-ਕੁਲਜੀਤ ਦਿਆਲਪੁਰੀ
ਫੋਨ:224-386-4548
ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੇਰੇ ਪਰਵਾਸ ਕਰ ਜਾਣ ਨੂੰ ਮੇਰੀ ਮਾਂ ਨੇ ਕਦੇ ਵੀ ਦਿਲੋਂ ਸਵੀਕਾਰ ਨਹੀਂ ਸੀ ਕੀਤਾ; ‘ਬਸ! ਪੁੱਤ ਕਮਾਊ ਹੋ ਜਾਵੇ’ ਦੇ ਨਜ਼ਰੀਏ ਤੋਂ ਉਸ ਨੇ ਮੇਰੇ ਵਿਦੇਸ਼ ਜਾਣ ਦੀ ਗੱਲ ਨੂੰ ਅਖੀਰ ਅਣਮੰਨੇ ਮਨ ਨਾਲ ਮੰਨ ਲਿਆ ਸੀ। ਉਹ ਅਕਸਰ ਇਹੋ ਚਾਹੁੰਦੀ ਸੀ ਕਿ ਉਹਦਾ ਪੁੱਤ ਉਹਦੀਆਂ ਨਜ਼ਰਾਂ ਦੇ ਸਾਹਮਣੇ ਤੇ ਕੋਲ ਕੋਲ ਹੀ ਰਹੇ। ਜਦੋਂ ਮੈਂ ਵਿਦੇਸ਼ ਜਾਣ ਲਈ ਉਲਾਰ ਸਾਂ ਤਾਂ ਉਸ ਦੇ ਦਿਲ ਨੂੰ ਹੌਲ ਪੈਂਦੇ ਸਨ। ਖ਼ੈਰ! ਮੈਂ ਬਜ਼ਿਦ ਸਾਂ ਤੇ ਉਸ ਨੂੰ ਵੀ ਸਬਰ ਦਾ ਘੁੱਟ ਭਰਨਾ ਪੈ ਗਿਆ ਸੀ। ਮੇਰੇ ਵਿਦੇਸ਼ ਆਉਣ `ਤੇ ਵੀ ਮੈਂ ਮਹਿਸੂਸ ਕੀਤਾ ਕਿ ਡਾਲਰਾਂ ਦਾ ਖਿਆਲ ਉਸ ਨੂੰ ਕਦੇ ਵੀ ਨਹੀਂ ਆਇਆ, ਬਲਕਿ ਉਹ ਤਾਂ ਮੇਰੇ ਫੋਨ ਕਰਨ `ਤੇ ਇਹੋ ਕਹਿੰਦੀ ਸੀ, ‘ਹੈਂ ਬਾਈ, ਤੰਗੀ ਨਾ ਕੱਟੀਂ।’ ਜੇ ਮੈਂ ਪੁੱਛਣਾ ਕਿ ਕੁਝ ਚਾਹੀਦਾ? ਤਾਂ ਉਸ ਦੀ ਨੀਅਤ `ਚੋਂ ਰੱਜ ਝਲਕ ਆਉਂਦਾ। ਬੇਸ਼ਕ ਮੇਰੇ ਲਈ ਅਮਰੀਕਾ ਦੀ ਚਮਕ ਦੇ ਮਾਇਨੇ ਭਾਵੇਂ ਕੁਝ ਹੋਰ ਹੋਣ, ਪਰ ਇਹ ਸੱਚ ਹੈ ਕਿ ਮਾਂ ਲਈ ਔਲਾਦ ਹੀ ਸਭ ਕੁਝ ਹੁੰਦੀ ਹੈ।
ਹਾਲੇ ਦੋ ਕੁ ਸਾਲ ਪਹਿਲਾਂ ਦੀ ਹੀ ਗੱਲ ਹੈ, ਜਦੋਂ ਅਸੀਂ ਸ਼ਿਕਾਗੋ ਵਾਪਸ ਆਉਣ ਲਈ ਸਾਮਾਨ ਬੰਨ੍ਹ ਰਹੇ ਸਾਂ ਤਾਂ ਦੇਖ-ਦੇਖ ਅਸਹਿਜ ਹੋਈ ਮਾਂ ਦਾ ਗੱਚ ਭਰ ਰਿਹਾ ਸੀ। ਆਲ੍ਹਣੇ `ਚੋਂ ਪੰਛੀਆਂ ਦੇ ਪਰਵਾਜ਼ ਭਰਨ ਵਾਂਗ ਖੁਸ਼ੀ-ਗਮੀ ਦੇ ਰਲਵੇਂ-ਮਿਲਵੇਂ ਫਿਕਰ ਵਿੱਚ ਉਸ ਦੇ ਕਹੇ ਬੋਲ ‘ਇੱਥੇ ਹੀ ਕੋਈ ਕੰਮ ਲੱਭ ਲੈ’, ਹੁਣ ਮਾਂ ਦੇ ਅਕਾਲ ਚਲਾਣੇ ਪਿੱਛੋਂ ਕਈ ਵਾਰ ਮੇਰੇ ਕੰਨਾਂ ਵਿੱਚ ਗੂੰਜਦੇ ਰਹੇ ਹਨ। ਸੋਚਦਾ ਹਾਂ, ਮਾਂ ਕਿੰਨੀ ਤੜਪ ਸਹਿੰਦੀ ਹੋਵੇਗੀ, ਜਦੋਂ ਉਹ ਮੈਨੂੰ ਵਿਦੇਸ਼ ਤੋਰ ਕੇ ਉਪਰੋਂ ਉਪਰੋਂ ਖੁਸ਼ ਹੁੰਦੀ ਹੋਣੀ, ਪਰ ਦਿਲ ਉਸ ਦਾ ਮਸੋਸਿਆ ਜਾਂਦਾ ਹੋਣਾ ਹੈ! ਸ਼ਾਇਦ ਸਭ ਮਾਵਾਂ ਦਾ ਇਹੋ ਹਾਲ ਹੁੰਦਾ ਹੋਵੇਗਾ, ਜਦੋਂ ਉਹ ਆਪਣੀ ਔਲਾਦ ਦੇ ਵਿਦੇਸ਼ ਜਾਣ ਸਮੇਂ ਉਨ੍ਹਾਂ ਤੋਂ ਵਿਛੜਦੀਆਂ ਹੋਣਗੀਆਂ। ਕੁਝ ਹਫਤੇ ਪਹਿਲਾਂ ਦੀ ਗੱਲ ਹੈ ਕਿ ਮਾਂ ਦੇ ਸਖਤ ਬਿਮਾਰ ਹੋ ਜਾਣ ਕਾਰਨ ਮੈਨੂੰ ਅਚਨਚੇਤ ਪੰਜਾਬ ਜਾਣਾ ਪੈ ਗਿਆ ਸੀ। ਹਸਪਤਾਲ ਦੇ ਆਈ.ਸੀ.ਯੂ. ਵਾਰਡ ਵਿੱਚ ਜੇਰੇ-ਇਲਾਜ ਮਾਂ ਨੂੰ ਜਦੋਂ ਮੈਂ ਮਿਲਿਆ ਤਾਂ ਉਸ ਦੇ ਹਾਵਭਾਵ ਤੋਂ ਸਪਸ਼ਟ ਅੰਦਾਜ਼ਾ ਸੀ ਕਿ ਆਪਣੇ ਪਰਦੇਸੀ ਪੁੱਤ ਨੂੰ ਵੇਖ ਕੇ ਉਹ ਇੱਕ ਦਮ ਹੈਰਾਨ ਹੋ ਗਈ ਸੀ, ‘ਹੈਂਅਅ! ਤੂੰ ਕਿੱਥੋਂ ਆ ਗਿਆ!’ ਫਿਰ ਉਸ ਨੇ ਆਸੇ-ਪਾਸੇ ਪਏ ਮਰੀਜਾਂ ਵੱਲ ਨਜ਼ਰ ਘੁਮਾਉਣ ਪਿੱਛੋਂ ਮੇਰੇ ਵੱਲ ਦੇਖਿਆ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਹਾਂ ਮੈਂ ਸੱਚਮੁੱਚ ਉਸ ਦੇ ਕੋਲ ਸੀ। ਸਿਹਤ ਪੱਖੋਂ ਮਜਬੂਰੀਆਂ ਕਾਰਨ ਮਾਂ ਬੋਲ ਨਹੀਂ ਸੀ ਸਕਦੀ। ਮੇਰੀ ਸਤਿ ਸ੍ਰੀ ਅਕਾਲ ਦਾ ਜਵਾਬ ਵੀ ਬਸ ਆਕਸੀਜ਼ਨ ਲੱਗੇ ਮਾਸਕ ਵਿੱਚੋਂ ਹਲਕੇ ਜਿਹੇ ਬੁੱਲ੍ਹ ਫਰਕਾਅ ਕੇ ਹੀ ਦਿੱਤਾ। ਉਸੇ ਪਲ ਉਸ ਦੀਆਂ ਅੱਖਾਂ ਦੇ ਕੋਇਆਂ `ਚ ਪਾਣੀ ਭਰ ਆਇਆ ਸੀ, ਤੇ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ ਸਨ।
