ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਫੋਨ: +91-6280574657
ਸੁਨਿਆਰੇ ਦੇ ਸ਼ੋਅ ਰੂਮ ਵਿੱਚ ਪਏ ਡਾਕੇ ਦੀ ਖ਼ਬਰ ਸਵੇਰ ਦੀਆਂ ਅਖਬਾਰਾਂ ਵਿੱਚ ਮੇਨ ਸੁਰਖੀ ਬਣ ਗਈ ਸੀ। ਖ਼ਬਰਾਂ ਨੂੰ ਸਨਸਨੀਖੇਜ ਬਣਾਉਣ ਦੇ ਆਦੀ ਇੱਕ ਅਖਬਾਰ ਨੇ ਇਹ ਵੀ ਲਿਖ ਦਿੱਤਾ ਸੀ ਕਿ ਲੁਟੇਰਿਆਂ ਤੇ ਦੁਕਾਨ ਦੇ ਨੌਕਰ ਵਿਚਾਲੇ ਚੰਗੀ ਝੜਪ ਹੋਈ। ਅਜਿਹਾ ਕੁਝ ਵੀ ਨਹੀਂ ਸੀ ਵਾਪਰਿਆ, ਸਗੋਂ ਸੁਨਿਆਰੇ ਦਾ ਮੂੰਹ ਪੂਣੀ ਵਾਂਗ ਚਿੱਟਾ ਹੋ ਗਿਆ ਸੀ। ਵਾਪਸ ਮੁੜਦਿਆਂ ਅੰਬੇ ਨੇ ਦਿਲਬਾਗ ਨੂੰ ਆਖਿਆ ਵੀ ਸੀ, ‘ਬਾਈ ਲਾਲੇ ਦਾ ਮੂੰਹ ਵੇਖਿਆ, ਕਿਵੇਂ ਵਿਚਾਰਾ ਜਿਹਾ ਲੱਗਦਾ ਸੀ। ਮੈਨੂੰ ਤਾਂ ਇੱਕ ਵਾਰ ਤਰਸ ਜਿਹਾ ਵੀ ਆ ਗਿਆ, ਪਈ ਸਾਰੀ ਦੁਕਾਨ ਤਾਂ ਅਸੀਂ ਹੂੰਝ ਲਿਚੱਲੇ ਹਾਂ, ਇਹ ਵਿਚਾਰਾ ਕਿਵੇਂ ਪੈਰਾਂ ਸਿਰ ਹੋਊ?
ਜਿਵੇਂ ਉਹਦਾ ਸੁਭਾਅ ਸੀ, ਦਿਲਬਾਗ ਦਾ ਗੁੱਸਾ ਬੇਕਾਬੂ ਹੋ ਗਿਆ, ‘ਸ਼ਿਕਾਰ `ਤੇ ਤਰਸ ਨੀ ਕਰੀਦਾ ਅੰਬੇ, ਨਹੀਂ ਤਾਂ ਤੁਸੀਂ ਸ਼ਿਕਾਰ ਬਣ ਜਾਓਗੇ। ਇੱਦਾਂ ਦੀਓ ਬਣਾਈ ਇਹ ਦੁਨੀਆਂ ਰੱਬ ਨੇ।’ ਗੱਲ ਕਰਦਿਆਂ ਦਿਲਬਾਗ ਦਾ ਚਿਹਰਾ ਤੇ ਅੱਖਾਂ ਲਾਲ ਹੋ ਗਈਆਂ। ਉਹਨੇ ਨਾਲ ਹੀ ਮੁੰਡਿਆਂ ਨੂੰ ਇੱਕ ਕਹਾਣੀ ਸੁਣਾਈ, ‘ਵੀਰਦੀਪ ਹੋਰਾਂ ਨੇ ਟਰੈਕਟਰ ਲੈਣਾ ਸੀ। ਅਸੀਂ ਸੋਨਾਲੀਕਾ ਟਰੈਕਟਰ ਵਾਲਿਆਂ ਦੀ ਏਜੰਸੀ ਗਏ ਟਰੈਕਟਰ ਵੇਖਣ ਲਈ। ਏਜੰਸੀ ਦਾ ਮਾਲਕ ਆਪਣੇ ਸੇਲਜ਼ਮੈਨਾਂ ਦੀ ਮੀਟਿੰਗ ਲੈ ਰਿਹਾ ਸੀ। ਇੱਕ ਕੰਪਨੀ ਦਾ ਅਫਸਰ ਵੀ ਨਾਲ ਸੀ, ਮੋਟਾ ਤੇ ਮੁੰਨਿਆ ਹੋਇਆ ਸਰਦਾਰ ਜਿਹਾ। ਸੇਲ ਬਹੁਤੀ ਹੋ ਨਹੀਂ ਸੀ ਰਹੀ, ਮੰਦਾ ਚੱਲ ਰਿਹਾ ਸੀ ਟਰੈਕਟਰ ਮਾਰਕਿਟ ਵਿੱਚ। ਲਾਲਾ ਆਪਣੇ ਸੇਲਜ਼ਮੈਨਾਂ ਨੂੰ ਆਖਣ ਲੱਗਾ, ‘ਸ਼ਿਕਾਰ ਵਾਂਗ ਪਿੱਛਾ ਕਰੀਦਾ ਆਪਣੇ ਗਾਹਕਾਂ ਦਾ, ਐਵੇਂ ਨੀ ਵਿਕਦੇ ਟਰੈਕਟਰ।’ ਚਾਚੇ ਕਰਮੇ ਦਾ ਧਿਆਨ ਹੋਰ ਪਾਸੇ ਸੀ। ਮੇਰੇ ਤੇ ਵੀਰਦੀਪ ਦੇ ਕੰਨ ‘ਚ ਗੱਲ ਪਈ, ਅਸੀਂ ਇੱਕ ਦੂਜੇ ਵੱਲ ਵੇਖਿਆ। ਗੁੱਸੇ ਨਾਲ ਮੈਂ ਜਿਵੇਂ ਕਮਲ਼ਾ ਹੋ ਗਿਆ ਹੋਵਾਂ। ਇਹ ਸਾਲੇ ਸਾਨੂੰ ਸ਼ਿਕਾਰ ਸਮਝਦੇ। ਵੀਰਦੀਪ ਦਾ ਤੈਨੂੰ ਪਤਾ ਸੁਭਾਅ ਠੰਡਾ ਜਿਹਾ। ਪਰ ਉਹ ਉੱਠ ਖੜਾ ਹੋਇਆ ਤੇ ਆਖਣ ਲਗਾ, ‘ਚਾਚਾ ਚਲੋ ਚੱਲੀਏ। ਆਪਾਂ ਇੱਥੋਂ ਟਰੈਕਟਰ ਨਹੀਂ ਲੈਣਾ।’ ਫਿਰ ਮਹਿੰਦਰਾ ਵਾਲਿਆਂ ਦਾ ਟਰੈਕਟਰ ਖਰੀਦਿਆ ਸੀ ਵੀਰਦੀਪ ਹੋਰਾਂ ਨੇ। ਇਹੋ ਜਿਹੀ ਮਾਨਸਿਕਤਾ ਦੇ ਮਾਲਕ ਨੇ ਇਹ ਲੋਕ। ਅਸੀਂ ਇਨ੍ਹਾਂ ਦੀ ਥਿਊਰੀ ਇਨ੍ਹਾਂ ‘ਤੇ ਹੀ ਲਾਗੂ ਕਰ ਰਹੇ ਆਂ। ਇਦੂੰ ਵੀ ਅਗਾਂਹ ਅਸੀਂ ਸ਼ਿਕਾਰ ਦਾ ਪਿੱਛਾ ਨੀ ਕਰਦੇ, ਸ਼ਿਕਾਰ ਕਰਦੇ ਹਾਂ। ਨਾਲੇ ਇਨ੍ਹਾਂ ਦਾ ਕੁਸ਼ ਨੀ ਵਿਗੜਨਾ, ਇਹ ਸ਼ੋਅ ਰੂਮ ਇਨਸ਼ਿਉਰਡ ਹੁੰਦੇ, ਇਨ੍ਹਾਂ ਨੂੰ ਇਨਸ਼ਿਉਰੈਂਸ ਮਿਲ ਜਾਣੀ। ਨਾਲੇ ਸਰਕਾਰ ਇਨ੍ਹਾਂ ਦੀ ਪਿੱਠ ‘ਤੇ ਆ।’
ਇਹ ਡਾਕਾ ਦੁਆਬੇ ਵਿੱਚ ਪਿਆ ਸੀ, ਇਸ ਲਈ ਦਿਲਬਾਗ ਹੋਰਾਂ ਦੇ ਇਲਾਕੇ ਦੀ ਪੁਲਿਸ ਬਹੁਤੀ ਸਰਗਰਮ ਨਹੀਂ ਸੀ ਹੋਈ। ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਸਾਰੇ ਹਿਸਟਰੀ ਸ਼ੀਟਰ ਚੁੱਕ ਲਏ ਸਨ। ਲੰਮੀ ਚੌੜੀ ਪੁੱਛ ਪੜਤਾਲ ਤੋਂ ਬਾਅਦ ਵੀ ਕੁਝ ਹੱਥ ਨਾ ਲੱਗਾ। ਸਰਕਾਰ ਵਿਰੋਧੀ ਪਾਰਟੀਆਂ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਚੋਖਾ ਰੌਲਾ ਪਾਇਆ। ਕਈਆਂ ਨੇ ਸਰਕਾਰ ਭੰਗ ਕਰਨ ਅਤੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ, ਪਰ ਜਿਵੇਂ ਕਿ ਹੁੰਦਾ ਹੀ ਹੈ, ਰੌਲਾ ਪਾਉਣ ਲਈ ਅਖਬਾਰਾਂ ਨੂੰ ਫਿਰ ਹੋਰ ਮਸਾਲਾ ਮਿਲ ਗਿਆ ਸੀ। ਕਾਰਵਾਈ ਪਾਉਣ ਲਈ ਪੁਲਿਸ ਨੇ ਇਲਾਕੇ ਦੇ ਕੁਝ ਸਾਬਕਾ ਹਿਸਟਰੀਸ਼ੀਟਰਾਂ ‘ਤੇ ਕੇਸ ਪਾ ਦਿੱਤਾ, ਪਰ ਲੁੱਟੀਆਂ ਗਈਆਂ ਚੀਜ਼ਾਂ ਦੀ ਬਰਾਮਦਗੀ ਨਾ ਹੋਣ ਕਾਰਨ ਉਹ ਬਰੀ ਹੋ ਗਏ। ਜਦੋਂ ਸਵੇਰੇ ਦੁਆਬੇ ਵਿੱਚ ਪਏ ਡਾਕੇ ਦੀ ਖ਼ਬਰ ਅਖਬਾਰਾਂ ਵਿੱਚ ਪੜ੍ਹੀ ਤਾਂ ਵੀਰਦੀਪ ਦੇ ਕੰਨ ਖੜ੍ਹੇ ਹੋ ਗਏ। ਉਹਨੇ ਖ਼ਬਰ ਦੀ ਤਫਸੀਲ ਪੜ੍ਹੀ, ਦੋ ਜਣੇ ਸ਼ੋਅ ਰੂਮ ਦੇ ਅੰਦਰ ਗਏ ਇੱਕ ਬਾਹਰ ਗੱਡੀ ਸਟਾਰਟ ਕਰੀ ਖੜ੍ਹਾ ਸੀ। ਵੀਰਦੀਪ ਦਾ ਦਿਲ ਆਖਣ ਲੱਗਾ ਇਹ ਦਿਲਬਾਗ ਹੋਰਾਂ ਦਾ ਹੀ ਕੰਮ ਹੋ ਸਕਦਾ। ਹੁਣ ਉਹਨੂੰ ਦਿਲਬਾਗ ਦੀ ਫਿਕਰ ਹੋਣ ਲੱਗੀ। ਹੁਣ ਤੱਕ ਉਸ ਨੂੰ ਆਸ ਸੀ, ਦਿਲਬਾਗ ਵਾਪਸ ਪਰਤ ਆਵੇਗਾ ਇੱਕ ਦਿਨ। ਉਹਨੂੰ ਲੱਗਣ ਲੱਗਾ, ਹੁਣ ਨੀ ਇਹਨੇ ਵਾਪਸ ਮੁੜਨਾ। ਫਿਰ ਵੀ ਦਿਲਬਾਗ ਤੱਕ ਪਹੁੰਚ ਕਰਨ ਦੀ ਉਹ ਤਰਕੀਬ ਲੜਾਉਣ ਲਗਾ। ਫੋਨ ਉਹ ਕਰ ਨਹੀਂ ਸੀ ਸਕਦਾ। ਪੁਲਿਸ ਉਹਦੇ ਉੱਤੇ ਵੀ ਨਿਗਾਹ ਰੱਖ ਰਹੀ ਸੀ।
ਇਹ ਗੂੜ੍ਹੇ ਸਿਆਲ ਦੇ ਦਿਨ ਸਨ, ਸੰਘਣੀ ਧੁੰਦ ਪਈ ਹੋਈ ਸੀ। ਦਿਲਬਾਗ ਅਚਾਨਕ ਵੀਰਦੀਪ ਦੇ ਕਮਰੇ ਵਿੱਚ ਆ ਗਿਆ। ਉਨ੍ਹਾਂ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਤੇ ਕਮਰੇ ਤੋਂ ਕਿਲੋਮੀਟਰ ਦੂਰ ਇੱਕ ਚਾਹ ਦੀ ਦੁਕਾਨ ‘ਤੇ ਆ ਗਏ। ਢਿੱਡ ਨੂੰ ਝੁਲਕਾ ਦੇਣ ਲਈ ਉਨ੍ਹਾਂ ਨੇ ਸਮੋਸਿਆਂ ਦੀਆਂ ਦੋ ਪਲੇਟਾਂ ਮੰਗਵਾਈਆਂ। ‘ਕਿਵੇਂ ਚਲਦੀ ਫਿਰ ਜ਼ਿੰਦਗੀ’, ਵੀਰਦੀਪ ਨੇ ਗੱਲ ਤੋਰੀ। ਆਪਣੇ ਸੁਭਾਅ ਅਨੁਸਾਰ ਦਿਲਬਾਗ ਨੇ ਜੁਆਬ ਦਿੱਤਾ, ‘ਜ਼ਿੰਦਗੀ ਬਾਗੋ ਬਾਗ ਆ।’ ‘ਕੁਝ ਜ਼ਿਆਦਾ ਹੀ ਖਿੜ ਗਈ ਲਗਦੀ?’ ਵੀਰਦੀਪ ਨੇ ਸਿੰਬੌਲਿਕ ਸਵਾਲ ਕੀਤਾ। ਉਹਦਾ ਇਸ਼ਾਰਾ ਦੁਆਬੇ ਵਾਲੀ ਘਟਨਾ ਵੱਲ ਸੀ। ਦਿਲਬਾਗ ਸਮਝ ਗਿਆ, ‘ਠੀਕ ਸੋਚਦਾਂ ਤੂੰ’ ਉਹਨੇ ਤਿੰਨ ਲਫਜਾਂ ਵਿੱਚ ਜੁਆਬ ਦਿੱਤਾ। ‘ਵਾਪਸ ਪਰਤਣਾ ਬਹੁਤ ਔਖਾ ਹੋ ਗਿਆ ਦਿਲਬਾਗ ਹੁਣ।’ ਵੀਰਦੀਪ ਨੇ ਫਿਕਰ ਜ਼ਾਹਰ ਕੀਤਾ।
‘ਵਾਪਸ ਹੁਣ ਪਰਤਣਾ ਨੀ ਚਾਹੁੰਦਾ ਮੈਂ ਵੀਰਦੀਪ, ਸਾਧਾਰਣ ਜ਼ਿੰਦਗੀ ਜੀਅ ਕੇ ਕੀ ਕਰਾਂਗਾ ਹੁਣ ਮੈਂ।’ ਦਿਲਬਾਗ ਬੇਫਿਕਰ ਰਿਹਾ।
‘ਇੰਨੇ ਪੈਸੇ ਦਾ ਕੀ ਕਰੋਗੇ ਤੁਸੀਂ?’ ਵੀਰਦੀਪ ਨੇ ਸੁਆਲ ਕੀਤਾ।
‘ਥੋੜੇ੍ਹ ਕੰਮ ਨੇ ਕਰਨ ਵਾਲੇ, ਅੱਧ ਮਰਿਆ ਹੋਇਆ ਪਿਆ ਪੰਜਾਬ ਦਾ ਯੂਥ।’ ਦਿਲਬਾਗ ਨੇ ਜਵਾਬ ਦਿੱਤਾ। ਫਿਰ ਉਹਨੇ ਬਘੇਲੇ ਨਾਲ ਮੇਲੇ ਦੀ ਗੱਲ ਛੋਹ ਲਈ, ‘ਉਹ ਬਘੇਲਾ ਹੁੰਦਾ ਸੀ ਨਾ ਆਪਣੇ ਨਾਲ ਨੈਸ਼ਨਲ ਖੇਡਿਆ ਸੀ। ਨੈਸ਼ਨਲ ਟੀਮ ਲਈ ਸਲੈਕਟ ਵੀ ਹੋ ਗਿਆ ਸੀ।’
‘ਹਾਂ’ ਵੀਰਦੀਪ ਨੇ ਯਾਦਾਸ਼ਤ ‘ਤੇ ਜ਼ੋਰ ਪਾਇਆ; ‘ਪਲੇਅਰ ਕਾਹਦਾ ਸੀ ਸਾਲਾ ਛੁਰੀ ਵਾਂਗ ਫਿਰਦਾ ਸੀ।’
‘ਕੁਝ ਦਿਨ ਪਹਿਲਾਂ ਉਹਦੇ ਘਰ ਚਲਾ ਗਿਆ ਮੈਂ ਅਚਾਨਕ, ਸਾਲਾ ਨਸ਼ੇ ਦੇ ਟੀਕਿਆਂ ਨਾਲ ਪਰੁੰਨਿਆ ਪਿਆ। ਭੜੋਲੇ ਵਰਗਾ ਮੂੰਹ ਹੋਇਆ ਪਿਆ ਕੰਜਰ ਦਾ। ਚਾਟੀ ਵਰਗਾ ਢਿੱਡ ਕਰੀਂ ਫਿਰਦਾ। ਉਹਦੀ ਭੈਣ ਤੇ ਮਾਂ ਰੋਣ ਲੱਗੀਆਂ, ਅਖੇ ਪੁੱਤ ਇਹਦਾ ਕਰੋ ਕੁਸ਼, ਇਹਤਾਂ ਮਰਨੇ ਪਿਆ ਹੋਇਆ। ਪਹਿਲਾਂ ਚਿੱਟਾ ਵੇਚਣ ਲੱਗ ਗਿਆ ਮਗਰੋਂ ਖਾਣ ਵੀ ਲੱਗਾ। ਹੁਣ ਖਾਂਦਾ ਈ ਆ ਬੱਸ ਵੇਚਣ ਜੋਗਾ ਰਿਹਾ ਨੀ। ਇਹ ਤਾਂ ਹਾਲ ਹੋਇਆ ਪਿਆ ਆਪਣੇ ਬੰਦਿਆਂ ਦਾ।’ ਗੱਲ ਸੁਣ ਕੇ ਵੀਰਦੀਪ ਦੀਆਂ ਅੱਖਾਂ ਸਿੱਲ੍ਹੀਆ ਹੋ ਗਈਆਂ।
‘ਤੂੰ ਕੀ ਕੀਤਾ ਫੇਰ’ ਵੀਰਦੀਪ ਨੇ ਪੁਛਿਆ।
‘ਮੈਂ ਕੀ ਕਰ ਸਕਦਾ ਸੀ, ਰੁਪਈਆ ਦੇ ਆਇਆ 25 ਹਜ਼ਾਰ ਪਈ ਕਿਸੇ ਚੰਗੇ ਹਸਪਤਾਲ ‘ਚ ਦਾਖਲ ਕਰਵਾ ਦਿਓ’ ਦਿਲਬਾਗ ਨੇ ਉੱਤਰ ਦਿੱਤਾ।
‘ਇਹ ਚੀਜ਼ਾਂ ਇਕੱਲੇ ਪੈਸੇ ਨਾਲ ਹੱਲ ਹੋਣ ਵਾਲੀਆਂ ਨਹੀਂ, ਹੋਰ ਬਹੁਤ ਕੁਝ ਦੀ ਲੋੜ ਹੁੰਦੀ’ ਵੀਰਦੀਪ ਨੇ ਸਹਿਜ ਨਾਲ ਜੁਆਬ ਦਿੱਤਾ।
‘ਕੁਸ਼ ਵੱਡਾ ਸੋਚਣਾ ਪੈਣਾ ਦਿਲਬਾਗ, ਇੱਦਾਂ ਈ ਕਦੇ ਫਿਰ ਮਿਲੀਂ ਅਚਾਨਕ ਜਿਹੇ, ਮੈਂ ਬਣਾਉਨਾਂ ਕੋਈ ਸਕੀਮ, ਹਾਂ ਸੱਚ ਸਾਡੇ ਪਿੰਡ ਵਾਲੀ ਸਿਮਰਨ ਮਿਲੀ ਸੀ ਇੱਕ ਦਿਨ। ਤੈਨੂੰ ਮਿਲਣਾ ਚਾਹੁੰਦੀ ਸੀ। ਮੈਂ ਉਦੋਂ ਤਾਂ ਹਾਂ ਕਰ ਦਿੱਤੀ, ਪਰ ਬਾਅਦ ਵਿੱਚ ਮੇਰਾ ਦਿਲ ਮੁਕਰੀ ਖਾ ਗਿਆ ਬਈ ਕਾਹਨੂੰ ਐਵੇਂ ਮਲੂਕ ਜਿਹੀ ਕੁੜੀ ਕੰਡਿਆਂ ‘ਤੇ ਤੋਰਨੀ।’
‘ਮੇਰੇ ਨਾਲ ਮਿਲ ਕੇ ਕੀ ਲੈਣਾ ਉਹਨੇ, ਉਹਨੂੰ ਕਹਿ ਨੌਕਰੀ ਲੈ ਤੇ ਵਿਆਹ ਕਰਾ ਅਰਾਮ ਨਾਲ’ ਦਿਲਬਾਗ ਨੇ ਭਾਵਹੀਣ ਉੱਤਰ ਦਿੱਤਾ।
‘ਊਂ ਫਿਕਰ ਕਰਦੀ ਸੀ ਤੇਰਾ, ਅਖੇ ਸਮਝਾਇਆਂ ਪਤਾ ਨੀ ਮੁੜ ਈ ਆਵੇ’ ਵੀਰਦੀਪ ਨੇ ਉਸ ਦੇ ਜਜ਼ਬਾਤਾਂ ‘ਤੇ ਤੁਣਕਾ ਮਾਰਨ ਦਾ ਯਤਨ ਕੀਤਾ।
‘ਹੁਣ ਬਹੁਤ ਪਾਣੀ ਲੰਘ ਗਿਆ ਪੁਲਾਂ ਹੇਠੋਂ ਵੀਰਦੀਪ ਸਿਆਂ, ਹੁਣ ਘਰ ਕਿੱਥੇ ਮੁੜ ਹੋਣਾਂ, ਸਿਵਿਆਂ ਵਿੱਚ ਹੀ ਮੁੜਾਂਗੇ ਹੁਣ ਤਾਂ’ ਦਿਲਬਾਗ ਬੋਲਦਿਆਂ ਕੁਝ ਉਦਾਸ ਹੋ ਗਿਆ।
ਉਹ ਦੁਕਾਨ ਤੋਂ ਬਾਹਰ ਆਏ ਤੇ ਦਿਲਬਾਗ ਉਥੋਂ ਹੀ ਕਿਸੇ ਹੋਰ ਪਾਸੇ ਵੱਲ ਚਲਾ ਗਿਆ ਤੇ ਵੀਰਦੀਪ ਆਪਣੇ ਕਮਰੇ ਵੱਲ।
—
ਦਿਲਬਾਗ ਹੋਰਾਂ ਨੇ ਅਗਲੇ ਦਿਨਾਂ ਵਿੱਚ ਮਾਲਵੇ ਦੇ ਹੀ ਇੱਕ ਕਸਬਾ ਨੁਮਾ ਪਿੰਡ ਵਿੱਚ ਵੱਡਾ ਪਲਾਟ ਖਰੀਦਿਆ, ਪਹਿਲਾਂ ਉਹਦੀ ਚਾਰ ਦੀਵਾਰੀ ਕੀਤੀ, ਫਿਰ ਇਸ ਪਲਾਟ ਦੀ ਪੱਛਮ ਵਾਲੀ ਬਾਹੀ ‘ਤੇ ਪੂਰਬ ਵੱਲ ਮੁੱਖ ਰੱਖ ਕੇ ਮਕਾਨ ਬਣਾਉਣ ਲੱਗੇ। ਇਸ ਪਲਾਟ ਦੀ ਰਜਿਸਟਰੀ ‘ਤੇ ਉਨ੍ਹਾਂ ਦਸ ਲੱਖ ਦਾ ਕਰਜਾ ਵੀ ਬੈਂਕ ਤੋਂ ਲੈ ਲਿਆ। ਸਾਰੇ ਮਕਾਨ ਦੇ ਹੇਠਾਂ ਬੇਸਮੈਂਟ ਉਸਾਰੀ ਜਿਸ ਦੇ ਦੋ ਪੋਰਸ਼ਨ ਬਣਵਾਏ। ਇਨ੍ਹਾਂ ਵਿੱਚ ਇੱਕ ਦੇ ਅੰਦਰ ਸਿੱਧੀ ਗੱਡੀ ਉਤਰਦੀ ਸੀ ਅਤੇ ਬਾਹਰ ਸ਼ਟਰ ਲੱਗਾ ਹੋਇਆ ਸੀ। ਦੂਜੀ ਹੋਰਨਾਂ ਕੰਮਾਂ ਕਾਰਾਂ ਲਈ ਰੱਖ ਲਈ। ਹੁਣ ਉਹ ਜਲਦੀ ਕੋਈ ਕਾਰਵਾਈ ਕਰਨ ਲਈ ਕਾਹਲੇ ਨਹੀਂ ਸਨ, ਸਗੋਂ ਇੱਕ ਥਾਂ ਟਿਕਣ ਦਾ ਸਾਮਾ ਬਣਾਉਣਾ ਚਾਹੁੰਦੇ ਸਨ। ਬੇਸਮੈਂਟ ‘ਤੇ ਮੋਟੇ ਸਰੀਏ ਨਾਲ ਤਿੱਖੇ ਸੀਮੈਂਟ ਵਾਲੀ ਕੰਕਰੀਟ ਦੀ ਛੱਤ ਪਾ ਦਿੱਤੀ। ਇਸ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਮਕਾਨ ਦੀਆਂ ਕੰਧਾਂ ਉੱਪਰ ਉਠ ਆਈਆਂ ਸਨ। ਜਿੰਨੀ ਤੇਜ਼ੀ ਨਾਲ ਉਹ ਮਕਾਨ ਦੀ ਉਸਾਰੀ ਕਰ ਰਹੇ ਸਨ, ਪਿੰਡ ਦੇ ਕਈ ਬੰਦੇ ਇਸ ‘ਤੇ ਹੈਰਾਨੀ ਪ੍ਰਗਟ ਕਰਦੇ। ਪਿੰਡ ਵਿੱਚ ਤਿੰਨ ਗੁਰਦੁਆਰੇ ਸਨ। ਇੱਕ ਜੱਟਾਂ ਦਾ, ਇੱਕ ਰਾਮਗੜ੍ਹੀਆ ਭਾਈਚਾਰੇ ਦਾ। ਰਵੀਦਾਸੀਆ ਭਾਈਚਾਰੇ ਦਾ ਆਪਣਾ ਗੁਰਦੁਆਰਾ ਸੀ। ਦਿਲਬਾਗ ਬਹੁਤਾ ਧਾਰਮਿਕ ਤਾਂ ਨਹੀਂ ਸੀ, ਪਰ ਕਦੀ ਕਦੀ ਸੋਚਦਾ, ‘ਗੁਰੂ ਨੇ ਜਾਤਾਂ ਮਿਟਾਈਆਂ, ਇਨਸਾਨੀਅਤ ਇੱਕ ਕੀਤੀ, ਇਹ ਸਹੁਰੇ ਵੰਡ ਕੇ ਬਹਿ ਗਏ।’ ਦੂਜੇ ਹੀ ਪਲ ਉਹਦੇ ਦਿਮਾਗ ਵਿੱਚ ਆਉਂਦਾ, ‘ਤੂੰ ਕੀ ਲੈਣਾ, ਤੈਂ ਕੇਹੜਾ ਜਥੇਦਾਰ ਬਣਨਾ।’
ਇਹ ਫਰਵਰੀ ਦੇ ਆਖਰੀ ਦਿਨ ਸਨ। ਦਿਲਬਾਗ ਆਪਣੇ ਟਿਕਾਣੇ ਤੋਂ ਵੀਰਦੀਪ ਨੂੰ ਮਿਲਣ ਜਾ ਰਿਹਾ ਸੀ। ਸਵਖਤਾ ਹੋਣ ਕਾਰਨ ਉਸ ਨੇ ਲੋਈ ਦੀ ਬੁੱਕਲ ਮਾਰ ਲਈ ਸੀ। ਸਿਆਲ ਟੁੱਟ ਰਿਹਾ ਸੀ। ਸਵੇਰੇ ਸ਼ਾਮ ਦੀ ਠੰਡ ਰਹਿ ਗਈ ਸੀ, ਪਰ ਹਰੀ ਕਚੂਰ ਕਣਕ ਅਤੇ ਬੰਨਿਆਂ ‘ਤੇ ਖੜ੍ਹਾ ਘਾਹ ਤਰੇਲ ਨਾਲ ਗਚਾ ਗਚ ਭਰਿਆ ਪਿਆ ਸੀ। ‘ਕਣਕਾਂ ਦਾ ਸਮੁੰਦਰ ਕਿੰਨਾ ਖੂਬਸੂਰਤ ਦ੍ਰਿਸ਼ ਪੈਦਾ ਕਰ ਰਿਹਾ।’ ਦਿਲਬਾਗ ਸੋਚਣ ਲਗਾ, ‘ਯਾਰ ਇਨ੍ਹਾਂ ਚੀਜ਼ਾਂ ਨੂੰ ਮਾਨਣ ਦਾ ਸਮਾਂ ਵੀ ਚਾਹੀਦਾ ਬੰਦੇ ਕੋਲ।’ ਫਿਰ ਉਹਦੇ ਮਨ ਨੇ ਕਿਹਾ।
