ਤਿੱਖੇ ਰਾਜਨੀਤਿਕ ਵਿਰੋਧਾਂ ਦੇ ਦਰਮਿਆਨ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਇੱਕ ਨੌਜਵਾਨ ਵੱਲੋਂ ਬੀਤੇ ਸਨਿਚਰਵਾਰ (13 ਜੁਲਾਈ) ਕੀਤੇ ਗਏ ਇੱਕ ਜਾਨਲੇਵਾ ਹਮਲੇ ਵਿੱਚ ਉਹ ਵਾਲ-ਵਾਲ ਬਚ ਗਏ ਹਨ। ਉਨ੍ਹਾਂ ਦੇ ਸੱਜੇ ਕੰਨ ਨੂੰ ਪਾੜ ਕੇ ਭਾਵੇਂ ਗੋਲੀ ਨਿਕਲ ਗਈ, ਪਰ ਇੱਕ ਵਿਅਕਤੀ ਦੀ ਇਸ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਅਮਰੀਕਨ ਸੀਕਰੇਟ ਸਰਵਿਸ ਦੇ ਸਨਾਈਪਰਾਂ ਨੇ ਟਰੰਪ ‘ਤੇ ਹਮਲਾ ਕਰਨ ਵਾਲੇ 20 ਸਾਲਾ ਨੌਜਵਾਨ ਨੂੰ ਮਾਰ ਮੁਕਾਇਆ। ਇਸ ਘਟਨਾ ਤੋਂ ਇਕਦਮ ਬਾਅਦ ਆਪਣੇ ਸੁਰੱਖਿਆ ਗਾਰਡਾਂ ਦੀ ਹਾਜ਼ਰੀ ਵਿੱਚ ਡੋਨਲਡ ਟਰੰਪ ਨੇ ਆਪਣੀਂ ਬਾਂਹ ਉੱਚੀ ਚੁੱਕੀ ਅਤੇ ਮੁੱਠੀ ਮੀਚ ਕੇ ਤਿੰਨ ਵਾਰ ਆਪਣੇ ਚਹੇਤਿਆਂ ਨੂੰ ਇੱਕੋ ਸ਼ਬਦ ਨਾਲ ਸੰਬੋਧਨ ਕੀਤਾ: ‘ਫਾਈਟ, ਫਾਈਟ ਐਂਡ ਫਾਈਟ।’
ਇਹ ਅਸਲ ਵਿੱਚ ਇੱਕ ਸਿਆਸੀ ਆਗੂ ਦਾ ਚੋਣ ਪ੍ਰਾਪੇਗੰਡੇ ਲਈ ਪਾਪੂਲਰ ਪੋਜ਼ ਸੀ, ਜਿਸ ਦੀ ਆਉਣ ਵਾਲੀ ਚੋਣ ਮੁਹਿੰਮ ਵਿੱਚ ਵੀ ਰੱਜ ਕੇ ਵਰਤੋਂ ਕੀਤੀ ਜਾਵੇਗੀ। ਇੱਕ ਖਤਰਨਾਕ ਮੌਕੇ ‘ਤੇ ਬਣਾਇਆ ਇਹ ਪੋਜ਼ ਇਹ ਵੀ ਦਰਸਾਉਂਦਾ ਹੈ ਕਿ ਤੁਸੀਂ ਟਰੰਪ ਦੀ ਵਿਚਾਰਧਾਰਾ ਨੂੰ ਮੰਨੋ ਜਾਂ ਨਾ, ਪਰ ਇਹ ਜ਼ਰੂਰ ਮੰਨਣਾ ਪਵੇਗਾ ਕਿ ਉਹ ਇੱਕ ਤੇਜ਼L ਤਰਾਰ ਰਾਜਨੀਤਿਕ ਸੋਝੀ ਦੇ ਮਾਲਕ ਹਨ। ਉਹ ਵੀ ਉਸ ਸਮੇਂ, ਜਦੋਂ ਪਾਪੂਲਰ ਅਮਰੀਕਨ ਓਪੀਨੀਅਨ ਪੋਲਜ਼ ਵਿੱਚ ਉਹ ਬਾਇਡਨ ਨਾਲੋਂ ਰਤਾ ਕੁ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਅਮਰੀਕੀ ਚੋਣ ਰਵਾਇਤ ਅਨੁਸਾਰ 27 ਜੂਨ ਨੂੰ ਦੋਹਾਂ ਉਮੀਦਵਾਰਾਂ ਵਿਚਕਾਰ ਹੋਈ ਚੋਣ ਬਹਿਸ ਵਿੱਚ ਉਹ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਮਾਤ ਦੇ ਚੁੱਕੇ ਹਨ। ਉਮਰ ਵਿੱਚ ਭਾਵੇਂ ਟਰੰਪ ਤੋਂ ਤਿੰਨ ਕੁ ਸਾਲ ਹੀ ਛੋਟੇ ਹਨ, ਪਰ ਟਰੰਪ ਬਹਿਸ ਵਿੱਚ ਬਾਇਡਨ ਦੇ ਮੁਕਾਬਲੇ ਕਾਫੀ ਨੌਜਵਾਨ ਨਜ਼ਰ ਆਏ। ਇਸ ਤੋਂ ਇਲਾਵਾ ਬਹਿਸ ਦੌਰਾਨ ਬਾਇਡਨ ਕਈ ਥਾਵਾਂ ‘ਤੇ ਲੜਖੜਾਉਂਦੇ ਨਜ਼ਰ ਆਏ ਸਨ। ਇਸੇ ਕਰਕੇ ਡੈਮੋਕਰੇਟਿਕ ਪਾਰਟੀ ਵਿਚਲੇ ਬਹੁਤ ਸਾਰੇ ਹਲਕਿਆਂ ਵੱਲੋਂ ਬਾਇਡਨ ਨੂੰ ਚੋਣ ਮੁਹਿੰਮ ਵਿੱਚੋਂ ਪਾਸੇ ਹਟ ਜਾਣ ਅਤੇ ਕਿਸੇ ਹੋਰ ਵਿਅਕਤੀ ਨੂੰ ਰਾਸ਼ਟਰਪਤੀ ਦੀ ਚੋਣ ਲਈ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਲਈ ਆਖਿਆ ਜਾ ਰਿਹਾ ਹੈ। ਅਮਰੀਕਾ ਦੀ ਮੌਜੂਦਾ ਭਾਰਤੀ ਮੂਲ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਬਾਇਡਨ ਦੀ ਥਾਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਵੀ ਚੱਲ ਰਹੀ ਹੈ। ਉਹ ਟਰੰਪ ਦੇ ਵਿਰੁੱਧ ਬਾਈਡਨ ਦੇ ਮੁਕਾਬਲੇ ਬਿਹਤਰ ਕੈਂਡੀਡੇਟ ਵਜੋਂ ਵੀ ਵਿਖਾਏ ਜਾ ਰਹੇ ਹਨ। ਫਿਰ ਵੀ ਉਨ੍ਹਾਂ ਦਾ ਗੈਰ-ਗੋਰੀ ਚਮੜੀ ਵਾਲਾ ਰੰਗਦਾਰ ਪਿਛੋਕੜ ਅਤੇ ਇੱਕ ਔਰਤ ਹੋਣਾ ਉਨ੍ਹਾਂ ਦੇ ਵਿਰੁਧ ਭੁਗਤਦਾ ਨਜ਼ਰ ਆ ਰਿਹਾ ਹੈ।
ਭਾਵੇਂ ਕਿ ਬਾਇਡਨ ਅਤੇ ਮੋਦੀ-ਰਾਹੁਲ ਗਾਂਧੀ ਸਮੇਤ ਦੁਨੀਆਂ ਦੇ ਵੱਡੇ ਆਗੂਆਂ ਨੇ ਟਰੰਪ ‘ਤੇ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਹੈ, ਪਰ ਸਵਾਲਾਂ ਦਾ ਸਵਾਲ ਹਾਲੇ ਵੀ ਇਹੋ ਹੈ ਕਿ ਟਰੰਪ ਨੂੰ ਨਿਸ਼ਾਨੇ ‘ਤੇ ਰੱਖ ਕੇ ਚਲਾਈ ਗਈ ਗੋਲੀ ਦੇ ਪਿਛੋਕੜ ਵਿੱਚ ਪਏ ਕਾਰਨ ਰਾਜਨੀਤਿਕ ਹਨ ਜਾਂ ਇਹ ਘਟਨਾ ਸੰਬੰਧਤ ਨੌਜਵਾਨ ਦੇ ਮਾਨਸਿਕ ਵਿਕਾਰ ਦੀ ਨਿਸ਼ਾਨੀ ਹੈ? ਜਿਵੇਂ ਕਿ ਇਸ ਨੂੰ ਆਪਣੇ ਤੁਰੰਤ ਪ੍ਰਤੀਕਰਮ ਵਿੱਚ ਬਾਇਡਨ ਨੇ ਪਰਿਭਾਸ਼ਤ ਕੀਤਾ ਹੈ। ਉਪਰੋਕਤ ਘਟਨਾ ਤੋਂ ਬਾਅਦ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟਰੰਪ ‘ਤੇ ਗੋਲੀ ਚਲਾਉਣ ਵਾਲਾ 20 ਸਾਲਾ ਨੌਜਵਾਨ ਥੌਮਸ ਮੈਥੀਉ ਕਰੁੱਕ ਗੋਰੀ ਨਸਲ ਦਾ ਨੌਜਵਾਨ ਹੈ, ਜਿਸ ਨੂੰ ਰਾਜਨੀਤਿਕ ਸੋਝੀ ਦੀ ਲਾਗ ਲੱਗੀ ਹੋਈ ਸੀ। ਉਹ ਰਿਪਬਲਿਕਨ ਪਾਰਟੀ ਦਾ ਮੁਢਲਾ ਮੈਂਬਰ ਸੀ ਅਤੇ ਉਸ ਨੇ ਇੱਕ ਵਾਰ ਇੱਕ ਪ੍ਰੋਗਰੈਸਿਵ ਗਰੁੱਪ ਨੂੰ ਚੰਦਾ ਵੀ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੇ ਆਪਣੇ ਕਿਸੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਰੰਪ ਬਾਰੇ ਨਾਪਸੰਦਗੀ ਵੀ ਜ਼ਾਹਰ ਕੀਤੀ ਸੀ, ਪਰ ਇਸ ਨੂੰ ਅਮਰੀਕਨ ਖੁਫੀਆ ਸਰਵਿਸ ਦੇ ਸਨਾਈਪਰਾਂ ਵੱਲੋਂ ਮੌਕੇ ‘ਤੇ ਮਾਰ ਦਿਤੇ ਜਾਣ ਨਾਲ ਇਸ ਘਟਨਾ ਪਿੱਛੇ ਕੰਮ ਕਰਦੇ ਮਕਸਦ ਤੋਂ ਪਰਦਾ ਉਠਣ ਦੇ ਮੌਕੇ ਕਾਫੀ ਸੀਮਤ ਹੋ ਗਏ ਹਨ। ਉਸ ਦੀ ਮੌਤ ਤੋਂ ਬਾਅਦ ਅਮਰੀਕੀ ਏਜੰਸੀਆਂ ਦੀ ਪੁੱਛ ਪੜਤਾਲ ਦੋਇਮ ਦਰਜੇ ਦੇ ਸੋਮਿਆਂ ‘ਤੇ ਕੇਂਦਰਤ ਹੋਵੇਗੀ। ਖਦਸ਼ਾ ਬਣ ਗਿਆ ਹੈ ਕਿ ਇਸ ਵਿੱਚੋਂ ਕਾਤਲੀ ਇਰਾਦੇ ਦੇ ਪਿੱਛੇ ਕੰਮ ਕਰਦੇ ਮਕਸਦ ਬਾਰੇ ਜਾਣਕਾਰੀ ਸ਼ਾਇਦ ਹੀ ਬਾਹਰ ਆ ਸਕੇ।
ਫਿਰ ਵੀ ਇਸ ਘਟਨਾ ਨੇ ਅਮਰੀਕੀ ਸਮਾਜ ਵਿੱਚ ਰਾਜਨੀਤਿਕ ਹਿੰਸਾ ਦੀ ਪੋਲ ਖੋਲ੍ਹ ਦਿੱਤੀ ਹੈ। ਭਾਵੇਂ ਕਿ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਅਤੇ ਸੰਸਾਰ ਦੇ ਹੋਰ ਵੱਡੇ ਮੁਲਕਾਂ ਦੇ ਆਗੂਆਂ ਵੱਲੋਂ ਰਾਜਨੀਤਿਕ ਹਿੰਸਾ ਦੀ ਨਿਖੇਧੀ ਕੀਤੀ ਗਈ ਹੈ, ਪਰ ਸੰਸਾਰ ਇਤਿਹਾਸ ਦੇ ਜਿਸ ਮਹੱਤਵਪੂਰਨ ਮੋੜ ‘ਤੇ ਇਹ ਘਟਨਾ ਵਾਪਰੀ ਹੈ, ਉਸ ਪਿੱਛੇ ਮੌਜੂਦ ਸੰਭਾਵਿਤ ਰਾਜਨੀਤਿਕ ਕਾਰਕਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਬਾਇਡਨ ਦਾ ਰਾਸ਼ਟਰਪਤੀ ਵਜੋਂ ਕਾਰਜਕਾਲ ਇਸ ਦੇਸ਼ ਲਈ ਕਾਫੀ ਲਾਹੇਵੰਦ ਸਿੱਧ ਹੋਇਆ ਹੈ। ਬਾਇਡਨ ਵਲੋਂ ਨਾ ਸਿਰਫ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਮੁੜ ਤੋਂ ਪ੍ਰਭਾਵਕਾਰੀ ਬਣਾਇਆ ਗਿਆ, ਸਗੋਂ ਅਮਰੀਕੀ ਆਰਥਿਕਤਾ ਨੂੰ ਵੀ ਲੀਹ ‘ਤੇ ਲੈ ਆਂਦਾ ਗਿਆ ਹੈ। ਇਸ ਤੋਂ ਇਲਾਵਾ ਚੀਨ ਨੂੰ ਟਿਕਾਣੇ ਸਿਰ ਰੱਖਣ ਅਤੇ ਦੱਖਣੀ ਕੋਰੀਆ, ਜਪਾਨ ਅਤੇ ਆਸਟਰੇਲੀਆ ਜਿਹੇ ਮੁਲਕਾਂ ਨਾਲ ਇਸ ਦੀ ਘੇਰਾਬੰਦੀ ਕਰਨ ਵਿੱਚ ਵੀ ਕਿਸੇ ਹੱਦ ਤੱਕ ਸਫਲਤਾ ਹਾਸਲ ਕੀਤੀ ਹੈ। ਨਾਟੋ ਗੱਠਜੋੜ ਨੂੰ ਮੁੜ ਰਿਵਾਈਵ ਕੀਤਾ ਗਿਆ ਹੈ। ਵਾਤਾਵਰਣ ਅਤੇ ਕਲਾਈਮੇਟ ਚੇਂਜ ਦੇ ਮਾਮਲੇ ਵਿੱਚ ਹੋਏ ਤੇ ਹੋਣ ਵਾਲੇ ਸਮਝੌਤਿਆਂ ਅਤੇ ਵਾਰਤਾਵਾਂ ਵਿੱਚ ਅਮਰੀਕਾ ਦੀ ਮੁੜ ਸ਼ਮੂਲੀਅਤ ਕਰਵਾਈ ਗਈ ਹੈ। ਟਰੰਪ ਦਾ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਰਵੱਈਆ ਨਾਂਹ ਮੁਖੀ ਸੀ। ਇਸ ਨੁਕਤੇ ਤੋਂ ਦੋਹਾਂ ਪਾਰਟੀਆਂ ਵਿਚਕਾਰ ਮੱਤਭੇਦ ਇਸ ਵਾਰ ਦੀ ਚੋਣ ਸਮੇਂ ਬੁਨਿਆਦੀ ਕਿਸਮ ਦੇ ਹਨ; ਖਾਸ ਕਰਕੇ ਰੂਸ ਦੇ ਖਿਲਾਫ ਯੂਕਰੇਨ ਨੂੰ ਹਰ ਸਾਲ 40 ਅਰਬ ਕਰੋੜ ਦੀ ਮਦਦ ਦੇ ਮੁੱਦੇ ‘ਤੇ। ਬਾਇਡਨ ਅਤੇ ਉਸ ਨਾਲ ਜੁੜੇ ਯੂਰਪੀਅਨ ਮੁਲਕਾਂ ਨੂੰ ਡਰ ਹੈ ਕਿ ਜੇ ਟਰੰਪ ਰਾਸ਼ਟਰਤੀ ਬਣ ਗਏ ਤਾਂ ਉਹ ਯੂਕਰੇਨ ਨੂੰ ਇਹ ਮਦਦ ਬੰਦ ਕਰ ਸਕਦੇ ਹਨ। ਇਸ ਨਾਲ ਰੂਸ ਦਾ ਹਮਲਾਵਰ ਰੁਖ ਹੋਰ ਤੇਜ਼ ਹੋ ਸਕਦਾ ਹੈ। ਇਸ ਸਥਿਤੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹਿੱਤ ਇਸੇ ਵਿੱਚ ਹੋਣਗੇ ਕਿ ਬਾਇਡਨ ਦੀ ਥਾਂ ਰਾਸ਼ਟਰਪਤੀ ਦੀ ਚੋਣ ਟਰੰਪ ਜਿੱਤਣ। ਇਸ ਨਾਲ ਯੂਕਰੇਨ ਜੰਗ ਵਿੱਚ ਉਨ੍ਹਾਂ ਨੂੰ ਸਾਹ ਆ ਸਕਦਾ ਹੈ।
