ਦਿਲਜੀਤ ਸਿੰਘ ਬੇਦੀ
ਫੋਨ: +91-7657968570
ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਾਰਜ ਇਸੇ ਸ਼ਹਿਰ ਵਿੱਚ ਕਰਕੇ ਧਾਰਮਿਕ, ਸਮਾਜਿਕ, ਸਭਿਆਚਾਰਕ ਤੇ ਸਾਹਿਤ ਦੇ ਇਤਿਹਾਸ ਵਿੱਚ ਇੱਕ ਨਵੇਕਲਾ ਤੇ ਸਤਿਕਾਰ ਵਾਲਾ ਕਾਰਜ ਕੀਤਾ। ਸ੍ਰੀ ਅੰਮ੍ਰਿਤਸਰ ਸਿੱਖ ਇਤਿਹਾਸ ਅਤੇ ਸਿੱਖ ਸਭਿਆਚਾਰ ਦਾ ਕੇਂਦਰੀ ਅਸਥਾਨ ਹੈ। ਇਹ ਸ਼ਹਿਰ ਲਗਭਗ ਸਾਢੇ ਚਾਰ ਸਦੀਆਂ ਤੋਂ ਕੌਮੀ ਵਿਰਾਸਤ ਅਤੇ ਧਾਰਮਿਕ ਰਹੁਰੀਤਾਂ ਦੀ ਜਿਉਂਦੀ-ਜਾਗਦੀ ਤਸਵੀਰ ਹੈ, ਜੋ ਕੌਮ ਲਈ ਹਰ ਸਮੇਂ ਪ੍ਰੇਰਨਾ-ਸ੍ਰੋਤ ਬਣਿਆ ਰਿਹਾ ਹੈ।
ਅੰਮ੍ਰਿਤਸਰ ਸ਼ਹਿਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਿਛੋਕੜ ਦਾ ਇਤਿਹਾਸ ਇੱਕ ਗੌਰਵਮਈ ਵਿਰਸਾ ਹੈ। ਸਮੁੱਚਾ ਸਿੱਖ ਇਤਿਹਾਸ ਕਿਸੇ ਨਾ ਕਿਸੇ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਰਿਹਾ ਹੈ, ਜਿਸ ਦਾ ਜ਼ਿਕਰ ਤਕਰੀਬਨ ਇਤਿਹਾਸ ਦੀਆਂ ਵੱਖ-ਵੱਖ ਪਰਤਾਂ ‘ਚ ਮਿਲ ਜਾਂਦਾ ਹੈ।
ਅੰਮ੍ਰਿਤਸਰ ਤੋਂ ਛਪਦੇ ਅਖਬਾਰ, ਰਸਾਲੇ ਵੀ ਵੱਖ-ਵੱਖ ਸੰਘਰਸ਼ਾਂ ਨੂੰ ਸੇਧ ਦਿੰਦੇ ਰਹੇ ਹਨ। ਸਭਿਆਚਾਰਕ, ਰਾਜਨੀਤਿਕ ਅਤੇ ਸਾਹਿਤਕ ਪੱਖ ਤੋਂ ਵੀ ਇਸ ਸ਼ਹਿਰ ਦੀ ਪੱਤਰਕਾਰੀ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਧਾਰਮਿਕ ਖੇਤਰ ਵਿੱਚ ਨਾਮਵਰ ਅਖਬਾਰ ਰਸਾਲੇ ਨਿਜੀ ਅਤੇ ਸੰਸਥਾਵਾਂ ਵੱਲੋਂ ਇੱਥੋਂ ਪ੍ਰਕਾਸ਼ਿਤ ਹੁੰਦੇ ਰਹੇ ਹਨ। ਸਮੇਂ ਦੀ ਧੁੱਪ-ਛਾਂ ਨੇ ਕਈ ਅਹਿਮ ਆਧੁਨਿਕ ਵਿਗਿਆਨਕ ਤਬਦੀਲੀਆਂ ਲਿਆਂਦੀਆਂ ਹਨ ਕਿ ਪੱਤਰਕਾਰੀ ਖੇਤਰ ਵਿੱਚ ਵੱਡੀ ਉਥਲ-ਪੁੱਥਲ ਹੋ ਗਈ ਹੈ। ਨੌਜਵਾਨ ਵਰਗ ਕਿਤਾਬ, ਰਸਾਲੇ ਅਤੇ ਅਖਬਾਰ ਤੋਂ ਦੂਰ ਹੁੰਦਾ ਗਿਆ ਹੈ। ਹੁਣ ਬਹੁਤੀ ਜਾਣਕਾਰੀ ਭਾਵੇਂ ਤੱਥਾਂ ਦੇ ਆਧਾਰਤ ਯਕੀਨਨ ਨਾ ਵੀ ਹੋਵੇ, ਤੁਹਾਨੂੰ ਮੋਬਾਇਲ ਤੋਂ ਝਲਕਾਰੇ ਪੈ ਜਾਂਦੇ ਹਨ। ਅੰਮ੍ਰਿਤਸਰ ਸ਼ਹਿਰ ਤੋਂ ਪ੍ਰਕਾਸ਼ਿਤ ਹੁੰਦੇ ਅਖਬਾਰਾਂ-ਰਸਾਲਿਆਂ ਦਾ ਇੱਕ ਵਿਸ਼ੇਸ਼ ਇਤਿਹਾਸ ਹੈ। ਕਿਹੜੇ ਅਖਬਾਰ ਰਸਾਲੇ ਛਪਦੇ ਸਨ, ਉਨ੍ਹਾਂ ਬਾਰੇ ਜੇ ਵਿਸਥਾਰ ‘ਚ ਗੱਲ ਕਰੀਏ ਤਾਂ ਨਿਬੰਧ ਕਿਤਾਬੀ ਰੂਪ ਧਾਰਦਾ ਹੈ। ਇੱਥੇ ਕੇਵਲ ਨਾਮ ਹੀ ਲਿਖ ਕੇ ਪਾਠਕਾਂ ਨਾਲ ਸਾਂਝ ਪਾ ਰਹੇ ਹਾਂ।
ਅੰਮ੍ਰਿਤਸਰ ਪੰਜਾਬੀ ਪੱਤਰਕਾਰੀ ਦਾ ਗੜ੍ਹ ਹੁੰਦਾ ਸੀ। ਅਨੇਕਾਂ ਅਖਬਾਰਾਂ, ਰਸਾਲੇ ਛਪਦੇ ਸਨ ਅਤੇ ਅਨੇਕਾਂ ਹੀ ਪ੍ਰਿੰਟਿੰਗ ਪੈ੍ਰਸਾਂ ਹੁੰਦੀਆਂ ਸਨ। ਬਹੁਤ ਸਾਰੀਆਂ ਲੋਕਲ ਨੰਬਰ ਵਾਲੀਆਂ ਬੱਸਾਂ ਚੱਲਦੀਆਂ ਸਨ। ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਸਮੇਂ ਸਮੇਂ ਅਨੁਸਾਰ ਬਹੁਤ ਵੱਡੇ ਪਰਿਵਰਤਨ ਦੇਖਣ ਨੂੰ ਮਿਲੇ ਹਨ। ਪਹਿਲਾਂ ਹਾਲ ਗੇਟ ਦੇ ਬਾਹਰਵਾਰ ਤੋਂ ਵੱਖ-ਵੱਖ ਨੰਬਰਾਂ ਵਾਲੀਆਂ ਲੋਕਲ ਬੱਸਾਂ ਮਿਊਂਸਪਲ ਕਮੇਟੀ ਦੀ ਹੱਦ ਤੱਕ ਚੱਲਦੀਆਂ ਸਨ। ਜਿਨ੍ਹਾਂ ਨੂੰ ਬੇਓੜਕ ਸਵਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇੱਥੋਂ ਲੋਕਲ ਬੱਸਾਂ ਪਾਗਲਖਾਨਾ, ਛੇਹਰਟਾ, ਨਰਾਇਣਗੜ੍ਹ, ਵੇਰਕਾ, ਜੰਡਿਆਲਾ ਤੀਕ, ਰਾਮ ਬਾਗ਼ ਟਾਂਗਾ ਸਟੈਂਡ ਲਾਗੋਂ ਖਡੂਰ ਸਾਹਿਬ, ਗੋਇੰਦਵਾਲ ਆਦਿ। ਚਾਟੀਵਿੰਡ ਗੇਟ ਤੋਂ ਤਰਨ-ਤਾਰਨ, ਜ਼ੀਰਾ, ਫਰੀਦਕੋਟ, ਫਿਰੋਜਪੁਰ, ਮਾਲਵਾ ਆਦਿ ਲਈ ਬੱਸਾਂ ਚੱਲਦੀਆਂ ਸਨ। ਇਸੇ ਤਰ੍ਹਾਂ ਹੀ ਸੰਤ ਰਾਮ ਸਰ੍ਹਾਂ ਹਾਲ ਗੇਟ (ਗਾਂਧੀ ਦਰਵਾਜ਼ਾ) ਦੇ ਬਾਹਰਵਾਰ ਤੋਂ ਜੰਮੂ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਧਾਰੀਵਾਲ ਆਦਿ ਲਈ ਚੱਲਦੀਆਂ ਸਨ। ਅੱਜ ਵੀ ਰਾਤਰੀ ਸਪੈਸ਼ਲ ਬੱਸਾਂ ਇੱਥੋਂ ਚੱਲਦੀਆਂ ਹਨ। ਹਾਲ ਗੇਟ ਤੋਂ ਅੱਗੇ ਬਿਜਲੀ ਘਰ ਸਾਹਮਣੇ, ਜਲੰਧਰ, ਲੁਧਿਆਣਾ, ਦਿੱਲੀ, ਚੰਡੀਗੜ੍ਹ ਆਦਿ। ਵੱਖ-ਵੱਖ ਬੱਸ ਸਟੈਂਡਾਂ ਦੇ ਲਾਗੇ ਕ੍ਰਮਵਾਰ ਟਾਂਗਾ ਸਟੈਂਡ ਵੀ ਹੁੰਦੇ ਸਨ। ਹੁਣ ਅੰਮ੍ਰਿਤਸਰ ਵਿੱਚ ਟਾਂਗਾ ਹੈ, ਪਰ ਬਹੁਤ ਘੱਟ ਹੈ। ਥ੍ਰੀਵੀਲਰ ਤੇ ਈ-ਰਿਕਸ਼ਾ ਨੇ ਟਾਂਗਾ ਕਿੱਤਾ ਖ਼ਤਮ ਕਰ ਦਿੱਤਾ।
ਅੰਮ੍ਰਿਤਸਰ ਹਾਲ ਗੇਟ, ਜਿਸ ਨੂੰ ਗਾਂਧੀ ਦਰਵਾਜ਼ਾ ਵੀ ਕਿਹਾ ਜਾਂਦਾ ਹੈ। ਉਸ ਦੇ ਬਾਹਰਵਾਰ ਅਖਬਾਰਾਂ ਰਸਾਲਿਆਂ ਦੇ ਖੋਖਿਆਂ ਨੁਮਾ ਦੁਕਾਨਾਂ ਤੇ ਰਸਾਲੇ (ਮੈਗਜ਼ੀਨ) ਅਖਬਾਰਾਂ ‘ਚ ਛਪੀਆਂ ਰਚਨਾਵਾਂ ਵੇਖਣ/ਖਰੀਦਣ ਲਈ ਲੇਖਕ, ਸ਼ਾਇਰ, ਸਾਹਿਤਕਾਰ, ਪੱਤਰਕਾਰ ਦੋਸਤ ਸਾਰੇ ਇੱਥੇ ਹੀ ਮਿਲ ਪੈਂਦੇ ਸਨ। ਖੂਬ ਸਾਹਿਤਕ ਚਰਚੇ ਹੁੰਦੇ ਸਨ। ਸਾਹਿਤ ਸਭਾਵਾਂ ਵਿੱਚ ਤਾਂ ਮੇਲ ਹੋਣੇ ਹੋਰ ਗੱਲ ਸੀ, ਪਰ ਇਹ ਖੋਖੇ ਵਿਛੜਿਆਂ ਨੂੰ ਮਿਲਾ ਦਿੰਦੇ ਸਨ। ਕਿਸੇ ਲੇਖਕ ਪੱਤਰਕਾਰ ਦਾ ਪਤਾ ਲੈਣਾ ਹੋਏ ਤਾਂ ਅਖਬਾਰਾਂ ਦੀਆਂ ਏਜੰਸੀਆਂ ਵਾਲੇ ਸਭ ਦੱਸ ਦਿੰਦੇ। ਸ੍ਰੀ ਬੇਲੀ ਰਾਮ ਮੁੱਦਤਾਂ ਤੋਂ ਏਹੋ ਕਿੱਤੇ ਵਿੱਚ ਹਨ, ਹੁਣ ਉਨ੍ਹਾਂ ਦੇ ਪੁੱਤਰ ਵਿਜੈ ਕੁਮਾਰ ਤੇ ਪ੍ਰਦੀਪ ਕੁਮਾਰ ਕੰਮ ਕਰ ਰਹੇ ਹਨ।
ਅੰਮ੍ਰਿਤਸਰ ਸ਼ਹਿਰ ਇਤਿਹਾਸਕ ਪੱਖੋਂ ਬਹੁਤ ਅਮੀਰ ਹੈ। ਜਿੱਥੇ ਇਹ ਵਪਾਰ ਦਾ ਕੇਂਦਰ ਰਿਹਾ ਹੈ, ਉਥੇ ਬਹੁਤ ਸਾਰੇ ਅਖਬਾਰ ਰਸਾਲੇ ਇਸ ਸ਼ਹਿਰ ਤੋਂ ਛਪਦੇ ਰਹੇ ਹਨ। ਥੋੜ੍ਹੀ ਦੂਰ ਲਾਹੌਰ ਹੈ, ਉਥੇ ਵੀ ਦੇਸ਼ਵੰਡ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਪੰਜਾਬੀ, ਉਰਦੂ ਅਖਬਾਰਾਂ, ਰਸਾਲਿਆਂ ਦਾ ਗੜ੍ਹ ਰਿਹਾ ਹੈ। ਅੰਮ੍ਰਿਤਸਰ ਵਿੱਚ ਰਸਾਲਿਆਂ, ਅਖਬਾਰਾਂ ਨੂੰ ਛਾਪਣ ਲਈ ਪ੍ਰਿੰਟਿੰਗ ਪ੍ਰੈੱਸਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਨ੍ਹਾਂ ਤੋਂ ਸਮਾਜਿਕ ਕਾਰ ਵਿਹਾਰਾਂ ਨਾਲ ਸਬੰਧਤ ਸਮੱਗਰੀ ਵੀ ਛਪਦੀ ਸੀ। ਇਨ੍ਹਾਂ ਨੂੰ ਛਾਪਣ ਵਾਲੀਆਂ ਪ੍ਰੈੱਸਾਂ ਜਿਵੇਂ ਵਜ਼ੀਰ ਹਿੰਦ ਪ੍ਰੈੱਸ ਹਾਲ ਬਜ਼ਾਰ, ਸਨਾਤਨ ਧਰਮ ਪ੍ਰੈੱਸ ਚੌਂਕ ਬਿਜਲੀ, ਸਾਖ਼ੀ ਪ੍ਰਿੰਟਿੰਗ ਪ੍ਰੈੱਸ ਧੋਬੀਆਂ ਵਾਲਾ ਬਜ਼ਾਰ, ਸ਼ਾਂਤ ਪ੍ਰਿੰਟਿੰਗ ਪ੍ਰੈੱਸ ਸੁਲਤਾਨਵਿੰਡ ਰੋਡ, ਕਲਕੱਤਾ ਪ੍ਰਿੰਟਿੰਗ ਪ੍ਰੈੱਸ, ਨਿਊ ਕਲਕੱਤਾ ਪ੍ਰਿੰਟਿੰਗ ਪ੍ਰੈੱਸ ਚੌਂਕ ਕਰੋੜੀ ਹੁੰਦੀਆਂ ਸਨ।
