ਉੱਤਮਵੀਰ ਸਿੰਘ ਦਾਊਂ ਦਾ ਸਰੋਦੀ ਗੀਤ-ਸੰਗ੍ਰਹਿ: ਮੁਹੱਬਤ ਦੀ ਜਲਧਾਰਾ

ਆਮ-ਖਾਸ ਸਾਹਿਤਕ ਤੰਦਾਂ

ਉੱਤਮਵੀਰ ਸਿੰਘ ਦਾਊਂ ਸੂਖਮ ਅਹਿਸਾਸ ਵਾਲਾ ਕਵੀ/ਗੀਤਕਾਰ ਹੈ; ਮੈਨੂੰ ਉਹਦਾ ਸੁਭਾਅ ਬੇਸਣ ਦੀ ਬਰਫੀ ਜਿਹਾ ਨਰਮ ਤੇ ਮਿੱਠਾ ਮਿੱਠਾ ਜਾਪਿਆ। ਮੈਂ ਉਹਨੂੰ ਹਾਲ ਹੀ ਵਿੱਚ ਪੰਜਾਬ ਦੌਰੇ ਸਮੇਂ ਚੰਡੀਗੜ੍ਹ ਵਿਖੇ ‘ਟ੍ਰਿਬਿਊਨ’ ਦੇ ਦਫਤਰ ਮਿਲਿਆ। ਉਹ ‘ਪੰਜਾਬੀ ਟ੍ਰਿਬਿਊਨ’ ਦਾ ਪ੍ਰਕਾਸ਼ਮਾਨ ਦਾਹੜੇ ਅਤੇ ਸੋਹਣੀ ਸੂਰਤ ਤੇ ਸਾਫ਼-ਸ਼ਫ਼ਾਫ਼ ਸੀਰਤ ਵਾਲਾ ਮੁਲਾਜ਼ਮ ਹੈ। ਉੱਤਮਵੀਰ ਨਾਲ ਟ੍ਰਿਬਿਊਨ ਦੀ ਕੈਨਟੀਨ ਵਿੱਚ ਬੈਠਿਆਂ ਚਾਹ ਨਾਲ ਬੇਸਣ ਦੀ ਬਰਫੀ ਖਾਣ ਸਮੇਂ ਮੈਨੂੰ ਵੀਹ-ਇੱਕੀ ਸਾਲ ਪਹਿਲਾਂ ਲੱਗੇ ਟ੍ਰਿਬਿਊਨ ਦਫਤਰ ਦੇ ਗੇੜੇ ਯਾਦ ਆ ਗਏ।

ਪਹਿਲੀ ਵਾਰ ਮੈਂ ਟ੍ਰਿਬਿਊਨ ਕੈਨਟੀਨ ਦੀ ਬੇਸਣ ਦੀ ਬਰਫੀ ਤਤਕਾਲੀ ਮੁਲਾਜ਼ਮ ਬਲਵਿੰਦਰ ਸਿੰਘ ਜੰਮੂ (ਜ਼ੀਰਕਪੁਰ) ਨਾਲ ਖਾਧੀ ਸੀ। ਫਿਰ ਇਹ ਸਬੱਬ ਸੰਪਾਦਕ ਸ. ਹਰਭਜਨ ਹਲਵਾਰਵੀ ਦੇ ਦਫਤਰ ਵਿੱਚ ਪੰਜਾਬੀ ਟ੍ਰਿਬਿਊਨ ਦੀ ਜ਼ੀਰਕਪੁਰ ਤੋਂ ਪੱਤਰਕਾਰੀ ਲਈ ਨਿਯੁਕਤੀ ਪੱਤਰ ਲੈਣ ਗਏ ਸਮੇਂ ਬਣਿਆ। ਮੈਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਪਹਿਲਾਂ ਸ. ਹਲਵਾਰਵੀ ਨੇ ਚਾਹ ਨਾਲ ਬੇਸਣ ਦੀ ਬਰਫੀ ਦਾ ਆਰਡਰ ਦੇ ਦਿੱਤਾ ਸੀ। ਫਿਰ ਸਮੇਂ ਸਮੇਂ ਰਹੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕਾਂ- ਸ. ਸ਼ੰਗਾਰਾ ਸਿੰਘ ਭੁੱਲਰ ਤੇ ਸ. ਸਿੱਧੂ ਦਮਦਮੀ ਨਾਲ ਉਨ੍ਹਾਂ ਦੇ ਦਫਤਰ `ਚ ਬੈਠ ਕੇ ਚਾਹ ਨਾਲ ਬੇਸਣ ਦੀ ਬਰਫੀ ਖਾਣ ਦਾ ਸਬੱਬ ਬਣਿਆ। ਪਤਾ ਨਹੀਂ ਕਿੰਨੀ ਹੀ ਵਾਰ ਇਹ ਸਬੱਬ ਬਣਦਾ ਰਿਹਾ। ‘ਪੰਜਾਬੀ ਟ੍ਰਿਬਿਊਨ’ ਨਾਲ ਸਬੰਧਤ ਕਿਸੇ ਵੀ ਕੰਮ ਲਈ ਗਏ ਹੋਣ ਸਮੇਂ ਮੈਂ ਅਕਸਰ ਚਾਹ ਨਾਲ ਬੇਸਣ ਦੀ ਬਰਫੀ ਖਾ ਆਉਂਦਾ ਸੀ; ਮੇਰੇ ਮੂੰਹ ਜੋ ਲੱਗ ਗਈ ਸੀ…! ਖੈਰ, ਉੱਤਮਵੀਰ ਦੇ ਨਾਲ ਨਾਲ ਹੋਰਾਂ ਪੁਰਾਣੇ ਸਾਥੀਆਂ/ਸੀਨੀਅਰਾਂ ਨਾਲ ਵੀ ਮੁਲਾਕਾਤ ਤੇ ਗੱਲਾਂਬਾਤਾਂ ਹੋਈਆਂ। “ਹੁਣ ਅਸੀਂ ਡੌਨ ਬਣ ਗਏ” ਉੱਤਮਵੀਰ ਨੇ ਇਹ ਬੋਲ ਉਦੋਂ ਕਹੇ, ਜਦੋਂ ਉਹ ਆਪਣਾ ਸੈੱਲ ਫੋਨ ਨੰਬਰ ਮੈਨੂੰ ਦੱਸ ਰਿਹਾ ਸੀ। ਅਸਲ ਵਿੱਚ ਉਸ ਦਾ ਪਿੰਡ ਮੁਹਾਲੀ/ਖਰੜ ਨੇੜੇ ‘ਦਾਊਂ’ ਹੈ, ਅਤੇ ਮੇਰੇ ਫੋਨ ਵਿੱਚ ਉਸਦਾ ਨੰਬਰ ਦਰਜ ਕਰਨ ਸਮੇਂ ਉਹ ਆਪਣੇ ਪਿੰਡ ਦਾ ਨਾਂ ਅੰਗਰੇਜ਼ੀ ਵਿੱਚ ‘DAON’ ਦੱਸ ਰਿਹਾ ਸੀ। ਨਾਲ ਹੀ ਮਜ਼ਾਕੀਆ ਲਹਿਜ਼ੇ ਵਿੱਚ ਬੋਲਿਆ, “ਹੁਣ ਅਸੀਂ ਡੌਨ ਬਣ ਗਏ।” ਪੇਸ਼ ਹੈ, ਉੱਤਮਵੀਰ ਦੇ ਗੀਤ-ਸੰਗ੍ਰਹਿ ਬਾਰੇ ਪੰਜਾਬੀ ਦੇ ਨਾਮੀ ਕਵੀ ਪ੍ਰੋ. ਗੁਰਭਜਨ ਗਿੱਲ ਦਾ ਲੇਖ… –ਕੁਲਜੀਤ ਦਿਆਲਪੁਰੀ

ਪ੍ਰੋ. ਗੁਰਭਜਨ ਗਿੱਲ
ਫੋਨ +91-9872631199

ਪੰਜਾਬੀ ਕਵਿਤਾ ਦੀ ਅਨੰਤ ਸ਼ਕਤੀ ਸਰੋਦੀ ਕਵਿਤਾ ਵਿੱਚ ਵਿਦਮਾਨ ਹੈ। ਆਦਿ ਕਵੀ ਬਾਬਾ ਫ਼ਰੀਦ ਜੀ ਤੋਂ ਲੈ ਕੇ ਅੱਜ ਤੀਕ ਇਹ ਧਰਤੀ ਗੀਤ ਨੇ ਪਛਾਣੀ ਹੈ। ਧਰਤੀ ਹੱਸਦੀ, ਰੋਂਦੀ, ਚੁੱਪ ਕਰਾਉਂਦੀ, ਸੁਹਾਗ ਘੋੜੀਆਂ ਗਾਉਂਦੀ, ਕੀਰਨੇ ਪਾਉਂਦੀ, ਜੰਮਣ ਸਾਰ ਲੋਰੀਆਂ ਸੁਣਾਉਂਦੀ। ਸਰੋਦ ਦਾ ਪੱਲਾ ਕਦੇ ਨਹੀਂ ਛੱਡਦੀ।
ਮੇਰਾ ਪਰਪੱਕ ਵਿਸ਼ਵਾਸ ਹੈ, ਜੇ ਧਰਤ ਨੂੰ ਜ਼ੁਬਾਨ ਲੱਗੀ ਹੁੰਦੀ ਤਾਂ ਬੇਸੁਰਿਆਂ ਨੂੰ ਕਬਰ ਵੀ ਨਸੀਬ ਨਹੀਂ ਸੀ ਹੋਣੀ। ਇਹ ਜ਼ੁਬਾਨ ਹੁਣ ਵੀ ਬਿਰਖਾਂ, ਬੂਟਿਆਂ, ਪੌਣਾਂ, ਕਣੀਆਂ, ਚਾਨਣ, ਹਨੇਰੇ ਵਿੱਚ ਗੀਤ ਬਣ ਕੇ ਆਉਂਦੀ ਤੇ ਗਾਉਂਦੀ ਹੈ। ਉਨ੍ਹਾਂ ਸਿਰਜਕਾਂ ਨੂੰ ਸਲਾਮ! ਜਿਨ੍ਹਾਂ ਨੇ ਸਰੋਦ ਦਾ ਪੱਲਾ ਨਹੀਂ ਛੱਡਿਆ। ਸਾਡੇ ਤੋਂ ਪਹਿਲੇ ਕਾਵਿ-ਸਿਰਜਕਾਂ ਨੇ ਗੀਤ-ਕਾਵਿ ਨੂੰ ਜਿਸ ਗੰਭੀਰਤਾ ਨਾਲ ਸਿਰਜਿਆ ਤੇ ਨਿਭਾਇਆ, ਉਹ ਕਮਾਲ ਸੀ। ਸਾਡੇ ਨਿਕਟ ਸਮਕਾਲੀ ਕਾਫ਼ਲੇ ’ਚੋਂ ਹੀ ਉਨ੍ਹਾਂ ਸ਼ਾਇਰਾਂ ਨੂੰ ਹੀ ਲੋਕ ਪ੍ਰਵਾਨਗੀ ਮਿਲੀ ਹੈ, ਜਿਨ੍ਹਾਂ ਨੇ ਸਰੋਦ ਦਾ ਸਾਥ ਨਿਭਾਇਆ ਹੈ।
ਚੰਗੀ ਗੱਲ ਹੈ ਕਿ ਉੱਤਮਵੀਰ ਸਿੰਘ ਦਾਊਂ ਸਿਰਫ਼ ਸ਼ਾਇਰ ਹੀ ਨਹੀਂ, ਸਗੋਂ ਗੀਤ ਸਿਰਜਕ ਦੇ ਰੂਪ ਵਿੱਚ ਨਿਰੰਤਰ ਯਤਨਸ਼ੀਲ ਹੈ। ਉਸ ਦੇ ਦੂਸਰੇ ਗੀਤ-ਸੰਗ੍ਰਹਿ ‘ਮੁਹੱਬਤ ਦੀ ਜਲਧਾਰਾ’ ਨੂੰ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਇਸ ਮੋਹਵੰਤੇ ਗੀਤਕਾਰ ਨੂੰ ਵਿਛੋੜਾ ਦੇਣ ਵਾਲੀ ਰੂਹ ਨੇ ਸ਼ਬਦ ਤੇ ਸੰਵੇਦਨ ਪੂੰਜੀ ਨਾਲ ਮਾਲਾਮਾਲ ਕਰ ਦਿੱਤਾ ਹੈ। ਉਸ ਦੇ ਗੀਤ ਵਿਚਲਾ ਵਿਗੋਚਾ ਸੱਚਮੁੱਚ ਸ਼ਬਦਾਂ ਦੀ ਆਬਸ਼ਾਰ ਵਾਂਗ ਤੁਪਕਾ ਤੁਪਕਾ ਰਿਸਦਾ ਹੈ। ਨਿਰਮਲ ਨੀਰ ਜਿਹਾ। ਕਰੋੜਾਂ ਗੁਣਾਂ ਵਾਲਾ ਨੀਰ! ਇਸ ਵਿਛੋੜੇ ਨੂੰ ਗੀਤ ਵਿੱਚ ਢਾਲ ਲੈਣਾ ਉੱਤਮਵੀਰ ਸਿੰਘ ਦੇ ਸਿਰਜਣਾਤਮਕ ਆਪੇ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ।
ਮੁਹੱਬਤ ਨੇ ਉਸ ਨੂੰ ਅੰਦਰੋਂ ਤੋੜਿਆ ਹੈ, ਪਰ ਸ਼ਬਦ ਨਾਲ ਜੋੜਿਆ ਹੈ। ਜਿਸਮ ਦੂਰ ਚਲਾ ਗਿਆ ਹੈ, ਪਰ ਰੂਹ ਹਾਲੇ ਵੀ ਸੱਜਣ ਦੇ ਡੇਰੇ ’ਤੇ ਤੁਰੀ ਫਿਰਦੀ ਹੈ। ਇਹੀ ਅਹਿਸਾਸ ਸ਼ਬਦ ਸ਼ਕਤੀ ਬਣ ਕੇ ਗੀਤਾਂ ਵਿੱਚ ਸਿੱਧਾ ਉੱਸਰਦਾ ਹੈ। ਉੱਤਮਵੀਰ ਸਿੰਘ ਦਾਊਂ ਪਰਿਵਾਰਕ ਸਾਹਿਤਕ ਮਾਹੌਲ ਦੀ ਉਪਜ ਹੋਣ ਕਾਰਨ ਗੀਤ ਦੇ ਵਿਗੜਦੇ ਸਰੂਪ ਬਾਰੇ ਚਿੰਤਤ ਹੈ, ਪਰ ਉਹ ਚਿੰਤਾ ਨਹੀਂ, ਚਿੰਤਨ ਕਰਦਾ ਹੈ। ਉਸ ਦੇ ਗੀਤ ਇਸ ਗੱਲ ਦੀ ਸ਼ਬਦ ਗਵਾਹੀ ਹਨ ਕਿ ਜਦ ਪੂਰਾ ਜੰਗਲ ਸੜ ਰਿਹਾ ਸੀ ਤਾਂ ਉੱਤਮਵੀਰ ਵਰਗੀਆਂ ਆਸ ਦੀਆਂ ਹਰੀਆਂ ਪੱਤੀਆਂ ਵੀ ਝੂਮ ਰਹੀਆਂ ਸਨ।