ਮੌਜੂਦਾ ਦੌਰ ਵਿੱਚ ਮੱਧ-ਪੂਰਬ ਵਿੱਚ ਇਜ਼ਰਾਇਲ ਦਾ ਫਲਿਸਤੀਨ ‘ਤੇ ਤਬਾਹਕੁੰਨ ਹਮਲਾ, ਇਸ ਨੂੰ ਸਥਾਈ ਅਮਰੀਕੀ ਹਮਾਇਤ ਅਤੇ ਯੂਕਰੇਨ ਰੂਸ ਜੰਗ, ਦੋ ਇਹੋ ਜਿਹੀਆਂ ਘਟਨਾਵਾਂ ਹਨ, ਜੋ ਸੰਸਾਰ ਦੀਆਂ ਵੱਡੀਆਂ ਤਾਕਤਾਂ ਦਾ ਜੀਣ ਮਰਨ ਬਣੀਆਂ ਪਈਆਂ ਹਨ। ਇਹੋ ਜਿਹੀ ਹਾਲਤ ਵਿੱਚ ਟਰੰਪ ‘ਤੇ ਹਮਲੇ ਦੇ ਤਾਰ ਕਿਸੇ ਨਾ ਕਿਸੇ ਸਿਆਸੀ ਗੁੱਟ ਜਾਂ ਪਾਰਟੀ ਨਾਲ ਵੀ ਜੁੜ ਸਕਦੇ ਹਨ, ਭਾਵੇਂ ਕਿ ਪ੍ਰਮੁੱਖ ਵਿਅਕਤੀ ਦੇ ਮਾਰੇ ਜਾਣ ਨਾਲ ਹੁਣ ਇਨ੍ਹਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਘੱਟ ਹੀ ਹੈ। ਇਸ ਤੋਂ ਇਲਾਵਾ ਇਸ ਘਟਨਾ ਦੇ ਸੰਬੰਧ ਅਮਰੀਕਾ ਦੀ ਆਪਣੀ ਅੰਦਰੂਨੀ ਸਿਆਸਤ ਨਾਲ ਵੀ ਹੋ ਸਕਦੇ ਹਨ, ਕਿਉਂਕਿ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀ ਦੀਆਂ ਸਿਆਸੀ ਨੀਤੀਆਂ ਲਗਪਗ ਇੱਕ ਦੂਜੇ ਦੇ ਉਲਟ ਵਿਖਾਈ ਦਿੰਦੀਆਂ ਹਨ। ਇਸ ਨੂੰ ਸਿਰਫ ਮਾਨਸਿਕ ਵਿਕਰਤੀ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ। ਕੁਝ ਲੋਕ ਇਸ ਨੂੰ ਖੁਦ ਟਰੰਪ ਵੱਲੋਂ ਨਿਯੋਜਿਤ ਕੀਤਾ ਗਿਆ ਸਟੰਟ ਵੀ ਸਮਝਦੇ ਹਨ, ਤਾਂ ਕਿ ਲੋਕਾਂ ਦੀ ਹਮਦਰਦੀ ਜਿੱਤੀ ਜਾ ਸਕੇ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਜਿੱਥੋਂ ਤੱਕ ਦੋਹਾਂ ਰਾਸ਼ਟਰਪਤੀਆਂ ਦੇ ਕਾਲ ਦਰਮਿਆਨ ਭਾਰਤ ਨਾਲ ਸੰਬੰਧਾਂ ਦਾ ਮਾਮਲਾ ਹੈ, ਇਸ ਬਾਰੇ ਕਿਹਾ ਜਾ ਸਕਦਾ ਹੈ ਕਿ ਬਾਇਡਨ ਕਾਲ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਜ਼ਿਆਦਾ ਮਹੱਤਵਪੂਰਨ ਸਮਝੌਤੇ ਹੋਏ ਹਨ। ਮਾਹਿਰਾਂ ਅਨੁਸਾਰ ਬਾਇਡਨ ਕਾਲ ਵਿੱਚ ਭਾਰਤ ਨਾਲ ਅਮਰੀਕਾ ਦਾ ਉੱਚ ਤਕਨਾਲੋਜੀ (ਇਮਰਜਿੰਗ ਟੈਕਨੌਲੋਜੀਜ਼) ਟਰਾਂਸਫਰ ਦਾ ਸਮਝੌਤਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਸਾਂਝੇ ਤੌਰ ‘ਤੇ ਜੈਟ ਇੰਜਣ ਬਣਾਉਣ ਬਾਰੇ ਵੀ ਸਹਿਮਤੀ ਬਣੀ; ਜਦੋਂਕਿ ਟਰੰਪ ਨੇ ਨਵੀਂ ਫੌਜੀ ਤਕਨੀਕ ਭਾਰਤ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹਥਿਆਰ ਦੇਣ ‘ਤੇ ਜ਼ੋਰ ਦਿੱਤਾ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹੇ ਅਮਰੀਕਾ ਦੀ ਫੇਰੀ ਨੂੰ ਸਟੇਟ ਵਿਜ਼ਿਟ ਦਾ ਦਰਜਾ ਦਿੱਤਾ। ਆਪਣੇ ਪਿਛਲੇ ਕਾਰਜਕਾਲ ਵਿੱਚ ਟਰੰਪ ਨੇ ਵਿਦੇਸ਼ ਨੀਤੀ, ਨਾਟੋ ਅਤੇ ਰੂਸ ਦੀਆਂ ਸਾਮਰਾਜੀ ਖਾਹਿਸ਼ਾਂ ਨੂੰ ਦਰਕਿਨਾਰ ਕਰਕੇ ਅਮਰੀਕਾ ਦੀ ਅੰਦਰੂਨੀ ਆਰਥਕਤਾ ਨੂੰ ਤਕੜੀ ਕਰਨ ਅਤੇ ਸਥਾਨਕ ਲੋਕਾਂ ਨੂੰ ਨੌਕਰੀਆਂ ਦੇਣ ‘ਤੇ ਜ਼ੋਰ ਦਿੱਤਾ। ਇਸ ਵਿੱਚੋਂ ਹੀ ਉਨ੍ਹਾਂ ਦੀ ਇਮੀਗਰੇਸ਼ਨ ਦੇ ਵਿਰੋਧ ਵਿੱਚ ਨੀਤੀ ਨਿਕਲੀ। ਇਹ ਨੀਤੀ ਵੀ ਭਾਰਤੀਆਂ ਨੂੰ ਗਹਿਰੇ ਰੂਪ ਵਿੱਚ ਪ੍ਰਭਾਵਤ ਕਰਦੀ ਹੈ। ਭਾਰਤ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਨ ਲਈ ਜਾਂਦੇ ਹਨ। ਇਸੇ ਕਰਕੇ ਬਲੈਕ ਕਾਕਸ ਅਤੇ ਅਮਰੀਕੀ ਕਾਕਸ ਤੋਂ ਬਾਅਦ ਇੰਡੀਅਨ ਕਾਕਸ ਇੱਥੇ ਸਭ ਤੋਂ ਪ੍ਰਭਾਵੀ ਪ੍ਰੈਸ਼ਰ ਗਰੁੱਪ ਹੈ। ਫਿਰ ਵੀ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਟਰੰਪ ‘ਤੇ ਹਮਲਾ ਚੋਣਾਂ ਵਿੱਚ ਉਸ ਪ੍ਰਤੀ ਹਮਦਰਦੀ ਲਹਿਰ ਨੂੰ ਜਨਮ ਦੇਵੇਗਾ। ਇਸ ਨਾਲ ਪਹਿਲਾਂ ਹੀ ਪਛੜ ਰਹੇ ਬਾਇਡਨ ਦੇ ਹੋਰ ਪਛੜ ਜਾਣ ਦੀ ਸੰਭਾਵਨਾ ਬਣ ਸਕਦੀ ਹੈ।