*ਪਾਣੀ ਲਈ ਹੋਣ ਲੱਗੀ ਹਾਹੇ-ਹਾਏ ਕਲਾਪ
*ਝੋਨੇ ਲਈ ਪੰਜਾਬ ਛੱਪੜ ਵਿੱਚ ਹੋਣ ਲੱਗਾ ਤਬਦੀਲ
ਪੰਜਾਬੀ ਪਰਵਾਜ਼ ਬਿਊਰੋ
ਕੁਝ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਦੱਖਣੀ ਅਫਰੀਕਾ ਦੇ ਸ਼ਹਿਰ ਕੇਪ ਟਾਊਨ ਵਿੱਚ ਪਾਣੀ ਲਈ ਹਾਹਾਕਾਰ ਮੱਚੀ ਹੋਈ ਹੈ। ਇਸ ਤੋਂ ਥੋ੍ਹੜੇ ਦਿਨ ਬਾਅਦ ਦਿੱਲੀ ਦੀਆਂ ਗਰੀਬ ਬਸਤੀਆਂ ਵਿੱਚ ਪਾਣੀ ਦਾ ਸੰਕਟ ਸਾਹਮਣੇ ਆ ਗਿਆ। ਇਸ ਨੂੰ ਲੈ ਕੇ ਹਰਿਆਣਾ ਦੀ ਭਾਜਪਾ ਅਤੇ ਦਿੱਲੀ ਦੀ ‘ਆਪ’ ਸਰਕਾਰ ਵਿੱਚ ਖੜਕਣ ਲੱਗੀ। ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਹੋਣ ਲੱਗੀ। ਅੰਤ ਮਸਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਸੁਪਰੀਮ ਕੋਰਟ ਨੇ ਹਰਿਆਣਾ ਨੂੰ ਦਿੱਲੀ ਲਈ ਵਧੇਰੇ ਪਾਣੀ ਛੱਡਣ ਦਾ ਆਦੇਸ਼ ਦਿੱਤਾ। ਹਰਿਆਣੇ ਵਾਲੇ ਆਖ ਰਹੇ ਹਨ ਕਿ ਦਿੱਲੀ ਸਰਕਾਰ ਅਤੇ ਇਸ ਦੇ ਅਧਿਕਾਰੀ ਆਪਣੇ ਆਧਾਰ ਖੇਤਰ ਵਾਲੇ ਇਲਾਕੇ ਵਿੱਚ ਪਾਣੀ ਦੀ ਬਰਬਾਦੀ ਕਰ ਰਹੇ ਹਨ, ਸਾਡੇ ਵੱਲੋਂ ਦਿੱਲੀ ਲਈ ਲੋੜੀਂਦਾ ਪੂਰਾ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਦੇਸ਼ ਵਿੱਚ ਸਿਆਸਤ ਵੀ ਅਜੀਬ ਪ੍ਰੇਤ ਦਾ ਨਾਂ ਹੈ। ਇੱਕ ਪਾਸੇ ਹਰਿਆਣਾ ਭਾਜਪਾ ਵਾਲੇ ਦਿੱਲੀ ਨੂੰ ਪਾਣੀ ਦੇਣ ਤੋਂ ਆਨਾ-ਕਾਨੀ ਕਰਦੇ ਹਨ, ਦੂਜੇ ਪਾਸੇ ਦਿੱਲੀ ਭਾਜਪਾ ਵਾਲੇ ਦਿੱਲੀ ਦੀ ਜਲ ਸਪਲਾਈ ਬਾਰੇ ਮੰਤਰੀ ਆਤਸ਼ੀ ਦੇ ਘਰ/ਦਫਤਰ ਮੂਹਰੇ ਪਿੱਟ ਸਿਆਪਾ ਕਰ ਰਹੇ ਹਨ। ਇਹ ਹੈ ਹਿੰਦੁਸਤਾਨੀ ਸਿਆਸੀ ਦਸਤੂਰ। ਇੱਕ ਪਾਸੇ ਜਨ ਸਧਾਰਨ ਲਈ ਪਾਣੀ ਦੀ ਉਪਲਬਧੀ ਜਾਨ ਦਾ ਖੌਅ ਬਣੀ ਹੋਈ ਹੈ, ਦੂਜੇ ਪਾਸੇ ਸਿਆਸਤਦਾਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦਾ ਮਸਾਂ ਮੌਕਾ ਜੁੜਿਆ ਹੈ। ਇਹ ਹਾਲਤ ਕੀ ਦਰਸਾਉਂਦੀ ਹੈ, ਇਹੀ ਕਿ ਪ੍ਰੋਫੈਸ਼ਨਲ ਸਿਆਸਤ ਕੋਲ ਜਨ ਸਧਾਰਨ ਦਾ ਕੋਈ ਵੀ ਮਸਲਾ ਹੱਲ ਕਰਨ ਦਾ ਤਾਣ ਨਹੀਂ ਹੈ। ਇਸ ਕੋਲ ਮਸਲਿਆਂ ਨੂੰ ਉਲਝਾਉਣ ਅਤੇ ਉਨ੍ਹਾਂ ‘ਤੇ ਵਿਵਾਦ ਖੜੇ੍ਹ ਕਰਨ ਦਾ ਕਾਲ਼ਾ ਜਾਦੂ ਜ਼ਰੂਰ ਹੈ।
ਇਸ ਦਲੀਲ ਨੂੰ ਕੋਈ ਨਹੀਂ ਸੁਣ ਰਿਹਾ ਕਿ ਦੇਸ਼ ਵਿੱਚ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਦਿੱਲੀ ਵਿੱਚ ਤਾਂ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਛੋਹ ਚੁੱਕਾ ਹੈ। ਇਸ ਵਰ੍ਹਦੀ ਅੱਗ ਵਿੱਚ ਪੰਜਾਬ ਵਾਲਿਆਂ ਆਪਣੀ ਧਰਤੀ ਦੀ ਕੁੱਖ ਵਿੱਚੋਂ ਪਾਣੀ ਖਿੱਚ ਕੇ ਖੇਤਾਂ ਵਿੱਚ ਖਿਲਾਰਨਾ ਸ਼ੁਰੂ ਕੀਤਾ ਹੋਇਆ ਹੈ, ਤਾਂ ਜੋ ਚੌਲਾਂ ਦੀ ਲਹੂ ਪੀਣੀ ਫਸਲ ਨੂੰ ਹਰਾ-ਭਰਾ ਕੀਤਾ ਜਾ ਸਕੇ। ਕਿਸੇ ਨੇ ਸੋਸ਼ਲ ਮੀਡੀਆ ‘ਤੇ ਕੁਮੈਂਟ ਕੀਤਾ, ‘ਪੰਜਾਬ ਪੀਣ ਵਾਲਾ ਪਾਣੀ ਖੇਤਾਂ ਵਿੱਚ ਖਿਲਾਰ ਰਿਹਾ ਹੈ, ਅਤੇ ਪੀਣ ਲਈ ਪਾਣੀ ਦੀਆਂ ਬੋਤਲਾਂ ਖਰੀਦਣ ਲੱਗਾ ਹੋਇਆ ਹੈ।’ ਦੁਨੀਆਂ ਦੇ ਘਾਗ ਬਾਣੀਆਂ ਨੂੰ ਹੋਰ ਕੀ ਚਾਹੀਦਾ ਹੈ?
ਇੱਕ ਦਿਨ ਖਬਰ ਆਈ ਕਿ ਪੰਜਾਬ ਵਿੱਚ ਛੋਟੀ ਪਾਵਰ ਦੀਆਂ ਮੱਛੀ ਮੋਟਰਾਂ ਪਤਾਲ ’ਚੋਂ ਪਾਣੀ ਖਿੱਚਣੋਂ ਜਵਾਬ ਦੇ ਰਹੀਆਂ ਹਨ। ਕਿਸਾਨ ਮੋਟਰਾਂ ਦਾ ਲੋਡ ਵਧਾਉਣ ਦੀ ਮੰਗ ਕਰ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਹਰਿਆਣਾ ਦੇ ਬਾਰਡਰਾਂ ‘ਤੇ ਪੰਜਾਬ ਦੇ ਕਿਸਾਨਾਂ ਨੇ ਜਦੋਂ ਮੋਰਚਾ ਲਾਇਆ ਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨਾ ਛੱਡ ਕੇ ਦਾਲਾਂ ਅਤੇ ਤੇਲ ਬੀਜਾਂ ਸਮੇਤ ਹੋਰ ਫਸਲਾਂ ‘ਤੇ ਪੰਜਾਂ ਸਾਲਾਂ ਲਈ ਐਮ.ਐਸ.