ਸਵਰਨਜੀਤ ਸਵੀ ਦਾ ‘ਚਿੰਤਨ ਸੰਸਾਰ’

ਆਮ-ਖਾਸ ਸਾਹਿਤਕ ਤੰਦਾਂ

‘ਊਰੀ, ‘ਉਦਾਸੀ ਦਾ ਲਿਬਾਸ’ ਤੇ ‘ਮਨ ਦੀ ਚਿੱਪ’ ਦੇ ਸੰਦਰਭ ਵਿੱਚ
ਸਵਰਨੀਜਤ ਸਵੀ ਦੀ ਕਾਵਕਾਰੀ ਪੰਜਾਬੀ ਮਨ ਨੂੰ ਚਿੰਤਨ ਦੀ ਤਪਸ਼ ਵਿੱਚੋਂ ਗੁਜ਼ਾਰਦੀ ਹੈ। ਇਹ ਰਵਾਇਤੀ ਕਥਾਤਮਕ ਅਤੇ ਤੁਕਬੰਦੀ ਦੀਆਂ ਸੁਰਾਂ ਵਿੱਚ ਬੱਝੀ ਸਾਡੀ ਸਮੂਹਿਕ ਚੇਤਨਾ ‘ਤੇ ਚਿੰਤਨਮਈ/ਬੌਧਿਕ ਸ਼ਬਦਾਂ ਦਾ ਭਾਰ ਪਾਉਂਦੀ ਹੈ। ਅਸਲ ਵਿੱਚ ਸਾਡਾ ਸਮੂਹਿਕ ਅਵਚੇਤਨ ਹਾਲੇ ਵੀ ਪਰੰਪਰਿਕ ਕਥਾ/ਪ੍ਰਵਚਨ/ਕੰਨ ਰਸ ਅਤੇ ਧਾਰਨਾਵਾਂ ਨੁਮਾ ਸੁਰਾਂ ਵਿੱਚ ਬੱਝੀਆਂ ਕਾਵਿਕ ਵਿਧੀਆਂ ਦਾ ਸ਼ੌਕੀਨ ਹੈ। ਸੋਸ਼ਲ ਮੀਡੀਆ/ਯੂਟਿਊਬ ਵਗੈਰਾ ਨੇ ਸਾਡੀਆਂ ਇਨ੍ਹਾਂ ਬੀਮਾਰੀਆਂ ਨੂੰ ਇੱਕ ਤਰ੍ਹਾਂ ਨਾਲ ਲਾਇਲਾਜ ਕਰ ਦਿੱਤਾ ਹੈ।

ਗੰਭੀਰ ਪੜ੍ਹਤਾਂ ਵਿੱਚੋਂ ਸੰਕਲਪਾਂ/ਸ਼ਬਦਾਂ/ਆਪਣੇ ਹਿੱਸੇ ਦੇ ਅਰਥਾਂ/ਅਨਰਥਾਂ ਨੂੰ ਉਠਾਲਣ ਵਰਗੀ ਆਧੁਨਿਕ ਸ਼ਿਫਟ ਤੋਂ ਵੀ ਹਾਲੇ ਅਸੀਂ ਮਹਿਰੂਮ ਹਾਂ। ਸਵੀ ਉਨ੍ਹਾਂ ਕਵੀਆਂ ਵਿੱਚੋਂ ਨਵੇਕਲਾ ਹੈ, ਜਿਹੜੇ ਪੰਜਾਬੀ ਸਥਾਨਕਤਾ ਵਿੱਚ ਉਪਰੋਕਤ ‘ਸ਼ਬਦ ਕਰਾਂਤੀ’ ਨੂੰ ਪੰਜਾਬੀ ਸੱਭਿਆਚਾਰਕ ਮਾਨਸਿਕਤਾ ਵਿੱਚ ਉਤਾਰਨ ਦਾ ਯਤਨ ਕਰ ਰਹੇ ਹਨ। ਉਸ ਦੀਆਂ ਹੁਣ ਤੱਕ 15-16 ਕਿਤਾਬਾਂ ਆ ਚੁੱਕੀਆਂ ਹਨ। ਇਸ ਵਾਰ ਦਾ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਸਵਰਨਜੀਤ ਸਵੀ ਦੇ ਨਵੇਂ ਕਾਵ ਸੰਗ੍ਰਹਿ ‘ਮਨ ਦੀ ਚਿੱਪ’ ਨੂੰ ਮਿਲਿਆ ਹੈ। ਹਾਲ ਹੀ ਵਿੱਚ ਉਹ ਪੰਜਾਬ ਸਰਕਾਰ ਵੱਲੋਂ ‘ਪੰਜਾਬ ਕਲਾ ਪ੍ਰੀਸ਼ਦ’ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਲਈ ਇਹ ਵਰ੍ਹਾਂ ਦੂਹਰੀਆਂ ਖੁਸ਼ੀਆਂ ਦਾ ਰਿਹਾ। ਸਵੀ ਦੀ ਕਵਿਤਾ ਬਾਰੇ ਇਸ ਲੇਖ ਵਿੱਚ ਪਰਮਜੀਤ ਸੋਹਲ ਨੇ ਗਹਿਰੀਆਂ ਗੱਲਾਂ ਕੀਤੀਆਂ ਹਨ।

ਪਰਮਜੀਤ ਸੋਹਲ

1985 ਤੋਂ ਸਵੀ ਦਾ ਕਾਵਿ-ਸਫ਼ਰ ਸ਼ੁਰੂ ਹੁੰਦਾ ਹੈ ਅਤੇ ‘ਅਵੱਗਿਆ’ 1987 ਵਿੱਚ ਉਸ ਦੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੁੰਦੀ ਹੈ। ‘ਦਰਦ ਪਿਆਦੇ ਹੋਣ ਦਾ’ ਤੋਂ ਬਾਅਦ ‘ਦੇਹੀ ਨਾਦ’ ਨਾਲ ਸਵਰਨਜੀਤ ਸਵੀ ਪੰਜਾਬੀ ਕਵਿਤਾ ਵਿੱਚ ਇੱਕ ਵਿਵਾਦਿਤ ਤੇ ਚਰਚਿਤ ਨਾਮ ਬਣ ਗਿਆ। ‘ਕਾਮੇਸ਼ਵਰੀ’ ਨੇ ਉਸ ਨੂੰ ਹੋਰ ਪ੍ਰਸਿੱਧੀ ਪ੍ਰਦਾਨ ਕੀਤੀ। ਇਸ ਉਪਰੰਤ ਉਸ ਨੇ ‘ਆਸ਼ਰਮ’, ‘ਮਾਂ’, ‘ਤੇ ਮੈਂ ਆਇਆ ਬੱਸ’, ‘ਊਰੀ’ ਆਦਿ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਉਸਦੇ ਹਰ ਕਾਵਿ-ਸ੍ਰੰਗਹਿ ਵਿੱਚ ਵਿਭਿੰਨ ਵਿਸ਼ਿਆਂ ਨੂੰ ਲੈ ਕੇ ਕਵਿਤਾਵਾਂ ਦੀ ਸਿਰਜਣਾ ਕੀਤੀ ਗਈ ਹੈ। ਉਸ ਦੀ ਹਰ ਕਿਤਾਬ ਵਿਚਾਰ ਤੇ ਵਿਸ਼ੇ ਪੱਖ ਤੋਂ ਪਹਿਲੀ ਕਿਤਾਬ ਨਾਲੋਂ ਅਗਲੇਰਾ ਪੜਾਅ ਤੈਅ ਕਰਦੀ ਹੈ। ਇਹ ਸਿਲਸਿਲਾ ‘ਊਰੀ’, ‘ਮਨ ਦੀ ਚਿੱਪ’ ਤੇ ‘ਉਦਾਸੀ ਦਾ ਲਿਬਾਸ’ ਤੱਕ ਨਿਰੰਤਰ ਜਾਰੀ ਹੈ।
ਸਵਰਨਜੀਤ ਸਵੀ ਪੰਜਾਬੀ ਦੀ ਆਧੁਨਿਕ ਪੀੜ੍ਹੀ ਦਾ ਬੌਧਿਕ ਕਵੀ ਹੈ, ਜੋ ਆਪਣੀ ਕਾਵਿਕ-ਸਮਰੱਥਾ ਨੂੰ ਆਪਣੀ ਹਰ ਕਾਵਿ-ਕਿਤਾਬ ਰਾਹੀਂ ਬਹੁ-ਆਯਾਮੀ ਦਿਸ਼ਾਵਾਂ ਵੱਲ ਨਿਰੰਤਰ ਪ੍ਰਸਾਰਿਤ ਕਰਦਾ ਰਹਿੰਦਾ ਹੈ। ਉਸ ਦੀ ਹਰ ਕਿਤਾਬ ਪਹਿਲੀ ਕਿਤਾਬ ਨਾਲੋਂ ਵੱਖਰੇ ਵਿਸ਼ਿਆਂ ਨੂੰ ਛੋਹਦੀ ਹੈ।
‘ਊਰੀ’ ਜੀਵਨ ਧਾਰਾ ਹੈ, ਜਿਸ ਬਿਨ ਕਵੀ ਸਭ ਕੁਝ ਬੇਕਾਰ ਮੰਨਦਾ ਹੈ। ਮਨੁੱਖੀ ਜੀਵਨ ਸਮਾਜਿਕ ਗਤੀ ਦਾ ਵਰਤਾਰਾ ਹੈ ਤੇ ‘ਯੋਨੀ ਗਰਭੇ’ ਜੀਵਨ ਦੀ ਸਿਰਜਣਾਤਮਕ ਹੋਣ ਦੀ ਸਹਿਜ ਗਤੀ ਹੈ। ਇਹ ਜੀਵਨ ਦੇ ਸਹਿਜ ਤੇ ਗਤੀਸ਼ੀਲ ਵਰਤਾਰੇ ਦਾ ਸ਼ਾਬਦਿਕ ਬਿੰਬ ਹੈ। ਕਾਮ ਤੰਤਰ ਦੀ ਊਰਜਾ ਵਰਗਾ… ਜਿਸ ਵਿੱਚ ਸਗਲ ਵਰਤਾਰੇ ਦੀ ਕਾਇਆ ਸਿਰਜੀ ਜਾਂਦੀ ਹੈ। ਸਵੀ ਦੀ ‘ਊਰੀ’ ਇਸੇ ਸਿਰਜਣਾਤਮਕਤਾ ਦੇ ਆਦਿ-ਵਰਤਾਰੇ ਨੂੰ ਵਿਭਿੰਨ ਕੋਣਾਂ ਤੋਂ ਨਿਰਖਦੀ ਪਰਖਦੀ ਹੈ। ‘ਊਰੀ’ ਨਾਲ ਸੰਬੰਧਿਤ ਹੋਰ ਕਾਵਿ-ਟੁਕੜੀਆਂ ਵਿੱਚ ਸਵੀ ਨੇ ਸ਼ਬਦ, ਰੰਗ, ਨ੍ਰਿਤ, ਧੁਨੀ ਦੇ ਵਿਵਿਧ ਵਰਤਾਰਿਆਂ ਰਾਹੀਂ ਜੋ ਸਪੇਸ ਸਿਰਜੀ ਹੈ, ਉਹ ਵੀ ਉਕਤ ਵਿਚਾਰ ਦੀ ਪੁਸ਼ਟੀ ਹੈ।
ਉਹ ਕੰਪਿਊਟਰੀ ਯੁੱਗ ਵਿੱਚ ਗਿਆਨ/ਇਨਫਰਮੇਸ਼ਨ ਦੇ ਨਾਲ ਨਾਲ ਪਰਿਵਰਤਨ ਦੇ ਅਰੁਕ ਵੇਗ ਨੂੰ ਸ਼ਾਬਦਿਕ ਰੂਪ ਦਿੰਦਾ ਹੈ:
ਵੈੱਬ ਰਾਹੀਂ ਸ਼ਬਦ/ਯਾਦ ਲਿਖਤ ਮੁਕਤ ਹੋਈ
ਕਿਸੇ ਇੱਕ ਦੀ ਗਿਆਨੀ ਮਲਕੀਅਤ ਦੇ ਜਾਲ ਤੋਂ…।
ਉਸਦੀ ਯਾਦ ਕਵਿਤਾ ਲਿਖਤ ਦੇ ਸ਼ਬਦੀ ਪਾਸਾਰ ਦੀ ਸਰਬ ਸਾਂਝ ਦੇ ਗਿਆਨ-ਮੰਡਲ ਦੀ ਫ਼ਿਤਰਤ ਨੂੰ ਬਿਆਨ ਕਰਦੀ ਹੈ। ਨਾਲ ਹੀ ਉਹ ਕੁਦਰਤ ਦੀ ਮੀਲਾਂ ਲੰਬੀ ਲੈਂਡਸਕੇਪ ਨੂੰ ਗਹਿਰੀ ਚੁੱਪ ਵਿੱਚ ਟਿਕੀ ਹੋਈ ਦੇਖਦਾ ਹੈ, ਜਿਸ ਨੂੰ ਇੱਕ ਚਾਹ ਦੀ ਚੁਸਕੀ ਤੋੜ ਦਿੰਦੀ ਹੈ।
ਉਸ ਕੋਲ ਰੁੱਖ ਹੇਠ ਬੈਠ ਕੇ ਬੁੱਧ ਹੋਣ ਦੀ ਚਾਹਤ ਹੈ, ਪਰ ਜਿਸਮਾਨੀ ਛੁਹ ਮੁਕਤੀ ਨਹੀਂ ਦਿੰਦੀ, ਸਿਥਲਤਾ ’ਚ ਆਇਆ ਜਿਸਮ ਹਰਕਤ ’ਚ ਆਉਂਦਾ ਹੈ, ਪਰ ਅਗਲਾ ਸਫ਼ਰ ਕਿੱਥੇ ਦਾ ਹੈ? ਇਹ ਸੁਆਲ ਪਾਠਕ ’ਤੇ ਛੱਡ ਦਿੱਤਾ ਗਿਆ ਹੈ। ਉਸ ਦੀ ਕਵਿਤਾ ਵਿੱਚ ਸੂਰਜ ਦਾ ਕਰਮ ਮੀਂਹ ਦਾ ਰੁਖ਼ ਇਖ਼ਤਿਆਰ ਕਰਦਾ ਹੈ ਤਾਂ ਮੀਂਹ ਵੀ ਅਨੰਦ ਉਤਸਵ ਬਣ ਜਾਂਦਾ ਹੈ। ਸਵੀ ਜਿਸ ਜ਼ਾਵੀਏ ਤੋਂ ਟਾਇਟੈਨਿਕ ਦੁਖਾਂਤ ਦੇਖਦਾ ਹੈ, ਉਥੇ ‘ਕਵਿਤਾ ਦੀ ਟੇਢ’ ਹੈ। ਇਸ ਵਿੱਚ ਕਿੰਨੇ ਹਾਦਸੇ ਪਏ ਹਨ- ਟਾਈਟੈਨਿਕ ਵਰਗੇ। ਇਸ਼ਕ ਵਿੱਚ ਕਿੰਨੇ ਟਾਈਟੈਨਿਕ ਗੁਆਚ ਗਏ, ਕੋਈ ਪਤਾ ਨਹੀਂ। ਇਸ ਪ੍ਰਕਾਰ ਸਵੀ ਦੇ ਬੌਧਿਕ ਬਿੰਬਾਂ ’ਚੋਂ ਉਸ ਦੀ ਮਾਰਮਿਕਤਾ ਨੂੰ ਪਕੜਨਾ ਜੇ ਅਸੰਭਵ ਨਹੀਂ ਤਾਂ ਅਤਿ ਮੁਸ਼ਕਿਲ ਜ਼ਰੂਰ ਹੈ।
‘ਦੇਹੀ ਨਾਦ’ ਤੋਂ ਸਵੀ ਇੱਕ ਨਾਰੀਵਾਦੀ ਦ੍ਰਿਸ਼ਟੀ ਵੀ ਨਾਲ ਨਾਲ ਘੜਦਾ ਰਿਹਾ ਹੈ। ਉਸਦੀ ਕਵਿਤਾ ਵਿਚਲੀ ਨਾਰੀ ਵਰਜਿਤ ਮੁਹੱਬਤ ਨੂੰ ਜਿੱਤ-ਹਾਰ ਤੋਂ ਮੁਕਤ ਖੇਡ ਵਾਂਗ ਖੇਡਣ ਦਾ ਅਧਿਕਾਰ ਮੰਗਦੀ ਹੈ। ਉਹ ਮਰਦਾਨਗੀ ਨੂੰ ਤੋੜ ਕੇ ਜੇਤੂ ਮੁਸਕਾਨ ਨੂੰ ਢਾਹੁੰਦੀ ਹੈ। ਮਰਦਾਵੀਂ ਈਗੋ ਨੂੰ ਤੋੜਦੀ ਹੋਈ ਮਰਦ ਵਿਰੁਧ ਇੱਕ ਤਿੱਖੀ ਸੰਵੇਦਨਾ ਜਗਾਉਂਦੀ ਹੈ।
9/11 ਦੇ ਟਰੇਡਿੰਗ ਮਿਊਜ਼ੀਅਮ ਵਾਲੀ ਕਵਿਤਾ ਦੁਖਾਂਤ ਵਾਪਰਨ ਤੋਂ ਬਾਅਦ ਦੀ ਸਾਮਰਾਜੀ ਮੁਲਕਾਂ ਦੀ ਮੁਨਾਫ਼ਾਖੋਰੀ ਦੇ ਇੱਕ ਹੋਰ ਟਰੇਡ ਕਰਨ ਦੀ ਘਟੀਆ ਬਾਜ਼ਾਰੂ ਬਿਰਤੀ ਅਤੇ ਮੌਤ ਦੇ ਸੁਦਾਗਰਾਂ ਵੱਲੋਂ ਮਕਬਰਿਆਂ ਦਾ ਜਜੀਆ ਹਾਸਲ ਕਰਨ ਦੀ ਕੁਟਲਤਾ ਨੂੰ ਦਰਸਾਉਂਦੀ ਹੈ। ਬਾਲ ਕਵਿਤਾ… ਵਿੱਚ ਬਚਪਨ ਵੱਲ ਪਰਤਣ ਦੀ ਰੁਚੀ ਹੈ। ਅਕਸਰ ਲੋਕ ਬੱਚਿਆਂ ’ਚੋਂ ਆਪਣਾ ਬਚਪਨ ਦੇਖਦੇ ਹਨ, ਜੋ ਕਿ ਫਿਰ ਨਹੀਂ ਆਉਂਦਾ। ਮਾਸੂਮੀਅਤ ਰਾਹੀਂ ਕਵੀ ਜੀਵਨ ਦਾ ਸੰਦੇਸ਼ ਦੇਣਾ ਚਾਹੁੰਦਾ ਹੈ।
ਧਾਰਮਿਕ ਪ੍ਰਵਚਨਾਂ ’ਚ ਅਕਸਰ ਕਿਹਾ ਜਾਂਦਾ ਹੈ ਕਿ ਮਨੁੱਖ ਇਸ ਸੰਸਾਰ ਤੋਂ ਕੁਝ ਨਹੀਂ ਲੈ ਕੇ ਜਾਂਦਾ, ਪਰ ਮਨੁੱਖ ਦੇ ਮਨ ਦੀ ਬੰਦ ਮੁੱਠੀ ਵਿੱਚ ਕਿੰਨਾ ਕੁਝ ਹੈ। ਰਿਕਤਤਾ ਨਾ ਆਦਿ ਵਿੱਚ ਸੀ, ਨਾ ਅੰਤ ਵਿੱਚ ਹੋਵੇਗੀ। ਆਦਿ-ਕਾਲ ਤੋਂ ਲੈ ਕੇ ‘ਹੁਣ’ ਤੀਕ ਭਾਸ਼ਾ ਮਨੁੱਖ ਦੇ ਨਾਲ ਨਾਲ ਤੁਰਦੀ ਰਹੀ ਹੈ। ਸ਼ਾਇਦ ਪ੍ਰਸਥਿਤੀਆਂ ਨਾਲ ਮਨੁਖ ਨਹੀਂ, ਭਾਸ਼ਾ ਹੀ ਖੇਡਦੀ ਹੈ ਤੇ ਅਸੀਂ ਭਾਸ਼ਾ ਦੇ ਹੱਥਾਂ ਵਿੱਚ ਮਹਿਜ਼ ਖਿਡੌਣੇ ਹਾਂ।
ਸਵੀ ਦੀ ਵਰਜਿਤ ਸੁਰ ਅਲਾਪਦੀ ਕਵਿਤਾ ਜਿਊਣ ਦੇ ਹੱਕ ’ਚ ਤੱਤ ਸਾਰ ਤੋਂ ਉਲਟ ਖੜ੍ਹੀ ਹੈ। ਉਹ ਹਰੇਕ ਧੁਨ ਦਾ ਦਰਦ ਪਹਿਚਾਣਦਾ ਇੱਕ ਸੰਗੀਤਕ ਅਹਿਸਾਸ ਜਗਾਉਂਦਾ ਹੈ। ਸੁਰਾਂ ਦੇ ਦਰਦ ਨੂੰ ਮਹਿਸੂਸਦਾ ਕਵੀ ਮਹੀਨ ਤਰਬ ਦਾ ਰਾਜ਼ ਉਘਾੜਦਾ ਹੈ। ਹੁਸਨ ਦੇ ਜਲੌਅ ਦੇ ਸਨਮੁਖ ਜਿਸਮਾਨੀ ਚਾਅ ਤੋਂ ਇਸ਼ਕ ਮਜਾਜੀ ਵਿੱਚ ਕਾਮੁਕਤਾ ਭਰਦੀਆਂ ਟੁਕੜੀਆਂ ਉਸਦੇ ‘ਦੇਹੀ ਨਾਦ’ ਦੀ ਵੀ ਯਾਦ ਤਾਜ਼ਾ ਕਰਵਾਉਂਦੀਆਂ ਹਨ।
ਸਵੀ ਘਟੀਆ ਮੁਨਾਫ਼ੇਖ਼ੋਰੀ ਵਾਲੀ ਰਾਜਨੀਤੀ ਵੱਲੋਂ ਬਣਾਏ ਨਸ਼ੇੜੀ ਪੰਜਾਬ ਦੀ ਕਰੂਰ ਯਥਾਰਥਕ ਸਥਿਤੀ ਨੂੰ ‘ਉਖੜੀ ਰਬਾਬ’, ‘ਚਿੱਟਾ’ ਅਤੇ ‘ਅਲਾਰਮ’ ਵਰਗੀਆਂ ਨਜ਼ਮਾਂ ਰਾਹੀਂ ਮੁਖ਼ਾਤਿਬ ਹੁੰਦਾ ਹੈ। ਗ਼ੰਧਲੀ ਰਾਜਨੀਤੀ ਭਰੇ ਮਾਹੌਲ ਵਿੱਚ ਧਾੜਵੀਆਂ ਦੀਆਂ ਟੋਲੀਆਂ ਬਾਹਰੋਂ ਹੀ ਨਹੀਂ, ਇਸ ਪੰਜਾਬ ਦੀ ਆਪਣੀ ਜੂਹ ’ਚੋਂ ਵੀ ਪੈਦਾ ਹੋ ਜਾਂਦੀਆਂ ਹਨ, ਜਿਸ ਨਾਲ ਪੰਜਾਬ ਦੀ ਰਹਿਤਲ ’ਚੋਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਦੀਆਂ ਦਾ ਸੰਸਕ੍ਰਿਤਕ ਵਿਰਸਾ ਵੀ ਮੂਕ ਰਹਿ ਜਾਂਦਾ ਹੈ। ‘ਉਖੜੀ ਰਬਾਬ’ ਵਰਗੀਆਂ ਨਜ਼ਮਾਂ ਪਾਠਕ ਤੇ ਸਰੋਤੇ ਨੂੰ ਸਿੱਧੀਆਂ ਕਟਹਿਰੇ ’ਚ ਲਿਆ ਖੜ੍ਹਾ ਕਰਦੀਆਂ ਹਨ। ਲੈ-ਦੇ ਕੇ ਪੰਜਾਬ ਕੋਲ ‘ਕੀਰਨੇ’ ਹੀ ਬਚਦੇ ਹਨ, ਜੋ ਬੇਵਸ ਪੰਜਾਬਣ ਦੀ ਸੋਗੀ ਚੁੱਪ ਨੂੰ ਹੌਲ ਵਿੱਚ ਬਦਲਦੇ ਹਨ। ਇੱਥੇ ਆ ਕੇ ਸ਼ਬਦ ਤੇ ਸੋਚਾਂ ਵੀ ਹਾਰ ਜਾਂਦੀਆਂ ਹਨ।
