ਗੁਰਦੁਆਰਾ ਪੈਲਾਟਾਈਨ ਵਿਖੇ ਨਿਸ਼ਕਾਮ ਕਾਰਸੇਵਾ ਦਾ ਅਮਲ ਜਾਰੀ

ਖਬਰਾਂ

ਸ਼ਿਕਾਗੋ (ਬਿਊਰੋ): ਗੁਰਦੁਆਰਾ ਪੈਲਾਟਾਈਨ ਵਿਖੇ ਨਿਸ਼ਕਾਮ ਕਾਰਸੇਵਾ ਦਾ ਅਮਲ ਜਾਰੀ ਹੈ। ਦਿਨੋ-ਦਿਨ ਵੱਧ ਰਹੀ ਸੰਗਤ ਦੇ ਮੱਦੇਨਜ਼ਰ ਹਰ ਤਰ੍ਹਾਂ ਦੀ ਸੇਵਾ ਦੀ ਲੋੜ ਵਧ ਰਹੀ ਹੈ, ਜਿਸ ਲਈ ਨਿਸ਼ਕਾਮ ਸੇਵਕ ਰੋਜ਼ਮੱਰ੍ਹਾ ਜੁਟੇ ਰਹਿੰਦੇ ਹਨ। ਇਸ ਤਹਿਤ ਲੰਘੀ 13 ਜੁਲਾਈ ਨੂੰ ਗਰਮੀਆਂ ਦੀ ਕਾਰਸੇਵਾ ਕੀਤੀ ਗਈ। ਮੌਸਮ ਬਾਰੇ ਸੇਵਕਾਂ ਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਬਾਅਦ ਦੁਪਹਿਰ ਗਰਮੀ ਵਿਚ ਸੀਨੀਅਰਾਂ ਵਾਸਤੇ ਸੇਵਾ ਕਰਨੀ ਔਖੀ ਹੈ, ਪਰ ਨਿਸ਼ਕਾਮ ਕਾਰਸੇਵਾ ਦੇ ਜਥੇਦਾਰਾਂ, ਕੋਆਰਡੀਨੇਟਰਾਂ ਅਤੇ ਪ੍ਰੀਤਵਾਨ ਸੇਵਕਾਂ ਨੇ ਬਹੁਤ ਜੋਸ਼ ਤੇ ਦਿਲਚਸਪੀ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ।

ਕਾਰਸੇਵਾ ਸਵੇਰੇ ਸੰਗਤੀ ਅਰਦਾਸ ਨਾਲ ਸ਼ੁਰੂ ਹੋ ਗਈ ਸੀ ਅਤੇ ਸ਼ਾਮ ਤੱਕ ਚੱਲਦੀ ਰਹੀ।
ਗੁਰੂ ਘਰ ਦੇ ਅੰਦਰ ਦੀ ਸੇਵਾ ਦੌਰਾਨ ਧਾਰਮਿਕ ਸਕੱਤਰ ਤਰਲੋਚਨ ਸਿੰਘ ਮੁਲਤਾਨੀ ਤੇ ਹੋਰ ਸੇਵਕਾਂ ਨੇ ਰਲ ਕੇ ਸੁਖਆਸਣ, ਅਖੰਡਪਾਠ ਵਾਲੇ ਪਹਿਲੇ ਤੇ ਨਵੇਂ ਗੋਲ ਕਮਰੇ ਦੀ ਦੇਖ-ਭਾਲ ਕਰਦਿਆਂ ਉਥੋਂ ਨਾ-ਵਰਤੋਂ ਵਾਲਾ ਸਮਾਨ ਭਜਨ ਸਿੰਘ ਮਾਂਗਟ ਹੋਰਾਂ ਆਪਣੇ ਟਰੱਕ ਰਾਹੀਂ ਦੂਜੀ ਇਮਾਰਤ ਵਿੱਚ ਸੰਭਾਲ ਕੇ ਰੱਖਿਆ। ਦੂਸਰੀ ਮਜ਼ਿੰਲ `ਤੇ ਦੀਵਾਰਾਂ, ਸ਼ੀਸ਼ਿਆਂ ਆਦਿ ਦੀ ਸਾਫ-ਸਫ਼ਾਈ ਕੀਤੀ ਗਈ।