ਗੁਰਸੇਵਕ ਪ੍ਰਿੰਟਿੰਗ ਪ੍ਰੈੱਸ ਯਤੀਮਖਾਨਾ ਪੁਤਲੀਘਰ, ਸ਼ਿਮਲਾ ਪ੍ਰੈੱਸ ਭੰਡਾਰੀ ਪੁਲ ਦੇ ਥੱਲੇ, ਰਿਪਬਲਿਕ ਪ੍ਰੈੱਸ ਬ੍ਰਹਮਬੂਟਾ ਮਾਰਕੀਟ, ਸਤਪਾਲ ਪ੍ਰਿੰਟਿੰਗ ਪ੍ਰੈੱਸ ਚੌਂਕ ਕਰੋੜੀ, ਗੁਰਰਤਨ ਪ੍ਰਿੰਟਿੰਗ ਪ੍ਰੈੱਸ ਅਜੀਤ ਨਗਰ, ਪੰਜਾਬ ਪ੍ਰਿੰਟਿੰਗ ਪ੍ਰੈੱਸ ਨੇੜੇ ਕੋਤਵਾਲੀ, ਗੰਭੀਰ ਪ੍ਰਿੰਟਿੰਗ ਪ੍ਰੈੱਸ ਚੌਂਕ ਬਾਬਾ ਭੌੜੀਵਾਲਾ, ਗਿਆਨੀ ਪ੍ਰਿੰਟਿੰਗ ਪ੍ਰੈੱਸ ਘੰਟਾਘਰ ਸ੍ਰੀ ਦਰਬਾਰ ਸਾਹਿਬ, ਸਪੈਸ਼ਲ ਪ੍ਰਿੰਟਿੰਗ ਪ੍ਰੈੱਸ ਧੋਬੀਆਂ ਬਜ਼ਾਰ, ਤੇਜ਼ ਪ੍ਰਿੰਟਿੰਗ ਪ੍ਰੈੱਸ ਕਟੜਾ ਸ਼ੇਰ ਸਿੰਘ, ਡਾਨ ਪ੍ਰਿੰਟਿੰਗ ਪ੍ਰੈੱਸ ਕਟੜਾ ਸ਼ੇਰ ਸਿੰਘ, ਇਸਕਾਰਟ ਪ੍ਰਿੰਟਿੰਗ ਪ੍ਰੈੱਸ ਨੇੜੇ ਗੰਗਾ ਬਿਲਡਿੰਗ ਪੁਤਲੀਘਰ, ਸ਼ਰਨ ਪ੍ਰਿੰਟਿੰਗ ਪ੍ਰੈੱਸ ਬਿਜਲੀ ਵਾਲਾ ਚੌਂਕ, ਜੇ.ਐਚ. ਪ੍ਰਿੰਟਿੰਗ ਪ੍ਰੈੱਸ ਟੈਲੀਫੋਨ ਐਕਸਚੇਂਜ਼, ਗੁਰਮਤਿ ਪ੍ਰਿੰਟਿੰਰਜ਼ ਪ੍ਰੈੱਸ ਛੇਹਰਟਾ, ਭਾਈ ਚਤਰ ਸਿੰਘ, ਜੀਵਨ ਸਿੰਘ ਪ੍ਰਿੰਟਰਜ਼ ਈਸਟ ਮੋਹਨ ਨਗਰ 1880, ਪ੍ਰਿੰਟਵੈਲ ਫੋਕਲ ਪੁਆਇੰਟ 1994, ਗੋਲਡਨ ਆਫਸੈਟ ਪ੍ਰੈੱਸ ਰਾਮਸਰ ਰੋਡ, ਨਗਰ ਨਿਗਮ ਅੰਮ੍ਰਿਤਸਰ ਪ੍ਰਿੰਟਿੰਗ ਪ੍ਰੈੱਸ ਰਾਮ ਬਾਗ਼ 1930, ਸ਼੍ਰੋਮਣੀ ਪ੍ਰਿੰਟਿੰਗ ਪ੍ਰੈੱਸ, ਗੁਰਦੁਆਰਾ ਪ੍ਰਿੰਟਿੰਗ ਪ੍ਰੈੱਸ ਆਦਿ ਸਨ ਤੇ ਹਨ। ਇਨ੍ਹਾਂ ਵਿਚੋਂ ਹੁਣ ਬਹੁਤ ਸਾਰੀਆਂ ਪ੍ਰੈੱਸਾਂ ਕਿੱਤਾ ਤਬਦੀਲੀ ਹੋਣ ਕਾਰਨ ਬੰਦ ਹੋ ਚੁੱਕੀਆਂ ਹਨ।
ਅਖਬਾਰ: ਅਖਬਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਦਿ ਵਕੀਲ ਅੰਮ੍ਰਿਤਸਰ (ਰੋਜ਼ਾਨਾ ਉਰਦੂ ਈਵਨਿੰਗ), ਗੁਰੂ ਕਾ ਬਾਗ਼, ਖ਼ਾਲਸਾ; ਜਸਟਿਸ ਗੁਰਨਾਮ ਸਿੰਘ ਨੇ ਪ੍ਰਭਾਤ ਕੱਢਿਆ ਪਰ ਉਸ ਦਾ ਨਾਂ ਬਦਲ ਕੇ ਪ੍ਰਭਾਵ ਕਰ ਦਿਤਾ ਗਿਆ। ਸਿਆਸੀ ਜੰਗ (ਰੋਜ਼ਾਨਾ ਈਵਨਿੰਗ) ਸੰਪਾਦਕ ਜਸਪਾਲ ਸ਼ਰਮਾ, ਗ਼ਰਦਸ਼-ਏ-ਆਮ (ਰੋਜ਼ਾਨਾ ਉਰਦੂ ਈਵਨਿੰਗ), ਗੜਗੱਜ, ਬੱਬਰਸ਼ੇਰ, ਸ਼ੇਰੇ ਪੰਜਾਬ।
ਸੰਤ ਸਿਪਾਹੀ (ਮਾਸਿਕ) ਅਕਾਲੀ ਆਗੂ ਮਾ: ਤਾਰਾ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਦੀ ਧੀ ਡਾ. ਰਾਜਿੰਦਰ ਕੌਰ ਨੇ ਨਿਰੰਤਰ ਜਾਰੀ ਰੱਖਿਆ, ਉਨ੍ਹਾਂ ਤੋਂ ਬਾਅਦ ਗਿਆਨੀ ਭਗਤ ਸਿੰਘ, ਸ. ਕੰਵਲਜੀਤ ਸਿੰਘ ਵਿੰਗ ਕਮਾਂਡਰ, ਸ. ਮਨਜੀਤ ਸਿੰਘ, ਸ. ਗੁਰਚਰਨਜੀਤ ਸਿੰਘ ਲਾਂਬਾ ਐਡਵੋਕੇਟ, ਸਮੇਂ ਸਮੇਂ ਚਲਾਉਂਦੇ ਰਹੇ ਹਨ, ਅੱਜ ਕੱਲ੍ਹ ਇਹ ਬੰਦ ਹੈ। ਨਈਂ ਲਹਿਰ (ਉਰਦੂ ਸਪਤਾਹਿਕ) ਸੰਪਾਦਕ ਓਮ ਪ੍ਰਕਾਸ਼ ਸੋਨੀ, ਸੱਚਾ ਆਗੂ (ਪੰਦਰਵਾੜਾ) ਸੰਪਾਦਕ ਸ. ਭਾਨ ਸਿੰਘ ਖੋਜੀ, ਜੋ ਸ. ਗੁਰਦਿਆਲ ਸਿੰਘ ਪੱਤਰਕਾਰ ਦੇ ਪਿਤਾ ਸਨ; ਨਿਰਗੁਣੀਆਰਾ (ਮਾਸਿਕ) ਭਾਈ ਵੀਰ ਸਿੰਘ ਵੱਲੋਂ ਗੁਰਮਤਿ ਤੇ ਲਿੱਖੇ ਟ੍ਰੈਕਟ, ਜੋ ਬਾਅਦ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਖਾਲਸਾ ਟ੍ਰੈਕਟ ਸੁਸਾਇਟੀ ਬਣਾਈ ਗਈ ਤੇ ਇਸ ਸੁਸਾਇਟੀ ਵੱਲੋਂ ਨਿਰਗੁਣੀਆਰਾ ਮਾਸਿਕ ਪੱਤਰ ਪ੍ਰਕਾਸ਼ਤ ਕੀਤਾ ਜਾਂਦਾ ਸੀ।
