*ਸੁਖਬੀਰ ਨੂੰ ਵਿਰੋਧੀਆਂ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਦੇਣ ਦੇ ਆਦੇਸ਼
ਜੇ.ਐਸ. ਮਾਂਗਟ
ਨੂੰ ਆਪਣਾ ਕਨਵੀਨਰ ਬਣਾ ਕੇ ‘ਅਕਾਲੀ ਦਲ ਬਚਾਓ ਲਹਿਰ’ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਤੈਅ ਕੀਤਾ ਕਿ ਪਾਰਟੀ ਨੂੰ ਸਮੂਹਿਕ ਲੀਡਰਸ਼ਿਪ ਅਧੀਨ ਚਲਾਉਣ ਲਈ ਇੱਕ ਪ੍ਰਜ਼ੀਡੀਅਮ ਵੀ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਦੇ ਰਾਜਨੀਤਿਕ ਕੰਮਕਾਜ ਨੂੰ ਚਲਾਉਣ ਲਈ 11 ਮੈਂਬਰੀ ਹਾਈ ਪਾਵਰ ਕਮੇਟੀ ਬਣਾਈ ਜਾਵੇਗੀ। ਉਂਜ ਇਸ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਇੱਕ ਸ਼ਰਧਾਵਾਨ ਤੇ ਨਿਮਾਣੇ ਸਿੱਖ ਵਾਂਗ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣਗੇ।
ਯਾਦ ਰਹੇ, ਅਕਾਲ ਤਖਤ ਸਾਹਿਬ ਵਿਖੇ, ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਬੀਤੇ ਸੋਮਵਾਰ ਹੋਈ ਪੰਜ ਸਿੰਘ ਸਹਿਬਾਨ ਦੀ ਇੱਕ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 15 ਦਿਨ ਦੇ ਅੰਦਰ-ਅੰਦਰ ਪੇਸ਼ ਹੋ ਕੇ ਬਾਗੀ ਧੜੇ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਸਪਸ਼ਟੀਕਰਨ ਦੇਣ ਲਈ ਆਦੇਸ਼ ਦਿੱਤਾ ਗਿਆ ਹੈ। ਜਥੇਦਾਰ ਸਾਹਿਬ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸੀਨੀਅਰ ਅਕਾਲੀ ਆਗੂਆਂ ਦਾ ਦੋਸ਼ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਲੀਡਰਸ਼ਿੱਪ ਨੇ ਪੰਥਕ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਕੀਤੀ। ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਅਕਾਲੀ ਲੀਡਰਸ਼ਿੱਪ ਤੋਂ ਹੋਈਆਂ ਗਲਤੀਆਂ ਕਾਰਨ ਸਿੱਖ ਅਵਾਮ ਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ। ਅਕਾਲੀ ਦਲ ਦੇ ਪੈਰਾਂ ਹੇਠੋਂ ਉਸ ਦੀ ਆਪਣੀ ਜ਼ਮੀਨ ਖਿਸਕ ਗਈ ਹੈ। ਇਸ ਖਿਸਕੀ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨਾ ਹੀ ਸਾਡਾ ਪਹਿਲਾ ਨਿਸ਼ਾਨਾ ਹੋਵੇਗਾ।
