ਦਿਲਜੀਤ ਸਿੰਘ ‘ਬੇਦੀ’
ਫੋਨ: +91-7657968570
‘ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ’ ਅਨੁਸਾਰ ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਪਏ, ਉਹ ਥਾਵਾਂ ਪੂਜਣਯੋਗ ਹੋ ਗਈਆਂ। ਮਨੁੱਖਤਾ ਦੇ ਕਲਿਆਣ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਗੁਰੂ ਸਾਹਿਬਾਨ ਨੇ ਨਵੇਂ ਨਗਰ ਵਸਾਉਣ ਦੀ ਪਰੰਪਰਾ ਤੋਰੀ, ਜਿਸ ਤਹਿਤ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ, ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਆਦਿ ਨਵੇਂ ਨਗਰਾਂ ਦਾ ਨਿਰਮਾਣ ਕਰਵਾਇਆ।
ਇਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਗੁਰੂ ਤੇਗ ਬਹਾਦਰ ਜੀ ਨੇ ਸ਼ਿਵਾਲਿਕ ਦੀਆਂ ਰਮਣੀਕ ਵਾਦੀਆਂ ਵਿੱਚ ਨਵੇਂ ਨਗਰ ਚੱਕ ਨਾਨਕੀ ਦੀ ਨੀਂਹ ਰੱਖੀ, ਜੋ ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। ਸ੍ਰੀ ਅਨੰਦਪੁਰ ਸਾਹਿਬ ਦੀ ਸਰਜ਼ਮੀਂ ਧਰਤੀ ਦਾ ਉਹ ਟੁਕੜਾ ਹੈ, ਜਿਸ ਨੂੰ ਪੰਜ ਗੁਰੂ ਸਾਹਿਬਾਨ, ਪੰਜ ਗੁਰੂ-ਮਹਿਲਾਂ, ਪੰਜ ਪਿਆਰਿਆਂ ਅਤੇ ਚਾਰ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਹੋਈ।
ਤਖਤ ਸ੍ਰੀ ਕੇਸਗੜ੍ਹ ਸਾਹਿਬ, ਭਾਰਤੀ ਪੰਜਾਬ ਦੀ ਪਵਿੱਤਰ ਭੂਮੀ ’ਤੇ ਸੁਭਾਏਮਾਨ ਹੈ। ਸ਼ਿਵਾਲਕ ਪਹਾੜਾਂ ਦੇ ਮੁੱਢ ਵਿੱਚ ਹੋਣ ਕਰਕੇ ਅਤੇ ਸਤਲੁਜ ਦਰਿਆ ਦੇ ਐਨ ਕੰਢੇ ਉਪਰ ਦੀ ਸਥਿਤੀ ਨੇ ਇਸ ਦੇ ਬਾਹਰੀ ਦ੍ਰਿਸ਼ ਨੂੰ ਬਹੁਤ ਹੀ ਰੌਚਿਕ ਅਤੇ ਦਿਲ ਖਿੱਚਵਾਂ ਬਣਾਇਆ ਹੋਇਆ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਉਪਰਲੀ ਇਮਾਰਤ ’ਤੇ ਖੜ੍ਹੋ ਕੇ ਆਲੇ-ਦੁਆਲੇ ਵੱਲ ਨਜ਼ਰ ਮਾਰਨ ਤੋਂ ਇਸ ਦੇ ਇਰਦ-ਗਿਰਦ ਇੱਕ ਐਸੀ ਪਹਾੜੀ-ਨੁਮਾ ਦੀਵਾਰ ਦੀ ਉਚਾਈ ਨਜ਼ਰ ਆਉਂਦੀ ਹੈ, ਜੋ ਇਸਨੂੰ ਸਾਰੇ ਇਲਾਕੇ ਨਾਲੋਂ ਕੱਟ ਕੇ ਇੱਕ ਖਾਸ ਕਿਸਮ ਦੀ ਭੂਗੋਲਿਕ ਵਿਸ਼ੇਸ਼ਤਾ ਪ੍ਰਦਾਨ ਕਰਦੀ ਹੈ। ਅਨੰਦਪੁਰ ਸਾਹਿਬ ਦੇ ਪਿੱਛੇ ਹਿਮਾਚਲ ਪ੍ਰਦੇਸ਼ ਦਾ ਪਹਾੜੀ ਇਲਾਕਾ ਅਤੇ ਇਸ ਦੇ ਸਾਹਮਣੇ ਪੰਜਾਬ ਦਾ ਮੈਦਾਨੀ ਇਲਾਕਾ ਇਸਦੀ ਕੁਦਰਤੀ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਵਧਾ ਰਿਹਾ ਹੈ। ਇਸ ਵਾਦੀ ਵਿਚਕਾਰ ਘਿਰਿਆ ਸੈਂਕੜੇ ਵਰਗ ਕਿਲੋਮੀਟਰਾਂ ਦਾ ਇਲਾਕਾ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ-ਛੋਹ ਨਾਲ ਵਰੋਸਾਇਆ ਹੋਇਆ ਹੈ।
ਇਸ ਦੇ ਪੱਛਮ ਵੱਲ ਨੰਗਲ ਸ਼ਹਿਰ ਸਥਿਤ ਹੈ, ਜਿੱਥੇ ਸਤਲੁਜ ਦਰਿਆ ਦੇ ਕੰਢੇ ’ਤੇ ਗੁਰਦੁਆਰਾ ਬਿਭੌਰ ਸਾਹਿਬ ਸੁਸ਼ੋਭਿਤ ਹੈ। ਇੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਦੀ ਰਚਨਾ ਕੀਤੀ ਸੀ। ਅਨੰਦਪੁਰ ਸਾਹਿਬ ਦੇ ਦੱਖਣ-ਪੂਰਬ ਵੱਲ ਅੱਠ ਕੁ ਕਿਲੋਮੀਟਰ ਦੀ ਵਿੱਥ ‘ਤੇ ਸ੍ਰੀ ਕੀਰਤਪੁਰ ਸਾਹਿਬ ਦਾ ਪਵਿੱਤਰ ਅਸਥਾਨ ਸਥਿਤ ਹੈ। ਇਸ ਧਰਤ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਹ ਧਰਤੀ ਖਾਲਸੇ ਦੇ ਪਵਿੱਤਰ ਖੂਨ ਨਾਲ ਰੰਗੀ ਹੋਈ ਹੈ। ਇਸ ਧਰਤੀ ਨੇ ਅਨੇਕਾਂ ਉਤਰਾਅ-ਚੜ੍ਹਾਅ ਵੇਖੇ, ਅਨੇਕਾਂ ਭਿਆਨਕ ਲੜਾਈਆਂ ਵੇਖੀਆਂ ਅਤੇ ਦੁਸ਼ਮਣਾਂ ਹੱਥੋਂ ਸਮੇਂ-ਸਮੇਂ ’ਤੇ ਹੋਈਆਂ ਤਬਾਹੀਆਂ ਵੀ ਵੇਖੀਆਂ, ਪਰ ਇੱਥੇ ਸਦਾ ਕੇਸਰੀ ਨਿਸ਼ਾਨ ਸਾਹਿਬ ਝੁੱਲਦਾ ਰਿਹਾ ਹੈ। ਸਮੁੱਚਾ ਖਾਲਸਾ ਪੰਥ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਹੈ, ਕਿਉਂਕਿ ਇਹ ਪਵਿੱਤਰ ਅਸਥਾਨ ਖਾਲਸੇ ਦੀ ਜਨਮ-ਭੂਮੀ ਹੈ। ਖਾਲਸਾ ਪੰਥ ਦਾ ਹਰ ਮੈਂਬਰ ਗੁਰੂ ਗੋਬਿੰਦ ਸਿੰਘ ਨੂੰ ਪਿਤਾ, ਮਾਤਾ ਸਾਹਿਬ ਕੌਰ ਨੂੰ ਮਾਤਾ, ਜਨਮ ਅਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਦਾ ਮੰਨਦਾ ਹੈ।
ਇਸ ਮਹਾਨ ਅਤੇ ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਭੂਮੀ ਦੇ ਇਤਿਹਾਸ ’ਤੇ ਨਜ਼ਰ ਮਾਰਦੇ ਹਾਂ। ਗੁਰੂ ਹਰਿਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ 1633-34 ਵਿੱਚ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਆ ਗਏ ਸਨ। ਉਹ ਇੱਥੇ ਆਪਣੇ ਅੰਤਿਮ ਸਮੇਂ (1644 ਈ.) ਤਕ ਰਹੇ। ਕੀਰਤਪੁਰ ਸਾਹਿਬ ਸਤਵੇਂ ਤੇ ਅੱਠਵੇਂ ਪਾਤਸ਼ਾਹ ਜੀ ਦਾ ਜਨਮ ਅਸਥਾਨ ਵੀ ਹੈ। ਇੱਥੇ ਹੀ ਗੁਰੂ ਹਰਿਰਾਏ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਤੇ ਉਹ 1664 ਈ. ਤਕ ਲਗਭਗ ਇੱਥੇ ਹੀ ਰਹੇ। 1664 ਈ. ਵਿੱਚ ਗੁਰੂ ਹਰਿਕ੍ਰਿਸ਼ਨ ਜੀ ਵੀ ਇੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਸ ਬਣੇ। ਬਾਬਾ ਗੁਰਦਿੱਤਾ ਜੀ ਤੇ ਬਾਬਾ ਸੂਰਜ ਮੱਲ ਜੀ ਦੇ ਪਰਿਵਾਰ ਵੀ ਇੱਥੇ ਹੀ ਵਸਦੇ ਰਹੇ।
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤ ਸਮਾ ਜਾਣ ਪਿੱਛੋਂ ਅਤੇ ਗੁਰੂ ਹਰਿਰਾਇ ਜੀ ਦੇ ਸੱਤਵੇਂ ਗੁਰੂ ਬਣਨ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਨਾਨਕੀ ਜੀ ਅਤੇ ਸੁਪਤਨੀ ਮਾਤਾ ਗੁਜਰੀ ਜੀ ਨਾਲ ਆਪਣੇ ਨਾਨਕੇ ਪਿੰਡ ਬਾਬਾ ਬਕਾਲਾ ਵਿਖੇ ਆ ਕੇ ਰਹਿਣ ਲੱਗ ਪਏ ਸਨ।