ਵੀਰਦੀਪ ਦੇ ਉਠਦਿਆਂ ਕਰਦਿਆਂ ਉਹ ਉਸ ਦੇ ਕਮਰੇ ਵਿੱਚ ਪੁੱਜ ਗਿਆ। ਮੋਟਰਸਾਈਕਲ ਉਹ ਪਿੱਛੇ ਕਲੋਨੀ ਦੇ ਪਾਰਕ ਕੋਲ ਖੜ੍ਹਾ ਕਰ ਆਇਆ ਸੀ। ਵੀਰਦੀਪ ਉਹਨੂੰ ਲੈ ਕੇ ਫਿਰ ਚਾਹ-ਪਾਣੀ ਵਾਲੀ ਦੁਕਾਨ ਵੱਲ ਤੁਰਨ ਲੱਗਾ। ‘ਤੂੰ ਚੱਲ ਮੈਂ ਆਉਂਨਾਂ, ਮੋਟਰ ਸਾਈਕਲ ਲੈ ਆਵਾਂ।’ ਅੱਛਾ ਕਹਿ ਕੇ ਵੀਰਦੀਪ ਦੁਕਾਨ ਵੱਲ ਤੁਰ ਪਿਆ। ਉਹ ਉਸੇ ਦੁਕਾਨ ‘ਤੇ ਇਕੱਠੇ ਹੋ ਗਏ, ਜਿੱਥੇ ਪਹਿਲਾਂ ਮਿਲੇ ਸਨ। ਦਿਲਬਾਗ ਨੇ ਚਾਚੇ ਕਰਮੇ ਤੇ ਮਾਤਾ ਦਾ ਹਾਲ-ਚਾਲ ਪੁੱਛਿਆ। ਵੀਰਦੀਪ ਸਮਾਂ ਮਿਲੇ ਤੋਂ ਦਿਲਬਾਗ ਦੀ ਮਾਤਾ ਵੱਲ ਵੀ ਗੇੜਾ ਮਾਰ ਆਉਂਦਾ। ਇੰਨੇ ਨਾਲ ਉਨ੍ਹਾਂ ਦਾ ਦਿਲ ਟਿਕ ਜਾਂਦਾ। ਸਭ ਰਾਜੀ ਬਾਜੀ ਸਨ।
ਵੀਰਦੀਪ ਨੇ ਅਗਲੀ ਗੱਲ ਤੋਰੀ, ‘ਕਿਵੇਂ ਮਕਾਨ ਕਿਥੇ ਕੁ ਆ?’
‘ਬਣ ਗਿਆ ਵੀਰ ਬਸ ਟੀਪ ਟਾਪ ਚੱਲ ਰਹੀ’ ਦਿਲਬਾਗ ਨੇ ਸਹਿਜ ਹੀ ਕਿਹਾ।
‘ਇਹ ਕੰਮ ਤੂੰ ਹਾਲੇ ਦਾ ਕੀਤਾ’ ਵੀਰਦੀਪ ਨੇ ਹਸਰਤ ਨਾਲ ਕਿਹਾ।
‘ਇਕ ਹੋਰ ਖੁਸ਼ਖਬਰੀ ਦਿਆਂ ਤੈਨੂੰ, ਹਰਜੀਤ ਤੇ ਸਿਮਰਨ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ, ਕੰਟਰੈਕਟ ‘ਤੇ। ਮੈ ਚਾਹੁੰਨਾ ਇਨ੍ਹਾਂ `ਚੋਂ ਇੱਕ ਦੀ ਤੇਰੇ ਟਿਕਾਣੇ ਵਾਲੇ ਪਿੰਡ ਵਿੱਚ ਐਪੁਆਇੰਟਮੈਂਟ ਹੋਵੇ। ਉਥੇ ਪਤਾ ਕਰ ਹਾਇਰ ਸੈਕੰਡਰੀ ਸਕੂਲ ਹੈਗਾ ਤੇ ਕੰਪਿਊਟਰ ਟੀਚਰ ਦੀ ਪੋਸਟ ਵੀ ਖਾਲੀ ਹੈ ਜਾਂ ਨਹੀਂ।’
‘ਉਥੇ ਦੋ ਹਾਇਰ ਸੈਕੈਂਡਰੀ ਸਕੂਲ ਨੇ ਮੁੰਡਿਆਂ ਤੇ ਕੁੜੀਆਂ ਦੇ ਅਲੱਗ ਅਲੱਗ’ ਦਿਲਬਾਗ ਨੇ ਦੱਸਿਆ। ‘ਏਡੀ ਦੂਰ ਯਾਰ ਕਾਹਨੂੰ ਦਿਵਾਉਣੀ ਨੌਕਰੀ, ਕਿਧਰੇ ਲਾਗੇ ਚਾਗੇ ਲੱਗਣ ਆਪਣੇ ਪਿੰਡਾਂ ਦੇ, ਆਉਣਾ-ਜਾਣਾ ਸੌਖਾ ਰਹੂ।’ ਦਿਲਬਾਗ ਕਿਸੇ ਜਾਣੂ ਦੀ ਨਜ਼ਰ ਤੋਂ ਦੂਰ ਰਹਿਣਾ ਚਾਹੁੰਦਾ ਸੀ।
‘ਮੈਂ ਹੋਰ ਸੋਚਦਾਂ, ਉਹ ਤੇਰੇ ਨਾਲ ਵਰਤਣ ਬੋਲਣਗੀਆਂ ਨਹੀਂ, ਪੁਲਿਸ ਦੀ ਨਕਲੋ ਹਰਕਤ `ਤੇ ਨਿਗਾਹ ਰੱਖਣਗੀਆਂ, ਜੇ ਕੁਝ ਮਾੜਾ ਵਾਪਰਦਾ ਤਾਂ ਇਕਦਮ ਮੇਰੇ ਤੱਕ ਖ਼ਬਰ ਪਹੁੰਚਾਉਣਗੀਆਂ। ਕੋਈ ਹੀਲਾ ਵਸੀਲਾ ਕੀਤਾ ਜਾ ਸਕੇਗਾ, ਖਬਰਾਂ ਖੁਬਰਾਂ ਈ ਲੱਗ ਜਾਣ ਤਾਂ ਪੁਲਿਸ ਲਈ ਮੁਕਾਬਲਾ ਵਗੈਰਾ ਬਣਾਉਣਾ ਮੁਸ਼ਕਲ ਹੋ ਜਾਂਦਾ।’ ਵੀਰਦੀਪ ਨੇ ਉਹਨੂੰ ਸਕੀਮ ਸਮਝਾਈ।
‘ਉਨ੍ਹਾਂ ਦੇ ਘਰ ਵਾਲੇ ਮੰਨ ਜਾਣਗੇ ਇੰਨੀ ਦੂਰ ਨੌਕਰੀ ਲਈ’ ਦਿਲਬਾਗ ਨੇ ਸ਼ੱਕ ਜ਼ਾਹਰ ਕੀਤਾ।
‘ਤੂੰ ਵੀ ਸ਼Lੁਦਾਈ ਓ ਰਿਹਾ ਯਾਰ, ਡਾਇਰੈਕਟੋਰੇਟ ‘ਚ ਕਿਸੇ ਕਲਰਕ ਨੂੰ ਦਸ ਪੰਦਰਾਂ ਹਜ਼ਾਰ ਰੁਪਈਆ ਦੇਵਾਂਗੇ, ਅਗਲੇ ਨੇ ਹੱਸ ਕੇ ਕੰਮ ਕਰ ਦੇਣਾ’ ਵੀਰਦੀਪ ਨੇ ਪੂਰੀ ਸਕੀਮ ਤੋਂ ਪਰਦਾ ਚੁੱਕਿਆ।