ਭਾਈ ਵੀਰ ਸਿੰਘ ਤੇ ਹੋਰ ਉਘੇ ਧਾਰਮਿਕ ਵਿਦਵਾਨਾਂ ਦੀਆਂ ਲਿਖਤਾਂ ਨੂੰ ਸੰਪਾਦਨ ਕਰਕੇ ਪ੍ਰਕਾਸ਼ਤ ਕੀਤਾ ਜਾਂਦਾ ਰਿਹਾ। ਇਹ ਸਾਦਾ ਜਿਹਾ ਛਪਦਾ ਸੀ। ਦੀਵਾਨ ਵੱਲੋਂ ਇਸ ਨੂੰ ਨਵੀਆਂ ਲੀਹਾਂ `ਤੇ ਚਲਾਉਣ ਲਈ ਉਚੇਚੇ ਤੌਰ `ਤੇ ਗੁਰਮਤਿ ਦੇ ਉਘੇ ਵਿਦਵਾਨ ਬੇਦੀ ਲਾਲ ਸਿੰਘ ਸਾਹਿਤਕਾਰ ਦੀਆਂ ਸੇਵਾਵਾਂ ਲਈਆਂ ਗਈਆਂ। ਬੇਦੀ ਲਾਲ ਸਿੰਘ ਸਾਹਿਤਕਾਰ ਨੇ ਢਾਈ ਦਹਾਕਿਆਂ ਤੋਂ ਵੱਧ ਇਸ ਨਿਰਗੁਣੀਆਰਾ (ਮਾਸਿਕ ਪੱਤਰ) ਦੀ ਸੰਪਾਦਨਾ ਕਰ ਨਵੀਂ ਦਿੱਖ ਨਾਲ ਆਮ ਲੋਕਾਂ ਤੀਕ ਇਸ ਪਰਚੇ ਨੂੰ ਪਹੁੰਚਾਇਆ। ਇਸ ਦੇ ਵਿਸ਼ੇਸ਼ ਅੰਕ, ਸ਼ਤਾਬਦੀਆਂ ਸਮਰਪਿਤ ਨਿਕਲੇ। ਫਿਰ ਡਾ. ਕੁਲਵੰਤ ਸਿੰਘ ਨੇ ਕੁੱਝ ਸਮਾਂ ਸੰਪਾਦਕ ਕੀਤਾ। ਬਾਅਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਐਸ.ਪੀ. ਸਿੰਘ ਚੀਫ ਖਾਲਸਾ ਦੀਵਾਨ ਦੇ ਮੈਂਬਰ ਬਣੇ ਤਾਂ ਫਿਰ ਮੈਂਬਰ ਇੰਚਾਰਜ਼ ਤੇ ਮੁੱਖ ਸੰਪਾਦਕ ਵਜੋਂ ਡਾ. ਐਸ.ਪੀ. ਸਿੰਘ, ਸੰਪਾਦਕ ਡਾ. ਜਸਬੀਰ ਸਿੰਘ ਸਾਬਰ, ਡਾ. ਹਰਚੰਦ ਸਿੰਘ ਬੇਦੀ ਰਹੇ।
ਪ੍ਰਭਾਤ ਫਾਈਨਾਂਸ ਵੱਲੋਂ ਆਰ.ਐਸ. ਢਿੱਲੋਂ ਵੱਲੋਂ ਪ੍ਰਭਾਤ ਟਾਇਮਜ਼ ਕੱਢਿਆ ਗਿਆ, ਜਿਸ ਦੇ ਸੰਪਾਦਕ ਮੌਜਾ ਸਿੰਘ ਹਮਦਰਦ, ਦਿਲਜੀਤ ਸਿੰਘ ਬੇਦੀ ਬਣੇ; ਕਈ ਹੋਰ ਸਹਾਇਕ ਸੰਪਾਦਕ ਵੀ ਸਨ। ਕਾਨੂੰਨੀ ਸ਼ਿਕੰਜ਼ਾ ਸੰਪਾਦਕ ਸੁਮਿੱਤਰ ਰਾਏ, ਖ਼ਾਲਸਾ ਸਮਾਚਾਰ ਸਪਤਾਹਿਕ, ਹਾਲ ਬਜ਼ਾਰ ਅੰਮ੍ਰਿਤਸਰ, ਸੰਪਾਦਕ ਐਸ.ਐਸ. ਅਮੋਲ ਤੇ ਸ. ਮਨਜੀਤ ਸਿੰਘ ਸੰਪਾਦਕ ਵਜੋਂ ਸੇਵਾ ਨਿਭਾਉਂਦੇ ਰਹੇ। ਅੱਜ ਕੱਲ੍ਹ ਇਹ ਪਰਚਾ ਦਿੱਲੀ ਤੋਂ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਪ੍ਰਕਾਸ਼ਤ ਹੋ ਰਿਹਾ ਹੈ। ਖਾਲਸਾ ਐਡੋਵੇਕਟ ਸਪਤਾਹਿਕ, ਚੀਫ ਖਾਲਸਾ ਦੀਵਾਨ ਦਾ ਧਾਰਮਿਕ ਤੇ ਸਿਆਸੀ ਬੁਲਾਰਾ ਪੇਪਰ ਹੈ, ਇਸ ਦੇ ਸੰਪਾਦਕ ਪ੍ਰੋ. ਮਹਿੰਦਰ ਪਾਲ ਸਿੰਘ, ਪ੍ਰੋ. ਹਰੀ ਸਿੰਘ ਸੰਧੂ, ਬੇਦੀ ਲਾਲ ਸਿੰਘ ਸਾਹਿਤਕਾਰ, ਡਾ. ਐਸ.ਪੀ. ਸਿੰਘ, ਡਾ. ਜਸਬੀਰ ਸਿੰਘ ਸਾਬਰ, ਡਾ. ਹਰਚੰਦ ਸਿੰਘ ਬੇਦੀ ਰਹੇ ਹਨ। ਵਰਤਮਾਨ (ਸਪਤਾਹਿਕ), ਫਰੰਟੀਏਅਰ ਮੇਲ (ਸਪਤਾਹਿਕ)। ਅੰਮ੍ਰਿਤਸਰ ਟਾਇਮਜ਼ (ਸਪਤਾਹਿਕ) ਸੰਪਾਦਕ ਸੁਖਦੇਵ ਸਿੰਘ ਧੁੰਨਾ, ਤਰਨਤਰਨ ਤੋਂ ਕੌਮੀ ਜੀਵਨ (ਸਪਤਾਹਿਕ) ਸੰਪਾਦਕ ਰੰਗਾ ਸਿੰਘ ਪਾਂਧੀ, ਫੁੱਲ ਪੱਥਰ (ਸਪਤਾਹਿਕ) ਸੰਪਾਦਕ ਸ. ਤਰਲੋਚਨ ਸਿੰਘ।
ਸੁਰਤਿ-ਤ੍ਰੈਮਾਸਿਕ ਗੁਰਬੀਰ ਬਰਾੜ, ਆਤਮ ਸਿੰਘ ਰੰਧਾਵਾ, ਅਜੋਕੇ ਸਿਲਾਲੇਖ ਸੰਪਾਦਕ ਡਾ. ਜੋਗਿੰਦਰ ਕੈਰੋਂ, ਸਿਫਤ ਸਲਾਹ (ਮਾਸਿਕ) ਬੀਬੀ ਕੌਲਾਂ ਜੀ ਭਲਾਈ ਕੇਂਦਰ ਚੈਰੀਟੇਬਲ ਟਰੱਸਟ ਵੱਲੋਂ ਸੰਪਾਦਕ ਭਾਈ ਗੁਰਇਕਬਾਲ ਸਿੰਘ; ਆਤਮ ਰੰਗ, ਖੰਡੇਧਾਰ, ਸੂਰਾ ਮਾਸਿਕ, ਨਿਰੋਲ ਧਾਰਮਿਕ ਪਰਚੇ ਸਨ ਜੋ ਬੰਦ ਹੋ ਚੁੱਕੇ ਹਨ। ਸਿੰਘ ਸਭਾ ਪੱਤ੍ਰਕਾ ਪਹਿਲਾਂ ਅੰਮ੍ਰਿਤਸਰ ਤੇ ਹੁਣ ਚੰਡੀਗੜ੍ਹ ਤੋਂ ਨਿਕਲ ਰਿਹਾ ਹੈ। ਖਾਲਸਾ ਕਾਲਜ ਵੱਲੋਂ ਦਰਬਾਰ ਮੈਗਜ਼ੀਨ ਅਤੇ ਬੀ.ਬੀ.ਕੇ. ਡੀ.ਏ.ਵੀ. ਕਾਲਜ ਵੱਲੋਂ ਸਾਸੀ, ਇਸੇ ਤਰ੍ਹਾਂ ਸਾਰੇ ਸਕੂਲਾਂ-ਕਾਲਜਾਂ ਵੱਲੋਂ ਵੀ ਸਾਲਾਨਾ ਮੈਗਜ਼ੀਨ ਛਾਪੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀਆਂ ਰਚਨਾਵਾਂ ਪ੍ਰਕਾਸ਼ਤ ਹੁੰਦੀਆਂ ਹਨ। ਗੁਲ-ਏ-ਗੁਲਦਸਤਾ (ਸਪਤਾਹਿਕ) ਸੰਪਾਦਕ ਗੁਰਦਿਆਲ ਸਿੰਘ ਕੋਟ ਖਾਲਸਾ ਤੋਂ, ਸਿੱਖ ਨਿਊਜ਼ (ਸਪਤਾਹਿਕ) ਸੰਪਾਦਕ ਭੁਪਿੰਦਰ ਸਿੰਘ ਜੱਜ, ਪੰਜਾਬ ਬੋਲਿਆ (ਸਪਤਾਹਿਕ) ਸੰਪਾਦਕ ਮੌਜਾ ਸਿੰਘ ਹਮਦਰਦ, ਰੋਸ਼ਨਾਈ (ਸਪਤਾਹਿਕ) ਸੰਪਾਦਕ ਇੰਦਰਜੀਤ ਸਿੰਘ, ਸਹਾਇਕ ਸੰਪਾਦਕ ਸੁਰਜੀਤ ਸਿੰਘ ਰਾਹੀ; ਉਨਤ ਪੰਜਾਬ (ਸਪਤਾਹਿਕ) ਸੰਪਾਦਕ ਸ਼ਿੰਗਾਰਾ ਸਿੰਘ ਪਰਵਾਨਾ, ਮਾਨਸਰੋਵਰ (ਸਪਤਾਹਿਕ) ਮਾਲਕ/ਸੰਪਾਦਕ ਸੰਤੋਖ ਸਿੰਘ ਤਪੱਸਵੀ, ਜਲਤਰੰਗ (ਸਪਤਾਹਿਕ) ਸੰਪਾਦਕ ਅਵਤਾਰ ਸਿੰਘ ਦੀਪਕ ਤੇ ਅਨਵੰਤ ਕੌਰ।
ਕੰਵਲ ਮਾਸਿਕ ਨਿਰੋਲ ਸਾਹਿਤਕ ਸੰਪਾਦਕ ਅਨਵੰਤ ਕੌਰ, ਅੱਖ਼ਰ ਮਾਸਿਕ ਸੰਪਾਦਕ ਪ੍ਰਮਿੰਦਰਜੀਤ- ਇਹ ਪਹਿਲਾਂ ਪ੍ਰੀਤ ਨਗਰ ਤੋਂ ਨਿਕਲਦਾ ਰਿਹਾ, ਫਿਰ ਅੰਮ੍ਰਿਤਸਰ ਆ ਗਿਆ ਤੇ ਅੱਜ ਕੱਲ੍ਹ ਅੱਖਰ ਨੂੰ ਵਿਸ਼ਾਲ ਬਿਆਸ ਵਾਲਾ ਸੰਪਾਦਿਤ ਕਰ ਰਿਹਾ ਹੈ। ਸਾਹਿਤਕਾਰ ਮਾਸਿਕ ਮਾਲਕ/ਸੰਪਾਦਕ ਗੁਰਬਚਨ ਸਿੰਘ ਭੂਈ, ਮਾਨ ਸਰੋਵਰ ਮਾਸਿਕ ਸੰਤੋਖ ਸਿੰਘ ਤਪੱਸਵੀ, ਆਲ ਇੰਡਿਆ ਸਿੱਖ ਸਟੂਡੈਂਟ ਦਾ ਬੁਲਾਰਾ ਪਰਚਾ ਸ਼ਮਸੀਰ-ਏ-ਦਸਤ ਮਾਸਿਕ ਮੁਖ ਸੰਪਾਦਕ ਭਾਈ ਅਮਰੀਕ ਸਿੰਘ, ਸੰਪਾਦਕ ਹਰਮਿੰਦਰ ਸਿੰਘ ਸੰਧੂ। ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਜਸਬੀਰ ਸਿੰਘ ਸਰਨਾ, ਦਿਲਜੀਤ ਸਿੰਘ ਬੇਦੀ ਤੇ ਬਾਅਦ ਵਿੱਚ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਵੀ ਇੱਕ ਦੋ ਅੰਕ ਕੱਢੇ ਹਨ।
ਲੋਅ ਮਾਸਿਕ ਮੁੱਖ ਸੰਪਾਦਕ ਅਮਰੀਕ ਸਿੰਘ ਅਮਨ, ਸੰਪਾਦਕ ਪ੍ਰਮਿੰਦਰਜੀਤ; ਫਤਿਹਨਾਮਾ ਮਾਸਿਕ ਸੰਪਾਦਕ ਰਣਜੀਤ ਸਿੰਘ, ਬਲਵਿੰਦਰ ਸਿੰਘ ਕਾਲਾ; ਵੰਗਾਰ ਮਾਸਿਕ ਸੰਪਾਦਕ ਬਲਜੀਤ ਸਿੰਘ ਖਾਲਸਾ, ਸਿੰਘ ਗਰਜ਼ ਮਾਸਿਕ ਬੰਦ ਹੋ ਚੁੱਕਾ ਹੈ। ਪੱਤਰ ਮੁਖ ਸੰਪਾਦਕ ਰਾਜਨਦੀਪ ਸਿੰਘ, ਸੰਪਾਦਕ ਚਰਨਜੀਤ ਸਿੰਘ; ਜ਼ਿੰਦਾ ਜ਼ਮੀਰ ਮਾਸਿਕ ਸੰਪਾਦਕ ਗੁਰਨਾਮ ਸਿੰਘ ਬੰਡਾਲਾ; ਕਕਨੂਸ ਮਾਸਿਕ- ਇਹ ਨਿਰੋਲ ਸਾਹਿਤਕ ਰਸਾਲਾ ਸੀ ਤੇ ਹੱਥ ਲਿਖਤ ਨਾਲ ਤਿਆਰ ਹੁੰਦਾ ਸੀ ਸੰਪਾਦਕ ਦਿਲਜੀਤ ਸਿੰਘ ਬੇਦੀ, ਮਨਮੋਹਣ ਸਿੰਘ ਢਿੱਲੋਂ। ਫਿਲਮੀ ਸੰਸਾਰ ਮਾਸਿਕ ਸੰਪਾਦਕ ਭਾਈ ਚਤਰ ਸਿੰਘ ਜੀਵਨ ਸਿੰਘ, ਉਰਵਸ਼ੀ ਮਾਸਿਕ ਸੰਪਾਦਕ ਦਵਿੰਦਰ ਸਿੰਘ ਪਾਂਧੀ, ਭਗਤ ਪੂਰਨ ਸਿੰਘ ਵੱਲੋਂ ਚਲਾਏ ਜਾਂਦੇ ਪੱਤਰ ‘ਪਿੰਗਲਵਾੜਾ ਦਰਪਣ’ (ਮਾਸਿਕ), ਪਿੰਗਲਵਾੜਾ ਕਰੰਟ ਅਫੇਅਰ ਇੰਗਲਿਸ਼, ਜੀਵਨ ਲਹਿਰ। ਸ਼੍ਰੋਮਣੀ ਕਮੇਟੀ ਵੱਲੋਂ ਛਪਦੇ ਮਾਸਿਕ ਪੱਤਰ, ਗੁਰਦੁਆਰਾ ਗਜਟ ਮਾਸਿਕ, ਗੁਰਮਤਿ ਪ੍ਰਕਾਸ਼ ਮਾਸਿਕ, ਸ਼੍ਰੋਮਣੀ ਬੁਲੇਟਿਨ ਮਾਸਿਕ, ਸ਼੍ਰੋਮਣੀ ਸੇਵਾ ਸਰਗਰਮੀਆਂ ਮਾਸਿਕ।
ਪ੍ਰੀਤ ਨਗਰ ਤੋਂ ਬਾਲ ਸੰਦੇਸ਼ ਮਾਸਿਕ, ਸੰਪਾਦਕ ਹਿਰਦੇਪਾਲ ਸਿੰਘ, ਪ੍ਰੀਤ ਲੜੀ ਮਾਸਿਕ ਸੰਪਾਦਕ ਸ. ਗੁਰਬਖਸ਼ ਸਿੰਘ, ਸ. ਨਵਤੇਜ ਸਿੰਘ, ਸੁਮੀਤ ਸਿੰਘ ਹੁਣ ਸ੍ਰੀਮਤੀ ਪੂਨਮ ਸਿੰਘ ਕੱਢ ਰਹੇ ਹਨ। ਲੋਕ ਸਾਹਿਤ ਮਾਸਿਕ ਸ. ਨਾਨਕ ਸਿੰਘ 1959 ਦੇ ਲਗਭਗ ਪ੍ਰੀਤ ਨਗਰ ਤੋਂ ਕੱਢਦੇ ਰਹੇ, ਬਾਅਦ ਵਿੱਚ ਇਸ ਦੇ ਸੰਪਾਦਕ ਕੁਲਵੰਤ ਸਿੰਘ ਸੂਰੀ ਤੇ ਸਹਾਇਕ ਸੰਪਾਦਕ ਸੁਜਾਨ ਸਿੰਘ ਬਣੇ ਤੇ ਇਹ ਭਾਈ ਵੀਰ ਸਿੰਘ ਮਾਰਕਿਟ ਪੁਤਲੀਘਰ ਤੋਂ ਪ੍ਰਕਾਸ਼ਤ ਹੁੰਦਾ ਸੀ। ਮਜ਼ਦੂਰ ਕਿਸਾਨ ਅੰਮ੍ਰਿਤਸਰ (ਛਿਮਾਹੀ) ਸੰਪਾਦਕ ਰਤਨ ਸਿੰਘ 1931, ਦਰਵੇਸ਼ ਮਾਸਿਕ ਸਾਹਿਤਕ ਸੰਪਾਦਕ ਮੁਖਤਾਰ ਗਿੱਲ, ਰਚਨਾ ਮਾਸਿਕ ਸਾਹਿਤਕ 1972-73 ਸੰਪਾਦਕ ਮੁਖਤਾਰ ਗਿੱਲ, ਹਰਿਆਵਲ ਦਸਤਾ ਮਾਸਿਕ ਸੰਪਾਦਕ ਬਲਦੇਵ ਸਿੰਘ ਮਾਨ, ਸੁਰਖ਼ ਰੇਖਾ ਮਾਸਿਕ, ਅੰਕੁਰ ਮਾਸਿਕ ਸੰਪਾਦਕ ਐਸ. ਪ੍ਰਸ਼ੋਤਮ, ਤਰਕਸ਼ ਮਾਸਿਕ (ਸਿਆਸੀ ਪਰਚਾ) ਸੰਪਾਦਕ ਕੁਲਵੰਤ ਸਿੰਘ ਮਾਂਗਟ, ਸਿਆਸਤ ਤੇ ਧਰਮ ਮਾਸਿਕ ਮਾਲਕ/ਸੰਪਾਦਕ ਸਤਨਾਮ ਸਿੰਘ ਕੰਡਾ, ਸੰਪਾਦਕ ਦਿਲਜੀਤ ਸਿੰਘ ਬੇਦੀ (1991-1992), ਰਾਹ ਦਸੇਰਾ ਮਾਸਿਕ ਸੰਪਾਦਕ ਕੁਲਦੀਪ ਸਿੰਘ ਅਰਸ਼ੀ, ਮੁਟਿਆਰ ਮਾਸਿਕ 1971-1972 ਸੰਪਾਦਕ ਇੰਦਰਜੀਤ ਕੌਰ ਸਿੱਧੂ, ਸੰਪਾਦਕ ਪ੍ਰੀਤਮ ਲੋਹਕਾ ਤੇ ਸਹਾਇਕ ਸੰਪਾਦਕ ਐਸ. ਪ੍ਰਸ਼ੋਤਮ; ਦੀਪਕ ਤ੍ਰੈਮਾਸਿਕ ਸੰਪਾਦਕ ਨਿਸ਼ਾਨ ਸਿੰਘ ਜੌਹਲ, ਰਾਗ ਤ੍ਰੈਮਾਸਿਕ ਸਾਹਿਤਕ ਪਰਚਾ ਹੈ, ਇਸ ਦੇ ਮੁਖ ਸੰਪਾਦਕ ਇੰਦਰਜੀਤ ਪੁਰੇਵਾਲ ਤੇ ਸੰਪਾਦਕ ਪਰਮਜੀਤ ਸਿੰਘ ਦਿਓਲ ਹਨ। ਇਹ ਛੱਪਦਾ ਅੰਮ੍ਰਿਤਸਰ ਤੋਂ ਹੈ, ਪਰ ਦਫਤਰ ਇਸ ਦਾ ਨਿਊਯਾਰਕ ਯੂ.ਐਸ.ਏ. ਵਿੱਚ ਹੈ।
ਪੰਜਾਬ ਮੋਨਿਟਰ ਤ੍ਰੈਮਾਸਿਕ ਸੰਪਾਦਕ ਭਬੀਸ਼ਣ ਸਿੰਘ ਗੁਰਾਇਆ, ਮੇਘਲਾ ਤ੍ਰੈਮਾਸਿਕ ਚੋਗਾਵਾਂ ਤੋਂ ਸੰਪਾਦਕ ਜਤਿੰਦਰ ਔਲਖ, ਸਤਰੰਗੀ ਤ੍ਰੈਮਾਸਿਕ ਸਾਹਿਤਕ ਮੁਖ ਸੰਪਾਦਕ ਮਨਮੋਹਣ ਸਿੰਘ ਬਾਸਰਕੇ, ਸੰਪਾਦਕ ਜਸਬੀਰ ਸਿੰਘ ਝਬਾਲ, ਸਹਾਇਕ ਸੰਪਾਦਕ ਜਸਵਿੰਦਰ ਸਿੰਘ ਢਿੱਲੋਂ, ਹਿੰਮਤ ਮਾਸਿਕ ਪੱਤਰ ਗਿਆਨੀ ਤਰਲੋਕ ਸਿੰਘ, ਰੋਜ਼ਾਨਾ ਨਿਰਭੈਅ ਅਤੇ ਰੋਜ਼ਾਨਾ ਡਾਕਟਰ ਸੰਪਾਦਕ ਡਾ. ਹਰੀ ਸਿੰਘ ਸਨ; ਕੌਮੀ ਬੁਲਾਰਾ ਸੰਪਾਦਕ ਅਮਰਨਾਥ ਵਰਮਾ, ਅਸ਼ੋਕ ਵਰਮਾ। ਅਣਖੀ ਯੋਧਾ ਮਾਸਿਕ ਸੰਪਾਦਕ ਮਨਪ੍ਰੀਤ ਸਿੰਘ ਜੱਸੀ, ਫਿਲਮੀ ਦੁਨੀਆਂ, ਫਿਲਮੀ ਕਲੀਆਂ, ਚਿੱਤਰਹਾਰ ਵਰਗੇ ਰਸਾਲੇ ਛਪਦੇ ਰਹੇ। ਹੁਣ ਵੀ ਅੰਮ੍ਰਿਤਸਰ ਤੋਂ ਪੰਜਾਬੀ ਸਕਰੀਨ ਮਾਸਿਕ ਸ. ਦਲਜੀਤ ਸਿੰਘ ਅਰੋੜਾ ਪਿਛਲੇ 15 ਸਾਲ ਤੋਂ ਚਲਾ ਰਹੇ ਹਨ। ਰੰਗਕਰਮੀ ਮਾਸਿਕ ਸੰਪਾਦਕ ਸਤਨਾਮ ਸਿੰਘ ਮੂਧਲ, ਕੌਮੀ ਸਵਤੰਤਰਤਾ ਪ੍ਰਿਥੀਪਾਲ ਅਠੋਲਾ ਬਾਬਾ ਬਕਾਲਾ ਤੋਂ ਬੰਦ ਹੋ ਚੁੱਕਾ ਹੈ। ਏਕਮ ਤ੍ਰੈਮਾਸਿਕ ਸੰਪਾਦਕ ਅਰਤਿੰਦਰ ਕੌਰ ਸੰਧੂ, ਇਤਿਹਾਸ ਬੋਲਦਾ ਰੰਗਰੇਟੇ ਗੁਰੂ ਕੇ ਬੇਟੇ ਅਮਰੀਕ ਸਿੰਘ ਸ਼ੇਰ ਗਿੱਲ, ਸੰਪਾਦਕ ਧਰਮਿੰਦਰ ਔਲਖ, ਸਾਹਿਤ ਸਭਾ ਚੋਗਾਵਾਂ ਵੱਲੋਂ ਨਵੀਂ ਰੋਸ਼ਨੀ ਕੱਢਿਆ ਜਾਂਦਾ ਸੀ।
ਜਦੋਜਾਹਿਦ ਸਪਤਾਹਿਕ, ਕੌਮੀ ਟਾਇਮਜ਼ (ਸਪਤਾਹਿਕ)- ਦੋਵੇਂ ਪਰਚਿਆਂ ਦੀ ਸੰਪਾਦਨਾ ਜੋਗਿੰਦਰਪਾਲ ਸਿੰਘ ਕੁੰਦਰਾ ਕਰਦੇ ਸਨ, ਸੰਘਰਸ਼ ਸਪਤਾਹਿਕ ਸੰਪਾਦਕ ਸ. ਮਨਜੀਤ ਸਿੰਘ ਵੇਰਕਾ, ਦਲੇਰ ਖਾਲਸਾ ਸਪਤਾਹਿਕ ਸੰਪਾਦਕ ਅਮਰਜੀਤ ਸਿੰਘ ਭਾਟੀਆ, ਮੀਲ ਪੱਥਰ ਟਾਈਮਜ਼ ਸਪਤਾਹਿਕ ਸੰਪਾਦਕ ਐਸ. ਪ੍ਰਸ਼ੋਤਮ, ਸਰਹੱਦੀ ਪੱਤ੍ਰਿਕਾ ਸਪਤਾਹਿਕ ਸੰਪਾਦਕ ਐਸ. ਪ੍ਰਸ਼ੋਤਮ, ਨਿਹੰਗ ਸਿੰਘ ਸੰਦੇਸ਼ ਮਾਸਿਕ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਵੱਲੋਂ ਚੱਲਣ ਵਾਲਾ ਪਰਚਾ-ਸੰਪਾਦਕ ਰਛਪਾਲ ਸਿੰਘ ਬੇਦੀ, ਕੈਪਟਨ ਢਿੱਲੋਂ ਤੇ 2018 ਤੋਂ ਮੌਜੂਦਾ ਇਸ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਹਨ। ਜੁਝਾਰ ਤ੍ਰੈਮਾਸਿਕ ਬੁਰਜ ਨੱਥੂ ਕੇ ਸੰਪਾਦਕ ਨਰਿੰਦਰਪਾਲ ਸਿੰਘ ਤੇ ਮੁਖਤਾਰ ਗਿੱਲ, ਪੁਲਾਂਘ ਮਾਸਿਕ ਮੁਖ ਸੰਪਾਦਕ ਵਰਿੰਦਰ ਵਾਲੀਆ, ਸਹਾਇਕ ਸੰਪਾਦਕ ਮਨਮੋਹਣ ਸਿੱਧੂ, ਮੈਨੇਜਰ ਜਗਦੀਸ਼ ਸਚਦੇਵਾ; ਅਖੰਡ ਜੋਤੀ ਮਾਸਿਕ ਮਾਲਕ ਸੰਤ ਜਸਪਾਲ ਸਿੰਘ, ਸੰਪਾਦਕ ਦਿਲਜੀਤ ਸਿੰਘ ਬੇਦੀ, ਵਿਕਾਸ ਮੰਚ ਵੱਲੋਂ ‘ਅੰਮ੍ਰਿਤਸਰ ਪੋਸਟ’ ਮਾਸਿਕ ਸੰਪਾਦਕ ਚਰਨਜੀਤ ਸਿੰਘ ਗੁੰਮਟਾਲਾ, ਪਰਵੀਨ, ਸੰਪਾਦਕ ਸਤਨਾਮ ਸਿੰਘ ਪਾਂਧੀ, ਇਸ ਦੇ ਥੋੜ੍ਹੇ ਹੀ ਅੰਕ ਨਿਕਲੇ ਛੇਤੀ ਹੀ ਬੰਦ ਹੋ ਗਿਆ। ਇਹ ਨਿਰੋਲ ਸਾਹਿਤਕ ਰਸਾਲਾ ਸੀ, ਫਿਰ ਇਹ ਦਲਜੀਤ ਸਿੰਘ ਵੱਲੋਂ ਨਿਕਲਦਾ ਰਿਹਾ ਅੱਜ ਕੱਲ੍ਹ ਬੰਦ ਹੈ।
ਸ. ਮਨਮੋਹਣ ਸਿੰਘ ਢਿੱਲੋਂ ਨੇ ਜ਼ਿੰਦਗੀ ਦੇ ਆਰ-ਪਾਰ ਕਿਤਾਬ ਵਿੱਚ ਪਬਲੀਸ਼ਰਾਂ ਬਾਰੇ ਲਿਖਿਆ ਹੈ ਕਿ ਬਹੁਤ ਸਾਰੇ ਪਬਲੀਸ਼ਰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਨਿਰੰਤਰ ਸੇਵਾ ਨਿਭਾਈ ਹੈ। ਇਨ੍ਹਾਂ ਵਿੱਚੋਂ ਰਵੀ ਸਾਹਿਤ ਪ੍ਰਕਾਸ਼ਨ, ਵਾਰਿਸ-ਸ਼ਾਹ ਫਾਉਂਡੇਸ਼ਨ, ਚਤਰ ਸਿੰਘ ਜਵਾਹਰ ਸਿੰਘ, ਅਜ਼ਾਦ ਬੁੱਕ ਡਿਪੂ, ਕਸਤੂਰੀ ਲਾਲ ਐਂਡ ਸੰਨਜ਼, ਕੇ.