ਇਹ ਪਹਿਲੀ ਵਾਰ ਸੀ ਜਦੋਂ ਮਾਂ ਮੇਰੇ ਸਿਰ `ਤੇ ਪਿਆਰ ਭਰਿਆ ਹੱਥ ਨਹੀਂ ਸੀ ਰੱਖ ਸਕੀ। ਹਸਪਤਾਲ `ਚ ਦਵਾਈਆਂ ਦੀ ਘੁਮੇਰ ਅਤੇ ਸਰੀਰਕ ਕਮਜ਼ੋਰੀ ਕਾਰਨ ਉਹ ਦੂਜਾ ਹੱਥ ਚੁੱਕ ਕੇ ਅਸ਼ੀਰਵਾਦ ਦੇਣ ਤੋਂ ਵੀ ਅਸਮਰੱਥ ਸੀ। ਕੁਝ ਮਹੀਨੇ ਪਹਿਲਾਂ ਅਧਰੰਗ ਹੋ ਜਾਣ ਕਾਰਨ ਉਸ ਦੇ ਸਰੀਰ ਦੇ ਇੱਕ ਪਾਸੇ ਦੀ ਹਿਲਜੁਲ ਨਾਂਮਾਤਰ ਹੀ ਸੀ, ਪਰ ਮੰਜੇ ਨਾਲ ਜੁੜ ਜਾਣ ਕਾਰਨ ਪਿੱਠ ਦੇ ਜ਼ਖਮਾਂ ਅਤੇ ਫਿਰ ਛਾਤੀ ਦੀ ਲਾਗ ਤੇ ਹੋਰ ਸਰੀਰਕ ਸਮੱਸਿਆਵਾਂ ਕਾਰਨ ਉਹ ਅਸਹਿ ਤੇ ਅਕਹਿ ਤਕਲੀਫ ਵਿੱਚ ਸੀ। ਡਾਕਟਰਾਂ ਦੀ ਇੱਕ ਤਰ੍ਹਾਂ ਨਾਂਹ ਹੀ ਸੀ, ਪਰ ਇਲਾਜ ਚੱਲਦਾ ਹੋਣ ਕਾਰਨ ਅਸੀਂ ਸਭ ਆਸ ਦਾ ਪੱਲਾ ਛੱਡਣਾ ਵੀ ਨਹੀਂ ਸੀ ਚਾਹ ਰਹੇ।
ਹਸਪਤਾਲ ਵਿੱਚ ਜਦੋਂ ਮੰਜੇ ਉਤੇ ਪਈ ਮਾਂ ਹੋਸ਼ ਵਿੱਚ ਹੁੰਦੀ ਤੇ ਡੌਰ-ਭੌਰ ਹੋਈ ਨਜ਼ਰ ਭਰ ਕੇ ਤੱਕਦੀ ਤਾਂ ਇਉਂ ਲੱਗਦਾ ਕਿ ਉਹ ਕੁਝ ਕਹਿਣਾ ਚਾਹੁੰਦੀ ਹੋਵੇ; ਹੈਰਾਨ-ਪ੍ਰੇਸ਼ਾਨ ਹੋ ਉਸ ਦਾ ਤੱਕੀ ਜਾਣਾ ਸਾਨੂੰ ਮਿਲਣ ਵਾਲਿਆਂ ਨੂੰ ਵੀ ਬੇਚੈਨ ਕਰਦਾ ਸੀ। ਇੱਕ ਦਿਨ ਜਦੋਂ ਉਸ ਨੇ ਖੁਦ ਨੂੰ ਥੋੜ੍ਹਾ ਤੰਦਰੁਸਤ ਮਹਿਸੂਸ ਕੀਤਾ ਤਾਂ ਮੇਰਾ ਹੱਥ ਫੜ ਲਿਆ ਤੇ ਫਿਰ ਅਸ਼ੀਰਵਾਦ ਦੇਣ ਲਈ ਹੱਥ ਉਤਾਂਹ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਮੌਕਾ ਸਾਂਭਦਿਆਂ ਮੈਂ ਖੁਦ ਹੀ ਆਪਣਾ ਸਿਰ ਉਸ ਦੇ ਹੱਥ ਹੇਠ ਕਰ ਦਿੱਤਾ। ਇਹ ਪਲ ਉਹ ਸਨ, ਜਿਵੇਂ ਪਿਆਰ ਦੇ ਕੇ ਉਸ ਨੂੰ ਤਸੱਲੀ ਹੋ ਗਈ ਹੋਵੇ ਤੇ ਜਿਵੇਂ ਮਾਂ ਦਾ ਹੱਥ ਸਿਰ `ਤੇ ਫਿਰਨ ਕਾਰਨ ਮੈਂ ਤ੍ਰਿਪਤ ਹੋ ਗਿਆ ਹੋਵਾਂ!
