ਪਿੰਡ ਵਸਿਆ-6
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪਿੰਡ ਖੁਆਸਪੁਰ ਬਾਰੇ ਸੰਖੇਪ ਵੇਰਵਾ…
ਵਿਜੈ ਬੰਬੇਲੀ
94634 39075
ਹੁਸ਼ਿਆਰਪੁਰ-ਜਲੰਧਰ ਸ਼ਾਹ-ਰਾਹ ਉੱਤੇ ਪੈਂਦਾ ਦੁਆਬੇ ਦਾ ਕਦੇ ਸਿਰਕੱਢ ਰਿਹਾ ਪਿੰਡ ਪਿੱਪਲਾਂਵਾਲਾ ਭਾਵੇਂ ਹੁਸ਼ਿਆਰਪੁਰ ਤੋਂ ਦੋ ਮੀਲ ਪਰ੍ਹੇ, ਲਹਿੰਦੇ ਪਾਸੇ ਸਥਿਤ ਹੈ, ਪਰ ਹੈ ਇਹ ਹੁਣ ਸ਼ਹਿਰ ਦੀ ਨਗਰ-ਪਾਲਕਾ ਦਾ ਹਿੱਸਾ। ਸ਼ਹਿਰ ਨੇ ਇਸਨੂੰ ਸਿਰਫ ਕਲਾਵੇ ਵਿੱਚ ਹੀ ਨਹੀਂ ਲਿਆ, ਸਗੋਂ ਉੱਤੋਂ ਦੀ ਵੀ ਪੀਡੀ ਗਲਵਕੜੀ ਪਾ ਲਈ ਹੈ। ਹਦਬਸਤ ਨੰ. 246, ਰਕਬਾ 1908 ਏਕੜ ਵਾਲੇ ਇਸ ਪਿੰਡ ਦਾ ਪਹਿਲ-ਪਲੱਕੜਾ ਨਾਂ ‘ਖੁਆਸਪੁਰ’, ਹੁਣ ਵੀ ਮਾਲ ਰਿਕਾਰਡ ਵਿੱਚ ਖੁਆਸਪੁਰ ਹੀ ਬੋਲਦਾ ਹੈ, ਜਿਹੜਾ ਖੁਆਸ ਖਾਂ ਬਲੀ ਨਾਮੀ ਇੱਕ ਖੈਰਬੰਦ ਮੁਸਲਮਾਨ ਦੇ ਨਾਮ ‘ਤੇ ਪਿਆ ਸੀ।
ਮੁੱਖ ਮਾਰਗ ਅਤੇ ਨਾਮੀ-ਗਰਾਮੀ ਸ਼ਹਿਰ ਹੁਸ਼ਿਆਰਪੁਰ ਦੀ ਜੂਹ ਉੱਤੇ ਸਥਿਤ ਹੋਣ ਕਾਰਨ ਵਪਾਰੀ ਅਤੇ ਘੁਮੱਕੜ ਲੋਕ ਕਈ ਕਾਰਨਾਂ ਕਰਕੇ ਇੱਥੇ ਪੜਾਅ ਕਰਦੇ, ਗਾਡੀਵਾਨ ਅਤੇ ਮਾਲ-ਅਸਬਾਬੀ ਜਾਨਵਰਾਂ ਨੂੰ ਘਾਹ-ਦੱਥਾ ਪਾਉਣ ਤੇ ਸਾਹ ਦੁਆਉਣ ਲਈ ਰੁਕਦੇ। ਠਹਿਰ ਸਥਾਨਾਂ ਅਤੇ ਪਿੰਡ ਵਿੱਚ ਪਿਪਲਾਂ ਦੀ ਬਹੁਤਾਤ ਹੋਣ ਕਾਰਨ ਰਾਹੀਂ-ਪਾਧੀਂ ਉਹਨਾਂ ਦੀ ਛਾਂ-ਛਤਰੀ ਮਾਣਦੇ ਜਿਸ ਕਾਰਨ ਬਾਹਰਲੇ ਲੋਕੀਂ ਇਸਨੂੰ ਪਿਪਲਾਂਵਾਲੀ ਆਖਣ ਲੱਗ ਪਏ। ਸਮਾਂ ਪਾ ਕੇ ਖੁਆਸਪੁਰ ਉੱਤੇ ਪਿਪਲਾਂਵਾਲਾ ਸ਼ਬਦ ਭਾਰੂ ਪੈ ਗਿਆ। ਦਸਤਾਵੇਜ਼ਾਂ ‘ਚ ਖੁਆਸਪੁਰ ਅੰਕਿਤ ਹੋਣ ਦੇ ਬਾਵਜੂਦ ਲੋਕ-ਜੁਬਾਂ ਉੱਤੇ ‘ਪਿੱਲਪਲਾਂਵਾਲਾ’ ਸ਼ਬਦ ਅਜਿਹਾ ਉੱਕਰਿਆ ਗਿਆ ਕਿ ਅਗਲੀਆਂ-ਅਗਲੇਰੀਆਂ ਪੀੜ੍ਹੀਆਂ ‘ਖੁਆਸਪੁਰ’ ਨੂੰ ਭੁੱਲ-ਭੁਲਾਅ ਗਈਆਂ।
ਪੁਖਤਾ ਸਬੂਤ ਨਾ ਮਿਲਣ ਕਾਰਨ ਮੌਖਿਕ ਇਤਿਹਾਸ ਅਤੇ ਪੀੜੀ੍ਹ-ਦਰ-ਪੀੜ੍ਹੀ ਤੁਰੀਆਂ ਆਉਂਦੀਆਂ ਦੰਦ-ਕਥਾਵਾਂ ਅਨੁਸਾਰ ਇਸ ਪਿੰਡ ਦੇ ਵਸਣ-ਰਸਣ ਦੀ ਤਾਣੀ ਬੜੀ ਉਲਝਣ ਭਰੀ ਹੈ, ਖਾਸ ਕਰਕੇ ਉਦੋਂ ਜਦੋਂ ਇੱਥੇ ਬਣ-ਬਣ ਦੀ ਲੱਕੜੀ ‘ਕੱਠੀ ਹੋ ਗਈ ਹੋਵੇ। ਹਾਂ, ਇਹ ਗੱਲ ਜ਼ਰੂਰ ਦਰਫਿਆਪਤ ਹੈ ਕਿ ਇਸਨੂੰ ਪੱਕੇ ਪੈਂਰੀ ਕਰਨ ਵਿੱਚ ਧਾਮੀ ਜੱਟਾਂ ਦਾ ਉੱਘਾ ਅਤੇ ਮਿਣਵਾ ਹਿੱਸਾ ਸੀ। ‘ਵਾਜਬ-ਉਲ-ਅਰਜ਼ ਜਾਂ ਵਜੇਹ ਤਸਮੀਆਂ ਦੇਹ ਹਜ਼ਾ’ ਅਨੁਸਾਰ ਮਗਰੋਂ ਇਸੇ ਪਿੰਡੋਂ ਹੀ ਉੱਠ ਕੇ ਧਾਮੀ ਜੱਟਾਂ ਨੇ ਵੱਖ-ਵੱਖ ਦਿਸ਼ਾਵਾਂ ਵਿੱਚ ਧਾਮੀਆਂ ਬਹੀਦੀ ਉਰਫ ਧਾਮੀਆਂ ਕਲਾਂ ਅੱਲ ਧਾਮੀਆਂ ਬੱਬਰਾਂ (ਸ਼ਾਮਚੌਰਾਸੀ), ਧਾਮੀਆਂ ਖੁਰਦ (ਨੰਦਾਚੌਰ) ਅਤੇ ਧਾਮੀਆਂ ਭੱਦਾਂ (ਮੁਕੇਰੀਆਂ) ਆਦਿ ਨਾਮੀ-ਗਰਾਮੀ ਪਿੰਡ ਵੀ ਬੰਨੇ ਸਨ; ਉਂਜ ਭਾਵੇਂ ਧਾਮੀ ਜੱਟਾਂ ਦੀ ਬਹੁਤਾਤ ਵਾਲੇ ਪਿੰਡਾਂ ਦੀ ਗਿਣਤੀ 22 ਦੱਸੀ ਜਾਂਦੀ ਹੈ, ਧਾਮੀਆਂ ਦਾ ਬਾਹੀਆ।