ਮੈਨੂੰ ਇਹ ਗੱਲ ਹੋਰ ਵੀ ਚੰਗੀ ਲੱਗੀ ਹੈ ਕਿ ਉਸ ਨੇ ਗੀਤ ਵਿਧਾ ਨੂੰ ਮਿਸ਼ਨ ਵਾਂਗ ਅਪਣਾਇਆ ਹੈ। ਸਾਹਾਂ ਸਵਾਸਾਂ ’ਚ ਰਮਾਇਆ ਹੈ। ਉਹ ਫ਼ਾਸਲੇ ਤੋਂ ਨਹੀਂ, ਗੀਤ ਦੀ ਰੂਹ ਨੂੰ ਧੁਰ ਅੰਦਰੋਂ ਜਾਣਦਾ ਤੇ ਪਛਾਣਦਾ ਹੈ। ਇਸੇ ਕਰਕੇ ਉਸ ਦੇ ਬਹੁਤੇ ਗੀਤ ਪ੍ਰਭਾਵ-ਚਿੱਤਰਾਂ ਜਹੇ ਹਨ। ਉਹ ਪ੍ਰਭਾਵ ਸਿਰਜਦੇ ਹਨ, ਸਿੱਖਿਆ ਦਾ ਭਾਰ ਨਹੀਂ ਢੋਂਦੇ। ਮਹਿਕਵੰਤੇ ਨਿੱਕੇ ਨਿੱਕੇ ਅਹਿਸਾਸ ਤਰੇਲ ਮੋਤੀਆਂ ਵਾਂਗ ਸਾਨੂੰ ਤਾਜ਼ਗੀ ਬਖ਼ਸ਼ਦੇ ਹਨ:
ਬਿਨ ਬੋਲੇ ਅਸੀਂ ਅੱਖੀਆਂ ਥਾਣੀਂ,
ਜਲਧਾਰਾ ਦੇ ਵਹਿਣ ’ਚ ਵਹਿ ਗਏ।
ਇੱਕ ਦੂਜੇ ਦੇ ਕੋਲ ਦੀ ਲੰਘੇ,
ਧੜਕਣਾਂ ਰਾਹੀਂ ਸਭ ਕੁਝ ਕਹਿ ਗਏ।
ਇਹ ਮਹਿਸੂਸ ਕਰਨ ਵਾਲੇ ਸ਼ਬਦ ਹਨ, ਸਰਲਾਰਥ ਕਰਨ ਵਾਲੇ ਨਹੀਂ। ਤੁਸੀਂ ਮਹਿਕ ਮਹਿਕ ਹੋ ਜਾਂਦੇ ਹੋ ਪੜ੍ਹਦਿਆਂ। ਅੱਗੇ ਪਹੁੰਚ ਕੇ ਇਹੀ ਸ਼ਬਦ ਵਿਛੋੜੇ ਦੀ ਪੀੜ ਹਵਾਲੇ ਕਰ ਜਾਂਦੇ ਹਨ। ਇਹੀ ਉੱਤਮਵੀਰ ਦਾ ਲਿਖਣ ਅੰਦਾਜ਼ ਹੈ:
ਫੇਰ ਅਚਾਨਕ ਤੁਰਦੇ ਤੁਰਦੇ,
ਰਾਹ ਖ਼ੌਰੇ ਕਿਉਂ ਵੱਖ ਹੋ ਗਏ।
ਹੱਥਾਂ ’ਚੋਂ ਐਸਾ ਹੱਥ ਸੀ ਛੁੱਟਿਆ,
ਵੇਖਦਿਆਂ ਹੀ ਭੀੜ ’ਚ ਖੋ ਗਏ।
ਭੀੜ ’ਚ ਗੁਆਚਣ ਦਾ ਅਹਿਸਾਸ ਉਦੋਂ ਹੀ ਜਾਗਦਾ ਹੈ, ਜਦ ਕੋਈ ਹੁਸੀਨ ਉਂਗਲੀ ਆਪਣਾ ਸੰਗੀ ਛੱਡ ਜਾਵੇ। ਜਮਘਟਾ ਬੰਦੇ ਨੂੰ ਗੁਆ ਦਿੰਦਾ ਹੈ, ਰੁਆ ਦਿੰਦਾ ਹੈ, ਪਰ ਨਾਲੋ ਨਾਲ ਭੀੜ ’ਚੋਂ ਨਿਕਲ ਕੇ ਇਕੱਲੇ ਸਿੱਧੇ ਸਤੋਰ ਖੜ੍ਹੇ ਹੋਣ ਦੀ ਪ੍ਰੇਰਨਾ ਵੀ ਦਿੰਦਾ ਹੈ।
ਆਪਣੇ ਸਿਵਾ ਕਿਸੇ ਹੋਰ ਦੀ ਹਸਤੀ ਨੂੰ ਪ੍ਰਵਾਨ ਹੀ ਨਾ ਕਰਨਾ ਹੀ ਸਿਰਜਕ ਦੀ ਸੂਰਮਗਤੀ ਹੈ। ਬਹੁਤ ਦੁਨੀਆ ਭੀੜ ’ਚ ਗੁਆਚ ਕੇ ਅੱਥਰੂ ਅੱਥਰੂ ਹੋ ਬਿਖ਼ਰ ਜਾਂਦੀ ਹੈ, ਪਰ ਉੱਸਰਨ ਵਾਲੀ ਰੂਹ ਹੀ ਸਿਰਜਣਾ ਦੇ ਰਾਹ ਤੁਰਦੀ ਹੈ। ਇਸੇ ਕਰਕੇ ਉੱਤਮਵੀਰ ਲਿਖਦਾ ਹੈ:
ਹੋ ਸਕਦਾ ਮੈਂ ਟੁੱਟ ਹੀ ਜਾਂਦਾ,
ਗੀਤ ਜੇ ਮੇਰੇ ਮੀਤ ਨਾ ਬਣਦੇ।
ਉੱਤਮ ਕਿਤੇ ਗੁਆਚ ਹੀ ਜਾਂਦਾ,
ਹੱਥ ਮੇਰੇ ਜੇ ਗੀਤ ਨਾ ਫੜਦੇ।
ਉੱਤਮਵੀਰ ਸਿੰਘ ਦਾਊਂ ਦੇ ਗੀਤ ਵਿਛੋੜੇ ਦੀ ਪਰਿਕਰਮਾ ਜਿਹੇ ਪਵਿੱਤਰ ਨੇ। ਕਿਤੇ ਵੀ ਜਿਸਮਾਂ ਦੀ ਹਾਜ਼ਰੀ ਨਹੀਂ। ਸ਼ਬਦ ਸਲੀਕਾ ਨਜ਼ਰ ਨਾਜ਼ਰ ਹੈ:
ਖ਼ੌਰੇ ਕਿੱਥੇ ਮੁੱਕ ਜਾਣਾ ਏਂ,
ਏਸ ਸਫ਼ਰ ਦੇ ਰਾਹਾਂ ਨੇ।
ਖ਼ੌਰੇ ਕਦ ਰੁਕ ਮੁੱਕ ਜਾਣਾ ਏਂ,
ਧੜਕਣ ਚੱਲਦੇ ਸਾਹਾਂ ਨੇ।
ਉੱਤਮਵੀਰ ਦਾ ਬਿਰਹਾ ਪ੍ਰੇਰਨਾ ਬਣ ਕੇ ਸ਼ਕਤੀ ਵਾਂਗ ਉੱਭਰਦਾ ਹੈ, ਮੁਨੱਖ ਨੂੰ ਅੰਦਰੋਂ ਤੋੜਦਾ ਨਹੀਂ, ਜੋੜਦਾ ਹੈ; ਕਿਉਂਕਿ ਉਹ ਭਲੀ ਭਾਂਤ ਸਮਝਦਾ ਹੈ ਕਿ ਸੰਕਟ ਤੁਹਾਡੀ ਪ੍ਰੀਖਿਆ ਲੈਣ ਹੀ ਆਉਂਦੇ ਨੇ। ਇਹ ਸਾਨੂੰ ਥਿੜਕਾਉਂਦੇ ਜ਼ਰੂਰ ਹਨ, ਪਰ ਪੱਕੇ ਪੈਰੀਂ ਖੜ੍ਹਨ ਦਾ ਵਿਸ਼ਵਾਸ ਸਾਡੇ ਪੈਰਾਂ ਨੂੰ ਡੋਲਣ ਨਹੀਂ ਦਿੰਦਾ। ਫੌਲਾਦੀ ਵਿਸ਼ਵਾਸ ਹੀ ਸ਼ਕਤੀ ਬਣਦਾ ਹੈ, ਇਹੋ ਜਿਹੇ ਤਰਲ ਸਮਿਆਂ ’ਚ ਮਿਸਾਲ ਪੇਸ਼ ਹੈ:
ਹੁੰਦਾ ਲੋਹੇ ਦਾ ਸੁਭਾਅ, ਸੱਟ ਸੀਨੇ ਉੱਤੇ ਸਹਿਣਾ।
ਸਦਾ ਕੱਚ ਸਾਹਵੇਂ, ਹੀਰੇ ਨੇ ਤਾਂ ਹੀਰਾ ਹੀ ਹੈ ਰਹਿਣਾ।
ਤਿੱਖੇ ਨੈਣਾਂ ਵਾਲੇ ਆਪੇ ਨਜ਼ਰਾਂ ਝੁਕਾਉਣਗੇ।
ਦਿਲਾ ਮੰਨੀਂ ਨਾ ਤੂੰ ਹਾਰ,
ਰੱਖ ਥੋੜ੍ਹਾ ਧਰਵਾਸ, ਚੰਗੇ ਦਿਨ ਆਉਣਗੇ।
ਦਿਲਾ ਮੰਨੀਂ ਨਾ ਤੂੰ ਹਾਰ।
ਉਸ ਦੇ ਗੀਤ ਸਾਫ਼ ਸ਼ਫ਼ਾਫ਼ ਨਿੱਤਰੇ ਪਾਣੀਆਂ ਵਰਗੇ ਨੇ। ਵਿੱਚੋਂ ਚਿਹਰਾ ਵੇਖ ਸਕਦੇ ਹਾਂ। ਝੀਲ ਵਾਂਗ ਡੂੰਘੇ, ਆਬਸ਼ਾਰੀ ਫੁਹਾਰ ਵਾਂਗ ਨਿਰੰਤਰ ਠੰਢਕ ਵਰਤਾਉਂਦੇ। ਤਪਦੇ ਖਪਦੇ ਨਹੀਂ, ਸਾਨੂੰ ਸਹਿਜ ਤੇ ਸੁਹਜ ਨਾਲ ਆਨੰਦਿਤ ਕਰਦੇ ਹਨ। ਹਉਕਿਆਂ ਦੀ ਇਬਾਰਤ ਲਿਖਣਾ ਏਨਾ ਸਹਿਜ ਕਾਰਜ ਨਹੀਂ ਹੁੰਦਾ, ਪਰ ਉੱਤਮਵੀਰ ਨੇ ਕਰ ਵਿਖਾਇਆ ਹੈ। ਉਸ ਦੇ ਗੀਤਾਂ ਵਿੱਚ ਪੌਣਾਂ ਤਰਾਨਿਆਂ ’ਚ ਢਲਦੀਆਂ ਨੇ, ਸਵਾਲ ਕਰਦੀਆਂ ਨੇ, ਆਪੇ ਜਵਾਬ ਦਿੰਦੀਆਂ ਨੇ। ਸ਼ੀਸ਼ੇ ਦਾ ਪਾਣੀ ਸਵਾਲ ਕਰਦਾ ਹੈ ਚਿਹਰਿਆਂ ਨੂੰ। ਮਨ ਦਾ ਪੰਛੀ ਕੂਕਦਾ ਨਹੀਂ, ਵਲ ਫੇਰ ਪਾ ਕੇ ਗੱਲਾਂ ਕਹਿਣ ਦੀ ਜਾਚ ਸਿੱਖ ਗਿਆ ਹੈ ਜਿਵੇਂ ਇੱਥੇ ਇਹ ਅਹਿਸਾਸ ਬਿਆਨ ਕੀਤਾ ਹੈ:
ਕਿਤੋਂ ਦਿਲ ’ਚ ਬੇਚੈਨ ਤੀਰ,
ਆ ਕੇ ਲਹਿ ਗਿਆ।
ਪਾਣੀ ਸ਼ੀਸ਼ੇ ਵਾਲਾ ਬਣ ਕੇ,
ਸਵਾਲ ਰਹਿ ਗਿਆ।
ਵਿਛੜੀ ਜਾਨ ਦੇ ਰਾਹਾਂ ’ਚ ਫੁੱਲਾਂ ਦੀ ਬਰਸਾਤ ਕਰਨ ਦੀ ਰੀਝ ਹੀ ਉਸ ਨੂੰ ਸੂਰਜ ਬਣ ਕੇ ਉਸ ਦੇ ਰਾਹੀਂ ਚਾਨਣ ਵੇਲੇ ਪ੍ਰਭਾਤ ਬਣਨ ਦੀ ਸ਼ਕਤੀ ਦਿੰਦੀ ਹੈ। ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ ਵਾਲਾ ਸਬਕ ਉਸ ਸ਼ਾਹ ਹੁਸੈਨ ਤੋਂ ਪੜ੍ਹਿਆ ਜਾਪਦਾ ਹੈ। ਉਹ ਲਿਖਦਾ ਹੈ:
ਤੇਰੇ ਬਾਝੋਂ ਜੀਣਾ ਲੱਗਦਾ,
ਜਿੱਦਾਂ ਬੋਝ ਉਧਾਰ ਦਾ।
ਮੈਂ ਦਿਲ ’ਚ ਸਾਂਭਿਆ ਏ,
ਸ਼ਗੂਫ਼ਾ ਤੇਰੇ ਪਿਆਰ ਦਾ।
ਮੁਹੱਬਤੀ ਰੂਹ ਦੇ ਹਉਕੇ ਤੇ ਆਪਣੇ ਨੇਤਰਾਂ ਦੇ ਹੰਝ ਮਿਲਾ ਕੇ ਗੀਤ ਪਰੋਣੇ ਵੀ ਦਰਦ ਨਿਵਾਰਨ ਦਾ ਸਹੀ ਤਰੀਕਾ ਹੈ। ਉਹ ਇਸ ਪੀੜ ਦੇ ਜੰਗਲ ਵਿੱਚ ਗੁਆਚਦਾ ਨਹੀਂ, ਸਗੋਂ ਹਰ ਪਲ ਨੂੰ ਪੁਨਰ ਸੁਰਜੀਤ ਕਰਕੇ ਸ਼ਬਦਾਂ ਹਵਾਲੇ ਕਰ ਦਿੰਦਾ ਹੈ। ਵਿਛੜਨ ਵੇਲੇ ਦੀ ਕਸਕ ਗੀਤਾਂ ਵਿੱਚ ਥਾਂ ਪਰ ਥਾਂ ਹਾਜ਼ਰ ਹੈ।
ਨਵੀਂ ਪੀੜ੍ਹੀ ਦੇ ਸਿਰਜਕਾਂ ਵਿੱਚ ਉੱਤਮਵੀਰ ਦੇ ਗੀਤ ਯਕੀਨਨ ਪਛਾਨਣਯੋਗ ਹਸਤੀ ਸਥਾਪਤ ਕਰਨਗੇ। ਇਹ ਗੱਲ ਵੀ ਚੇਤੇ ਰੱਖਣੀ ਲਾਜ਼ਮੀ ਹੈ ਕਿ ਦਿਲ ਦਾ ਅੱਖੀਆਂ ਥਾਣੀਂ ਵਹਿ ਕੇ ਸ਼ਬਦ ਗੰਗਾ ਬਣਨਾ ਵੀ ਹਰ ਬੰਦੇ ਦਾ ਸੁਭਾਗ ਨਹੀਂ ਬਣਦਾ।
ਅਜੇ ਆਰੰਭ ਹੈ। ਉੱਤਮਵੀਰ ਨੂੰ ਉਚੇਰੀਆਂ ਬੁਲੰਦੀਆਂ ਉਡੀਕਦੀਆਂ ਨੇ। ਉਸ ਦਿਨ ਦੀ ਆਸ ਤੇ ਅਰਦਾਸ ਨਾਲ ਮੈਂ ਇਸ ਗੀਤ ਸੰਗ੍ਰਹਿ ਦਾ ਭਰਪੂਰ ਸੁਆਗਤ ਕਰਦਾ ਹਾਂ!

Leave a Reply

Your email address will not be published. Required fields are marked *