ਕਲੱਬ ਫੁੱਟਬਾਲ ਖੇਡਣਾ ਰੱਖੇਗਾ ਜਾਰੀ
ਜਸਵੀਰ ਸਿੰਘ ਸ਼ੀਰੀ
ਅਮਰੀਕਾ ਦੇ ਸ਼ਹਿਰ ਮਿਆਮੀ (ਗਾਰਡਨਸ) ਵਿੱਚ ਹਾਲ ਹੀ ਵਿੱਚ ਹੋਏ ‘ਕੋਪਾ ਅਮੈਰਿਕਾ’ ਟੂਰਨਾਮੈਂਟ ਜਿੱਤਣ ਤੋਂ ਬਾਅਦ ਅਰਜਨਟੀਨਾ ਦੇ 36 ਸਾਲਾ ਪਤਲੇ, ਛੀਂਟਕੇ ਖਿਡਾਰੀ ਡੀ. ਮਾਰੀਆ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਰਿਟਾਇਰਮੈਂਟ ਲੈ ਲਈ ਹੈ। ਐਤਵਾਰ ਨੂੰ ਕੋਲੰਬੀਆ ਦੀ ਟੀਮ ਖਿਲਾਫ ਹੋਏ ਜ਼ਬਰਦਸਤ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਦੇ ਮਾਰਟਿਨੇਜ ਵੱਲੋਂ ਵਾਧੂ ਸਮੇਂ ਵਿੱਚ ਕੀਤੇ ਗਏ ਗੋਲ ਨਾਲ ਮੈਸੀ ਦੀ ਕਪਤਾਨੀ ਵਾਲੀ ਇਸ ਟੀਮ ਨੇ ਚੈਂਪੀਅਨਸਿੱLਪ ਜਿੱਤ ਲਈ।
ਆਮ ਤੌਰ ‘ਤੇ ਪਿਛਲੇ 10-15 ਸਾਲਾਂ ਵਿੱਚ ਅਰਜਨਟੀਨਾ ਦੀ ਟੀਮ ਨੂੰ ਮੈਸੀ ਅਤੇ ਮੈਸੀ ਦੀ ਮਹਾਨਤਾ ਨੂੰ ਅਰਜਨਟੀਨੀਅਨ ਫੁੱਟਬਾਲ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ, ਪਰ ਮੈਂ ਜਦੋਂ ਵੀ ਇਸ ਟੀਮ ਨੂੰ ਖੇਡਦੇ ਵੇਖਿਆ ਹੈ, ਮੈਸੀ ਨਾਲੋਂ ਵੀ ਵੱਧ ਡੀ. ਮਾਰੀਆ ਮੇਰਾ ਧਿਆਨ ਖਿੱਚਦਾ ਰਿਹਾ ਹੈ। ਬਰੀਕ ਚਮੜੀ ਅਤੇ ਪਤਲੀ ਹੱਡੀ ਦਾ ਇਹ ਖਿਡਾਰੀ ਸਰੀਰਕ ਦਿੱਖ ਤੋਂ ਕੋਈ ਆਰਟਿਸਟ, ਪੇਂਟਰ, ਕਵੀ ਜਾਂ ਕੀਨੀਆ, ਸੋਮਾਲੀਆ ਵਰਗੇ ਦੇਸ਼ਾਂ ਦਾ ਮੈਰਾਥਨ ਦੌੜਾਕ ਲਗਦਾ ਹੈ। ਆਧੁਨਿਕ ਫੁੱਟਬਾਲ ਵਿੱਚ ਜਿਸ ਭੇੜੂ ਕਿਸਮ ਦੇ ਕਾਠੇ ਜਿਸਮ ਦੀ ਲੋੜ ਪੈਂਦੀ ਹੈ, ਉਹ ਉਸ ਕੋਲ ਨਹੀਂ ਹੈ। ਇਸ ਦੇ ਬਾਵਜੂਦ ਡੀ. ਮਾਰੀਆ ਨੇ 15-16 ਸਾਲ ਆਪਣੇ ਆਪ ਨੂੰ ਕੌਮਾਂਤਰੀ ਫੁੱਟਬਾਲ ਵਿੱਚ ਬਣਾਈ ਰੱਖਿਆ। ਨਾ ਸਿਰਫ ਉਸ ਨੇ ਖੇਡ ਦੇ ਅੰਤਰਰਾਸ਼ਟਰੀ ਪਿੜ ਵਿੱਚ ਆਪਣੀ ਹਾਜ਼ਰੀ ਬਣਾਈ ਰੱਖੀ, ਸਗੋਂ ਉਹ ਇਨ੍ਹਾਂ ਸਾਲਾਂ ਵਿੱਚ ਆਪਣੀ ਫੁੱਟਬਾਲ ਕਲਾ ਨਾਲ ਦਰਸ਼ਕਾਂ ਨੂੰ ਖਿੱਚਣ/ਕੀਲਣ ਵਾਲਾ ਖਿਡਾਰੀ ਵੀ ਬਣਿਆ ਰਿਹਾ। ਬ੍ਰਾਜ਼ੀਲ, ਅਰਜਨਟੀਨਾ, ਮੈਕਸੀਕੋ ਅਤੇ ਸਪੇਨ ਦੀਆਂ ਕੌਮੀ ਟੀਮਾਂ ਵਿੱਚ ਇਸ ਕਿਸਮ ਦੇ ਖਿਡਾਰੀ ਹਮੇਸ਼ਾ ਮੌਜੂਦ ਰਹੇ ਹਨ। ਇਹੋ ਜਿਹੇ ਖਿਡਾਰੀਆਂ ਦੀ ਬਦੌਲਤ ਹੀ ਫੁੱਟਬਾਲ ਦੁਨੀਆਂ ਦੀ ਸਭ ਤੋਂ ਵੱਧ ਹਰਮਨ ਪਿਆਰੀ ਖੇਡ ਹੈ। ਖੇਡ ਦੇ ਆਖਰੀ ਨਤੀਜੇ ਤੋਂ ਪਹਿਲਾਂ ਇਹ ਖਿਡਾਰੀ ਆਪਣੀ ਖੇਡ ਦੇ ਕੌਸ਼ਲ ਨਾਲ ਦਰਸ਼ਕਾਂ ਨੂੰ ਕਿਸੇ ਵੱਡੀ ‘ਖੇਡ’ ਦਾ ਹਿੱਸਾ ਬਣਾਈ ਰੱਖਦੇ ਹਨ। ਦਰਸ਼ਕਾਂ ਤੋਂ ਬਿਨਾ ਕੋਈ ਖੇਡ ‘ਖੇਡ’ ਨਹੀਂ ਬਣ ਸਕਦੀ। ਉਵੇਂ ਜਿਵੇਂ ਪਾਠਕਾਂ ਤੋ ਬਿਨਾ ਕਿਤਾਬ ਕਿਸੇ ਕੰਮ ਦੀ ਨਹੀਂ। ਦਰਸ਼ਕਾਂ ਦੀ ਖੇਡ ਵਿੱਚ ਸ਼ਾਮੂਲੀਅਤ ਹੀ ਕਿਸੇ ਖੇਡ ਨੂੰ ਮੁਕੰਮਲ ਕਰਦੀ ਹੈ।
ਡੀ. ਮਾਰੀਆ ਬਹੁਤਾ ਲੈਫਟ ਜਾਂ ਰਾਈਟ ਵਿੰਗਰ ਜਾਂ ਅਟੈਕਿੰਗ ਮਿੱਡਫੀਲਡਰ ਦੇ ਤੌਰ ‘ਤੇ ਖੇਡਦਾ ਰਿਹਾ। ‘ਏਂਜਲ ਫੈਬੀਅਨ ਡੀ. ਮਾਰੀਆ’ ਦੇ ਡਿਫੈਂਸਿਵ ਸਕਿੱਲ ਮੁਢ ਵਿੱਚ ਭਾਵੇਂ ਕਮਜ਼ੋਰ ਸਨ ਅਤੇ ਉਹਦਾ ਸਰੀਰ ਵੀ ਡਿਫੈਂਡਰਾਂ ਵਾਲੀ ਹੱਡੀ ਦਾ ਬਣਿਆ ਹੋਇਆ ਨਹੀਂ ਸੀ, ਪਰ ਉਸ ਕੋਲ ਫੁੱਟਬਾਲ ਦਾ ਤਕਨੀਕੀ ਸਕਿੱਲ, ਇਕੱਲੇ ਨੂੰ ਇਕੱਲੇ ਖਿਲਾਫ ਡਾਂਜ ਕਰਨ ਅਤੇ ਸਹੀ ਪਾਸ ਕਰਨ ਦੀ ਸਮਰਥਾ ਅਥਾਹ ਸੀ। ਬੇਹੱਦ ਖੂਬਸੂਰਤ, ਚਿਰਾਂ ਤੱਕ ਯਾਦ ਰੱਖਣ ਵਾਲੇ ਗੋਲ ਕਰਨ ਦਾ ਹੁਨਰ ਸ਼ਾਇਦ ਉਸ ਨੂੰ ਕੁਦਰਤ ਨੇ ਆਪ ਬਖਸ਼ਿਆ। ‘ਏਂਜਲ’ ਵੀ ਮੇਰਾ ਖਿਆਲ ਹੈ ਕਿ ਉਸ ਦੇ ਨਾਂ ਨਾਲ ਐਵੇਂ ਨਹੀਂ ਚਿਪਕਿਆ ਹੋਇਆ। ਉਸ ਦੀ ਰਹਿਣੀ ਬਹਿਣੀ, ਤੋਰ, ਬੋਲ-ਚਾਲ ਸਭ ਕੁਝ ਏਂਜਲਿਕ ਲਗਦਾ ਹੈ।
ਉਸ ਦੇ ਰਿਟਾਇਰਮੈਂਟ ਸਮੇਂ ਕਹੇ ਗਏ ਬੋਲ ਤੁਹਾਨੂੰ ਇਸੇ ਦੀ ਸੂਹ ਦਿੰਦੇ ਹਨ। ਪਤਾ ਲੱਗੇਗਾ ਬਈ ਡੀ. ਮਾਰੀਆ ਕਿਸ ਸਤਹਿ ਤੋਂ ਬੋਲ ਰਿਹਾ ਹੈ, “ਸੱਚਾਈ ਇਹ ਹੈ ਕਿ ਇਸ (ਪਲ) ਨੂੰ ਪਰਿਭਾਸ਼ਤ ਕਰਨਾ ਬਹੁਤ ਔਖਾ ਹੈ। ਇਹ ਇਸੇ ਤਰ੍ਹਾਂ ਲਿਖਿਆ ਹੋਇਆ ਸੀ। ਮੈਂ ਬੀਤੀ ਰਾਤ ਡਿਨਰ ਵੇਲੇ ਆਪਣੇ ਖਿਡਾਰੀਆਂ ਨੂੰ ਆਖਿਆ ਸੀ ਕਿ ਫਾਈਨਲ ਵਿੱਚ ਜਿੱਤ ਨਾਲ ਅੰਤਰਾਸ਼ਟਰੀ ਕੈਰੀਅਰ ਨੂੰ ਅਲਵਿਦਾ ਆਖਣਾ ਮੇਰਾ ਸੁਪਨਾ ਹੈ। ਇਸ ਕਰਕੇ ਮੈਂ ਕਿਹਾ ਸੀ ਕਿ ਇਹ ਮੇਰਾ ਆਖਰੀ ‘ਕੋਪਾ ਅਮੈਰਿਕਾ’ ਹੋਏਗਾ। ਮੇਰਾ ਸੁਪਨਾ ਸੀ ਅਸੀਂ ਫਾਈਨਲ ਤੱਕ ਪਹੁੰਚੀਏ, ਅਸੀਂ ਇਸ ਨੂੰ ਜਿੱਤਿਆ ਤੇ ਮੈਂ ਹੁਣ ਆਰਾਮ ਨਾਲ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਿਵਿਦਾ ਆਖ ਸਕਦਾ ਹਾਂ। ਮੇਰੇ ਕੌਮਾਂਤਰੀ ਕੈਰੀਅਰ ਦਾ ਅੰਤ ਇਸ ਤੋਂ ਵਧੀਆ ਨਹੀਂ ਸੀ ਹੋ ਸਕਦਾ।”