‘ਪਰ ਸ਼ਰਤ ਇਹ ਹੈ ਕਿ ਨਾ ਤੁਸੀਂ ਇਨ੍ਹਾਂ ਨੂੰ ਬੁਲਾਉਣਾ, ਨਾ ਇਹ ਥੁਆਡੇ ਨਾਲ ਕੋਈ ਗੱਲ ਕਰਨਗੀਆਂ, ਬਸ ਆਉਂਦੇ-ਜਾਂਦੇ ਤੁਹਾਡਾ ਖਿਆਲ ਰੱਖਣਗੀਆਂ’ ਵੀਰਦੀਪ ਨੇ ਸਕੀਮ ਨਾਲ ਜੁੜੀਆਂ ਕੰਡੀਸ਼ਨਾਂ ਵੀ ਨਾਲ ਦੱਸਣੀਆਂ ਸ਼ੁਰੂ ਕੀਤੀਆਂ। ਇਹ ਇੱਕ ਤਰ੍ਹਾਂ ਨਾਲ ਮੇਰੇ ਸੋਰਸਿਜ਼ ਹੋਣਗੇ ਉਥੇ।
‘ਉਦਾਂ ਦਿਲਬਾਗ ਮੈਂ ਵਕੀਲ ਨਾਲ ਬਹਾਨੇ ਸਿਰ ਗੱਲ ਕੀਤੀ ਸੀ ਤੁਹਾਡੀ, ਉਹ ਕਹਿੰਦੇ ਜੇ ਡਾਕੇ ਵਗੈਰਾ ਹੀ ਹਨ ਤੇ ਕੋਈ ਮਰਡਰ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਪੇਸ਼ ਹੋ ਕੇ ਕੇਸ ਮੁਕਾ ਲੈਣੇ ਚਾਹੀਦੇ ਹਨ’ ਵੀਰਦੀਪ ਨੇ ਦਿਲਬਾਗ ਹੋਰਾਂ ਸਾਹਮਣੇ ਮੁਕਤੀ ਦਾ ਇੱਕ ਹੋਰ ਰਾਹ ਖੋਲਿ੍ਹਆ।
‘ਮੁੜਿਆ ਮੈਥੋਂ ਹੁਣ ਜਾਣਾ ਨੀ ਵੀਰਦੀਪ, ਮੈਂ ਤੈਨੂੰ ਅੱਗੇ ਵੀ ਦੱਸਿਆ, ਖਤਰਿਆਂ ਭਰੀ ਇਸ ਜ਼ਿੰਦਗੀ ਨੂੰ ਅਸੀਂ ਹੁਣ ਮਾਣਨ ਲੱਗੇ ਹਾਂ’ ਦਿਲਬਾਗ ਨੇ ਸਪਸ਼ਟ ਉੱਤਰ ਦਿੱਤਾ। ਵੀਰਦੀਪ ਚੁੱਪ ਰਿਹਾ।
ਫਿਰ ਇੱਦਾਂ ਕਰ ਆਪਣੇ ਇਸ ਗਰੋਹ ਨੂੰ, ਜੀਹਨੂੰ ਸਰਕਾਰ ਗੈਂਗਸਟਰ ਦੱਸਦੀ ਹੈ, ਇੱਕ ਰਾਜਨੀਤਿਕ ਰੂਪ ਦੇ ਦੇ।
‘ਉਹ ਕਿਵੇਂ ਸੰਤ ਜੀ’ ਦਿਲਬਾਗ ਨੇ ਮਜ਼ਾਕ ਨਾਲ ਸਵਾਲ ਕੀਤਾ।
‘ਹੁਣ ਸਮਾਂ ਜ਼ਿਆਦਾ ਹੋ ਰਿਹਾ, ਇਨ੍ਹਾਂ ਦੁਕਾਨਦਾਰਾਂ ਦਾ ਵੀ ਪਤਾ ਨਹੀਂ ਇਹ ਕੀ ਨੇ, ਮੈਂ ਸੋਚ ਕੇ ਰੱਖਾਂਗਾ, ਤੂੰ ਜਲਦੀ ਗੇੜਾ ਮਾਰੀਂ। ਫੋਨ ਨੀ ਕਰਨਾ ਮੈਨੂੰ, ਨਾ ਮੇਰੇ ਘਰ ਆਉਣਾ। ਕਿਸੇ ਰਿਕਸ਼ੇ ਵਾਲੇ ਨੂੰ ਪੰਜਾਹ ਸੱਠ ਰੁਪਏ ਦੇਵੀਂ ਉਹ ਮੈਨੂੰ ਬਿਠਾ ਕੇ ਤੇਰੇ ਕੋਲ ਲੈ ਜਾਵੇਗਾ।’ ਵੀਰਦੀਪ ਨੇ ਸਕੀਮ ਦੱਸੀ।
—
ਵੀਰਦੀਪ ਜਿਸ ਕਦਰ ਉਸ ਦਾ ਫਿਕਰ ਕਰ ਰਿਹਾ ਸੀ, ਦਿਲਾਬਗ ਨੂੰ ਉਹਨੇ ਕੋਈ ਅੰਤਰੀਵ ਖੁਸ਼ੀ ਦਿੱਤੀ। ਜਾਂਦਿਆਂ ਸੋਚਦਾ ਰਿਹਾ, ‘ਉਦਾਂ ਦਿਮਾਗੀ ਤੌਰ ‘ਤੇ ਕਿੰਨਾ ਤੇਜ਼ ਆ ਵੀਰਦੀਪ। ਕਈ ਵਾਰ ਰਸ਼ਕ ਹੁੰਦਾ ਬਈ ਇਹ ਮੇਰਾ ਦੋਸਤ ਆ। ਬੱਲੇ ਓ ਰੱਬਾ, ਮਾਫ ਕਰੀਂ, ਕਈ ਵਾਰ ਦੁਖੀ ਹੋ ਕੇ ਗਾਲਾਂ ਗੂਲਾਂ ਵੀ ਕੱਢ ਦਈਦੀਆਂ ਤੈਨੂੰ, ਇੰਨੀਆਂ ਖੂਬਸੂਰਤ ਰੂਹਾਂ ਵੀ ਮਿਲਾ ਦਿਨਾਂ ਤੂੰ!’
ਅਗਲੇ ਦਿਨ ਵੀਰਦੀਪ ਨੇ ਹਰਜੀਤ ਨੂੰ ਫੋਨ ਮਿਲਾਇਆ। ਉਹਨੇ ਹਾਲੇ ਨਵੀਂ ਸਰਵਿਸ ਜੁਆਇਨ ਨਹੀਂ ਸੀ ਕੀਤੀ। ਉਹ ਅਗਲੀ ਸਵੇਰ ਹਰਜੀਤ ਦੇ ਸਕੂਲ ਪੁੱਜ ਗਿਆ। ਹਰਜੀਤ ਵੀਰਦੀਪ ਨੂੰ ਬੜੇ ਚਾਅ ਨਾਲ ਮਿਲੀ ਅਤੇ ਫਿਰ ਉਸ ਨੂੰ ਸਟਾਫ ਰੂਮ ਵਿੱਚ ਲੈ ਗਈ। ਉਸ ਦੀ ਆਪਣੇ ਸਟਾਫ ਨਾਲ ਜਾਣ-ਪਛਾਣ ਕਰਵਾਈ। ਉਹ ਇੱਕ ਸਾਈਡ ‘ਤੇ ਬੈਠ ਗਏ ਅਤੇ ਨਵੀਂ ਐਪਾਇੰਟਮੈਂਟ ਵਾਲੀ ਗੱਲ ਹਰਜੀਤ ਨੂੰ ਸਮਝਾਈ। ਹਰਜੀਤ ਸੋਚੀਂ ਪੈ ਗਈ, ਉਸ ਨੇ ਤੁਰੰਤ ਕੋਈ ਉੱਤਰ ਨਾ ਦਿੱਤਾ ਅਤੇ ਇੱਕ ਦੋ ਦਿਨ ਸੋਚਣ ਲਈ ਮੰਗੇ। ਚਾਹ ਦਾ ਕੱਪ ਪੀਣ ਤੋਂ ਬਾਅਦ ਵੀਰਦੀਪ ਨੇ ਹਰਜੀਤ ਕੋਲੋਂ ਅਲਵਿਦਾ ਲਈ। ਇੱਕ ਵਾਰ ਤਾਂ ਕੁੜੀ ਉਲਝਣ ਵਿੱਚ ਪੈ ਗਈ। ਉਸ ਦਾ ਅਗਲਾ ਪੀਰੀਅਡ ਵੀ ਲਾਉਣ ਨੂੰ ਦਿਲ ਨਾ ਕੀਤਾ। ਫਿਰ ੳਹਨੇ ਆਪਣੇ ਆਪ ਨੂੰ ਇਹ ਸੋਚ ਕੇ ਸਾਂਭਿਆ ਕਿ ਚਲੋ ਸਿਮਰਨ ਨਾਲ ਸਾਂਝੀ ਕਰਦੇ ਹਾਂ ਗੱਲ। ਉਹ ਛੁੱਟੀ ਹੋਣ ਤੋਂ ਬਾਅਦ ਸਿੱਧੀ ਸਿਮਰਨ ਵੱਲ ਚਲੀ ਗਈ। ਉਹਨੇ ਵੀਰਦੀਪ ਵਾਲੀ ਸਾਰੀ ਗੱਲ ਸਿਮਰਨ ਨੂੰ ਜਾ ਦੱਸੀ। ਸਿਮਰਨ ਵੀ ਸੋਚੀਂ ਪੈ ਗਈ। ਅਖੀਰ ਗੁਣਾ ਸਿਮਰਨ ‘ਤੇ ਪਿਆ ਬਈ ਉਹਦੀ ਨਿਯੁਕਤੀ ਦਿਲਬਾਗ ਹੋਰਾਂ ਦੇ ਟਿਕਾਣੇ ਦੇ ਲਾਗੇ ਵਾਲੇ ਸਕੂਲ ਵਿੱਚ ਕਰਵਾਈ ਜਾਵੇਗੀ। ਉਹ ਆਉਂਦੇ-ਜਾਂਦੇ ਇਸ ਕੋਠੀ ਦੀ ਨਕਲੋ ਹਰਕਤ ‘ਤੇ ਨਿਗਾਹ ਰੱਖੇਗੀ। ਸਿਮਰਨ ਦੇ ਪਿੰਡ ਤੋਂ ਇਹ ਸਕੂਲ 20-22 ਕਿਲੋਮੀਟਰ ਦੂਰੀ ‘ਤੇ ਸੀ। ਦਿਲਬਾਗ ਦਾ ਪਿੰਡ ਇੱਥੋਂ ਤਕਰੀਬਨ 50 ਕਿਲੋਮੀਟਰ ਦੂਰੀ ‘ਤੇ ਸੀ।
ਵੀਰਦੀਪ ਨੇ ਅਗਲੇ ਦਿਨ ਦਿਲਬਾਗ ਨੂੰ ਡਾਇਰੈਕਟੋਰੇਟ ਵਾਲਾ ਸੋਰਸ ਦੱਸਿਆ। ਉਹਨੇ ਅੰਬੇ ਨੂੰ ਡਾਇਰੈਕਟੋਰੇਟ ਭੇਜ ਕੇ ਕਲਰਕ ਨੂੰ ਪੰਦਰਾਂ ਹਜ਼ਾਰ ਰੁਪਿਆ ਦੇ ਕੇ ਸਿਮਰਨ ਦੀ ਨਿਯੁਕਤੀ ਮਿੱਥੇ ਪਿੰਡ ਕੁੜੀਆਂ ਦੇ ਸਕੂਲ ਵਿੱਚ ਕਰਵਾ ਦਿੱਤੀ।