ਬਾਇਡਨ ਬਨਾਮ ਟਰੰਪ: ਸਿਆਸੀ ਬਹਿਸ-ਮੁਬਾਹਿਸੇ ਦੇ ਅਰਥ

ਸਿਆਸੀ ਹਲਚਲ

ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਇਸੇ ਸਾਲ ਨਵੰਬਰ ਵਿੱਚ ਹੋਣੀਆਂ ਹਨ ਅਤੇ ਡੈਮੋਕਰੈਟਿਕਾਂ ਤੇ ਰਿਪਲਬਲੀਕਨਾਂ ਦਰਮਿਆਨ ਵਿਰੋਧੀ ਸਿਆਸੀ ਬਹਿਸ-ਮੁਬਾਹਿਸੇ ਸ਼ੁਰੂ ਹੋ ਗਏ ਹਨ। ਇਸ ਸਿਲਸਲੇ ਵਿੱਚ ਲੰਘੇ ਦਿਨੀਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਹੋਈ ਬਹਿਸ ਦੌਰਾਨ ਦੋਵੇਂ ਅਮਰੀਕੀ ਆਗੂ ਆਪਸ ਵਿੱਚ ਮਿਹਣੋ-ਮਿਹਣੀ ਹੁੰਦੇ ਰਹੇ। ਇਹ ਬਹਿਸ ਅਰਥਵਿਵਸਥਾ, ਪਰਵਾਸ/ਸਰਹੱਦ, ਵਿਦੇਸ਼ ਨੀਤੀ, ਗਰਭਪਾਤ ਅਤੇ ਕੌਮੀ ਸੁਰੱਖਿਆ ਦੀ ਸਥਿਤੀ ’ਤੇ ਹੋਈ; ਕਿਉਂਕਿ ਵੋਟਰਾਂ ਲਈ ਇਹ ਅਹਿਮ ਮੁੱਦੇ ਹਨ। ਸਵਾਲ ਇਹ ਹੈ ਕਿ ਬਾਇਡਨ ਤੇ ਟਰੰਪ ਦੀ ਇਹ ਪਹਿਲੀ ਬਹਿਸ ਕਿੰਨੀ ਕੁ ਸਾਰਥਕ ਸੀ?

ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਦੀ ਇਹ ਪਹਿਲੀ ਬਹਿਸ ਸੀ। ਇਸ ਦੌਰਾਨ ਦੋਹਾਂ ਨੇ ਇੱਕ-ਦੂਜੇ ਨੂੰ ਝੂਠਾ ਅਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਖ਼ਰਾਬ ਰਾਸ਼ਟਰਪਤੀ ਕਰਾਰ ਦਿੱਤਾ। ਲਗਪਗ 90 ਮਿੰਟ ਹੋਈ ਬਹਿਸ (ਸੀ.ਐੱਨ.