ਮੀਰੀ-ਪੀਰੀ ਦਿਵਸ `ਤੇ
ਦਿਲਜੀਤ ਸਿੰਘ ਬੇਦੀ
ਗੁਰੂ ਨਾਨਕ ਸਾਹਿਬ ਨੇ ਕਮਾਲ ਦੀ ਯੋਜਨਾਬੰਦੀ ਨਾਲ ਨਿਰਬਲ ਹੋਈ ਜਨਤਾ ਨੂੰ ਹਲੂਣਿਆਂ, ਜਿਸ ਉਪਰ ਹੰਕਾਰੀ ਅਤੇ ਅਨੈਤਿਕ ਲੋਕ ਕਈ ਸਦੀਆਂ ਤੋਂ ਰਾਜ ਕਰ ਰਹੇ ਸਨ। ਗੁਰੂ ਜੀ ਨੇ ਇੱਕ ਮੁੱਢੋਂ ਆਜ਼ਾਦ ਧਰਮ ਅਤੇ ਪੰਥ ਦੀ ਸਿਰਜਨਾ ਕੀਤੀ। ਅਕਾਲ ਪੁਰਖ ਦੀ ਆਪਣੀ ਜੋਤਿ ਨੇ ਗੁਰੂ ਨਾਨਕ ਕਹਾਇਆ ਅਤੇ ਫਿਰ ਗੁਰੂ ਅੰਗਦ, ਅਮਰਦਾਸ ਅਤੇ ਗੁਰੂ ਰਾਮਦਾਸ ਰਾਹੀਂ ਇਹ ਜੋਤਿ ਗੁਰੂ ਅਰਜਨ ਦੇਵ ਜੀ ਵਿੱਚ ਪਰਵੇਸ਼ ਕੀਤੀ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਯੁੱਧ ਤੱਕ ਇੱਕੋ ਹੀ ਜੋਤਿ ਅਤੇ ਜੁਗਤਿ ਨਿਰੰਤਰ ਚੱਲਦੀ ਰਹੀ। ਇਹ ਜੋਤਿ ਜੁਗਤ ਜੋ ਧਰਮ ਪਿਤਾ ਵਾਹਿਗੁਰੂ ਦੀ ਪ੍ਰੇਰਨਾ ਕਰਕੇ ਗੁਰੂ ਨਾਨਕ ਸਾਹਿਬ ਰਾਹੀਂ ਪ੍ਰਗਟ ਹੋਈ ਸੀ, ਦਸ ਗੁਰੂ ਸਾਹਿਬਾਨ ਰਾਹੀਂ ਪ੍ਰਚਾਰੀ ਗਈ; ਉਸੇ ਨਿਰਮਲ ਤੇ ਖਾਲਸ ਧਰਮ ਦਾ ਨਾਮ ਗੁਰਮਤਿ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰੁ ਜੋਤਿ ਅਰਜੁਨ ਮਾਹਿ ਧਰੀ॥…
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖਯ ਹਰਿ॥…
ਦੇਵਪੁਰੀ ਮਹਿ ਗਯਉ ਆਪਿ ਪਰਮੇਸੑਵਰ ਭਾਯਉ॥…
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥
(ਪੰਨਾ 1408-1409)
ਗੁਰੂ ਹਰਿਗੋਬਿੰਦ ਸਾਹਿਬ ਦਾ ਸਮਕਾਲੀ ਮੋਹਸਿਨ ਫਾਨੀ, ਜਿਹੜਾ ਇਰਾਨ ਵੱਲੋਂ ਅੰਮ੍ਰਿਤਸਰ ਆਇਆ, ਨੇ ਆਪਣੀ ਕਿਤਾਬ ਦੇ ‘ਨਾਨਕ ਪੰਥੀ` ਮਜ਼ਮੂਨ ਵਿੱਚ ਦਰਜ ਕੀਤਾ ਕਿ ‘ਦੁਨੀਆਂ ਦੇ ਮੁਲਕਾਂ ਦਾ ਸ਼ਾਇਦ ਹੀ ਕੋਈ ਸ਼ਹਿਰ ਹੋਵੇ, ਜਿਥੇ ਥੋੜ੍ਹੇ ਬਹੁਤ ਸਿੱਖ ਨਾ ਹੋਣ।’ ਗੁਰੂ ਅਰਜਨ ਸਾਹਿਬ ਵੇਲੇ ਸਿੱਖੀ ਬਹੁਤ ਫੈਲੀ। ਗੁਰੂ ਜੀ ਨੇ ਪੰਥ ਨੂੰ ਬੁਨਿਆਦੀ ਤੱਥ ਸਮਝਾਉਣ ਲਈ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਵਕਤ ਸੱਤੇ ਬਲਵੰਡੇ ਦੀ ਵਾਰ ਅਤੇ ਭੱਟਾਂ ਦੇ ਸਵੱਈਏ ਦਰਜ ਕੀਤੇ।
ਗੁਰੂ ਅਰਜਨ ਦੇਵ ਜੀ ਨੇ ‘ਤੇਰਾ ਕੀਆ ਮੀਠਾ ਲਾਗੈ’ ਉਚਾਰਦੇ ਹੋਏ ਸ਼ਹੀਦੀ ਤੋਂ ਪਹਿਲਾਂ ਭਾਈ ਬਿਧੀ ਚੰਦ ਘੋੜਸਵਾਰ ਰਾਹੀਂ ਲਾਹੌਰ ਤੋਂ ਅੰਮ੍ਰਿਤਸਰ ਸੰਗਤਾਂ ਨੂੰ ਸੁਨੇਹਾ ਭੇਜਿਆ ਕਿ ‘ਹਰਗੋਬਿੰਦ ਛੇਵੇਂ ਨਾਨਕ ਹਨ, ਉਹ ਹਥਿਆਰਬੰਦ ਹੋ ਕੇ ਤਖ਼ਤ `ਤੇ ਬੈਠਣ ਅਤੇ ਵੱਡੀ ਤੋਂ ਵੱਡੀ ਫੌਜ ਰੱਖਣ।’ ਗੁਰੂ ਸਾਹਿਬ ਦੀ ਸ਼ਹੀਦੀ ਸਿੱਖਾਂ ਲਈ ਦਿਲ ਹਿਲਾ ਦੇਣ ਵਾਲੀ ਘਟਨਾ ਸੀ। ਇਸ ਘਟਨਾ ਨੇ ਸਿੱਖ ਧਰਮ ਅੰਦਰ ਇਨਕਲਾਬੀ ਮੋੜ ਲਿਆਂਦਾ। ਗੁਰੂ ਹਰਿਗੋਬਿੰਦ ਜੀ ਗੁਰੂ-ਪਿਤਾ ਦੀ ਸ਼ਹੀਦੀ ਵਕਤ 11 ਸਾਲ ਦੇ ਸਨ। ਇਸ ਸਮੇਂ ਸੰਗਤਾਂ ਨੂੰ ਕੀਰਤਨ ਕਰਨ ਅਤੇ ਸ਼ਹੀਦੀ ਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਹੋਏ ਭਾਣਾ ਮੰਨਣ ਦਾ ਹੁਕਮ ਕੀਤਾ ਅਤੇ ਕਿਹਾ ਕਿ ਉਹ ਜਲਦੀ ਹੀ ਪੰਥ ਅੱਗੇ ਨਵਾਂ ਪ੍ਰੋਗਰਾਮ ਰੱਖਣਗੇ।
ਜੂਨ 1606 ਈ: ਨੂੰ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਆਪ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਅਤੇ ਉਸਾਰੀ ਕਰਵਾਈ। ਇਸ ਉਪਰੰਤ ਉਨ੍ਹਾਂ ਫ਼ੁਰਮਾਇਆ ਕਿ ਤਖ਼ਤ ਉੱਪਰ ਸੁੰਦਰ ਗਲੀਚਾ ਵਿਛਾ ਕੇ ਉਪਰ ਸ਼ਾਹੀ ਠਾਠ ਵਾਲਾ ਚੰਦੋਆ ਲਗਾਉਣ ਅਤੇ ਉਹ ਆਪ ਤਿਆਰ ਹੋ ਕੇ ਆਉਣਗੇ। ਉਨ੍ਹਾਂ ਖ਼ੂਬਸੂਰਤ ਸ਼ਾਹੀ ਬਸਤਰ ਪਹਿਨ ਕੇ, ਦਸਤਾਰ ਤੇ ਕਲਗੀ, ਮੋਤੀਆਂ ਦੀ ਮਾਲਾ ਅਤੇ ਫੌਲਾਦੀ ਚੱਕਰ ਨਾਲ ਸੁਸ਼ੋਭਿਤ ਹੋਣ ਉਪਰੰਤ ਤਖ਼ਤ `ਤੇ ਪਹੁੰਚੇ; ਬਾਬਾ ਬੁੱਢਾ ਜੀ ਨੂੰ ਕਿਹਾ ਕਿ ਗੁਰਿਆਈ ਦੇ ਤਿਲਕ ਦੀ ਜਗ੍ਹਾ ਉਨ੍ਹਾਂ ਨੂੰ ਦੋ ਤਲਵਾਰਾਂ ਪਹਿਨਾਉਣ-ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ। ਉਨ੍ਹਾਂ ਐਲਾਨ ਕੀਤਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਵੀ ਧਾਰਮਿਕ ਅਤੇ ਰਾਜਸੀ ਗੁਰੂ ਹੋ ਕੇ ਵਿਚਰਦੇ ਰਹੇ ਹਨ, ਪਰ ਹੁਣ ਅਸੀਂ ਨਾ ਸਿਰਫ ਪੰਥ ਨੂੰ ਬਲਕਿ ਸਾਰੇ ਸੰਸਾਰ ਨੂੰ ਆਪਣਾ ਰੂਪ ਪ੍ਰਤੱਖ ਕਰਨਾ ਹੈ, ਉਨ੍ਹਾਂ ਹੁਕਮ ਕੀਤਾ ਕਿ ਉਨ੍ਹਾਂ ਦੇ ਸੀਸ `ਤੇ ਇੱਕ ਸਿੱਖ ਹਮੇਸ਼ਾ ਸ਼ਾਹੀ ਛਤਰ ਕਰਿਆ ਕਰੇ ਅਤੇ ਇੱਕ ਹੋਰ ਸਿੱਖ ਚੌਰ ਕਰਿਆ ਕਰੇ। ਉਨ੍ਹਾਂ ਪੰਥ ਨੂੰ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਸੰਗਤਾਂ ਕੋਲੋਂ ਉਨ੍ਹਾਂ ਨੂੰ ਹਥਿਆਰ, ਘੋੜੇ ਅਤੇ ਜਵਾਨੀ ਦੀਆਂ ਭੇਟਾਵਾਂ ਉਤਮ ਰੂਪ ਵਿੱਚ ਪ੍ਰਵਾਨ ਹੋਣਗੀਆਂ। ਆਪਣੇ ਸਿੱਖਾਂ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਇਤਨੀ ਉੱਚੀ ਕਰ ਦਿੱਤੀ ਕਿ ਜਦ ਗੁਰੂ ਜੀ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਲਿਆਉਣ ਲਈ ਸੰਕੇਤ ਦਿੱਤਾ ਤਾਂ ਅੰਮ੍ਰਿਤਸਰ ਤੋਂ ਘੋੜੇ ਲਿਆਉਣ ਲਈ ਸੈਂਕੜੇ ਸਿੱਖ ਤੁਰ ਪਏ। ਇਸ ਤਰ੍ਹਾਂ ਦਾ ਐਲਾਨ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਜੰਗ ਛੇੜਨ ਦਾ ਇੱਕ ਖੁੱਲ੍ਹਾ ਸੱਦਾ ਸੀ। ਅਕਾਲ ਤਖ਼ਤ ਸਾਹਿਬ ਗੁਰੂ ਅਰਜਨ ਸਾਹਿਬ ਦੇ ਡੁਲ੍ਹੇ ਖੂਨ ਦੀ ਪੈਦਾਵਾਰ ਹੈ। ਪੰਚਮ ਪਾਤਸ਼ਾਹ ਦੀ ਸ਼ਹੀਦੀ ਸਮੇਂ ਸਿੱਖਾਂ ਵਿੱਚ ਆਈ ਘਬਰਾਹਟ ਦੇਖ ਕੇ ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਨੇ ਤਸੱਲੀ ਦਿੱਤੀ ਕਿ ਗੁਰੂ ਹਰਿਗੋਬਿੰਦ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋਤਿ ਹਨ।
ਗੁਰੂ ਹਰਿਗੋਬਿੰਦ ਸਾਹਿਬ ਦੇ ਇਸ ਹੁਕਮ ਅਨੁਸਾਰ ਸਿੱਖ ਸੰਗਤਾਂ ਹਥਿਆਰਬੰਦ ਹੋ ਕੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੂਰਬੀਰਾਂ ਨੂੰ ਬਾਬਾ ਬੁੱਢਾ ਜੀ ਦੀ ਦੇਖ-ਰੇਖ `ਚ ਜੰਗਜੂ ਸੰਘਰਸ਼ ਲਈ ਤਿਆਰ ਕੀਤਾ ਤੇ ਇਨ੍ਹਾਂ ਦੇ ਚਾਰ ਜਥੇ ਬਣਾਏ। ਗੁਰੂ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਉੱਪਰ ਬੈਠ ਕੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ। ਅਕਾਲ ਤਖ਼ਤ ਸਾਹਿਬ ਸਾਹਮਣੇ ਕੁਸ਼ਤੀਆਂ, ਜੰਗਜੂ ਕਰਤੱਬ ਵਾਲੀਆਂ ਖੇਡਾਂ ਕਰਵਾਉਣੀਆਂ ਅਰੰਭ ਕਰ ਦਿੱਤੀਆਂ। ਢਾਡੀ ਬੀਰ-ਰਸੀ ਵਾਰਾਂ ਸੁਣਾਉਂਦੇ, ਸਿੱਖ ਸ਼ਕਤੀ ਦਾ ਖੂਨ ਜੋਸ਼ ਨਾਲ ਉਬਾਲੇ ਖਾਣ ਲੱਗਾ। ਅਕਾਲ ਤਖ਼ਤ ਸਾਹਿਬ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ, ਜੋ ਮੀਰੀ-ਪੀਰੀ ਦੀ ਸ਼ਕਤੀ ਦੇ ਪ੍ਰਤੀਕ ਹਨ।
ਗੁਰੂ ਜੀ ਰੋਜ਼ਾਨਾ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਦਰਬਾਰ ਲਗਾਉਂਦੇ, ਸਿੱਖਾਂ ਦੇ ਆਪਸੀ ਝਗੜਿਆਂ ਨੂੰ ਸੁਣਿਆ ਜਾਂਦਾ ਅਤੇ ਉਨ੍ਹਾਂ ਦਾ ਨਿਬੇੜਾ ਕੀਤਾ ਜਾਂਦਾ। ਇਸ ਦਰਬਾਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਸਿੱਖ ਧਾਰਮਿਕ ਖੇਤਰ ਵਿੱਚ ਹੀ ਸੁਤੰਤਰ ਨਹੀਂ, ਸਗੋਂ ਸੰਸਾਰਕ ਮਸਲਿਆਂ ਨੂੰ ਵੀ ਨਜਿੱਠਣ ਦੀ ਸ਼ਕਤੀ ਰੱਖਦੀ ਹੈ। ਇਹ ਆਤਮ ਨਿਰਣੈ ਲੈਣ ਦਾ ਇੱਕ ਜ਼ੋਰਦਾਰ ਪ੍ਰਗਟਾਵਾ ਸੀ। ਇਹ ਗੁਰੂ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਵੀ ਸੀ ਅਤੇ ਸ਼ਹਾਦਤ ਦੇ ਰੂਪ ਵਿੱਚ ਦਿੱਤੇ ਗਏ ਚੈਲੰਜ ਨੂੰ ਪ੍ਰਵਾਨ ਕਰਨ ਦਾ ਐਲਾਨ ਵੀ ਸੀ। ਅਕਾਲ ਤਖ਼ਤ ਸਾਹਿਬ ਪਰਉਪਕਾਰੀ ਵਡਯੋਧੇ ਗੁਰੂ ਦੀਆਂ ਅਨੰਤ ਬਖਸ਼ਿਸ਼ਾਂ ਦਾ ਰੂਹਾਨੀ ਕ੍ਰਿਸ਼ਮਾ ਹੈ।
ਮੋਹਸਿਨ ਫਾਨੀ ਅਨੁਸਾਰ ਗੁਰੂ ਜੀ ਨੇ 2200 ਦੀ ਫੌਜ ਤਿਆਰ ਕੀਤੀ, ਜਿਸ ਵਿੱਚ 60 ਬੰਦੂਕਚੀ ਅਤੇ 300 ਘੋੜ-ਸਵਾਰ ਸਨ, ਜਿਨ੍ਹਾਂ ਲਈ 700 ਘੋੜੇ ਸਨ। ਸਰਹਿੰਦ ਦੇ ਨਕਸ਼ਬੰਦੀ ਮੁਸਲਮਾਨ ਜਿਹੜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਖੁਸ਼ ਹੋਏ ਸਨ, ਉਹ ਗੁਰੂ ਹਰਿਗੋਬਿੰਦ ਜੀ ਦੇ ਕਾਰਨਾਮੇ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਜਹਾਂਗੀਰ ਨੂੰ ਜ਼ੋਰਦਾਰ ਸ਼ਿਕਾਇਤ ਕੀਤੀ ਕਿ ਤੇਰੇ ਰਾਜ ਵਿੱਚ ਕੀ ਹੋ ਰਿਹਾ ਹੈ ਕਿ ਕਾਫਰਾਂ ਦਾ ਗੁਰੂ ਤੇਰੇ ਰਾਜ ਵਿੱਚ ਤਖ਼ਤ `ਤੇ ਬੈਠਦਾ ਹੈ, ਸੱਚਾ ਪਾਤਸ਼ਾਹ ਕਹਾਉਂਦਾ ਹੈ ਅਤੇ ਉਸ ਨੇ ਆਧੁਨਿਕ ਫੌਜ ਵੀ ਰੱਖੀ ਹੋਈ ਹੈ। ਜਦ ਜਹਾਂਗੀਰ ਨੇ ਤਲਬ ਕੀਤਾ ਤਾਂ ਗੁਰੂ ਸਾਹਿਬ ਆਪਣੇ ਫੌਜੀਆਂ ਦੀ ਗਾਰਦ ਨਾਲ ਲੈ ਕੇ ਸ਼ਾਹੀ ਠਾਠ ਨਾਲ ਜਹਾਂਗੀਰ ਨੂੰ ਮਿਲੇ ਅਤੇ ਸਪੱਸ਼ਟ ਕੀਤਾ ਕਿ “ਭਾਵੇਂ ਉਹ ਅਕਾਲ ਦੇ ਤਖ਼ਤ `ਤੇ ਸੁਸ਼ੋਭਿਤ ਹੁੰਦੇ ਹਨ, ਪਰ ਉਨ੍ਹਾਂ ਨੇ ਦੁਨੀਆਂ ਦੇ ਕਿਸੇ ਰਾਜ ਦੇ ਇੱਕ ਗਜ਼ ਹਿੱਸੇ ਉਪਰ ਵੀ ਕਬਜ਼ਾ ਨਹੀਂ ਕੀਤਾ। ਅਕਾਲ ਦੇ ਤਖ਼ਤ ਦਾ ਕਾਰਜ ਖੇਤਰ ਸਾਰਾ ਸੰਸਾਰ ਹੈ ਅਤੇ ਅਕਾਲ ਪੁਰਖ ਵੱਲੋਂ ਉਨ੍ਹਾਂ ਨੂੰ ਕੁਲ ਆਲਮ ਦੇ ਲੋਕਾਂ ਨੂੰ ਰਾਹਤ ਦੇਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ।”
ਜਹਾਂਗੀਰ ਨੂੰ ਇਸ ਬਾਤ ਦੀ ਸਮਝ ਨਾ ਆਈ ਅਤੇ ਉਸ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ ਕੀਰਤਨ ਅਤੇ ਲੋਹ-ਲੰਗਰ ਦੇ ਪ੍ਰੋਗਰਾਮ ਜਾਰੀ ਰੱਖਣ। ਅੰਮ੍ਰਿਤਸਰ ਤੋਂ ਗਵਾਲੀਅਰ ਵੱਲ ਕੀਰਤਨ ਕਰਦੀਆਂ ਸਿੱਖਾਂ ਦੀਆਂ ਟੋਲੀਆਂ ਨੇ ਚਾਲੇ ਪਾ ਦਿੱਤੇ। ਰਸਤੇ ਵਿੱਚ ਸਭ ਨੂੰ ਲੰਗਰ ਛਕਾਉਂਦੇ ਅਤੇ ਕਿਲ੍ਹੇ ਦੇ ਦੁਆਲੇ ਸਤਿਨਾਮੁ ਦਾ ਜਾਪ ਕਰਦੇ। ਇਸ ਸਮੇਂ ਕੀਰਤਨ ਕਰਦੇ ਸਿੱਖਾਂ ਨੇ ਸਿੱਖੀ ਦਾ ਕਮਾਲ ਦਾ ਪ੍ਰਚਾਰ ਕੀਤਾ, ਜਿਸ ਨਾਲ ਸਿੱਖੀ ਪ੍ਰਚਾਰ ਨੂੰ ਬਲ ਮਿਲਿਆ। ਸਿੱਖਾਂ ਦੀ ਚੜ੍ਹਦੀ ਕਲਾ ਵੇਖ ਕੇ ਅੰਤ ਵਿੱਚ ਜਹਾਂਗੀਰ ਨੇ ਸੱਚੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨਾਲ 52 ਹੋਰ ਰਾਜਸੀ ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ। ਬੜੀ ਸ਼ਾਨ ਨਾਲ ਮਾਰਚ ਕਰਦਾ ਹੋਇਆ ਗੁਰੂ ਪਾਤਸ਼ਾਹ ਜੀ ਦਾ ਵੱਡਾ ਕਾਫਲਾ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚਿਆ ਅਤੇ ਸਭ ਨੇ ਖੁਸ਼ੀ ਵਿੱਚ ਆਤਿਸ਼ਬਾਜੀ ਤੇ ਦੀਪਮਾਲਾ ਨਾਲ ਗੁਰੂ ਜੀ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਸਿੱਖਾਂ ਨੂੰ ਯਕੀਨ ਹੋ ਗਿਆ ਕਿ ਮੁਗਲਾਂ ਨੇ ਇਸ ਅਲੌਕਿਕ ਅਕਾਲ ਤਖ਼ਤ ਸਾਹਿਬ ਅਧੀਨ ਸਰਬ ਸੰਸਾਰ ਦੇ ਇਲਾਹੀ ਰਾਜ ਨੂੰ ਮਾਨਤਾ ਦਿੱਤੀ ਹੈ। ਅਕਾਲ ਤਖ਼ਤ ਸਾਹਿਬ ਖਾਲਸਾ ਪੰਥ ਦੀ ਸੁਤੰਤਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
“ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਐਸੀ ਸੰਸਥਾ ਬਣ ਚੁੱਕੀ ਹੈ, ਜਿਸ ਨੂੰ ਸਿੱਖਾਂ ਦੀਆਂ ਧਾਰਮਿਕ ਜਾਂ ਰਾਜਨੀਤਕ ਗਤੀਵਿਧੀਆਂ ਜਾਂ ਸਿੱਖ ਰਾਜਨੀਤੀ ਵਿੱਚੋਂ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੀ ਸਥਾਪਨਾ ਤੋਂ ਹੁਣ ਤੀਕ ਸਮੁੱਚਾ ਸਿੱਖ ਸੰਘਰਸ਼ ਇਸ ਦੇ ਦੁਆਲੇ ਕੇਂਦਰਿਤ ਰਹੇ ਹਨ। ਰਾਜਨੀਤਕ ਸਿਧਾਂਤਾਂ ਦੇ ਅਨੁਸਾਰ ਜੋ ਸਥਿਤੀਆਂ ਕਿਸੇ ਕੌਮ ਲਈ ਜ਼ਰੂਰੀ ਹੁੰਦੀਆਂ ਹਨ, ਉਨ੍ਹਾਂ ਵਿੱਚ ਝੰਡਾ, ਫ਼ਲਸਫ਼ਾ, ਬੋਲੀ ਅਤੇ ਸੁਤੰਤਰ ਤੌਰ `ਤੇ ਵਿਚਰਨ ਦੀ ਯੋਗਤਾ; ਸਿੱਖ ਕੌਮ ਇਨ੍ਹਾਂ ਸਾਰਿਆਂ ਦੀ ਧਾਰਨੀ ਹੈ। ਖਾਲਸਾ ਪੰਥ ਪਾਸ ਆਪਣਾ ਕੇਸਰੀ ਨਿਸ਼ਾਨ ਸਾਹਿਬ (ਝੰਡਾ), ਆਪਣਾ ਧਾਰਮਿਕ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਅਕਾਲ ਤਖ਼ਤ ਸਾਹਿਬ ਦੇ ਪ੍ਰਕਾਸ਼ਨ ਨਾਲ ਸਿੱਖ ਚਿੰਤਨ ਦੇ ਸੰਕਲਪੀ ਪ੍ਰਸੰਗ ਵਿੱਚ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ ਵਰਗੇ ਵੱਖ-ਵੱਖ ਲੱਗਦੇ ਸੰਕਲਪਾਂ ਨੂੰ ਇਕੱਤਰ ਰੂਪ ਵਿੱਚ ਪ੍ਰਸਤੁਤ ਕਰਨ ਦੀ ਪਹਿਲ ਸਿੱਖ ਧਰਮ ਨੇ ਕੀਤੀ। ਅਕਾਲ ਤਖ਼ਤ ਸਾਹਿਬ ਦੇ ਸੰਕਲਪ ਨੂੰ ਵਿਚਾਰਿਆ ਜਾਵੇ ਤਾਂ ਇਸ ਨਤੀਜੇ `ਤੇ ਪਹੁੰਚਿਆ ਜਾ ਸਕਦਾ ਹੈ ਕਿ ਦਰਬਾਰ ਸਾਹਿਬ ਰਾਹੀਂ ਖਾਲਸਾਈ ਜੋਤਿ ਦੀ ਅਤੇ ਅਕਾਲ ਤਖ਼ਤ ਸਾਹਿਬ ਰਾਹੀਂ ਖਾਲਸਾਈ ਜੁਗਤਿ ਦੀ ਪ੍ਰਤੀਨਿਧਤਾ ਹੋਈ ਹੈ। ਅੰਮ੍ਰਿਤਸਰ ਸਾਹਿਬ ਦੇ ਦਰਸ਼ਨ-ਦੀਦਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਓਟ ਆਸਰੇ ਬਿਨਾ ਕੋਈ ਸਿੱਖ ਜੀਅ ਨਹੀਂ ਸਕਦਾ। ਇਹ ਦੋਵੇਂ ਸੰਸਥਾਵਾਂ ਸਾਰੀ ਦੁਨੀਆਂ `ਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਵਸੀਆਂ ਹੋਈਆਂ ਹਨ। ਅਕਾਲ ਤਖ਼ਤ ਸਾਹਿਬ ਬਾਦਸ਼ਾਹੀ ਤੋਂ ਸੱਚੀ ਪਾਤਸ਼ਾਹੀ ਦੇ ਸੰਕਲਪ ਦੀ ਸਿਰਜਨਾ ਦਾ ਚਿੰਨ੍ਹ ਹੈ ਆਦਿ ਨਿਸ਼ਾਣੁ ਸ੍ਰੀ ਅਕਾਲ ਤਖ਼ਤ ਸਾਹਿਬ, ਮਾਨਵਤਾ ਦੇ ਮਹਾਂ-ਉਥਾਨ ਦਾ ਜ਼ਾਮਨ ਹੈ। ਧਰਮ ਸ਼ਾਸਤਰ ਦੇ ਇਤਿਹਾਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਨਵ-ਚੇਤਨਾ ਦਾ ਇੱਕ ਅਜਿਹਾ ਕੇਂਦਰ ਹੈ, ਜਿਥੇ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਹੋਣਾ ਹੀ ਪਹਿਲੀ ਸ਼ਰਤ ਹੈ।” -ਡਾ. ਸੁਖਦਿਆਲ ਸਿੰਘ।
“ਸਿੱਖ ਸਿਧਾਂਤ, ਸਿੱਖ ਸੰਸਥਾਵਾਂ ਅਤੇ ਸਿੱਖ ਵਿਸ਼ਵਾਸ ਨੂੰ ਇੱਕ ਦੂਜੇ ਦੀ ਨਿਰੰਤਰਤਾ ਵਿੱਚ ਜਾਂ ਇੱਕ ਦੂਜੇ ਦੀ ਪੂਰਕਤਾ ਵਿੱਚ ਹੀ ਵੇਖੇ ਜਾਣ ਦੀ ਲੋੜ ਹੈ। ਅਕਾਦਮਿਕ ਖੇਤਰ ਵਿੱਚ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਨੂੰ ਵਰਤਣ ਵਾਲੇ ਵਿਦਵਾਨਾਂ ਨੇ, ਇਸ ਸਤਿ ਦਾ ਕੋਈ ਨੈਤਿਕ ਬੰਧਨ ਕਬੂਲ ਨਹੀਂ ਕੀਤਾ ਜਾਪਦਾ। ਸਿੱਟਾ ਇਹ ਨਿਕਲਿਆ ਹੈ ਕਿ ਅਧਿਆਤਮਿਕਤਾ ਅਤੇ ਇਤਿਹਾਸ ਨੂੰ, ਸਿਧਾਂਤ ਤੇ ਸੰਸਥਾਵਾਂ ਨੂੰ, ਫ਼ਲਸਫ਼ੇ ਅਤੇ ਧਰਮ ਵਿਗਿਆਨ ਨੂੰ ਅਤੇ ਵਿਸ਼ਵਾਸ ਅਤੇ ਸਮਾਜਿਕਤਾ ਨੂੰ ਗੁਰਬਾਣੀ ਵਿੱਚ ਪ੍ਰਾਪਤ ਜੋਤਿ ਅਤੇ ਜੁਗਤੀ ਦੇ ਮਾਡਲ ਅਨੁਸਾਰ ਪਰਖਣ ਦੀ ਥਾਂ, ਪ੍ਰਾਪਤ ਅਕਾਦਮਿਕ ਅੰਤਰ-ਦ੍ਰਿਸ਼ਟੀਆਂ ਅਨੁਸਾਰ ਢਾਲਣ ਲਈ ਖਿੱਚ ਧੂਹ ਕੇ ਪੇਸ਼ ਕੀਤਾ ਜਾ ਰਿਹਾ ਹੈ। ਲਿਖਣ ਵਾਸਤੇ ਲਿਖਣ ਦੀ ਆਜ਼ਾਦੀ ਨਾਲ, ਪ੍ਰਮਾਣਿਕ ਸਿੱਖ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਉਣ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਸਿਆਸੀ ਵਿਰੋਧ ਨੂੰ ਧਾਰਮਿਕ ਵਿਰੋਧ ਵਜੋਂ ਪੇਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ।” -ਡਾ. ਬਲਕਾਰ ਸਿੰਘ
“ਅਸੀਂ, ਬਿਖੜੇ-ਸੱਭਿਆਚਾਰ-ਅਵਚੇਤਨ ਦੀਆਂ ਵਿਨਾਸ਼ਕਾਰੀ ਹੱਦਾਂ ਵਿੱਚੋਂ ਗੁਜ਼ਰ ਰਹੇ ਹਾਂ। ਸਮੁੱਚੇ ਭਾਰਤ ਦਾ ਨੈਤਿਕ, ਸਿਆਸੀ ਅਤੇ ਧਾਰਮਿਕ ਆਪਾ ਇੱਕ ਵਿਸ਼ੇਸ਼ ਕਿਸਮ ਦੀ ਅੰਤ੍ਰਿਕ ਟੁੱਟ-ਭੱਜ ਦਾ ਸ਼ਿਕਾਰ ਹੋ ਰਿਹਾ ਹੈ। ਭਾਰਤ ਭੂ-ਖੰਡ ਦਾ ਸਤਿਕਾਰ ਦੁਨੀਆਂ ਵਿੱਚ ਦਿਨੋਂ-ਦਿਨ ਘਟ ਰਿਹਾ ਹੈ? ਸੰਭਵ ਹੈ ਕਿ ਇਸ ਦੇ ਸਤਿਕਾਰ ਦੇ ਘਟ ਜਾਣ ਦਾ ਕਾਰਨ ਸ਼ਾਇਦ ਇਹ ਵੀ ਹੋਵੇ ਕਿ ਸਾਰੀਆਂ ਸਿਆਸੀ ਜਮਾਤਾਂ ਨੇ, ਧਰਮਾਂ ਨੂੰ, ਨਿੱਤ ਵਰਤੋਂ ਦਾ ਹਥਿਆਰ ਬਣਾ ਕੇ ਵਰਤਣ ਦਾ ਵਿਨਾਸ਼ਕਾਰੀ ਖੇਲ੍ਹ ਖੇਲਿਆ ਹੈ। ਧਾਰਮਿਕ ਤੇਜੱਸਵ ਦੀ ਪੁਨਰ-ਸਥਾਪਤੀ ਲਈ ਇਹੋ ਜਿਹੇ ਯਤਨ ਪੰਥ ਦੇ ਅਤੇ ਸਮੁੱਚੇ ਭਾਰਤ ਭੂ-ਖੰਡ ਦੇ ਵਿਕਾਸ ਅਤੇ ਇਸ ਦੀਆਂ ਸਰਬ-ਉੱਚ ਮਾਣ-ਮਰਯਾਦਾਵਾਂ ਤੇ ਸੰਭਾਵਨਾਵਾਂ ਦੀ ਸਥਾਪਤੀ ਲਈ ਕਾਰਗਰ ਸਿੱਧ ਹੋ ਸਕਦੇ ਹਨ। ਧਰਮ ਦੇ ਵਿਕਾਸ ਦਾ ਜ਼ੁੰਮਾ ਨਾਸਤਿਕ ਸਿਆਸੀ ਮਾਫੀਆ ਦੇ ਹੱਥਾਂ ਵਿੱਚ ਆ ਸਕਦਾ ਹੈ। ਸ਼ਾਇਦ ਰੱਬ ਦੀ ਥਾਂ ਪੁਜਾਰੀ ਨੇ ਮੱਲ ਲਈ ਹੈ ਅਤੇ ਬਾਣੀ ਦੀ ਥਾਂ ਮਹਿਜ਼ ਵਿਆਖਿਆ ਦੇ ਸ਼ੌਕ ਨੇ ਮੱਲ ਲਈ ਹੈ। ਇਸ ਕਿਸਮ ਦਾ ਸੰਕਟ ਪੰਥ ਨੂੰ ਹਰ ਸਮੇਂ ਦਰਪੇਸ਼ ਰਿਹਾ ਹੈ। ਇਹ ਸੰਕਟ ਸਾਡੇ ਸਵੱਛ-ਅਧਿਆਤਮਕ ਚਿੰਤਨ ਨੂੰ ਸਾਂਝੇ-ਅਵਚੇਤਨ ਵਿੱਚ ਪਰਿਵਰਤਿਤ ਨਹੀਂ ਹੋਣ ਦੇ ਰਿਹਾ। ਇਸੇ ਕਾਰਨ ਸਾਡਾ ਧਾਰਮਿਕ ਤੇ ਮਾਨਸਿਕ ਅਵਚੇਤਨ ਨਿਤਾਪ੍ਰਤੀ ਟੁੱਟ ਰਿਹਾ ਹੈ। ਇਨ੍ਹਾਂ ਮਹਾਨ ਸੰਸਥਾਵਾਂ ਦਾ ਮਹੱਤਵ ਤੇ ਰੁਤਬਾ ਸਾਨੂੰ ਉਦੋਂ ਪਤਾ ਲੱਗਦਾ ਹੈ, ਜਦੋਂ ਭਾਈ ਮਨੀ ਸਿੰਘ ਵਰਗੇ ਚਿੰਤਕ ਅਤੇ ਸ਼ਹੀਦ ਦੁਨੀਆਂ ਨੂੰ ਇਹ ਸਮਝਾ ਦਿੰਦੇ ਹਨ ਕਿ ਚਿੰਤਨ ਅਤੇ ਜ਼ਿੰਦਗੀ ਦੋ ਵੱਖ-ਵੱਖ ਮੁੱਦੇ ਨਹੀਂ ਹਨ। ਬਲਕਿ, ਇਹ ਅਕਾਲ ਪੁਰਖ ਦੇ ਵਰੋਸਾਏ ਹੋਏ ਏਕੀਕ੍ਰਿਤ-ਮੁੱਦੇ ਹਨ। ਇਹੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸ਼ਾਸਤਰੀ-ਨੇਮ ਜਾਂ ਨੈਤਿਕ ਜ਼ਿੰਦਗੀਨਾਮਹ ਬਣਦਾ ਹੈ। ਇਹੀ ਦੈਵੀ-ਫ਼ਲਸਫ਼ਾ ਸਦ-ਜਾਗਤ ਜੋਤਿ ਸ੍ਰੀ ਅਕਾਲ ਪੁਰਖ ਜੀ ਦੀ ਅੰਸ਼ ਬਣਨ ਦੀ ਮਿੱਠੀ ਵੰਗਾਰ ਵੀ ਬਣਦਾ ਹੈ।” –ਡਾ. ਕੁਲਵੰਤ ਸਿੰਘ ਗਰੇਵਾਲ
ਅਕਾਲ ਤਖ਼ਤ ਸਾਹਿਬ ਨੂੰ ਆਪਣੀ ਸਰਬ-ਉੱਚਤਾ ਲਈ ਕਿਸੇ ਵੀ ਵਿਅਕਤੀ ਦੀ ਮੁਥਾਜੀ ਨਹੀਂ ਹੈ। ਇਸ ਨੂੰ ਗੁਰੂ-ਕਾਲ ਤੋਂ ਹੀ ਸਰਬ-ਉੱਚਤਾ ਪ੍ਰਾਪਤ ਰਹੀ ਹੈ। ਕਵੀ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਅਤੇ ਹੋਰ ਲੇਖਕ ਇਸ ਬਾਰੇ ਗਵਾਹੀ ਆਪਣੀਆਂ ਲਿਖਤਾਂ ਵਿੱਚ ਵੀ ਕਰਦੇ ਹਨ। ਜਿਹੜੇ ਵਿਅਕਤੀ ਇਹ ਸਮਝਦੇ ਹਨ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਵਿੱਚ ਕੋਈ ਵਾਧਾ ਜਾਂ ਘਾਟਾ ਕਰ ਸਕਦੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮੀ ਰੂਹ ਵਿੱਚ ਉਤਰ ਚੁੱਕੀਆਂ ਸੰਸਥਾਵਾਂ ਨੂੰ ਬੌਧਿਕ ਕਲਾਬਾਜ਼ੀਆਂ ਅਤੇ ਚਾਤਰੀ ਨਾਲ ਪੈਦਾ ਕੀਤੇ ਆਸਰਿਆਂ ਦੀ ਲੋੜ ਨਹੀਂ ਪੈਂਦੀ। ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤਕ ਪੱਧਰ `ਤੇ ਆਪਸੀ ਤਾਲਮੇਲ ਅਤਿ ਜਰੂਰੀ ਹੈ। ਇਸ ਬਿਨਾ ਇਹ ਸੰਸਥਾਵਾਂ ਪ੍ਰਫੁਲਤ ਨਹੀਂ ਹੋ ਸਕਦੀਆਂ। ਇਨ੍ਹਾਂ ਤਿੰਨਾਂ ਸੰਸਥਾਵਾਂ ਦਾ ਜਬਰੀ ਮਿਲਗੋਭਾ ਨਹੀਂ ਹੋਣਾ ਚਾਹੀਦਾ। ਸਹੀ ਅਰਥਾਂ ਵਿੱਚ ਅਜੋਕੇ ਦੌਰ ਵਿੱਚ ਇਨ੍ਹਾਂ ਤਿੰਨਾਂ ਸੰਸਥਾਵਾਂ ਦੇ ਸੰਚਾਲਕ ਸਿੱਖ ਜਗਤ ਵਿੱਚ ਚੁਣੌਤੀਆਂ ਨਾਲ ਜੂਝ ਰਹੇ ਹਨ, ਇਸਦਾ ਕਾਰਨ ਵੀ ਸਾਫ ਸਪੱਸਟ ਹੈ ਕਿ ਜਦੋਂ ਸਿਧਾਤਾਂ ਦੀ ਬਲੀ ਦੇ ਕੇ ਕੋਈ ਸਰਦਾਰੀ ਕਾਇਮ ਕਰਨਾ ਚਾਹੇਗਾ ਤਾਂ ਅਜਿਹੇ ਹਲਾਤਾਂ ਨਾਲ ਦੋ-ਚਾਰ ਹੋਣਾ ਹੀ ਪਵੇਗਾ।
ਕੀਤਾ ਕੀ ਜਾਵੇ! ਇਹ ਤਿੰਨੇ ਸੰਸਥਾਵਾਂ ਆਪਣੇ ਮੁਢਲੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿੱਚ ਸਿੱਖ ਕਿਰਦਾਰ ਪੈਦਾ ਕਰਕੇ ਨਵੀਨਤਮ ਢੰਗ ਨਾਲ ਪ੍ਰਚਾਰ ਦਾ ਖੇਤਰ ਚੁਨਣ। ਹਰ ਦੇਸ਼ ਵਿੱਚ ਯੂਨਿਟ ਕਾਇਮ ਕਰਕੇ ਸੇਵਾ, ਸਿਮਰਨ, ਕਿਰਤ ਦਾ ਸਿਧਾਂਤ ਨਿਮਰਤਾ ਨਾਲ ਪ੍ਰਚਾਰਨ। ਆਧੁਨਿਕ ਸਾਧਨਾਂ ਰਾਹੀਂ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ, ਧਰਮ ਬਾਰੇ ਜਾਣਕਾਰੀ ਮੁਹੱਈਆ ਕਰਨ ਦਾ ਯਤਨ ਕੀਤਾ ਜਾਵੇ। ਕਹਿਣੀ ਤੇ ਕਥਨੀ ਦਾ ਪਾਠ ਸਰਵਣ ਹੀ ਨਾ ਕਰਵਾਇਆ ਜਾਵੇ, ਪਹਿਲਾਂ ਉਨ੍ਹਾਂ ਦੇ ਧਾਰਨੀ ਹੋਇਆ ਜਾਵੇ; ਆਪ ਰੋਲ ਮਾਡਲ ਬਣਨ ਦੀ ਲੋੜ ਹੈ। ਨਵੀਨਤਮ ਕਿਸਮ ਨਾਲ ਸੁੰਦਰ ਦਿਲਚਸਪ ਸਾਹਿਤ, ਗਤੀਵਿਧੀਆਂ ਪ੍ਰਚਾਰਨ ਲਈ ਟੀ.ਵੀ. ਚੈਨਲਾਂ, ਸ਼ੋਸ਼ਲ ਮੀਡੀਆ ਤੇ ਅਖਬਾਰਾਂ, ਰਸਾਲਿਆਂ ਨੂੰ ਹਥਿਆਰ ਵਜੋਂ ਜੰਗੀ ਪੱਧਰ ’ਤੇ ਅਪਣਾਇਆ ਜਾਵੇ। ਸੰਸਾਰ ਵਿੱਚ ਵੱਧਦੇ ਸਿੱਖ ਭਾਈਚਾਰੇ ਨੂੰ ਇੱਕ ਲੜੀ ਵਿੱਚ ਪਰੋਣ ਲਈ ਇੱਕ ਅਜਿਹਾ ਦਸਤਾਵੇਜ਼ ਤਿਆਰ ਹੋਵੇ, ਜਿਸ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਸਮਾਜ ਉਸਾਰੂ ਫੈਸਲਿਆਂ ਨੂੰ ਇੱਕ ਕਲਿੱਕ ਰਾਹੀਂ ਭੇਜ ਸਕੇ। ਇਸ ਵਾਸਤੇ ਯੁਨਿਟ ਕਾਇਮ ਕੀਤੇ ਜਾਣ। ਜਿਹੜੀਆਂ ਸੰਸਥਾਵਾਂ ਆਪਣੇ ਆਪ ਨੂੰ ਬੁੱਧੀਜੀਵੀ ਵਰਗ ਨਾਲੋਂ ਤੋੜ ਲੈਂਦੀਆਂ ਜਾਂ ਦੂਰੀ ਬਣਾ ਲੈਂਦੀਆਂ ਹਨ, ਉਨ੍ਹਾਂ ਦਾ ਵਜੂਦ ਅਖੀਰ ਜਲਦ ਹੀ ਖਾਤਮੇ ਵੱਲ ਵੱਧ ਜਾਂਦਾ ਹੈ। ਅੱਜ ਸਵੈ-ਪੜਚੋਲ ਦੀ ਲੋੜ ਹੈ, ਜੋ ਹੋ ਨਹੀਂ ਰਹੀ।