ਸ਼ਾਹਸਵਾਰ

ਸਾਹਿਤਕ ਤੰਦਾਂ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…

ਜਸਵੀਰ ਸਿੰਘ ਸ਼ੀਰੀ
ਫੋਨ: +91-6280574657

ਇੱਕ ਦਿਨ ਦੁਪਹਿਰੋਂ ਬਾਅਦ ਦਿਲਬਾਗ ਵਕੀਲ ਦੇ ਉਸ ਖੋਖੇ ‘ਤੇ ਆਣ ਢੁੱਕਾ, ਜਿੱਥੇ ਵੀਰਦੀਪ ਦੁਪਹਿਰ ਬਾਅਦ ਜਾਂਦਾ ਸੀ। ਵੀਰਦੀਪ ਨੇ ਉਸ ਨੂੰ ਬਿਠਾਇਆ, ਪਾਣੀ ਧਾਣੀ ਪਿਆਇਆ, ਆਪਣੇ ਉਸਤਾਦ ਵਕੀਲ ਨਾਲ ਇੱਕ ਫਰਜ਼ੀ ਨਾਂ ਹੇਠ ਉਹਦੀ ਜਾਣ-ਪਹਿਚਾਣ ਕਰਵਾਈ। ਥੋੜ੍ਹੀ ਦੇਰ ਤੱਕ ਉਨ੍ਹਾਂ ਵਿਚਾਲੇ ਰਸਮੀ ਜਿਹੀ ਗੱਲਬਾਤ ਹੁੰਦੀ ਰਹੀ। ਫਿਰ ਵੀਰਦੀਪ ਆਪਣੀ ਫਾਈਲ ਤਿਆਰ ਕਰਨ ਲੱਗਾ। ‘ਚਲਦੇ ਆਂ ਆਪਾਂ, ਆਹ ਫਾਈਲ ਜਿਹੀ ਤਿਆਰ ਕਰ ਦਿਆਂ ਮੈਂ’ ਵੀਰਦੀਪ ਨੇ ਦਿਲਬਾਗ ਤੋਂ ਇਜਾਜ਼ਤ ਮੰਗੀ। ਦਿਲਬਾਗ ਆਰਾਮ ਨਾਲ ਬੈਠ ਗਿਆ। ਵੀਰਦੀਪ ਨੇ ਫਾਈਲ ਤਿਆਰ ਕਰਕੇ ਆਪਣੇ ਉਸਤਾਦ ਨੂੰ ਫੜਾਈ ਤੇ ਉਹ ਵੀਰਦੀਪ ਦੇ ਕਮਰੇ ਵੱਲ ਤੁਰ ਪਏ। ਪਟਿਆਲੇ ਰਹਿਣ ਲਈ ਵੀਰਦੀਪ ਨੇ ਇੱਕ ਛੋਟਾ ਕਮਰਾ ਕਿਰਾਏ ‘ਤੇ ਲੈ ਲਿਆ ਸੀ। ਆਖਿਰ ਵੀਰਦੀਪ ਨੇ ਗੱਲ ਤੋਰੀ, ‘ਇਹ ਕਿੱਧਰ ਨੂੰ ਤੁਰ ਪਿਆਂ ਯਾਰ ਤੂੰ।’
‘ਵੀਰ ਯਾਰ ਪਤਾ ਈ ਨੀ ਲੱਗਾ ਕਦੋਂ ਇਸ ਰਾਹੇ ਪੈ ਗਏ। ਉਸ ਕਾਲਜ ‘ਚ ਅਚਾਨਕ ਵਾਪਰੀ ਘਟਨਾ ਨੇ ਹੀ ਕਦਮ ਇਸ ਪਾਸੇ ਵੱਲ ਤੋਰ ਦਿੱਤੇ। ਜਦੋਂ ਮੈਂ ਜੇਲ੍ਹੋਂ ਬਾਹਰ ਆਇਆ ਤਾਂ ਇੱਕ ਪਾਸੇ ਤਾਂ ਕੰਮ ਕਾਰ ਕੋਈ ਨਹੀਂ ਸੀ, ਕਾਲਜ ਦੁਬਾਰਾ ਮੈਂ ਜਾ ਨਹੀਂ ਸੀ ਸਕਦਾ, ਦੂਜੇ ਪਾਸੇ ਹਰ ਦੂਜੇ-ਤੀਜੇ ਪੁਲਿਸ ਘਰ ਗੇੜੇ ਮਾਰਨ ਲੱਗੀ। ਕਹਿਣ ਲੱਗੇ, ਸਾਡੇ ਨਾਲ ਰਲ ਕੇ ਚੱਲ, ਜੋ ਕਹੇਂਗਾ, ਮਿਲੇਗਾ। ਅਖੇ ਗੋਲੀ ਚਲਾਉਣ ਵਾਲੇ ਮੁੰਡਿਆਂ ਨੂੰ ਫੜਵਾਦੇ, ਤੇਰੀ ਖਲਾਸੀ ਕਰਵਾ ਦਿਆਂਗੇ। ਮੇਰਾ ਇਹ ਕੰਮ ਕਰਨ ਨੂੰ ਦਿਲ ਨਹੀਂ ਮੰਨਿਆ। ਅਮਰਜੀਤ ਤੇ ਗੁਲਵਿੰਦਰ ਪਹਿਲਾਂ ਹੀ ਖਰਚ ਪਾਣੀ ਵੱਲੋਂ ਤੰਗ ਆਏ ਪਏ ਸਨ। ਕੋਈ ਘਰ ਵਾੜਨ ਨੂੰ ਵੀ ਤਿਆਰ ਨਹੀਂ ਸੀ ਉਨ੍ਹਾਂ ਨੂੰ। ਫਿਰ ਉਨ੍ਹਾਂ ਨੂੰ ਤੇ ਆਪਣੇ ਆਪ ਨੂੰ ਪੈਰਾਂ ਸਿਰ ਕਰਨ ਲਈ ਸਾਨੂੰ ਆਹ ਕਾਰਾ ਕਰਨਾ ਪਿਆ।