ਯਾਦ ਰਹੇ, ਕੁਝ ਹਫਤੇ ਪਹਿਲਾਂ ਇਸ (ਬਾਗੀ) ਧੜੇ ਦੇ ਅਕਾਲੀ ਆਗੂ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਇੱਕ ਲਿਖਤੀ ਦਸਤਾਵੇਜ਼ ਜਥੇਦਾਰ ਸਾਹਿਬ ਨੂੰ ਸੌਂਪਦਿਆਂ ਅਕਾਲੀ ਦਲ ਵੱਲੋਂ ਬੀਤੇ ਸਮੇਂ ਵਿੱਚ ਕੀਤੀਆਂ ਗਈਆਂ ਚਾਰ ਵੱਡੀਆਂ ਗਲਤੀਆਂ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਸੀ। ਇਨ੍ਹਾਂ ਗਲਤੀਆਂ ਵਿੱਚ ਮੁੱਖ ਤੌਰ ‘ਤੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕਣਾ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਲਈ ਜ਼ਿੰਮੇਵਾਰ ਅਫਸਰਾਂ ਖਿਲਾਫ ਕਾਰਵਾਈ ਨਾ ਕਰ ਸਕਣਾ, ਵਿਵਾਦਗ੍ਰਸਤ ਆਈ.ਪੀ.ਐਸ. ਅਫਸਰ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਉਣਾ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੇ ਮਾਮਲੇ ਵਿੱਚ ਬਰੀ ਕਰਾਉਣਾ ਆਦਿ ਸ਼ਾਮਲ ਹਨ। ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਭੁੱਲ ਬਖਸ਼ਾਉਣ ਦੀ ਅਪੀਲ ਕਰਨ ਵਾਲਿਆਂ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਚਰਨਜੀਤ ਸਿੰਘ ਬਰਾੜ, ਸਰਵਣ ਸਿੰਘ ਫਿਲੌਰ, ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸ਼ਾਮਲ ਸਨ।
ਜਦੋਂਕਿ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਭਾਈ ਮੰਗਲ ਸਿੰਘ ਸ਼ਾਮਲ ਸਨ। ਇਸ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ‘ਅਕਾਲ ਤਖਤ ਸਾਹਿਬ ਕੋਲ ਸੀਨੀਅਰ ਅਕਾਲੀ ਆਗੂਆਂ ਵੱਲੋਂ ਦਾਖਲ ਕੀਤੀ ਗਈ ਸ਼ਿਕਾਇਤ ਅਨੁਸਾਰ ਬੀਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਪੰਥਕ ਜਜ਼ਬਾਤ ਦੇ ਅਨੁਕੂਲ ਕੰਮ ਨਹੀਂ ਕਰ ਸਕੇ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਖਤ ਸਾਹਿਬ ਵਿਖੇ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਜਾਂਦਾ ਹੈ।’
ਇਸ ਤੋਂ ਇਲਾਵਾ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਕੋਲੋਂ ਵੀ ਡੇਰਾ ਮੁਖੀ ਨੂੰ ਦੋਸ਼ ਮੁਕਤ ਕਰਾਰ ਦੇਣ ਤੋਂ ਬਾਅਦ 2015 ਵਿੱਚ ਦਿੱਤੇ ਗਏ 90 ਲੱਖ ਦੇ ਇਸ਼ਤਿਹਾਰਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ।
ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਪਸ਼ਟੀਕਰਨ ਦੇਣ ਲਈ ਦਿੱਤੇ ਗਏ ਇਸ ਆਦੇਸ਼ ਨੂੰ ਜਿੱਥੇ ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਇੱਕ ਸਹੀ ਕਦਮ ਕਰਾਰ ਦਿੱਤਾ ਗਿਆ ਹੈ, ਉਥੇ ਅਕਾਲੀ ਦਲ (ਬਾਦਲ) ਗੁੱਟ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਥੇਦਾਰ ਸਾਹਿਬ ਦਾ ਆਦੇਸ਼ ਉਹ ਪੂਰੇ ਅਦਬ ਨਾਲ ਸਵੀਕਾਰ ਕਰਨਗੇ। ਇਹ ਆਗੂ ਮੋੜਵੇਂ ਸੁਆਲ ਵੀ ਕਰ ਰਹੇ ਹਨ ਕਿ ਕੀ ਬਾਗੀ ਧੜੇ ਵਿੱਚ ਸ਼ਾਮਲ ਆਗੂ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ ਨੂੰ ਸਵੀਕਾਰ ਕਰਨਗੇ? ਯਾਦ ਰਹੇ, ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਪ੍ਰਭਾਵ ਬਣ ਗਿਆ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਤ ਲੀਡਰਸ਼ਿਪ ਬਾਦਲ ਪਰਿਵਾਰ ਦੇ ਅਧੀਨ ਕੰਮ ਕਰ ਰਹੀ ਹੈ। ਸਿੱਖ ਸਿਧਾਂਤ ਅਨੁਸਾਰ ਸਿਆਸਤ ਧਰਮ ਦੇ ਅਧੀਨ ਮੰਨੀ ਜਾਂਦੀ ਹੈ, ਜਦੋਂ ਕਿ ਪਿਛਲੇ ਸਮੇਂ ਵਿੱਚ ਸਿਆਸੀ ਆਗੂ ਧਾਰਮਿਕ ਸੰਸਥਾਵਾਂ ਨੂੰ ਡਿਕਟੇਟ ਕਰਦੇ ਵਿਖਾਈ ਦਿੱਤੇ। ਪਿਛਲੇ ਕਈ ਦਹਾਕਿਆਂ ਦੇ ਸਮੇਂ ਵਿੱਚ ਇਹ ਸ਼ਾਇਦ ਪਹਿਲਾ ਮੌਕਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਸੇ ਮਸਲੇ ‘ਤੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ। ਅਕਾਲੀ ਦਲ ਦੇ ਦੋ ਧੜਿਆਂ ਵਿਚਕਾਰ ਚੱਲ ਰਹੀ ਕਸ਼ਮਕਸ਼ ਕਰਕੇ ਹੀ ਅਜਿਹਾ ਸੰਭਵ ਹੋ ਸਕਿਆ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ ਹੋਈ ਜਲੰਧਰ ਜ਼ਿਮਨੀ ਚੋਣ ਵਿੱਚ ਅਕਾਲੀ ਦਲ (ਬਾਗੀ ਧੜੇ) ਅਤੇ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਬਸਪਾ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਗਈ ਸੀ। ਇਸ ਪਤਲੀ ਹਾਲਤ ਦੇ ਦਰਮਿਆਨ ਅਕਾਲੀ ਸਫਾਂ ਵਿੱਚ ਫੁੱਟ ਵਿਖਾਈ ਦੇ ਰਹੀ ਹੈ। ਇਸੇ ਕਾਰਨ ਅਕਾਲੀ ਦਲ ਦਾ ਬਾਗੀ ਧੜਾ ਹੋਈਆਂ ਭੁੱਲਾਂ ਬਖਸ਼ਾਉਣ ਲਈ ਅਕਾਲ ਤਖਤ ਸਾਹਿਬ ਕੋਲ ਗਿਆ ਅਤੇ ਦੂਜੇ ਧੜੇ ਨੂੰ ਜਥੇਦਾਰ ਸਾਹਿਬ ਨੇ ਤਲਬ ਕਰ ਲਿਆ ਹੈ। ਸਿੱਖ ਸਿਆਸਤ ‘ਤੇ ਨਜ਼ਦੀਕ ਤੋਂ ਨਜ਼ਰ ਰੱਖਣ ਵਾਲੇ ਕੁਝ ਟਿੱਪਣੀਕਾਰਾਂ ਦਾ ਆਖਣਾ ਹੈ ਕਿ ਹੋਈਆਂ ਗਲਤੀਆਂ ਲਈ ਸੇਵਾ ਲਾਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੋਹਾਂ ਧੜਿਆਂ ਵਿਚਕਾਰ ਏਕਤਾ ਕਰਵਾਉਣ ਦਾ ਯਤਨ ਕਰ ਸਕਦੇ ਹਨ। ਇਹ ਸੰਭਵ ਹੋ ਪਾਉਂਦਾ ਹੈ ਜਾਂ ਨਹੀਂ, ਆਉਣ ਵੱਲੇ ਸਮੇਂ ਵਿੱਚ ਹੀ ਪਤਾ ਲਗੇਗਾ।
ਉਂਝ ਬਾਗੀ ਧੜੇ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਦਲ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੁਨਰ-ਉਥਾਨ ਸੰਭਵ ਨਹੀਂ ਹੈ। ਉਹ ਅਕਾਲੀ ਦਲ ਨੂੰ ਇੱਕ ਕੰਪਨੀ ਵਾਂਗ ਚਲਾਉਣ ਦਾ ਯਤਨ ਕਰ ਰਹੇ ਹਨ; ਜਦੋਂ ਕਿ ਇੱਕ ਸਿਆਸੀ ਸੰਸਥਾ ਦਾ ਕਾਰਜਭਾਰ ਚਲਾਉਣ ਲਈ ਪਾਰਟੀ ਦੇ ਆਖਰੀ ਕਾਰਕੁੰਨ ਤੱਕ ਆਮ ਰਾਏ ਬਣਾਉਣਾ ਜ਼ਰੂਰੀ ਹੁੰਦਾ ਹੈ। ਅਕਾਲੀ ਦਲ ਦੇ ਬਾਗੀ ਧੜੇ ਦਾ ਆਖਣਾ ਹੈ ਕਿ ਪਾਰਟੀ ਅੰਦਰ ਜਮਹੂਰੀ ਅਮਲ ਸਥਾਪਤ ਕਰਨ ਲਈ ਹੀ ‘ਅਕਾਲੀ ਦਲ ਬਚਾਓ ਲਹਿਰ’ ਸ਼ੁਰੂ ਕੀਤੀ ਜਾ ਰਹੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਾਲੇ ਇਸ ਗਰੁੱਪ ਵੱਲੋਂ 24 ਸਤੰਬਰ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੌਵੀਂ ਜਨਮ ਸ਼ਤਾਬਦੀ ਮਨਾਈ ਜਾਵੇਗੀ। ਇਸ ਤੋਂ ਇਲਾਵਾ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ ਦਿਵਸ ਵੀ ਮਨਾਇਆ ਜਾਣਾ ਹੈ। ਇਸੇ ਤਰ੍ਹਾਂ ਜਥੇਦਾਰ ਮੋਹਨ ਸਿੰਘ ਤੁੜ ਦੀ ਬਰਸੀ 30 ਜੁਲਾਈ ਨੂੰ ਮਨਾਈ ਜਾਣੀ ਹੈ।
ਅਕਾਲ ਤਖਤ ‘ਤੇ ਪੇਸ਼ ਹੋਣਗੇ ਸੁਖਬੀਰ ਬਾਦਲ
ਇਸ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਇੱਕ ਸ਼ਰਧਾਵਾਨ ਤੇ ਨਿਮਾਣੇ ਸਿੱਖ ਵਾਂਗ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣਗੇ। ਇਸ ਬਿਆਨ ਨੂੰ ਅੱਗੇ ਤਫਸੀਲ ਦਿੰਦਿਆਂ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਕਾਲੀ ਦਲ ਪੂਰੀ ਤਰ੍ਹਾਂ ਅਕਾਲ ਤਖਤ ਸਾਹਿਬ ਅਤੇ ਇਸ ਦੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਥੇਦਾਰ ਸਾਹਿਬਾਨ ਦੇ ਫੈਸਲੇ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੁੰਦਾ। ਇਸ ਤੋਂ ਜਾਪਦਾ ਹੈ ਕਿ ਅਕਾਲੀ ਦਲ ਆਪਣੇ ਰਾਜਕਾਲ ਵਿੱਚ ਹੋਈਆਂ ਗਲਤੀਆਂ ਨੂੰ ਸਵੀਕਾਰਨ ਲਈ ਤਿਆਰ ਹੈ; ਪਰ ਜਥੇਦਾਰ ਸਾਹਿਬ ਵੱਲੋਂ ਸੁਖਬੀਰ ਨੂੰ ਲਿਖਤੀ ਜਵਾਬ ਦੇਣ ਦਾ ਅਦੇਸ਼ ਕੀਤਾ ਗਿਆ ਹੈ। ਅਕਾਲੀ ਦਲ ਦੇ ਵਿਰੋਧੀ ਧੜੇ ਵੱਲੋਂ ਜਥੇਦਾਰ ਸਾਹਿਬ ਨੂੰ ਦਿੱਤੇ ਗਏ ਲਿਖਤੀ ਕਬੂਲਨਾਮੇ ਵਿੱਚ ਲਾਏ ਗਏ ਚਾਰ ਦੋਸ਼ਾਂ ਦਾ ਸੁਖਬੀਰ ਸਿੰਘ ਬਾਦਲ ਕੀ ਜਵਾਬ ਦੇਣਗੇ, ਇਹ ਵੇਖਣਾ ਬੜਾ ਦਿਲਚਸਪ ਹੋਏਗਾ। ਨਾਲ ਹੀ ਸੌਦਾ ਸਾਧ ਦੀ ਦੋਸ਼ ਮੁਕਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਲੱਖਾਂ ਦੇ ਇਸ਼ਤਿਹਾਰਾਂ ਦੀ ਰਕਮ ਵਾਲੀ ਭਰਪਾਈ ਕਿੱਥੋਂ ਕੀਤੀ ਜਾਂਦੀ ਹੈ, ਇਸ ਘੁੰਡੀ ਦੀ ਟੇਢ ਵੀ ਬਣੀ ਰਹੇਗੀ ਹੈ। ਵਿਰੋਧੀ ਧੜੇ ਨਾਲ ਖਲੋਤੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਸ ਪੈਸੇ ਦੀ ਵਸੂਲੀ ਉਸ ਸਮੇਂ ਦੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਤੋਂ ਕੀਤੇ ਜਾਣ ਦੀ ਮੰਗ ਕੀਤੀ ਹੈ।