ਰਾਜਨੀਤੀ ਦਾ ਜਾਤੀਕਰਨ

ਵਿਚਾਰ-ਵਟਾਂਦਰਾ

ਲੋਕਤੰਤਰ ਲਈ ਵੱਡੇ ਖ਼ਤਰੇ ਦਾ ਰੂਪ ਧਾਰ ਰਿਹਾ ਜਾਤੀਵਾਦ
ਹਰਦੀਪ ਸਿੰਘ ਹੈਪੀ ਪੰਡਵਾਲਾ
ਫੋਨ: +91-9814095400
ਪੰਜਾਬ ਦੀ ਧਰਤੀ `ਤੇ ਪੁਰਾਤਨ ਸਮੇਂ ਹੀ ਗੁਰੂਆਂ-ਪੀਰਾਂ ਦੀ ਆਮਦ ਨਾਲ ਜਾਤੀਵਾਦ ਖ਼ਿਲਾਫ਼ ਸੰਗਰਸ਼ ਸ਼ੁਰੂ ਹੋ ਗਿਆ ਸੀ। ਇਸ ਧਰਤੀ ਨੂੰ ਦਸ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਇਸ ਕਰਕੇ ਇੱਥੇ ਸਿੱਖ ਧਰਮ ਦੇ ਲੋਕਾਂ ਦੀ ਗਿਣਤੀ ਵੀ ਵੱਧ ਹੈ। ਪੰਜਾਬ `ਤੇ ਰਾਜ ਵੀ ਸਿੱਖ ਧਰਮ ਨਾਲ ਜੁੜੇ ਆਗੂ ਹੀ ਕਰ ਰਹੇ ਹਨ; ਉਹ ਗੱਲ ਵੱਖਰੀ ਹੈ ਕਿ ਸਿੱਖ ਆਗੂਆਂ ਉਤੇ ਗੈਰ-ਸਿੱਖ ਸਿਆਸਤਦਾਨਾਂ ਦਾ ਦਬਦਬਾ ਵਧੇਰੇ ਹੈ!

ਸਿੱਖ ਧਰਮ ਲਈ ਗੁਰਬਾਣੀ `ਚੋਂ ਮਿਲੇ ਉਪਦੇਸ਼ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ‘ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ’ ਰਾਹੀਂ ਜਾਤ-ਪਾਤ ਅਤੇ ਹੋਰ ਕਰਮ ਕਾਂਡਾਂ ਤੋਂ ਵਰਜਿਆ ਗਿਆ ਹੈ; ਪਰ ਪੰਜਾਬ ਦੀ ਵਾਂਗਡੋਰ ਸਾਂਭਣ ਵਾਲੇ ਆਗੂ ਹੀ ਜਾਤ-ਪਾਤ ਨੂੰ ਵਧਾਵਾ ਦੇ ਕੇ ਗੁਰੂ ਸਾਹਿਬ ਦੇ ਬਚਨਾਂ ਤੋਂ ਮੁਨਕਰ ਹੋਏ ਜਾਪਦੇ ਹਨ, ਕਿਉਂਕਿ ਧਰਮ ਨਿਰਪੱਖਤਾ ਦਾ ਹੋਕਾ ਦੇਣ ਵਾਲੇ ਨੇਤਾਵਾਂ ਵਲੋਂ ਹੀ ਆਪਣੇ ਨਾਂ ਦੇ ਨਾਲ ਜਾਤ-ਗੋਤ ਲਾ ਜਾਤਾਂ ਦੀਆਂ ਵਲਗਣਾਂ ਬਣਾਈਆਂ ਹੋਈਆਂ ਹਨ। ਦੂਜੇ ਬੰਨੇ ਕੁਝ ਅਜਿਹੇ ਨੇਤਾ ਵੀ ਹਨ, ਜਿਨ੍ਹਾਂ ਦੀ ਜਾਤ-ਗੋਤ ਬਾਬਤ ਨਵੀਂ ਪੀੜ੍ਹੀ ਨੂੰ ਬਹੁਤਾ ਪਤਾ ਹੀ ਨਹੀਂ। ਉਨ੍ਹਾਂ ਆਗੂਆਂ ‘ਚ ਮਰਹੂਮ ਪ੍ਰਤਾਪ ਸਿੰਘ ਕੈਰੋਂ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਨਾਂ ਲਏ ਜਾ ਸਕਦੇ ਹਨ। ਇਨ੍ਹਾਂ ਆਗੂਆਂ ਵੱਲੋਂ ਆਪਣੇ ਨਾਂ ਨਾਲ ਜਾਤ ਲਾਉਣ ਦੀ ਥਾਂ ਆਪਣੇ ਜੱਦੀ ਪਿੰਡਾਂ ਦੇ ਨਾਂ ਵਰਤੇ ਗਏ ਹਨ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਅੱਜ ਵੀ ਇਨ੍ਹਾਂ ਦੀ ਜਾਤ ਜਾਂ ਗੋਤ ਬਾਰੇ ਜਾਣਕਾਰੀ ਨਹੀਂ ਹੈ। ਅਜਿਹੇ ਨੇਤਾ ਹਰੇਕ ਤਬਕੇ ਦੇ ਲੋਕਾਂ ਤੱਕ ਬੇਝਿਜਕ ਪਹੁੰਚ ਕਰਦੇ ਨੇ, ਪਰ ਜਦੋਂ ਜਾਤ-ਗੋਤ ਨੂੰ ਵਧਾਵਾ ਦੇਣ ਵਾਲੇ ਗ਼ੈਰ ਜਾਤ ਤਬਕੇ ਕੋਲ ਵੋਟਾਂ ਲਈ ਪਹੁੰਚ ਕਰਦੇ ਹਨ ਤਾਂ ਲੋਕਾਂ `ਚ ਅਜਿਹੇ ਲੀਡਰਾਂ ਪ੍ਰਤੀ ਇੱਕ ਜਾਤ ਧਿਰ ਨਾਲ ਜੁੜੇ ਹੋਣ ਦਾ ਸੰਦੇਸ਼ ਜਾਂਦਾ ਹੈ। ਵੋਟਾਂ ਸਬੰਧਤ ਜਾਤ ਤਬਕੇ ਕੋਲੋਂ ਹੀ ਨਹੀਂ, ਬਲਕਿ ਸਮੁੱਚੇ ਪੰਜਾਬ `ਚੋਂ ਹਾਸਲ ਕਰਨੀਆਂ ਹੁੰਦੀਆਂ ਹਨ।
ਗੱਲ ਕਰੀਏ ਤਾਂ ਪੰਜਾਬ ਦਾ 1966 `ਚ ਮੁੜਗਠਨ ਹੋਣ ਤੋਂ ਹੀ ਸੂਬੇ ਦੀ ਸਿਆਸਤ ਵਿੱਚ ਤਕਰੀਬਨ ਪੂਰੀ ਤਰ੍ਹਾਂ ਜੱਟ ਸਿੱਖ ਭਾਈਚਾਰੇ ਦਾ ਕਬਜ਼ਾ ਰਿਹਾ ਹੈ। ਥੋੜ੍ਹੇ ਸਮੇਂ ਲਈ ਗੁਰਮੁਖ ਸਿੰਘ ਮੁਸਾਫ਼ਿਰ (ਨਵੰਬਰ 1966 ਤੋਂ ਮਾਰਚ 1967) ਅਤੇ ਗਿਆਨੀ ਜੈਲ ਸਿੰਘ (1972-77) ਨੂੰ ਛੱਡ ਕੇ ਬਾਕੀ ਸਾਰੇ ਹੀ ਮੁੱਖ ਮੰਤਰੀ ਜੱਟ ਸਿੱਖ ਹੋਏ ਹਨ। ਸੂਬੇ ਦੀ ਬਹੁਤੀ ਵਾਹੀਯੋਗ ਜਮੀਨ `ਤੇ ਉਨ੍ਹਾਂ ਦਾ ਕਬਜ਼ਾ ਹੈ ਤੇ ਉਹੀ ਵਾਹੁੰਦੇ ਹਨ ਅਤੇ ਇਕੱਲੇ ਇੱਕ ਜਾਤ ਭਾਈਚਾਰੇ ਵਜੋਂ ਸ਼ਾਇਦ ਉਨ੍ਹਾਂ ਦੀ ਆਬਾਦੀ ਹੋਰ ਕਿਸੇ ਜਾਤ ਸਮੂਹ ਤੋਂ ਵੱਡੀ ਹੈ। ਇਸ ਦੇ ਨਾਲ ਹੀ ਇਹ ਖੇਤਰੀ ਅਰਥਚਾਰੇ ਵਿੱਚ ਖੇਤੀ ਦੀ ਪ੍ਰਧਾਨਤਾ ਦਾ ਵੀ ਪ੍ਰਗਟਾਵਾ ਹੈ।
ਦੂਜੇ ਪਾਸੇ ਅਨੁਸੂਚਿਤ ਜਾਤਾਂ ਪੰਜਾਬ ਦੀ ਕੁੱਲ ਆਬਾਦੀ ਦੇ 32 ਫ਼ੀਸਦੀ ਹਿੱਸੇ ਤੋਂ ਵੀ ਵੱਧ ਬਣਦੀਆਂ ਹਨ। ਇਹ 39 ਦੇ ਕਰੀਬ ਵੱਖੋ-ਵੱਖ ਜਾਤਾਂ ਨੂੰ ਮਿਲਾ ਕੇ ਬਣਦੀਆਂ ਹਨ। ਇਕੱਠਿਆਂ ਉਨ੍ਹਾਂ ਦੀ ਆਬਾਦੀ ਜੇ ਜੱਟਾਂ ਤੋਂ ਵੱਧ ਨਹੀਂ, ਤਾਂ ਉਨ੍ਹਾਂ ਦੇ ਬਰਾਬਰ ਜ਼ਰੂਰ ਹੋਵੇਗੀ। ਪੰਜਾਬ ਦੀ ਸਿਆਸਤ `ਤੇ 21 ਫ਼ੀਸਦੀ ਜੱਟ ਭਾਈਚਾਰਾ ਛਾਇਆ ਹੋਇਆ ਹੈ। ਇੱਥੇ ਮੁਸਲਿਮ ਭਾਈਚਾਰੇ ਦੀ ਵੋਟ ਕਰੀਬ 2 ਫ਼ੀਸਦੀ ਹੈ। ਬਾਕੀ ਦੇਸ਼ ਵਾਂਗ ਪੰਜਾਬ ਵਿੱਚ ਵੀ ਧਰਮ ਅਤੇ ਜਾਤ ਆਧਾਰਿਤ ਰਾਜਨੀਤੀ ਖੇਡੀ ਜਾ ਰਹੀ ਹੈ।