ਐੱਨ. ਪ੍ਰੈਜ਼ੀਡੈਸ਼ੀਅਲ ਡਿਬੇਟ) ਦੌਰਾਨ ਦੋਹਾਂ ਨੇ ਇੱਕ-ਦੂਜੇ ’ਤੇ ਨਿੱਜੀ ਹਮਲੇ ਕੀਤੇ। ਰਾਸ਼ਟਰਪਤੀ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ‘ਮੂਰਖ ਅਤੇ ਹਾਰਿਆ ਹੋਇਆ ਵਿਅਕਤੀ’ ਕਰਾਰ ਦਿੱਤਾ। ਉੱਧਰ, ਟਰੰਪ ਨੇ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੂੰ ਬੰਦੂਕ ਖਰੀਦ ਨਾਲ ਜੁੜੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦਾ ਪੁੱਤਰ (ਹੰਟਰ ਬਾਇਡਨ) ਇੱਕ ਬਹੁਤ ਹੀ ਉਚੇ ਪੱਧਰ ਦਾ ਅਪਰਾਧੀ ਹੈ।
ਜਦੋਂ ਰਾਸ਼ਟਰਪਤੀ ਬਾਇਡਨ ਬਹਿਸ ਵਿੱਚ ਆਏ ਤਾਂ ਉਹ ਘਬਰਾਏ ਹੋਏ ਅਤੇ ਉਲਝੇ ਹੋਏ ਨਜ਼ਰ ਆਏ। ਟਰੰਪ ਨੇ ਕਥਿਤ ਤੌਰ ਉੱਤੇ ਤੱਥਾਂ ਤੋਂ ਉਲਟ ਦਾਅਵੇ ਕੀਤੇ, ਪਰ ਬਾਇਡਨ ਉਨ੍ਹਾਂ ਨੁਕਤਿਆਂ ਵਿੱਚ ਉਨ੍ਹਾਂ ਨੂੰ ਘੇਰ ਨਹੀਂ ਸਕੇ। ਉਹ ਲੜਖੜਾ ਗਏ। ਬਹਿਸ ਦੇ ਲਗਭਗ ਅੱਧ ਵਿਚਕਾਰ ਬਾਇਡਨ ਖੇਮੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਨੂੰ ਜ਼ੁਖਾਮ ਹੈ। ਇਹ ਉਨ੍ਹਾਂ ਦੀ ਖੁਰਦਰੀ ਆਵਾਜ਼ ਉੱਤੇ ਪਰਦਾ ਪਾਉਣ ਦੀ ਇੱਕ ਕੋਸ਼ਿਸ਼ ਸੀ। ਅਜਿਹਾ ਹੋ ਵੀ ਸਕਦਾ ਹੈ ਕਿ ਉਨ੍ਹਾਂ ਦੀ ਤਬੀਅਤ ਵਾਕਈ ਖ਼ਰਾਬ ਹੋਵੇ, ਪਰ ਇਹ ਇੱਕ ਬਹਾਨੇ ਵਰਗਾ ਲੱਗਿਆ। ਬਹਿਸ ਵਾਲੀ ਸ਼ਾਮ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸਿਹਤ, ਉਮਰ ਅਤੇ ਅਹੁਦੇ ਲਈ ਤੰਦਰੁਸਤੀ ਨੂੰ ਲੈ ਕੇ ਖਦਸ਼ੇ ਜ਼ਾਹਰ ਕੀਤੇ ਸਨ। ਜੇ ਕਿਹਾ ਜਾਵੇ ਕਿ ਤਾਜ਼ਾ ਬਹਿਸ ਨੇ ਉਨ੍ਹਾਂ ਸਵਾਲਾਂ ਉੱਤੇ ਵਿਰਾਮ ਲਾ ਦਿੱਤਾ ਹੈ ਤਾਂ ਇਹ ਇਸ ਸਾਲ ਦੀ ਸਭ ਤੋਂ ਵੱਡੀ ਅਤਿਕਥਨੀ ਹੋ ਸਕਦੀ ਹੈ।