ਕੁੱਝ ਗਾਥਾਵਾਂ ਅਨੁਸਾਰ ਵਾਰ-ਵਾਰ ਉਜੜਦੇ-ਮੁੜ ਉੱਗਮਦੇ ਰਹੇ ਇਸ ਨਗਰ ਨੂੰ ਹਿਮਾਚਲ ਦੀ ਇੱਕ ਨਿਕੜੀ ਜਿਹੀ ਰਿਆਸਤ ਧਾਮੀ/ਜਦੋਂਗ ਰਾਜ (ਸ਼ਿਮਲਾ-ਮੰਡੀ ਰੋਡ) ਦੇ ਬਾਗੀਆਂ ਨੇ 1857 ਦੇ ਗ਼ਦਰ ਉਪਰੰਤ ਪੱਕੇ-ਪੈਰੀਂ ਬੰਨਿਆ ਸੀ, ਭਾਵੇਂ ਕਿ ਪੈਰ ਇਸਦੇ ਮਿਸਲਾਂ ਤੋਂ ਪਹਿਲਾਂ ਰਾਖੀ-ਪ੍ਰਥਾ ਵੇਲੇ ਹੀ ਲੱਗਣੇ ਸ਼ੁਰੂ ਹੋ ਗਏ ਸਨ। ਸਿੱਖ ਧਰਮ ਵਿੱਚ ਆਉਣ ਤੋਂ ਪਹਿਲਾਂ ਧਾਮੀ ਜੱਟ ਸੁਲਤਾਨੀਏ ਅਖਵਾਉਂਦੇ ਸਨ। ਸਖੀ ਸਰਵਰ ਨੂੰ ਮੰਨਦੇ ਹੋਣ ਕਾਰਨ ਇਹ ਫਕੀਰ ਖੁਆਸ ਖਾਂ ਬਲੀ ਦੇ ਵੀ ਮੁਰੀਦ ਬਣੇ, ਉਹੀ ਖੁਆਸ ਖਾਂ ਜਿਸਦੇ ਨਾਂ ‘ਤੇ, ਕਦੇ ਪਿੱਪਲਾਂਵਾਲਾ ਉਰਫ ਖੁਆਸਪੁਰ ਵਸਿਆ ਸੀ।
ਇੱਕ ਇਮਾਰਤ ਦੀ ਗਵਾਹੀ: ਖੁਆਸਪੁਰ ਤਾਂ ਨਹੀਂ, ਪਰ ਪਿੱਪਲਾਂਵਾਲਾ ਕਿੰਨਾ ਕੁ ਪੁਰਾਣਾ? ਦੱਸਣ ਲਈ ਢੇਰ ਗਵਾਹੀਆਂ ਪਿੱਪਲਾਂਵਾਲੇ ਦੇ ਇੱਕ ਫਰਜੰਦ ਸਾਧੂ ਸਿੰਘ ਧਾਮੀ ਕੈਨੇਡੀਅਨ ਦੇ ਜੀਵਨੀ ਮੂਲਕ ਨਾਵਲ ‘ਮਲੂਕਾ’ ਅਤੇ ਹੋਰ ਨਾਮਵਰ ਲਿਖ਼ਤਾਂ ਵਿੱਚੋਂ ਵੀ ਭੁਗਤਾਈਆਂ ਜਾ ਸਕਦੀਆਂ ਹਨ; ਪਰ ਤੁਸੀਂ ਮੈਨੂੰ 1857 ਦੇ ਗ਼ਦਰ ਤੋਂ ਕਿਤੇ ਪਹਿਲਾਂ ਤਾਮੀਰ ਕੀਤੀ ਗਈ ਇੱਕ ਧੜਵੈਲ ਇਮਾਰਤ ਤੋਂ ਇਸਦੇ ਪ੍ਰਾਚੀਨ ਅਤੇ ਮਹਾਨ ਪਿੰਡ ਹੋਣ ਦੀ ਗਵਾਹੀ ਭੁਗਤਾਉਣ ਦੀ ਆਗਿਆ ਦਿਓ: ਇਸ ਇਮਾਰਤ ਦੇ ਮੁੱਖ ਦੁਆਰ ਉੱਤੇ ਲੱਗੇ ਛੋਟੇ ਲਾਲ ਪੱਥਰ ‘ਤੇ ਉੱਕਰਿਆ ਹੋਇਆ ਹੈ, ‘ਸੰਮਤ 1836 ਮਹੀਨਾ ਵੈਸਾਖ ਦਸੌਂਦਾ ਸਿੰਘ ਤਰਖਾਣ ਦੇਵਾ ਸਿੰਘ ਦੇ ਬੇਟੇ ਨੇ ਹਵੇਲੀ ਆਪਣੀ ਪੱਕੀ ਤਿਆਰ ਕੀਤੀ।’
ਨਿਸ਼ਚਿਤ ਹੈ ਕਿ ਅਪ੍ਰੈਲ 1779 ਈਸਵੀ ਨੂੰ ਦੰਗ ਕਰਨ ਵਾਲੀ, ਇਹ ਇਮਾਰਤ ਤਰਖਾਣਾ ਦੇ ਦਸੌਂਦਾ ਸਿੰਘ ਨੇ ਬਣਵਾਈ ਸੀ। ਜਿਹੜੀ ਉਸ ਸਮੇਂ ਦੀ ਭਵਨ-ਉਸਾਰੀ ਕਲਾ ਦਾ ਉੱਤਮ ਨਮੂਨਾ ਤਾਂ ਹੈ ਹੀ, ਸਗੋਂ ਇਸ ਖਿੱੱਤੇ ਵਿੱਚ ਨਵੀਨੀਕਰਨ ਅਪਨਾਉਣ ਦਾ ਵੀ ਉੱਦਮ ਸੀ। ਮਿਸਾਲ ਵਜੋਂ, ਲੋਹੇ ਦੀ ਭਰਪੂਰ ਵਰਤੋਂ, ਛੱਤਾਂ ਉੱਤੇ ਸੰਦੂਕੀ ਛੱਤ ਦੀ ਪਹਿਲੀ ਤਕਨੀਕ ਨਾਲੋਂ ਅੱਡਰੇ ਢੰਗ ਨਾਲ ਬਾਂਸ ਦੀ ਯੁਗਤ ਦੀ ਵਰਤੋਂ ਅਤੇ ਕਿਲਿਆ-ਮਹੱਲਾਂ ਵਰਗੇ ਮਹਿਰਾਬਾਂ ਉੱਤੇ ਨਕਾਸ਼ੀਦਾਰ ਥੰਮਾਂ ਤੇ ਦਰਵਾਜ਼ਿਆ ਦੀ ਜੜਤ। ਇਹ ਇਮਾਰਤ, ਉਸਦੇ ਮਾਲਕਾਂ ਦੇ ਵੇਲੇ ਦੇ ਰੁਤਬੇ ਅਤੇ ਠਾਠ-ਬਾਠ ਨੂੰ ਵੀ ਤਸਦੀਕ ਕਰਦੀ ਹੈ ਅਤੇ ਪਿੱਪਲਾਂਵਾਲੇ ਦੀ ਮਹੱਤਤਾ ਨੂੰ ਵੀ। ਇਹ ਇਮਾਰਤ ਤਸਦੀਕ ਇਸ ਗੱਲ ਦੀ ਵੀ ਕਰਦੀ ਹੈ ਕਿ 18ਵੀਂ ਸਦੀ ਤੋਂ ਕਿਤੇ ਪਹਿਲਾਂ ‘ਖੁਆਸਪੁਰ ਉਰਫ ਪਿੱਪਲਾਂਵਾਲਾ’ ਘੁੱਗ ਵਸਦਾ ਸੀ।