ਹੱਦਬੰਦੀ ਕਮਿਸ਼ਨ 2008 ਦੀ ਰਿਪੋਰਟ ਮੁਤਾਬਕ ਲੋਕ ਸਭਾ ਦੀਆਂ ਕੁੱਲ 543 ਸੀਟਾਂ `ਚੋਂ ਅਨੁਸੂਚਿਤ ਜਾਤੀ ਲਈ 84 ਅਤੇ ਅਨੁਸੂਚਿਤ ਜਨਜਾਤੀ ਲਈ 47 ਸੀਟਾਂ ਰਾਖਵੀਆਂ ਹਨ, ਜੋ ਰਾਜਨੀਤੀ ਦੇ ਜਾਤੀਕਰਨ ਦਾ ਪ੍ਰਤੱਖ ਸਬੂਤ ਹੈ। ਚੋਣਾਂ ਦੀ ਮਹੱਤਤਾ ਨੂੰ ਦੇਖਦਿਆਂ ਸੰਵਿਧਾਨ ਮੁਤਾਬਕ ਚੋਣ ਆਯੋਗ ਦੀ ਸਥਾਪਨਾ ਕੀਤੀ ਗਈ ਹੈ ਤਾਂ ਕਿ ਚੋਣਾਂ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਹੋ ਸਕਣ। ਚੋਣਾਂ ਸਮੇਂ ਵੋਟ ਪ੍ਰਣਾਲੀ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ `ਚੋਂ ਜਾਤ-ਪਾਤ ਨੂੰ ਮੂਹਰਲੀ ਕਤਾਰ ਦਾ ਤੱਤ ਮੰਨਿਆ ਜਾਂਦਾ ਹੈ। ਚੋਣਾਂ ਸਮੇਂ ਰਾਜਨੀਤਕ ਦਲ ਆਪਣਾ ਮਨੋਰਥ ਪੂਰਾ ਕਰਨ ਲਈ ਜਾਤੀ ਭਾਵਨਾਵਾਂ ਨੂੰ ਭੜਕਾਉਂਦੇ ਹਨ। ਬੇਸ਼ੱਕ ਜਾਤ ਆਧਾਰਿਤ ਬਣੇ ਕਿਸੇ ਵੀ ਰਾਜਨੀਤਕ ਦਲ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ, ਪਰ ਫੇਰ ਵੀ ਜ਼ਿਆਦਾਤਰ ਸਿਆਸੀ ਲੋਕ ਆਪਣੇ ਨਾਂ ਦੇ ਪਿੱਛੇ ਗੋਤ-ਜਾਤ ਲਿਖ ਕੇ ਉਸ ਤਬਕੇ, ਖਿੱਤੇ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਵਿਉਂਤ ਰਚਦੇ ਹਨ। ਸਿਧਾਂਤਕ ਤੌਰ `ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਜਾਤ-ਪਾਤ ਵਿਰੋਧੀ ਹਨ, ਪਰ ਨਾਮਜ਼ਦਗੀ ਸਮੇਂ ਪਾਰਟੀਆਂ ਇਹ ਜ਼ਰੂਰ ਵੇਖਦੀਆਂ ਹਨ ਕਿ ਕਿਹੜੇ ਖੇਤਰ `ਚ ਕਿਹੜੀ ਜਾਤ ਦੇ ਲੋਕਾਂ ਦਾ ਬਹੁਮੱਤ ਹੈ ਅਤੇ ਉਥੇ ਉਸ ਜਾਤ ਨਾਲ ਸਬੰਧਤ ਵਿਅਕਤੀ ਨੂੰ ਹੀ ਨਾਮਜ਼ਦ ਕੀਤਾ ਜਾਂਦਾ ਹੈ।
