ਮਾਈ ਜੱਸੋ ਦੇ ਨਾਂ ਹੈ ‘ਜੱਸੋਵਾਲ’

ਆਮ-ਖਾਸ

ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਮਾਈ ਜੱਸੋ ਦੇ ਨਾਂ `ਤੇ ਵੱਸੇ ਪਿੰਡ ‘ਜੱਸੋਵਾਲ’ ਬਾਰੇ ਸੰਖੇਪ ਵੇਰਵਾ…

ਵਿਜੈ ਬੰਬੇਲੀ
ਫੋਨ: +91-9463439075

‘ਕਿੱਥੇ ਅੱਕੀ-ਪਲਾਹੀਂ ਹੱਥ ਮਾਰਦੇ ਫਿਰਦੇ ਹੋ। ਕਤਲ ਤਾਂ ਅਸੀਂ, ਸਿਰਫ ਤਿੰਨ ਜਣੇ ਕਰਦੇ ਹਾਂ।’ ਇਹ ਸੀ, ਉਹ ਹੈਰਤਅੰਗੇਜ਼ ਕਬੂਲਨਾਮਾ, ਜਿਹੜਾ ਤਿੰਨ ਚੋਟੀ ਦੇ ਬੱਬਰ ਅਕਾਲੀ ਦੇਸ਼ਭਗਤਾਂ- ਅਡੀਟਰ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਝੂੰਗੀਆਂ ਅਤੇ ਧੰਨਾ ਸਿੰਘ ਬਹਿਬਲਪੁਰ ਨੇ ‘ਬੱਬਰਾਂ ਦੀ ਹਾਈਕੋਰਟ’ ਜੱਸੋਵਾਲ, ਤਹਿਸੀਲ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਤੋਂ 22 ਅਗਸਤ 1923 ਨੂੰ ਜਾਰੀ ਕੀਤਾ। ਜੱਸੋਵਾਲ, ਜਿੱਥੇ ਬੱਬਰਾਂ ਦੀ ‘ਕੋਰਟ ਅਤੇ ਉਡਾਰੂ ਪ੍ਰੈੱਸ’ ਕੰਮ ਕਰਦੀ ਰਹੀ। ਪਿੰਡ ਨੇ ਸ਼ੁਮਾਰ ਤਕਲੀਫਾਂ ਝੱਲੀਆਂ। ਕੋਈ ਵਾਅਦਾ-ਮੁਆਫ਼-ਝੋਲੀ ਚੁੱਕ ਨਾ ਹੋਇਆ, ਪਿੰਡ ਇੱਕੋ ਨੱਕੇ ਵਹਿ ਗਿਆ, ਕਿਸੇ ਗੱਦਾਰੀ ਨਾ ਕੀਤੀ।
ਬੱਬਰ ਅਕਾਲੀ ਲਹਿਰ ਨਾਲ ਕਰੀਬ ਸਾਰਾ ਪਿੰਡ ਜੁੜਿਆ ਰਿਹਾ, ਪਰ ਬੱਬਰ ਜੋ ਬਹੁਤ ਉਘੇ ਹੋਏ, ਉਹ ਸਨ: ਗ਼ਦਰੀ/ਬੱਬਰ ਲਾਭ ਸਿੰਘ, ਬੱਬਰ ਕਰਮ ਸਿੰਘ, ਹਰੀ ਸਿੰਘ, ਹਰਦਿੱਤ ਸਿੰਘ, ਹਰਬਖਸ਼ ਸਿੰਘ, ਜੈਲਾ ਸਿੰਘ, ਤੇਜਾ ਸਿੰਘ, ਸੰਸਾਰ ਸਿੰਘ, ਮੁਨਸ਼ਾ ਸਿੰਘ, ਅੰਬਰ ਸਿੰਘ ਉਰਫ ਅਮਰ ਸਿੰਘ ਅਤੇ ਸੰਤ ਫਕੀਰ ਸਿੰਘ ਉਰਫ ਬੱਬਰ ਚਰਨ ਸਿੰਘ। ਬੱਬਰ ਲਾਭ ਸਿੰਘ ਲੇਖਕ ਸੀ ਤੇ ਹਰਬਖਸ਼ ਸਿੰਘ ਧੜਵੈਲ ਬੱਬਰ। ਬੱਬਰ ਮੁਨਸ਼ਾ ਸਿੰਘ ਪੂਰਾ ਖਾੜਕੂ ਅਤੇ ਤੇਜਾ ਸਿੰਘ ਜ਼ਹਿਰੀਲਾ। ਬੱਬਰ ਹਰੀ ਸਿੰਘ ਨੇ ਮੁਲਤਾਨ ਜੇਲ੍ਹ ਵਿੱਚ ਹੱਕੀ ਮੰਗਾਂ ਲਈ ਲੰਬੀ ਅਤੇ ਹਠੀ ਭੁੱਖ ਹੜਤਾਲ ਕੀਤੀ, ਮਰਨੀਂ ਮਰ ਗਿਆ ਪਰ ਭੁੱਖ ਹੜਤਾਲ ਨਾ ਤੋੜੀ। ਬੱਬਰ ਮੁਨਸ਼ਾ ਸਿੰਘ, ਜਿਸਨੇ ਗੁਰਦਵਾਰਾ ਸੁਧਾਰ ਲਹਿਰ ਵਿੱਚ ਵੀ ਉੱਘਾ ਹਿੱਸਾ ਲਿਆ ਸੀ, ਮੁਲਤਾਨ ਜੇਲ੍ਹ ‘ਚ ਕੈਦ ਤਨਹਾਈ ਦੌਰਾਨ ਫੌਤ ਹੋ ਗਿਆ। ਅੰਗਰੇਜ਼ਾਂ ਨੇ ਉਸਦੀ ਨਿਰਧਾਰਤ ਕੈਦ ਤੀਕ ਉਸਦੇ ਅਸਥੀ-ਕਲਸ ਨੂੰ ਹੱਥ ਕੜੀ ਲਗਾਈ ਰੱਖਣ ਦਾ ਫੁਰਮਾਨ ਅਹਿਦ ਰੱਖਣ ਦਾ ਹੁਕਮ ਸਾਦਰ ਰੱਖਿਆ। ਸਿਤਮ ਵੇਖੋ, ਅਸਥੀਆਂ ਇਸ ਕਰਕੇ ਪਿੰਡ ਨਾ ਆ ਸਕੀਆਂ ਕਿ ਤਦ ਤੀਕ ਮੁਲਕ ਦੀ ਵੰਡ ਹੋ ਗਈ।
ਬੱਬਰ ਸੂਰਮਿਆਂ ਦਾ ਇਹ ਪਿੰਡ, ਕਰੀਬ ਤਿੰਨ ਕੁ ਸਦੀਆਂ ਪਹਿਲਾਂ ਵਸਿਆ ਸੀ। ਪੰਜਾਬ ਦੇ ਸਿਰਫ ਚੰਦ ਕੁ ਪਿੰਡ ਹੀ ਹੋਣਗੇ, ਜਿਨ੍ਹਾਂ ਦੇ ਵਸਣ ਦਾ ਸਬੱਬ ਤ੍ਰੀਮਤਾਂ ਬਣੀਆਂ। ਜੱਸੋਵਾਲ, ਉਨ੍ਹਾਂ ਵਿੱਚੋਂ ਇੱਕ ਹੈ। ਕਦੇ ਇਹ ਰਕਬਾ ਲਾਗਲੇ ਪਿੰਡ ਦਦਿਆਲ ਦੀ ਦੱਬਰੀ ਸੀ। ਇਸ ਦੱਬਰੀ ਵਿੱਚ ਇੱਕ ਬਹੁਤ ਵੱਡਾ ਟੋਭਾ ਸੀ, ਜਿਥੇ ਦਦਿਆਲੀਆਂ ਦੇ ਵੱਗ ਪਾਣੀ ਪੀਂਦੇ। ਮਗਰੋਂ ਇਹੀ ਤਲਾਅ ਕੰਢੇ ਬੱਬਰ ਹਰੀ ਸਿੰਘ ਦੀ ਵੱਡ ਅਕਾਰੀ ਹਵੇਲੀ ‘ਬੱਬਰਾਂ ਦੀ ਹਾਈਕੋਰਟ-ਜੱਸੋਵਾਲ’ ਦਾ ਸਦਰ-ਮੁਕਾਮ ਬਣੀ। ਪਹਿਲ-ਪਲੱਕੜਿਆਂ ਵਿੱਚ ਇਹੀ ਵੱਡ ਅਕਾਰੀ ਟੋਭਾ, ਜਿਹੜਾ ਅਜੇ ਵੀ ਹੈ, ਜੱਸੋਵਾਲ ਦੇ ਵੱਸਣ-ਰਸਣ ਦਾ ਕਾਰਕ ਬਣਿਆ।
ਹੋਇਆ ਇਉਂ, ਦਦਿਆਲ ਦੇ ਚੌਧਰੀ ਦੀ ਧੀ ਜੱਸੋ ਜਲੰਧਰ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸ਼ਰੀਹ ਸ਼ੰਕਰ ਪੁਰੇਵਾਲੀਏ ਜੱਟਾਂ ਦੇ ਵਿਆਹੀ ਵਰ੍ਹੀ ਗਈ। ਬਾਪ ਦਾ ਧੀ ਨਾਲ ਬਹੁਤ ਮੋਹ ਸੀ। ਉਦਾਸ ਹੁੰਦਾ ਤਾਂ ਮਰਾਸੀ ਨੂੰ ਧੀ ਨੂੰ ਲੈਣ ਸ਼ਰੀਹ ਸ਼ੰਕਰ ਨੂੰ ਤੋਰ ਦਿੰਦਾ। ਇੱਕ ਵਾਰ, ਅੱਕੀ ਹੋਈ ਸੱਸ ਨੇ ਮਹਿਣਾ ਮਾਰ ਦਿੱਤਾ, “ਬਹੁਤਾ ਹੇਜ਼ ਹੈ ਤਾਂ ਧੀ ਨੂੰ ਉਧਰ ਹੀ ਵਸਾ ਲਵੇ, ਬਥੇਰੀ ਪੈਲੀ ਹੈ, ਪਹਾੜਾ ਦੇ ਪੈਰਾਂ ਵਿੱਚ।” ਉਦਾਸ ਧੀ ਤੋਂ ਅਸਲ ਮਾਜਰਾ ਜਾਣ, ਚੌਧਰੀ ਨੇ ਜਵਾਈ ਸੱਦ, ਵਗਲਾ ਵਗਲਣ ਨੂੰ ਘੋੜਾ ਫੇਰਨ ਦੀ ਅਰਜ਼ੋਈ ਕਰ ਦਿੱਤੀ। ਜਿਹੜਾ ਰਕਬਾ ਜੱਸੋ ਨੇ ਵਗਲਿਆ, ਦਦਿਆਲੀਆਂ ਨੇ ਸਮੇਤ ਵੱਡ ਅਕਾਰੀ ਟੋਭਾਂ, ਜਿਹੜਾ ਉਨ੍ਹਾਂ ਦੀ ਸਾਹ ਰਗ ਸੀ, ਵੀ ਉਸੇ ਸਪੁਰਦ ਕਰ ਦਿੱਤਾ। ਜੱਸੋ ਦਾ ਪਰਿਵਾਰ ਉਥੇ ਵਸ-ਰਸ ਅਤੇ ਫੈਲਰ ਗਿਆ। ਸਮਾਂ ਪਾ ਇਹ ਬਹੁ-ਭਾਂਤੀ, ਬਹੁ-ਪਰਤੀ ਪਿੰਡ ਬਣ ਗਿਆ, ਜਿਸ ਨੇ ਬੱਬਰ ਅਕਾਲੀ ਲਹਿਰ ਵਿੱਚ ਬੜੀ ਭੱਲ ਖੱਟੀ।
