ਰੈਵ ਇੰਦਰ: ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿੱਚ ਉਭਰਦਾ ਨਾਂ

ਆਮ-ਖਾਸ ਸਾਹਿਤਕ ਤੰਦਾਂ

ਅੱਜ ਕੱਲ੍ਹ ਸਿਨਸਿਨੈਟੀ, ਓਹਾਇਓ ਰਹਿੰਦਾ ਗਾਇਕ ਰੈਵ ਇੰਦਰ (ਰਵਿੰਦਰ ਪਾਲ) ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿੱਚ ਇੱਕ ਹੋਰ ਉਭਰਦਾ ਨਾਂ ਹੈ। ਉਹ ਗਾਇਕ ਹੀ ਨਹੀਂ ਹੈ, ਕੰਪੋਜ਼ਰ ਵੀ ਹੈ। ਮੂਲ ਰੂਪ ਵਿੱਚ ਉਹ ਜੰਡੂ ਸਿੰਘਾਂ, ਜਲੰਧਰ (ਪੰਜਾਬ) ਤੋਂ ਹੈ, ਪਰ ਤਿੰਨ ਸਾਲ ਦੀ ਉਮਰ ਵਿੱਚ ਹੀ ਅਮਰੀਕਾ ਆ ਗਿਆ ਸੀ। ਹੁਣ ਇੱਥੇ ਉਹ ਆਪਣੇ ਮਾਪਿਆਂ- ਸੁਰਿੰਦਰ ਪਾਲ ਤੇ ਰਾਜ ਰਾਣੀ ਨਾਲ ਪਰਿਵਾਰ ਦੇ ਕਾਰੋਬਾਰ ਨੂੰ ਸੰਭਾਲਣ ਵਿੱਚ ਵੀ ਮਦਦ ਕਰਦਾ ਹੈ। ਭਾਵੇਂ ਉਹ ਆਪਣੇ ਜੀਵਨ ਬਸਰ ਲਈ ਵਿਦੇਸ਼ ਵਿੱਚ ਰਹਿੰਦਾ ਹੈ, ਪਰ ਉਹ ਅਜੇ ਵੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ

ਅਤੇ ਉਸ ਨੂੰ ਆਪਣੀਆਂ ਜੜ੍ਹਾਂ ਤੇ ਵਿਰਾਸਤ `ਤੇ ਹਮੇਸ਼ਾ ਮਾਣ ਰਿਹਾ ਹੈ। ਰੈਵ ਨਿੱਜੀ ਤੌਰ `ਤੇ ਅਤੇ ਗਾਇਕ ਵਜੋਂ ਪੰਜਾਬ ਤੇ ਉਥੋਂ ਦੇ ਲੋਕਾਂ ਪ੍ਰਤੀ ਭਾਵੁਕ ਹੈ। ਸੰਗੀਤ ਉਸ ਦਾ ਜਨੂੰਨ ਹੈ ਅਤੇ ਉਹ ਬਚਪਨ ਵਿੱਚ ਵੀ ਸਟੇਜਾਂ `ਤੇ ਪ੍ਰਦਰਸ਼ਨ ਕਰਦਾ ਰਿਹਾ ਹੈ। ਉਹ ਆਪਣੇ ਉਸਤਾਦਾਂ- ਅਖਤਰ ਅਲੀ ਤੇ ਸਰਬਜੀਤ ਸਿੰਘ ਤੋਂ ਸੰਗੀਤ ਦੀ ਸਿੱਖਿਆ ਲੈ ਰਿਹਾ ਹੈ। ਰੈਵ ਪਿਛਲੇ ਕੁਝ ਸਮੇਂ ਤੋਂ ਬਤੌਰ ਗਾਇਕ ਸੰਘਰਸ਼ਸੀਲ ਹੈ ਅਤੇ ਉਸ ਦੀ ਮਿਹਨਤ ਨੂੰ ਬੂਰ ਵੀ ਪਿਆ ਹੈ।
ਆਪਣੀ ਕੰਪਨੀ ‘ਸ਼ਾਲੀਮਾਰ ਪ੍ਰੋਡਕਸ਼ਨ’ ਦੁਆਰਾ ਉਸਨੇ ਇੱਕ ਇੱਕ ਕਰਕੇ 7 ਗੀਤ ਰਿਲੀਜ਼ ਕੀਤੇ ਹਨ। ਇਹ ਕੰਪਨੀ ਉਸ ਨੇ ਆਪਣੇ ਦਾਦਾ ਈਸ਼ਰ ਦਾਸ ਸ਼ਾਲੀਮਾਰ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਨ੍ਹਾਂ ਦੇ ਨਾਂ ਨੂੰ ਸਮਰਪਿਤ ਕੀਤੀ ਹੈ। ਸੰਗੀਤਕ ਤੌਰ `ਤੇ ਉਸਦੀ ਸਭ ਤੋਂ ਵੱਡੀ ਪ੍ਰੇਰਨਾ ਉਸਤਾਦ ਸਰਦੂਲ ਸਿਕੰਦਰ ਹੈ ਅਤੇ ਹਾਲ ਹੀ ਵਿੱਚ ਗਾਇਕਾ ਅਮਰ ਨੂਰੀ ਨਾਲ ਇੱਕ ਗੀਤ ‘ਦਿੱਲੀ ਏਅਰਪੋਰਟ’ ਰਿਲੀਜ਼ ਕੀਤਾ ਹੈ। ਇਹ ਗੀਤ ਵਿਦੇਸ਼ ਜਾਣ ਲਈ ਮਾਂ ਤੋਂ ਵਿਛੜੇ ਪੁੱਤ ਦੇ ਦਰਦ ਨੂੰ ਬਿਆਨ ਕਰਦਾ ਹੈ। ਇਸ ਗੀਤ ਦਾ ਸੰਗੀਤ ਜੀ. ਗੁਰੀ ਨੇ ਤਿਆਰ ਕੀਤਾ ਹੈ। ਰੈਵ ਦੇ ਗਾਏ ਤੇ ਕਿੰਗ ਗਰੇਵਾਲ ਦੇ ਲਿਖੇ ਗੀਤ ਦੇ ਬੋਲ ਕੁਝ ਇਉਂ ਹਨ:
ਦਿੱਲੀ ਏਅਰਪੋਰਟ ਜ਼ਹਿਰ ਵਰਗਾ, ਉਦੋਂ ਲੱਗਦਾ ਹੋਵੇਗਾ ਮੇਰੀ ਮਾਂ ਨੂੰ,
ਮੈਂ ਤੇ ਮੇਰੀ ਮਾਂ ਸੀ ਜਿੱਥੇ ਵਿਛੜੇ, ਭੁੱਲ ਸਕਦੇ ਹਾਂ ਕਿੱਦਾਂ ਉਸ ਥਾਂ ਨੂੰ।
ਗੀਤਕਾਰ ਸਾਧਪੁਰੀ ਦੇ ਲਿਖੇ ਅਤੇ ਰੈਵ ਦੇ ਗਾਏ ਗੀਤ ‘ਟਾਈਮ’ ਦੇ ਬੋਲ ਸਮੇਂ ਦੇ ਚਲਾਏਮਾਨ ਸੱਚ ਦੀ ਬਿਆਨੀ ਹੈ। ਇਹ ਗੀਤ ਸਮੇਂ ਦੇ ਨਾਲ ਤੁਰਨ ਦੀ ਤਾਕੀਦ ਵੀ ਕਰਦਾ ਹੈ ਤੇ ਹੌਸਲਾ ਵੀ ਦਿੰਦਾ ਹੈ ਕਿ ਮਾੜਾ ਸਮਾਂ ਸਦਾ ਨਹੀਂ ਰਹਿੰਦਾ, ਸਗੋਂ ਮਾੜੇ ਸਮੇਂ ਦੌਰਾਨ ਚੰਗਾ ਸਮਾਂ ਆਉਣ ਦੀ ਆਸ ਲੁਕੀ ਹੁੰਦੀ ਹੈ। ਗੀਤ ਦੇ ਬੋਲ ਕੁਝ ਇਉਂ ਹਨ:
ਦੁੱਖ ਹੋਵੇ ਸੁੱਖ, ਇਹ ਜੋ ਸਮੇਂ ਦੀਆਂ ਸੁਈਆਂ ਨੱਸਣੇ `ਤੇ ਰਹਿੰਦੀਆਂ,
ਸਾਡੇ ਨਾਲ ਚੱਲ ਨਹੀਂ ਤੇ ਰਹਿ ਜਾਏਂਗਾ ਪਿੱਛੇ ਦੱਸਣੇ `ਤੇ ਰਹਿੰਦੀਆਂ,
ਛੱਡੀਦਾ ਨਹੀਂ ਦਿਲ, ਚਲੋ ਮੰਨਿਆ ਹਾਰਾਂ ਤੋਂ ਬੰਦਾ ਹੰਭ ਜਾਂਦਾ ਏ,
ਇੱਕੋ ਗੱਲ ਚੰਗੀ ਹੁੰਦੀ ਮਾੜੇ ਟੈਮ ਦੀ ਕਿ ਉਹ ਵੀ ਲੰਘ ਜਾਂਦਾ ਏ।
