ਨਿਊ ਯਾਰਕ ਮੈਟਰੋ ਸਪੋਰਟਸ ਕਲੱਬ ਨੇ ਜਿੱਤਿਆ ਸ਼ਿਕਾਗੋ ਕਬੱਡੀ ਕੱਪ

ਖਬਰਾਂ ਗੂੰਜਦਾ ਮੈਦਾਨ

*ਗੁਲਾਬ ਸਿੱਧੂ ਨੇ ਕੀਤਾ ਨਵੇਂ-ਪੁਰਾਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ
*ਮੇਲੇ ਦੇ ਅਖੀਰ `ਚ ਤਲਖੀ ਕਾਰਨ ‘ਬੀਅ ਦਾ ਲੇਖਾ’ ਪੈਂਦਾ ਪੈਂਦਾ ਬਚਿਆ
-ਕੁਲਜੀਤ ਦਿਆਲਪੁਰੀ
ਸ਼ਿਕਾਗੋ: ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵੱਲੋਂ ਕਰਵਾਏ ਗਏ ਇਸ ਸੀਜ਼ਨ ਦੇ ਪਹਿਲੇ ਟੂਰਨਾਮੈਂਟ ਦਾ ਕਬੱਡੀ ਕੱਪ ‘ਨਿਊ ਯਾਰਕ ਮੈਟਰੋ ਸਪੋਰਟਸ ਕਲੱਬ’ ਦੀ ਟੀਮ ਜਿੱਤ ਕੇ ਲੈ ਗਈ, ਜਦਕਿ ‘ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਬੇਏਰੀਆ (ਕੈਲੀਫੋਰਨੀਆ)’ ਟੀਮ ਦੂਜੇ ਥਾਂ ਰਹੀ। ਟੂਰਨਾਮੈਂਟ ਦੌਰਾਨ ਕੁੱਲ ਚਾਰ ਕਬੱਡੀ ਟੀਮਾਂ ਨੇ ਭਾਗ ਲਿਆ ਸੀ, ਜਿਸ ਵਿੱਚ ਉਕਤ ਦੋ ਟੀਮਾਂ ਤੋਂ ਇਲਾਵਾ ਹਰਖੋਵਾਲ ਨਾਰਥ ਅਮੈਰਿਕਾ (ਕੈਲੀਫੋਰਨੀਆ) ਕਲੱਬ ਅਤੇ ਬਾਬਾ ਸੰਗ ਜੀ ਕਬੱਡੀ ਕਲੱਬ (ਮਿਡਵੈਸਟ) ਸ਼ਾਮਲ ਸਨ। ਕਬੱਡੀ ਕੱਪ ਦੇ ਵਧੀਆ ਧਾਵੀ ਰਾਜੂ ਕੋਟਲਾ ਭੜੀ ਤੇ ਪਾਲੀ ਛੰਨਾ ਅਤੇ ਵਧੀਆ ਜਾਫੀ ਇੰਦਰਜੀਤ ਕਲਸੀਆਂ ਤੇ ਮਨੀ ਮੱਲ੍ਹੀਆਂ ਐਲਾਨੇ ਗਏ।

ਲੰਘੇ ਸਨਿਚਰਵਾਰ ਨੂੰ ਬਸੀ ਵੁੱਡਜ਼, ਐਲਕ ਗਰੂਵ ਵਿਲੇਜ ਵਿਖੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਵੱਲੋਂ ਅਕਾਲ ਪੁਰਖ ਅੱਗੇ ਅਰਦਾਸ ਕਰਨ ਉਪਰੰਤ ਮੇਲਾ ਸ਼ੁਰੂ ਹੋ ਗਿਆ ਸੀ। ਕਲੱਬ ਮੈਂਬਰ ਅਤੇ ਸਹਿਯੋਗੀ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਮਸ਼ਰੂਫ ਹੋ ਗਏ ਸਨ। ਕੁਮੈਂਟੇਟਰਾਂ ਹੱਥ ਮਾਈਕ ਆ ਜਾਣ ਪਿਛੋਂ ਉਹ ਆਏ ਮਹਿਮਾਨਾਂ ਤੇ ਜਾਣੂੰ ਸ਼ਖਸੀਅਤਾਂ ਨੂੰ ਜੀ ਆਇਆਂ ਆਖ ਮੇਲੇ ਲਈ ਦਿੱਤੇ ਵਿੱਤੀ ਸਹਿਯੋਗ ਲਈ ਧੰਨਵਾਦ ਕਰਨ ਲੱਗ ਪਏ ਸਨ। ਚੰਗੀ ਗੱਲ ਇਹ ਰਹੀ ਕਿ ਕਲੱਬ ਨੇ ਕਬੱਡੀ ਦੀਆਂ ਟੀਮਾਂ ਦੇ ਮੈਚ ਵੇਲੇ ਸਿਰ ਸ਼ੁਰੂ ਕਰਵਾ ਦਿੱਤੇ ਸਨ, ਜਿਸ ਕਾਰਨ ਸਾਰੇ ਮੈਚ ਮਿੱਥੇ ਸਮੇਂ ਤੱਕ ਸੰਪਨ ਹੋ ਗਏ ਸਨ। ਸੂਤਰਾਂ ਅਨੁਸਾਰ ਇੱਕ ਵਜ੍ਹਾ ਇਹ ਵੀ ਸੀ ਕਿ ਖਿਡਾਰੀਆਂ ਨੇ ਕਬੱਡੀ ਮੈਚ ਲਾਉਣ ਕਿਸੇ ਹੋਰ ਥਾਂ ਵੀ ਜਾਣਾ ਸੀ।
ਪਹਿਲਾ ਮੈਚ ਬਾਬਾ ਸੰਗ ਜੀ ਕਬੱਡੀ ਕਲੱਬ (ਮਿਡਵੈਸਟ) ਤੇ ਹਰਖੋਵਾਲ ਨਾਰਥ ਅਮੈਰਿਕਾ ਕਲੱਬ ਅਤੇ ਦੂਜਾ ਮੈਚ ਸੰਦੀਪ ਨੰਗਲ ਅੰਬੀਆਂ ਬੇਏਰੀਆ ਤੇ ਨਿਊ ਯਾਰਕ ਮੈਟਰੋ ਸਪੋਰਟਸ ਕਲੱਬ ਦਰਮਿਆਨ ਹੋਇਆ। ਬਾਬਾ ਸੰਗ ਜੀ ਕਲੱਬ ਤੇ ਨਿਊ ਯਾਰਕ ਮੈਟਰੋ ਵਿਚਾਲੇ ਤੀਜਾ ਮੈਚ ਹੋਣ ਉਪਰੰਤ ਸੈਮੀਫਾਈਨਲ ਮੈਚ ਵਿੱਚ ਸੰਦੀਪ ਨੰਗਲ ਅੰਬੀਆਂ ਬੇਏਰੀਆ ਅਤੇ ਬਾਬਾ ਸੰਗ ਜੀ ਕਲੱਬ ਨੇ ਆਪੋ-ਆਪਣੀ ਜਿੱਤ ਯਕੀਨੀ ਬਣਾਉਣ ਲਈ ਜੱਦੋਜਹਿਦ ਕੀਤੀ, ਜਿਸ ਵਿੱਚ ਢਾਈ ਅੰਕਾਂ ਦੇ ਫਰਕ ਨਾਲ ਸੰਦੀਪ ਨੰਗਲ ਅੰਬੀਆਂ ਕਲੱਬ ਜੇਤੂ ਰਿਹਾ।
ਫਾਈਨਲ ਮੈਚ ਵਿੱਚ ਨਿਊ ਯਾਰਕ ਮੈਟਰੋ ਸਪੋਰਟਸ ਕਲੱਬ ਦੇ ਜਾਫੀਆਂ- ਸੱਤੂ ਖਡੂਰ ਸਾਹਿਬ, ਮਨੀ ਮੱਲ੍ਹੀਆਂ, ਇੰਦਰਜੀਤ ਕਲਸੀਆਂ ਤੇ ਲੱਖਾ ਕੋਠੇ ਜੱਟਾਂ ਵਾਲਾ ਨੇ ਵਿਰੋਧੀ ਟੀਮ ਦੇ ਧਾਵੀਆਂ ਨੂੰ ਡੱਕਣ ਵਿੱਚ ਪੂਰਾ ਤਾਣ ਲਾਇਆ। ਇਸੇ ਕਲੱਬ ਦੇ ਧਾਵੀਆਂ- ਰਾਜੂ ਕੋਟਲਾ ਭੜੀ, ਚਿੱਤਪਾਲ ਚਿੱਤੀ, ਹੈਰੋ ਚਾਵੇਜ਼ ਤੇ ਮਨੀ ਬੱਦੋਵਾਲੀਆ ਨੇ ਜਿੱਤ ਯਕੀਨੀ ਬਣਾਉਣ ਵਿੱਚ ਚੰਗਾ ਜ਼ੋਰ ਲਾਇਆ। ਇਸ ਤੋਂ ਇਲਾਵਾ ਫਾਈਨਲ ਮੈਚ ਵਿੱਚ ਸੰਦੀਪ ਨੰਗਲ ਅੰਬੀਆਂ ਕਲੱਬ ਦੇ ਧਾਵੀਆਂ- ਸੁਲਤਾਨ ਸਮਸਤਪੁਰ, ਦੁੱਲਾ ਬੱਗੇ ਪਿੰਡ, ਭਿੰਦਾ ਪਰਜੀਆਂ ਅਤੇ ਪਾਲੀ ਛੰਨਾ ਨੇ ਵਿਰੋਧੀ ਟੀਮ ਉਤੇ ਚੰਗੇ ਧਾਵੇ ਬੋਲੇ, ਜਦਕਿ ਜਾਫੀਆਂ- ਜੋਧਾ ਸੁਰਖਪੁਰ, ਯਾਦ ਕੋਟਲੀ, ਹੈਪੀ ਸੰਧੜ ਤੇ ਜਿੰਦਰ ਪੱਤੜਕਲਾਂ ਦੇ ਜੱਫਿਆਂ ਦਾ ਦਿਲਚਸਪ ਨਜ਼ਾਰਾ ਸੀ। ਕਬੱਡੀ ਮੈਚਾਂ ਦੀ ਕੁਮੈਂਟਰੀ ਮੱਖਣ ਅਲੀ, ਕਾਲਾ ਰਸ਼ੀਨ ਅਤੇ ਸੁਰਜੀਤ ਕਕਰਾਲੀ ਨੇ ਰਲ-ਮਿਲ ਕੇ ਕੀਤੀ, ਜਦਕਿ ਰੈਫਰੀ ਸਨ- ਦਵਿੰਦਰ ਕੋਚ ਅਤੇ ਕੈਨੇਡਾ ਤੋਂ ਨੀਟਾ, ਧਾਮੀ, ਸਾਬੀ ਤੇ ਪੱਪੂ।
ਕਬੱਡੀ ਦਾ ਪਹਿਲਾ ਇਨਾਮ ਖਾਸਰੀਆ ਪਰਿਵਾਰ ਵੱਲੋਂ ਸਵਰਗੀ ਸਰਪੰਚ ਇੰਦਰ ਸਿੰਘ ਦੀ ਯਾਦ ਵਿੱਚ ਹਰਜਿੰਦਰ ਸਿੰਘ ਜਿੰਦੀ, ਅਰਵਿੰਦਰ ਸਿੰਘ ਬੂਟਾ ਤੇ ਭੁਪਿੰਦਰ ਸਿੰਘ ਟਿੰਕਾ ਵੱਲੋਂ ਦਿੱਤਾ ਗਿਆ। ਕਬੱਡੀ ਦਾ ਦੂਜਾ ਇਨਾਮ ਗੁਰਸਾਹਿਬ ਸਿੰਘ ਤੂਰ, ਗੁਰਦੀਪ ਸਿੰਘ ਤੂਰ, ਗੈਰੀ ਤੂਰ, ਸਤੀਸ਼ ਭਾਰਦਵਾਜ, ਸਤਪਾਲ ਬੈਂਸਾਂ, ਕੁਲਜੀਤ ਗਿਲਜੀਆਂ, ਲਵਪ੍ਰੀਤ, ਹਰਜਿੰਦਰ ਤੂਰ ਤੇ ਗੁਰਪ੍ਰੀਤ ਬਰਾੜ ਵੱਲੋਂ ਸਾਂਝੇ ਤੌਰ ‘ਤੇ ਸਪਾਂਸਰ ਕੀਤਾ ਗਿਆ ਸੀ। ਬੈਸਟ ਰੇਡਰ ਤੇ ਬੈਸਟ ਸਟਾਪਰ ਦੇ ਇਨਾਮ ਸਵਰਗੀ ਫੁੰਮਣ ਸਿੰਘ ਤੇ ਸਵਰਗੀ ਹਰਭਜਨ ਸਿੰਘ ਟਿਵਾਣਾ ਦੀ ਯਾਦ ਵਿੱਚ ਟਿਵਾਣਾ ਪਰਿਵਾਰ ਵੱਲੋਂ ਦਿੱਤੇ ਗਏ।
ਸੈਮੀਫਾਈਨਲ ਅਤੇ ਫਾਈਨਲ ਮੈਚ ਦਾ ਨਜ਼ਾਰਾ ਹੀ ਵਧੇਰੇ ਦਿਲਚਸਪ ਰਿਹਾ; ਕਿਉਂਕਿ ਪਹਿਲੇ ਮੈਚ ਦੌਰਾਨ ਸਰੋਤੇ ਬਹੁਤੇ ਨਹੀਂ ਸਨ ਜੁੜੇ, ਪਰ ਜਿਉਂ ਜਿਉਂ ਦੁਪਹਿਰ ਹੁੰਦੀ ਗਈ, ਲੋਕ ਕਬੱਡੀ ਕੱਪ ਵਿੱਚ ਜੁੜਦੇ ਗਏ। ਜ਼ਿਆਦਾਤਰ ਬੰਦੇ ਵੱਖ-ਵੱਖ ਢਾਣੀਆਂ ਬਣਾ ਕੇ ਕਬੱਡੀ ਦੇ ਮੈਚਾਂ ਦਾ ਅਨੰਦ ਮਾਣ ਰਹੇ ਸਨ ਅਤੇ ਬੀਬੀਆਂ ਟੈਟਾਂ ਹੇਠਾਂ ਡੱਠੀਆਂ ਕੁਰਸੀਆਂ ਉਤੇ ਬੈਠੀਆਂ ਨਾਲੇ ਠੰਡਾ-ਬੱਤਾ ਪੀ ਰਹੀਆਂ ਸਨ, ਨਾਲੇ ਮੈਚ ਦੇਖ ਰਹੀਆਂ ਸਨ।
ਗਰਾਊਂਡ ਦੇ ਇੱਕ ਪਾਸੇ ਵਾਲੀਬਾਲ ਦੇ ਮੈਚ ਵੀ ਚੱਲ ਰਹੇ ਸਨ, ਪਰ ਦਰਸ਼ਕਾਂ ਦੀ ਭੀੜ ਕਬੱਡੀ ਮੈਦਾਨ ਦੇ ਹੰਧਿਆਂ ਦੇ ਆਲੇ-ਦੁਆਲੇ ਹੀ ਸੀ। ਕਲੱਬ ਦੇ ਇੱਕ ਪ੍ਰਬੰਧਕ ਅਨੁਸਾਰ ਵਾਲੀਬਾਲ ਦੀਆਂ ਅੱਠ ਟੀਮਾਂ ਨੇ ਵਾਲੀਆਂ ਹਵਾ ਵਿੱਚ ਉਡਾਈਆਂ। ਫਾਈਨਲ ਮੈਚ ਸ਼ੇਰੇ ਪੰਜਾਬ ਲਾਈਟ ਆਊਟ ਸ਼ਿਕਾਗੋ ਟੀਮ ਨੇ ਜਿੱਤਿਆ, ਜਦਕਿ ਸ਼ੇਰੇ ਪੰਜਾਬ ਇੰਡੋਕੈਨ ਕੈਨੇਡਾ ਟੀਮ ਦੂਜੇ ਥਾਂ ਰਹੀ। ਟੀਮਾਂ ਦੇ ਇੰਚਾਰਜ ਹਰਜੀਤ ਸਿੰਘ ਤੇ ਟੋਨੀ ਸੰਘੇੜਾ ਸਨ। ਵਾਲੀਬਾਲ ਦਾ ਪਹਿਲਾ ਇਨਾਮ ਢੀਂਡਸਾ ਪਰਿਵਾਰ ਅਤੇ ਦੂਜਾ ਇਨਾਮ ਸਮਰਾ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ ਸੀ। ਸ਼ੁਗਲ ਵਜੋਂ ਬੱਚਿਆਂ ਦੀ ਦੌੜ ਵੀ ਕਰਵਾਈ ਗਈ, ਪਰ ਹੌਸਲਾ ਅਫਜ਼ਾਈ ਵਜੋਂ ਮੈਡਲ ਸਾਰੇ ਬੱਚਿਆਂ ਨੂੰ ਦਿੱਤੇ ਗਏ।
ਇਸ ਮੌਕੇ ਕਲੱਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਚੌਧਰੀ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਵਿੱਚੋਂ ਪਾਕਿਸਤਾਨ ਤੋਂ ਰਾਏ ਬਿਲਾਲ ਅਕਰਮ ਭੱਟੀ, ਪੰਜਾਬ ਸਰਕਾਰ ਦੇ ਐਡਿਸ਼ਨਲ ਐਡਵੋਕੇਟ ਜਨਰਲ ਸੌਰਵ ਖੁਰਾਣਾ ਅਤੇ ਹੋਰ ਸਪਾਂਸਰਾਂ ਦਾ ਮਾਣ-ਤਾਣ ਵੀ ਕੀਤਾ ਗਿਆ।
ਇਸ ਵਾਰ ਕਲੱਬ ਦਾ ਕਬੱਡੀ ਕੱਪ ਨਵੀਂ ਥਾਂ ਹੋਣ ਕਾਰਨ ਬਹੁਤੇ ਲੋਕ ਪਹਿਲਾਂ ਮੇਲੇ ਵਾਲੀ ਪੁਰਾਣੀ ਥਾਂ ਪਹੁੰਚਦੇ ਰਹੇ, ਪਰ ਜਦੋਂ ਉਥੇ ਸੁੰਨ ਪਸਰੀ ਵੇਖੀ ਤਾਂ ਕਈਆਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਮੇਲਾ ਰੱਦ ਹੋ ਗਿਆ ਹੈ। ਪੁਰਾਣੀ ਥਾਂ ਪਹੁੰਚੇ ਦਰਸ਼ਕਾਂ ਨੇ ਫਿਕਰ ‘ਚ ਫੋਨ ਦੀਆਂ ਘੰਟੀਆਂ ਖੜਕਾਈਆਂ, ਤਾਂ ਜਾ ਕੇ ਉਨ੍ਹਾਂ ਨੂੰ ਕਬੱਡੀ ਕੱਪ ਦੀ ਨਵੀਂ ਥਾਂ ਦਾ ਪਤਾ ਲੱਗਾ। ਉਂਜ ਨਵੀਂ ਥਾਂ ਦੀ ਖਾਸੀਅਤ ਇਹ ਰਹੀ ਕਿ ਉਥੇ ਕਾਰਾਂ ਪਾਰਕ ਕਰਨ ਲਈ ਥਾਂ ਖੁੱਲ੍ਹੀ ਸੀ ਤੇ ਕਿਸੇ ਵੀ ਦਰਸ਼ਕ ਨੂੰ ਗੱਡੀ ਪਾਰਕ ਕਰਨ ਦੀ ਕੋਈ ਦਿੱਕਤ ਨਹੀਂ ਆਈ। ਚੇਤੇ ਰਹੇ, ਜਿਸ ਥਾਂ ਪਹਿਲਾਂ ਮੇਲੇ ਹੁੰਦੇ ਆਏ ਹਨ, ਉਥੇ ਅਕਸਰ ਲੋਕਾਂ ਨੂੰ ਕਾਰਾਂ ਪਾਰਕ ਕਰਨ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਤੇ ਦੇਰ ਨਾਲ ਆਉਂਦੇ ਦਰਸ਼ਕਾਂ ਨੂੰ ਆਪਣੀਆਂ ਕਾਰਾਂ ਦੂਰ ਪਾਰਕ ਕਰਨ ਜਾਣ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਅਜਿਹੀ ਕੋਈ ਸ਼ਿਕਾਇਤ ਕਿਸੇ ਦਰਸ਼ਕ ਤੋਂ ਸੁਣਨ ਲਈ ਨਹੀਂ ਮਿਲੀ; ਪਰ ਇਹ ਜ਼ਰੂਰ ਵੇਖਿਆ ਗਿਆ ਕਿ ਕੁਝ ਲੋਕਾਂ ਨੇ ਆਪਣੀਆਂ ਗੱਡੀਆਂ ਟੇਢੇ ਰੁਖ ਪਾਰਕ ਕੀਤੀਆਂ ਹੋਈਆਂ ਸਨ।
ਮੇਲੇ ਦੌਰਾਨ ਖਾਣਾ ਮਿਲਵਾਕੀ ਤੋਂ ‘ਟੇਸਟ ਆਫ ਇੰਡੀਆ’ ਦੇ ਮਨਜੀਤ ਸਿੰਘ ਪਾਲੀਆ ਵੱਲੋਂ ਪਰੋਸਿਆ ਜਾ ਰਿਹਾ ਸੀ। ਉਨ੍ਹਾਂ ਦੀ ਟੀਮ ਪੂਰੀ ਫੁਰਤੀ ਨਾਲ ਖਾਣਾ ਤਿਆਰ ਕਰ ਰਹੀ ਸੀ। ਮੇਲਾ ਸ਼ੁਰੂ ਹੁੰਦਿਆਂ ਹੀ ਆਏ ਮਹਿਮਾਨਾਂ/ਦਰਸ਼ਕਾਂ ਦੀ ਖਿਦਮਤ ਵਿੱਚ ਮਸਾਲੇਦਾਰ ਚਾਹ, ਕੜਕ ਤੇ ਤਾਜ਼ੇ ਪਕੌੜੇ ਅਤੇ ਗੁਲਾਬ ਜਾਮਣਾਂ ਹਾਜ਼ਰ ਸਨ। ਇਸ ਤੋਂ ਇਲਾਵਾ ਦੁਪਹਿਰ ਦੇ ਖਾਣੇ ਵਿੱਚ ਪਰੌਂਠਿਆਂ ਦੇ ਨਾਲ ਨਾਲ ਕਈ ਤਰ੍ਹਾਂ ਦੇ ਪਕਵਾਨ ਦਰਸ਼ਕਾਂ ਦੀ ਸੇਵਾ ਹਿੱਤ ਵਰਤ ਹੋ ਰਹੇ ਸਨ। ਚਿਕਨ, ਬੱਕਰੇ ਦਾ ਮੀਟ, ਦਾਲ, ਚੌਲ, ਫਰਾਈ ਮੱਛੀ ਸਮੇਤ ਖਾਦ ਪਦਾਰਥ ਖੁੱਲ੍ਹੇ ਵਰਤ ਹੋ ਰਹੇ ਸਨ। ਸਟੇਜ ਦੇ ਪਿਛਲੇ ਪਾਸੇ ਲੱਗੇ ‘ਵਿਸ਼ੇਸ਼ ਟੈਂਟ’ ਵੱਲ ਨੂੰ ਬਹੁਤੇ ਦਰਸ਼ਕਾਂ ਦੇ ਪੈਰ ਆਪ-ਮੁਹਾਰੇ ਗਤੀਮਾਨ ਸਨ।
ਮੇਲੇ ਦੀ ਖਾਸੀਅਤ ਰਹੀ ਕਿ ਗਾਇਕ ਗੁਲਾਬ ਸਿੱਧੂ ਨੂੰ ਗਾਉਣ ਦਾ ਖੁੱਲ੍ਹਾ ਸਮਾਂ ਮਿਲ ਗਿਆ ਸੀ। ਉਂਜ ਪਿਛਲੇ ਕੁਝ ਮੇਲਿਆਂ ਦੌਰਾਨ ਕਬੱਡੀ ਦੇ ਮੈਚ ਦੇਰ ਨਾਲ ਸਮਾਪਤ ਹੋਣ ਕਰਕੇ ਗਾਇਕਾਂ ਨੂੰ ਗਾਉਣ ਦਾ ਸਮਾਂ ਘੱਟ ਮਿਲਦਾ ਰਿਹਾ ਹੈ। ਸਟੇਜ ‘ਤੇ ਆਉਂਦਿਆਂ ਹੀ ਗੁਲਾਬ ਸਿੱਧੂ ਨੇ ਇੱਕ ਪਿੱਛੋਂ ਇੱਕ ਗੀਤ ਗਾ ਕੇ ਦਰਸ਼ਕਾਂ ਦਾ ਧਿਆਨ ਖਿੱਚ ਲਿਆ। ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਅਤੇ ਉਸ ਦਾ ਗੀਤ ‘ਡਾਲਰਾਂ ਵਾਂਗੂੰ ਨੀ, ਨਾਮ ਸਾਡਾ ਚੱਲਦਾ’ ਗੀਤ ਵੀ ਗਾਇਆ। ਆਪਣੇ ਚਰਚਿਤ ਗੀਤਾਂ ਦੇ ਨਾਲ ਨਾਲ ਗੁਲਾਬ ਸਿੱਧੂ ਨੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਏ ਦਾ ਗੀਤ ‘ਦੁਪੱਟਾ ਤੇਰਾ ਸੱਤ ਰੰਗ ਦਾ’ ਸਮੇਤ ਹੋਰ ਨਾਮੀ ਪੁਰਾਣੇ ਗਾਇਕਾਂ ਦੇ ਗੀਤ ਵੀ ਗਾਏ। ਅਸਲ ਵਿੱਚ ਗੁਲਾਬ ਸਿੱਧੂ ਦੇ ਗੀਤ ਜ਼ਿਆਦਾਤਰ ਨਵੀਂ ਮੁੰਢ੍ਹੀਰ ਦੇ ਪਸੰਦੀਦਾ ਹਨ, ਪਰ ਕਬੱਡੀ ਮੇਲੇ ਦੌਰਾਨ ਉਨ੍ਹਾਂ ਦਰਸ਼ਕਾਂ ਦੀ ਗਿਣਤੀ ਕਾਫੀ ਸੀ, ਜੋ ਪੁਰਾਣੇ ਗਾਇਕਾਂ ਦੇ ਗੀਤ ਸੁਣਨਾ ਲੋਚਦੇ ਹਨ। ਗੁਲਾਬ ਸਿੱਧੂ ਨੇ ਦੋਹਾਂ ਤਰ੍ਹਾਂ ਦੇ ਸਰੋਤਿਆਂ ਲਈ ਗੀਤ ਪੇਸ਼ ਕੀਤੇ, ਪਰ ਸਪੀਕਰਾਂ ਦੀ ਉਚੀ ਆਵਾਜ਼ ਦਾ ਕਈਆਂ ਨੇ ਨੋਟਿਸ ਲਿਆ ਅਤੇ ਸ਼ਿਕਾਇਤ ਕੀਤੀ ਕਿ ਆਵਾਜ਼ ਘੱਟ ਰੱਖੀ ਜਾਂਦੀ ਤਾਂ ਗਾਇਕ ਦੇ ਬੋਲ ਵਧੇਰੇ ਸਪਸ਼ਟ ਸੁਣਨੇ ਸਨ ਤੇ ਆਵਾਜ਼ ਪ੍ਰਦੂਸ਼ਣ ਤੋਂ ਵੀ ਬਚਾਅ ਰਹਿੰਦਾ। ਗੀਤ-ਸੰਗੀਤ ਦੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਰਿਐਲਟਰ ਜਗਮੀਤ (ਜੈਸੀ) ਸਿੰਘ ਨੇ ਵੀ ਗੀਤ ਗਾ ਕੇ ਹਾਜ਼ਰੀ ਲੁਆਈ।
ਅਕਸਰ ਖੇਡ ਮੇਲਿਆਂ ਦੌਰਾਨ ਉਦੋਂ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਗਾਇਕੀ ਦੇ ਦੌਰ ਦੌਰਾਨ ਕੁਝ ਲੋਕ ਸਟੇਜ ‘ਤੇ ਚੜ੍ਹ ਜਾਣ ਨੂੰ ਕਾਹਲੀ ਕਰਨ ਲੱਗ ਪੈਂਦੇ ਹਨ। ਪ੍ਰਬੰਧਕ ਚਾਹੁੰਦਿਆਂ ਵੀ ਕੁਝ ਅਜਿਹੇ ਸਰੋਤਿਆਂ ਨੂੰ ਸਟੇਜ ‘ਤੇ ਚੜ੍ਹਨ ਤੋਂ ਨਹੀਂ ਰੋਕ ਪਾਉਂਦੇ, ਜੋ ਉਨ੍ਹਾਂ ਦੇ ਸਿਫਾਰਸ਼ੀ ਹੁੰਦੇ ਹਨ ਜਾਂ ਸਪਾਂਸਰ ਹੁੰਦੇ ਹਨ। ਇਸ ਨਾਲ ਸਟੇਜ ‘ਤੇ ਖਲਲ ਜਿਹਾ ਪੈਣ ਲੱਗ ਜਾਂਦਾ ਹੈ ਅਤੇ ਗਾਇਕੀ ਦਾ ਅਨੰਦ ਮਾਣਦੇ ਲੋਕਾਂ ਦੇ ਮੂਡ ਦੀ ਕਿਰਕਿਰੀ ਹੋ ਜਾਂਦੀ ਹੈ। ਉਂਜ ਗੁਲਾਬ ਸਿੱਧੂ ਦੇ ਗੀਤਾਂ `ਤੇ ਸਟੇਜ ਉਤੇ ਛਟਾਂਕ ਜਿਹੇ ਸਰੀਰ ਦੇ ਗੱਭਰੂ ਦਾ ਭੰਗੜਾ ਧਿਆਨ ਖਿੱਚ ਰਿਹਾ ਸੀ। ਜਿਸ ਤਰ੍ਹਾਂ ਕਿ ਆਮ ਪੰਜਾਬੀ ਮੇਲਿਆਂ ਵਿੱਚ ਹੁੰਦਾ ਹੈ, ਇਸ ਮੇਲੇ ਵਿੱਚ ਵੀ ਦਾਰੂ ਦਾ ਖੁੱਲ੍ਹਾ ਦੌਰ ਚੱਲ ਰਿਹਾ ਸੀ। ਕੁਝ ਲੋਕ ਤਾਂ ਪੂਰੀ ਲੋਰ ਵਿੱਚ ਸਨ ਅਤੇ ਗੁਲਾਬ ਸਿੱਧੂ ਦੇ ਗੀਤਾਂ ਉਤੇ ਨੱਚ ਵੀ ਰਹੇ ਸਨ। ਸਟੇਜ ਦੇ ਇੱਕ ਪਾਸੇ ਕੁਝ ਬੀਬੀਆਂ ਦਾ ਗਰੁੱਪ ਵੀ ਨੱਚ ਨੱਚ ਆਪਣਾ ਚਾਅ ਲਾਹ ਰਿਹਾ ਸੀ।
ਮੇਲੇ ਦੇ ਚੇਅਰਮੈਨ ਬੱਬੂ ਐਪਲਟਨ ਸਨ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਕਲੱਬ ਮੈਂਬਰਾਂ ਨੇ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਭਰਪੂਰ ਮਿਹਨਤ ਕੀਤੀ। ਮੇਲੇ ਦੇ ਮੁੱਖ ਮਹਿਮਾਨ ਅਮਰਜੀਤ ਸਿੰਘ ਢੀਂਡਸਾ ਤੇ ਲਖਬੀਰ ਸਿੰਘ ਢੀਂਡਸਾ ਸਨ। ਇਹ ਮੇਲਾ ਕਲੱਬ ਦੇ ਮਰਹੂਮ ਮੈਂਬਰਾਂ- ਲਖਵਿੰਦਰ ਬਿਹਾਰੀਪੁਰੀ ਅਤੇ ਗੁਰਪ੍ਰੀਤ ਤੂਰ ਦੀ ਯਾਦ ਨੂੰ ਸਮਰਪਿਤ ਸੀ। ਕਲੱਬ ਦੇ ਪ੍ਰਧਾਨ ਹਨੀ ਖੰਗੂੜਾ ਤੇ ਮੀਤ ਪ੍ਰਧਾਨ ਕਮਲਜੀਤ ਸਿੰਘ ਘੁਮਾਣ ਸਮੇਤ ਦੀਪਇੰਦਰ ਸਿੰਘ ਵਿਰਕ, ਜਿੰਦਰ ਬੈਨੀਪਾਲ, ਬਲਜੀਤ ਟਿਵਾਣਾ, ਜਿੰਦੀ ਖੰਗੂੜਾ, ਹਰਪ੍ਰੀਤ ਗਿੱਲ, ਮਿੰਦਰ ਭੱਠਲ, ਜਗਜੀਤ ਨਾਹਲ, ਜੱਸੀ ਗਿੱਲ, ਪਿੰਦੀ ਛੀਨਾ, ਮਨਮੋਹਨ ਸਿੰਘ ਭੱਠਲ, ਵਿੱਕੀ ਸ਼ੰਮੀਪੁਰੀਆ ਤੇ ਹੋਰ ਮੋਹਰੀ ਮੈਂਬਰ ਆਪੋ-ਆਪਣੀਆਂ ਡਿਊਟੀਆਂ `ਤੇ ਮੁਸ਼ਤੈਦ ਸਨ।
ਸਟੇਜ ਦੇ ਇੱਕ ਪਾਸੇ ਜਦੋਂ ਕੁਝ ਲੋਕਾਂ ਦਰਮਿਆਨ ਤਲਖੀ ਵਾਲਾ ਮਾਹੌਲ ਬਣ ਗਿਆ ਤਾਂ ਢਾਣੀਆਂ ਬਣਾ ਕੇ ਖੜ੍ਹੇ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਚਲਾ ਗਿਆ। ਇਸ ਤਲਖ-ਕਲਾਮੀ ਵਿੱਚ ਇਕੱਲੇ ਨੌਜਵਾਨ ਹੀ ਸ਼ਾਮਲ ਨਹੀਂ ਸਨ, ਸਗੋਂ ਕੁਝ ਬੀਬੀਆਂ ਦੇ ਸ਼ੁਮਾਰ ਹੋ ਜਾਣ ਕਾਰਨ ਕਿਸੇ ਕੋਝੀ ਹਰਕਤ ਹੋ ਜਾਣ ਦਾ ਖਦਸ਼ਾ ਉਭਰ ਆਇਆ ਸੀ; ਪਰ ਅਜਿਹਾ ਉੱਕਾ ਹੀ ਨਹੀਂ ਸੀ। ਉਂਜ ਗੱਲ ਤੂੰ-ਤੂੰ, ਮੈਂ-ਮੈਂ ਤੋਂ ਵਧ ਕੇ ਗਾਲ੍ਹ-ਮੰਦੇ ਤੱਕ ਪਹੁੰਚ ਗਈ ਸੀ। ਕੁਝ ਸੂਝਵਾਨ ਸੱਜਣ ਦੋਹਾਂ ਧਿਰਾਂ ਨੂੰ ਸ਼ਾਂਤ ਕਰ ਰਹੇ ਸਨ ਅਤੇ ਕੁਝ ਲੋਕਾਂ ਨੇ ਮੌਕੇ ਤੋਂ ਖਿਸਕ ਜਾਣ ਵਿੱਚ ਹੀ ਬਿਹਤਰੀ ਸਮਝੀ ਕਿ ਕਿਤੇ ਕੋਈ ਉਨੀ-ਇੱਕੀ ਨਾ ਹੋ ਜਾਵੇ। ਮਾਮਲਾ ਕੁਝ-ਕੁਝ ਹੱਥੋਪਾਈ ਤੱਕ ਅੱਪੜ ਗਿਆ ਸੀ ਅਤੇ ‘ਭੱਜਦਿਆਂ ਨੂੰ ਵਾਹਣ ਇੱਕੋ ਜਿਹੇ’ ਦਾ ਦ੍ਰਿਸ਼ ਵੇਖ ਕੇ ਕੁਝ ਦਰਸ਼ਕ ਸਕਤੇ ਵਿੱਚ ਵੀ ਆ ਗਏ ਸਨ। ਇੰਨੇ ਨੂੰ ਸੁਰੱਖਿਆ ਅਤੇ ਪੁਲਿਸ ਮੁਲਾਜ਼ਮਾਂ ਦੇ ਪਹੁੰਚਣ ਨਾਲ ਗੱਲ ਵੱਡੇ ਪੱਧਰ `ਤੇ ਵਧ ਜਾਣ ਤੋਂ ਬਚਾਅ ਰਿਹਾ, ਯਾਨਿ ਮੇਲੇ `ਚ ‘ਬੀਅ ਦਾ ਲੇਖਾ’ ਪੈਂਦਾ ਪੈਂਦਾ ਬਚਿਆ। ਬਾਅਦ ਵਿੱਚ ਪੁਲਿਸ ਮੁਲਾਜ਼ਮ ਕੁਝ ਲੋਕਾਂ ਤੋਂ ਪੁੱਛ-ਗਿੱਛ ਕਰਦੇ ਨਜ਼ਰ ਆਏ।
ਮੇਲੇ ਦੌਰਾਨ ਸਥਾਨਕ ਸੱਭਿਆਚਾਰਕ ਸੰਸਥਾਵਾਂ- ਪੰਜਾਬੀ ਕਲਚਰਲ ਸੁਸਾਇਟੀ (ਪੀ.ਐਚ.ਓ.) ਸ਼ਿਕਾਗੋ, ਸ਼ੇਰ-ਏ-ਪੰਜਾਬ ਸਪੋਰਟਸ ਐਂਡ ਹੈਰੀਟੇਜ ਕਲੱਬ (ਮਿਡਵੈਸਟ) ਸ਼ਿਕਾਗੋ, ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਸਿਨਸਿਨੈਟੀ (ਓਹਾਇਓ), ਪੰਜਾਬੀ ਅਮੈਰਿਕਨ ਔਰਗੇਨਾਈਜੇਸ਼ਨ (ਪੀ.ਏ.ਓ.) ਸ਼ਿਕਾਗੋ, ਪੰਜਾਬੀ ਅਮੈਰਿਕਨ ਯੂਥ ਕਲੱਬ ਇੰਡੀਆਨਾ, ਪੰਜਾਬ ਸਪੋਰਟਸ ਕਲੱਬ ਸ਼ਿਕਾਗੋ, ਪੰਜਾਬੀ ਹੈਰੀਟੇਜ ਔਰਗੇਨਾਈਜੇਸ਼ਨ (ਪੀ.ਐਚ.ਓ.) ਸ਼ਿਕਾਗੋ, ਪੰਜਾਬੀ ਕਮਿਊਨਿਟੀ ਔਰਗੇਨਾਈਜੇਸ਼ਨ (ਪੀ.ਸੀ.ਓ.) ਮਿਲਵਾਕੀ, ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ (ਸਾਊਥ ਬੈਂਡ, ਇੰਡੀਆਨਾ), ਗੁਰੂ ਲਾਧੋ ਰੇ ਸੇਵਾ ਸੁਸਾਇਟੀ ਬਾਬਾ ਮੱਖਣ ਸ਼ਾਹ ਲੁਬਾਣਾ (ਵਿਸਕਾਨਸਿਨ) ਸਮੇਤ ਹੋਰਨਾਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਸ਼ਿਕਾਗੋਲੈਂਡ ਤੋਂ ਇਲਾਵਾ ਨੇੜਲੀਆਂ ਸਟੇਟਾਂ ਤੋਂ ਵੀ ਦਰਸ਼ਕ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *