਕਵੀ ਕਾਲੀਦਾਸ ਨੇ ਅੰਬ ਦਾ ਗੁਣਗਾਨ ਕੀਤਾ। ਇੱਥੋਂ ਤੱਕ ਕਿ ਅਲੈਗਜ਼ੈਂਡਰ ਅਤੇ ਚੀਨੀ ਤੀਰਥ ਯਾਤਰੀ ਹਿਊਨ ਸਾਂਗ ਨੇ ਵੀ ਇਸਦਾ ਸੁਆਦ ਲਿਆ। ਮੁਗਲ ਬਾਦਸ਼ਾਹ ਅਕਬਰ ਵੱਲੋਂ ਦਰਭੰਗਾ, ਬਿਹਾਰ ਵਿੱਚ ਲੱਖੀ ਬਾਗ ਵਜੋਂ ਜਾਣੀ ਜਾਂਦੀ ਜਗ੍ਹਾ `ਤੇ ਲਗਭਗ 100,000 ਅੰਬ ਦੇ ਦਰੱਖਤ ਲਗਾਏ ਗਏ ਸਨ।
ਧਾਰਮਿਕ ਨਜ਼ਰੀਏ ਤੋਂ ਵੀ ਅੰਬ ਦਾ ਵਿਲੱਖਣ ਸਥਾਨ ਹੈ। ਹਿੰਦੂ ਧਾਰਮਿਕ ਰੀਤੀ ਰਿਵਾਜਾਂ ਵਿੱਚ ਅੰਬ ਦੇ ਪੱਤੇ ਇੱਕ ਕਲਸ਼ ਉੱਤੇ ਨਾਰੀਅਲ ਦੇ ਨਾਲ ਰੱਖੇ ਜਾਂਦੇ ਹਨ। ਗੁਰਬਾਣੀ ਵਿੱਚ ਅੰਬ ਦਾ ਜ਼ਿਕਰ ਅਕਸਰ ਕੋਇਲ ਨਾਲ ਕੀਤਾ ਗਿਆ ਹੈ। ਅੰਬਾਂ ਲਈ ਕੋਇਲ ਦੀ ਅਸਾਧਾਰਣ ਸਾਂਝ ਅਤੇ ਪਿਆਰ ਉਸ ਪਿਆਰ ਨੂੰ ਦਰਸਾਉਂਦਾ ਹੈ, ਜਿਸ ਨੂੰ ਸਾਨੂੰ ਆਪਣੇ ਦਿਲਾਂ ਵਿੱਚ ਰੱਬ ਲਈ ਰੱਖਣਾ ਚਾਹੀਦਾ ਹੈ। ਮੋਹਾਲੀ (ਪੰਜਾਬ) ਵਿੱਚ ‘ਅੰਬ ਸਾਹਿਬ’ ਨਾਮ ਦਾ ਇੱਕ ਗੁਰਦੁਆਰਾ ਹੈ। ਇਸ ਗੁਰਦੁਆਰੇ ਦੇ ਪਿੱਛੇ ਦਾ ਇਤਿਹਾਸ ਇਹ ਹੈ ਕਿ 7ਵੇਂ ਗੁਰੂ ਸ਼੍ਰੀ ਹਰਿਰਾਇ ਸਾਹਿਬ ਨੇ ਇਸ ਸਥਾਨ `ਤੇ ਇੱਕ ਅੰਬ ਦੇ ਦਰੱਖਤ ਹੇਠਾਂ ਬੈਠ ਕੇ ਆਪਣੇ ਕੱਟੜ ਸ਼ਰਧਾਲੂ ਭਾਈ ਕੁਰਮ ਜੀ ਨੂੰ ਆਸ਼ੀਰਵਾਦ ਦਿੱਤਾ ਸੀ। ਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਬ ਦਾ ਦਰਖਤ ਦਸੰਬਰ ਦੇ ਮਹੀਨੇ ਬੇ-ਮੌਸਮੀ ਅੰਬਾਂ ਨਾਲ ਲੱਦਿਆ ਗਿਆ ਤਾਂ ਜੋ ਭਾਈ ਕੁਰਮ, ਗੁਰੂ ਜੀ ਨੂੰ ਅੰਬ ਭੇਟ ਕਰਨ ਦਾ ਆਪਣਾ ਵਾਅਦਾ ਪੂਰਾ ਕਰ ਸਕੇ। ਅੰਬ ਨਾਲ ਸਬੰਧਤ ਇੱਕ ਮਿਥਿਹਾਸਕ ਕਥਾ ਅਨੁਸਾਰ ਦੇਵਰਿਸ਼ੀ ਨਾਰਦ ਨੇ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੇ ਦਰਸ਼ਨ ਕੀਤੇ ਅਤੇ ਇਹ ਕਹਿੰਦੇ ਹੋਏ ਇੱਕ ਅਨੋਖਾ ਅੰਬ ਭੇਟ ਕੀਤਾ ਕਿ ਜੋ ਕੋਈ ਇਸ ਦਾ ਸੇਵਨ ਕਰੇਗਾ, ਉਹ ਅਸਧਾਰਨ ਗੁਣ ਅਤੇ ਸ਼ਕਤੀਆਂ ਪ੍ਰਾਪਤ ਕਰੇਗਾ। ਸ਼ਿਵ ਜੀ ਅਤੇ ਮਾਤਾ ਪਾਰਵਤੀ ਦੁਬਿਧਾ ਵਿੱਚ ਸਨ ਕਿ ਅੰਬ ਆਪਣੇ ਪੁੱਤਰ ਕਾਰਤੀਕੇ ਨੂੰ ਦੇਵੇ ਜਾਂ ਸ਼੍ਰੀ ਗਣੇਸ਼ ਨੂੰ। ਇਸ ਲਈ ਉਨ੍ਹਾਂ ਨੇ ਇੱਕ ਮੁਕਾਬਲਾ ਕਰਵਾਇਆ ਅਤੇ ਕਿਹਾ ਕਿ ਜੋ ਕੋਈ ਧਰਤੀ ਦੇ 3 ਚੱਕਰ ਲਗਾਉਣ ਤੋਂ ਬਾਅਦ ਪਹਿਲੇ ਨੰਬਰ `ਤੇ ਆਵੇਗਾ, ਉਸ ਨੂੰ ਅੰਬ ਦਿੱਤਾ ਜਾਵੇਗਾ। ਸ਼੍ਰੀ ਗਣੇਸ਼ ਨੇ ਸ਼ਿਵ ਜੀ ਅਤੇ ਮਾਤਾ ਪਾਰਵਤੀ ਦੇ ਦੁਆਲੇ 3 ਚੱਕਰ ਲਗਾ ਕੇ ਇਹ ਕਹਿ ਕੇ ਮੁਕਾਬਲਾ ਜਿੱਤਿਆ ਕਿ ਮੇਰੇ ਲਈ ਤੁਸੀਂ ਦੋਵੇਂ ਪੂਰਨ ਧਰਤੀ ਹੋ।
ਉੱਪਰ ਦਿੱਤੇ ਵੇਰਵੇ ਅਨੁਸਾਰ ਇਹ ਸਪੱਸ਼ਟ ਹੈ ਕਿ ਅੰਬ ਧਰਮ, ਸੱਭਿਆਚਾਰ, ਵਿਰਾਸਤ ਅਤੇ ਖੁਸ਼ਹਾਲੀ ਦਾ ਅਨਿੱਖੜਵਾਂ ਅੰਗ ਹੈ।
—
ਖੇਤੀਬਾੜੀ ਵਿਭਾਗ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ)