ਮੁਰਗੀ ਪਹਿਲਾਂ ਆਈ ਜਾਂ ਅੰਡਾ?

ਆਮ-ਖਾਸ

ਡਾ. ਪਰਸ਼ੋਤਮ ਸਿੰਘ ਤਿਆਗੀ*
ਫੋਨ: +91-9855446519
ਅਸੀਂ ਅਕਸਰ ਲੋਕਾਂ ਨੂੰ ਇੱਕ ਪੁਰਾਣੀ ਬੁਝਾਰਤ ਬਾਰੇ ਗੱਲ ਕਰਦੇ ਸੁਣਦੇ ਹਾਂ- ਅੰਡਾ ਪਹਿਲਾਂ ਆਇਆ ਜਾਂ ਮੁਰਗੀ? ਲੋਕ ਹੋਰਾਂ ਦੇ ਗਿਆਨ ਦਾ ਨਿਰਣਾ ਕਰਨ ਲਈ ਇਹ ਸਵਾਲ ਵਿਅੰਗ ਨਾਲ ਪੁੱਛਦੇ ਹਨ। ਇਹ ਇੱਕ ਸਦੀਆਂ ਪੁਰਾਣੀ ਦੁਬਿਧਾ ਹੈ, ਜਿਸਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸਿਰ ਖੁਰਕਣ ਲਈ ਮਜਬੂਰ ਕੀਤਾ ਹੈ। ਯੂਨਾਨੀ ਦਾਰਸ਼ਨਿਕ ਪਲੂਟਾਰਕ ਨੇ ਲਗਭਗ 100 ਈਸਵੀ ਵਿੱਚ ਸਿਮਪੋਜ਼ੀਆਕਸ ਨਾਮੀਂ ਇੱਕ ਲੇਖ ਵਿੱਚ ਇਸ ਸਵਾਲ ਦੀ ਚਰਚਾ ਕੀਤੀ ਸੀ। ਉਦੋਂ ਤੋਂ ਇਹ ਦਿਲਚਸਪੀ ਦਾ ਸਵਾਲ ਬਣ ਗਿਆ ਹੈ। ਇਹ ਇੱਕ ਸਧਾਰਨ ਸਵਾਲ ਹੈ, ਪਰ ਜੇ ਅੰਡਾ ਪਹਿਲਾਂ ਆਇਆ ਤਾਂ ਕਿਸਨੇ ਦਿੱਤਾ? ਆਖ਼ਰਕਾਰ ਅੰਡੇ ਮੁਰਗੀਆਂ ਤੋਂ ਆਉਂਦੇ ਹਨ ਅਤੇ ਜੇਕਰ ਮੁਰਗੀ ਪਹਿਲਾਂ ਆਈ ਤਾਂ ਕਿੱਥੋਂ ਆਈ? ਕਿਉਂਕਿ ਮੁਰਗੀ ਅੰਡੇ ਤੋਂ ਨਿਕਲਦੀ ਹੈ।

ਅਸਲ ਵਿੱਚ ‘ਚਿਕਨ ਐਂਡ ਐੱਗ’ ਇੱਕ ਅਲੰਕਾਰਿਕ ਵਿਸ਼ੇਸ਼ਣ ਹੈ, ਜੋ ਸਥਿਤੀਆਂ ਦਾ ਵਰਣਨ ਕਰਦਾ ਹੈ, ਜਿੱਥੇ ਇਹ ਸਪੱਸ਼ਟ ਨਹੀਂ ਹੁੰਦਾ ਕਿ ਦੋ ਘਟਨਾਵਾਂ ਵਿੱਚੋਂ ਕਿਸ ਨੂੰ ਕਾਰਨ ਮੰਨਿਆ ਜਾਣਾ ਚਾਹੀਦਾ ਹੈ ਅਤੇ ਕਿਸ ਨੂੰ ਪ੍ਰਭਾਵ ਮੰਨਿਆ ਜਾਣਾ ਚਾਹੀਦਾ ਹੈ। ਅੰਡੇ-ਮੁਰਗੀ ਦੇ ਸਵਾਲ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਅਸੀਂ ਸਿਰਫ ਮੁਰਗੀ ਦੇ ਅੰਡੇ ਬਾਰੇ ਗੱਲ ਕਰ ਰਹੇ ਹਾਂ ਜਾਂ ਅਸੀਂ ਕਿਸੇ ਵੀ ਜਾਨਵਰ ਦੇ ਅੰਡੇ ਬਾਰੇ ਗੱਲ ਕਰ ਰਹੇ ਹਾਂ! ਇਸ ਲੇਖ ਵਿਚ ਅਸੀਂ ਦੋਵਾਂ ਤਰੀਕਿਆਂ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ- ਮੁਰਗੀ ਦਾ ਆਂਡਾ ਪਹਿਲਾਂ ਆਇਆ ਜਾਂ ਕੋਈ ਵੀ ਆਂਡਾ ਪਹਿਲਾਂ ਆਇਆ।
ਪਹਿਲਾਂ ਅਸੀਂ ਇਹ ਮੰਨ ਲਈਏ ਕਿ ਅਸੀਂ ਆਮ ਅੰਡੇ ਦੀ ਗੱਲ ਕਰ ਰਹੇ ਹਾਂ; ਖਾਸ ਕਰ ਮੁਰਗੀ ਦੇ ਅੰਡੇ ਦੀ ਨਹੀਂ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿਰਫ ਮੁਰਗੀ ਹੀ ਨਹੀਂ, ਜਾਨਵਰਾਂ ਦਾ ਇੱਕ ਪੂਰਾ ਸਮੂਹ ਹੈ, ਜੋ ਆਪਣੀ ਸੰਤਾਨ ਨੂੰ ਜਾਰੀ ਰੱਖਣ ਲਈ ਅੰਡੇ ਦਿੰਦੇ ਹਨ; ਜਿਵੇਂ ਕਿ ਕੀੜੇ-ਮਕੌੜੇ, ਪੰਛੀ, ਮੱਛੀਆਂ ਅਤੇ ਡੱਡੂ, ਕਿਰਲੀਆਂ, ਸੱਪ ਆਦਿ। ਗੁਰਬਾਣੀ ਅਨੁਸਾਰ ‘ਅੰਡਜ ਜੇਰਜ ਸੇਤਜ ਕੀਨੀ॥ ਉਤਭੁਜ ਖਾਨ ਬਹੁਰ ਰਚ ਦੀਨੀ॥’ ਪਰਮਾਤਮਾ ਨੇ ਚਾਰ ਪ੍ਰਕਾਰ ਦੇ ਜੀਵ ਪੈਦਾ ਕੀਤੇ ਹਨ, ਜਿਨ੍ਹਾਂ ਵਿੱਚੋਂ ਅੰਡੇ ਦੇਣ ਵਾਲੇ ਇੱਕ ਕਿਸਮ ਹਨ। ਪਹਿਲਾਂ ਵਿਕਸਿਤ ਹੋਏ ਜਾਨਵਰ ਜਿਵੇਂ ਕੀੜੇ-ਮਕੌੜੇ, ਮੱਛੀਆਂ, ਡੱਡੂ ਆਦਿ ਪਾਣੀ ਵਿੱਚ ਹੀ ਅੰਡੇ ਦੇ ਸਕਦੇ ਸਨ, ਕਿਉਂਕਿ ਅੰਡੇ ਸਖ਼ਤ ਖੋਲ ਤੋਂ ਬਿਨਾ ਸਨ। ਅੰਡੇ ਦੇਣ ਵਾਲੇ ਜਾਨਵਰ ਜੋ ਬਾਅਦ ਵਿੱਚ ਵਿਕਸਿਤ ਹੋਏ, ਜਿਵੇਂ ਕਿ ਕਿਰਲੀਆਂ, ਸੱਪ ਅਤੇ ਪੰਛੀ- ਸਖ਼ਤ ਖੋਲ ਦੀ ਮੌਜੂਦਗੀ ਕਾਰਨ ਜ਼ਮੀਨ `ਤੇ ਅੰਡੇ ਦੇ ਸਕਦੇ ਸਨ। ਅਜਿਹੇ ਅੰਡੇ ਨੂੰ ਐਮਨੀਓਟਿਕ ਕਿਹਾ ਜਾਂਦਾ ਹੈ। ਮੁਰਗੀ ਅਜਿਹੀ ਕਿਸਮ ਦਾ ਪੰਛੀ ਹੈ, ਜੋ ਐਮਨੀਓਟਿਕ ਅੰਡੇ ਦਿੰਦੀ ਹੈ।
ਜੈਵਿਕ ਰਿਕਾਰਡਾਂ ਅਨੁਸਾਰ ਐਮਨੀਓਟਿਕ ਅੰਡੇ ਲਗਭਗ 340 ਮਿਲੀਅਨ ਸਾਲ ਪਹਿਲਾਂ ਪੈਦਾ ਹੋਏ ਸਨ ਅਤੇ ਪਹਿਲੀ ਮੁਰਗੀ ਲਗਭਗ 58 ਹਜ਼ਾਰ ਸਾਲ ਪਹਿਲਾਂ ਪੈਦਾ ਹੋਈ ਸੀ। ਜੇਕਰ ਅਸੀਂ ਉਪਰੋਕਤ ਤੱਥ ਤੋਂ ਅੰਡੇ-ਮੁਰਗੀ ਦੀ ਬੁਝਾਰਤ ਨੂੰ ਵੇਖੀਏ ਤਾਂ ਯਕੀਨੀ ਤੌਰ `ਤੇ ਮੁਰਗੀ ਤੋਂ ਪਹਿਲਾਂ ਆਂਡਾ ਆਇਆ ਸੀ। ਮੁਰਗੀਆਂ ਦੀ ਹੋਂਦ ਤੋਂ ਪਹਿਲਾਂ ਹੀ ਅੰਡੇ ਮੌਜੂਦ ਸਨ। ਜੇਕਰ ਅਸੀਂ ਇਸ ਮਾਮਲੇ ਨੂੰ ਧਾਰਮਿਕ ਕੋਣ ਤੋਂ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹਿੰਦੂ ਮਿਥਿਹਾਸ ਬ੍ਰਹਮਾਨੰਦ ਪੁਰਾਣ ਅਨੁਸਾਰ ਪਰਮਾਤਮਾ ਨੇ ਸੰਸਾਰ ਦੀ ਰਚਨਾ ਕਰਨ ਦੀ ਇੱਛਾ ਰੱਖਦਿਆਂ ਇੱਕ ਅੰਡਾ ਪੈਦਾ ਕੀਤਾ, ਜਿਸਨੂੰ ਸੋਨੇ ਦਾ ਅੰਡਾ ਜਾਂ ਬ੍ਰਹਿਮੰਡੀ ਅੰਡਾ ਕਿਹਾ ਜਾਂਦਾ ਹੈ। ਇਸ ਅੰਡੇ ਤੋਂ ਬ੍ਰਹਮਾ ਜੀ ਪ੍ਰਗਟ ਹੋਏ, ਜਿਨ੍ਹਾਂ ਨੇ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ। ਭਾਵੇਂ ਇਸ ਅੰਡੇ ਦੀ ਤੁਲਨਾ ਮੁਰਗੀ ਦੇ ਅੰਡੇ ਨਾਲ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਜੇਕਰ ਅਸੀਂ ਸਿਰਫ਼ ਅੰਡਾ ਸ਼ਬਦ ਨੂੰ ਹੀ ਵਿਚਾਰੀਏ ਤਾਂ ਵੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅੰਡਾ ਸ਼ਬਦ ਪਹਿਲਾਂ ਆਇਆ ਸੀ।