ਪੀ. ਦੀ ਗਾਰੰਟੀ ਦੇਣ ਦੀ ਤਜਵੀਜ਼ ਰੱਖੀ; ਪਰ ਪੰਜਾਬ ਦੀ ਕਿਸਾਨ ਲੀਡਰਸ਼ਿਪ ਨੇ ਇਹ ਤਜਵੀਜ਼ ਦਰਕਿਨਾਰ ਕਰ ਦਿੱਤੀ! ਕਿਉਂ ਬਈ, ਝੋਨੇ ਨੂੰ ਚਿੰਬੜੇ ਰਹਿਣ ਦੀ ਇਹ ਜਿੱਦ ਕਿਸ ਖੁਸ਼ੀ ਵਿੱਚ? ਤੁਸੀਂ ਗਾਰੰਟੀ ਪੰਜ ਸਾਲਾਂ ਦੀ ਥਾਂ ਪੱਕੀ ਤੇ ਕਾਨੂੰਨੀ ਮੰਗੋ, ਪਰ ਝੋਨੇ ਦਾ ਫਾਹਾ ਵੱਢਣ ਲਈ ਕੋਈ ਗੱਲ ਤਾਂ ਕਰੋ। ‘ਮੈ ਨਾ ਮਾਨੂੰ ਵਾਲੀ’ ਰਟ ਨਾਲ ਕੀ ਬਣੇਗਾ? ਪੰਜਾਬ ਦੀ ਧਰਤੀ ਹੇਠਾਂ/ਉੱਪਰ ਮੌਜੂਦ ਪਾਣੀ ਦੇ ਸੋਮਿਆਂ ‘ਤੇ ਸਿਰਫ ਕਿਸਾਨਾਂ ਦਾ ਹੱਕ ਨਹੀਂ ਹੈ। ਇਸ ਧਰਤੀ ‘ਤੇ ਵੱਸਦੇ ਸਾਰੇ ਲੋਕਾਂ ਅਤੇ ਹੋਰ ਜੀਆ-ਜੰਤ ਅਤੇ ਪੰਛੀ ਪੰਖੇਰੂਆਂ ਦਾ ਵੀ ਹੱਕ ਹੈ। ਇਹ ਹੱਕ ਖੋਹਣ ਦਾ ਅਧਿਕਾਰ ਕਿਸਾਨਾਂ ਨੂੰ ਕਿਸ ਨੇ ਦਿੱਤਾ ਹੈ? ਇਸ ਰਹਿਮ ਨੂੰ ਆਪਣੇ ਚਿੱਤਾਂ ਵਿੱਚ ਦਫਨ ਕਰ ਦਿਉਗੇ ਤਾਂ ਧਰਤੀ ਦੀ ਤਰੌਤੀ ਚੂਸ ਰਹੀਆਂ ਮੱਛੀ ਮੋਟਰਾਂ ਵਿੱਚੋਂ ਵੀ ਇੱਕ ਦਿਨ ਹਾੜ ਬੋਲਣਗੇ। ਉਦੋਂ ਇਸ ਧਰਤੀ ਦੇ ਪਰਿੰਦਿਆਂ ਦੇ ਬੋਟ ਹੀ ਨਹੀਂ, ਤੁਹਾਡੇ ਬੱਚੇ ਵੀ ਪਿਆਸ ਨਾਲ ਤੜਪਣਗੇ। ਨਾਲੇ ਜਿਸ ਤਰ੍ਹਾਂ ਸੂਰਜ ਲੋਹਾ ਲਾਖਾ ਹੋਇਆ ਫਿਰਦਾ ਹੈ, ਇਹ ਦਿਨ ਵੀ ਹੁਣ ਦੂਰ ਨਹੀਂ ਹਨ।
ਹਿੰਦੁਸਤਾਨੀ ਮੈਟਰੋਲੋਜੀਕਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਮੁਲਕ ਭਰ ਵਿੱਚ ਆਮ ਨਾਲੋਂ ਲੰਮੀ ਅਤੇ ਤਿੱਖੀ ਗਰਮੀ ਪੈ ਰਹੀ ਹੈ। ਵਿਭਾਗ ਅਨੁਸਾਰ ਇਸ ਸਾਲ ਪਹਿਲੀ ਮਾਰਚ ਤੋਂ 9 ਜੂਨ ਤੱਕ ਦੇਸ਼ ਕੁੱਲ 36 ਸਬਡਵੀਜ਼ਨਾਂ ਵਿੱਚ 15 ਦਿਨ ਦੀ ਹੀਟ ਵੇਵ ਰਿਕਾਰਡ ਕਰ ਚੁੱਕਾ ਹੈ। ਅਤਿ ਗਰਮੀ (ਹੀਟ ਵੇਵ) ਦੇ ਸਭ ਤੋਂ ਜ਼ਿਆਦਾ ਦਿਨ (27) ਉੜੀਸਾ ਵਿੱਚ ਰਿਕਾਰਡ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਜਸਥਾਨ ਵਿੱਚ 23, ਗੰਗਾ ਵਾਦੀ ਦੇ ਨਜ਼ਦੀਕ ਵਾਲੇ ਪੱਛਮੀ ਬੰਗਾਲ ਵਿੱਚ 21, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 20 ਦਿਨ ਅਤਿ ਗਰਮੀ ਵਾਲੇ ਰਹੇ ਹਨ।