ਉਤਰਾਅ-ਚੜ੍ਹਾਅ ਜਾਰੀ ਸਨ; ਕਦੇ ਉਹ ਥੋੜ੍ਹਾ ਠੀਕ ਲੱਗਦੀ ਤੇ ਕਦੇ ਇਸ ਕਦਰ ਨਿਢਾਲ ਹੁੰਦੀ ਜਿਵੇਂ ਹਸਪਤਾਲ ਦੇ ਬੈੱਡ `ਤੇ ਮਿੱਟੀ ਦੀ ਢੇਰੀ ਪਈ ਹੋਵੇ- ਬੇਜਾਨ ਤੇ ਅਹਿਲ! ਕਦੇ ਡਾਕਟਰ ਧਰਵਾਸ ਦੇ ਦਿੰਦੇ ਕਿ ‘ਕੋਸ਼ਿਸ਼ ਕਰ ਰਹੇ ਹਾਂ, ਮਾਤਾ ਜੀ ਠੀਕ ਹੋ ਜਾਣਗੇ!’ ਤੇ ਕਦੇ ਕਦੇ ਤਾਂ ਸਪਸ਼ਟ ਸ਼ਬਦਾਂ ਵਿੱਚ ਪੱਲਾ ਝਾੜ ਜਾਂਦੇ। ਇਲਾਜ ਜਾਰੀ ਸੀ, ਪਰ ਕਿਤੇ ਨਾ ਕਿਤੇ ਅਸੀਂ ਭਾਣਾ ਕਦੇ ਵੀ ਵਾਪਰ ਜਾਣ ਦੇ ਸੱਚ ਨੂੰ ਮੰਨ ਲਿਆ ਸੀ। ਕਰ ਵੀ ਕੀ ਸਕਦੇ ਸਾਂ: ‘ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥’
ਹਸਪਤਾਲ ਦੇ ਨਿਯਮਾਂ ਮੁਤਾਬਕ ਆਈ.ਸੀ.ਯੂ. `ਚ ਦਾਖਲ ਮਰੀਜ ਨਾਲ ਸਿਰਫ ਦੋ ਵਕਤ- ਸਵੇਰ ਵੇਲੇ ਤੇ ਸ਼ਾਮ ਨੂੰ ਹੀ ਮਿਲਣ ਦੀ ਇਜਾਜ਼ਤ ਸੀ। ਮੈਂ ਸਿਰਫ ਦੋ ਹਫਤਿਆਂ ਲਈ ਹੀ ਗਿਆ ਸੀ; ਇੱਕ ਤਰ੍ਹਾਂ ਨਾਲ ਮਾਂ ਨੂੰ ਆਖਰੀ ਵਾਰ ਮਿਲਣ! ਜਿਸ ਦਿਨ ਮੇਰੀ ਵਾਪਸੀ ਦੀ ਫਲਾਈਟ ਸੀ, ਮੇਰੀ ਬੇਚੈਨੀ ਵਧੀ ਹੋਈ ਸੀ; ਕਿਉਂਕਿ ਉਸ ਦਿਨ ਉਹ ਬਿਲਕੁਲ ਹੀ ਬੇਸੁਧ ਸੀ। ਹੋਸ਼ ਵਿੱਚ ਹੁੰਦੀ ਤਾਂ ਮੈਂ ਦੱਸ ਕੇ ਆਉਣਾ ਸੀ, ਪਰ ਇਹ ਵੀ ਸੱਚ ਹੈ ਕਿ ਸ਼ਾਇਦ ਮੈਥੋਂ ਕਹਿ ਹੀ ਨਾ ਹੁੰਦਾ, ‘ਚੰਗਾ ਮਾਤਾ, ਮੈਂ ਚੱਲਿਆਂ!’ ਮਰੀਜ ਨੂੰ ਮਿਲਣ ਦੇ ਪਰਿਵਾਰਕ ਮੈਂਬਰਾਂ ਦੇ ਸਮੇਂ ਦੌਰਾਨ ਉਸ ਦਿਨ ਮੈਂ ਮਾਂ ਨੂੰ ਦੋ ਵਾਰ ਮਿਲਿਆ ਕਿ ਸ਼ਾਇਦ ਅੱਖ ਖੋਲ੍ਹ ਹੀ ਲਵੇ! ਪਰ ਸਭ ਕੁਝ ਤਾਂ ਪ੍ਰਤੱਖ ਸੀ। ਤੁਰਨ ਲੱਗਿਆਂ ਮੈਂ ਮਾਂ ਨੂੰ ਜੱਫੀ ਪਾਈ, ਤੇ ਮਾਂ ਦੇ ਪੈਰੀਂ ਮੱਥਾ ਟੇਕਦਿਆਂ ਮੇਰੀ ਭੁੱਬ ਨਿਕਲ ਗਈ ਸੀ। ਉਦੋਂ ਹੀ ਇਹ ਖਿਆਲ ਮੇਰੇ ਮਨ ਵਿੱਚ ਘੁੰਮ ਗਿਆ ਸੀ, ‘ਚੰਗਾ ਮਾਤਾ! ਸ਼ਾਇਦ ਇਹ ਆਖਰੀ ਮੁਲਾਕਾਤ ਹੈ।’ ਸੱਚਮੁੱਚ ਉਹ ਮੁਲਾਕਾਤ ਆਖਰੀ ਹੀ ਸੀ। ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਮੈਂ ਆਈ.ਸੀ.ਯੂ. ਵਿੱਚੋਂ ਬਾਹਰ ਆ ਗਿਆ ਸੀ, ਪਰ ਚੌਥੀ ਮੰਜ਼ਿਲ ਤੋਂ ਹਾਲੇ ਕੁਝ ਪੌੜੀਆਂ ਹੀ ਉਤਰਿਆ ਸੀ ਕਿ ਮੇਰਾ ਸਾਹ ਫੁੱਲ ਗਿਆ ਤੇ ਮੇਰਾ ਫਿਰ ਰੋਣ ਨਿਕਲ ਗਿਆ ਸੀ। ਮਾਂ ਤੋਂ ਵਿਛੜਨ ਦੀ ਕਸਕ ਦਾ ਵਿਖਿਆਨ ਕਰਨਾ ਬੜਾ ਔਖਾ ਹੈ।
ਇਸ ਸਮੇਂ ਸਭ ਦਾ ਇਹੋ ਕਹਿਣਾ ਸੀ ਕਿ ਚੰਗਾ ਹੋਇਆ ਤੂੰ ਮਾਂ ਨੂੰ ਮਿਲਣ ਆ ਗਿਆ, ਮਰੇ ਤੋਂ ਬਾਅਦ ਦਾ ਮਿਲਣਾ ਵੀ ਕੀ ਮਿਲਣਾ! ਮਾਵਾਂ ਦੇ ਜਿਹੜੇ ਧੀ-ਪੁੱਤ ਮਜਬੂਰੀਆਂ ਕਾਰਨ ਆਪਣੇ ਪਿੱਤਰੀ ਮੁਲਕ ਨਹੀਂ ਜਾ ਸਕਦੇ, ਮਾਪਿਆਂ ਦੇ ਫੌਤ ਹੋਣ `ਤੇ ਉਨ੍ਹਾਂ `ਤੇ ਕੀ ਬੀਤਦੀ ਹੋਊ! ਇਹ ਦਰਦ ਲਫਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰਵਾਸ ਜੇ ਕੁਝ ਦਿੰਦਾ ਹੈ ਤਾਂ ਬੜਾ ਕੁਝ ਖੋਹ ਵੀ ਲੈਂਦਾ ਹੈ। ਇਸ ਵਿਆਪਕ ਸਥਿਤੀ ਬਾਰੇ ਸੋਚ ਕੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੇ ਇਹ ਹਰਫ਼ ਮਨ ਵਿੱਚ ਘੁੰਮਣ ਲੱਗ ਜਾਂਦੇ ਹਨ:
ਜੋ ਵਿਦੇਸ਼ਾਂ `ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ…।