ਜਿਵੇਂ-ਜਿਵੇਂ ਬਹਿਸ ਅੱਗੇ ਵਧੀ, ਬਾਇਡਨ ਨੇ ਬਹਿਸ ਦਾ ਮੂੰਹ ਆਪਣੇ ਵਿਰੋਧੀ ਵੱਲ ਮੋੜਨ ਲਈ ਟਰੰਪ ਉੱਤੇ ਵੱਡੇ ਹਮਲੇ ਕਰਨੇ ਸ਼ੁਰੂ ਕੀਤੇ। ਕੁਝ ਹਮਲੇ ਨਿਸ਼ਾਨੇ ਉੱਤੇ ਲੱਗੇ ਵੀ ਅਤੇ ਟਰੰਪ ਨੇ ਕੁਝ ਗੁੱਸੇ ਨਾਲ ਭਰੀਆਂ ਟਿੱਪਣੀਆਂ ਕੀਤੀਆਂ। ਉਂਜ ਸਾਬਕਾ ਰਾਸ਼ਟਰਪਤੀ ਟਰੰਪ ਨੇ ਸਮੁੱਚੇ ਤੌਰ ਉੱਤੇ ਜ਼ਿਆਦਾ ਅਨੁਸ਼ਾਸ਼ਿਤ, ਚੰਚਲ ਪੇਸ਼ਕਾਰੀ ਕੀਤੀ। ਉਹ ਜ਼ਿਆਦਾ ਸ਼ਾਂਤ ਅਤੇ ਇਕਾਗਰ ਨਜ਼ਰ ਆਏ। ਸਾਲ 2020 ਦੀ ਆਪਣੀ ਬਹਿਸ ਦੇ ਮੁਕਾਬਲੇ ਇਸ ਵਾਰ ਉਨ੍ਹਾਂ ਨੇ ਝਗੜੇ ਵਿੱਚ ਪੈਣ ਤੋਂ ਗੁਰੇਜ਼ ਕੀਤਾ ਅਤੇ ਬਹਿਸ ਦੀ ਤੋਪ ਦਾ ਮੂੰਹ ਬਾਇਡਨ ਵੱਲ ਮੋੜਨ ਵਿੱਚ ਸਫ਼ਲ ਰਹੇ। ਡੇਢ ਘੰਟੇ ਦੌਰਾਨ ਅਕਸਰ ਲੱਗਿਆ ਕਿ ਬਾਇਡਨ ਰੱਸੀ ਉੱਤੇ ਤੁਰ ਰਹੇ ਹਨ; ਖਾਸ ਕਰਕੇ ਜਦੋਂ ਉਹ ਬੇਤੁਕੇ ਜਵਾਬ ਦੇ ਰਹੇ ਸਨ। ਆਪਣੇ ਖਿਆਲਾਂ ਦੀ ਲੜੀ ਗੁਆਚ ਜਾਣ ਤੋਂ ਬਾਅਦ ਉਨ੍ਹਾਂ ਨੇ ਇੱਕ ਸਵਾਲ ਦਾ ਜਵਾਬ ਬੜੇ ਬੇਤੁਕੇ ਤਰੀਕੇ ਨਾਲ ਮੁਕਾਇਆ। ਉਨ੍ਹਾਂ ਨੇ ਬਜ਼ੁਰਗਾਂ ਦੀ ਸਿਹਤ ਸੰਭਾਲ ਦੀ ਸਰਕਾਰੀ ਸਕੀਮ ਦਾ ਪ੍ਰਸੰਗੋਂ ਬਾਹਰਲਾ ਜ਼ਿਕਰ ਕੀਤਾ।
ਟਰੰਪ ਨੇ ਬਾਇਡਨ ਤੋਂ ਬਾਅਦ ਬੋਲਦਿਆਂ ਇੱਕ ਵਾਰ ਕਿਹਾ, “ਮੈਨੂੰ ਸੱਚੀਂ ਨਹੀਂ ਪਤਾ ਕਿ ਉਸ ਵਾਕ ਦੇ ਅੰਤ ਵਿੱਚ ਉਨ੍ਹਾਂ ਨੇ ਕੀ ਕਿਹਾ ਅਤੇ ਮੈਂ ਨਹੀਂ ਸੋਚਦਾ ਕਿ ਉਨ੍ਹਾਂ ਨੇ ਕੁਝ ਕਿਹਾ ਵੀ ਹੈ।” ਟਰੰਪ ਦਾ ਇਹ ਕਹਿਣਾ ਇਸ ਬਹਿਸ ਦਾ ਕੇਂਦਰੀ ਭਾਵ ਹੈ।