ਗੁਰੂ ਹਰਿਕ੍ਰਿਸ਼ਨ ਜੀ 30 ਮਾਰਚ 1664 ਨੂੰ ਜੋਤੀ ਜੋਤਿ ਸਮਾ ਗਏ ਸਨ। ਅਗਸਤ 1664 ਈ. ਨੂੰ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਸੰਭਾਲੀ ਗਈ। ਗੁਰਗੱਦੀ ਸੰਭਾਲਣ ਪਿੱਛੋਂ ਗੁਰੂ ਤੇਗ ਬਹਾਦਰ ਜੀ ਮਾਝੇ ਵਿਚਲੇ ਪਿੰਡਾਂ ਦੇ ਪ੍ਰਚਾਰ ਦੌਰਿਆਂ ਨੂੰ ਗਏ। ਇਨ੍ਹਾਂ ਦੌਰਿਆਂ ਉਪਰੰਤ ਆਪਣੇ ਪਰਿਵਾਰ ਸਮੇਤ ਮਈ 1665 ਈ. ਵਿੱਚ ਕੀਰਤਪੁਰ ਸਾਹਿਬ ਪਹੁੰਚ ਗਏ। ਅਜੇ ਗੁਰੂ ਸਾਹਿਬ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਪਹੁੰਚੇ ਹੀ ਸਨ ਕਿ ਬਿਲਾਸਪੁਰ ਦੀ ਰਾਣੀ ਚੰਪਾ ਦੇਵੀ ਦਾ ਸੁਨੇਹਾ ਆ ਗਿਆ ਕਿ ਬਿਲਾਸਪੁਰ ਦੇ ਰਾਜਾ ਦੀਪ ਚੰਦ ਦਾ ਚਲਾਣਾ ਹੋ ਗਿਆ ਹੈ, ਤੁਸੀਂ ਪਰਿਵਾਰ ਸਮੇਤ ਭੋਗ ਦੀ ਰਸਮ ਸਮੇਂ ਉਚੇਚੇ ਤੌਰ ’ਤੇ ਜ਼ਰੂਰ ਪੁੱਜੋ। ਗੁਰੂ ਜੀ ਪਰਿਵਾਰ ਸਮੇਤ 13 ਮਈ 1665 ਈ. ਨੂੰ ਬਿਲਾਸਪੁਰ ਪਹੁੰਚੇ। ਰਾਣੀ ਚੰਪਾ ਨੇ ਉਨ੍ਹਾਂ ਦਾ ਬਹੁਤ ਆਦਰ ਸਤਿਕਾਰ ਕੀਤਾ। ਇੱਥੇ ਹੀ ਗੱਲਾਂ ਗੱਲਾਂ ਵਿੱਚ ਰਾਣੀ ਨੂੰ ਪਤਾ ਲੱਗਿਆ ਕਿ ਗੁਰੂ ਜੀ ਕੀਰਤਪੁਰ ਛੱਡ ਕੇ ਬਾਂਗਰ ਦੇ ਇਲਾਕੇ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਿਲਾਸਪੁਰ ਦੇ ਰਾਜ ਮਹੱਲ ਤੋਂ ਤੁਰਨ ਲੱਗੇ ਤਾਂ ਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਰੋਕ ਲਿਆ। ਰਾਣੀ ਚੰਪਾ ਨੇ ਗੁਰੂ ਦੀ ਮਾਤਾ ਨਾਨਕੀ ਜੀ ਦੇ ਪੈਰ ਫੜ ਲਏ ਅਤੇ ਅਰਜ਼ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਧਮਤਾਨ (ਬਾਂਗਰ ਦੇਸ਼) ਜਾਣ ਦੀ ਜਗਾ ਕਹਿਲੂਰ (ਬਿਲਾਸਪੁਰ) ਰਿਆਸਤ ਵਿੱਚ ਰਹਿਣ ਵਾਸਤੇ ਮੰਨਾਉਣ। ਰਾਣੀ ਚੰਪਾ ਨੇ ਆਖਿਆ ਕਿ ਉਹ ਗੁਰੂ ਸਾਹਿਬ ਦੀ ਨਿਗਾਹਬਾਨੀ ਵਿੱਚ ਹੀ ਰਹਿਣਾ ਚਾਹੁੰਦੀ ਹੈ ਅਤੇ ਜੇ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਦੀ ਜਗ੍ਹਾ ਕਿਤੇ ਹੋਰ ਨਵਾਂ ਨਗਰ ਵਸਾਉਣਾ ਚਾਹੁਣ ਤਾਂ ਉਹ ਹੋਰ ਜਗ੍ਹਾ ਅਰਦਾਸ ਕਰਵਾਉਣ ਵਾਸਤੇ ਵੀ ਤਿਆਰ ਹੈ। ਰਾਣੀ ਚੰਪਾ ਦੇ ਜਜ਼ਬਾਤ ਅਤੇ ਪਿਆਰ ਨੂੰ ਵੇਖਦਿਆਂ ਮਾਤਾ ਨਾਨਕੀ ਜੀ ਨੇ ਗੁਰੂ ਸਾਹਿਬ ਨੂੰ ਕਹਿਲੂਰ ਰਿਆਸਤ ਤੋਂ ਦੂਰ ਨਾ ਜਾਣ ਲਈ ਮਨਾ ਲਿਆ। ਗੁਰੂ ਸਾਹਿਬ ਨੇ ਨਵਾਂ ਨਗਰ ਵਸਾਉਣ ਦਾ ਫੈਸਲਾ ਕੀਤਾ, ਪਰ ਉਨ੍ਹਾਂ ਨੇ ਰਾਣੀ ਚੰਪਾ ਤੋਂ ਨਵੇਂ ਨਗਰ ਵਾਸਤੇ ਮੁਫਤ ਜ਼ਮੀਨ ਲੈਣ ਤੋਂ ਨਾਂਹ ਕਰ ਦਿੱਤੀ। ਗੁਰੂ ਸਾਹਿਬ ਨੇ ਲੋਦੀਪੁਰ, ਮੀਆਂਪੁਰ ਅਤੇ ਸਹੋਟਾ ਪਿੰਡਾਂ ਦੀ ਜ਼ਮੀਨ ਦਾ ਇੱਕ ਰਮਣੀਕ ਹਿੱਸਾ ਚੁਣਿਆ ਤੇ ਉਸ ਜ਼ਮੀਨ ਦੀ ਰਕਮ ਅਦਾ ਕੀਤੀ। ਰਾਣੀ ਚੰਪਾ ਨੇ ਉਸ ਰਕਮ ਨੂੰ ਬਖਸ਼ਿਸ਼ ਸਮਝ ਕੇ ਮਨਜ਼ੂਰ ਕਰ ਲਿਆ।