ਆਰ.ਕੇ. ਕਾਰਪੈਟ ਵਾਲੇ ਰਵਿੰਦਰ ਸਿੰਘ ਰਵੀ ਨੇ ਲੰਗਰ ਹਾਲ ਦੇ ਮੈਟ, ਰਨਰ, ਰਗ, ਗਲੀਚੇ ਇਕੱਠੇ ਕਰ ਕੇ ਵੈਕਿਯੁਮ ਕਰਨ ਉਪਰੰਤ ਸ਼ੈਂਪੂ ਕਰ ਕੇ ਚੰਗੀ ਤਰ੍ਹਾਂ ਸਾਫ ਕੀਤੇ ਅਤੇ ਸੁਕਾਏ। ਇਸ ਸੇਵਾ ਵਿੱਚ ਲੰਗਰ ਟਰੱਸਟੀ ਹਰਜੀਤ ਸਿੰਘ ਗਿੱਲ, ਓਂਕਾਰ ਸਿੰਘ ਲਾਲ, ਭਜਨ ਸਿੰਘ ਮਾਂਗਟ ਅਤੇ ਸ. ਸੇਖੋਂ ਤੇ ਬੱਚਿਆਂ ਨੇ ਸੇਵਾ ਨਿਭਾਈ।
ਕੇਹਰ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਨੇ ਗਾਰਬੇਜ ਕਨਟੇਨਰਾਂ ਦੀ ਪੂਰੀ ਤਰ੍ਹਾਂ ਸਾਫ-ਸਫਾਈ ਕੀਤੀ। ਇਸ ਤੋਂ ਇਲਾਵਾ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਉੱਤਰ ਵਾਲੇ ਪਾਸੇ ਦੀਵਾਰਾਂ ਉਤੇ ਹਰੇ ਤੇ ਕਾਲੇ ਦਾਗਾਂ ਨੂੰ ਪਾਵਰ ਵਾਸ਼ ਰਾਹੀਂ ਸਾਫ ਕੀਤਾ ਗਿਆ। ਸੇਵਾ ਉਪਰੰਤ ਨਿੱਖਰੀਆਂ ਦੀਵਾਰਾਂ ਦੇਖ ਕੇ ਸਭ ਪ੍ਰਸ਼ੰਸਾ ਕਰ ਰਹੇ ਸਨ।
ਬੀਬੀਆਂ-ਭੈਣਾਂ ਗੁਰੂ ਦੀ ਰਸੋਈ, ਸਰਵਿੰਗ ਜਗ੍ਹਾ ਅਤੇ ਲੰਗਰ ਹਾਲ ਦੀ ਸਫਾਈ ਕਰਨ ਵਿੱਚ ਜੁਟੀਆਂ ਹੋਈਆਂ ਸਨ। ਨਵਜੋਧ ਸਿੰਘ ਬਾਜਵਾ ਅਤੇ ਹੋਰ ਸੇਵਕਾਂ ਨੇ ਦਾਲਾਂ, ਚੌਲਾਂ ਦੇ ਥੈਲਿਆਂ ਦੀ ਸਫਾਈ ਕੀਤੀ। ਜ਼ਿਕਰਯੋਗ ਹੈ ਕਿ ਗੁਰੂਘਰ ਦੀ ਰਸੋਈ ਵਿੱਚ ਹਰ ਹਫਤੇ ਤਿੰਨ ਹਜ਼ਾਰ ਤੋਂ ਵੀ ਵੱਧ ਸੰਗਤਾਂ ਲਈ ਲੰਗਰ ਤਿਆਰ ਹੁੰਦਾ, ਪੱਕਦਾ ਤੇ ਵਰਤਦਾ ਹੈ। ਇਸੇ ਦੌਰਾਨ ਕਾਰਸੇਵਾ ਦੇ ਮੋਢੀ ਮੈਂਬਰ ਸਤਨਾਮ ਸਿੰਘ ਔਲਖ ਨੇ ਪ੍ਰਬੰਧਕ ਕਮੇਟੀ ਨੂੰ ਖਾਸ ਤਵੱਜੋ ਦੇਣ ਦੀ ਬੇਨਤੀ ਕੀਤੀ ਹੈ ਅਤੇ ਰਸੋਈ ਦੀਆਂ ਅੰਦਰਲੀਆਂ ਦੀਵਾਰਾਂ ਦੇ ਚੁਫੇਰੇ ਪਿਛਲੇ ਸਾਲ ਜੋ ਸਟੇਨਲੈਸ ਸਟੀਲ ਦੀ ਚਾਦਰ ਲਾਉਾਣ ਦਾ ਜੈਕਾਰਾ ਲਾਇਆ ਸੀ, ਉਸ ਨੂੰ ਪੂਰਾ ਕਰਨ ਦੀ ਬੇਨਤੀ ਕੀਤੀ ਹੈ।
ਗੁਰਦੀਪ ਸਿੰਘ ਵਿਰਕ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੋਵੇਂ ਜੋੜਾ ਘਰ, ਮਿੰਨੀ ਅਜੈਬ ਘਰ ਵਿੱਚ ਝਾੜ-ਪੂੰਝ ਕਰ ਕਰਦਿਆਂ ਫਰਸ਼ ਦੇ ਦਾਗ ਉਤਾਰ ਮਾਪ ਮਾਰ ਕੇ ਚਮਕਾਇਆ। ਇਸ ਦੀ ਪ੍ਰਸ਼ੰਸਾ ਕਲੀਨਿੰਗ ਕੰਪਨੀ ਦੇ ਇੱਕ ਨੁਮਾਇੰਦੇ ਐਲਵਸ ਨੇ ਵੀ ਕੀਤੀ। ਲਾਇਬ੍ਰੇਰੀ, ਆਈ.ਟੀ., ਰੁਮਾਲਾ ਰੂਮ ਆਦਿ ਦੀ ਸਾਂਭ-ਸੰਭਾਲ ਦੀ ਸੇਵਾ ਜਨਰਲ ਸਕੱਤਰ ਅੱਛਰ ਸਿੰਘ, ਲਾਇਬ੍ਰੇਰੀ ਇੰਚਾਰਜ ਅਤੇ ਹੋਰ ਸੇਵਕਾਂ ਨੇ ਪੂਰੀ ਤਰ੍ਹਾਂ ਨਿਭਾਈ। ਗੁਰਮਤਿ ਸਕੂਲ ਵਿੱਚ ਦੇਰ ਨਾਲ ਘੱਟ ਹਾਜ਼ਰੀ ਹੋਣ ਦੇ ਬਾਵਜੂਦ ਸਾਫ-ਸਫਾਈ ਹੋਈ।
ਇਸ ਤੋਂ ਇਲਾਵਾ ਗੁਰੂਘਰ ਦੇ ਬਾਹਰਲੇ ਅਹਾਤੇ ਦੀ ਨਿਸ਼ਕਾਮ ਸੇਵਾ ਵਿੱਚ ਸੰਗਤ ਜੁਟੀ ਹੋਈ ਸੀ। ਉਤਰ ਵਾਲੇ ਪਾਸੇ ਕਾਰ ਸੇਵਕ ਓਂਕਾਰ ਸਿੰਘ ਢਿੱਲੋਂ ਅਤੇ ਪ੍ਰੀਤਵਾਨ ਸੇਵਕ ਕੁਲਜੀਤ ਸਿੰਘ ਭੰਗੂ, ਸਤਨਾਮ ਸਿੰਘ ਗਿੱਲ, ਪਰਮਿੰਦਰ ਸਿੰਘ ਮਾਂਗਟ, ਹੈਪੀ, ਸੁੱਖੀ, ਸਿਦਕ ਅਤੇ ਹੋਰ ਸੇਵਕਾਂ ਨੇ ਫਲਦਾਰ ਤੇ ਫੁਲਦਾਰ ਰੁੱਖਾਂ ਦੀ ਸਾਂਭ-ਸੰਭਾਲ ਕਰਦਿਆਂ ਸਮੂਹ ਏਰੀਏ ਨੂੰ ਸਾਫ ਸੁਥਰਾ ਬਣਾਇਆ। ਗਰਮੀ ਦੀ ਪ੍ਰਵਾਹ ਨਾ ਕਰਦਿਆਂ ਕਾਰਸੇਵਕਾਂ ਨੇ ਮਿੱਥੇ ਹੋਏ ਕੰਮਾਂ ਤੋਂ ਵੀ ਵਧ ਕੇ ਕੰਮ ਕੀਤਾ।
ਨਿਸ਼ਾਨ ਸਾਹਿਬ ਦੇ ਦੁਆਲੇ ਰੁੱਖਾਂ ਦੀ ਕਟਾਈ ਅਤੇ ਘਾਹ ਫੂਸ ਕੱਢਣ ਵਿੱਚ ਕਰਮਬੀਰ ਸਿੰਘ ਢਿੱਲੋਂ, ਭਰਪੂਰ ਸਿੰਘ ਸਮੇਤ ਹੋਰ ਸੇਵਕ ਸ਼ਾਮਲ ਸਨ। ਪਾਰਕਿੰਗ ਲਾਟ ਦੇ ਆਲੇ-ਦੁਆਲੇ ਪੌਦਿਆਂ ਦੀ ਕਟਾਈ ਤੋਂ ਇਲਾਵਾ ਪ੍ਰੀਤਵਾਨ ਸੇਵਕਾਂ- ਨਿਰਭੈਅ ਸਿੰਘ ਧਨੋਆ, ਕੁਲਵਿੰਦਰ ਸਿੰਘ ਚਾਹਲ, ਰਜਿੰਦਰ ਸਿੰਘ ਬਾਸੀ, ਹਰਜਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਅਟਵਾਲ ਅਤੇ ਗਤਕੇ ਵਾਲੇ ਨੌਜਵਾਨ ਸੇਵਕਾਂ ਨੇ ਜਥੇਦਾਰ ਓਂਕਾਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੇਨ ਦਰਵਾਜੇ ਲਾਗਿਓਂ ਬਹੁਤ ਪੁਰਾਣਾ ਮੁੱਢ ਪੁਟਿਆ। ਇਸ ਸੇਵਾ ਵਿਚ ਨੌਜਵਾਨ ਪੀੜ੍ਹੀ ਦਾ ਜੋਸ਼ ਪ੍ਰਸ਼ੰਸਾਯੋਗ ਸੀ।
ਵਨੇਟਕਾ ਸਟਰੀਟ, ਡੀਅਰ ਐਵੇਨਿਊ ਅਤੇ ਨਾਲ ਲੱਗਦੀਆਂ ਸੜਕਾਂ ਦੀ ਸਾਫ-ਸਫ਼ਾਈ ਵੀ ਨਿਸ਼ਕਾਮ ਸੇਵਕਾਂ ਨੇ ਕੀਤੀ। ਕਾਰਸੇਵਾ ਦੇ ਜਥੇਦਾਰਾਂ ਅਨੁਸਾਰ ਇਸ ਨਾਲ ਗਵਾਂਢੀਆਂ `ਤੇ ਬਹੁਤ ਚੰਗ਼ਾ ਪ੍ਰਭਾਵ ਪੈਂਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਵਧਦੀ ਹੈ। ਇਸੇ ਦੌਰਾਨ ਸਤਨਾਮ ਸਿੰਘ ਔਲਖ ਨੇ ਦੱਸਿਆ ਕਿ ਅਗਲੀ ਨਿਸ਼ਕਾਮ ਕਾਰਸੇਵਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੋਂ ਪਹਿਲਾਂ 12 ਅਕਤੂਬਰ 2024, ਸਨਿਚਰਵਾਰ ਨੂੰ ਹੋਵੇਗੀ। ਉਨ੍ਹਾਂ ਨੇ ਸਮੂਹ ਗੁਰਦੁਆਰਾ ਕਮੇਟੀਆਂ, ਸ਼ਿਕਾਗੋਲੈਂਡ ਦੀਆਂ ਧਾਰਮਿਕ, ਸੱਭਿਆਚਾਰਕ ਤੇ ਖੇਡ ਸੰਸਥਾਵਾਂ ਅਤੇ ‘ਸਵੇਰਾ’ ਸੰਸਥਾ ਦੇ ਨੁਮਾਇੰਦਿਆਂ ਨੂੰ ਵੀ ਇਸ ਕਾਰ ਸੇਵਾ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਰੂਘਰ ਵਿੱਚ ਨਿਸ਼ਕਾਮ ਕਾਰਸੇਵਾ ਸਾਲ 2008 ਤੋਂ ਚੱਲ ਰਹੀ ਹੈ, ਜਿਸ ਨਾਲ ਗੁਰੂਘਰ ਦੇ ਕਈ ਕਾਰਜ ਸੰਵਾਰੇ ਗਏ ਹਨ ਅਤੇ ਇੰਜ ਵੱਡੀ ਰਕਮ ਦੀ ਬੱਚਤ ਕੀਤੀ ਗਈ ਹੈ।

Leave a Reply

Your email address will not be published. Required fields are marked *