ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ।
ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਫੋਨ: +91-6280574657
ਦਿਲਬਾਗ ਹੋਰਾਂ ਨਾਲ ਮਿਲਣ ਅਤੇ ਗੱਲ ਕਰਨ ਦੀ ਸਿਮਰਨ ਨੂੰ ਮਨਾਹੀ ਸੀ। ਜਦੋਂ ਕਦੀ ਦਿਲਬਾਗ ਉਸ ਨੂੰ ਮਿਲ ਵੀ ਜਾਂਦਾ ਤਾਂ ਉਹ ਸਿਰਫ ਇੱਕ ਵਾਰ ਇੱਕ ਦੂਜੇ ਨੂੰ ਵੇਖਦੇ ਤੇ ਕੋਲੋਂ ਇਸ ਤਰ੍ਹਾਂ ਨਿਕਲ ਜਾਦੇ ਜਿਵੇਂ ਇੱਕ ਦੂਜੇ ਨੂੰ ਜਾਣਦੇ ਹੀ ਨਾ ਹੋਣ। ਇਸ ਤਰ੍ਹਾਂ ਦਿਨ ਨਿਕਲਣ ਲੱਗੇ। ਦਿਲਬਾਗ ਹੋਰੀਂ ਹਾਲੇ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਆਪਣੇ ਆਪ ਨੂੰ ਰੋਕ ਕੇ ਰੱਖ ਰਹੇ ਸਨ। ਵੀਰਦੀਪ ਉਨ੍ਹਾਂ ਨੂੰ ਰਾਜਨੀਤਿਕ ਰਾਹੇ ਪਾਉਣ ਲਈ ਜ਼ੋਰ ਪਾ ਰਿਹਾ ਸੀ। ਕੰਮ ਦਾ ਰੁਝੇਵਾਂ ਵਿਖਾਉਣ ਲਈ ਦਿਲਬਾਗ ਨੇ ਦੋਨੋ ਗੱਡੀਆਂ ਕਿਸੇ ਕੰਪਨੀ ਨਾਲ ਲਗਾ ਦਿੱਤੀਆਂ। ਉਹ ਕਿਰਾਏ ‘ਤੇ ਚਲਦੀਆਂ ਰਹਿੰਦੀਆਂ। ਥੋੜ੍ਹੇ ਬਹੁਤ ਪੈਸੇ ਵੀ ਆਉਂਦੇ ਤੇ ਮੁੰਡਿਆਂ ਦਾ ਰੁਝੇਵਾਂ ਵੀ ਬਣਿਆ ਰਹਿੰਦਾ।
ਵੀਰਦੀਪ ਵੱਲੋਂ ਸਿਆਸੀ ਰਾਹ ਅਪਨਾਉਣ ਦੀ ਸਲਾਹ ਤੋਂ ਬਾਅਦ ਦਿਲਬਾਗ ਅਖਬਾਰਾਂ ਨੂੰ ਹੁਣ ਧਿਆਨ ਨਾਲ ਵੇਖਣ ਲੱਗਾ ਸੀ। ਉਹਦੀ ਸਿਆਸੀ ਘਟਨਾਵਾਂ ਵਿੱਚ ਰੁਚੀ ਵਧਣ ਲੱਗੀ। ਇੱਕ ਦੋ ਅਖਬਾਰਾਂ ਉਨ੍ਹਾਂ ਹੋਰ ਲਗਵਾ ਲਈਆਂ ਸਨ; ਕੁਝ ਅੰਗਰੇਜ਼ੀ ਦੀਆਂ ਵੀ। ਦਿਲਬਾਗ ਨੇ ਆਪਣੀ ਚਾਰ-ਦੀਵਾਰੀ ਅੰਦਰ ਘੋੜਿਆਂ ਲਈ ਇੱਕ ਤਬੇਲਾ ਜਿਹਾ ਵੀ ਬਣਾ ਲਿਆ ਸੀ। ਛੋਟੀ ਉਮਰ ਦੇ ਘੋੜੇ ਖਰੀਦਦਾ ਤੇ ਜਦੋਂ ਚੰਗੇ ਪਲ ਜਾਂਦੇ ਤਾਂ ਵੇਚ ਦਿੰਦਾ। ਇਸ ਤਰ੍ਹਾਂ ਸਮਾਜ ਵਿੱਚ ਇੱਕ ਥਾਂ ਬਣਾਉਣ ਲਈ ਉਹ ਰੁਝੇ ਰਹਿਣ ਲੱਗੇ। ਸਿਮਰਨ ਨਾਲ ਦੂਜੇ ਚੌਥੇ ਦਿਲਬਾਗ ਦਾ ਟਾਕਰਾ ਹੋ ਹੀ ਜਾਂਦਾ। ਉਂਝ ਹੀ ਬੱਸ ਉਨ੍ਹਾਂ ਦੀ ਨਿਗਾਹ ਮਿਲਦੀ ਤੇ ਆਪੋ ਆਪਣੇ ਰਾਹ ਪੈ ਜਾਂਦੇ। ਦਿਲਬਾਗ ਦਾ ਹੁਣ ਦਿਲ ਲੱਗਣ ਲੱਗਾ। ਉਸ ਦੇ ਅੰਦਰ ਇੱਕ ਚਾਅ ਜਿਹਾ ਪਲਣ ਲੱਗਾ। ਉਮਾਹ ਵਿੱਚ ਰਹਿੰਦਾ। ਉਹੀ ਚੀਜ਼ਾਂ ਜਿਹੜੀਆਂ ਉਹਨੂੰ ਬੁਰੀਆਂ ਲਗਦੀਆਂ ਸਨ, ਚੰਗੀਆਂ ਲੱਗਣ ਲੱਗੀਆਂ। ਦੂਰ ਤੱਕ ਖੜ੍ਹੀਆਂ ਫਸਲਾਂ, ਸੜਕਾਂ ਦੁਆਲੇ ਦਰਖਤਾਂ ਦੀਆਂ ਪਾਲਾਂ ਆਪਣੇ ਵਿਹੜੇ ਵਿੱਚ ਖੜੇ੍ਹ ਫੁੱਲ ਬੂਟੇ ਜਿਹੜੇ ਅੰਬੇ ਹੋਰਾਂ ਨੇ ਲਾਏ ਤੇ ਪਾਲੇ ਸਨ, ਸਭ ਦਿਲ ਨੂੰ ਮੋਹਣ ਲਗਦੇ। ਇਹ ਕੀ ਹੋ ਰਿਹਾ ਮੈਨੂੰ? ਕਈ ਵਾਰ ਉਸ ਨੂੰ ਲਗਦਾ ਇਹ ਖੁਸ਼ੀ ਸ਼ਾਇਦ ਇੱਕ ਥਾਂ ਸੈਟਲ ਹੋ ਜਾਣ ਕਰਕੇ ਹੋਵੇ। ਪਰ ਇਹ ਮਨੋਸਥਿਤੀ 14-15 ਦਿਨਾਂ ਵਿੱਚ ਹੀ ਕਿਵੇਂ ਬਣ ਗਈ, ਜਦੋਂ ਤੋਂ ਸਿਮਰਨ ਇੱਥੇ ਆਉਣ ਲੱਗੀ ਹੈ। ਪਹਿਲਾਂ ਉਹ ਅਚਾਨਕ ਮਿਲਦੇ ਸਨ, ਫਿਰ ਦੂਜੇ ਚੌਥੇ ਦਿਨ ਦਿਲਬਾਗ ਸਿਮਰਨ ਨੂੰ ਉਡੀਕਣ ਲੱਗਾ। ਵੀਰਦੀਪ ਨੇ ਸਿਮਰਨ ਨੂੰ ਸਖਤੀ ਨਾਲ ਆਖਿਆ ਸੀ ਕਿ ਜੇ ਤੁਹਾਡਾ ਮੇਲ-ਜੋਲ ਬਣ ਗਿਆ ਤਾਂ ਸਾਰੀ ਸਕੀਮ ਫੇਲ੍ਹ ਹੋ ਜਾਵੇਗੀ। ਦਿਲਬਾਗ ਵਾਲੀਆਂ ਤਬਦੀਲੀਆਂ ਸਿਮਰਨ ਦੇ ਸੁਭਾਅ ਵਿੱਚ ਵੀ ਵਾਪਰਨ ਲੱਗੀਆਂ ਸਨ। ਵਿਗਿਆਨ ਦੀ ਅਕਾਊ ਪੜ੍ਹਾਈ ਦੀ ਪੈਦਾ ਕੀਤੀ ਖਿਝ ਘਟ ਰਹੀ ਸੀ। ਚਿਹਰਾ ਜ਼ਿਆਦਾ ਨਿੰਬਲ, ਨੂਰੀ ਹੋਣ ਲੱਗਾ। ਕਈ ਵਾਰ ਸਾਥੀ ਅਧਿਆਪਕਾਵਾਂ ਪੁੱਛਦੀਆਂ, ਸਿਮਰਨ ਕੀ ਲਗਾਉਂਦੀ ਏਂ ਚਿਹਰੇ ‘ਤੇ ਬੜਾ ਨਿੱਖਰਨ ਲੱਗਾ। ‘ਕੁਸ਼ ਨੀ ਬਸ ਸਿੰਪਲ ਮੋਇਸਚਰਿੰਗ ਕਰੀਮ ਲਗਾਉਂਦੀ।’ ਸਿਮਰਨ ਨੂੰ ਅਨੁਭਵ ਸੀ ਅੰਦਰਲਾ ਇੱਕ ਅਜੀਬ ਜਿਹਾ ਚਾਅ ਚਿਹਰੇ ਨੂੰ ਨਿਖਾਰ ਰਿਹਾ ਹੈ। ਕਈ ਵਾਰ ਇੰਨੀ ਅਨੰਦਿਤ ਹੋ ਜਾਂਦੀ, ਸੋਚਦੀ ਬਸ ਇਉਂ ਹੀ ਚਲਦਾ ਰਹੇ, ਕਿੰਨੀ ਖੁਸ਼ੀ ਹੈ ਇਸ ਕਸ਼ਿਸ਼ ਜਿਹੀ ਵਿੱਚ। ਇਸ ਆਨੰਦ ਜਿਹੇ ਦੇ ਵਿਚੇ ਰੱਬ ਲੈ ਜਾਵੇ।
ਨੌਕਰੀ ਮਿਲ ਜਾਣ ਕਾਰਨ ਸਿਮਰਨ ਦੀਆਂ ਬਹੁਤ ਸਾਰੀਆਂ ਟੈਨਸ਼ਨਾਂ ਘਟ ਗਈਆਂ ਸਨ। ਸਿਹਤ ਪੱਖੋਂ ਵੀ ਪਹਿਲਾਂ ਨਾਲੋਂ ਉਹ ਵਧੇਰੇ ਤੰਦਰੁਸਤ ਲਗਦੀ। ਸਰੀਰ ਕੁਝ ਭਰਵਾਂ ਹੋ ਗਿਆ ਸੀ। ਪਹਿਲਾਂ ਨਾਲੋਂ ਮੈਚਿਉਰ ਲੱਗਣ ਲੱਗੀ। ਕਾਲਜ ਵੇਲੇ ਉਹ ਹੱਦੋਂ ਵੱਧ ਪਤਲੀ ਸੀ। ਹੁਣ ਕਮਜ਼ੋਰੀ ਜਿਵੇਂ ਖਤਮ ਹੋ ਰਹੀ ਸੀ। ਵਧੇਰੇ ਜਚਣ ਲੱਗੀ। ਕਈ ਵਾਰ ਦਿਲਬਾਗ ਦਾ ਦਿਲ ਕਰਦਾ, ਇਹਦੇ ਲਾਗੇ ਬੈਠਾਂ, ਕੋਈ ਗੱਲ ਕਰਾਂ, ਇਕਾਂਤ ਦਾ ਮਾਰਿਆ ਦਿਲ ਕੁਝ ਹੌਲਾ ਹੋਵੇ। ਉਹਨੂੰ ਵੇਖ ਕੇ ਬਹੁਤੀ ਵਾਰ ਮਾਂ ਚੇਤੇ ਆਉਣ ਲਗਦੀ। ਚਿਹਰਾ ਭਰ ਜਾਣ ਨਾਲ ਇਹ ਬੀਬੀ ਵਰਗੀ ਹੀ ਲੱਗਣ ਲੱਗੀ ਸੀ।
ਬੀਬੀ ਵੀ ਦਿਲਾਂ ਨੂੰ ਹਲਕੇ ਕਰਨ ਦੀ ਮਾਹਿਰ ਹੈ। ਵੱਡੀਆਂ ਵੱਡੀਆਂ ਉਦਾਸੀਆਂ ਨੂੰ ਹਾਸੇ ਵਿੱਚ ਉਡਾ ਦਿੰਦੀ। ਦਿਲਬਾਗ ਦਾ ਸੁਭਾਅ ਆਪਣੀ ਮਾਤਾ ‘ਤੇ ਹੀ ਗਿਆ। ਸੇਵਾ ਕਰਨ ਲੱਗਦੀ ਤਾਂ ਜਿਵੇਂ ਦਿਲ ਨੂੰ ਦਰੀ ਬਣਾ ਕੇ ਵਿਛਾ ਦਿੰਦੀ। ਪਿੰਡ ਦੀਆਂ ਬੁੜ੍ਹੀਆਂ ਦਿਲ ਫਰੋਲਣ ਲਈ ਉਹਦੇ ਕੋਲ ਬੈਠੀਆਂ ਰਹਿੰਦੀਆ। ਉਨ੍ਹਾਂ ਨੂੰ ਚਾਹਾਂ ਪਿਆਉਂਦੀ, ਗੱਲਾਂ ਸੁਣਦੀ ਰਹਿੰਦੀ, ਆਪ ਕਦੀ ਕਦੀ ਬੋਲਦੀ ਤੇ ਸਾਹਮਣੇ ਵਾਲੇ ਦੇ ਦੁਖ ਨੂੰ ਖੰਭ ਲਾ ਕੇ ਉਡਾ ਦਿੰਦੀ। ਇਉਂ ਸਹਿਜ ਹੀ ਉਸ ਕੋਲ ਸਾਰੇ ਪਿੰਡ ਦੀ ਖ਼ਬਰ ਸਾਰ ਪੁੱਜਦੀ ਰਹਿੰਦੀ। ਦਿਲਬਾਗ ਸੋਚਦਾ, ਪਾਪਾ ਬਾਹਰ ਚਲੇ ਗਏ ਸਨ, ਬੀਬੀ ਸ਼ਾਇਦ ਇੱਦਾਂ ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਓ ਕਰਦੀ ਹੋਵੇ। ਪਰ ਇੱਦਾਂ ਕਰਦਿਆਂ ਉਹ ਪਿੰਡ ਦਾ ਇਨਸਾਇਕਲੋਪੀਡੀਆ ਬਣ ਗਈ। ਪੁਲਿਸ ਕਈ ਵਾਰ ਘਰ ਆਉਂਦੀ, ਦਿਲਬਾਗ ਬਾਰੇ ਪੁਛਦੀ ਪਰ ਪੰਚਾਇਤ ਦੇ ਦਖਲ ਨਾਲ ਮਾਤਾ ਦਾ ਬਚਾਅ ਹੋ ਜਾਂਦਾ।
