ਬ੍ਰਾਜ਼ੀਲ ਵਿੱਚ ਵੀ ਕਾਇਮ ਹੈ ਪੰਜਾਬੀਆਂ ਦੀ ਮੜ੍ਹਕ

ਆਮ-ਖਾਸ ਗੂੰਜਦਾ ਮੈਦਾਨ

ਬ੍ਰਾਜ਼ੀਲ ਵਿੱਚ ਸਭ ਤੋਂ ਪਹਿਲਾ ਪੰਜਾਬੀ ਸ਼ਖ਼ਸ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਪੁੱਜਿਆ ਮੰਨਿਆ ਜਾਂਦਾ ਹੈ। ਬਾਅਦ ਵਿੱਚ ਆਏ ਪੰਜਾਬੀ ਬ੍ਰਾਜ਼ੀਲ ਦੇ ਦੱਖਣੀ ਹਿੱਸੇ ਵਿੱਚ ਸਥਿਤ ‘ਪਰਾਨਾ’ ਨਾਮੀਂ ਰਾਜ ਵਿੱਚ ਹੀ ਵੱਸਦੇ ਗਏ ਸਨ। ਸਿੱਖ ਭਾਈਚਾਰੇ ਨੇ ਸਿੱਖ ਕੌਮ ਦੇ ਸਿਧਾਂਤਾਂ ਨੂੰ ਬ੍ਰਾਜ਼ੀਲ ਦੇ ਸਮਾਜ ਵਿੱਚ ਕਾਇਮ ਰੱਖਣ, ਪ੍ਰਚਾਰਨ ਅਤੇ ਪ੍ਰਸਾਰਨ ਕਰਨ ਲਈ ਕਰੜੀ ਘਾਲਣਾ ਘਾਲੀ ਹੈ। ਇੱਥੋਂ ਦੇ ਕਿਊਰੀਟਿਬੀਆ ਸ਼ਹਿਰ ਵਿੱਚ ‘ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ’ ਬ੍ਰਾਜ਼ੀਲ ਵਿਖੇ ਸਥਿਤ ਸਾਰੇ ਗੁਰਦੁਆਰਾ ਸਾਹਿਬਾਨ ਵਿੱਚੋਂ ਸਭ ਤੋਂ ਵੱਡਾ ਗੁਰਦੁਆਰਾ ਹੋਣ ਦਾ ਸ਼ਰਫ਼ ਰੱਖਦਾ ਹੈ। ਪੇਸ਼ ਹੈ, ਬ੍ਰਾਜ਼ੀਲ ਵਿੱਚ ਪੰਜਾਬੀਆਂ ਬਾਰੇ ਸੰਖੇਪ ਵੇਰਵਾ…

ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008

ਖੇਤਰਫ਼ਲ ਪੱਖੋਂ ਬ੍ਰਾਜ਼ੀਲ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ ਤੇ ਜਨਸੰਖਿਆ ਪੱਖੋਂ ਦੁਨੀਆਂ ਵਿੱਚ ਇਸਦਾ ਨੰਬਰ ਸੱਤਵਾਂ ਹੈ। ਇਸਦੀ ਰਾਜਧਾਨੀ ਬ੍ਰਾਜ਼ੀਲੀਆ ਹੈ ਤੇ ਇਹ 26 ਰਾਜਾਂ ਨੂੰ ਜੋੜ ਕੇ ਬਣਿਆ ਲਾਤੀਨੀ ਅਮਰੀਕਾ ਦਾ ਮੁਲਕ ਹੈ। ਇਹ ਅਮਰੀਕੀ ਖਿੱਤੇ ਦਾ ਇਕਲੌਤਾ ਅਜਿਹਾ ਮੁਲਕ ਹੈ, ਜਿੱਥੋਂ ਦੀ ਰਾਜ ਭਾਸ਼ਾ ਪੁਰਤਗਾਲੀ ਹੈ। ਇੱਥੇ ਲਗਪਗ ਇੱਕ ਸਦੀ ਤੱਕ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਬਾਸ਼ਿੰਦੇ ਆ ਕੇ ਵੱਸਦੇ ਰਹੇ ਹਨ, ਜਿਸ ਕਰਕੇ ਇੱਥੇ ਕਈ ਤਰ੍ਹਾਂ ਦਾ ਸੱਭਿਆਚਾਰ ਵੇਖਣ ਨੂੰ ਮਿਲਦਾ ਹੈ। ਇੱਥੇ ਮਿਲਦੀ ਭਾਰਤੀ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਇਹ ਸਾਬਿਤ ਕਰਦੀ ਹੈ ਕਿ ਪੰਜਾਬੀਆਂ ਨੇ ਇਸ ਮੁਲਕ ਵਿੱਚ ਵੀ ਆਪਣੀ ਵੱਖਰੀ ਪਛਾਣ ਦੇ ਚਿੰਨ੍ਹ ਸਥਾਪਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ।
ਬ੍ਰਾਜ਼ੀਲ ਵਿੱਚ ਪੰਜਾਬੀਆਂ ਦੀ ਆਬਾਦੀ ਕੋਈ ਬਹੁਤ ਜ਼ਿਆਦਾ ਨਹੀਂ ਹੈ ਤੇ ਇੱਕ ਅੰਦਾਜ਼ੇ ਮੁਤਾਬਿਕ ਚਾਰ ਸੌ ਦੇ ਕਰੀਬ ਪੰਜਾਬੀ ਇਸ ਮੁਲਕ ਵਿੱਚ ਵੱਸਦੇ ਹਨ। ਇੱਥੇ ਸਭ ਤੋਂ ਪਹਿਲਾ ਪੰਜਾਬੀ ਸ਼ਖ਼ਸ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਪੁੱਜਿਆ ਮੰਨਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਤੋਂ ਇੱਥੇ ਆਪਣਾ ਸੁਨਹਿਰਾ ਭਵਿੱਖ ਤਲਾਸ਼ਣ ਆਏ ਜ਼ਿਆਦਾਤਰ ਪੰਜਾਬੀ ਬੰਦੇ ਇਸ ਮੁਲਕ ਦੇ ਦੱਖਣੀ ਹਿੱਸੇ ਵਿੱਚ ਸਥਿਤ ‘ਪਰਾਨਾ’ ਨਾਮੀਂ ਰਾਜ ਵਿੱਚ ਹੀ ਵੱਸਦੇ ਗਏ ਸਨ। ਇੱਕ ਹੋਰ ਦਿਲਚਸਪ ਤੱਥ ਇਹ ਵੀ ਹੈ ਕਿ ਕੁਝ ਕੁ ਪੰਜਾਬੀ ਨੌਜਵਾਨ ਇੱਥੇ ਆਏ ਜ਼ਰੂਰ ਸਨ, ਪਰ ਵੱਸਣ ਲਈ ਨਹੀਂ, ਸਗੋਂ ਬ੍ਰਾਜ਼ੀਲ ਦੇ ਰਸਤੇ ਅਰਜਨਟੀਨਾ ਤੱਕ ਪੁੱਜਣ ਲਈ ਆਏ ਸਨ। ਸ. ਸਵਰਨ ਸਿੰਘ ਕਾਹਲੋਂ ਵੱਲੋਂ ਲਿਖ਼ੀ ਪੁਸਤਕ ‘ਸਿੱਖਜ਼ ਇਨ ਲੈਟਿਨ ਅਮੈਰਿਕਾ’ ਵਿੱਚ ਲੇਖਕ ਨੇ ਬ੍ਰਾਜ਼ੀਲ ਸਮੇਤ ਲਾਤੀਨੀ ਅਮਰੀਕਾ ਵਿੱਚ ਸਿੱਖਾਂ ਦੇ ਇਤਿਹਾਸ ਤੇ ਸੱਭਿਆਚਾਰ ਬਾਰੇ ਵਿਸਥਾਰਤ ਜਾਣਕਾਰੀ ਦਰਜ ਕੀਤੀ ਹੈ। ਲੇਖਕ ਨੇ ਇਸ ਖਿੱਤੇ ਵਿੱਚ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਨੂੰ ਆਪਣੀਆਂ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਦੀ ਰਾਖੀ ਤੇ ਸਾਂਭ-ਸੰਭਾਲ ਕਰਨ ਵਿੱਚ ਦਰਪੇਸ਼ ਮੁਸ਼ਕਿਲਾਂ ਦਾ ਅਤੇ ਉਨ੍ਹਾਂ ਮੁਸ਼ਕਿਲਾਂ ਦੇ ਮੱਦੇਨਜ਼ਰ ਕੀਤੇ ਗਏ ਸੰਘਰਸ਼ ਦਾ ਵੇਰਵਾ ਵੀ ਆਪਣੀ ਇਸ ਸਾਂਭਣਯੋਗ ਪੁਸਤਕ ਵਿੱਚ ਦਰਜ ਕੀਤਾ ਹੈ।
ਦੱਸਿਆ ਜਾਂਦਾ ਹੈ ਕਿ ਸਿੱਖਾਂ ਦੀ ਕੌਮ ਤਾਂ ਮੁੱਢ ਤੋਂ ਹੀ ਸੱਚਾਈ, ਬਰਾਬਰੀ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਦੀ ਪਾਲਣਾ ਕਰਦੀ ਆਈ ਹੈ ਤੇ ਇਨ੍ਹਾਂ ਸਿਧਾਂਤਾਂ ਨੂੰ ਇਸ ਕੌਮ ਨੇ ਬ੍ਰਾਜ਼ੀਲ ਦੇ ਸਮਾਜ ਵਿੱਚ ਕਾਇਮ ਰੱਖਣ, ਪ੍ਰਚਾਰਨ ਅਤੇ ਪ੍ਰਸਾਰਨ ਕਰਨ ਲਈ ਕਰੜੀ ਘਾਲਣਾ ਘਾਲੀ ਹੈ। ਸੰਨ 2018 ਵਿੱਚ ਬ੍ਰਾਜ਼ੀਲੀ ਸਿੱਖਾਂ (ਬ੍ਰਾਜ਼ੀਲ ਦੇ ਨਾਗਰਿਕ ਜਿਨ੍ਹਾਂ ਨੇ ਅੰਮ੍ਰਿਤਪਾਨ ਕਰਕੇ ਸਿੱਖ ਧਰਮ ਧਾਰਨ ਕੀਤਾ ਸੀ) ਦਾ ਇੱਕ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਜ਼ਿਆਰਤ ਲਈ ਵੀ ਪੁੱਜਾ ਸੀ ਤੇ ਇਸ ਵਫ਼ਦ ਨੇ ਸਿੱਖ ਕੌਮ ਅੰਦਰ ਮਰਦ ਤੇ ਇਸਤਰੀ ਦੀ ਬਰਾਬਰੀ ਦੇ ਸਿਧਾਂਤ ਦੀ ਖੁੱਲ੍ਹ ਕੇ ਵਕਾਲਤ ਕੀਤੀ ਸੀ ਅਤੇ ਪੰਜਾਬੀਆਂ ਨੂੰ ਭਰੂਣ ਹੱਤਿਆ ’ਤੇ ਰੋਕ ਲਗਾਉਣ ਲਈ ਪ੍ਰੇਰਿਤ ਕੀਤਾ ਸੀ। ਇਸ ਵਫ਼ਦ ਨੇ ਸਿੱਖਾਂ ਦੀਆਂ ਕੁਝ ਇੱਕ ਧਾਰਮਿਕ ਰਸਮਾਂ ਵਿੱਚ ਔਰਤਾਂ ਦੀ ਸ਼ਮੂਲੀਅਤ ’ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਵਕਾਲਤ ਵੀ ਕੀਤੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਉਂਕਿ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਇਥੇ ਪੰਜਾਬੀਆਂ ਦੀ ਸੰਖਿਆ ਬਹੁਤ ਹੀ ਘੱਟ ਸੀ, ਇਸ ਲਈ ਇੱਥੇ ਵੱਸਣ ਵਾਲੇ ਪੰਜਾਬੀਆਂ ਨੂੰ ਗ਼ੈਰ-ਸਿੱਖ ਅਤੇ ਗ਼ੈਰ-ਪੰਜਾਬੀ ਮੁਟਿਆਰਾਂ ਨਾਲ ਸ਼ਾਦੀ ਕਰਨ ਲਈ ਮਜਬੂਰ ਹੋਣਾ ਪਿਆ ਸੀ।
ਪੰਜਾਬੀਆਂ ਦਾ ਇਹ ਸੁਭਾਅ ਹੈ ਕਿ ਇਹ ਜਿਸ ਵੀ ਮੁਲਕ ਵਿੱਚ ਜਾ ਵੱਸਦੇ ਹਨ, ਉਥੇ ਆਪਣੇ ਗੁਰੂ ਸਾਹਿਬਾਨਾਂ ਨੂੰ ਯਾਦ ਕਰਨ ਹਿਤ ਅਤੇ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਜ਼ਰੂਰ ਕਰਦੇ ਹਨ। ਸੋ ਦੱਖਣ ਅਮਰੀਕੀ ਖਿੱਤੇ ਵਿੱਚ ਸਥਿਤ ਇਸ ਮੁਲਕ ਵਿੱਚ ਵੀ ਪੰਜਾਬੀਆਂ ਨੇ ਇੱਕ ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਨ ਹਿਤ ਕੋਈ ਕਸਰ ਨਹੀਂ ਛੱਡੀ ਹੈ। ਇੱਥੋਂ ਦੇ ਕਿਊਰੀਟਿਬੀਆ ਸ਼ਹਿਰ ਵਿੱਚ ‘ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ’ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਗੁਰਦੁਆਰਾ ਬ੍ਰਾਜ਼ੀਲ ਵਿਖੇ ਸਥਿਤ ਸਾਰੇ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਸਭ ਤੋਂ ਵੱਡਾ ਗੁਰਦੁਆਰਾ ਹੋਣ ਦਾ ਸ਼ਰਫ਼ ਰੱਖਦਾ ਹੈ। ਇਹ ਗੁਰਦੁਆਰਾ ਮਾਤਾ ਸੁਬੇਗ ਕੌਰ ਖ਼ਾਲਸਾ ਅਤੇ ਸਵਰਗਵਾਸੀ ਭਾਈ ਗੁਰਸੇਵਕ ਸਿੰਘ ਖ਼ਾਲਸਾ ਦੀ 20 ਸਾਲ ਦੀ ਘਾਲਣਾ ਤੇ ਸਿਆਣਪ ਭਰੀ ਯੋਜਨਾਬੰਦੀ ਦਾ ਸਿੱਟਾ ਹੈ। ਇਹ ਜੋੜਾ ਅਮਰੀਕਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਬ੍ਰਾਜ਼ੀਲ ਆਇਆ ਸੀ।