ਆਉ, ਹੁਣ ਦੂਜੇ ਦ੍ਰਿਸ਼ਟੀਕੋਣ ਤੋਂ ਮੁਰਗੀ ਅਤੇ ਅੰਡੇ ਦੀ ਬੁਝਾਰਤ ਦੀ ਵਿਆਖਿਆ ਕਰੀਏ, ਜੋ ਸਿਰਫ ਮੁਰਗੀ ਦੇ ਅੰਡੇ ਦਾ ਹਵਾਲਾ ਦਿੰਦੀ ਹੈ- ਸਾਰੇ ਅੰਡੇ ਨਹੀਂ। ਇਸ ਸਥਿਤੀ ਵਿੱਚ ਜਵਾਬ ਬਹੁਤ ਵੱਖਰਾ ਹੈ। ਵਿਕਾਸਵਾਦ ਦੇ ਸਿਧਾਂਤ ਦੇ ਅਨੁਸਾਰ ਮੱਛੀਆਂ ਧਰਤੀ ਉੱਤੇ ਪ੍ਰਗਟ ਹੋਣ ਵਾਲੇ ਪਹਿਲੇ ਰੀੜ੍ਹ ਦੀ ਹੱਡੀ ਵਾਲੇ ਜਾਨਵਰ ਸਨ, ਪਰ ਉਹ ਸਿਰਫ਼ ਪਾਣੀ ਵਿੱਚ ਰਹਿ ਸਕਦੇ ਸਨ। ਮੱਛੀਆਂ ਨੇ ਉੱਨਤ ਜਾਨਵਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੂੰ ਉਭੀਵੀਆਂ (ੳਮਪਹਬਿiਅਨਸ) ਕਿਹਾ ਜਾਂਦਾ ਹੈ, ਜਿਵੇਂ ਕਿ ਡੱਡੂ। ਉਹ ਪਾਣੀ ਦੇ ਨਾਲ-ਨਾਲ ਜ਼ਮੀਨ `ਤੇ ਵੀ ਰਹਿ ਸਕਦੇ ਸਨ। ਇਸ ਤੋਂ ਬਾਅਦ ਕਿਰਲੀ, ਸੱਪ, ਕੱਛੂ, ਡਾਇਨਾਸੌਰ ਵਰਗੇ ਜਾਨਵਰਾਂ ਦੇ ਸਮੂਹ ਦਾ ਵਿਕਾਸ ਹੋਇਆ। ਜਿਵੇਂ ਕਿ ਅਸੀਂ ਹੁਣ ਜਾਣਦੇ ਹਾਂ ਕਿ ਇਹ ਡਾਇਨਾਸੌਰਸ ਦੀ ਇੱਕ ਲਾਈਨ ਸੀ, ਜਿਸ ਨੇ ਆਖਰਕਾਰ ਚਿਕਨ (ਮੁਰਗੀ) ਸਮੇਤ ਪੰਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੂੰ ਜਨਮ ਦਿੱਤਾ, ਜੋ ਅਸੀਂ ਅੱਜ ਦੇਖਦੇ ਹਾਂ।
ਇਸ ਤਰ੍ਹਾਂ ਵਿਕਾਸਵਾਦ ਦੇ ਸਿਧਾਂਤ ਅਨੁਸਾਰ ਕਿਸੇ ਵੀ ਸਮੂਹ ਦੇ ਜਾਨਵਰਾਂ ਦੀਆਂ ਜਾਤੀਆਂ ਜਿਵੇਂ ਮੱਛੀਆਂ, ਉਭੀਵੀਆਂ, ਰੀਂਗਣ ਵਾਲੇ ਜੀਵ ਆਦਿ ਨੇ ਆਪਣੇ ਸਰੀਰ ਦੀ ਬਣਤਰ ਵਿੱਚ ਮਾਮੂਲੀ ਜਾਂ ਵੱਡੀਆਂ ਤਬਦੀਲੀਆਂ ਦਾ ਵਿਕਾਸ ਕੀਤਾ ਅਤੇ ਇੱਕ ਨਵੀਂ ਪ੍ਰਜਾਤੀ ਨੂੰ ਜਨਮ ਦਿੱਤਾ। ਇਸੇ ਤਰ੍ਹਾਂ ਮੁਰਗੀਆਂ ਸਮੇਤ ਪੰਛੀ ਆਪਣੇ ਸਰੀਰ ਦੀ ਬਣਤਰ ਅਤੇ ਜੀਵਨ ਢੰਗ ਵਿੱਚ ਤਬਦੀਲੀਆਂ ਕਰਕੇ ਭਿਆਨਕ ਕਿਰਲੀਆਂ ਡਾਇਨਾਸੌਰਸ ਤੋਂ ਵਿਕਸਿਤ ਹੋਏ। ਵਿਕਾਸਵਾਦ ਤੋਂ ਬਾਅਦ ਉਨ੍ਹਾਂ ਨੇ ਆਪਣੀ ਔਲਾਦ ਦੇ ਪ੍ਰਸਾਰ ਲਈ ਅੰਡੇ ਦੇਣਾ ਸ਼ੁਰੂ ਕਰ ਦਿੱਤਾ। ਹੁਣ ਜੇ ਅਸੀਂ ਵਿਕਾਸਵਾਦ ਦੇ ਸਿਧਾਂਤ ਅਨੁਸਾਰ ਆਪਣੇ ਮੂਲ ਸਵਾਲ ਦਾ ਵਿਸ਼ਲੇਸ਼ਣ ਕਰੀਏ ਕਿ ਪਹਿਲਾਂ ਕੌਣ ਆਇਆ- ਮੁਰਗੀ ਦਾ ਅੰਡਾ ਜਾਂ ਮੁਰਗੀ ਤਾਂ ਅਸੀਂ ਯਕੀਨੀ ਤੌਰ `ਤੇ ਕਹਿ ਸਕਦੇ ਹਾਂ ਕਿ ਮੁਰਗੀ ਪਹਿਲਾਂ ਆਈ। ਜਾਨਵਰਾਂ ਦੀਆਂ ਬਹੁਤੀਆਂ ਕਿਸਮਾਂ ਦੇ ਉਲਟ ਆਧੁਨਿਕ ਚਿਕਨ ਕੁਦਰਤੀ ਤੌਰ `ਤੇ ਵਿਕਾਸ ਦੁਆਰਾ ਵਿਕਸਿਤ ਨਹੀਂ ਹੋਇਆ ਸੀ। ਇਸ ਦੀ ਬਜਾਇ ਇਹ ਪਾਲਤੂਤਾ ਦਾ ਨਤੀਜਾ ਹੈ। ਇਹ ਇੱਕ ਪ੍ਰਕਿਰਿਆ ਹੈ, ਜਿੱਥੇ ਮਨੁੱਖ ਚੁਣੇ ਹੋਏ ਜਾਨਵਰਾਂ ਨੂੰ ਅਜਿਹੀ ਕਿਸਮ ਬਣਾਉਣ ਲਈ ਪੈਦਾ ਕਰਦੇ ਹਨ, ਜੋ ਵਧੇਰੇ ਨਿਪੁੰਨ ਅਤੇ ਵਧੇਰੇ ਲੋੜੀਂਦੇ ਹੋਣ।
ਖੋਜਕਾਰਾਂ ਦਾ ਮੰਨਣਾ ਹੈ ਕਿ ਲਾਲ ਜੰਗਲੀ ਕੁੱਕੜ ਹਜ਼ਾਰਾਂ ਸਾਲ ਪਹਿਲਾਂ ਮਨੁੱਖਾਂ ਵੱਲ ਖਿੱਚੇ ਗਏ ਸਨ, ਜਦੋਂ ਲੋਕਾਂ ਨੇ ਚਾਵਲ ਅਤੇ ਹੋਰ ਅਨਾਜ ਦੀ ਖੇਤੀ ਸ਼ੁਰੂ ਕੀਤੀ ਸੀ। ਮਨੁੱਖ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਕਈ ਪੀੜ੍ਹੀਆਂ ਤੋਂ ਇਨ੍ਹਾਂ ਪਾਲਤੂ ਪੰਛੀਆਂ ਦੇ ਵੰਸ਼ਜ ਉਨ੍ਹਾਂ ਦੀਆਂ ਆਪਣੀਆਂ ਉਪ-ਜਾਤੀਆਂ ਬਣ ਗਏ। ਤਕਨੀਕੀ ਤੌਰ `ਤੇ, ਪਹਿਲੀ ਮੁਰਗੀ ਇੱਕ ਚੋਣਵੇਂ ਨਸਲ ਦੇ ਜੰਗਲੀ ਪੰਛੀ ਦੇ ਅੰਡੇ ਤੋਂ ਨਿਕਲੀ ਹੋਵੇਗੀ। ਜਦੋਂ ਇਹ ਮੁਰਗੀ ਜਿਨਸੀ ਤੌਰ `ਤੇ ਪਰਿਪੱਕ ਹੋ ਗਈ ਤਾਂ ਇਸ ਨੇ ਅੰਡੇ ਦੇਣੇ ਸ਼ੁਰੂ ਕਰ ਦਿੱਤੇ। ਇਸ ਦਾ ਮਤਲਬ ਇਹ ਹੈ ਕਿ ਮੁਰਗੀ ਪਹਿਲਾਂ ਆਈ ਅਤੇ ਮੁਰਗੀ ਦਾ ਅੰਡਾ ਬਾਅਦ ਵਿੱਚ ਆਇਆ।