ਲਿਉਨਲ ਮੈਸੀ ਨੇ ਡੀ. ਮਾਰੀਆ ਦੀ ਰਿਟਾਇਰਮੈਂਟ ਨੂੰ ਇੱਕ ‘ਫੇਅਰੀ ਟੇਲ’ ਦਾ ਨਾਂ ਦਿੱਤਾ। ਅਰਜਨਟੀਨਾ ਦੀ ਫੁੱਟਬਾਲ ਟੀਮ ਨੇ 2008 ਦੀਆਂ ਬੀਜਿੰਗ ਉਲੰਪਿਕ ਖੇਡਾਂ ਵਿੱਚ ਨਾਈਜੀਰੀਆ ਨੂੰ 1-0 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ। ਇਸ ਮੈਚ ਵਿੱਚ ਹੋਇਆ ਇੱਕੋ-ਇੱਕ ਗੋਲ ਡੀ. ਮਾਰੀਆ ਨੇ ਹੀ ਕੀਤਾ ਸੀ। ਡੀ. ਮਾਰੀਆ ਨੇ ਮੈਸੀ ਜਾਂ ਰੋਨਾਲਡੋ ਵਾਂਗ ਬਹੁਤੇ ਗੋਲ ਨਹੀਂ ਕੀਤੇ, ਪਰ ਉਹ ਵੱਡੇ ਅਤੇ ਫੈਸਲਾਕੁੰਨ ਮੈਚਾਂ ਵਿੱਚ ਅਕਸਰ ਹੀ ਗੋਲ ਕਰਦਾ ਰਿਹਾ। ਆਪਣੇ 16 ਸਾਲ ਲੰਮੇ ਅੰਤਰਰਾਸ਼ਟਰੀ ਕੈਰੀਅਰ ਵਿੱਚ ਡੀ. ਮਾਰੀਆ ਨੇ ਕੁੱਲ 144 ਮੈਚਾਂ ਵਿੱਚ ਸਿਰਫ 31 ਗੋਲ ਕੀਤੇ, ਪਰ ਜਦੋਂ ਇਨ੍ਹਾਂ ਗੋਲਾ ਦੀ ਹਿਸਟਰੀ ਫਰੋਲਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਫਸੇ ਹੋਏ ਮੈਚ ਸਨ; ਜਾਂ ਫਿਰ ਕੁਆਟਰ ਫਾਈਨਲ, ਸੈਮੀਫਾਈਨਲ ਜਾਂ ਫਾਈਨਲ। ਵੱਡੇ ਖਿਡਾਰੀਆਂ ਦਾ ਟੈਸਟ ਅਸਲ ਵਿੱਚ ਮੁਸ਼ਕਲ ਮੈਚਾਂ ਵੇਲੇ ਹੀ ਹੁੰਦਾ ਹੈ।
ਡੀ. ਮਾਰੀਆ ਨੇ 2022 ਵਿੱਚ ਕਤਰ ਵਿੱਚ ਹੋਏ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਵੱਲੋਂ ਦੂਜਾ ਗੋਲ ਕੀਤਾ ਸੀ। ਫੁੱਟਬਾਲ ਇਤਿਹਾਸ ਵਿੱਚ ਕੀਤੇ ਗਏ ਬੇਹੱਦ ਸ਼ਾਨਦਾਰ ਟੀਮ ਗੋਲਾਂ ਵਿੱਚੋਂ ਇਹ ਇੱਕ ਹੈ। ਇਸ ਗੋਲ ਤੋਂ ਪਹਿਲਾਂ ਅਰਜਨਟੀਨਾ ਦੀ ਟੀਮ ਵੱਲੋਂ ਬਣਾਇਆ ਗਿਆ ਇਹ ਮੂਵ ਵੀ ਬੇਹੱਦ ਸ਼ਾਨਦਾਰ ਸੀ। ਆਪਣੀ ਡੀ-ਕੋਲ ਅਰਜਨਟੀਨੀਅਨ ਫੁੱਲਬੈਕ ਨੇ ਸਿੰਗਲ ਟੱਚ ਨਾਲ ਬਾਲ ਮਿੱਡ-ਫਲਿਡਰਾਂ ਵੱਲ ਵਧਾਈ, ਅਗਲੇ ਖਿਡਾਰੀ ਦਾ ਪਾਸ ਵੀ ਸਿੰਗਲ ਟੱਚ ਹੀ ਸੀ, ਅਗਾਂਹ ਬਾਲ ਸੱਜੇ ਦਾਅ ਤੋਂ ਵਿੰਗਰ ਅਲਵਰੇਜ਼ ਕੋਲ ਚਲੀ ਗਈ। ਉਸ ਨੂੰ ਫਰਾਂਸੀਸੀ ਫੁੱਲਬੈਕ ਨੇ ਲਗਪਗ ਘੇਰ ਲਿਆ ਸੀ। ਉਸ ਨੇ ਬਾਲ ਲੈਫਟ ਵਿੰਗ ਤੋਂ ਤੇਜ਼ੀ ਨਾਲ ਅੱਗੇ ਵਧ ਰਹੇ ਡੀ. ਮਾਰੀਆ ਵੱਲ ਸਰਕਾ ਦਿੱਤੀ। (ਕੁਮੈਂਟਰੀਕਾਰ ਨੇ ਟਿੱਪਣੀ ਕੀਤੀ, ‘ਡੀ. ਮਾਰੀਆ ਇਜ਼ ਏ ਸਟੇਅ ਮੈਨ… ਐਂਡ ਗਲੋਰੀਅਸ ਗੋਲ) ਵਿਰੋਧੀ ਗੋਲਕੀਪਰ ਨੇ ਡੀ. ਮਾਰੀਆ ਨੂੰ ਮਿੱਥ ਕੇ ਟੈਕਲ ਕੀਤਾ, ਪਰ ਉਹਨੇ ਗੋਲਕੀਪਰ ਦੇ ਉਪਰੋਂ ਦੀ ਬਾਲ ਗੋਲ ਵਿੱਚ ਪਹੁੰਚਾ ਦਿੱਤੀ।
ਕਤਰ ਵਾਲੇ ਵਿਸ਼ਵ ਕੱਪ ਵਿੱਚ ਆਪਣੇ ਪਲੇਠੇ ਮੈਚ ਵਿੱਚ ਅਰਜਨਟੀਨਾ ਦੀ ਟੀਮ ਇਸੇ ਮੁਲਕ ਦੀ ਟੀਮ ਹੱਥੋਂ ਹਾਰ ਗਈ ਸੀ, ਪਰ ਇਹ ਹਾਰ ਉਨ੍ਹਾਂ ਲਈ ਕੀਮਤੀ ਸਬਕ ਬਣ ਗਈ ਅਤੇ ਇਸ ਟੀਮ ਨੇ ਆਪਣੇ ਬਾਕੀ ਸਾਰੇ ਮੈਚ ਜਿੱਤੇ ਤੇ ਫਾਈਨਲ ਤੱਕ ਪਹੁੰਚਦਿਆਂ ਪੂਰੀ ਲੈਅ ਵਿੱਚ ਆ ਗਈ। ਇਸ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੇ ਅਰਜਨਟੀਨਾ ਨੂੰ ਆਸਾਨੀ ਨਾਲ ਨਹੀਂ ਸੀ ਜਿੱਤਣ ਦਿੱਤਾ। ਮਬਾਪੇ ਨੇ ਦੋ ਗੋਲ ਕਰਕੇ ਫਰਾਂਸ ਨੂੰ ਬਰਾਬਰੀ ‘ਤੇ ਖੜ੍ਹਾ ਕਰ ਦਿੱਤਾ ਸੀ, ਪਰ ਮੈਸੀ ਦੀ ਰਹਿਨੁਮਾਈ ਹੇਠ ਇਹ ਟੀਮ ਅੰਤ ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਹੋ ਗਈ ਸੀ। ਅੰਤਰਰਾਸ਼ਟਰੀ ਮੈਦਾਨ ਵਿੱਚ ਉਤਰੇ ਕਿਸੇ ਖਿਡਾਰੀ ਦੀ ਖੇਡ ਦਾ ਅੰਤ ਇਸ ਤੋਂ ਸ਼ਾਨਦਾਰ ਨਹੀਂ ਹੋ ਸਕਦਾ ਕਿ ਉਹ ਵਿਸ਼ਵ ਦੇ ਦੋ ਸਰਬਉਚ ਟੂਰਨਾਮੈਂਟ ਜਿੱਤੇ ਅਤੇ ਆਪਣੀ ਖੇਡ ਦਾ ਅੰਤ ਵੀ ਇੱਕ ਵੱਕਾਰੀ ਟੂਰਨਾਮੈਂਟ ਵਿੱਚ ਜਿੱਤ ਨਾਲ ਕਰੇ।