ਜਦੋਂ ਗਰਭਪਾਤ ਦਾ ਮੁੱਦਾ ਉੱਠਿਆ ਤਾਂ ਸਾਬਕਾ ਰਾਸ਼ਟਰਪਤੀ ਨੇ ਧਿਆਨ ਇਸ ਗੱਲ ਵੱਲ ਮੋੜ ਦਿੱਤਾ ਕਿ ਉਨ੍ਹਾਂ ਨੇ ਜੋ ਕਿਹਾ ਉਹ ‘ਡੈਮੋਕਰੇਟਿਕ ਐਕਸਟਰੀਮਿਜ਼ਮ’ ਸੀ। ਉਨ੍ਹਾਂ ਨੇ ਗਲਤ ਦਾਅਵਾ ਕੀਤਾ ਕਿ ਡੈਮੋਕਰੇਟ ਬੱਚਿਆਂ ਦੇ ਜਨਮ ਤੋਂ ਬਾਅਦ ਗਰਭਪਾਤ ਦੀ ਹਮਾਇਤ ਕਰਦੇ ਹਨ। ਗਰਭਪਾਤ ਦਾ ਮੁੱਦਾ ਟਰੰਪ ਅਤੇ ਉਨ੍ਹਾਂ ਦੀ ਪਾਰਟੀ ਲਈ ਕੁੱਲ ਮਿਲਾ ਕੇ ਕਮਜ਼ੋਰੀ ਸਾਬਤ ਹੋਇਆ ਹੈ। ਖਾਸ ਕਰਕੇ ਜਦੋਂ ਸੁਪਰੀਮ ਕੋਰਟ ਨੇ 2022 ਵਿੱਚ ਰੋਅ ਬਨਾਮ ਵੇਡ ਦੇ ਫੈਸਲੇ ਨੂੰ ਪਲਟ ਦਿੱਤਾ ਸੀ, ਜੋ ਅਮਰੀਕਾ ਵਿੱਚ ਗਰਭਪਾਤ ਦੇ ਸੰਵਿਧਾਨਕ ਹੱਕ ਦੀ ਰਾਖੀ ਕਰਦਾ ਸੀ। ਬਾਇਡਨ ਇੱਥੇ ਅਰਾਮ ਨਾਲ ਸਕੋਰ ਖੜ੍ਹਾ ਕਰ ਸਕਦੇ ਸਨ, ਪਰ ਨਹੀਂ ਕਰ ਸਕੇ। ਰਾਸ਼ਟਰਪਤੀ ਨੇ ਬਸ ਇੰਨਾ ਹੀ ਕਿਹਾ, “ਜੋ ਤੁਸੀਂ ਕੀਤਾ ਹੈ, ਉਹ ਬਹੁਤ ਬੁਰੀ ਚੀਜ਼ ਹੈ।”
ਇੱਕ ਜਗ੍ਹਾ ਉੱਤੇ ਬਾਇਡਨ ਨੇ ਹਸ਼ ਮਨੀ ਕੇਸ ਵਿੱਚ ਟਰੰਪ ਨੂੰ ਮੁਜ਼ਰਿਮ ਕਰਾਰ ਦਿੱਤੇ ਜਾਣ ਦਾ ਮਸਲਾ ਚੁੱਕਿਆ, ਜੋ ਕਿ ਸਾਬਕਾ ਰਾਸ਼ਟਰਪਤੀ ਦੇ ਅਡਲਟ ਫਿਲਮ ਅਦਾਕਾਰਾ ਸਟੋਰਨੀ ਡੇਨੀਅਲਸ ਨਾਲ ਰਿਸ਼ਤਿਆਂ ਵਿੱਚੋਂ ਪੈਦਾ ਹੋਇਆ ਸੀ। ਬਾਇਡਨ ਨੇ ਕਰਾਰਾ ਵਿਅੰਗ ਕੱਸਿਆ ਤਾਂ ਟਰੰਪ ਨੇ ਮੋੜਵਾਂ ਜਵਾਬ ਦਿੱਤਾ, “ਮੈਂ ਕਿਸੇ ਪੋਰਨ ਸਟਾਰ ਨਾਲ ਸੈਕਸ ਨਹੀਂ ਕੀਤਾ।” ਉਂਜ ਸਾਬਕਾ ਰਾਸ਼ਟਰਪਤੀ ਲਗਾਤਾਰ ਇਸ ਸਵਾਲ ਤੋਂ ਚਤੁਰਾਈ ਨਾਲ ਬਚਦੇ ਰਹੇ ਕਿ ਉਹ 2024 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਮੰਨਣਗੇ ਜਾਂ ਨਹੀਂ।
ਟਰੰਪ ਛੇ ਜਨਵਰੀ ਨੂੰ ਅਮਰੀਕਾ ਦੀ ਕੈਪੀਟਲ ਹਿਲ ਬਿਲਡਿੰਗ ਉੱਤੇ ਹਜੂਮੀ ਹਮਲੇ ਪ੍ਰਤੀ ਆਪਣੀ ਪ੍ਰਤੀਕਿਰਿਆ ਬਾਰੇ ਵੀ ਘਿਰੇ ਨਜ਼ਰ ਆਏ। ਸ਼ੁਰੂ ਵਿੱਚ ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਬਾਇਡਨ ਸਰਕਾਰ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੋਸ਼ ਮੁਕਤ ਨਹੀਂ ਹੋਣ ਦਿੱਤਾ ਤੇ ਤਨਜ਼ ਕੱਸੀ, “ਇਨ੍ਹਾਂ ਨੇ ਲੋਕਾਂ ਨੂੰ ਕੈਪੀਟਲ ਹਿਲ ਵਿੱਚ ਵੜਨ ਲਈ ਹੱਲਾਸ਼ੇਰੀ ਦਿੱਤੀ। ਜਦੋਂ ਸਹਾਇਕ ਕੁਝ ਕਰਨ ਲਈ ਤਰਲੇ ਪਾ ਰਹੇ ਸਨ ਤਾਂ ਇਹ ਤਿੰਨ ਘੰਟੇ ਬੈਠੇ ਰਹੇ। ਕੁਝ ਨਹੀਂ ਕੀਤਾ।”
ਬਾਇਡਨ ਖੇਮਾ ਕੁਝ ਹੱਦ ਤੱਕ ਇਹ ਬਹਿਸ ਇਸੇ ਤਰ੍ਹਾਂ ਦੀ ਚਾਹੁੰਦਾ ਸੀ। ਪਹਿਲਾ ਕਾਰਨ ਤਾਂ ਇਹ ਹੈ ਕਿ ਉਹ ਚੋਣ ਪ੍ਰਚਾਰ ਦੇ ਸ਼ੁਰੂ ਵਿੱਚ ਹੀ ਇਸਦਾ ਕੇਂਦਰ ਟਰੰਪ ਨੂੰ ਬਣਾ ਦੇਣਾ ਚਾਹੁੰਦੇ ਹਨ। ਉਹ ਉਮੀਦ ਕਰਦੇ ਹਨ ਕਿ ਇਸ ਦੇ ਜ਼ਰੀਏ ਅਮਰੀਕੀ ਲੋਕਾਂ ਨੂੰ ਟਰੰਪ ਦਾ ਅਫਰਾ-ਤਫਰੀ ਵਾਲਾ ਕਾਰਜਕਾਲ ਯਾਦ ਆ ਜਾਵੇਗਾ। ਲੇਕਿਨ ਇਸ ਬਹਿਸ ਤੋਂ ਬਾਅਦ ਲੋਕ ਸਾਬਕਾ ਰਾਸ਼ਟਰਪਤੀ ਦੇ ਮੁਕਾਬਲੇ ਮੌਜੂਦਾ ਰਾਸ਼ਟਰਪਤੀ ਦੀ ਚਰਚਾ ਜ਼ਿਆਦਾ ਕਰਨ ਲੱਗਣਗੇ। ਬਾਇਡਨ ਖੇਮਾ ਇਹ ਬਹਿਸ ਇੰਨੀ ਜਲਦੀ ਕਿਉਂ ਕਰਵਾਉਣਾ ਚਾਹੁੰਦਾ ਸੀ? ਇਸਦੀ ਇੱਕ ਹੋਰ ਵਜ੍ਹਾ ਇਹ ਹੈ ਕਿ ਇਸ ਨਾਲ ਉਨ੍ਹਾਂ ਦੇ ਉਮੀਦਵਾਰ ਨੂੰ ਉਭਰਨ ਦਾ ਸਮਾਂ ਮਿਲ ਜਾਵੇਗਾ। ਜ਼ਿਕਰਯੋਗ ਹੈ ਕਿ ਡੈਮੋਕਰੇਟ ਪਾਰਟੀ ਦੀ ਕਨਵੈਨਸ਼ਨ ਅਗਸਤ ਵਿੱਚ ਹੋਣੀ ਹੈ, ਜਿਸ ਦੌਰਾਨ ਉਹ ਅਮਰੀਕੀਆਂ ਲਈ ਬਾਇਡਨ ਦੇ ਦੂਜੇ ਕਾਰਜਕਾਲ ਲਈ ਜ਼ਿਆਦਾ ਪੁਖਤਾ ਵਿਜ਼ਨ ਪੇਸ਼ ਕਰ ਸਕਣਗੇ। ਇੱਕ ਹੋਰ ਬਹਿਸ ਸਤੰਬਰ ਵਿੱਚ ਹੋਣੀ ਹੈ। ਜੇ ਉਹ ਬਹਿਸ ਹੁੰਦੀ ਹੈ ਤਾਂ ਵੋਟਾਂ ਤੋਂ ਪਹਿਲਾਂ ਵੋਟਰਾਂ ਦੇ ਦਿਮਾਗ ਵਿੱਚ ਜ਼ਿਆਦਾ ਤਾਜ਼ਾ ਹੋਵੇਗੀ।
ਬਹਿਸ ਖਤਮ ਹੋਣ ਤੋਂ ਤੁਰੰਤ ਮਗਰੋਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਨਿਆ ਕਿ ਰਾਸ਼ਟਰਪਤੀ ਦੀ ਸ਼ੁਰੂਆਤ ਮੱਧਮ ਜ਼ਰੂਰ ਸੀ, ਪਰ ਉਨ੍ਹਾਂ ਨੇ ਅੰਤ ਮਜ਼ਬੂਤੀ ਨਾਲ ਕੀਤਾ। ਇਸ ਬਿਆਨ ਵਿੱਚੋਂ ਬਹੁਤ ਜ਼ਿਆਦਾ ਉਮੀਦ ਦੀ ਝਲਕ ਪੈ ਸਕਦੀ ਹੈ, ਪਰ ਵਾਕਈ ਕਿ ਬਾਇਡਨ ਹੌਲੀ-ਹੌਲੀ ਖੁਦ ਨੂੰ ਬਹਿਸ ਵਿੱਚ ਸਥਾਪਿਤ ਕਰਨ ਵਿੱਚ ਕਾਮਯਾਬ ਜ਼ਰੂਰ ਰਹੇ ਸਨ! ਇਸੇ ਦੌਰਾਨ ਬਾਇਡਨ ਦੀ ਸਾਬਕਾ ਸੰਚਾਰ ਨਿਰਦੇਸ਼ਕ ਕੇਟ ਬਾਇਡਿੰਗਫੀਲਡ ਨੇ ਬਹਿਸ ਤੋਂ ਤੁਰੰਤ ਬਾਅਦ ਮੰਨਿਆ, “ਇਸ ਬਾਰੇ ਕੋਈ ਦੋ ਰਾਇ ਨਹੀਂ ਹੈ, ਇਹ ਬਾਇਡਨ ਲਈ ਬਿਲਕੁਲ ਵੀ ਚੰਗੀ ਬਹਿਸ ਨਹੀਂ ਸੀ।… ਬਾਇਡਨ ਲਈ ਸਭ ਤੋਂ ਵੱਡਾ ਮਸਲਾ ਇਹ ਸਾਬਤ ਕਰਨਾ ਸੀ ਕਿ ਉਨ੍ਹਾਂ ਵਿੱਚ (ਰਾਸ਼ਟਰਪਤੀ ਬਣਨ ਲਈ) ਊਰਜਾ ਅਤੇ ਸਟੈਮਿਨਾ ਹੈ ਅਤੇ ਉਹ ਅਜਿਹਾ ਨਹੀਂ ਕਰ ਸਕੇ।”