‘ਨੇਤਿ ਨੇਤਿ’ ਇਨਕਾਰ ਦੀ ਬਾਣੀ ਹੈ। ਦਰਅਸਲ ਇਹ ਸ਼ਬਦਾਂ ਅਰਥਾਂ ਨਾਲ ਰੂਹ ਦੀ ਸੱਖਣ ਨੂੰ ਭਰਨ ਦਾ ਹੀਲਾ ਹੈ। ਦੇਹ ਤੇ ਰੂਹ ਰਾਹੀਂ ਕਵੀ ਗੁਰੂ ਤੇ ਸ਼ਬਦ ਦਾ ਨਾਤਾ ਜੋੜਦਾ ਹੈ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਸ਼ਬਦ ਖ਼ਾਲੀ ਹੈ, ਜਿਸਨੂੰ ਅਰਥ ਦੀ ਤਲਾਸ਼ ਹੈ; ਕਿਉਂਕਿ ਅਰਥ ਨਾਲ ਹੀ ਸ਼ਬਦ ਦੀ ਕਲਾ ਦਾ ਵਿਕਾਸ ਹੁੰਦਾ ਹੈ। ਸਵੀ ਕੋਲ ਜਿਹੜੇ ਰੰਗ ਨੱਚਦੇ ਹਨ, ਉਹ ਵੀ ਉਸ ਅੱਖ ਦੀ ਤਲਾਸ਼ ’ਚ ਹਨ, ਜੋ ਅਰਥਾਂ ਰਾਹੀਂ ਖ਼ਾਲੀਪਣ ਨੂੰ ਭਰ ਦੇਣ। ਸਵੀ ਸ਼ਬਦਾਂ, ਰੰਗਾਂ, ਧੁਨੀਆਂ, ਨ੍ਰਿਤ ਨਾਲ ਖ਼ਾਲੀਪਣ ਨੂੰ ਭਰਨ ਦੀ ਜਗਿਆਸਾ ਦਰਸਾਉਂਦਾ ਹੈ। ਨ੍ਰਿਤ ਵੀ ਨ੍ਰਤਕੀ ਦੀ ਦੇਹੀ ਤੇ ਅਦਾਵਾਂ ’ਚੋਂ ਖ਼ਿਆਲਾਂ ਰਾਹੀਂ ਖ਼ਾਲੀ ਖੂਹ ਹੋ ਜਾਂਦਾ ਹੈ। ਉਸਦੀਆਂ ਸੰਗੀਤਕ ਧੁਨੀਆਂ ਵੀ ਖ਼ਾਲੀਪਣ ਸਿਰਜਦੀਆਂ ਹਨ। ਇਸ ਪ੍ਰਕਾਰ ਦੇਹ ਤੋਂ ਸ਼ਬਦ, ਰੰਗ, ਧੁਨੀ, ਨ੍ਰਿਤ ਤੱਕ ਫ਼ੈਲਦੀ ‘ਊਰੀ’ ਉਸ ਸੱਖਣ ਨੂੰ ਭਰਨ ਦੀ ਉਮੰਗ ਜਗਾਉਂਦੀ ਹੈ, ਜੋ ਸਾਡੇ ਅੰਦਰ ਹੀ ਕਿਤੇ ਨਹਿਤ ਹੈ।
ਇਸ ਕਿਤਾਬ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਸਾਰੀਆਂ ਕਾਵਿ-ਟੁਕੜੀਆਂ ਸਿਰਲੇਖਹੀਣ ਹਨ, ਜੋ ਉਸ ਦੀ ਕਾਵਿ-ਸਿਰਜਣਾ ਦੇ ਬਹੁਆਯਾਮੀ ਹੋਣ ਦੇ ਅਰਥਾਂ ਨੂੰ ਉਜਾਗਰ ਕਰਦੀਆਂ ਹਨ। ਉਸਦੇ ਵੱਖ ਵੱਖ ਭਾਗਾਂ ਅੱਗੇ ਦਿੱਤੇ ਮੂਰਤੀਆਂ, ਕੁਦਰਤ ਤੇ ਕਲਾ ਦੇ ਨਮੂਨੇ ਵੀ ਉਸ ਦੀ ਬਹੁਪਰਤੀ ਮਾਨਸਿਕਤਾ ਵੱਲ ਸੰਕੇਤਿਤ ਹਨ।
ਸਮੁੱਚੇ ਰੂਪ ਵਿੱਚ ਸਵੀ ਦੀ ‘ਊਰੀ’ ਸਾਰੇ ਵਿਸ਼ਵ ਨੂੰ ਕਲਾਵੇ ਵਿੱਚ ਭਰਦੀ ਹੈ, ਵਿਭਿੰਨ ਗਿਆਨ ਸਰੋਤਾਂ ਤੋਂ ਜਾਣੂ ਕਰਵਾਉਂਦੀ ਹੋਈ ਆਪਣੇ ਬੌਧਿਕ ਪ੍ਰਭਾਵ ਨੂੰ ਸਾਡੇ ਮਨ ਮਸਤਕ ’ਤੇ ਉਲੀਕ ਜਾਂਦੀ ਹੈ। ਹਰ ਵਾਰ ਸਵੀ ਕਵਿਤਾ ਰਾਹੀਂ ਕੁਝ ਨਵਾਂ ਲੈ ਕੇ ਆਉਂਦਾ ਹੈ, ਹਰ ਵਾਰ ਉਸ ਦੀ ਗੱਲ ਵੱਖਰੀਆਂ ਕਾਵਿਕ ਦਿਸ਼ਾਵਾਂ ਦੀ ਯਾਤਰਾ ਨਾਲ ਛਿੜਦੀ ਹੈ। ਇਸ ਵਿੱਚ ਸਵੀ ਦੀ ਵਿਲੱਖਣਤਾ ਹੈ ਤੇ ਪੰਜਾਬੀ ਕਵਿਤਾ ਦਾ ਪਾਸਾਰ ਵੀ।
‘ਉਦਾਸੀ ਦਾ ਲਿਬਾਸ’ ਵਿੱਚ ਸਵੀ ਨੇ ਭਾਰਤੀ ਮਿੱਥਕਾਂ ਖ਼ਾਸ ਕਰ ਮਹਾਂਭਾਰਤ ਦੇ ਮਿਥਕ ਪਾਤਰਾਂ ਨੂੰ ਅਜੋਕੀ ਭਾਰਤੀ ਰਾਜਨੀਤੀ ਦੇ ਸੰਦਰਭ ਵਿੱਚ ਰੁਪਾਂਤ੍ਰਿਤ ਕੀਤਾ ਹੈ। ਇਸ ਬਾਬਤ ਕਵੀ ਨੇ ਸਰਵਰਕ ਅਤੇ ਮੁਢਲੇ ਪੰਨਿਆਂ ’ਤੇ ‘ਗੋਸਟਿ’ ਦਾ ਸਿਰਲੇਖੀ ਰੂਪ ਵੀ ਦਿੱਤਾ ਹੈ, ਜੋ ਉਸ ਦੇ ‘ਮਨ ਦੀ ਚਿੱਪ’ ਕਾਵਿ-ਸੰਗ੍ਰਹਿ ਦੀ ‘ਸਬਦੁ, ਸੁਰਤਿ, ਧੁਨਿ, ਮੂਰਤਿ’ ਵਾਲੇ ਚਾਰ-ਭਾਗੀ ਲੜੀ ਦੀ ਹੀ ਨਿਰੰਤਰਤਾ ਹੈ। ‘ਉਦਾਸੀ ਦਾ ਲਿਬਾਸ’ ਕਾਵਿ-ਪੁਸਤਕ ਵਿਚਲੀਆਂ ਕਵਿਤਾਵਾਂ ਦੇ ਕਵੀ ਨੇ ਛੇ ਭਾਗ ਕੀਤੇ ਹਨ- ‘ਤੈਂ ਕੀ ਦਰਦ ਨ ਆਇਆ’, ‘ਯੁੱਧ ਕਰੋ ਪਾਰਥ’, ‘ਝੱਪ ਖਾਧੇ ਪਤੰਗ’, ‘ਕਰੋਨਾ ਦੇ ਹੁਕਮ ’ਚ’, ‘ਮਿੱਟੀ ਦੀਆਂ ਜੜ੍ਹਾਂ’ ਤੇ ‘ਅੰਤਰ ਯੁਧ’। ਕਿਉਂਜੋ ਕਵੀ ਖ਼ੁਦ ਚਿੱਤਰਕਾਰ ਤੇ ਫੋਟੋਕਾਰ ਵੀ ਹੈ, ਇਸ ਲਈ ਉਸ ਨੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਚਿੱਤਰਕਾਰਾਂ, ਫੋਟੋਕਾਰਾਂ ਦੇ ਢੁਕਵੇਂ ਚਿੱਤਰਾਂ ਦੀ ਵਰਤੋਂ ਕਰਕੇ ਵੀ ਆਪਣੀ ਕਾਵਿ-ਰਚਨਾ ਨੂੰ ਹੋਰ ਸਪੱਸ਼ਟ ਤੇ ਕਲਾਮਈ ਬਣਾਇਆ ਹੈ। ਉਸਦੀ ਅੱਖਰਕਾਰੀ ਵਿੱਚ ਵਗਦੇ ਪਾਣੀਆਂ ਵਰਗੀ ਰਵਾਨੀ ਝਲਕਦੀ ਹੈ।