ਜਿਸ ਤੱਥ ਨੇ ਮੌਸਮ ਵਿਗਿਆਨੀਆਂ ਨੂੰ ਵੀ ਹੈਰਾਨੀ ਵਿੱਚ ਪਾਇਆ ਹੈ, ਉਹ ਇਹ ਹੈ ਕਿ ਉੱਚੇ ਪਹਾੜੀ ਖੇਤਰਾਂ ਵਿੱਚ ਵੀ ਹੀਟ ਵੇਵ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਸਿਰਫ ਉੱਤਰ ਪੂਰਬੀ ਸੂਬੇ, ਤੱਟੀ ਕਰਨਾਟਕਾ ਅਤੇ ਮਰਾਠਵਾੜਾ ਦੇ ਕੁੱਝ ਹਿੱਸੇ ਹੀ ਇਸ ਵਾਰ ਹੀਟ ਵੇਵ ਵਾਲੇ ਪ੍ਰਭਾਵ ਤੋਂ ਬਚ ਸਕੇ ਹਨ। ਪਹਾੜੀ ਖੇਤਰਾਂ ਜੰਮੂ ਕਸ਼ਮੀਰ, ਉੱਤਰਾਖੰਡ ਵਿੱਚ ਵੀ ਕ੍ਰਮਵਾਰ 6, 12 ਅਤੇ 2 ਹੀਟ ਵੇਵ ਵਾਲੇ ਦਿਨ ਨੋਟ ਕੀਤੇ ਗਏ ਹਨ। ਇਸੇ ਤਰ੍ਹਾਂ ਕੇਰਲਾ ਅਤੇ ਤਾਮਿਲਨਾਡੂ ਜਿਹੇ ਤੱਟੀ ਖੇਤਰਾਂ ਵਿੱਚ ਵਿਚ ਵੀ 14 ਦਿਨ ਅਤਿ ਗਰਮੀ ਵਾਲੇ ਰਹੇ ਹਨ। ਇਸ ਵਾਰ ਦੀ ਵਧਵੀਂ ਗਰਮੀ ਵਾਲੇ ਮੌਸਮ ਬਾਰੇ ਪਹਿਲਾਂ ਹੀ ਵਿਗਿਆਨੀਆਂ ਵੱਲੋਂ ਭਵਿੱਖਵਾਣੀ ਕੀਤੀ ਗਈ ਸੀ। ਪਿਛਲਾ ਸਾਲ ਅਲ ਨੀਨੋ ਵਾਲਾ ਸਾਲ ਰਿਹਾ ਸੀ। ਅਲ ਨੀਨੋ ਵਾਲੇ ਸਾਲ ਤੋਂ ਅਗਲੇ ਵਰ੍ਹੇ ਆਮ ਤੌਰ ‘ਤੇ ਗਰਮੀ ਜ਼ਿਆਦਾ ਪੈਂਦੀ ਹੈ। ਅਜਿਹਾ ਮੌਸਮ ਵਿੱਚ ਹੀਟ ਵੇਵ ਦੇ ਵਹਾਅ ਲਈ ਮਾਕੂਲ ਹਾਲਾਤ ਦੇ ਮੌਜੂਦ ਹੋਣ ਕਾਰਨ ਹੁੰਦਾ ਹੈ। ਇਸ ਕੁਦਰਤੀ ਵਰਤਾਰੇ ਨੂੰ ਗਲੋਬਲ ਵਾਰਮਿੰਗ ਅਤੇ ਮੌਸਮੀ ਤਬਦੀਲੀਆਂ ਦਾ ਮਨੁੱਖ ਸਿਰਜਤ ਵਰਤਾਰਾ ਜਰਬ ਦੇ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਇਸ ਨਾਲੋਂ ਵੀ ਜ਼ਿਆਦਾ ਤੇਜ਼ ਹੀਟ ਵੇਵਜ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਲਈ ਸਾਨੂੰ ਤਿਆਰ ਰਹਿਣਾ ਪਏਗਾ। ਮੌਸਮ ਵਿਗਿਆਨੀਆਂ ਅਨੁਸਾਰ ਉੱਤਰ ਭਾਰਤ ਵਿੱਚ ਸਾਨੂੰ ਅੱਧ ਮਾਰਚ ਤੱਕ ਇਸ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਏਗਾ। ਇਸ ਤੋਂ ਬਾਅਦ ਮੌਸਮ ਦੇ ਖੁਸ਼ਗਵਾਰ ਹੋਣ ਜਾਂ ਬੂੰਦਾਬਾਂਦੀ ਹੋਣ ਦੇ ਆਸਾਰ ਬਣ ਸਕਦੇ ਹਨ।