ਇੰਗਲੈਂਡ ਦੀਆਂ ਸ਼ੈਫੀਲਡ ਅਤੇ ਵਾਰਵਿਕ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਨੇ ਇਸ ਪੁਰਾਣੀ ਬੁਝਾਰਤ ਨੂੰ ਤੋੜਨ ਦਾ ਦਾਅਵਾ ਕੀਤਾ ਹੈ, ਜੋ ਸਾਬਤ ਕਰਦਾ ਹੈ ਕਿ ਮੁਰਗੀ ਪਹਿਲਾਂ ਆਈ ਸੀ। ਖੋਜਕਾਰਾਂ ਨੇ ਪਾਇਆ ਕਿ ਅੰਡੇ ਦੇ ਖੋਲ ਦਾ ਗਠਨ ਸਿਰਫ ਇੱਕ ਮੁਰਗੀ ਦੇ ਅੰਡਾਸ਼ਯ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ `ਤੇ ਨਿਰਭਰ ਕਰਦਾ ਹੈ। ਇਹ ਵਿਸ਼ੇਸ਼ ਪ੍ਰੋਟੀਨ ਜਿਸਨੂੰ ੌਛ-17 ਕਿਹਾ ਜਾਂਦਾ ਹੈ, ਅੰਡੇ ਦੇ ਸ਼ੈੱਲ ਦੇ ਵਿਕਾਸ ਨੂੰ ਤੇਜ਼ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਦਾ ਹੈ। ਇਸ ਲਈ ਆਂਡਾ ਤਾਂ ਹੀ ਮੌਜੂਦ ਹੋ ਸਕਦਾ ਹੈ, ਜੇਕਰ ਇਹ ਇੱਕ ਮੁਰਗੀ ਦੇ ਅੰਦਰ ਹੋਵੇ।
ਇਸ ਲੇਖ ਵਿਚਲੀ ਚਰਚਾ ਤੋਂ ਅਸੀਂ ਹੁਣ ਸਪੱਸ਼ਟ ਤੌਰ `ਤੇ ਕਹਿ ਸਕਦੇ ਹਾਂ ਕਿ ਜੇ ਅਸੀਂ ਆਮ ਅੰਡੇ `ਤੇ ਵਿਚਾਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਡਾ ਪਹਿਲਾਂ ਆਇਆ ਸੀ; ਪਰ ਜੇਕਰ ਅਸੀਂ ਮੁਰਗੀ ਦੇ ਅੰਡੇ `ਤੇ ਵਿਚਾਰ ਕਰੀਏ ਤਾਂ ਅਸੀਂ ਯਕੀਨੀ ਤੌਰ `ਤੇ ਕਹਿ ਸਕਦੇ ਹਾਂ ਕਿ ਮੁਰਗੀ ਪਹਿਲਾਂ ਆਈ ਸੀ।

*ਖੇਤੀਬਾੜੀ ਵਿਭਾਗ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ)

Leave a Reply

Your email address will not be published. Required fields are marked *