ਚੇਤੇ ਰਹੇ, ਸਾਲ 2020 ਵਿੱਚ ਬ੍ਰਾਜ਼ੀਲ ਵਿਖੇ ਵੱਸਣ ਵਾਲੇ ਭਾਰਤੀਆਂ ਦੀ ਸੰਖਿਆ 23 ਹਜ਼ਾਰ ਤੋਂ ਵੱਧ ਸੀ, ਪਰ ਸੰਨ 2018 ਤੱਕ ਇੱਥੇ ਪੰਜਾਬੀਆਂ ਦੀ ਸੰਖਿਆ ਕੇਵਲ 300 ਸੀ। ਜ਼ਿਕਰਯੋਗ ਹੈ ਕਿ ਸੰਨ 1990 ਵਿੱਚ ਜਨਮੀ ਨਥੇਲਿਆ ਕੌਰ ਬ੍ਰਾਜ਼ੀਲ ਦੀ ਇੱਕ ਉੱਘੀ ਮਾਡਲ, ਅਦਾਕਾਰ ਅਤੇ ਓਪੇਰਾ ਸਿੰਗਰ ਹੈ ਤੇ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। 25 ਫ਼ਰਵਰੀ 2017 ਨੂੰ ਬ੍ਰਾਜ਼ੀਲ ਦੇ ਦੁਨੀਆਂ ਭਰ ਵਿੱਚ ਮਸ਼ਹੂਰ ‘ਕਾਰਨੀਵਲ’ ਦੌਰਾਨ ਉੱਥੋਂ ਦੇ ਪ੍ਰਸਿੱਧ ‘ਸਾਂਬਾ’ ਨਾਚ ਦੌਰਾਨ ਪਹਿਲੀ ਵਾਰ ਇੱਕ ਇਤਿਹਾਸ ਰਚਿਆ ਗਿਆ ਸੀ। ਉਸ ਮੌਕੇ ‘ਸਾਓ ਪੋਲੋ’ ਨਾਮਕ ਇਲਾਕੇ ਵਿੱਚ ‘ਸਾਂਬਾ’ ਨਾਚ ਦੀਆਂ ਧੁਨਾਂ ਦੇ ਵਿੱਚ ਹੀ ‘ਭੰਗੜੇ’ ਦੀ ਤਾਲ ਸ਼ਾਮਿਲ ਕਰਕੇ ਬ੍ਰਾਜ਼ੀਲ ਦੇ ਵਾਸੀਆਂ ਨੇ ਭੰਗੜੇ ਦਾ ਅਨੰਦ ਲਿਆ ਸੀ ਤੇ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਉੱਥੇ ਹਾਜ਼ਰ ਸਮੂਹ ਲੋਕਾਂ ਨੇ ਪੰਜਾਬੀ ਪਹਿਰਾਵਾ ਵੀ ਪਹਿਨਿਆ ਹੋਇਆ ਸੀ। ਉਂਜ ਰਾਜ਼ ਦੀ ਗੱਲ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਅਜਿਹਾ ਪਹਿਲੀ ਵਾਰ ਸੰਨ 2016 ਦੇ ਕਾਰਨੀਵਲ ਦੌਰਾਨ ਵਾਪਰਿਆ ਸੀ ਤੇ ਉਦੋਂ ਇੱਥੇ ਭੰਗੜਾ ਅਤੇ ਬਾਲੀਵੁੱਡ ਨਾਚ ਪੂਰੇ ਜ਼ੋਰ-ਸ਼ੋਰ ਨਾਲ ਪੇਸ਼ ਕੀਤਾ ਗਿਆ ਸੀ, ਜਿਸਨੂੰ ਸਥਾਨਕ ਨਿਵਾਸੀਆਂ ਨੇ ਬੇਹੱਦ ਪਸੰਦ ਕੀਤਾ ਸੀ। ਸਾਲ 2017 ਵਿੱਚ ‘ਸਾਂਬਾ’ ਨਾਚ ਦੇ ਨਾਲ-ਨਾਲ ਭੰਗੜੇ ਦੀ ਪੇਸ਼ਕਾਰੀ ਦਾ ਪੱਧਰ ਸਾਲ 2016 ਦੀ ਭੰਗੜੇ ਦੀ ਪੇਸ਼ਕਾਰੀ ਨਾਲੋਂ ਪੰਜ ਗੁਣਾ ਵੱਧ ਸੀ। ਇਹ ਸਮੂਹ ਪੰਜਾਬੀਆਂ ਲਈ ਬੜੇ ਫ਼ਖ਼ਰ ਦੀ ਗੱਲ ਸੀ। ਇਸ ਭੰਗੜੇ ਦੀ ਬੇਮਿਸਾਲ ਪੇਸ਼ਕਾਰੀ ਵਿੱਚ ਯੂਨੀਵਰਸਿਟੀ ਆਫ਼ ਸਾਓ ਪੋਲੋ ਦੇ ਇੰਸਟੀਚਿਊਟ ਆਫ਼ ਫ਼ਿਜ਼ਿਕਸ ਐਂਡ ਐਸਟ੍ਰੋਨੌਮੀ ਤੋਂ ਆਏ ਵਿਸ਼ੇਸ਼ ਬੈਂਡ ਦਾ ਵੱਡਾ ਹੱਥ ਸੀ।
ਇਹ ਵੀ ਜਾਣਨਯੋਗ ਹੈ ਕਿ ਬ੍ਰਾਜ਼ੀਲ ਦੀ ਕਰੰਸੀ ਦਾ ਨਾਂ ‘ਰਿਅਲ’ ਹੈ। ਜੇਕਰ ਬ੍ਰਾਜ਼ੀਲ ਦੀ ਕਰੰਸੀ ਦੀ ਭਾਰਤੀ ਰੁਪਏ ਨਾਲ ਤੁਲਨਾ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ 20 ਜੂਨ 2024 ਨੂੰ ਬ੍ਰਾਜ਼ੀਲ ਦੀ ਕਰੰਸੀ ਦਾ ਇੱਕ ਰਿਅਲ ਭਾਰਤੀ ਕਰੰਸੀ ਦੇ ਲਗਪਗ 15 ਰੁਪਿਆਂ ਦੇ ਬਰਾਬਰ ਸੀ, ਜਦੋਂ ਕਿ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਬ੍ਰਾਜ਼ੀਲ ਦੇ 5.50 ਰਿਅਲ ਮਿਲਦੇ ਸਨ। ਬ੍ਰਾਜ਼ੀਲ ਦੀ ਕਰੰਸੀ ‘ਰਿਅਲ’ ਦੇ ਬਹੁਵਚਨ ਨੂੰ ‘ਰੀਸ’ ਕਿਹਾ ਜਾਂਦਾ ਹੈ। ਇੱਕ ਬੜਾ ਹੀ ਮਜ਼ੇਦਾਰ ਤੱਥ ਇਹ ਵੀ ਹੈ ਕਿ ਬ੍ਰਾਜ਼ੀਲ ਹੀ ਨਹੀਂ, ਸਗੋਂ ਸਮੁੱਚੇ ਅਮਰੀਕੀ ਮਹਾਂਦੀਪ ਵਿੱਚ ਵੱਸਦੇ ਸਥਾਨਕ ਨਿਵਾਸੀਆਂ ਨੂੰ ਕਿਸੇ ਵੇਲੇ ‘ਅਮੈਰੀ-ਇੰਡੀਅਨਜ਼’ ਕਿਹਾ ਜਾਂਦਾ ਸੀ ਤੇ ਅਜਿਹਾ ਕਹੇ ਜਾਣ ਦੇ ਪਿੱਛੇ ਕਾਰਨ ਇੱਕ ‘ਗ਼ਲਤੀ’ ਸੀ, ਜੋ ਯੂਰਪੀਅਨਾਂ ਨੇ ਕੀਤੀ ਸੀ। ਦਰਅਸਲ ਸਭ ਤੋਂ ਪਹਿਲੇ ਜਿਹੜੇ ਯੂਰਪੀਅਨ ਲੋਕ ਅਮਰੀਕਾ ਪੁੱਜੇ ਸਨ, ਉਨ੍ਹਾਂ ਨੇ ਗ਼ਲਤੀ ਨਾਲ ਇਹ ਸਮਝ ਲਿਆ ਸੀ ਕਿ ਉਹ ‘ਇੰਡੀਆ’ ਪੁੱਜ ਗਏ ਹਨ।

Leave a Reply

Your email address will not be published. Required fields are marked *