ਇੱਕ ਦਿਨ ਦਿਲਬਾਗ ਦਿਨੇ ਦੁਪਹਿਰੇ ਸਿਖਰ ਘਰ ਜਾ ਢੁੱਕਾ। ਉਹਨੂੰ ਸੀ ਬਈ ਮਾਤਾ ਦਾ ਮੋਟਾ-ਮੋਟਾ ਸਮਾਨ ਚੁੱਕਾਂਗਾ ਤੇ ਉਹਨੂੰ ਆਪਣੇ ਕੋਲ ਲੈ ਆਵਾਂਗਾ। ਬਾਹਰਲਾ ਦਰਵਾਜ਼ਾ ਖੁਲ੍ਹਾ ਸੀ। ਮਾਤਾ ਅੰਦਰ ਇਕੱਲੀ ਸੀ, ਰਸੋਈ ਵਿੱਚ ਕੁਝ ਖਾਣ-ਪੀਣ ਲਈ ਬਣਾ ਰਹੀ ਸੀ। ਕਾਹਲੀ ਨਾਲ ਉਹ ਰਸੋਈ ਵਿੱਚ ਹੀ ਚਲਾ ਗਿਆ। ਉਹਨੇ ਝੁਕ ਕੇ ਗੋਡੀਂ ਹੱਥ ਲਾਇਆ। ਮਾਤਾ ਨੇ ਸਿਰ ‘ਤੇ ਹੱਥ ਰੱਖਿਆ ਪਰ ਬੋਲੀ ਕੁਝ ਨਾ। ਉਹ ਸ਼ਾਇਦ ਆਪਣੇ ਲਈ ਚਾਹ ਦਾ ਕੱਪ ਬਣਾ ਰਹੀ ਸੀ। ਉਹ ਦਿਲਬਾਗ ਨੂੰ ਵੇਖ ਕੇ ਉਹਦੇ ਲਈ ਵੀ ਪਤੀਲੇ ‘ਚ ਪਾਣੀ ਪਾਉਣ ਲੱਗੀ। ਦਿਲਬਾਗ ਨੇ ਉਸ ਦਾ ਹੱਥ ਫੜ ਲਿਆ। ਮਾਤਾ ਨੇ ਜਦੋਂ ਮੂੰਹ ਘੁਮਾਇਆ ਤਾਂ ਉਸ ਦੇ ਚਿਹਰੇ ‘ਤੇ ਹੰਝੂਆਂ ਦੀਆਂ ਘਰਾਲਾਂ ਵਗਣ ਲੱਗੀਆਂ। ਦਿਲਬਾਗ ਨੇ ਉਸ ਨੂੰ ਕਲਾਵੇ ਵਿੱਚ ਲੈ ਲਿਆ। ਮਾਂ ਹੁਬਕੀਂ ਹੁਬਕੀਂ ਰੋਣ ਲੱਗੀ। ਵਿੱਚ ਵਿੱਚ ਕੁਝ ਬੋਲਦੀ, ਜਿਨ੍ਹਾਂ ਵਿੱਚੋਂ ਕੁਝ ਸ਼ਬਦ ਹੀ ਸਮਝ ਆਉਂਦੇ, ‘…ਕਿਹੜੇ ਰਾਹੀਂ ਤੁਰ ਪਿਆਂ ਵੇ ਤੂੰ… ਪਹਿਲਾਂ ਤੇਰੇ ਪਿਉ ਨੇ ਸਾਰੀ ਉਮਰ ਕੰਡਿਆਂ ‘ਤੇ ਪਾਈ ਰੱਖਿਆ, ਹੁਣ ਤੂੰ ਵੀ ਉਹਦੀਆਂ ਪੈੜਾਂ ‘ਤੇ ਚਲਾ ਗਿਆਂ, ਮੈਂ ਦੱਸ ਕਿੱਥੇ ਜਾਵਾਂ?’ ਉਹ ਬੁਰੀ ਤਰ੍ਹਾਂ ਫਿੱਸ ਪਈ ਸੀ। ਦਿਲਬਾਗ ਨੇ ਮਾਂ ਨੂੰ ਚੁੱਪ ਕਰਵਾਇਆ ਤੇ ਆਖਣ ਲੱਗਾ, ‘ਮਾਤਾ ਛੇਤੀ ਨਾਲ ਜ਼ਰੂਰੀ ਜਿਹਾ ਸਮਾਨ ਬੰਨ੍ਹ ਲੈ, ਮੈਂ ਤੈਨੂੰ ਆਪਣੇ ਕੋਲ ਲੈ ਚਲਦਾਂ। ਬਥੇਰੀ ਥਾਂ ਮੇਰੇ ਕੋਲ, ਹਵੇਲੀ ਵਰਗਾ ਘਰ ਆ ਮੇਰੇ ਕੋਲ ਉਥੇ ਰਹੀਂ।’
‘ਹਵੇਲੀ’ ਤਾਂ ਹੋਊ ਵੱਡੀ ਉਥੇ, ਪਰ ਉਥੇ ਮੈਂ ਇਕੱਲੀ ਕੀ ਕਰੂੰ। ਓਪਰਾ ਥਾਂ, ਨਾ ਮੈਨੂੰ ਕੋਈ ਜਾਣੇ ਨਾ ਪਛਾਣੇ। ਇੱਥੇ ਮੇਰੇ ਕੋਲ ਰੌਣਕ ਲੱਗੀ ਰਹਿੰਦੀ ਸਾਰਾ ਦਿਨ। ਕਦੀ ਕੋਈ ਆ ਗਈ, ਕਦੀ ਚਲੀ ਗਈ, ਮੇਰਾ ਵੀ ਦਿਲ ਲੱਗਿਆ ਰਹਿੰਦਾ। ਤੂੰ ਮਿਲ ਲਿਆ, ਇਹ ਚੰਗਾ ਹੋਇਆ, ਪਿਉ ਤੇਰੇ ਦਾ ਫੂੰਨ ਆ ਜਾਂਦਾ, ਤੇਰੇ ਬਾਰੇ ਈ ਗੱਲਾਂ ਕਰੀ ਜਾਂਦਾ।… ਵੇ ਦਿਲਬਾਗ ਤੂੰ ਵਿਆਹ ਈ ਕਰਵਾ ਲੈ ਕੋਈ ਰੋਟੀ ਪਕਾਉਣ ਵਾਲੀ ਤਾਂ ਹੋਵੇ ਤੇਰੇ ਕੋਲ। ਰੋਟੀ ਮਿਲ ਜਾਂਦੀ ਟਾਈਮ ਸਿਰ?’ ਦਿਲਬਾਗ ਕਾਹਲ ਵਿੱਚ ਸੀ, ‘ਮਾਤਾ ਬਹੁਤੀਆਂ ਗੱਲਾਂ ਦਾ ਟਾਈਮ ਨੀ, ਤੂੰ ਜਲਦੀ ਕਰ।’ ਮਾਤਾ ਦਾ ਮਨ ਹੁਣ ਟਿਕਾਣੇ ਸਿਰ ਹੋ ਗਿਆ ਸੀ, ਉਹ ਆਖਣ ਲੱਗੀ, ‘ਤੂੰ ਨਿਕਲ ਜਾ ਦਿਲਬਾਗ ਜਲਦੀ, ਮੈਂ ਨੀ ਜਾਣਾ, ਮੈਂ ਇੱਥੇ ਈ ਰਹੂੰ ਆਪਣੇ ਘਰ ‘ਚ… ਜਾਹ ਪੁੱਤ ਹੁਣ ਤੂੰ, ਤੈਨੂੰ ਕੋਈ ਵੇਖ ਨਾ ਲਵੇ। ਇੱਕ ਦਿਨ ਊਂ ਕਰਮਾ ਆਇਆ ਸੀ, ਆਖਦਾ ਸੀ ਦਿਲਬਾਗ ਨੂੰ ਪੇਸ਼ ਕਰਾ ਦਿੰਨੇ ਆਂ ਉਹਦਾ ਬਚਾਅ ਹੋ ਜੂ।’ ਦਿਲਬਾਗ ਕੁਝ ਨਹੀਂ ਬੋਲਿਆ। ਉਹਨੇ ਮਾਂ ਦੇ ਪੈਰ ਛੂਹੇ ਤੇ ਪਿਛਲੇ ਪੈਰੀਂ ਤੁਰ ਪਿਆ। ਉਹਨੇ ਪਸ਼ੂਆਂ ਵਾਲੇ ਪਰਛੱਤੇ ਵੱਲ ਨਿਗਾਹ ਮਾਰੀ, ਮਾਂ ਨੇ ਡੰਗਰ ਵੱਛਾ ਵੇਚ ਦਿੱਤਾ ਸੀ। ਪੂਰਬੀਆ ਵੀ ਕਿਧਰੇ ਦਿਖਾਈ ਨਹੀਂ ਸੀ ਦਿੱਤਾ। ਉਹਨੇ ਗੱਡੀ ਸਟਾਰਟ ਕੀਤੀ ਤੇ ਤੇਜ਼ੀ ਨਾਲ ਘਰੋਂ ਬਾਹਰ ਨਿਕਲਿਆ। ਕਰੋਨਾ ਦੀ ਪਹਿਲੀ ਲਹਿਰ ਚੱਲ ਰਹੀ ਸੀ, ਪਰ ਸਖਤ ਪਾਬੰਦੀਆਂ ਦਾ ਦੌਰ ਖਤਮ ਹੋ ਰਿਹਾ ਸੀ।
ਵਾਪਸ ਪਰਤਦਿਆਂ ਸਾਰੇ ਰਾਹ ਮਾਂ ਦਾ ਚਿਹਰਾ ਉਹਦੀਆਂ ਅੱਖਾਂ ਵਿੱਚ ਘੁੰਮਦਾ ਰਿਹਾ। ਚਿਹਰੇ ਦੀਆਂ ਝੁਰੜੀਆਂ ਵਧ ਗਈਆਂ ਸਨ। ਵਾਲ ਥੋੜ੍ਹੇ ਜ਼ਿਆਦਾ ਸਫੈਦ ਹੋ ਗਏ ਸਨ, ਪਰ ਅੱਖਾਂ ਵਿੱਚ ਚਮਕ ਪਹਿਲਾਂ ਵਾਲੀ ਹੀ ਸੀ। ਕਾਫੀ ਦੂਰ ਤੱਕ ਉਹਨੂੰ ਮਹਿਸੂਸ ਹੁੰਦਾ ਰਿਹਾ ਜਿਵੇਂ ਮੋਹ ਦੀਆਂ ਤੰਦਾਂ ਪਿਛਾਂਹ ਨੂੰ ਖਿੱਚ ਰਹੀਆਂ ਹੋਣ। ਉਹ ਇਨ੍ਹਾਂ ਤੋਂ ਜਲਦੀ ਬਾਹਰ ਹੋਣਾ ਚਾਹੁੰਦਾ ਸੀ, ਪਰ ਇੱਕ ਸਕੂਨ ਜਿਹਾ ਦਿਲ ‘ਤੇ ਤਾਰੀ ਸੀ। ਮਾਂ ਹੌਸਲੇ ਵਿੱਚ ਵੀ ਲੱਗੀ, ਡੰਗਰ ਵੱਛੇ ਪੱਖੋਂ ਘਰ ਭਾਵੇਂ ਖਾਲੀ ਸੀ, ਪਰ ਮਾਂ ਦੇ ਰੂਹਾਨੀ ਆਉਰੇ ਨਾਲ ਉਹ ਜਿਵੇਂ ਭਰਿਆ ਭਰਿਆ ਲੱਗਿਆ। ਕੁੱਲ ਮਿਲਾ ਕੇ ਦਿਲਬਾਗ ਨੂੰ ਤਸੱਲੀ ਹੋਈ।
—
ਕਰੋਨਾ ਦੀਆਂ ਪਾਬੰਦੀਆਂ ਨੇ ਜ਼ਿੰਦਗੀ ਧੀਮੀ ਕਰ ਦਿੱਤੀ ਸੀ। ਲੋਕ ਘਰਾਂ ਵਿੱਚ ਵਾੜ ਦਿੱਤੇ। ਇੱਕ ਵਾਰ ਤਾਂ ਪੂਰੀ ਜ਼ਿੰਦਗੀ ਦਾ ਪਹੀਆ ਰੁਕ ਗਿਆ। ਜਹਾਜ਼ ਰੁਕ ਗਏ, ਬੱਸਾਂ ਰੁਕ ਗਈਆਂ। ਰੇਲਾਂ ਦਾ ਚੱਕਾ ਜਾਮ ਹੋ ਗਿਆ। ਮਨੁੱਖੀ ਗਤੀਵਿਧੀ ਦੇ ਰੁਕ ਜਾਣ ਦਾ ਸਿੱਟਾ ਇਹ ਨਿਕਲਿਆ ਕਿ ਹਵਾ ਸੁਥਰੀ ਹੋ ਗਈ, ਨਦੀਆਂ ਮਨੁੱਖੀ ਮੈਲੇ ਤੋਂ ਮੁਕਤ ਹੋ ਗਈਆਂ, ਦਰਿਆਵਾਂ ਦੇ ਵਹਿਣ ਨਿਰਮਲ ਹੋ ਕੇ ਵਗਣ ਲੱਗੇ। ਆਸਮਾਨ ਵਧੇਰੇ ਨਿੱਖਰਿਆ ਵਿਖਾਈ ਦੇਣ ਲੱਗਾ। ਦਰੱਖਤਾਂ ਦੇ ਪੱਤਿਆਂ ਦੀ ਤਾਜ਼ਗੀ ਵਿੱਚੋਂ ਰੂਹਾਨੀ ਜਲੌਅ ਝਲਕਣ ਲੱਗਾ। ਦੂਜੇ ਪਾਸੇ ਰੋਜ਼ ਕਮਾ ਕੇ ਖਾਣ ਵਾਲਿਆਂ ਦੇ ਦਾਣੇ ਮੁੱਕ ਗਏ। ਰੋਟੀ ਦੇ ਲਲੇ ਪੈ ਗਏ। ਕੁਝ ਕਮਾਉਣ ਲਈ ਬਾਹਰ ਨਿਕਲਦੇ ਤਾਂ ਪੁਲਿਸ ਡੰਡਾ ਪਰੇਡ ਕਰਦੀ। ਪਰਵਾਸੀ ਮਜ਼ਦੂਰ ਅਮੁੱਕ ਪੈਂਡਿਆਂ ‘ਤੇ ਤੁਰ ਪਏ। ਦਾਣਾ ਦੁੜਕਾ ਮੁੱਕ ਗਿਆ ਤਾਂ ਘਰ ਚੇਤੇ ਆ ਗਏ; ਭਾਵੇਂ ਘਰਾਂ ਦੇ ਚੂਹੇ ਵੀ ਭੁੱਖੇ ਸਨ। ਜਿਨ੍ਹਾਂ ਦੀ ਰੋਟੀ ਸੌਖੀ ਚਲਦੀ ਸੀ, ਉਹ ਕੁਦਰਤ ਦੀਆਂ ਸਿਫਤਾਂ ਕਰਨ ਲੱਗੇ; ਜਿਹੜੇ ਡੰਗ ਦੀ ਡੰਗ ਕਮਾ ਕੇ ਖਾਂਦੇ ਸਨ, ਉਹ ਉਨ੍ਹਾਂ ਦੀ ਡੰਗੋਰੀ ਟੁੱਟ ਗਈ।
ਕਰੋਨਾ ਦੇ ਇਸ ਭੈਅ ਨੂੰ ਕਿਸਾਨ ਲਹਿਰ ਨੇ ਤੋੜਿਆ। ਇਹ 2020 ਦਾ ਸਤੰਬਰ ਮਹੀਨਾ ਸੀ। ਦਿਨ ਵੇਲੇ ਹਾਲੇ ਵੀ ਕਾਫੀ ਗਰਮੀ ਹੁੰਦੀ। ਕੇਂਦਰ ਸਰਕਾਰ ਨੇ ਕਰੋਨਾ ਦੀ ਓਟ ਲੈ ਕੇ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਲਈ ਤਿੰਨ ਕਾਨੂੰਨ ਪਾਸ ਕਰ ਦਿੱਤੇ। ਕਰੋਨਾ ਦੀ ਲਹਿਰ ਨੇ ਜਿੱਥੇ ਹੋਰ ਕੰਮ ਕਾਰ ਵੀ ਮੱਠੇ ਪਾ ਦਿੱਤੇ ਸਨ, ਉਥੇ ਦਿਲਬਾਗ ਹੋਰਾਂ ਦੀ ਸਰਗਰਮੀ ਵੀ ਕਾਫੀ ਘਟਾ ਦਿੱਤੀ ਸੀ। ਦਿਲਬਾਗ ਨੇ ਦੂਜੇ ਮੁੰਡਿਆਂ ਨੂੰ ਆਹਰੇ ਲਾਈ ਰੱਖਣ ਲਈ ਦੋ ਮੱਝਾਂ ਤੇ ਇੱਕ ਵਲੈਤੀ ਗਾਂ ਲੈ ਦਿੱਤੀ। ਦੋਨੋਂ ਮੱਝਾਂ ਦੁੱਧ ਦਿੰਦੀਆਂ ਸਨ, ਗਾਂ ਹਾਲੇ ਹਰੀ ਨਹੀਂ ਸੀ ਹੋਈ, ਅੱਲ੍ਹੜ ਹੀ ਸੀ। ਇਨ੍ਹਾਂ ਪਸ਼ੂਆਂ ਲਈ ਉਨ੍ਹਾਂ ਕੁਝ ਮੁੱਲ ਦੇ ਪੱਠੇ ਲੈ ਲਏ ਸਨ। ਕਾਫੀ ਸਾਰਾ ਦੁੱਧ ਤਾਂ ਉਹ ਆਪ ਪੀ ਪੂ ਜਾਂਦੇ, ਬਚਦਾ ਇਸੇ ਪਿੰਡ ਦੇ ਘੁੱਕਰ ਹਲਵਾਈ ਨੂੰ ਵੇਚ ਆਉਂਦੇ। ਘੋੜੀਆਂ ਦਾ ਕਾਰੋਬਾਰ ਦਿਲਬਾਗ ਪਹਿਲਾਂ ਹੀ ਕਰ ਰਿਹਾ ਸੀ। ਪਹਿਲਾਂ ਕਰੋਨਾ ਨੇ ਅਤੇ ਬਾਅਦ ਵਿੱਚ ਕਿਸਾਨ ਲਹਿਰ ਨੇ ਜ਼ਿੰਦਗੀ ਰੋਕ ਲਈ। ਕਾਰੋਬਾਰੀ ਪਿੱਟਣ ਲੱਗੇ। ਘਾਟਿਆਂ ਦੇ ਹਿਸਾਬ-ਕਿਤਾਬ ਗਿਣਾਉਣ ਲੱਗੇ। ਲੰਮੇ ਸੰਘਰਸ਼ ਦੇ ਬਾਵਜੂਦ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਸੀ। ਪੰਜਾਬ ਦੀ ਕਾਂਗਰਸ ਸਰਕਾਰ ਵੀ ਕਿਸਾਨਾਂ ਨੂੰ ਆਪਣੀ ਐਜੀਟੇਸ਼ਨ ਅਗੇ ਵਧਾਉਣ ਵਿੱਚ ਤੂਲ ਦੇ ਰਹੀ ਸੀ। ਇਹ ਪ੍ਰੇਰਣਾ ਵੀ ਦੇ ਰਹੀ ਸੀ ਕਿ ਕਿਸਾਨ ਆਪਣਾ ਸੰਘਰਸ਼ ਕੇਂਦਰ ਸਰਕਾਰ ਦੇ ਖਿਲਾਫ ਸੇਧਤ ਕਰਨ, ਪੰਜਾਬ ਦੀ ਆਰਥਕ ਜ਼ਿੰਦਗੀ ਲੀਹੋਂ ਨਾ ਲਾਹੁਣ।
ਅਖੀਰ ਨਵੰਬਰ ਮਹੀਨੇ ਦੇ ਅੰਤ ਵਿੱਚ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਟਰੈਕਟਰਾਂ ਦੀਆਂ ਲਾਈਨਾਂ ਦਿੱਲੀ ਵੱਲ ਤੁਰ ਪਈਆਂ। ਇੰਜ ਲਗਦਾ ਸੀ ਜਿਵੇਂ ਸਾਰਾ ਪੰਜਾਬ ਟਰੈਕਟਰਾਂ ‘ਤੇ ਸਵਾਰ ਹੋ ਗਿਆ ਹੋਵੇ। ਦਿਲਬਾਗ ਨੇ ਦੋਨੋ ਮੁੰਡੇ ਕਿਸਾਨਾਂ ਦੇ ਨਾਲ ਦਿੱਲੀ ਵੱਲ ਤੋਰ ਦਿੱਤੇ। ਘਰ ਪਸ਼ੂਆਂ ਲਈ ਇੱਕ ਪੂਰਬੀਆ ਰੱਖ ਲਿਆ। ਕੁਝ ਕੰਮ ਕਾਰ ਉਹ ਆਪ ਕਰ ਲੈਂਦਾ। ਕਰੋਨਾ ਕਾਰਨ ਸਕੂਲ ਬੰਦ ਹੋ ਗਏ। ਸਿਮਰਨ ਦਾ ਆਉਣਾ-ਜਾਣਾ ਵੀ ਬੰਦ ਹੋ ਗਿਆ। ਪਹਿਲੇ ਕੁਝ ਦਿਨ ਤਾਂ ਦਿਲਬਾਗ ਵੇਲੇ ਸਿਰ ਸਿਮਰਨ ਨੂੰ ਪਹਿਲਾ ਵਾਂਗ ਹੀ ਉਡੀਕਦਾ, ਫਿਰ ਉਸ ਨੂੰ ਯਾਦ ਆਉਂਦਾ ਪਈ ਕਰੋਨਾ ਨਾਲ ਸਕੂਲ ਤਾਂ ਬੰਦ ਪਏ ਹਨ। ਵੀਰਦੀਪ ਵੀ ਦਿਲਬਾਗ ਦੀ ਖ਼ਬਰ ਸਾਰ ਤੋਂ ਹੁਣ ਵਾਂਝਾ ਹੋ ਗਿਆ ਸੀ। ਉਹਨੂੰ ਦਿਲਬਾਗ ਦੀ ਫਿਕਰ ਹੋਣ ਲੱਗੀ। ਇੱਕ ਦਿਨ ਉਹ ਦਿਲਬਾਗ ਦੇ ਪਿੰਡ ਉਸ ਦੀ ਮਾਤਾ ਦੀ ਖ਼ਬਰ ਲੈਣ ਚਲਾ ਗਿਆ। ਮਾਤਾ ਵਿਹੜਾ ਲੰਘ ਕੇ ਬਣੀ ਸਾਹਮਣੀ ਸਬਾਤ ਵਿੱਚ ਬੈਠੀ ਸੀ। ਉਹ ਕੁਝ ਬੁਣ ਰਹੀ ਸੀ। ਮੁੰਡੇ ਨੇ ਮਾਂ ਦੇ ਪੈਰ ਛੂਹੇ। ਮਾਤਾ ਨੇ ਵੀਰਦੀਪ ਦਾ ਸਿਰ ਪਲੋਸਿਆ। ਉਹ ਕਰਮੇ ਤੇ ਨਵਜੋਤ ਦੀ ਸੁੱਖ ਸਾਂਦ ਪੁੱਛਣ ਲੱਗੀ। ਮਾਤਾ ਉੱਠ ਕੇ ਰਸੋਈ ਵੱਲ ਪਾਣੀ ਲੈਣ ਵਾਸਤੇ ਜਾਣ ਲੱਗੀ, ਵੀਰਦੀਪ ਨੇ ਰੋਕ ਦਿੱਤਾ, ‘ਮੈਂ ਆਪੇ ਪੀ ਲੈਨਾ ਪਾਣੀ ਮਾਤਾ ਤੂੰ ਬੈਠ’, ਉਹ ਰਸੋਈ ਵੱਲ ਤੁਰ ਪਿਆ। ਵੀਰਦੀਪ ਨੇ ਪਾਣੀ ਦਾ ਗਿਲਾਸ ਪੀਤਾ, ਮਾਤਾ ਉਹਦੇ ਮਗਰੇ ਰਸੋਈ ਵਿੱਚ ਆ ਗਈ। ਉਹਨੇ ਚਾਹ ਧਰ ਲਈ। ਉਹ ਵੀਰਦੀਪ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਨ ਲੱਗੀ। ਉਹਨੇ ਦੱਸਿਆ ਕਿ ਦਿਲਬਾਗ ਆਇਆ ਸੀ ਇੱਕ ਦਿਨ, ਮੈਨੂੰ ਨਾਲ ਜਾਣ ਲਈ ਆਖਦਾ ਸੀ। ਮੈਂ ਆਖਿਆ, ਪੁੱਤ ਜਿੰਨਾ ਚਿਰ ਮੈਂ ਜਿਉਂਨੀ ਆਂ, ਉਨਾ ਚਿਰ ਤਾਂ ਇਸ ਘਰ ਦਾ ਦਰਵਾਜ਼ਾ ਖੁੱਲ੍ਹਾ ਰਹੂ, ਜਿਸ ਦਿਨ ਅੱਖਾਂ ਮੀਟ ਗਈ, ਫਿਰ ਰੱਬ ਰਾਖਾ। ‘ਤੂੰ ਚਲੀ ਜਾਣਾ ਸੀ ਮਾਤਾ, ਇਥੇ ਇਕੱਲੀ ਹੱਥ ਫੂਕਦੀਂ’ ਵੀਰਦੀਪ ਨੇ ਦਲੀਲ ਦਿੱਤੀ।
‘ਦਿਲਬਾਗ ਨੇ ਕਿਹੜਾ ਚੂੜੇ ਵਾਲੀ ਲੈ ਆਂਦੀ ਬਈ ਮੈਨੂੰ ਪੱਕੀਆਂ ਪਕਾਈਆਂ ਖਵਾਊ, ਉਥੇ ਵੀ ਤਾਂ ਆਪੇ ਹੱਥ ਫੂਕਣੇ, ਸਗੋਂ ਚਹੁੰ ਜਣਿਆਂ ਦੀਆਂ ਹੋਰ ਲਾਹੁਣੀਆਂ ਪੈਣਗੀਆਂ।’ ਮਾਤਾ ਨੇ ਕੰਮ ਦੀ ਗੱਲ ਕੀਤੀ।
ਵੀਰਦੀਪ ਹੱਥ ‘ਤੇ ਹੱਥ ਮਾਰ ਕੇ ਹੱਸਣ ਲੱਗਾ, ‘ਗੱਲ ਤਾਂ ਤੇਰੀ ਠੀਕ ਆ ਮਾਤਾ ਊਂ।’
‘ਤੂੰ ਆਪ ਤਾਂ ਵਕੀਲ ਬਣ ਗਿਆਂ ਵੀਰੂ, ਮੇਰਾ ਮੁੰਡਾ ਦੇਖਲਾ ਔਝੜੀਂ ਪਾ ਦਿੱਤਾ’ ਮਾਤਾ ਹੁਣ ਲਾਡ ਨਾਲ ਬੋਲਣ ਲੱਗੀ।
‘ਮੈਂ ਕਾਹਨੂੰ ਪਾ ਤਾ ਮਾਤਾ, ਪਹਿਲਾਂ ਤੋਂ ਈ ਦਿਲਬਾਗ ਦਾ ਸੁਭਾਅ ਅੱਥਰਾ ਰਿਹਾ, ਮੇਰੇ ਕਹਿੰਦੇ ਕਹਿੰਦੇ ਵੀ ਕੋਈ ਨਾ ਕੋਈ ਗਲਤੀ ਕਰ ਬਹਿੰਦਾ ਸੀ।’ ਵੀਰਦੀਪ ਨੇ ਉੱਤਰ ਦਿੱਤਾ।
‘ਤੂੰ ਹੁਣ ਬਥੇਰਾ ਕਾਨੂੰਨ ਪੜ੍ਹ ਲਿਆ ਵੀਰਦੀਪ, ਹੁਣ ਕਰ ਕੋਈ ਹੀਲਾ ਉਹਨੂੰ ਘਰ ਮੋੜ ਕੇ ਲਿਆਉਣ ਦਾ, ਵਿਆਹ ਵਿਊਹ ਕਰੀਏ ਫੇਰ ਉਹਦਾ, ਮੈਨੂੰ ਵੀ ਕੁਝ ਸੁਖ ਦਾ ਸਾਹ ਆਵੇ’ ਮਾਤਾ ਨੇ ਦਿਲ ਦੀਆਂ ਹਸਰਤਾਂ ਮੁੰਡੇ ਕੋਲ ਖੋਲ੍ਹਣੀਆਂ ਸ਼ੁਰੂ ਕੀਤੀਆਂ।
‘ਸਭ ਠੀਕ ਹੋ ਜਾਣਾ ਬੀਬੀ, ਮੈਂ ਵੇਖੀ ਹੋਈ ਕੁੜੀ ਦਿਲਬਾਗ ਵਾਸਤੇ, ਜਲਦੀ ਨੂੰਹ ਬਣਾ ਦੇਣੀ ਤੇਰੀ’ ਦਿਲਬਾਗ ਨੇ ਮਾਂ ਦਾ ਦਿਲ ਖੁਸ਼ ਕੀਤਾ।
‘ਕਿਉਂ ਮੇਰਾ ਚਿੱਤ ਪਰਚਾਈ ਜਾਨਾਂ ਝੂਠੀਓਂ, ਅਖੇ ਅੰਨ੍ਹਾ ਜੁਲਾਹਾ ਮਾਂ ਨਾਲ ਮਸ਼ਕਰੀਆਂ’ ਮਾਤਾ ਗੱਲਾਂ ਕਰਦਿਆਂ ਇੰਨੀ ਨਿੱਘੀ ਹੋ ਗਈ ਕਿ ਵੀਰਦੀਪ ਵਿਚੋਂ ਉਹਨੂੰ ਆਪਣਾ ਦਿਲਬਾਗ ਦਿਸਣ ਲੱਗਾ।
‘ਝੂਠੀਓਂ ਨੀ ਮਾਤਾ, ਜੇ ਕਹੇਂ ਤਾਂ ਤੈਨੂੰ ਮਿਲਾ ਦੂੰ ਕਿਤੇ ਮੈਂ ਕੁੜੀ ਨੂੰ’ ਵੀਰਦੀਪ ਨੇ ਕੁਝ ਵਧਵੀਂ ਗੱਲ ਕੀਤੀ।
‘ਤੇਰਾ ਈ ਮੂੰਹ ਬਖਤਾਵਰ ਹੋਵੇ ਪੁੱਤਾ, ਜੇ ਇਉਂ ਹੋ ਜਾਵੇ, ਮੈਂ ਜਿਉਂਦਿਆਂ ‘ਚ ਹੋ ਜਾਵਾਂ’ ਮਾਤਾ ਨੇ ਤਰਸੇਵਾਂ ਪ੍ਰਗਟਾਇਆ।
‘ਧੀਰਜ ਰੱਖ ਬੀਬੀ, ਇਉਂ ਈ ਹੋਊ’ ਇੰਨਾ ਆਖ ਕੇ ਵੀਰਦੀਪ ਜਾਣ ਲਈ ਉੱਠ ਖਲੋਤਾ।
‘ਬਹਿ ਜਾ ਹਾਲੇ, ਕਦ ਆਇਆ ਕਦ ਚੱਲਿਆ ਵੀ’ ਮਾਂ ਬੋਲ ਰਹੀ ਸੀ।
‘ਨਹੀਂ ਮੈਂ ਚਾਚੇ ਨੂੰ ਦੱਸ ਕੇ ਨੀ ਆਇਆ ਮਾਤਾ, ਉਡੀਕਦਾ ਹੋਣਾ’ ਵੀਰਦੀਪ ਆਖਣ ਲੱਗਾ।
‘ਚਲ ਚੰਗਾ ਫਿਰ, ਜਲਦੀ ਗੇੜਾ ਮਾਰੀਂ ਦੁਬਾਰਾ’ ਮਾਤਾ ਵੀਰਦੀਪ ਨੂੰ ਜਿਵੇਂ ਤਾੜ ਕੇ ਕਿਹਾ।
ਵੀਰਦੀਪ ਨੇ ਬੀਬੀ ਨੂੰ ਫਤਹਿ ਬੁਲਾਈ। ਉਹ ਗੇਟੋਂ ਬਾਹਰ ਹੋ ਗਿਆ। ਤੁਰਦਿਆਂ ਉਹਦਾ ਦਿਲ ਕਰੇ ਥੋੜ੍ਹਾ ਚਿਰ ਹੋਰ ਬੈਠ ਜਾਂਦਾ ਮਾਤਾ ਕੋਲੇ। ਕਿੰਨੀ ਸਕੂਨਮਈ ਹੈ ਦਿਲਬਾਗ ਦੀ ਬੀਬੀ ਦੀ ਸੰਗਤ। ਘਰ ਕੋਈ ਵੀ ਨਹੀਂ ਪਰ ਫਿਰ ਵੀ ਐਂ ਲਗਦਾ ਜਿਵੇਂ ਘਰ ਮੋਹ ਮਿੱਠੀਆਂ ਆਵਾਜ਼ਾਂ ਨਾਲ ਭਰਿਆ ਪਿਆ ਹੋਵੇ। ਅੰਦਰੋਂ ਬਾਹਰ ਆਉਣ ਨੂੰ ਦਿਲ ਨਹੀਂ ਸੀ ਕਰਦਾ, ਜਣੀ ਉਥੇ ਹੀ ਬੈਠਾ ਰਹਾਂ। ਵੀਰਦੀਪ ਆਪ ਤਾਂ ਭਾਵੇਂ ਕਿਸਾਨ ਲਹਿਰ ਵਿੱਚ ਸ਼ਾਮਲ ਨਹੀਂ ਸੀ ਹੋਇਆ, ਪਰ ਉਹ ਇਸ ਨੂੰ ਨੇੜੇ ਤੋਂ ਵੇਖ ਰਿਹਾ ਸੀ। ਉਹਨੂੰ ਇਹਦੇ ਵਿੱਚੋਂ ਕੋਈ ਆਸ ਦੀ ਕਿਰਨ ਵਿਖਾਈ ਦੇਣ ਲੱਗੀ। ਉਹ ਸੋਚਦਾ ਸਾਡੇ ਜਿਹੜਾ ਸਿਆਸੀ ਜਮੂਦ ਬਣਿਆ ਹੋਇਆ, ਉਸ ਨੂੰ ਤੋੜਨ ਲਈ ਇਹ ਲਹਿਰ ਜ਼ਰੀਆ ਬਣ ਸਕਦੀ।
ਇੱਕ ਵਾਰ ਗਈ ਰਾਤ ਨੂੰ ਦਿਲਬਾਗ ਵੀਰਦੀਪ ਦੇ ਘਰ ਪੁੱਜ ਗਿਆ। ਉਹਨੇ ਬਾਹਰਲੇ ਦਰਵਾਜ਼ੇ ਦਾ ਕੁੰਡਾ ਖੜਕਾਇਆ। ਅੰਦਰੋਂ ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ। ਦੂਰ ਕਿਧਰੇ ਕੁੱਤੇ ਰੋ ਵੀ ਰਹੇ ਸਨ। ਕੁੱਤੇ ਦੀ ਆਵਾਜ਼ ਸੁਣ ਕੇ ਇੱਕ ਬਿੱਲੀ ਕੰਧ ‘ਤੋਂ ਦੀ ਛਾਲ ਮਾਰ ਕੇ ਖੇਤਾਂ ਵੱਲ ਦੌੜ ਗਈ। ਕਰਮੇ ਨੇ ਬਾਹਰਲੀ ਲਾਈਟ ਜਗਾਈ। ‘ਚਾਚਾ ਬਾਹਰਲੀ ਲਾਈਟ ਬੰਦ ਕਰਦੇ।’ ਦਿਲਬਾਗ ਨੇ ਆਵਾਜ਼ ਦਿੱਤੀ। ਕਰਮੇ ਨੇ ਲਾਈਟ ਬੰਦ ਕਰ ਦਿੱਤੀ। ਉਸ ਨੇ ਦਿਲਬਾਗ ਦੀ ਆਵਾਜ਼ ਪਛਾਣ ਲਈ ਸੀ। ਦਿਲਬਾਗ ਨੇ ਕਰਮੇ ਦੇ ਗੋਡੀਂ ਹੱਥ ਲਾਇਆ। ਦਿਲਬਾਗ ਸਿੱਧਾ ਹੋਇਆ ਤਾਂ ਚਾਚੇ ਨੇ ਮੁੰਡੇ ਨੂੰ ਜੱਫੀ ਵਿੱਚ ਲੈ ਲਿਆ। ਉਹਨੇ ਦਿਲਬਾਗ ਦੀ ਸੁੱਖ ਸਾਂਦ ਪੁੱਛੀ। ਦਿਲਬਾਗ ਚੜ੍ਹਦੀ ਕਲਾ ਵਿੱਚ ਦਿਸਦਾ ਸੀ। ਕਰਮੇ ਨੇ ਵੀਰਦੀਪ ਵਾਲਾ ਕਮਰਾ ਖੁਲ੍ਹਵਾਇਆ ਅਤੇ ਦਿਲਬਾਗ ਨੂੰ ਉਸ ਕੋਲ ਛੱਡ ਆਇਆ। ਰੋਟੀ ਨੂੰ ਦਿਲਬਾਗ ਨੇ ਨਾਂਹ ਕਰ ਦਿੱਤੀ। ਕਰਮਾ ਗਰਮ ਦੁੱਧ ਦਾ ਡੋਲੂ ਅਤੇ ਬਿਸਕੁਟਾਂ ਦਾ ਇੱਕ ਡੱਬਾ ਉਨ੍ਹਾਂ ਨੂੰ ਫੜਾ ਗਿਆ। ਨਵਜੋਤ ਵੀ ਜਾਗ ਪਈ। ਉਹ ਕੁਝ ਫਿਕਰਮੰਦੀ ਜ਼ਾਹਰ ਕਰਨ ਲੱਗੀ, ਪਰ ਕਰਮੇ ਨੇ ਜਲਦੀ ਹੀ ਉਸ ਨੂੰ ਸਹਿਜ ਕਰ ਲਿਆ। ਕਰੋਨਾ ਕਾਰਨ ਵੀਰਦੀਪ ਨੂੰ ਕਾਫੀ ਚਿਰ ਤੋਂ ਦਿਲਬਾਗ ਦੀ ਖ਼ਬਰ ਸਾਰ ਨਹੀਂ ਸੀ ਮਿਲੀ। ਅਚਾਨਕ ਉਸ ਦੀ ਆਮਦ ਨੇ ਵੀਰਦੀਪ ਨੂੰ ਅਚੰਭਾ ਜਿਹਾ ਹੋਇਆ। ਸ਼ੱਕਰ ਘੁਲਿਆ ਦੁੱਧ ਪੀਂਦਿਆਂ ਉਹ ਕਿਸਾਨ ਲਹਿਰ ਬਾਰੇ ਗੱਲਾਂ ਕਰਨ ਲੱਗੇ:
‘ਤੂੰ ਵੀਰਦੀਪ ਸਿਆਸਤ ਬਾਰੇ ਡਿਗਰੀ ਓ ਕਰਦਾ ਰਹਿ ਗਿਆ, ਆਹ ਵੇਖ ਲੈ ਕਿਸਾਨ ਲੈ ਗਏ ਸਿਆਸੀ ਬੇੜੀ ਨੂੰ ਧੁਹ ਕੇ’ ਦਿਲਬਾਗ ਨੇ ਵੀਰਦੀਪ ਨੂੰ ਇੱਕ ਤਰ੍ਹਾਂ ਨਾਲ ਟਾਂਚ ਮਾਰੀ।
‘ਗੱਲ ਤੇ ਤੇਰੀ ਠੀਕ ਆ, ਇਹ ਯੂਨੀਅਨਾਂ ਵਾਲੇ ਲੰਮੀ ਦੇਰ ਤੋਂ ਲੱਗੇ ਹੋਏ ਸਨ ਛੋਟੇ ਛੋਟੇ ਸੰਘਰਸ਼ ਲੜਦੇ ਲੜਦੇ ਤਜ਼ਰਬੇਕਾਰ ਹੋ ਗਏ’ ਵੀਰਦੀਪ ਨੇ ਕਿਸਾਨ ਵਰਤਾਰੇ ਨੂੰ ਸਮਝਣ ਦਾ ਯਤਨ ਕੀਤਾ।
‘ਇਕੱਲੀ ਇੰਨੀ ਨੀ ਗੱਲ ਯਾਰ, ਇਨ੍ਹਾਂ ਦੇ ਇਕੱਠਾਂ ‘ਚ ਅੱਗੇ ਬੁੱਢੇ ਠੇਰੇ ਹੁੰਦੇ ਸਨ, ਹੁਣ ਤੇ ਜਵਾਨੀ ਤੁਰ ਪਈ ਹੜ੍ਹ ਬਣ ਕੇ’ ਦਿਲਬਾਗ ਆਖਣ ਲੱਗਾ।
‘ਸਮਾਂ ਬੜਾ ਬਲਵਾਨ ਐ ਦਿਲਬਾਗ, ਵਕਤ ਆਪੇ ਬੰਦੇ ਕੱਢ ਲੈਂਦਾ ਘਰਾਂ `ਚੋਂ, ਹੁਣ ਸਾਡੇ ਕਿਸਾਨਾਂ ਨੂੰ ਲਾ ਵੀ ਕੰਧ ਨਾਲ ਦਿੱਤਾ ਸੀ ਸਰਕਾਰ ਨੇ, ਗੱਲ ਹੋਂਦ ਬਚਾਉਣ ‘ਤੇ ਆ ਗਈ ਸੀ’ ਵੀਰਦੀਪ ਸਾਰੀ ਸਥਿਤੀ ਨੂੰ ਡੁੰਘਾਈ ਵਿੱਚ ਸਮਝ ਰਿਹਾ ਸੀ।
‘ਆਪਾਂ ਇਹ ਵੇਖੀਏ ਕਿ ਅਸੀਂ ਕੀ ਕਰ ਸਕਦੇ ਆਂ ਇਸ ਦੌਰ ‘ਚ’, ਵੀਰਦੀਪ ਨੇ ਦਿਲਬਾਗ ਅੱਗੇ ਅਮਲ ਦਾ ਸੁਆਲ ਰੱਖਿਆ।
‘ਮੈਂ ਤਾਂ ਅੰਬੇ ਹੋਰੀਂ ਦੋਨੋ ਭੇਜ ਦਿੱਤੇ ਕਿਸਾਨਾਂ ਦੇ ਨਾਲ, ਜਿੱਦਣ ਦਿੱਲੀ ਵੱਲ ਕਾਫਲਾ ਤੁਰਿਆ, ਉਹ ਵੀ ਨਾਲ ਈ ਤੁਰਗੇ। ਕਿਤੇ ਗ੍ਰਿਫਤਾਰੀ ਹੋ ਜਾਂਦੀ ਤਾਂ ਰਿਸਕ ਵੀ ਹੋ ਸਕਦਾ ਸੀ, ਪਰ ਉਹ ਸਾਲੇ ਅਸਤਰ ਨਿਕਲੇ। ਕਾਫਲੇ ਦੇ ਨਾਲ ਗਏ ਤੇ ਪੁਲਿਸ ਦੀਆਂ ਰੋਕਾ ਤੋੜਦੇ ਗਏ। ਹੁਣ ਕਦੀ ਇਕੱਠ ਦੀ ਸੁਰੱਖਿਆ ਲਈ ਵਾਲੰਟੀਅਰ ਬਣ ਜਾਂਦੇ ਨੇ। ਕਿਸੇ ਦਿਨ ਲੰਗਰ ‘ਚ ਸੇਵਾ ਕਰ ਆਉਂਦੇ। ਕਦੇ ਕਿਸਾਨ ਆਗੂਆਂ ਦਾ ਕੱਪੜਾ ਲੀੜਾ ਧੋਣ ਦੀ ਸੇਵਾ ਨਿਭਾਅ ਆਉਂਦੇ। ਇੱਕ ਛੋਟੇ ਜਿਹੇ ਹੋਟਲ ‘ਚ ਕਮਰਾ ਮੈਂ ਲੈ ਕੇ ਦੇ ਆਇਆ ਸਾਂ ਉਨ੍ਹਾਂ ਨੂੰ। ਚੰਗੇ ਵੱਡੇ ਆਹਰ ਲੱਗ ਗਏ, ਜੀ ਬੜਾ ਲੱਗਿਆ ਕੰਜਰਾਂ ਦਾ। ਕਹਿੰਦੇ ਬਾਈ ਪਤਾ ਨੀ ਕਿਹੜਾ ਜਾਦੂ ਜਿਹਾ ਤੁਰਿਆ ਫਿਰਦਾ ਇਥੋਂ ਦੀ ਹਵਾ ‘ਚ, ਇੱਥੋਂ ਜਾਣ ਨੂੰ ਦਿਲ ਨੀ ਕਰਦਾ। ਕਹਿੰਦੇ ਇਦਾਂ ਕਦੀ ਨਹੀਂ ਲਗਿਆ ਕਿਤੇ ਕਿ ਸਾਰੇ ਹੀ ਲੋਕ ਆਪਣੇ ਲਗਦੇ ਹੋਣ। ਇੱਥੇ ਲੱਗੀ ਜਾਂਦਾ ਬਈ ਸਾਰਾ ਪਿੰਡ ਮਿੱਤਰਾਂ ਦਾ ਈ ਆ। ਜਿੱਥੇ ਮਰਜੀ ਖਲੋ ਜੋ, ਬਹਿ ਜੋ, ਪੈ ਜਾਵੋ, ਤੰਬੂ ਆਲਾ ਤੁਹਾਡੀ ਸੇਵਾ ‘ਚ ਲੱਗ ਜਾਂਦਾ। ਅੰਬਾ ਆਂਹਦਾ ਬਾਈ ਸਵਰਗ ਇਹਨੂੰ ਈ ਕਹਿੰਦੇ, ਆਪਾਂ ਪਿੰਡਾਂ ‘ਚ ਨਰਕ ਭੋਗਦੇ। ਲੋਕ ਉਹੀ ਨੇ ਪਤਾ ਨੀ ਇੱਥੇ ਆ ਕੇ ਕੀ ਬਣਗੇ ਇਹ। ਇੱਥੇ ਲਗਦਾ ਈ ਨੀ ਬਈ ਇਹ ਨਿੱਕੀਆਂ ਨਿੱਕੀਆਂ ਗੱਲਾਂ ‘ਤੇ ਕਿੜਾਂ ਕੱਢਣ ਵਾਲੇ ਪੰਜਾਬ ਦੇ ਲੋਕ ਨੇ।
‘ਉਥੇ ਗੁਰੂ ਨਾਨਕ ਦੀ ਰਹਿਮਤ ਵਰਤਣ ਲੱਗ ਪਈ ਦਿਲਬਾਗ’ ਵੀਰਦੀਪ ਨੇ ਸਾਰੇ ਵਰਤਾਰੇ ਨੂੰ ਇੱਕ ਲਾਈਨ ‘ਚ ਸਮੇਟਣਾ ਚਾਹਿਆ।
‘ਉਦਾਂ ਯਾਰ ਆਪਾਂ ਨੂੰ ਵੀ ਜਾ ਕੇ ਵੇਖਣਾ ਚਾਹੀਦਾ ਕਿ ਹੋ ਕੀ ਰਿਹਾ ਦਿੱਲੀ ਦੇ ਬਾਰਡਰਾਂ ‘ਤੇ’ ਦਿਲਬਾਗ ਨੇ ਵੀਰਦਪ ਅਗੇ ਤਜਵੀਜ਼ ਰੱਖੀ।
‘ਚੱਲ ਵੜਦੇ ਆਂ ਕਿਸੇ ਦਿਨ’ ਵੀਰਦੀਪ ਨੇ ਜਵਾਬ ਦਿੱਤਾ।
ਤੇ ਫਿਰ ਸਿਮਰਨ ਅਤੇ ਹਰਜੀਤ ਬਾਰੇ ਗੱਲਾਂ ਹੁੰਦੀਆਂ ਰਹੀਆਂ। ਅਖੀਰ ਉਹ ਤੜਕੇ ਜਿਹੇ ਜਾ ਕੇ ਸੌਂ ਗਏ। ਜਦੋਂ ਜਾਗ ਖੁੱਲ੍ਹੀ ਸਵੇਰ ਦੇ ਅੱਠ ਵੱਜ ਚੁੱਕੇ ਸਨ। ਕਰਮਾ ਕਈ ਵਾਰ ਉਨ੍ਹਾਂ ਨੂੰ ਵੇਖ ਕੇ ਮੁੜ ਗਿਆ ਸੀ। ਉਹ ਚਾਹ ਉਨ੍ਹਾਂ ਦੇ ਟੇਬਲ ‘ਤੇ ਰੱਖ ਗਿਆ। ਚਾਹ ਠੰਡੀ ਹੋ ਗਈ। ਬਾਅਦ ਵਿੱਚ ਨਵਜੋਤ ਆਈ ਅਤੇ ਉਹ ਚਾਹ ਮੁੜ ਗਰਮ ਕਰਕੇ ਲੈ ਆਈ। ਇੰਨੇ ਨੂੰ ਵੀਰਦੀਪ ਹੋਰੀਂ ਜਾਗ ਗਏ। ਦਿਲਬਾਗ ਨੇ ਨਵਜੋਤ ਦੇ ਪੈਰੀਂ ਹੱਥ ਲਾਏ, ਉਹਨੇ ਮੁੰਡੇ ਦਾ ਸਿਰ ਪਲੋਸ ਦਿੱਤਾ। ਸਰਸਰੀ ਹਾਲਚਾਲ ਪੁੱਛਿਆ ਅਤੇ ਵਾਪਸ ਚਲੀ ਗਈ। ਹੁਣ ਉਹ ਸਹਿਜ ਹੋ ਗਈ ਸੀ। ਨਵਜੋਤ ਨੂੰ ਲੱਗਾ, ਅਖ਼ਬਾਰਾਂ ਜਿੱਡਾ ਵੱਡਾ ਇਹਨੂੰ ਮੁਜ਼ਰਿਮ ਦੱਸਦੀਆਂ, ਏਡਾ ਲਗਦਾ ਤੇ ਨਹੀਂ ਦਿਲਬਾਗ। ਏਡਾ ਹਲੀਮ, ਮਾਸੂਮ ਜਿਹਾ ਚਿਹਰਾ, ਨਰਮ ਜਿਹਾ ਸੁਭਾਅ। ਉੱਠਣ ਸਾਰ ਦਿਲਬਾਗ ਨੂੰ ਜਾਣ ਦੀ ਕਾਹਲੀ ਪੈ ਗਈ। ਰਾਤੀਂ ਗੱਲਾਂ ਕਰਦਿਆਂ ਹੀ ਸਮਾਂ ਬੀਤ ਗਿਆ ਸੀ। ਉਹ ਤੜਕੇ ਮੂੰਹ ਹਨੇਰੇ ਹੀ ਨਿਕਲਣਾ ਚਾਹੁੰਦਾ ਸੀ। ਵੀਰਦੀਪ ਉਹਨੂੰ ਲਾਗੇ ਦੇ ਬੱਸ ਅੱਡੇ ‘ਤੇ ਛੱਡ ਆਇਆ। ਕਿਸਮਤ ਨੂੰ ਜਾਂਦਿਆਂ ਹੀ ਬੱਸ ਮਿਲ ਗਈ।