ਸਵਰਨਜੀਤ ਸਵੀ ਦੀ ਕਵਿਤਾ ਬਾਰੇ ਮੇਰੀ ਧਾਰਨਾ ਰਹੀ ਹੈ ਕਿ ਇਹ ਬੌਧਿਕ ਕਿਸਮ ਦੀ ਕਵਿਤਾ ਹੈ ਅਤੇ ਇਸ ਵਿੱਚ ਚਿੰਤਨ ਦੀ ਸੁਰ ਪ੍ਰਧਾਨ ਹੈ। ਸਵੀ ਭਾਰਤੀ ਮਿੱਥਕਾਂ ਦੇ ਰੁਪਾਂਤਰਣ ਰਾਹੀਂ ਭਾਰਤੀ ਰਾਜਨੀਤੀ ’ਤੇ ਵਿਅੰਗ ਕਰਦਿਆਂ ਇਸ ਦੀਆਂ ਚਾਲਾਂ ਤੋਂ ਪਾਠਕ ਨੂੰ ਸੁਚੇਤ ਕਰਦਾ ਹੈ। ‘ਉਦਾਸੀ ਦਾ ਲਿਬਾਸ’ ਦੇ ਭੂਮਿਕਾਕਾਰ ਡਾ. ਮਨਮੋਹਨ ਨੇ ਵਿਦਵਤਾ ਸਹਿਤ ਇਸ ਕਾਵਿ ਰਚਨਾ ਨੂੰ ‘ਵਰਤਮਾਨ ਸਮਿਆਂ ਦੇ ਯਥਾਰਥ ਦੀ ਸੰਵੇਦਨਸ਼ੀਲ ਕਾਵਿਕਾਰੀ’ ਦਾ ਸਿਰਲੇਖ ਦਿੱਤਾ ਹੈ। ਡਾ. ਮਨਮੋਹਨ ਖ਼ੁਦ ਮਿੱਥ ਦੇ ਮਾਹਿਰ ਵਿਦਵਾਨ ਹਨ ਅਤੇ ਉਨ੍ਹਾਂ ਦੀ ਪਹੁੰਚ ਮੌਲਿਕ ਕਾਵਿਕਾਰੀ, ਨਾਵਲਕਾਰੀ ਅਤੇ ਵਿਸ਼ਵ-ਵਿਆਪੀ ਦਰਸ਼ਨ ਪੱਧਤੀਆਂ ਨੂੰ ਪੰਜਾਬੀ ਪਾਠਕਾਂ ਲਈ ਪੇਸ਼ ਕਰਦੀ ਹੈ। ਉਨ੍ਹਾਂ ਦੁਆਰਾ ਰਚਿਤ ਭੂਮਿਕਾ ਵਿੱਚੋਂ ਆਖ਼ਰੀ ਪੈਰ੍ਹੇ ਨੂੰ ਇੱਥੇ ਥਾਂ ਦੇਣੀ ਕੁਥਾਂ ਨਹੀਂ ਹੋਵੇਗੀ:
“ਸਵਰਨਜੀਤ ਸਵੀ ਨੇ ਆਪਣੇ ਨਵੇਂ ਕਾਵਿ-ਸੰਗ੍ਰਹਿ ‘ਉਦਾਸੀ ਦਾ ਲਿਬਾਸ’ ਵਿੱਚ ਆਪਣੇ ਸਮਕਾਲ ਦੇ ਜੀਵੰਤ ਸੰਕਟਾਂ, ਤ੍ਰਾਸਦੀਆਂ ਅਤੇ ਨਿਰਾਸ਼ਾਵਾਂ ’ਚੋਂ ਪੈਦਾ ਹੋਈਆਂ ਉਦਾਸੀਆਂ ਨੂੰ ਨਵੀਂ ਕਾਵਿ-ਭਾਸ਼ਾ ਦਾ ਲਿਬਾਸ ਪਹਿਨਾਅ ਕੇ ਨਿਵੇਕਲੇ ਅੰਦਾਜ਼ ’ਚ ਪੇਸ਼ ਕੀਤਾ ਹੈ।”
ਜਦੋਂ ਪਾਠਕ ‘ਉਦਾਸੀ ਦਾ ਲਿਬਾਸ’ ਦੀਆਂ ਕਵਿਤਾਵਾਂ ਦਾ ਮੁਕੰਮਲ ਪਾਠ ਕਰਦਾ ਹੈ ਤਾਂ ਉਸ ਨੂੰ ਡਾ. ਮਨਮੋਹਨ ਦੀ ਟਿੱਪਣੀ ਦੀ ਸਾਰਥਕਤਾ ਵੀ ਭਲੀਭਾਂਤ ਮਾਲੂਮ ਹੋ ਜਾਂਦੀ ਹੈ।
ਕਿਤਾਬ ਦੇ ਪਹਿਲੇ ਭਾਗ ਵਿੱਚ ‘ਤੈਂ ਕੀ ਦਰਦ ਨ ਆਇਆ’ ਸਿਰਲੇਖ ਅਧੀਨ ਸਵੀ ਭਾਰਤੀ ਹੁਕਮਰਾਨਾਂ ਨੂੰ ਅੰਗਰੇਜ਼ਾਂ ਦੀ ਤਰਜ਼ ’ਤੇ ਚਲਦਿਆਂ ਦਰਸਾਉਂਦਾ ਹੈ। ਇਸ ਭਾਗ ਵਿਚਲੀਆਂ ਕਵਿਤਾਵਾਂ ਦਾ ਤੱਤਸਾਰ ਹੈ ਕਿ ਹੁਕਮਰਾਨੀ ਕੁਰਸੀ ਜ਼ੋਰ-ਜ਼ੁਲਮ ਨਾਲ ਗ਼ਰੀਬਾਂ ’ਤੇ ਧੱਕਾ ਕਰਦੀ ਆਈ ਹੈ, ਉਹ ਸੱਤਾ ਦੇ ਸਹਾਰੇ ਜਨ ਸਾਧਾਰਨ ਦੇ ਆਜ਼ਾਦੀ ਦੇ ਸੁਪਨੇ ਨੂੰ ਚੂਰ ਚੂਰ ਕਰਦੀ ਹੈ। ਇਹ ਸਿਲਸਿਲਾ ਦੇਸ਼-ਵੰਡ ਜਾਂ ਅੰਗਰੇਜ਼ਾਂ ਦੇ ਕਾਲ ਤੋਂ ਹੀ ਨਹੀਂ, ਬਲਕਿ ਮਹਾਂਭਾਰਤ ਕਾਲ ਤੋਂ ਲਗਾਤਾਰ ਜਾਰੀ ਹੈ।
ਸਵੀ ‘ਉਦਾਸੀ ਦਾ ਲਿਬਾਸ’ ਦੇ ਦੂਜੇ ਭਾਗ ‘ਯੁੱਧ ਕਰੋ ਪਾਰਥ’ ਵਿੱਚ ਮਹਾਂਭਾਰਤ ਦੇ ਪ੍ਰਮੁੱਖ ਪਾਤਰਾਂ ਦੇ ਨਾਲ-ਨਾਲ ਉਨ੍ਹਾਂ ਦੇ ਕਿਰਦਾਰ ਤੇ ਅਦਾ ਕੀਤੇ ਰੋਲ ਦੀ ਆਲੋਚਨਾ ਕਰਦਿਆਂ ਦਰਸਾਉਂਦਾ ਹੈ ਕਿ ਤੀਰ ਤਾਂ ਭਾਵੇਂ ਅਰਜਨ ਚਲਾ ਰਿਹਾ ਹੈ, ਪਰ ਯੁੱਧ ਦੀ ਅਸਲ ਕਮਾਂਡ ਕ੍ਰਿਸ਼ਨ ਦੇ ਹੱਥ ਵਿੱਚ ਹੈ। ਕਰਣ ਦੀ ਮੌਤ ਸਮੇਂ ਰਿਸ਼ਤਿਆਂ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ। ਯੁੱਧ ਸਾਰੇ ਰਿਸ਼ਤੇ, ਨੈਤਿਕਤਾ, ਸਨਮਾਨ ਸਥਾਨ ਭੁਲਾ ਦਿੰਦਾ ਹੈ:
‘ਰਿਸ਼ਤੇ, ਨੈਤਿਕਤਾ, ਸਨਮਾਨ
ਕੀ ਅਰਥ ਰੱਖਦੇ ਭਰਾਵਾਂ ਲਈ!’