ਇਸ ਤਰ੍ਹਾਂ ਇੱਕ ਨਵਾਂ ਨਗਰ ਸਥਾਪਤ ਕਰਕੇ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਤੋਂ ਆ ਕੇ ਇੱਥੇ ਰਹਿਣ ਲੱਗ ਪਏ। ਭਾਈ ਸੰਤੋਖ ਸਿੰਘ ਨੇ ਚੱਕ ਨਾਨਕੀ ਨਗਰ ਵਿੱਚ ਵੱਖ-ਵੱਖ ਇਮਾਰਤਾਂ ਦੀ ਉਸਾਰੀ ਬਾਰੇ ਕਾਫੀ ਵੇਰਵੇ ਸਹਿਤ ਲਿਖਿਆ ਹੈ। ਇਸ ਨਗਰ ਦੀ ਸਥਾਪਨਾ ਕਰਕੇ ਇੱਥੇ ਭਾਂਤ-ਭਾਂਤ ਦੇ ਕਾਰੀਗਰ ਅਤੇ ਵਿਦਵਾਨ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਸੰਗਤਾਂ ਦੇ ਠਹਿਰਨ ਲਈ ਇੱਕ ਸੁੰਦਰ ਧਰਮਸ਼ਾਲਾ ਬਣਾਈ ਗਈ।
ਇਸ ਧਰਮਸ਼ਾਲਾ ਦੀ ਅੰਦਰੋਂ ਸੁੰਦਰ ਚਿੱਤਰਕਾਰੀ ਕਰਨ ਲਈ ਨਿਪੁੰਨ ਕਾਰੀਗਰ ਬੁਲਾਏ ਗਏ। ਇਨ੍ਹਾਂ ਕਾਰੀਗਰਾਂ ਨੇ ਪੂਰੇ ਸ਼ੌਕ ਨਾਲ ਸ਼ਿਲਪ-ਕਲਾ ਨਾਲ ਇਸ ਦੀ ਬਾਹਰੀ ਦਿੱਖ ਨੂੰ ਬਹੁਤ ਦਿਲਖਿੱਚਵੀਂ ਬਣਾ ਦਿੱਤਾ ਸੀ। ਦਿਆਰ ਦੀ ਉਚ ਕੋਟੀ ਦੀ ਅਤੇ ਸੁਗੰਧੀਆਂ ਦੇਣ ਵਾਲੀ ਲੱਕੜ ਵਰਤੀ ਗਈ ਸੀ।
ਖੂਬਸੂਰਤ ਮਕਾਨ ਬਣਵਾਏ ਗਏ। ਲੋਕਾਂ ਦੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੁਕਾਨਾਂ ਖੁਲ੍ਹਵਾਈਆਂ ਗਈਆਂ। ਹਰ ਕਿਸਮ ਦੇ ਲੋਕ ਇੱਥੇ ਵੱਸਣ ਲੱਗੇ। ਸਹਿਜੇ-ਸਹਿਜੇ ਇੱਥੇ ਇੱਕ ਸੁੰਦਰ ਨਗਰ ਵੱਸ ਗਿਆ, ਪਰ ਇੱਥੇ ਗੁਰੂ ਸਾਹਿਬ ਜ਼ਿਆਦਾ ਸਮਾਂ ਨਾ ਰਹੇ। ਪੂਰਬੀ ਭਾਰਤ ਦੀਆਂ ਸਿੱਖ ਸੰਗਤਾਂ ਲੰਮੇ ਸਮੇਂ ਤੋਂ ਗੁਰੂ ਸਾਹਿਬਾਨ ਦੇ ਦਰਸ਼ਨਾਂ ਤੋਂ ਵਾਂਝੀਆਂ ਰਹਿ ਰਹੀਆਂ ਸਨ। ਜਿਸ ਸਮੇਂ ਗੁਰੂ ਜੀ ਕੀਰਤਪੁਰ ਸਾਹਿਬ ਹੀ ਰਹਿ ਰਹੇ ਸਨ ਤਾਂ ਪੂਰਬ ਤੋਂ ਸਿੱਖ ਸੰਗਤਾਂ ਦਾ ਦਸਵੰਧ ਲੈ ਕੇ ਆਏ ਕੁਝ ਮੁਖੀ ਸਿੱਖਾਂ ਨੇ ਗੁਰੂ ਜੀ ਨੂੰ ਪੂਰਬੀ ਭਾਰਤ ਦੀ ਯਾਤਰਾ ’ਤੇ ਆਉਣ ਲਈ ਬੇਨਤੀ ਕੀਤੀ। ਇਹ ਯਾਤਰਾ ਕਾਫੀ ਲੰਮੇਰੀ ਸੀ। ਗੁਰੂ ਜੀ ਨਵੰਬਰ 1665 ਈ. ਨੂੰ ਚੱਕ ਨਾਨਕੀ ਤੋਂ ਰਵਾਨਾ ਹੋਏ ਅਤੇ ਸਾਰੀ ਯਾਤਰਾ ਸੰਪੂਰਨ ਕਰਕੇ 29 ਮਾਰਚ 1672 ਈ. ਨੂੰ ਵਾਪਸ ਚੱਕ ਨਾਨਕੀ ਪਹੁੰਚੇ।