ਇਸੇ ਜੱਸੋਵਾਲ ਤੋਂ ਬੱਬਰਾਂ ਨੇ ਸਮੇਂ ਦੀ ਸਰਕਾਰ ਦੀ ‘ਫੂਕ’ ਕੱਢਣ ਲਈ ਹੁਕਮ ਜਾਰੀ ਕੀਤਾ, “ਬਲਾਚੌਰੋਂ ਮੁਕੇਰੀਆਂ ਤੀਕ ਜਾਂਦੀ 90 ਮੀਲ ਲੰਬੀ ਸ਼ਾਹ-ਰਾਹ ‘ਤੇ ਪੈਂਦੇ ਅੰਬਾਂ ਦੀ ਸਰਕਾਰ ਬੋਲੀ ਨਾ ਲਗਾਵੇ। ਇਹ ਭਾਰਤੀਆਂ ਦੀ ਮਲਕੀਅਤ ਹੈ, ਫਲ ਲੋਕ ਖਾਣਗੇ।” ਫਿਰ ਇੱਕ ਤੋਂ ਬਾਅਦ ਇੱਕ ਟੈਕਸ ਨਾ ਤਾਰਨ ਅਤੇ ਮੁਫ਼ਤ ਰੇਲ ਸਫ਼ਰ ਦਾ ਹੁਕਮ ਸਾਦਰ ਕੀਤਾ। ਸਰਕਾਰ ਨੂੰ ਹੱਥਾਂ–ਪੈਰਾਂ ਦੀ ਪੈ ਗਈ। ਗੱਦਾਰਾਂ ਅਤੇ ਸੂਹੀਆਂ ਦੇ ‘ਸੁਧਾਰ’ ਦਾ ਫੈਸਲਾ ਵੀ ਇਸੇ ਪਿੰਡ ਹੋਇਆ। ਇਹੀ ਉਹ ਪਿੰਡ ਹੈ, ਜਿੱਥੋਂ ਦੇ ਗੁਰਾ ਦਿੱਤਾ ਬਾਲਮੀਕੀ ‘ਜੈ ਹਿੰਦੀਆ’ ਦਾ ਹਮ-ਮਸ਼ਵਰਾਨ ਚੌਧਰੀ ਬੱਗਾ ਸਿੰਘ, ਪੰਜਾਬ ਦੀ ਕਮਿਊਨਿਸਟ ਲਹਿਰ ਦੀ ਤਵਾਰੀਖ ‘ਚ ਕਿਸੇ ਖੈੜੇ ਦਾ ਉਹ ਪਹਿਲਾ ਵਾਹਿਦ ਦਲਿਤ ਕਾਰਕੁਨ ਹੋਇਆ, ਜਿਸ ਕਿਸੇ ਜੱਟ ਬਹੁਲ ਪਿੰਡ ਵਿੱਚ ਕਮਿਊਨਿਸਟ ਵਿੰਗ ਦੀ 1948 ਵਿੱਚ ਨੀਂਹ ਰੱਖੀ ਸੀ। ਇਹੀ ਨਹੀਂ, ਬੱਬਰ ਲਹਿਰ ਦੇ ਸਦਭਾਵੀ ਅਤੇ ਸਾਂਝੀਵਾਲਤਾ ਖਾਸੇ ਕਾਰਨ ਇਸ ਪਿੰਡ ਦੇ ਜੱਟ-ਸਿੱਖਾਂ, ਖਾਸ ਕਰਕੇ ਬੱਬਰਾਂ ਨੇ ਉਸਦੀ ਅਗਵਾਈ ਕਬੂਲੀ ਵੀ।
ਹਾਂ! 2 ਨਵੰਬਰ 1940 ਦੇ ਕੀਰਤਪੁਰ ਐਕਸ਼ਨ ਉਪਰੰਤ ਬੱਬਰ ਲਹਿਰ ਦੀ ਅਗਲੀ-ਅਗਲੇਰੀ ਅਤੇ ਆਖਰੀ ਕੜੀ ‘ਯੁੱਗ ਪਲਟਾਊ ਦਲ’ ਦੇ ਗਿਆਨੀ ਹਰਬੰਸ ਸਿੰਘ ਸਰਹਾਲਾ ਨੇ ਆਪਣੇ ਯੁੱਧ ਸਾਥੀਆਂ ਸਮੇਤ ਇਸੇ ਪਿੰਡ ਹੀ ਪਹਿਲ-ਪਲੱਕੜੀ ਪਨਾਹ ਲਈ ਸੀ।

Leave a Reply

Your email address will not be published. Required fields are marked *