ਕਿਉਂਜੋ ਅਰਜਨ ਫੈਸਲਾ ਨਹੀਂ ਕਰ ਸਕਦਾ, ਹਰ ਫ਼ੈਸਲਾ ਕਰਨਾ ਤਾਂ ਕ੍ਰਿਸ਼ਨ ਦੇ ਹੱਥ ਹੈ। ਧਰਮ ਦੇ ਨਾਂ ’ਤੇ ਰਿਸ਼ਤਿਆਂ ’ਤੇ ਬਾਣ ਚਲਦੇ ਹਨ। ਭੀਸ਼ਮ, ਸੰਜੇ, ਵਰਬਰੀਕ ਦੀ ਹੋਣੀ ਬੇਬਸੀ ਨੂੰ ਪ੍ਰਗਟਾਉਂਦੀ ਹੈ। ਭੀਸ਼ਮ ਰਿਸ਼ਤੇ ਦੀ ਡੋਰ ਨਾਲ ਬੰਨਿ੍ਹਆ ਹੋਇਆ ਅਰਜਨ ਦੁਆਰਾ ਚਲਾਏ ਤੀਰਾਂ ਦੀ ਸੇਜ ’ਤੇ ਪਿਆ ਇਸ ਕਰੁਣਾਮਈ ਮੰਜਰ ਨੂੰ ਦੇਖ ਰੋਂਦੇ ਅਰਜਨ ਨੂੰ ਆਖਦਾ ਹੈ:
ਮੈਂ ਧੰਨ ਹੋ ਗਿਆ ਹੇ ਦਰੋਣ ਸ਼ਿਸ਼!
ਆਪਣੇ ਹੱਥਾਂ ਨੂੰ ਆਖ ਮੇਰੇ ਹੱਥ ਬਣ ਜਾਣ
ਤੇਰੇ ਹੰਝੂ ਪੂੰਝ ਦੇਣ!
ਕੜੀਬੱਧ ਉਹ ਕ੍ਰਿਸ਼ਨ ਦੁਆਰਾ ਰਚੀ ਗਈ ਕੂਟਨੀਤੀ ਕਾਰਣ ਕ੍ਰਿਸ਼ਨ ਨੂੰ ਮੁੱਖ ਦੋਸ਼ੀ ਗਰਦਾਨਦਾ ਹੈ, ਜੋ ਧਰਮ ਦੇ ਨਾਂ ’ਤੇ ਕਰਣ ਜਿਹੇ ਯੋਧੇ ਤੋਂ ਪਹਿਲਾਂ ਹੀ ਹਾਰ ਮੰਨਵਾ ਲੈਂਦਾ ਹੈ। ਇਸ ਕੂਟਨੀਤੀ ਵਿੱਚ ਕੁੰਤੀ ਤੇ ਇੰਦਰ ਵੀ ਉਸ ਦੇ ਹੱਥਠੋਕੇ ਬਣ ਕੇ ਰਹਿ ਜਾਂਦੇ ਹਨ। ਇਹ ਕ੍ਰਿਸ਼ਨ ਦੀ ਕੂਟਨੀਤੀ ਦਾ ਮਰਿਆਦਾ-ਮਈ ਪਾਠ ਹੀ ਹੈ ਕਿ ਗੰਧਾਰੀ ਸਾਹਵੇਂ ਪੁੱਤਰ ਦੁਰਯੋਧਨ ਨੂੰ ਨਗਨ ਨਹੀਂ ਹੋਣ ਦਿੱਤਾ ਗਿਆ। ਇੱਕ ਦੋ ਥਾਵੇਂ ਊਧਵ ਪ੍ਰਸ਼ਨ ਤਾਂ ਕ੍ਰਿਸ਼ਨ ਨੂੰ ਕਰਦਾ ਹੈ, ਪਰ ਕੁਰਸੀ ’ਤੇ ਸ਼ਕੁਨੀ ਬੈਠਾ ਹੈ। ਮਹਾਂਭਾਰਤ ਹੋਣ ਦੇ ਕਾਰਨ ਉਸ ਸਮੇਂ ਦੀਆਂ ਕੋਝੀਆਂ ਨੀਤੀਆਂ ਬਣਦੀਆਂ ਹਨ। ਇਸ ਸੰਬੰਧ ਵਿੱਚ ਸਵੀ ਨੇ ‘ਨੀਤੀ 1,2,3’ ਅਤੇ ‘ਰਿਸ਼ਤਾ 1,2’ ਬੜੀਆਂ ਭਾਵਪੂਰਤ ਕਵਿਤਾਵਾਂ ਰਚੀਆਂ ਹਨ। ਮਹਾਂਭਾਰਤ ਦੀ ਨੀਤੀ ਹੀ ਅਜੋਕੇ ਰਾਜਸੀ ਅਲੋਕਤੰਤਰ ਦੀ ਨੀਂਹ ਬਣਦੀ ਹੈ। ਸਵੀ ਦੀਆਂ ‘ਯੁੱਧ ਕਰੋ ਪਾਰਥ’ ਭਾਗ ਵਿਚਲੀਆਂ ਕਵਿਤਾਵਾਂ ਅਜੋਕੀ ਅਖੌਤੀ ਲੋਕਤੰਤਰਿਕ ਰਾਜਨੀਤੀ ਦੇ ਸੰਦਰਭ ਵਿੱਚ ਕਿੰਨੇ ਹੀ ਸੁਆਲ ਖੜੇ੍ਹ ਕਰਦੀਆਂ ਹਨ। ਰਾਜਸੀ ਪਿੜ ਦੇ ਘਟੀਆ ਨੀਤੀ-ਤੰਤਰ ਨੂੰ ਸਵੀ ਨੇ ਮਹਾਂਭਾਰਤੀ ਮਿੱਥਾਂ ਦੇ ਰੂਪਾਂਤਰਣ ਰਾਹੀਂ ਦਰਸਾਇਆ ਹੈ।
‘ਅੰਤਰ ਯੁਧ’ ਵਾਲੇ ਛੇਵੇਂ ਭਾਗ ਵਿੱਚ ਵੀ ਇਸੇ ਕੁਟਲ ਯੁੱਧ ਨੀਤੀ ਦੀ ਨਿਰੰਤਰਤਾ ਨੂੰ ਦੇਖਿਆ ਜਾ ਸਕਦਾ ਹੈ। ਫ਼ਰਕ ਹੈ ਤਾਂ ਕੇਵਲ ਏਨਾ ਕਿ ਇੱਥੇ ਭਾਰਤੀ ਇਤਿਹਾਸਕ, ਮਿਥਿਹਾਸਕ ਪਾਤਰਾਂ ਦੇ ਹਵਾਲਿਆਂ ਨਾਲ ‘ਸੀਜ਼ਰ’, ‘ਉਥੈਲੋ’, ‘ਯੂਲੀਅਸਿਸ’, ‘ਸਿਕੰਦਰ’, ‘ਬਾਬਰ’ ਤੇ ‘ਹੈਲਨ’ ਦੇ ਕਰੈਕਟਰ ਵੀ ਸੰਮਿਲਤ ਹੋ ਗਏ ਹਨ। ਯੁੱਧ ਦਾ ਖੇਤਰ ਆਪਣਾ ਮਨ ਹੀ ਬਣਦਾ ਹੈ। ‘ਮਹਾਂਭਾਰਤ’ ਦੇ ਹਵਾਲੇ ਨਾਲ ਦਰਸਾਇਆ ਗਿਆ ਹੈ ਕਿ ਨੇਕੀ-ਬਦੀ ਦੀਆਂ ਸੈਨਾਵਾਂ ਸਾਡੇ ਅੰਦਰ ਹੀ ਹੁੰਦੀਆਂ ਹਨ:
‘ਮੈਂ ਤੇ ਮੇਰੇ ਅੰਦਰਲਾ ਜਾਨਵਰ
ਨਿਰੰਤਰ ਯੁੱਧ-ਖੇਤਰ ’ਚ ਹਾਂ।’