ਲੇਕਿਨ ਕਈ ਡੈਮੋਕਰੇਟ ਸਮਰਥਕ ਸੋਚ ਰਹੇ ਹੋਣਗੇ ਕਿ ਬਹਿਸ ਦੇ ਮੰਚ ਉੱਤੇ ਟਰੰਪ ਨਾਲ ਇੱਕ ਹੋਰ ਆਹਮੋ-ਸਾਹਮਣਾ ਉਨ੍ਹਾਂ ਦੇ ਉਮੀਦਵਾਰ ਦਾ ਕੀ ਭਲਾ ਕਰੇਗਾ? ਹੋ ਸਕਦਾ ਹੈ, ਦੂਸਰੇ ਸੋਚ ਰਹੇ ਹੋਣ ਕਿ ਨਵਾਂ ਉਮੀਦਵਾਰ ਕਿਵੇਂ ਲਿਆਂਦਾ ਜਾਵੇ! ਬਾਇਡਨ ਖੇਮੇ ਕੋਲ ਪਾਣੀ ਸ਼ਾਂਤ ਕਰਨ ਲਈ ਦੋ ਮਹੀਨੇ ਹਨ। ਭਾਵੇਂ ਕਿ ਬਾਇਡਨ ਨੇ ਨੌਮੀਨੇਸ਼ਨ ਦੌਰਾਨ ਪਾਰਟੀ ਦੇ ਮੁਢਲੇ ਮੈਂਬਰਾਂ ਦੇ ਵੋਟ ਅਸਾਨੀ ਨਾਲ ਹਾਸਲ ਕਰ ਲਏ ਸਨ, ਪਰ ਪਾਰਟੀ ਵਿੱਚ ਬਾਇਡਨ ਦੀ ਥਾਂ ਹੋਰ ਉਮੀਦਵਾਰ ਖੜ੍ਹਾ ਕਰਨ ਦੀ ਮੰਗ ਉੱਠ ਸਕਦੀ ਹੈ। ਘੱਟੋ-ਘੱਟ ਹੁਣ ਤੱਕ ਤਾਂ ਕਿਸੇ ਅਹਿਮ ਡੈਮੋਕਰੇਟ ਆਗੂ ਨੇ ਬਗਾਵਤ ਨਹੀਂ ਕੀਤੀ, ਪਰ ਕੁਝ ਨੇ ਪੱਤਰਕਾਰਾਂ ਕੋਲ ਇਸ ਬਾਰੇ ਆਪਣੇ ਸ਼ੰਕੇ ਜ਼ਰੂਰ ਜਾਹਰ ਕੀਤੇ ਹਨ। ਡੌਨਲਡ ਟਰੰਪ ਨੇ ਵੀ ਸਾਬਤ ਕੀਤਾ ਹੈ ਕਿ ਸਿਆਸਤਦਾਨਾਂ ਨੂੰ ਵੀ ਬੁਰੇ ਸਮੇਂ ਵਿੱਚੋਂ ਪਿਸ-ਪਿਸ ਕੇ ਲੰਘਣਾ ਪੈ ਸਕਦਾ ਹੈ। ਇਸ ਬਹਿਸ ਤੋਂ ਬਾਅਦ ਬਹੁਤ ਸਾਰੇ ਡੈਮੋਕਰੇਟ ਸਮਰਥਕਾਂ ਨੂੰ ਨਵੰਬਰ ਦੀਆਂ ਚੋਣਾਂ ਦਾ ਫਿਕਰ ਸਤਾ ਰਿਹਾ ਹੋਵੇਗਾ।

Leave a Reply

Your email address will not be published. Required fields are marked *