‘ਏਂਜਲ ਫੈਬੀਅਨ ਡੀ. ਮਾਰੀਆ’ ਦਾ ਜਨਮ 14 ਫਰਵਰੀ 1988 ਅਰਜਨਟੀਨਾ ਦੇ ਰੋਸੈਰੀਓ ਵਿੱਚ ਹੋਇਆ। ਉਹ ਨਿੱਕਾ ਹੁੰਦਾ ਹੀ ਹੱਦੋਂ ਵੱਧ ਤਿੱਖਾ ਸੀ। ਫੈਮਲੀ ਡਾਕਟਰ ਦੀ ਸਲਾਹ ‘ਤੇ ਮਾਪਿਆਂ ਨੇ ਤਿੰਨ ਸਾਲ ਦੀ ਉਮਰ ਵਿੱਚ ਹੀ ਫੁੱਟਬਾਲ ਖੇਡਣ ਲਾ ਦਿੱਤਾ। ਉਸ ਦਾ ਕੱਦ 5 ਫੁੱਟ 10 ਇੰਚ ਹੈ। ਗੱਲ੍ਹਾਂ ਪਿਚਕੀਆਂ ਹੋਈਆਂ ਤੇ ਚਿਹਰੇ ਦੀਆਂ ਹੱਡੀਆਂ ਉਭਰੀਆਂ ਹੋਈਆਂ। ਤੇਜ਼ ਦੌੜਦਾ ਤਾਂ ਸਰੀਰ ਕਈ ਵਲ ਖਾਂਦਾ। ਲਗਦਾ ਕੇ ਜੇ ਕਿਸੇ ਅੱਖੜ ਡਿਫੈਂਡਰ ਨੇ ਲੱਤ ਅੜਾ ਕੇ ਸੁੱਟ ਦਿੱਤਾ ਤਾਂ ਸਰੀਰ ਦੇ ਕਈ ਟੋਟੇ ਹੋ ਜਾਣਗੇ। ਉਹਦਾ ਸਰੀਰ ਹੀ ਸੱਟਾਂ-ਫੇਟਾਂ ਦੇ ਅਨੁਕੂਲ ਸੀ। ਬਹੁਤ ਵਾਰ ਸੱਟਾਂ ਲੱਗੀਆਂ ਵੀ, ਪਰ ਤੇਜ਼ੀ ਨਾਲ ਡਿਫੈਂਡਰਾਂ ਨੂੰ ਡਾਂਜ ਕਰਦਾ। ਇੰਜ ਕਰਦਾ ਬਹੁਤ ਸੋਹਣਾ ਲਗਦਾ। ਜਿਵੇਂ ਹਾਕੀ ਵਿੱਚ ਉਸ ਦੇ ਹਮਵਤਨ ਲੁਕਾਸ ਵਿੱਲਾ ਅਤੇ ਮੈਜ਼ਿਲੀ ਵਰਗੇ ਖਿਡਾਰੀ ਲਗਦੇ। ਅਰਜਨਟੀਨਾ ਦੇ ਹਾਕੀ ਖਿਡਾਰੀਆਂ ਨੇ ਬਾਲ ਦੀਆਂ ਬੁੱਚੀਆਂ ਪੁਆਉਂਦਿਆਂ ਵਿਰੋਧੀਆਂ ਨੂੰ ਮਾਤ ਦੇਣ ਦੀ ਕਾਢ ਕੱਢੀ। ਇਸੇ ਕਾਢ ਅਤੇ ਗੰਜਾਲੋ ਪੈਲੇਟ ਦੀਆਂ ਤੇਜ਼ ਫਲਿੱਕਾਂ ਦੇ ਸਿਰ ‘ਤੇ ਉਲੰਪਿਕ ਜਿੱਤੀ। ਅਰਜਨਟੀਨਾ ਕਹਿੰਦੇ ਸਾਡੇ ਵਾਂਗ ਹੀ ਗਰੀਬੀ, ਕਰਜ਼ੇ ਅਤੇ ਮਹਿੰਗਾਈ ਦਾ ਭੰਨਿਆ ਮੁਲਕ ਹੈ। ਇਨ੍ਹਾਂ ਖਿਡਾਰੀਆਂ ਕਰਕੇ ਇਹ ਮੁਲਕ ਵੇਖਣ ਨੂੰ ਦਿਲ ਕਰਨ ਲਗਦਾ ਹੈ।