ਚੋਣਾਂ ਸਮੇਂ ਜਾਤ-ਪਾਤ ਦਾ ਵਧਦਾ ਪ੍ਰਭਾਵ ਰਾਜਨੀਤੀ ਨੂੰ ਹੀ ਨਹੀਂ, ਬਲਕਿ ਸਮਾਜਿਕ ਏਕਤਾ ਨੂੰ ਵੀ ਨੇਸਤੋਨਾਬੂਦ ਕਰ ਰਿਹਾ ਹੈ। ਲੋਕਤੰਤਰੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਨੂੰ ਇਸ ਸਬੰਧੀ ਲੋੜੀਂਦੀ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਵੋਟ ਉਸ ਪਾਰਟੀ ਜਾਂ ਵਿਅਕਤੀ ਨੂੰ ਦੇਣ ਜੋ ਸਿਧਾਂਤਵਾਦੀ ਹੋਵੇ ਤੇ ਸਮਾਜ ਦੇ ਭਲੇ ਲਈ ਕੰਮ ਕਰੇ। ਨਾ ਕਿ ਅਜਿਹੇ ਵਿਅਕਤੀ ਨੂੰ, ਜੋ ਸਮਾਜ ਨੂੰ ਜਾਤ-ਪਾਤ ਦੇ ਆਧਾਰ `ਤੇ ਵੰਡਦਾ ਹੋਵੇ। ਜਾਤੀਵਾਦ ਦਾ ਇਹ ਜ਼ਹਿਰ ਲੋਕਤੰਤਰ ਲਈ ਵੱਡੇ ਖਤਰੇ ਦਾ ਰੂਪ ਧਾਰਨ ਕਰ ਚੁੱਕਾ ਹੈ। ਸਾਰੇ ਸਿਆਸੀ ਦਲ ਜ਼ਮੀਨੀ ਮੁੱਦਿਆਂ ਤੋਂ ਕੰਨੀ ਵੱਟ ਰਹੇ ਹਨ ਅਤੇ ਸ਼ਬਦਾਂ ਦੀ ਲੜਾਈ ਵਿੱਚ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ; ਜਦਕਿ ਗਰੀਬੀ, ਮਹਿੰਗਾਈ ਤੇ ਰੁਜ਼ਗਾਰ ਇੱਕ ਵੱਡਾ ਮੁੱਦਾ ਹੈ, ਪਰ ਇਸ `ਤੇ ਕੋਈ ਚਰਚਾ ਹੀ ਨਹੀਂ ਕਰਦਾ। ਲੋਕ ਹਿੱਤ ਲਈ ਕੀਤੇ ਗਏ ਅਨੇਕਾਂ ਵਾਅਦੇ ਪੂਰੇ ਹੀ ਨਹੀਂ ਹੋਏ, ਪਰ ਜਾਤੀਕਰਨ ਜਿਹੇ ਮੁੱਦਿਆਂ ਨੂੰ ਉਭਾਰਨ ਦਾ ਯਤਨ ਹੋ ਰਿਹਾ ਹੈ। ਇਸ ਕਾਰਨ ਸੋਚਵਾਨ ਤੇ ਗ਼ੈਰਤਮੰਦ ਪੰਜਾਬੀਆਂ `ਚ ਨਿਰਾਸ਼ਾ ਛਾਈ ਹੋਈ ਹੈ। ਸਿਆਸੀ ਪਾਰਟੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਾਤੀਵਾਦ ਦੀ ਥਾਂ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦੇਣ। ਰਾਜਨੀਤੀ ਦੇ ਜਾਤੀਕਰਨ ਕਰਕੇ ਸਿਆਸਤ ਸਿਰਫ਼ ਉੱਚੀਆਂ ਜਾਤਾਂ ਵਾਲੇ ਦੌਲਤਮੰਦ ਮਰਦਾਂ ਦਾ ਹਥਿਆਰ ਬਣ ਕੇ ਰਹਿ ਗਈ ਹੈ।

Leave a Reply

Your email address will not be published. Required fields are marked *