ਅਕਾਲੀਆਂ ਦੇ ਦੋਵੇਂ ਧੜੇ ਰੁਲ਼ੇ
ਜਸਵੀਰ ਸਿੰਘ ਸ਼ੀਰੀ
ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੱਗੇ ਧੱਕੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਇੱਕ ਹੋਰ ਝਟਕਾ ਲੱਗ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 10 ਜੁਲਾਈ ਨੂੰ ਹੋਈਆਂ 13 ਵਿਧਾਨ ਸਭਾਈ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਸਿਰਫ ਦੋ ਹਲਕਿਆਂ ਵਿੱਚ ਜਿੱਤ ਪ੍ਰਾਪਤ ਕਰ ਸਕੀ ਹੈ। 10 ਸੀਟਾਂ ‘ਇੰਡੀਆ’ ਗੱਠਜੋੜ ਨੇ ਜਿੱਤ ਲਈਆਂ ਹਨ, ਜਦੋਂਕਿ ਇੱਕ ਸੀਟ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ ਹੈ, ਜਿਹੜੀ ਕਿ ਹਾਲ ਦੀ ਘੜੀ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਹੈ।
ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਪੱਛਮੀ ਬੰਗਾਲ ਦੀਆਂ ਚਾਰ, ਹਿਮਾਚਲ ਪ੍ਰਦੇਸ਼ ਦੀਆਂ ਤਿੰਨ, ਉੱਤਰਾ ਖੰਡ ਦੀਆਂ ਦੋ ਅਤੇ ਪੰਜਾਬ, ਮੱਧ ਪ੍ਰਦੇਸ, ਬਿਹਾਰ ਤੇ ਤਾਮਿਲਨਾਡੂ ਵਿੱਚ ਇੱਕ-ਇੱਕ ਸੀਟ ‘ਤੇ 10 ਜੁਲਾਈ ਨੂੰ ਵੋਟਾਂ ਪਈਆਂ ਸਨ। ਕੁੱਲ 13 ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਜਦਕਿ ਕਾਂਗਰਸ ਪਾਰਟੀ ਨੂੰ ਚਾਰ (2 ਹਿਮਾਚਲ ਅਤੇ 2 ਉੱਤਰਾਖੰਡ ਵਿੱਚ) ਸੀਟਾਂ ਪ੍ਰਾਪਤ ਹੋਈਆਂ ਹਨ। ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਦੀਆਂ ਚਾਰੋ ਸੀਟਾਂ ਜਿੱਤ ਗਈ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਡੀ.ਐਮ.ਕੇ., ਜਨਤਾ ਦਲ ਯੂਨਾਈਟਿਡ ਅਤੇ ਬਹੁਜਨ ਸਮਾਜ ਪਾਰਟੀ ਨੂੰ ਇੱਕ-ਇੱਕ ਸੀਟ ਪ੍ਰਾਪਤ ਹੋਈ ਹੈ।
ਪੱਛਮੀ ਬੰਗਾਲ ਦੇ ਹਲਕਾ ਰਾਏਗੰਜ ਵਿੱਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਕ੍ਰਿਸ਼ਣਾ ਕਲਿਆਨੀ ਨੇ ਭਾਜਪਾ ਦੇ ਮਾਨਸ ਕੁਮਾਰ ਘੋਸ਼ ਨੂੰ 50,077 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਸੀਟ ਜਿੱਤੀ ਹੈ। ਇਸੇ ਤਰ੍ਹਾਂ ਰਾਣਾਘਾਟ ਦੱਖਣ ਵਿੱਚ ਮੁਕੁਤ ਨਾਮ ਦੇ ਇੱਕ ਸਾਬਕਾ ਅਧਿਕਾਰੀ ਨੇ ਭਾਜਪਾ ਦੇ ਮਨੋਜ ਕੁਮਾਰ ਬਿਸਵਾਸ ਨੂੰ 74,485 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਬਗਦਾ ਵਿਧਾਨ ਸਭਾ ਹਲਕੇ ਤੋਂ ਮਧੂਪਰਨਾ ਠਾਕੁਰ ਨੇ ਭਾਜਪਾ ਦੇ ਬਿਨੈ ਕੁਮਾਰ ਬਿਸਵਾਸ ਨੂੰ 74,251 ਅਤੇ ਮਾਣਿਕਤਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੁਪਤੀ ਪਾਂਡੇ ਨੇ ਭਾਜਪਾ ਦੇ ਕਲਿਆਣ ਚੌਬੇ ਨੂੰ 62,312 ਵੋਟਾਂ ਦੇ ਫਰਕ ਨਾਲ ਹਰਾਇਆ। ਉੱਤਰਾ ਖੰਡ ਦੀਆਂ ਦੋ ਸੀਟਾਂ- ਬਦਰੀਨਾਥ ਅਤੇ ਮੰਗਲੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਸ ਤਰ੍ਹਾਂ ਕਾਂਗਰਸ ਨੇ ਆਪਣੀਆਂ ਚਾਰ ਸੀਟਾਂ ਵਿੱਚ ਦੋ ਹਿਮਾਚਲ ਪ੍ਰਦੇਸ਼ ਵਿੱਚ ਅਤੇ 2 ਉਤਰਾਖੰਡ ਵਿੱਚ ਜਿੱਤੀਆਂ ਹਨ। ਭਾਜਪਾ ਨੇ ਆਪਣੀਆਂ ਦੋ ਸੀਟਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਵਿੱਚ ਅਤੇ ਦੂਜੀ ਹਿਮਾਚਲ ਪ੍ਰਦੇਸ਼ ਵਿੱਚ ਜਿੱਤੀ ਹੈ।
ਜ਼ਿਮਨੀ ਚੋਣਾਂ ਵਿੱਚ ਆਏ ਨਤੀਜਿਆਂ ‘ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਆਂ ਨੇ ਦਰਸਾ ਦਿੱਤਾ ਹੈ ਕਿ ਲੋਕ ਭਾਜਪਾ ਦੀ ਹੈਂਕੜ ਅਤੇ ਦੁਰ-ਪ੍ਰਸ਼ਾਸਨ ਨੂੰ ਪਸੰਦ ਨਹੀਂ ਕਰਦੇ। ਉਹ ਭਾਰਤੀ ਜਨਤਾ ਪਾਰਟੀ ਦੀ ਨਕਾਰਾਤਮਕ ਸਿਆਸਤ ਤੋਂ ਦੁਖੀ ਹਨ। ਰਾਏਬਰੇਲੀ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ‘ਭਾਜਪਾ ਵੱਲੋਂ ਡਰ ਅਤੇ ਭਰਮ ਦਾ ਬੁਣਿਆ ਗਿਆ ਤਾਣਾ-ਬਾਣਾ ਟੁੱਟ ਗਿਆ ਹੈ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਚੋਣ ਜਿੱਤਣ ਵਾਲੇ ਆਪਣੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੂਰੇ ਭਾਰਤ ਵਿੱਚ ਰਾਜਨੀਤਿਕ ਰੁਝਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ। ਦੂਜੇ ਪਾਸੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਸ੍ਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਪਾਰਟੀ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਪ੍ਰਵਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਭਲੇ ਲਈ ਸਾਡੀ ਲੜਾਈ ਜਾਰੀ ਰਹੇਗੀ।
‘ਆਪ’ ਨੇ ਵੱਡੇ ਫਰਕ ਨਾਲ ਜਿੱਤੀ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ
ਪੰਜਾਬ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਭਾਜਪਾ ਦੇ ਸ਼ੀਤਲ ਅੰਗੁਰਾਲ ਕੋਲੋਂ 37,325 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਸ਼ੀਤਲ ਅੰਗੁਰਾਲ ਨੂੰ ਕੁੱਲ 17,921 ਵੋਟਾਂ ਹਾਸਲ ਹੋਈਆਂ। ਕਾਂਗਰਸ ਦੀ ਕਰਮਜੀਤ ਕੌਰ ਤੀਜੇ ਨੰਬਰ ‘ਤੇ ਰਹੀ। ਯਾਦ ਰਹੇ, ਇਹ ਸੀਟ ਸ਼ੀਤਲ ਅੰਗੁਰਾਲ ਦੇ ਅਸਤੀਫਾ ਦੇਣ ‘ਤੇ ਖਾਲੀ ਹੋਈ ਸੀ। ਕਾਂਗਰਸ ਵੱਲੋਂ ਉਤਾਰੇ ਗਏ ਉਮੀਦਵਾਰ ਬੀਬੀ ਸੁਰਿੰਦਰ ਕੌਰ ਨੂੰ 16,757 ਵੋਟਾਂ ਹਾਸਲ ਹੋਈਆਂ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਖੜ੍ਹੀ ਕੀਤੀ ਗਈ ਅਤੇ ਬਾਅਦ ਵਿੱਚ ਨਕਾਰੀ ਗਈ ਉਮੀਦਵਾਰ (ਜਿਸ ਨੂੰ ਬਾਅਦ ਵਿੱਚ ਬਾਗੀ ਅਕਾਲੀ ਧੜੇ ਨੇ ਹਮਾਇਤ ਦਿੱਤੀ) ਨੂੰ ਸਿਰਫ 1242 ਵੋਟਾਂ ਪਈਆਂ। ਅਕਾਲੀ ਦਲ (ਬਦਲ) ਦੀ ਹਮਾਇਤ ਪ੍ਰਾਪਤ ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੂੰ 735 ਅਤੇ ਅਕਾਲੀ ਦਲ (ਅ) ਦੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ 662 ਵੋਟਾਂ ਪ੍ਰਾਪਤ ਹੋਈਆਂ, ਜਦਕਿ 687 ਵੋਟਾਂ ਨੋਟਾ ਨੂੰ ਪਈਆਂ ਹਨ।
ਯਾਦ ਰਹੇ, ਜਲੰਧਰ ਵੈਸਟ ਦੀ ਸੀਟ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ। ਸ੍ਰੀ ਅੰਗੁਰਾਲ ਨੇ 2022 ਵਿੱਚ ਇਹ ਸੀਟ ‘ਆਪ’ ਉਮੀਦਵਾਰ ਵਜੋਂ ਜਿੱਤੀ ਸੀ। ਅੰਗੁਰਾਲ ਅਸਤੀਫਾ ਦੇਣ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਚਲੇ ਗਏ ਸਨ, ਪਰ ਸੀਟ ਮਿਲਣ ਦੀ ਆਸ ਨੂੰ ਬੂਰ ਨਾ ਪੈਂਦਾ ਵੇਖ ਕੇ ਉਨ੍ਹਾਂ ਅਸਤੀਫਾ ਵਾਪਸ ਲੈਣ ਦਾ ਯਤਨ ਕੀਤਾ, ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅਸਤੀਫਾ ਪ੍ਰਵਾਨ ਕਰ ਲਏ ਜਾਣ ਤੋਂ ਬਾਅਦ ਉਨ੍ਹਾਂ ਦੀ ਬਰੰਗ ਵਾਪਸੀ ਹੋ ਗਈ। ਇਸ ਪਿੱਛੋਂ ਹੀ ਭਾਜਪਾ ਨੇ ਉਸ ਨੂੰ ਇਸ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਸੀ।
ਯਾਦ ਰਹੇ, ਇਸ ਸੀਟ ਨੂੰ ਜਿੱਤਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਹੀ ਡੇਰੇ ਲਾਈ ਰੱਖੇ ਅਤੇ ਚੋਣ ਦੀ ਸਾਰੀ ਕਮਾਨ ਆਪਣੇ ਹੱਥ ਰੱਖੀ। ਸੱਤਾਧਾਰੀ ਧਿਰ ਵੱਲੋਂ ਇਸ ਚੋਣ ਨੂੰ ਜਿੱਤਣ ਲਈ ਆਪਣੇ ਵੱਲੋਂ ਹਰ ਹਥਕੰਡਾ ਵਰਤਿਆ ਗਿਆ। ਇਸ ਹਲਕੇ ਵਿੱਚ ਗਰੀਬ ਅਤੇ ਮੱਧ ਵਰਗੀ ਲੋਕਾਂ ਦੀ ਭਰਮਾਰ ਹੈ। ਆਮ ਆਦਮੀ ਪਾਰਟੀ ‘ਤੇ ਇੱਥੇ ਸੂਟ, ਸ਼ਰਾਬ ਅਤੇ ਪੈਸੇ ਆਦਿ ਵੰਡਣ ਦੇ ਦੋਸ਼ ਵੀ ਲੱਗੇ; ਪਰ ਆਮ ਆਦਮੀ ਪਾਰਟੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਵਿਰੋਧੀਆਂ ਦੀ ਬੁਖਲਾਹਟ ਕਰਾਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੋਂ ਤੱਕ ਐਲਾਨ ਕੀਤਾ ਕਿ ਜੇ ਇਸ ਹਲਕੇ ਦੇ ਲੋਕ ਮਹਿੰਦਰ ਭਗਤ ਨੂੰ ਜਿਤਾ ਦੇਣਗੇ ਤਾਂ ਉਹ ਉਨ੍ਹਾਂ ਨੂੰ ਮੰਤਰੀ ਬਣਾ ਦੇਣਗੇ, ਤਾਂ ਕਿ ਜਲੰਧਰ ਪੱਛਮੀ ਹਲਕੇ ਦਾ ਵਿਕਾਸ ਸੰਭਵ ਹੋ ਸਕੇ। ਜਲੰਧਰ ਦਾ ਇਹ ਇਲਾਕਾ ਵਿਕਾਸ ਪੱਖੋਂ ਵੀ ਪਛੜਿਆ ਹੋਇਆ ਹੈ।