ਗੁਰੂ ਸਾਹਿਬ ਥੋੜ੍ਹਾ ਸਮਾਂ ਚੱਕ ਨਾਨਕੀ ਰੁਕਣ ਪਿੱਛੋਂ ਮੁੜ ਬਾਂਗਰ ਅਤੇ ਮਾਲਵਾ ਦੇਸ਼ ਦੇ ਇਲਾਕਿਆਂ ਦੇ ਦੌਰੇ ’ਤੇ ਰਵਾਨਾ ਹੋ ਗਏ। ਇਹ ਯਾਤਰਾ ਤਕਰੀਬਨ 1675 ਈ. ਦੇ ਮੱਧ ਵਿੱਚ ਖਤਮ ਹੋਈ ਅਤੇ ਗੁਰੂ ਸਾਹਿਬ ਵਾਪਸ ਚੱਕ ਨਾਨਕੀ ਪਹੁੰਚੇ। ਇਸ ਸਮੇਂ ਦੀ ਹਕੂਮਤ ਨੇ ਬੜੀ ਸਖਤ ਕਿਸਮ ਦਾ ਦੌਰ ਚਲਾਇਆ ਹੋਇਆ ਸੀ। ਕਸ਼ਮੀਰ ਵਿੱਚ ਜਿੰਨੀ ਵੀ ਹਿੰਦੂ ਅਬਾਦੀ ਸੀ, ਉਹ ਜ਼ਿਆਦਾ ਬ੍ਰਾਹਮਣ ਜਾਤੀ ਦੇ ਲੋਕਾਂ ਦੀ ਹੀ ਸੀ। ਇਨ੍ਹਾਂ ਬ੍ਰਾਹਮਣਾਂ ਨੂੰ ਤਿਲਕ, ਜੰਞੂ ਆਦਿ ਕੋਈ ਵੀ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਆਜ਼ਾਦੀ ਨਹੀਂ ਸੀ। ਕਸ਼ਮੀਰ ਦੇ ਗਵਰਨਰ ਨੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਇਨ੍ਹਾਂ ਪੰਡਿਤਾਂ ਨੂੰ ਕਤਲ ਕਰਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਹਕੂਮਤ ਇਸ ਗੱਲੋਂ ਖਫਾ ਸੀ ਕਿ ਇਹ ਬ੍ਰਾਹਮਣ ਇਸਲਾਮ ਦੀ ਥਾਂ ਸਿੱਖ ਧਰਮ ਵੱਲ ਕਿਉਂ ਰੁਚਿਤ ਹੋ ਰਹੇ ਹਨ! ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਇਨ੍ਹਾਂ ਬ੍ਰਾਹਮਣਾਂ ਨੇ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਧਰਮ ਦੀ ਰੱਖਿਆ ਲਈ ਫਰਿਆਦ ਕੀਤੀ। ਗੁਰੂ ਜੀ ਦਾ ਦਰਬਾਰ ਲੱਗਾ ਹੋਇਆ ਸੀ, ਦਰਬਾਰ ਵਿੱਚ ਗੁਰੂ ਜੀ ਬ੍ਰਾਹਮਣ ਵਫਦ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ ਤਾਂ ਬਾਲ ਗੋਬਿੰਦ ਜੀ ਵੀ ਉਥੇ ਆ ਗਏ। ਸਾਰੇ ਦਰਬਾਰ ਵਿੱਚ ਗੰਭੀਰ ਕਿਸਮ ਦੀ ਖਾਮੋਸ਼ੀ ਵੇਖ ਕੇ ਬਾਲ ਗੋਬਿੰਦ ਜੀ ਨੇ ਗੁਰੂ ਪਿਤਾ ਪਾਸੋਂ ਇਸਦਾ ਕਾਰਨ ਪੁੱਛਿਆ। ਗੁਰੂ ਜੀ ਨੇ ਕਿਹਾ ਕਿ ਇਹ ਸਭ ਕੁਝ ਦੇਸ਼ ਵਿੱਚ ਹੋ ਰਹੇ ਜ਼ੁਲਮ ਕਰਕੇ ਹੈ। ਇਹ ਜ਼ੁਲਮ ਉਦੋਂ ਤੀਕ ਖਤਮ ਨਹੀਂ ਹੋਵੇਗਾ, ਜਦੋਂ ਤੀਕ ਕੋਈ ਮਹਾਂਪੁਰਸ਼ ਆਪਣਾ ਬਲੀਦਾਨ ਨਹੀਂ ਦੇਵੇਗਾ। ਬਾਲ ਗੋਬਿੰਦ ਜੀ ਨੇ ਝੱਟ ਹੀ ਕਹਿ ਦਿੱਤਾ ਕਿ ਆਪ ਜੀ ਤੋਂ ਵੱਡਾ ਮਹਾਂਪੁਰਸ਼ ਕੌਣ ਹੈ? ਗੁਰੂ ਜੀ ਲਈ ਬਾਲ ਗੋਬਿੰਦ ਦਾ ਇਹ ਸੰਕੇਤ ਕਾਫੀ ਸੀ। ਸਿੱਟੇ ਵਜੋਂ ਗੁਰੂ ਜੀ ਹਿੰਦੋਸਤਾਨ ਦੇ ਬ੍ਰਾਹਮਣਾਂ ਦੀ ਸੁਤੰਤਰਤਾ ਲਈ ਮੱਘਰ ਸੁਦੀ ਪੰਚਮੀ ਸੰਮਤ 1732 ਬਿਕ੍ਰਮੀ ਨੂੰ ਦਿੱਲੀ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ।
ਦਿੱਲੀ ਨੂੰ ਸ਼ਹਾਦਤ ਦੇਣ ਜਾਣ ਤੋਂ ਪਹਿਲਾਂ ਭਟ ਵਹੀ ਤਲੋਂਡਾ ਪਰਗਣਾ ਜੀਂਦ ਅਨੁਸਾਰ ‘ਸਾਵਨ ਪਰਬਿਸਟਾਂ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗਦੀ ਕਾ ਟਿਕਾ ਦੇ ਕੇ ਦਿਲੀ ਦੀ ਤਰਫ ਜਾਣੇ ਕੀ ਤਿਆਰੀ ਕੀ ਸਾਥ ਦੀਵਾਨ ਸਤੀ ਦਾਸ ਮਤੀ ਦਾਸ ਰਸੋਈਆ ਬੇਟੇ ਹੀਰਾ ਨੰਦ ਛਿਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲੌਤ ਆਇਆ।’ ਗੁਰੂ ਕੀਆਂ ਸਾਖੀਆਂ ਵਿੱਚ ਲਿਖਿਆ ਹੈ, ‘ਸੰਮਤ ਸਤਰਾਂ ਸੈ ਬਤੀਸ ਸਾਵਨ ਪਰਬਿਸਟੇ ਅਠੀਕੇ ਦਿਹੁੰ ਗੁਰੂ ਜੀ ਕਥਾ ਦਰਬਾਰ ਹੋਆ ਦੀਵਾਨ ਦਰਗਾ ਮਲ ਸੇ ਬਚਨ ਕੀਆ ਤਿਆਰੀ ਕੀਜੀਏ ਹਮੇ ਗੋਬਿੰਦ ਦਾਸ ਕੋ ਗੁਰਿਆਈ ਦੇਨੀ ਹੈ। ਸਤਿਗੁਰੂ ਸਾਹਿਬਜ਼ਾਦੇ ਕੋ ਸ਼ਸਤਰ ਬਸਤਰ ਸਜਾਈ ਅਪਨੇ ਆਸਨ ਤੇ ਲਿਆਈ ਬਿਠਾਇਆ ਦੀਵਾਨ ਦਰਗਾਹ ਮਲ ਨੇ ਗੁਰਿਆਈ ਕੀ ਸਮੱਗਰੀ ਲਿਆਈ ਸਾਹਿਬਜ਼ਾਦੇ ਕੇ ਆਗੇ ਰਾਖ ਕੇ ਮੱਥਾ ਟੇਕਾ। ਬਾਬੇ ਬੁੱਢੇ ਕੇ ਸ੍ਰੀ ਰਾਮਕੋਇਰ ਨੇ ਨੰਨ੍ਹੀ ਅਵਸਥਾ ਮੇਂ ਸ੍ਰੀ ਗੋਬਿੰਦ ਦਾਸ ਭਾਲ ਮੈਂ ਚੰਦਨ ਕਾ ਟਿਕਾ ਕੀਤਾ। ਬਚਨ ਹੋਆ ਸਿਖੋ ਆਗੇ ਸੇ ਅਸਾਂ ਕੀ ਥਾਏ ਸ੍ਰੀ ਗੋਬਿੰਦ ਦਾਸ ਜੀ ਕੋ ਗੁਰੂ ਜਾਣਨਾ ਜੋ ਜਾਣੇਗਾ ਤਿਸ ਕੀ ਘਾਲ ਥਾਏ ਪਏਗੀ।’
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ 1675 ਈ. ਤੋਂ ਲੈ ਕੇ 1684-85 ਈ. ਤਕ ਦੇ ਤਕਰੀਬਨ 9-10 ਸਾਲ ਚੱਕ ਨਾਨਕੀ ਵਿਖੇ ਰਹੇ ਸਨ। ਇੱਥੇ ਹੀ ਗੁਰੂ ਦਸਮ ਪਾਤਸ਼ਾਹ ਨੇ ਸੁਤੰਤਰਤਾ ਦਾ ਪ੍ਰਤੀਕ ਰਣਜੀਤ ਨਗਾਰਾ ਤਿਆਰ ਕਰਵਾਇਆ, ਜੋ ਰੋਜ਼ ਸਵੇਰੇ-ਸ਼ਾਮ ਵਜਾਇਆ ਜਾਣ ਲੱਗਿਆ। ਨਗਰੀ ਵਿੱਚ ਖੂਬ ਰੌਣਕਾਂ ਹੋਣ ਲੱਗੀਆਂ। ਚੜ੍ਹਦੇ ਸਾਲ 1737 ਬਿਕ੍ਰਮੀ ਵਿੱਚ ਸਭ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਲਿਖ ਕੇ ਭੇਜੇ ਗਏ ਕਿ ਜੋ ਵੀ ਗੁਰੂ ਕਾ ਸਿੱਖ ਚੰਗੀ ਪੋਥੀ, ਵਧੀਆ ਘੋੜੇ ਅਤੇ ਸ਼ਸਤਰ ਲੈ ਕੇ ਦਰਬਾਰ ਵਿੱਚ ਹਾਜ਼ਰ ਹੋਵੇਗਾ, ਉਸ ਸਿੱਖ ’ਤੇ ਗੁਰੂ ਜੀ ਦੀ ਬੜੀ ਮਿਹਰ ਹੋਵੇਗੀ। ਸੰਮਤ 1739 ਵਿਸਾਖੀ ਕਾ ਮੇਲਾ ਲੱਗਿਆ। ਸੰਗਤਾਂ ਸਭ ਪਾਸਿਓਂ ਹੁੰਮ-ਹੁਮਾ ਕੇ ਪਹੁੰਚੀਆਂ। ਇਸੀ ਸਮੇਂ ਚੱਕ ਨਾਨਕੀ ਵਿਖੇ ਅਰਬੀ ਤੇ ਫਾਰਸੀ ਦੇ ਪ੍ਰਸਿੱਧ ਵਿਦਵਾਨ ਭਾਈ ਨੰਦ ਲਾਲ ਜੀ ਗੋਆ ਆਏ, ਜਿਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਪਣੀਆਂ ਲਿਖਤਾਂ ਰੱਖੀਆਂ। ਗੁਰੂ ਜੀ ਨੂੰ ਬੰਦਗੀਨਾਮਾ ਸਭ ਤੋਂ ਚੰਗੀ ਲੱਗੀ ਤੇ ਇਸਦਾ ਨਾਮ ਜ਼ਿੰਦਗੀਨਾਮਾ ਰੱਖ ਦਿੱਤਾ ਅਤੇ ਭਾਈ ਨੰਦ ਲਾਲ ਜੀ ਗੁਰੂ ਜੀ ਦੇ ਸਿੱਖ ਬਣ ਗੁਰੂ ਜੀ ਪਾਸ ਹੀ ਰਹਿਣ ਲੱਗ ਪਏ। ਸੰਮਤ 1742 ਬਿਕ੍ਰਮੀ ਦੀ ਵਿਸਾਖੀ ’ਤੇ ਗੁਰੂ ਜੀ ਨੂੰ ਨਾਹਨ ਦੇ ਰਾਜੇ ਦਾ ਸੱਦਾ ਆਇਆ। ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਜੀ ਨੇ ਬਿਲਾਸਪੁਰ ਰਿਆਸਤ ਨੂੰ ਛੱਡ ਕੇ ਨਾਹਨ ਰਿਆਸਤ ਵਿੱਚ ਰਹਿਣ ਦਾ ਫੈਸਲਾ ਕੀਤਾ। ਨਾਹਨ ਦਾ ਇਲਾਕਾ ਕਹਿਲੂਰ ਰਿਆਸਤ ਨਾਲੋਂ ਜ਼ਿਆਦਾ ਸੁਰੱਖਿਅਤ ਸੀ। ਇਸ ਲਈ ਗੁਰੂ ਸਾਹਿਬ 1684 ਈ. ਵਿੱਚ ਚੱਕ ਨਾਨਕੀ ਤੋਂ ਨਾਹਨ ਲਈ ਰਵਾਨਾ ਹੋਏ ਅਤੇ ਪਾਉਂਟਾ ਸਾਹਿਬ ਰਹਿਣ ਲੱਗ ਪਏ। 1688 ਈ. ਨੂੰ ਭੰਗਾਣੀ ਦੀ ਜੰਗ ਹੋਈ ਜਿਸ ਵਿੱਚ ਗੁਰੂ ਸਾਹਿਬ ਦੀ ਸ਼ਾਨਦਾਰ ਜਿੱਤ ਹੋਈ। ਇਸ ਜਿੱਤ ਤੋਂ ਤੁਰੰਤ ਪਿੱਛੋਂ ਹੀ ਗੁਰੂ ਸਾਹਿਬ ਚੱਕ ਨਾਨਕੀ ਆ ਗਏ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਪਰਤ ਆਉਣ ’ਤੇ ਇਸ ਨਗਰ ਦੀ ਨਵੇਂ ਸਿਰੇ ਤੋਂ ਸਥਾਪਨਾ ਕਰਨੀ ਸ਼ੁਰੂ ਕਰ ਦਿੱਤੀ। ਇਸੇ ਸਾਲ ਗੁਰੂ ਸਾਹਿਬ ਨੇ ਚੰਗੇ-ਚੰਗੇ ਕਾਰੀਗਰ ਬੁਲਾ ਕੇ ਸ਼ਸਤਰਾਂ ਦਾ ਕਾਰਖਾਨਾ ਸਥਾਪਿਤ ਕੀਤਾ। ਬੰਦੂਕਾਂ, ਜੰਮੂਰੇ ਬਹੁਤ ਢਲਵਾਏ। ਅਨੇਕਾਂ ਪ੍ਰਕਾਰ ਦੇ ਤੀਰ ਜਮ੍ਹਾਂ ਕਰ ਲਏ। ਸੰਜੋਏ ਫੌਲਾਦੀ, ਚਿਰਾਨੇ, ਸ਼ੇਰ ਪੰਜੇ, ਤਲਵਾਰਾਂ, ਕਟਾਰ ਆਦਿ ਬਹੁਤ ਬਣਵਾਏ। 7 ਤੋਪਾਂ ਢਲਵਾਈਆਂ, ਜਿਨ੍ਹਾਂ ਵਿੱਚੋਂ ਹੁਣ ਵੀ 2 ਤੋਪਾਂ ਲਾਹੌਰ ਦੇ ਅਜਾਇਬ ਘਰ ਵਿੱਚ ਹਨ। ਅਨੰਦਗੜ੍ਹ ਨਾਮੀ ਜੰਗੀ ਕਿਲ੍ਹਾ ਬਣਵਾਇਆ। ਪਾਣੀ ਦੀ ਥੁੜ੍ਹ ਨੂੰ ਪੂਰਾ ਕਰਨ ਲਈ ਬਾਉਲੀ ਬਣਵਾਈ ਗਈ। ਇਹ ਬਾਉਲੀ ਅਨੰਦਗੜ੍ਹ ਕਿਲ੍ਹੇ ਦੇ ਨਾਲ ਲਗਵੀਂ ਹੈ। ਜੰਗ ਦੇ ਮੌਕੇ ’ਤੇ ਇਸ ਬਾਉਲੀ ਵਿੱਚੋਂ ਹੀ ਪਾਣੀ ਦੀ ਵਰਤੋਂ ਹੁੰਦੀ ਸੀ। ਇਸਦੇ ਨਾਲ ਹੀ ਚਾਰ ਕਿਲ੍ਹੇ ਹੋਰ ਸਥਾਪਤ ਕੀਤੇ ਗਏ। ਇਹ ਸਨ ਕਿਲ੍ਹਾ ਲੋਹਗੜ੍ਹ ਸਾਹਿਬ, ਕਿਲ੍ਹਾ ਫਤਹਿਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਸਾਹਿਬ ਅਗੰਮਪੁਰ ਅਤੇ ਕਿਲ੍ਹਾ ਤਾਰਾਗੜ੍ਹ ਸਾਹਿਬ ਤਾਰਾਪੁਰ।
1699 ਈ. ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕੀਤੀ ਗਈ, ਜਿਸ ਅਸਥਾਨ ’ਤੇ ਇਸ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ਼ੋਭਾ ਦੇ ਰਿਹਾ ਹੈ। ਇੱਥੇ ਸਿੱਖ ਸੰਗਤਾਂ ਦਾ ਇੱਕ ਵਿਸ਼ਾਲ ਇਕੱਠ ਕੀਤਾ ਗਿਆ, ਜਿਸ ਵਿੱਚੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ। ਅੰਮ੍ਰਿਤ ਤਿਆਰ ਕਰਕੇ ਪਹਿਲਾਂ ਪੰਜ ਪਿਆਰਿਆਂ ਨੂੰ ਛਕਾਇਆ ਗਿਆ ਸੀ, ਫਿਰ ਪੰਜ ਪਿਆਰਿਆਂ- ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਪਾਸੋਂ ਗੁਰੂ ਸਾਹਿਬ ਨੇ ਖੁਦ ਅੰਮ੍ਰਿਤ ਛਕਿਆ। ਪਿੱਛੋਂ ਸਭ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਗਿਆ ਅਤੇ ਮਸੰਦਾਂ ਦੀ ਪ੍ਰਥਾ ਤੇ ਸੰਸਥਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ।
ਅਗਸਤ 1700 ਈ. ਵਿੱਚ ਕਹਿਲੂਰ ਦੇ ਰਾਜੇ ਨੇ ਹੋਰ ਰਾਜਿਆਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਨੂੰ ਆ ਘੇਰਿਆ। ਅੱਗੋਂ ਗੁਰੂ ਸਾਹਿਬ ਦੀ ਅਗਵਾਈ ਹੇਠ ਖਾਲਸੇ ਨੇ ਪੂਰਾ ਡਟ ਕੇ ਮੁਕਾਬਲਾ ਕੀਤਾ। ਇਸ ਤਰ੍ਹਾਂ ਪੂਰੀ ਬਹਾਦਰੀ ਨਾਲ ਮੁਕਾਬਲਾ ਹੋਣ ਕਰਕੇ ਪਹਾੜੀ ਰਾਜੇ ਇੱਕ ਅਜੀਬ ਸ਼ਸ਼ੋਪੰਜ ਵਿੱਚ ਪੈ ਗਏ ਸਨ। ਉਹ ਨਾ ਤਾਂ ਘੇਰਾ ਚੁੱਕ ਸਕਦੇ ਸਨ ਅਤੇ ਨਾ ਹੀ ਘੇਰਾ ਹੋਰ ਲੰਮਾ ਕਰ ਸਕਦੇ ਸਨ। ਅਖੀਰ ਉਨ੍ਹਾਂ ਨੇ ਆਪਣੇ ਧਰਮ ਦੀਆਂ ਸਹੁੰਆਂ ਖਾ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜੇਕਰ ਉਹ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਦੇਣ ਤਾਂ ਉਹ ਕੋਈ ਲੜਾਈ ਨਹੀਂ ਕਰਨਗੇ। ਗੁਰੂ ਸਾਹਿਬ ਪਹਾੜੀ ਰਾਜਿਆਂ ਦੀਆਂ ਕਸਮਾਂ ‘ਤੇ ਯਕੀਨ ਕਰਕੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ 8 ਅਕਤੂਬਰ 1700 ਈ. ਨੂੰ ਨਿਰਮੋਹਗੜ੍ਹ ਚਲੇ ਗਏ; ਪਰ ਦੁਸ਼ਮਣ ਨੇ ਆਪਣੀਆਂ ਕਸਮਾਂ ਤੋੜ ਕੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਸਿੰਘਾਂ ਨੇ ਇਸ ਹਮਲੇ ਨੂੰ ਪੂਰੀ ਤਰ੍ਹਾਂ ਪਛਾੜ ਦਿੱਤਾ। ਕਹਿਲੂਰ ਦੇ ਰਾਜੇ ਵੱਲੋਂ ਸਰਹਿੰਦ ਦੇ ਨਵਾਬ ਤੋਂ ਸਹਾਇਤਾ ਲੈ ਕੇ ਗੁਰੂ ਜੀ ’ਤੇ ਕੀਤਾ ਹਮਲਾ ਵੀ ਸਿੰਘਾਂ ਵੱਲੋਂ ਪਛਾੜ ਦਿੱਤਾ ਗਿਆ। ਇਸ ਤਰ੍ਹਾਂ ਨਿਰਮੋਹਗੜ੍ਹ ਅਤੇ ਇਸ ਦੇ ਇਰਦ-ਗਿਰਦ ਹੋਏ ਯੁੱਧਾਂ ਨੂੰ ਪਛਾੜ ਕੇ ਗੁਰੂ ਜੀ ਬਿਭੌਰ ਚਲੇ ਗਏ।
5-6 ਦਸੰਬਰ 1704 ਈ. ਨੂੰ ਗੁਰੂ ਜੀ ਨੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਮਾਲਵੇ ਵੱਲ ਜਾਣ ਦੀ ਤਿਆਰੀ ਕਰ ਲਈ। ਖਾਲਸਾਈ ਲਸ਼ਕਰ ਗੁਰੂ ਜੀ ਦੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕਮਾਂਡ ਹੇਠ ਦੁਸ਼ਮਣ ਦੀਆਂ ਸਫ਼ਾਂ ਨੂੰ ਚੀਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਗਿਆ। ਇਸ ਰਵਾਨਗੀ ਵਿੱਚ ਦੁਸ਼ਮਣ ਨਾਲ ਖੂਨ-ਡੋਲਵੀਂ ਲੜਾਈ ਹੁੰਦੀ ਰਹੀ। ਸਰਸਾ ਨਦੀ ਦੇ ਕੰਢੇ ’ਤੇ ਦੁਸ਼ਮਣ ਅਤੇ ਸਿੰਘਾਂ ਵਿਚਕਾਰ ਅਸਾਵੀਂ ਤੇ ਘਮਸਾਨ ਦੀ ਜੰਗ ਹੋਈ। ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕਮਾਂਡ ਹੇਠ ਸਿੰਘਾਂ ਨੇ ਉਦੋਂ ਤਕ ਦੁਸ਼ਮਣ ਨੂੰ ਰੋਕੀ ਰੱਖਿਆ, ਜਦੋਂ ਤਕ ਗੁਰੂ ਸਾਹਿਬ ਅਤੇ ਉਨ੍ਹਾਂ ਦਾ ਪਰਿਵਾਰ ਤੇ ਸਿੰਘ ਸਰਸਾ ਨੂੰ ਪਾਰ ਨਾ ਕਰ ਗਏ। ਸਰਸਾ ਨਦੀ ਪਾਰ ਕਰਨ ਸਮੇਂ ਗੁਰੂ ਜੀ ਦਾ ਸਾਰਾ ਪਰਿਵਾਰ ਮੁੱਖ ਲਸ਼ਕਰ ਨਾਲੋਂ ਵਿਛੜ ਗਿਆ।