*ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ
ਜਸਵੀਰ ਸਿੰਘ ਸ਼ੀਰੀ
ਜਲੰਧਰ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਵੱਲੋਂ ਪਹਿਲਾਂ ਉਮੀਦਵਾਰ ਐਲਾਨੀ ਗਈ ਤੇ ਬਾਅਦ ਵਿੱਚ ਲਾਵਾਰਸ ਛੱਡ ਦਿੱਤੀ ਗਈ ਸੁਰਜੀਤ ਕੌਰ ਦੇ ਯੂ-ਟਰਨ ਘਟਨਾਕ੍ਰਮ ਨਾਲ ਨਵੀਂ ਕਿਸਮ ਦੀ ਚਰਚਾ ਛਿੜ ਪਈ ਹੈ। ਚੇਤੇ ਰਹੇ, ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ। ਲੰਘੇ ਮੰਗਲਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਰੂਪ ਵਿੱਚ ਉਸ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ, ਪਰ ਸ਼ਾਮ ਪੈਂਦਿਆਂ ਹੀ ਉਹ ਮੁੜ ਅਕਾਲੀ ਦਲ ਦੇ ਕਥਿਤ ਬਾਗੀ ਧੜੇ ਵਿੱਚ ਸ਼ਾਮਲ ਹੋ ਗਈ।
ਯਾਦ ਰਹੇ, ਬੀਬੀ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਆਪਣੇ ਪਰਿਵਾਰ ਸਮੇਤ ਜਿਸ ਇਲਾਕੇ ਵਿੱਚ ਰਹਿੰਦੇ ਹਨ, ਉਥੇ ਉਨ੍ਹਾਂ ਦਾ ਭਾਈਚਾਰਾ (ਰਾਜਪੂਤ ਸਿੱਖ) ਵੱਡੀ ਗਿਣਤੀ ਵਿੱਚ ਵੱਸਦਾ ਹੈ। ਇਹ ਲੋਕ 1947 ਵਿੱਚ ਪਾਕਿਸਤਾਨ ਵੱਲੋਂ ਇਥੇ ਆਏ ਸਨ। ਇਸ ਖੇਤਰ ਵਿੱਚ ਇਨ੍ਹਾਂ ਦੇ ਆਪਣੇ ਗੁਰੂ ਘਰ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਅਕਾਲੀ ਦਲ ਨਾਲ ਜੁੜੇ ਰਹੇ ਹਨ। ਖੁਦ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਜਥੇਦਾਰ ਪ੍ਰੀਤਮ ਸਿੰਘ ਆਪਣੇ ਭਾਈਚਾਰੇ ਵਿੱਚ ਬੱਝੇ ਹੋਏ ਲੀਡਰ ਹਨ। ‘ਆਪ’ ਨੂੰ ਇਸ ਤਬਦੀਲੀ ਦਾ ਮੌਜੂਦਾ ਚੋਣਾਂ ਵਿੱਚ ਫਾਇਦਾ ਹੋਣਾ ਸੀ ਅਤੇ ਲੰਮੇ ਦਾਅ ਤੋਂ, ਆਪਣੇ ਬੱਝਵੇਂ ਕਾਡਰ ਦੀ ਉਸਾਰੀ ਦੇ ਨਿਸ਼ਾਨੇ ਤੋਂ ਵੀ ‘ਆਪ’ ਲਈ ਇਹ ਦਲਬਦਲੀ ਬੇਹਦ ਲਾਹੇਵੰਦ ਸਿੱਧ ਹੋਣੀ ਸੀ, ਕਿਉਂਕਿ ਸੁਰਜੀਤ ਕੌਰ ਦਾ ਆਮ ਆਦਮੀ ਪਾਰਟੀ ਵਿੱਚ ਜਾਣਾ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੇ ਕਾਡਰ ਦਾ ‘ਆਪ’ ਵੱਲ ਖਿਸਕ ਜਾਣਾ ਸੀ।
ਇਥੇ ਜ਼ਿਕਰਯੋਗ ਹੈ ਕਿ ਅਕਾਲੀ ਦਲ ਦਾ ਬਾਗੀ ਧੜਾ ਬੀਤੇ ਕੁਝ ਦਿਨਾਂ ਤੋਂ ਜ਼ੋਰਦਾਰ ਸਰਗਰਮੀ ਕਰ ਰਿਹਾ ਹੈ। ਇਸ ਧੜੇ ਦੇ ਆਗੂਆਂ ਨੇ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਅਕਾਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਦੀ ਗਲ ਵਿੱਚ ਪੱਲਾ ਪਾ ਕੇ ਮੁਆਫੀ ਲਈ ਆਪਣੀ ਆਰਜ਼ੀ ਦੇ ਦਿੱਤੀ ਹੈ। ਇਸ ਅਰਜ਼ੀ ਵਿੱਚ ਉਨ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਆਪਣੇ ਰਾਜਕਾਲ ਦੌਰਾਨ ਹੋਈਆਂ ਚਾਰ ਗੰਭੀਰ ਗਲਤੀਆਂ ਲਈ ਸਜ਼ਾ ਦੀ ਵੀ ਮੰਗ ਕਰ ਲਈ। ਇਹ ਮਾਮਲਾ ਹੁਣ ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖਤ ਸਾਹਿਬ ਦੀ ਅਦਾਲਤ ਵਿੱਚ ਹੈ। ਜਥੇਦਾਰ ਸਾਹਿਬ ਬਾਗੀ ਅਕਾਲੀਆਂ ਨੂੰ ਸਜ਼ਾ ਦਾ ਮਾਮਲਾ ਜਲਦੀ ਨਬੇੜ ਦਿੰਦੇ ਹਨ ਜਾਂ ਇਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਅਗਵਾਈ ਵਾਲੇ ਧੜੇ ਦੇ ਪ੍ਰਭਾਵ ਹੇਠ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਜਾਂਦਾ ਹੈ, ਆਉਣ ਵਾਲਾ ਸਮਾਂ ਹੀ ਬੇਹਤਰ ਦੱਸੇਗਾ। ਉਂਝ ਅਕਾਲੀ ਦਲ ਵਿੱਚ ਬਖੇੜੇ ਜਿੰਨੀ ਜਲਦੀ ਨਿੱਬੜਨਗੇ, ਅਕਾਲੀ ਦਲ ਵਿੱਚੋਂ ਉਸ ਦੇ ਕਾਡਰ ਦਾ ਕੇਰਾ ਉਨੀ ਹੀ ਛੇਤੀ ਰੁਕ ਸਕਦਾ ਹੈ। ਮੌਜੂਦਾ ਹਾਲਤ ਵਿੱਚ ਅਕਾਲੀ ਦਲ ਦੀ ਸਥਿਤੀ ਆਸਹੀਣ ਬਣੀ ਹੋਈ ਹੈ। ਹਾਲਾਤ ਇਹ ਹੈ ਕਿ ਅਕਾਲੀ ਦਲ ਵੱਲੋਂ ਇਸ ਸੰਕਟ ਦੀ ਘੜੀ ਚੁੱਕਿਆ ਜਾ ਰਿਹਾ ਹਰ ਕਦਮ ਉਸ ਨੂੰ ਪੁੱਠਾ ਪੈ ਰਿਹਾ ਹੈ।
ਬੀਬੀ ਸੁਰਜੀਤ ਕੌਰ ਦੇ ‘ਆਪ’ ਦੇ ਹੱਕ ਵਿੱਚ ਜਲੰਧਰ ਪੱਛਮੀ ਦੀ ਚੋਣ ਜੰਗ ਵਿੱਚੋਂ ਪਾਸੇ ਹੋ ਜਾਣ ਨਾਲ ਇਹ ਮੁਕਾਬਲਾ 5 ਦੀ ਥਾਂ ਚਾਰ ਕੋਣਾ ਰਹਿ ਗਿਆ ਸੀ, ਪਰ ਉਨ੍ਹਾਂ ਦੇ ਯੂ-ਟਰਨ ਨਾਲ ਸਥਿਤੀ ਬਦਲ ਗਈ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਇਹ ਚੋਣ ਸ਼ੀਤਲ ਅੰਗੁਰਾਲ ਲੜ ਰਹੇ ਹਨ, ਜਦਕਿ ਮਹਿੰਦਰ ਭਗਤ ‘ਆਪ’ ਵੱਲੋਂ ਉਮੀਦਵਾਰ ਹਨ। ਆਪਣੇ ਇਲਾਕੇ ਤੋਂ ਮਿਊਂਸਪਲ ਕੌਂਸਲਰ ਰਹੀ ਬੀਬੀ ਸੁਰਿੰਦਰ ਕੌਰ ਕਾਂਗਰਸ ਪਾਰਟੀ ਵੱਲੋਂ ਅਤੇ ਬਸਪਾ ਵੱਲੋਂ ਭਿੰਦਰ ਸਿੰਘ ਲਾਖਾ ਇਸ ਚੋਣ ਵਿੱਚ ਉਮੀਦਵਾਰ ਹਨ। ਵੋਟਾਂ ਦਾ ਦਿਨ ਨੇੜੇ ਆਉਣ ਕਾਰਨ ਸਾਰੀਆਂ ਪਾਰਟੀਆਂ ਨੇ ਇਸ ਚੋਣ ਵਿੱਚ ਆਪਣਾ ਸਾਰਾ ਕੁਝ ਦਾਅ ‘ਤੇ ਲਾ ਦਿੱਤਾ ਹੈ। ਕਾਂਗਰਸ, ‘ਆਪ’ ਅਤੇ ਭਾਜਪਾ- ਤਿੰਨੋ ਵੱਡੀਆਂ ਪਾਰਟੀਆਂ ਦੇ ਸੀਨੀਅਰ ਲੀਡਰ ਚੋਣ ਮੁਹਿੰਮ ਵਿੱਚ ਉਤਰ ਆਏ ਹਨ। ਤਿੰਨਾਂ ਧਿਰਾਂ ਵੱਲੋਂ ਆਪੋ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੇ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ। ‘ਆਪ’ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਇਸ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਜਦੋਂਕਿ ਕਾਂਗਰਸ ਪਾਰਟੀ ਵੱਲੋਂ ਹੁਣੇ ਜਿਹੇ ਜਲੰਧਰ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤਣ ਵਾਲੇ ਚਰਨਜੀਤ ਸਿੰਘ ਚੰਨੀ ਚੋਣ ਮਹਿੰਮ ਦੀ ਅਗਵਾਈ ਕਰ ਰਹੇ ਹਨ। ਉਧਰ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਕ ਵਿੱਚ ਵੀ ਭਾਜਪਾ ਦੇ ਸੀਨੀਅਰ ਲੀਡਰ ਗਜੇਂਦਰ ਸਿੰਘ ਸ਼ੇਖਾਵਤ, ਅਨੁਰਾਗ ਠਾਕੁਰ, ਵਿਜੈ ਰੂਪਾਨੀ, ਰਵਨੀਤ ਸਿੰਘ ਬਿੱਟੂ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰ ਜੈ ਰਾਮ ਠਾਕੁਰ ਮੋਰਚਾ ਮੱਲਣ ਜਾ ਰਹੇ ਹਨ।
ਚਰਨਜੀਤ ਸਿੰਘ ਚੰਨੀ ਨੇ ਭਾਵੇਂ ਹਾਲ ਹੀ ਵਿੱਚ ਜਲੰਧਰ ਲੋਕ ਸਭਾ ਸੀਟ ਇੱਕ ਲੱਖ 75 ਹਜ਼ਾਰ ਵੋਟਾਂ ਨਾਲ ਜਿੱਤੀ ਸੀ, ਪਰ ਜਲੰਧਰ ਪੱਛਮੀ ਤੋਂ ਉਨ੍ਹਾਂ ਦੀ ਲੀਡ ਸਿਰਫ 1557 ਵੋਟਾਂ ਦੀ ਸੀ। ਇਸ ਤਰ੍ਹਾਂ ਇਥੇ ਹੁਣ ਇੱਕ ਤਰ੍ਹਾਂ ਨਾਲ ਕੁੰਢੀਆਂ ਦੇ ਸਿੰਘ ਫਸੇ ਹੋਏ ਹਨ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਰਾਜਾ ਅਮਰਿੰਦਰ ਸਿੰਘ ਵੜਿੰਗ, ਰਾਜ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ ਕੈਂਡੀਡੇਟ ਦੇ ਪੱਖ ਵਿੱਚ ਡਟੇ ਹੋਏ ਹਨ। ਮੁੱਖ ਮੰਤਰੀ ਤੋਂ ਇਲਾਵਾ ‘ਆਪ’ ਦੇ ਵੀ ਕਈ ਸੀਨੀਅਰ ਆਗੂ ਇਥੇ ਚੋਣ ਮੁਹਿੰਮ ਵਿੱਚ ਹਨ। ਅਕਾਲੀ ਦਲ ਦੇ ਬਾਦਲ ਧੜੇ ਨੇ ਸੁਰਜੀਤ ਕੌਰ ਤੋਂ ਆਪਣੀ ਹਮਾਇਤ ਵਾਪਸ ਲੈਣ ਤੋਂ ਬਾਅਦ ਬਸਪਾ ਦੇ ਕੈਂਡੀਡੇਟ ਭਿੰਦਰ ਸਿੰਘ ਲੱਖਾ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ। ਚਾਰ ਪ੍ਰਮੁੱਖ ਉਮੀਦਵਾਰਾਂ ਸਮੇਤ ਜਲੰਧਰ ਪੱਛਮੀ ਵਿੱਚ ਕੁੱਲ 14 ਉਮੀਦਵਾਰ ਚੋਣ ਲੜ ਰਹੇ ਹਨ, ਪਰ ਮੁੱਖ ਮੁਕਾਬਲਾ ਆਮ ਆਦਮੀ, ਕਾਂਗਰਸ ਅਤੇ ਭਾਜਪਾ ਵਿਚਾਲੇ ਹੀ ਹੈ। ਤਿੰਨਾਂ ਪਾਰਟੀਆਂ ਦਾ ਅੱਡੀ ਚੋਟੀ ਦਾ ਜੋਰ ਲੱਗ ਰਿਹਾ ਹੈ। ਆਪਣੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ‘ਤੇ ਮੋਹਰ ਲਵਾਉਣ ਦੇ ਮਕਸਦ ਨਾਲ ‘ਆਪ’ ਲਈ ਇਹ ਸੀਟ ਬੇਹੱਦ ਮਹੱਤਵਪੂਰਨ ਹੈ; ਜਦਕਿ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਇਸੇ ਖੇਤਰ ਤੋਂ ‘ਆਪ’ ਦੇ ਅਸੈਂਬਲੀ ਮੈਂਬਰ ਸਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਅਸਤੀਫਾ ਦੇ ਕੇ ਭਾਜਪਾ ਵਿੱਚ ਗਏ ਸਨ। ਉਨ੍ਹਾਂ ਬਾਅਦ ਵਿੱਚ ਅਸਤੀਫਾ ਵਾਪਸ ਲੈਣ ਦਾ ਯਤਨ ਕੀਤਾ, ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ। ਇਸੇ ਕਾਰਨ ਇਸ ਸੀਟ ‘ਤੇ ਜ਼ਿਮਨੀ ਚੋਣ ਕਰਵਾਉਣੀ ਪਈ। ਇਸ ਲਈ ਉਨ੍ਹਾਂ ਲਈ ਵੀ ਇਸ ਸੀਟ ਦੇ ਖਾਸ ਮਾਅਨੇ ਹਨ; ਜਦਕਿ ਮਹਿੰਦਰ ਭਗਤ ਇਸ ਖੇਤਰ ਵਿੱਚ ਆਪਣਾ ਤਕੜਾ ਆਧਾਰ ਰੱਖਦੇ ਹਨ, ਇਸ ਲਈ ਉਨ੍ਹਾਂ ਲਈ ਵੀ ਇਸ ਸੀਟ ਨੂੰ ਜਿੱਤਣਾ ਘੱਟ ਮਹੱਤਵਪੂਰਨ ਨਹੀਂ ਹੈ। ਇਹ ਸੀਟ ਕਿਸ ਪਾਰਟੀ ਦੇ ਪੱਖ ਵਿੱਚ ਜਾਂਦੀ ਹੈ, ਇਸ ਦਾ ਪਤਾ ਅਸਲ ਵਿੱਚ ਆਉਂਦੇ ਕੁਝ ਦਿਨਾਂ ਵਿਚਲੀ ਚੋਣ ਮੁਹਿੰਮ ਦੀ ਤਾਸੀਰ ਦੀ ਪਰਖ ਤੋਂ ਲੱਗ ਜਾਵੇਗਾ।