ਮੋਈ ਮਾਂ ਦਾ ਦੁੱਧ

ਸਾਹਿਤਕ ਤੰਦਾਂ

ਮਨਮੋਹਨ ਸਿੰਘ ਦਾਊਂ*
ਫੋਨ +91-9815123900
1947 ਦੇ ਦਿਨ। ਕਹਿਰ ਦਾ ਸਾਲ। ਬਰਸਾਤ ਦਾ ਮੌਸਮ। ਧਰਤੀ ’ਤੇ ਵਰਖਾ ਨਹੀਂ, ਲਹੂ ਵਰ੍ਹ ਰਿਹਾ ਸੀ। ਕੀ ਹੋ ਗਿਆ ਸੀ। ਪੌਣਾਂ ’ਚ ਅੱਗ ਦੀਆਂ ਖ਼ਬਰਾਂ ਹਨੇਰੀ ਵਾਂਗ ਫੈਲ ਰਹੀਆਂ ਸਨ। ਸਭ ਕੁਝ ਸੱਚ ਮੰਨਿਆ ਜਾ ਰਿਹਾ ਸੀ। ਪੰਜਾਬ ਗੁਰਾਂ ਦੇ ਨਾਮ ’ਤੇ ਜੀਣ ਵਾਲਾ, ਲਹੂ-ਰੱਤਾ ਹੋ ਗਿਆ ਸੀ। ਹਿੰਦੂ-ਸਿੱਖ ਤੇ ਮੁਸਲਿਮ ਭਰਾਵਾਂ ਵਾਂਗ ਰਹਿੰਦੇ, ਰਾਤੋ-ਰਾਤ ਇੱਕ ਦੂਜੇ ਦੇ ਵੈਰੀ ਬਣ ਗਏ ਸਨ।

ਅਫ਼ਵਾਹਾਂ ਫੈਲ ਰਹੀਆਂ ਸਨ ਕਿ ਪਾਕਿਸਤਾਨ ’ਚ ਹਿੰਦੂ-ਸਿੱਖਾਂ ਦਾ ਵੱਡੀ ਪੱਧਰ ’ਤੇ ਕਤਲੇਆਮ ਕੀਤਾ ਜਾ ਰਿਹਾ ਹੈ, ਇੱਧਰ ਪੰਜਾਬ ਵਿੱਚ ਵੀ ਪਿੰਡਾਂ ਦੇ ਪਿੰਡ ਸਾੜੇ ਜਾ ਰਹੇ ਸਨ, ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ। ਹਰ ਕੋਈ ਜਿੱਦ-ਜਿੱਦ ਕੇ ਦੱਸ ਰਿਹਾ ਸੀ ਕਿ ਮੈਂ ਏਨੇ ਮੁਸਲੇ ਮੌਤ ਦੇ ਰਾਹ ਤੋਰ ਦਿੱਤੇ। ਲੁੱਟ-ਖੋਹ ਜ਼ੋਰਾਂ ’ਤੇ ਸੀ। ਜਨੂੰਨੀ ਬੰਦੇ ਜਬਰ-ਜ਼ੁਲਮ ਦੇ ਰਾਹ ਤੁਰ ਪਏ ਸਨ। ਇਨਸਾਨੀਅਤ ਮੂਧੇ-ਮੂੰਹ ਡਿੱਗ ਪਈ ਸੀ, ਪਰ ਜੁਰੱਅਤ ਵਾਲੇ ਤੇ ਜ਼ਮੀਰਾਂ ਵਾਲੇ ਬੰਦੇ ਆਪਣਾ ਫ਼ਰਜ਼ ਨਿਭਾਉਣ ਵਿੱਚ ਵੀ ਡਟੇ ਹੋਏ ਸਨ। ਹਨੇਰੇ ’ਚ ਦੀਵਾ ਜਗਾਉਣ ਵਾਲੇ ਕਦੇ ਡਰਦੇ ਨਹੀਂ। ਆਸ ਦੀ ਕਿਰਨ ਕਦੇ ਹਾਰ ਨਹੀਂ ਮੰਨਦੀ। ਨੇਕੀ ਤੇ ਬਦੀ ਦੀ ਲੜਾਈ ਤਾਂ ਆਦਿ ਕਾਲ ਤੋਂ ਚਲੀ ਆ ਰਹੀ ਹੈ।