ਮਾਂ ਇਸ ਸੰਸਾਰ ਤੋਂ ਚਲੀ ਗਈ ਹੈ, ਸਦਾ ਲਈ। ਇਹ ਸੱਚ ਹੈ ਕਿ ਕਿਸੇ ਦੇ ਗਿਆਂ ਸੰਸਾਰ ਰੁਕ ਨਹੀਂ ਜਾਂਦਾ, ਪਰ ਦੂਜਾ ਪਹਿਲੂ ਇਹ ਵੀ ਹੈ ਕਿ ਮਾਂ ਦੇ ਵਿਛੋੜੇ ਦਾ ਦਰਦ ਹਮੇਸ਼ਾ ਲਈ ਮਨ ਵਿੱਚ ਰਹਿ ਜਾਂਦਾ ਹੈ, ਮਹੀਨ ਤਰਬ ਬਣ ਕੇ। ਗੁਰਬਾਣੀ ਦਾ ਅਟੱਲ ਵਿਖਿਆਨ ਹੈ ਕਿ ਸੰਸਾਰ ਵਿੱਚ ਕੁਝ ਵੀ ਸਥਿਰ ਜਾਂ ਸਥਾਈ ਨਹੀਂ ਹੈ; ਨਾ ਮਾਂ-ਪਿਓ, ਨਾ ਕੋਈ ਸਾਕ-ਸਬੰਧੀ ਅਤੇ ਨਾ ਹੀ ਕੋਈ ਹੋਰ ਰਿਸ਼ਤਾ। ਪਦਾਰਥਕ ਚੀਜ਼ਾਂ ਬਣਦੀਆਂ-ਘੜ ਹੁੰਦੀਆਂ ਰਹਿੰਦੀਆਂ ਹਨ, ਸਥਾਈ ਤੌਰ `ਤੇ ਕੋਈ ਨਹੀਂ ਰਹਿੰਦੀ। ਪਰ ਘਰ ਦੇ ਕਿਸੇ ਵੀ ਜੀਅ ਦਾ ਚਲੇ ਜਾਣਾ ਦੁੱਖਦਾਈ ਹੁੰਦਾ ਹੈ, ਖਾਸ ਕਰ ਮਾਂ ਦਾ; ਕਿਉਂਕਿ ਸੰਸਾਰ ਵਿੱਚ ਮਾਂ ਨੂੰ ਧਰਤੀ ਦਾ ਜਾਂ ਰੱਬ ਦਾ ਰੁਤਬਾ ਹਾਸਲ ਹੈ। ਅਕਾਲ ਪੁਰਖ ਵੱਲੋਂ ਬਖ਼ਸੀ ਆਰਜਾ ਭੋਗ ਕੇ ਬੇਸ਼ਕ ਮਾਂ ਪੂਰੀ ਹੋ ਗਈ ਹੈ, ਪਰ ਪਰਿਵਾਰ `ਚੋਂ ਇੱਕ ਜੀਅ ਘਟ ਗਿਆ ਹੈ। ਘਾਟਾ ਤਾਂ ਇਸ ਗੱਲ ਦਾ ਵੀ ਪੈ ਗਿਆ ਹੈ ਕਿ ਮੇਰੇ ਸਣੇ ਮੇਰੇ ਦੋਹਾਂ ਭਰਾਵਾਂ ਨੂੰ ਹੁਣ ‘ਬਾਈ’ ਕਹਿ ਕੇ ਕੌਣ ਬੁਲਾਊ! ਅਸਲ ਵਿੱਚ ਤਾਂ ਉਹ ਸਾਰਿਆਂ ਨੂੰ ਹੀ ‘ਬਾਈ ਓਏ!’ ਜਾਂ ‘ਹੈਂ ਬਾਈ!’ ਆਖ ਕੇ ਹੀ ਸੰਬੋਧਨ ਹੁੰਦੀ ਸੀ। ਮੇਰੀ ਮਾਂ ਸਾਡੇ ਸਾਰੇ ਚਚੇਰੇ ਭੈਣ-ਭਰਾਵਾਂ ਅਤੇ ਚਾਚੀਆਂ ਲਈ ‘ਬੀਬੀ’ ਸੀ। ਇੱਥੋਂ ਤੱਕ ਕੇ ਗਲੀ-ਮੁਹੱਲੇ ਦੀਆਂ ਤ੍ਰੀਮਤਾਂ ਲਈ ਵੀ ਮੇਰੀ ਮਾਂ ‘ਬੀਬੀ’ ਹੀ ਸੀ। …ਤੇ ਹੁਣ ‘ਬੀਬੀ’ ਕਿਤੋਂ ਨਹੀਂ ਥਿਆਉਣੀ!