‘ਮਿੱਟੀ ਦੀਆਂ ਜੜ੍ਹਾਂ’ ਭਾਗ ਵਿੱਚ ਸਵੀ ਤਤਕਾਲੀ ਕਿਸਾਨੀ ਸੰਘਰਸ਼ ਦੀ ਗਾਥਾ ਨੂੰ ਜ਼ੁਬਾਨ ਦਿੰਦਾ ਹੈ। ਕਿਸਾਨ ਅੰਦੋਲਨ ਨਾਲ ਜੁੜੀਆਂ ਇਹ ਨਜ਼ਮਾਂ ਉਸ ਦੀ ਵਰਤਮਾਨ ਸੰਕਟ ਪ੍ਰਤੀ ਗਹਿਰੀ ਰੁਚੀ ਨੂੰ ਦਰਸਾਉਂਦੀਆਂ ਹਨ। ਇਸੇ ਪ੍ਰਕਾਰ ‘ਕਰੋਨਾ ਦੇ ਹੁਕਮ ’ਚ’ ਭਾਗ ਦੇ ਅੰਤਰਗਤ ਉਸ ਨੇ ਕਰੋਨਾ ਤੇ ਉਸ ਕਾਰਨ ਸੰਤਾਪ ਭੁਗਤਦੇ ਲੋਕਾਂ ਦਾ ਪੱਖ ਪੂਰਦਿਆਂ ਸਸ਼ੱਕਤ ਕਵਿਤਾਵਾਂ ਰਚੀਆਂ ਹਨ। ‘ਝਪ ਖਾਧੇ ਪਤੰਗ’ ਭਾਗ ਵਿੱਚ ਸਵੀ ਨੇ ਮਹਾਂਭਾਰਤ ਤੋਂ ਲੈ ਕੇ ਸੰਸਾਰ ਜੰਗਾਂ ਤੇ ਮਹਾਂਮਾਰੀ ਦੇ ਪ੍ਰਕੋਪ ਤੱਕ ਦੇ ਵੇਰਵਿਆਂ ਨੂੰ ਛੂਹਦੀਆਂ ਕਵਿਤਾਵਾਂ ਰਚੀਆਂ ਹਨ। ਇਨ੍ਹਾਂ ਨੂੰ ਸਵੀ ‘ਬੁਰੇ ਵਕਤ’ ਆਖਦਾ ਹੈ, ਜਿਨ੍ਹਾਂ ਦਾ ਕੋਈ ਵਹੀ ਖ਼ਾਤਾ ਨਹੀਂ ਹੁੰਦਾ। ਅਜਿਹੇ ਸਮਿਆਂ ਵਿੱਚ ਸਾਧਾਰਣ ਮਨੁੱਖ ਦੀ ਦਸ਼ਾ ਵੀ ਝਪ ਖਾਧੇ ਪਤੰਗ ਵਰਗੀ ਹੀ ਹੋ ਜਾਂਦੀ ਹੈ।
‘ਮਨ ਦੀ ਚਿੱਪ’ ਕਾਵਿ-ਪੁਸਤਕ ਨੂੰ ਸਾਲ 2024 ਵਿੱਚ ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਹਿਤ ਅਕਾਦਮੀ ਦਾ ਇਨਾਮ ਵੀ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬੀ ਸਾਹਿਤ ਖੇਤਰ ਵਿੱਚ ਸਵੀ ਦੀ ਸਮੁੱਚੀ ਦੇਣ ਪ੍ਰਤੀ ਉਤਸੁਕਤਾ ਤੇ ਖ਼ੁਸ਼ੀ ਉਜਾਗਰ ਕੀਤੀ ਗਈ ਹੈ। ‘ਮਨ ਦੀ ਚਿੱਪ’ ਅਤੇ ‘ਉਦਾਸੀ ਦਾ ਲਿਬਾਸ’- ਦੋਵੇਂ ਉਸਦੀਆਂ ਨਵੀਆਂ ਕਾਵਿ-ਪੁਸਤਕਾਂ ਹਨ। ‘ਅਵੱਗਿਆ’ ਕਾਵਿ-ਸੰਗ੍ਰਹਿ ਵਿੱਚ ਕਵੀ ਦੁਆਰਾ ਭਾਰਤੀ ਮਿੱਥਾਂ ਦੇ ਨਾਲੋਂ ਯੂਰਪੀ ਮਿੱਥਾਂ ਨੂੰ ਅਧਿਕ ਤਰਜੀਹ ਦਿੱਤੀ ਗਈ ਸੀ। ਉਦੋਂ ਯੂਰਪੀ ਮਿੱਥਾਂ ਦੇ ਮਿੱਥਕ ਪਹਿਲੀ ਵਾਰ ਪੰਜਾਬੀ ਕਾਵਿ-ਜਗਤ ਵਿੱਚ ਏਨੀ ਭਰਪੂਰ ਮਾਤਰਾ ਵਿੱਚ ਇਸਤੇਮਾਲ ਕੀਤੇ ਗਏ ਸਨ।
ਸਵਰਨਜੀਤ ਸਵੀ ਬਹੁਪੱਖੀ ਕਵਿਤਾ ਦਾ ਸਿਰਜਕ ਹੈ। ਉਸਨੇ ਵਿਸ਼ਵ ਰਾਜਨੀਤੀ ਅਤੇ ਦੇਸ਼ ਦੀ ਰਾਜਨੀਤੀ ਦੇ ਸਮਾਨੰਤਰ ਮਨੁੱਖ ਦੇ ਮਨੁੱਖਤਵ ਨੂੰ ਬਚਾਉਣ ਲਈ ਮਨੁੱਖੀ ਸੰਵੇਦਨਾ ਦੀਆਂ ਸੁਰਾਂ ਅਲਾਪੀਆਂ ਹਨ। ਉਹ ਨਿਜੀ ਜੀਵਨ ਤੋਂ ਲੈ ਕੇ ਬ੍ਰਹਿਮੰਡੀ ਪਸਾਰੇ ਤੱਕ ਦੇ ਹਰ ਪਹਿਲੂ ਤੋਂ ਸੁਚੇਤ ਹੈ। ਮਾਨਵੀ ਪੱਧਰ ’ਤੇ ਅਜਿਹਾ ਬਹੁਤ ਘੱਟ ਵਿਅਕਤੀਆਂ ਦੇ ਹਿੱਸੇ ਆਉਂਦਾ ਹੈ। ਕਿਸੇ ਗੱਲ ਨੂੰ ਵੱਖ-ਵੱਖ ਕੋਨਾਂ ਤੋਂ ਮਾਨਸਿਕ ਪੱਧਰ `ਤੇ ਖਲੋ ਕੇ ਵੇਖ ਲੈਣਾ ਤੇ ਉਸਨੂੰ ਕਾਵਿਕ ਰੂਪ ਦੇ ਦੇਣਾ ਕੋਈ ਸੁਖੈਨ ਕਾਰਜ ਨਹੀਂ ਹੁੰਦਾ। ਮਨੁੱਖੀ ਸੰਵੇਦਨਾ ਨੂੰ ਸਨਮੁਖ ਰੱਖ ਕੇ ਸਿਰਜਣਾ ਦੇ ਮਾਰਗ ’ਤੇ ਤੁਰਨਾ ਉਹਦਾ ਕਮਾਇਆ ਹੋਇਆ ਯੋਗ ਹੈ।
ਵਿਸ਼ਵ ਪੱਧਰੀ ਦਾਰਸ਼ਨਿਕ ਨਵ-ਚਿੰਤਕਾਂ ਦੇ ਸਿੱਧਾਂਤਕੀ ਗਿਆਨ ਨੂੰ ਉਹ ਅਧਿਐਨ ਰਾਹੀਂ ਪਕੜਦਾ ਹੈ ਅਤੇ ਉਨ੍ਹਾਂ ਦੇ ਸਮਾਨੰਤਰ ਆਪਣੇ ਕਾਵਿਕ ਪ੍ਰਤੀਕਰਮ ਦਰਜ ਕਰਦਾ ਹੈ। ਬਿੱਗ ਡੈਟਾ, ਆਰਟੀਫ਼ੀਸ਼ੀਅਲ ਇਟੈਂਲੀਜੈਂਸੀ, ਅਲਗੋਰਿਦਮ, ਕੰਪਿਊਟਰੀ ਹੈਕਿੰਗ, ਕਲਾਊਡ, ਚਿੱਪ, ਰੋਬੋ ਵਰਗੇ ਨਵ-ਗਿਆਨਕਾਰੀ ਸੰਕਲਪਾਂ ਨਾਲ ਉਹ ਬਾਵਾਸਤਾ ਹੈ। ਅਜਿਹੇ ਗਿਆਨ-ਵਿਗਿਆਨ ਤੇ ਭੌਤਿਕੀ ਈਜਾਦਾਂ ਦੇ ਨਵ-ਚਿੰਤਨ ਨਾਲ ਜੁੜ ਕੇ ਪੰਜਾਬੀ ਕਵਿਤਾ ਵਿੱਚ ਸਵੀ ਇੱਕ ਨਿਵੇਕਲੀ ‘ਧੁਨਿ’ ਪੈਦਾ ਕਰਦਾ ਹੈ। ਇਸ ਵਿੱਚ ਮਨੁੱਖ ਦੀਆਂ ਬੁਨਿਆਦੀ ਅਕਾਂਖਿਆਵਾਂ, ਸਿਮਰਤੀਆਂ, ਦੁੱਖ-ਸੁੱਖ, ਸੰਵੇਦਨਾਵਾਂ ਤੇ ਉਦਾਸੀਆਂ ਸੰਮਿਲਤ ਹਨ। ਸਵੀ ਦੀ ਕਵਿਤਾ ਦਾ ਧਰਾਤਲ ਮਾਨਵ ਹੀ ਹੈ। ਉਹ ਮਨੁੱਖ ਦੀ ਬਹੁਪੱਖੀ ਤਰੱਕੀ ਤੇ ਵਿਕਾਸ ਦਾ ਵਿਰੋਧੀ ਨਹੀਂ ਹੈ। ਉਹ ਜਨ ਸਾਧਾਰਨ ਦੇ ਭਲੇ ਲਈ ਇਸ ਦਾ ਹਾਮੀ ਵੀ ਹੈ; ਪਰ ਲਗਦਾ ਹੈ ਕਿ ਮਨੁੱਖ ਦੁਆਰਾ ਈਜਾਦ ਕੀਤੀ ਮਸ਼ੀਨ ਮਨੁੱਖੀ ਮਨ ਅਤੇ ਕੁਦਰਤ ’ਤੇ ਆਪਣਾ ਅਧਿਕਾਰ ਸਥਾਪਿਤ ਕਰਨ ਦੇ ਰਾਹੇ ਤੁਰੀ ਹੋਈ ਹੈ। ਸਵੀ ਦੀ ਸਿਰਜਣਾਤਮਕਤਾ ਬਾਬਾ ਨਾਨਕ ਦੀ ਦਰਸਾਈ ਜੀਵਨ ਪੱਧਤੀ ਅਨੁਸਾਰ ‘ਗੋਸਟਿ’ ਕਰਨ ਵੱਲ ਰੁਚਿਤ ਹੁੰਦੀ ਹੈ।