ਪਿੰਡ ਰੁਪਾਲਹੇੜੀ ਤੋਂ ਅੱਜ ਤੀਜੇ ਦਿਨ ਚਾਲੀ ਕੁ ਬੰਦਿਆਂ ਦਾ ਟੋਲਾ ਤਲਵਾਰਾਂ, ਸਫ਼ਾਜੰਗ, ਨੇਜ਼ੇ, ਗੰਡਾਸੀਆਂ, ਬਰਛੇ ਤੇ ਟਾਕੂਏ ਲੈ ਕੇ ਪਿੰਡ ਕਮਾਲੀ ’ਤੇ ਹੱਲਾ ਬੋਲਣ ਲਈ ਤੁਰ ਪਿਆ। ਬੜਾ ਜੋਸ਼ ਤੇ ਖਰੂਦੀ ਸੁਭਾਅ ਜੈਕਾਰੇ ਛੱਡਦਾ ਪਿੰਡ ਦੀ ਜੂਹ ਤੋਂ ਤੁਰਦਾ ਜਾ ਰਿਹਾ ਸੀ। “ਅਸੀਂ ਨੀਂ ਛੱਡਣੇ ਰੰਗੜ, ਸਾਡੀਆਂ ਧੀਆਂ-ਭੈਣਾਂ ਨਾਲ ਉੱਧਰ ਬਹੁਤ ਜ਼ੁਲਮ ਹੋ ਰਿਹਾ ਹੈ। ਅਸੀਂ ਭਾਜੀ ਮੋੜਨੀ।” ਏਦਾਂ ਦੀਆਂ ਗੱਲਾਂ ਹਵਾਵਾਂ ’ਚ ਖਿੰਡ ਰਹੀਆਂ ਸਨ। ਇਸ ਟੋਲੇ ’ਚ ‘ਬੋਲ਼ਾ’ ਵੀ ਆਪਣਾ ਟਾਕੂਆ ਲੈ ਕੇ ਨਾਲ ਹੋ ਤੁਰਿਆ। ਨਾਂ ਤਾਂ ਉਸ ਦਾ ਹਜਾਰਾ ਸਿੰਘ ਸੀ, ਪਰ ਥੋੜ੍ਹਾ ਉੱਚਾ ਸੁਣਨ ਕਰ ਕੇ ਉਸ ਦੀ ਅੱਲ ‘ਬੋਲ਼ਾ’ ਪੱਕੀ ਹੋਈ ਸੀ।
ਹਜੂਮ ਪਿੰਡ ਕਸੁੰਭੜੀ ਟੱਪ ਕੇ ਕਮਾਲੀ ਪਿੰਡ ਦੇ ਬੰਨੇ ਪਹੁੰਚ ਗਿਆ। ਕਮਾਲੀ ਪਿੰਡ ਮੁਸਲਮਾਨਾਂ ਦਾ ਗੜ੍ਹ ਸੀ। ਇੱਥੋਂ ਦੇ ਕਹਿੰਦੇ-ਕਹਾਉਂਦੇ ਮੁਸਲਮਾਨ ਸੁਲਤਾਨ ਖਾਂ ਦਾ ਬੜਾ ਰੋਅਬ-ਦਾਬ ਸੀ। ਉਸ ਨੇ ਹੋਰ ਪਿੰਡਾਂ ਦੇ ਮੁਸਲਮਾਨਾਂ ਨੂੰ ਇਕੱਠਾ ਕਰ ਲਿਆ ਸੀ। ਇਹ ਵੀ ਖ਼ਬਰ ਫੈਲ ਗਈ ਕਿ ਸੁਲਤਾਨ ਖਾਂ ਪੰਜਾਬ ਦੇ ਹਿੰਦੂ-ਸਿੱਖਾਂ ’ਤੇ ਹਮਲਾ ਵੀ ਕਰ ਸਕਦਾ। ਇਸ ਅਫ਼ਵਾਹ ਕਰ ਕੇ ਹਿੰਦੂ-ਸਿੱਖਾਂ ਦੇ ਟੋਲੇ ਪਿੰਡ ਕਮਾਲੀ ’ਤੇ ਹੱਲਾ ਬੋਲਣ ਲਈ ਬਜ਼ਿੱਦ ਹੋ ਗਏ। ਚਾਰੇ ਪਾਸੇ ਹੋ-ਹੱਲਾ ਮਚਿਆ ਹੋਇਆ ਸੀ।
ਜਦੋਂ ਟੋਲਾ ਹੋਰ ਅੱਗੇ ਵਧਿਆ ਤਾਂ ਰਸਤੇ ਵਿੱਚ ਇੱਕ ਭਰ ਜੁਆਨ ਮੁਸਲਮਾਨ ਔਰਤ ਵੱਢੀ-ਟੁੱਕੀ ਪਈ ਸੀ। ਬੜਾ ਸੁੰਦਰ ਸਡੌਲ ਸਰੀਰ ਨਿਰਜਿੰਦ ਸੀ ਤੇ ਦੋ ਕੁ ਸਾਲ ਦਾ ਇੱਕ ਬੱਚਾ (ਮੁੰਡਾ) ਆਪਣੀ ਮੋਈ ਮਾਂ ਦਾ ਦੁੱਧ ਚੁੰਘ ਸਹਿਕ ਰਿਹਾ ਸੀ। ਔਰਤ ਤਾਂ ਤਾਜ਼ੀ-ਤਾਜ਼ੀ ਮਰੀ ਲਗਦੀ ਸੀ, ਪਰ ਬੱਚਾ ਦੁੱਧ ਦੀਆਂ ਘੁੱਟਾਂ ਨੂੰ ਲਪਕਿਆ ਪਿਆ ਸੀ। ਹਜਾਰਾ ਸਿੰਘ ਇਹ ਕਰੁਣਾਮਈ ਦ੍ਰਿਸ਼ ਵੇਖ ਕੇ ਪਸੀਜਿਆ ਗਿਆ। ਉਸ ਦੇ ਪੈਰ ਟੋਲੇ ਨਾਲ ਤੁਰਨ ਤੋਂ ਲਾਚਾਰ ਹੋ ਗਏ। ਉਹ ਖੜੋ ਕੇ ਬੜੀ ਨੀਝ ਨਾਲ ਵੇਖਣ ਲੱਗਿਆ। ਟੋਲੇ ’ਚੋਂ ਕੋਈ ਬੋਲਿਆ: “ਤੂੰ ਮਰੀ ਹੋਈ ਨਾਲ ਵਿਆਹ ਕਰਾਉਣਾ। ਇਸ ਦੇ ਤੁਖਮ ਨੂੰ ਵੀ ਗੱਡੀ ਚੜ੍ਹਾ ਦੇ, ਵੇਖਦਾ ਕੀ ਐਂ।”
ਹਜਾਰਾ ਸਿੰਘ ਸੁੰਨ ਹੋ ਗਿਆ। ਉਸ ਦੇ ਅੰਦਰਲਾ ਇਨਸਾਨ ਜਾਗ ਉੱਠਿਆ। ਉਸ ਤੋਂ ਟੋਲੇ ਨਾਲ ਹੋਰ ਨਾ ਤੁਰ ਹੋਇਆ। ਮਰੀ ਹੋਈ ਔਰਤ ਦੇ ਅੰਗਾਂ ਨੂੰ ਉਸ ਦੇ ਦੁਪੱਟੇ ਨਾਲ ਕੱਜਿਆ। ਲਹੂ ਨਾਲ ਕੱਪੜੇ ਗੜੁੱਚ ਸਨ। ਹਜਾਰਾ ਸਿੰਘ ਦੇ ਹੱਥੋਂ ਟਾਕੂਆ ਡਿੱਗ ਪਿਆ। ਉਸ ਨੇ ਗੋਡਣਿਆਂ ਭਾਰ ਹੋ ਕੇ, ਆਪਣੇ ਪਰਨੇ ਨਾਲ ਬੱਚੇ ਦਾ ਮੂੰਹ ਪੂੰਝਿਆ, ਮਰੀ ਹੋਈ ਮਾਂ ਦੀ ਦੁੱਧੀ ਤੋਂ ਬੱਚੇ ਦਾ ਮੂੰਹ ਛੁਡਾ ਕੇ ਆਪਣੀ ਗੋਦੀ ’ਚ ਸਾਂਭ ਲਿਆ। ਬੱਚਾ ਬੇਸੁੱਧ ਜਿਹਾ ਹਜਾਰਾ ਸਿੰਘ ਦੇ ਮੋਢੇ ਲੱਗ ਗਿਆ। ਉਸ ਨੇ ਟੋਲੇ ’ਚੋਂ ਇਹ ਆਵਾਜ਼ ਵੀ ਸੁਣੀ ਕਿ ਆਇਆ ਕਿਸ ਕੰਮ ਸੀ ਤੇ ਕਰ ਕੀ ਰਿਹਾ। ਹਜਾਰਾ ਸਿੰਘ ਜਿਵੇਂ ਬੰਦਾ ਨਹੀਂ ਫ਼ਰਿਸ਼ਤਾ ਬਣ ਗਿਆ ਸੀ। ਉਸ ਨੇ ਕਿਹਾ: “ਜਾਓ, ਜਾਓ, ਤੁਸੀਂ ਜੋ ਕਰਨਾ ਕਰੋ। ਮੈਨੂੰ ਤਾਂ ਮੇਰਾ ਖ਼ਜ਼ਾਨਾ ਮਿਲ ਗਿਆ।”
ਉਸ ਨੇ ਸਮਾਂ ਖੁੰਝਣ ਨਾ ਦਿੱਤਾ। ਉਨ੍ਹੀਂ ਪੈਰੀਂ ਬੱਚੇ ਨੂੰ ਪੂਰੀ ਸੁਰੱਖਿਅਤਾ ਨਾਲ ਲੈ ਕੇ ਪਿੰਡ ਰੁਪਾਲਹੇੜੀ ਆ ਗਿਆ। “ਲੈ ਭਗਵਾਨ ਕੁਰੇ, ਇੱਕ ਦਾਤ ਤੇਰੇ ਲਈ ਲੈ ਕੇ ਆਇਆਂ। ਲੈ ਸਾਂਭ, ਵੇਖ ਕਿੰਨਾ ਸੁਹਣਾ, ਇਹ ਰੱਬ ਦਾ ਪੁੱਤਰ।” ਅਸਲ ਵਿੱਚ ਹਜਾਰਾ ਸਿੰਘ ਦੇ ਵਿਆਹ ਹੋਏ ਨੂੰ ਦਸ ਸਾਲ ਹੋ ਗਏ ਸਨ, ਪਰ ਕੋਈ ਬੱਚਾ ਨਾ ਹੋਣ ਕਾਰਨ, ਘਰ ਸੁੰਨਾ ਪਿਆ ਸੀ। ਬੱਚੇ ਨੂੰ ਵੇਖ ਕੇ ਭਗਵਾਨ ਕੁਰ ਅਚੰਭਿਤ ਹੋ ਗਈ। ਬੱਚੇ ਨੂੰ ਸਾਂਭਣ ਦਾ ਕੰਮ ਚੁਣੌਤੀਆਂ ਵਾਲਾ ਸੀ, ਪਰ ਦੋਵਾਂ ਨੇ ਲੋਕਾਂ ਦੀ ਪਰਵਾਹ ਨਾ ਕੀਤੀ। ਆਪਣੀ ਸੰਤਾਨ ਸਮਝ ਕੇ ਰੱਬ ’ਤੇ ਭਰੋਸਾ ਰੱਖ, ਬੱਚੇ ਨੂੰ ਪਾਲਣਾ ਸ਼ੁਰੂ ਕਰ ਦਿੱਤਾ। ਹੁਣ ਉਸ ਨੂੰ ‘ਸਾਧੂ’ ਕਹਿ ਕੇ ਪੁਕਾਰਨ ਲੱਗੇ। ਬੜੀ ਸਾਧਨਾ ਨਾਲ ਬੱਚਾ ਮਿਲਣ ਕਰ ਕੇ ਇਹ ਨਾਂ ਹੀ ਪਿਆਰਾ ਲੱਗਣ ਲੱਗ ਪਿਆ। ਤੱਤੀਆਂ ਹਵਾਵਾਂ ਲੰਘ ਗਈਆਂ। ਹਜਾਰਾ ਸਿੰਘ ਇੱਕ ਦਰਵੇਸ਼ ਸੁਭਾਅ ਦਾ ਹੋਣ ਕਾਰਨ, ਬੱਚੇ ਦਾ ਹਰ ਪੱਖੋਂ ਖਿਆਲ ਰੱਖਦਾ। ਭਗਵਾਨ ਕੁਰ ਵੀ ਬੱਚੇ ਨਾਲ ਕਾਰੇ ਲੱਗ ਗਈ। ਮਾਂ ਦੀ ਮਮਤਾ ਨੇ ਰੰਗ ਲਿਆਂਦਾ। ਦੋ ਕੁ ਸਾਲ ਪਿੱਛੋਂ ਉਸ ਦੀ ਕੁੱਖ ਹਰੀ ਹੋ ਗਈ। ਪਿੰਡ ਵਿੱਚ ਚਰਚਾ ਹੋਣ ਲੱਗੀ ਕਿ ਨੇਕੀ ਦਾ ਫ਼ਲ ਮਿਲਿਆ। ਵੱਢ-ਟੁੱਕ ਕਰਨ ਵਾਲਿਆਂ ਨੂੰ ਸ਼ਰਮਿੰਦਗੀ ਵੀ ਹੋਈ, ਪਰ ਉਹ ਸਮਾਂ ਬੀਤ ਚੁੱਕਿਆ ਸੀ। ਠੰਢ-ਠੇਰ ਹੋ ਗਈ।
ਹਜਾਰਾ ਸਿੰਘ ਨੇ ਨਵੇਂ ਜੰਮੇ ਪੁੱਤਰ ਦਾ ਨਾਂ ਸੋਚ-ਸੋਚ ਕੇ ਕਰਮ ਸਿੰਘ ਉਰਫ਼ ਕਰਮਾ ਰੱਖਿਆ। ਜਦੋਂ ਕਦੇ ਉਹ ਕਰਮਾ ਨੂੰ ਭਗਵਾਨ ਕੁਰ ਦੀ ਗੋਦੀ ’ਚ ਦੁੱਧ ਚੁੰਘਦਾ ਵੇਖਦਾ ਤਾਂ ਉਸ ਨੂੰ ਉਸ ਮਰੀ ਹੋਈ ਔਰਤ ਦੀ ਯਾਦ ਆ ਜਾਂਦੀ ਤੇ ਉਹ ਬਹੁਤ ਭਾਵੁਕ ਹੋ ਜਾਂਦਾ। ਸਹਿਜੇ ਹੀ ਉਸ ਦੇ ਮੂੰਹੋਂ ਨਿਕਲਦਾ: “ਪਰਮਾਤਮਾ, ਦੁੱਧ ਚੁੰਘਦੇ ਕਿਸੇ ਬੱਚੇ ਦੀ ਮਾਂ ਨਾ ਮਰੇ।”
ਘਰ ’ਚ ਦੋਵੇਂ ਬੱਚੇ ਸਕੇ ਭਰਾ ਜਾਪਦੇ। ਰੌਣਕ ਲੱਗੀ ਰਹਿੰਦੀ। ਹਜਾਰਾ ਸਿੰਘ ਨੇ ਦੋਵੇਂ ਬੱਚਿਆਂ ਨੂੰ ਪਿੰਡ ਦੇ ਮਿਡਲ ਸਕੂਲ ਤੋਂ ਅੱਠਵੀਂ ਪਾਸ ਕਰਵਾ ਕੇ, ਆਪਣੇ ਨਾਲ ਖੇਤੀ ਦੇ ਕੰਮ ’ਚ ਲਾ ਲਿਆ। ਉਸ ਕੋਲ ਜ਼ਮੀਨ ਥੋੜ੍ਹੀ ਸੀ। ਮੱਝਾਂ ਰੱਖ ਕੇ ਦੁੱਧ ਦਾ ਧੰਦਾ ਉਸ ਨੂੰ ਲਾਹੇਵੰਦਾ ਲੱਗਿਆ। ਸਾਧੂ ਨੂੰ ਹੁਣ ਲੋਕੀਂ ਸਾਧੂ ਫ਼ਕੀਰ ਕਹਿਣ ਲੱਗ ਪਏ, ਕਿਉਂਕਿ ਸੁਭਾਅ ਹੀ ਅਜਿਹਾ ਸੀ। ਬਹੁਤ ਘੱਟ ਬੋਲਦਾ ਤੇ ਆਪਣੇ ਕੰਮ ’ਚ ਜੁਟਿਆ ਰਹਿੰਦਾ। ਹੁਣ ਉਹ ਗੱਭਰੂ ਹੋ ਗਿਆ ਸੀ। ਹਜਾਰਾ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਦੇ ਕੁਨਬੇ ਨਾਲ ਸਲਾਹ ਬਣਾਈ ਕਿ ਕਿਉਂ ਨਾ ਸਾਧੂ ਦਾ ਘਰ ਵਸਾ ਦਿੱਤਾ ਜਾਵੇ। ਹੁਣ ਇਸ ਦਾ ਇੱਧਰ ਹੀ ਦੇਸ ਹੈ। ਨੇੜੇ ਦੇ ਪਿੰਡ ’ਚੋਂ ਮੁਸਲਮਾਨ ਪਰਿਵਾਰ ਲੱਭ ਕੇ, ਉਸ ਦਾ ਵਿਆਹ ਕਰ ਦਿੱਤਾ ਤੇ ਪਿੰਡ ’ਚ ਉਸ ਨੂੰ ਰਹਿਣ ਲਈ ਵੱਖਰਾ ਘਰ ਵੀ ਖਰੀਦ ਕੇ ਦੇ ਦਿੱਤਾ। ਜ਼ਿੰਦਗੀ ਆਪਣੀ ਤੋਰੇ ਤੁਰਦੀ ਗਈ। ਉਸ ਨੇ ਆਪਣੇ ਰੁਜ਼ਗਾਰ ਲਈ ਕੁਝ ਬੱਕਰੀਆਂ ਰੱਖ ਲਈਆਂ ਤੇ ਆਮਦਨ ਦਾ ਵਸੀਲਾ ਚੰਗਾ ਚੱਲਣ ਲੱਗਿਆ। ਸਮੇਂ ਅਨੁਸਾਰ ਉਹ ਬਾਲ ਬੱਚਿਆਂ ਵਾਲਾ ਹੋ ਗਿਆ। ਮਾਂ ਤੋਂ ਟੁੱਟੀ ਆਂਦਰ ਦੀ ਜੜ੍ਹ ਲੱਗ ਗਈ। ਮੋਈ ਮਾਂ ਦੇ ਦੁੱਧ ਦੇ ਘੁੱਟਾਂ ਦੀ ਹੋਣੀ ਨੇ ਨਵਾਂ ਰੂਪ ਧਾਰਨ ਕੀਤਾ।
ਸਮਾਂ ਲੰਘਦਾ ਗਿਆ। ਪਿੰਡ ਵਾਲੇ ਉਸ ਨੂੰ ਬੱਕਰੀਆਂ ਵਾਲਾ ਸਾਧੂ ਫ਼ਕੀਰ ਕਹਿਣ ਲੱਗੇ। ਪਿੱਛੇ ਕੀ ਸੀ, ਪਰ ਹੁਣ ਇਹ ਉਸ ਦਾ ਆਪਣਾ ਪਿੰਡ ਸੀ।

*(ਸ਼੍ਰੋਮਣੀ ਸਾਹਿਤਕਾਰ)

Leave a Reply

Your email address will not be published. Required fields are marked *