ਗੀਤ ‘ਟਾਈਮ’ ਵਿੱਚ ਹੀ ਸਮਾਜ ਦੀ ਇਹ ਤਸਵੀਰ ਵੀ ਦ੍ਰਿਸ਼ਟਮਾਨ ਹੈ: ‘ਰਿਜਕ ਲਈ ਜਦੋਂ ਵੇਖਾਂ ਵਿਕਦੇ ਸਰੀਰ, ਦਿਲ ਕੰਬ ਜਾਂਦਾ ਏ’, ‘ਚੋਰਾਂ ਹੱਥ ਆ ਗਈਆਂ ਹਕੂਮਤਾਂ, ਇਹ ਜੇਬਾਂ ਕਰੀ ਜਾਣ ਤੱਤੀਆਂ’, ‘ਜਿਹਨੂੰ ਵੋਟ ਦਈਏ, ਓਹੀ ਬਣ ਕੇ ਜ਼ਹਿਰੀਲਾ ਸੱਪ ਡੰਗ ਜਾਂਦਾ ਏ।’
ਪਿਆਰ-ਮੁਹੱਬਤ ਵਿੱਚ ਰੰਗੇ ਗੀਤ ‘ਰੂਪ’ ਨੂੰ ਵੀ ਉਸ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ ਹੈ: ‘ਤੇਰੇ ਮੇਰੇ ਪਿਆਰ ਦੇ ਗਵਾਹ ਨੇ ਚੰਨ ਤਾਰੇ ਵੇ।’ ਇਸ ਤੋਂ ਇਲਾਵਾ ਹੋਰਨਾਂ ਕਲਾਕਾਰਾਂ ਵਾਂਗ ਇਸ਼ਕ-ਮੁਸ਼ਕ ਵਾਲੇ ਗੀਤ ਵੀ ਉਸ ਨੇ ਗਾਏ ਹਨ, ਜਿਨ੍ਹਾਂ ਵਿੱਚ ‘ਵੈਬਲੀ’, ‘ਵੈਲਦਾਰੀਆਂ’ ਤੇ ‘ਕਾਲਾ ਸੂਟ’ ਸ਼ੁਮਾਰ ਹਨ। ਉਸ ਦੇ ਗੀਤ ‘ਕਿਉਂ ਸਾਂਵਲਾ ਜਿਹਾ ਰੰਗ ਨਿੰਦਦੈਂ, ਗੋਰਿਆਂ ਦੇ ਪਿੱਛੇ ਲੱਗ ਕੇ’ ਵੀ ਯੂਟਿਊਬ ਉਤੇ ਕਾਫੀ ਚੱਲਿਆ। ਰੈਵ ਇੰਦਰ ਨੇ ਸਾਲ ਕੁ ਪਹਿਲਾਂ ਯੂਟਿਊਬ ਚੈਨਲ `ਤੇ ਇੱਕ ਟਰੈਕ ‘ਬਿੱਲੀ ਅੱਖ’ ਵੀ ਰਿਲੀਜ਼ ਕੀਤਾ ਸੀ। ਅਜੇ ਖਾਨ ਦੇ ਲਿਖੇ ਇਸ ਗੀਤ ਦਾ ਸੰਗੀਤ ਹਸਨ ਬੀਟਸ ਨੇ ਦਿੱਤਾ। ਪ੍ਰੋਜੈਕਟ ਦਾ ਸੰਚਾਲਨ ਸੁਰਿੰਦਰ ਪਾਲ ਨੇ ਕੀਤਾ। ਉਸ ਦੇ ਨਵੇਂ ਗੀਤ ‘ਵੈਬਲੀ’ ਨੂੰ ਸਿਨਸਿਨੈਟੀ ਦੇ ਹੀ ਨੌਜਵਾਨ ਅਨਮੋਲ ਮਾਵੀ ਨੇ ਫਿਲਮਾਇਆ ਹੈ। ਇਹ ਗੀਤ ਕਿੰਗ ਗਰੇਵਾਲ ਦਾ ਲਿਖਿਆ ਹੈ।
ਆਪਣੇ ਗੀਤਾਂ ਬਾਰੇ ਰੈਵ ਇੰਦਰ ਦਾ ਕਹਿਣਾ ਹੈ, “ਸਾਨੂੰ ਹੁਣ ਤੱਕ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਇੰਸਟਾਗ੍ਰਾਮ ਰੀਲਾਂ `ਤੇ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ। ਸਾਡੇ ਗੀਤ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ।” ਉਹ ਭਵਿੱਖ ਵਿੱਚ ਹੋਰ ਪ੍ਰੋਜੈਕਟ ਲੈ ਕੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨੇੜ ਭਵਿੱਖ ਲਈ ਰੈਵ ਦੀਆਂ ਯੋਜਨਾਵਾਂ ਵਿੱਚ ਹੋਰ ਗੀਤ ਜਾਰੀ ਕਰਨਾ ਸ਼ਾਮਲ ਹੈ, ਜੋ ਉਸ ਦੁਆਰਾ ਕੀਤੇ ਗਏ ਕੰਮਾਂ ਤੋਂ ਵੱਖਰੇ ਹੋਣਗੇ। ਰੈਵ ਇੰਦਰ ਆਪਣੀ ਟੀਮ ਨਾਲ 13 ਜੁਲਾਈ, ਸਨਿਚਰਵਾਰ ਨੂੰ ‘ਪੰਜਾਬੀ ਪਰਵਾਜ਼’ ਦੇ ਪਲੇਠੇ ਸਮਾਗਮ ‘ਪੰਜਾਬੀ ਪਰਵਾਜ਼ ਨਾਈਟ’ ਵਿੱਚ ਆਪਣੇ ਗੀਤਾਂ ਦੀ ਛਹਿਬਰ ਲਾਵੇਗਾ।
-ਪੰਜਾਬੀ ਪਰਵਾਜ਼ ਫੀਚਰ

Leave a Reply

Your email address will not be published. Required fields are marked *