ਜੀ. ਗ੍ਰਾਫਿਕਸ ਖਾਲਸਾ ਕਾਲਜ ਆਦਿ। ਪਰ ਵਿਸ਼ੇਸ਼ ਤੌਰ `ਤੇ ਇਸ ਵਕਤ ਚਤਰ ਸਿੰਘ ਜੀਵਨ ਸਿੰਘ, ਸਿੰਘ ਬ੍ਰਦਰਜ਼ ਦਾ ਨਾਂ ਹੀ ਮੁੱਖ ਹੈ। ਸਿੰਘ ਬ੍ਰਦਰਜ਼ ਪੰਜਾਬੀ ਪ੍ਰਕਾਸ਼ਨ ਖੇਤਰ ਵਿੱਚ ਆਪਣਾ ਇੱਕ ਵਿਸ਼ੇਸ਼ ਸਨਮਾਨਜਨਕ ਮੁਕਾਮ ਹੈ। ਇਹ ਪ੍ਰਕਾਸ਼ਨ ਦੇਸ਼ ਵੰਡ ਤੋਂ ਪਹਿਲਾਂ 1940 ਵਿੱਚ (ਅਨਾਰਕਲੀ) ਲਾਹੌਰ ਵਿੱਚ ਸ੍ਰੀ ਸੇਵਾ ਸਿੰਘ ਨੇ ਆਰੰਭ ਕੀਤਾ ਸੀ। ਦੇਸ਼ ਵੰਡ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਵੇਂ ਸਿਰੇ ਤੋਂ ਸਿੰਘ ਬ੍ਰਦਰਜ਼ ਹੋਂਦ ਵਿੱਚ ਆਇਆ ਸੀ ਅਤੇ ਲੰਮੇ ਸੰਘਰਸ਼ ਤੋਂ ਮਗਰੋਂ ਇਹ ਪ੍ਰਕਾਸ਼ਨ ਅੱਜ ਬੁਲੰਦੀਆਂ `ਤੇ ਹੈ। ਮਿਆਰੀ ਪੁਸਤਕਾਂ ਦਾ ਪ੍ਰਕਾਸ਼ਨ ਕਰਨਾ ਅਤੇ ਪਾਠਕਾਂ ਤੱਕ ਪੁਚਾਉਣਾ ਇਸ ਸੰਸਥਾ ਦਾ ਉਦੇਸ਼ ਹੈ। ਇਸ ਸੰਸਥਾ ਨੂੰ ਸ. ਗੁਰਸਾਗਰ ਸਿੰਘ ਅਤੇ ਸ. ਕੁਲਜੀਤ ਸਿੰਘ ਬਾਖੂਬੀ ਚਲਾ ਰਹੇ ਹਨ।
ਭਾਈ ਚਤਰ ਸਿੰਘ ਜੀਵਨ ਸਿੰਘ ਪ੍ਰਕਾਸ਼ਨ ਅਦਾਰਾ ਸੰਨ 1880 ਵਿੱਚ ਸਥਾਪਿਤ ਹੋਇਆ ਸੀ। ਇਸ ਅਦਾਰੇ ਨੇ ਧਾਰਮਿਕ ਪੁਸਤਕਾਂ, ਪੋਥੀਆਂ, ਸੈਂਚੀਆਂ, ਸਟੀਕ, ਗੁਰੂ ਗ੍ਰੰਥ ਸਾਹਿਬ ਛਾਪਣੇ ਸ਼ੁਰੂ ਕੀਤੇ ਸਨ। ਇਸ ਅਦਾਰੇ ਨੂੰ ਅੱਜ-ਕਲ੍ਹ ਹਰਭਜਨ ਸਿੰਘ ਤੇ ਹਰਿੰਦਰ ਸਿੰਘ ਵਿਕੀ ਚਲਾ ਰਹੇ ਹਨ।
ਲੋਕ ਸਾਹਿਤ ਪ੍ਰਕਾਸ਼ਨ ਅਤੇ ਨਾਨਕ ਸਿੰਘ ਪ੍ਰਕਾਸ਼ਨ: ਨਾਵਲਕਾਰ ਸ. ਨਾਨਕ ਸਿੰਘ ਦੀ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਤੇ ਵਿਲੱਖਣ ਥਾਂ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ 1959 ਵਿੱਚ ਸਥਾਪਤ ਕੀਤੇ ਲੋਕ ਸਾਹਿਤ ਪ੍ਰਕਾਸ਼ਨ ਦਾ ਪੰਜਾਬੀ ਪ੍ਰਕਾਸ਼ਨਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਰਿਹਾ ਹੈ। ਡਾ. ਕੁਲਬੀਰ ਸਿੰਘ ਸੂਰੀ ਨੇ ਨਾਨਕ ਸਿੰਘ ਪੁਸਤਕਮਾਲਾ ਪ੍ਰਕਾਸ਼ਨ ਸੰਸਥਾ ਅਪਰੈਲ 1972 ਵਿੱਚ ਪ੍ਰੀਤਨਗਰ ਤੋਂ ਸ਼ੁਰੂ ਕੀਤੀ ਸੀ। ਫਿਰ ਅੰਮ੍ਰਿਤਸਰ ਸਿਟੀ ਸੈਂਟਰ ਮਾਰਕੀਟ ਤੋਂ ਕਾਰਜ ਕਰਦੇ ਰਹੇ ਹਨ, ਹੁਣ ਇਹ ਪ੍ਰਕਾਸ਼ਨ ਵੀ ਇੱਥੋਂ ਬੰਦ ਹੋ ਗਿਆ ਹੈ।
ਰਵੀ ਸਾਹਿਤ ਪ੍ਰਕਾਸ਼ਨ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ, ਕਿਉਂਕਿ ਦੇਸ਼-ਵਿਦੇਸ਼ ਦੇ ਲੇਖਕਾਂ ਨਾਲ ਇਸ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ ਅਤੇ ਅੱਜ ਵੀ ਹੈ। ਸ਼ਹਿਰ ਦੇ ਪ੍ਰਕਾਸ਼ਨ ਅਦਾਰਿਆਂ ਵਿੱਚ ਵੀ ਰਵੀ ਸਾਹਿਤ ਪ੍ਰਕਾਸ਼ਨ ਦਾ ਆਪਣਾ ਵਿਲੱਖਣ ਸਥਾਨ ਹੈ। ਅੱਜ ਕੱਲ੍ਹ ਇਸ ਸੰਸਥਾ ਦੇ ਸੰਸਥਾਪਕ ਮੋਹਨ ਸਿੰਘ ਰਾਹੀ ਦਾ ਬੇਟਾ ਰਵੀ ਇਸ ਅਦਾਰੇ ਨੂੰ ਚਲਾ ਰਿਹਾ ਹੈ। ਬਹੁਤ ਸਾਰੇ ਪਬਲੀਸ਼ਰ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੇ ਪੰਜਾਬੀ ਸਹਿਤ ਨੂੰ ਪ੍ਰਫੁਲਿਤ ਕਰਨ ਲਈ ਨਿਰੰਤਰ ਸੇਵਾ ਨਿਭਾਈ ਹੈ। ਜਿਨ੍ਹਾਂ ਵਿੱਚੋਂ ਰਵੀ ਸਹਿਤ ਪ੍ਰਕਾਸ਼ਨ, ਵਾਰੇਸ਼ਾਹ ਫਾਉਂਡੇਸ਼ਨ, ਚਤਰ ਸਿੰਘ ਜੀਵਨ ਸਿੰਘ, ਭਾਈ ਜਵਾਹਰ ਸਿੰਘ, ਅਜ਼ਾਦ ਬੁੱਕ ਡਿਪੂ, ਕਸਤੂਰੀ ਲਾਲ ਐਂਡ ਸੰਨਜ਼, ਕੇ.ਐਸ. ਗ੍ਰਾਫਿਕਸ ਆਦਿ।