ਸਵੀ ਆਪਣੀ ਰਚਨਾ ਵਿੱਚ ਰਾਜਸੀ ਸੱਤਾ ਪ੍ਰਤੀ ਉਦਾਸੀਨ ਹੁੰਦਾ ਹੈ; ਵਿਸ਼ਵ ਪੱਧਰੀ ਕੂਟਨੀਤੀ ਤੋਂ ਉਹ ਜਨ ਸਾਧਾਰਨ ਨੂੰ ਨਿਜਾਤ ਦੁਆਉਣ ਲਈ ਸੁਚੇਤ ਕਰਦਾ ਹੈ। ਮਨੁੱਖਾਂ ਦਾ ਇੱਕ ਵਰਗ ਬੇਸ਼ੁਮਾਰ ਪੈਸੇ ਦੇ ਇਕੱਤਰੀਕਰਣ ਲਈ ਅਨੈਤਿਕ, ਅਲੋਕਤੰਤਰਿਕ ਤੇ ਅਸਭਿਅਕ ਹੋ ਰਿਹਾ ਹੈ, ਜਿਸ ਨਾਲ ਮਾਨਵਤਾ ਦਾ ਘਾਣ ਹੋ ਰਿਹਾ ਹੈ। ਇਹ ਘਾਣ ਵਿਸ਼ਵ-ਵਿਆਪੀ ਹੈ। ਸਵੀ ਇਸ ਘਾਣ ਨੂੰ ‘ਬੁਰੇ ਵਕਤਾਂ’ ਦਾ ਨਾਮ ਦਿੰਦਾ ਹੈ, ਜਿਸ ਦਾ ਕੋਈ ਵਹੀ ਖਾਤਾ ਨਹੀਂ ਹੁੰਦਾ।
ਅਜੋਕੀ ਰਾਜਨੀਤਕ ਸਥਿਤੀ ‘ਮਹਾਂਭਾਰਤ’ ਵਰਗੀ ਭਾਸਣ ਲੱਗ ਪਈ ਹੈ, ਜਿਸ ਵਿੱਚ ਯੁੱਧ ਹੀ ਸਭ ਕਾਸੇ ਦਾ ਇੱਕੋ-ਇੱਕ ਵਿਕਲਪ ਨਜ਼ਰ ਆਉਂਦਾ ਹੈ। ਇਸੇ ਲਈ ਸਵੀ ਮਹਾਂਭਾਰਤ ਦੇ ਮਿਥਿਕਾਂ ਰਾਹੀਂ ਕੋਆਪਰੇਟਿਵ ਘਰਾਣਿਆਂ ਦੀ ਧਨ ਇਕੱਤਰੀਕਰਣ ਦੀ ਲਾਲਸਾ ਨੂੰ ਪੂਰਾ ਕਰਨ ਵਾਲੇ ਰਾਜਸੀ ਨੇਤਾਵਾਂ ’ਤੇ ਕਟਾਖ਼ਸ਼ ਕਰਦਾ ਹੈ।
ਜ਼ਮੀਨ ਨਾਲ ਜੁੜੀ ਕਿਸਾਨੀ ਤੇ ਜਨ ਸਾਧਾਰਨ ਦੀ ਲੁੱਟ-ਖ਼ਸੁੱਟ ਹੋ ਰਹੀ ਹੈ, ਜਿਸ ਪ੍ਰਤੀ ਕਵੀ ਸੰਵੇਦਨਸ਼ੀਲ ਹੈ। ਕਰੋਨਾ ਮਹਾਂਮਾਰੀ ਨੇ ਇਸ ਲੁੱਟ ਦੇ ਨਵੇਂ ਵਸੀਲੇ ਪੈਦਾ ਕਰ ਦਿੱਤੇ ਹਨ। ਇਨ੍ਹਾਂ ਸਮੁੱਚੇ ਵੇਰਵਿਆਂ ਨੂੰ ਆਪਣੇ ਪੱਲੇ ਵਿੱਚ ਸਮੇਟਦੀ ਸਵੀ ਦੀ ਕਵਿਤਾ ਦੀ ਧਾਰਾ ਨਿਰੰਤਰ ਪ੍ਰਵਾਹਿਤ ਹੋ ਰਹੀ ਹੈ। ਮਨੁੱਖੀ ਦੁੱਖਾਂ-ਸੁੱਖਾਂ, ਸੰਵੇਦਨਾਵਾਂ ਨਾਲ ਭਰਪੂਰ ਇਹ ਕਵਿਤਾ ਕਈ ਤਰ੍ਹਾਂ ਦੇ ਤਜਰਬਿਆਂ ਨਾਲ ਬਾਵਾਸਤਾ ਹੁੰਦੀ ਹੈ ਤੇ ਸਵੀ ਦੇ ਹੀ ਕਥਨ ਅਨੁਸਾਰ ‘ਤਜਰਬਾ ਸਟਿੱਲ ਫੋਟੋਗ੍ਰਾਫ਼ ਨਹੀਂ ਹੁੰਦਾ।’
ਵਿਸ਼ਵ ਦੀਆਂ ਨਵ-ਚਿੰਤਨ ਪ੍ਰਣਾਲੀਆਂ ਤੋਂ ਜਾਣੂ ਕਰਵਾਉਂਦੀ ਅਤੇ ਤਤਕਾਲੀ ਸਮਿਆਂ ਦਾ ਲੜਿਆ ਜਾ ਰਿਹਾ ਮਹਾਂਭਾਰਤ ਦਿਖਾਉਂਦੀ ਸਵੀ ਦੀ ਕਵਿਤਾ ਨਿਸ਼ਚੇ ਹੀ ਮਾਨਵਵਾਦੀ ਚਿੰਤਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਅਜੋਕੇ ਵਿਸ਼ਵ-ਵਿਆਪੀ ਸੰਕਟਾਂ ਪ੍ਰਤੀ ਜਾਗਰੂਕ ਕਰਨ ਲਈ ਉਸਦੀ ਕਵਿਤਾ ਪਾਠਕ ਲਈ ਪ੍ਰੇਰਿਕ ਬਣਦੀ ਹੈ। ਚਿੱਤਰਕਾਰੀ, ਫੋਟੋਕਾਰੀ, ਸ਼ਿਲਪਕਾਰੀ ਤੇ ਕਿਤਾਬਾਂ ਦੀ ਪ੍ਰਿੰਟਿੰਗ ਤੇ ਪੋਸਟਰ ਮੇਕਿੰਗ ਕੁਝ ਹੋਰ ਖੇਤਰ ਹਨ, ਜਿਨ੍ਹਾਂ ਵਿੱਚ ਵੀ ਸਵੀ ਨੇ ਨਾਮਣਾ ਕਮਾਇਆ ਹੈ। ਉਸਦੀ ਸਮੁੱਚੀ ਦੇਣ ਨੂੰ ਸਨਮੁਖ ਰੱਖਦਿਆਂ ਹੀ ਸ਼ਾਇਦ ਹਾਲ ਹੀ ਦੇ ਦਿਨਾਂ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਮਗਰੋਂ ਖ਼ਾਲੀ ਹੋਈ ਕਲਾ ਪ੍ਰੀਸ਼ਦ ਦੇ ਚੇਅਰਮੈਨ ਦੀ ਅਸਾਮੀ ’ਤੇ ਲਗਾਇਆ ਗਿਆ ਹੈ।

Leave a Reply

Your email address will not be published. Required fields are marked *