‘ਡਾਕੇ ਵਾਲਾ?’ ਵੀਰਦੀਪ ਨੇ ਸੁਆਲ ਕੀਤਾ।
‘ਹਾਂ’ ਦਿਲਬਾਗ ਨੇ ਇੱਕ ਅੱਖਰ ‘ਚ ਜੁਆਬ ਦਿੱਤਾ।
‘ਸ਼ਾਬਾਸ਼ੇ ਤੁਹਾਡੇ, ਪਹਿਲਾ ਸੱਪ ਗਲੋਂ ਲਿਹਾ ਨੀ, ਇੱਕ ਹੋਰ ਪਾ ਲਿਆ।’ ਵੀਰਦੀਪ ਨੇ ਪ੍ਰਤੀਕਰਮ ਪ੍ਰਗਟ ਕੀਤਾ।
‘ਹੋਰ ਕੀ ਕਰਦੇ ਫਿਰ ਅਸੀਂ!’ ਦਿਲਬਾਗ ਨੇ ਪੁੱਛਿਆ।
‘ਤੂੰ ਮੈਨੂੰ ਮਿਲਦਾ ਤਾਂ ਸਹੀ ਯਾਰ, ਆਪਾਂ ਕੋਈ ਹੀਲਾ ਕਰਦੇ, ਅੱਗੇ ਤੂੰ ਮੈਨੂੰ ਬਿਨਾ ਦੱਸੇ ਕਾਲਜ ਵਿੱਚ ਗੋਲੀ ਚਲਵਾ ਦਿੱਤੀ’ ਵੀਰਦੀਪ ਨੇ ਹਮਦਰਦੀ ਵਿੱਚ ਲਿਪਟਿਆ ਇਤਰਾਜ ਜਤਾਇਆ।
‘ਪੁਲਿਸ ਨੂੰ ਸਾਡੇ ‘ਤੇ ਸ਼ੱਕ ਹੀ ਹੈ, ਹਾਲੇ ਉਨ੍ਹਾਂ ਨੂੰ ਕਨਫਰਮ ਨਹੀਂ ਕਿ ਡਾਕਾ ਅਸੀਂ ਹੀ ਮਾਰਿਆ।’ ਦਿਲਬਾਗ ਨੇ ਕੇਸ ਦਾ ਰਹੱਸ ਦੱਸਿਆ।
‘ਹੁਣ ਕੀ ਚਾਹੁੰਦੇ ਹੋ ਤੁਸੀਂ’ ਵੀਰਦੀਪ ਨੇ ਪੁੱਛਿਆ।
‘ਮੈਨੂੰ ਤਾਂ ਪਤਾ ਨੀ ਲਗਦਾ, ਤੂੰ ਦੱਸ ਕੀ ਕਰੀਏ’ ਦਿਲਬਾਗ ਨੇ ਵੀਰਦੀਪ ਨੂੰ ਉਲਟਾ ਸਵਾਲ ਕੀਤਾ।
‘ਕੇਸ ਥੁਆਡਾ ਉਲਝ ਗਿਆ, ਪੁਲਿਸ ਤੁਹਾਨੂੰ ਗੈਂਗਸਟਰ ਸਮਝਣ ਲੱਗੀ ਹੈ, ਜੇ ਤੁਸੀਂ ਅਦਾਲਤ ਵਿੱਚ ਵੀ ਪੇਸ਼ ਹੁੰਦੇ ਹੋ ਤਾਂ ਵੀ ਪੁਲਿਸ ਤੁਹਾਡਾ ਰਿਮਾਂਡ ਤਾਂ ਲਏਗੀ ਹੀ। ਕਾਲਜ ਵਾਲਾ ਕੇਸ ਤਾਂ ਉਨ੍ਹਾਂ ਨੂੰ ਪਤਾ ਈ ਆ, ਡਾਕਾ ਤੁਹਾਥੋਂ ਮਨਾਉਣ ਦਾ ਯਤਨ ਕਰਨਗੇ। ਭਗੌੜਾ ਸਮਾਂ ਕਿੱਥੇ ਅਤੇ ਕਿੱਦਾਂ ਕੱਟਿਆ, ਇਹ ਵੀ ਪੁੱਛਣਗੇ। ਹੋ ਸਕਦਾ ਤੇਰੇ ਸਾਥੀਆਂ `ਚੋਂ ਕੋਈ ਡਾਕੇ ਬਾਰੇ ਮੰਨ ਜਾਵੇ, ਫਿਰ ਉਹ ਕੇਸ ਵੀ ਤੁਹਾਡੇ ‘ਤੇ ਪੈ ਜਾਣਾ। ਫਿਰ ਤੁਸੀਂ ਜਲਦੀ ਬਾਹਰ ਤਾਂ ਆ ਨੀ ਸਕਣਾ? ਸਲਾਹ ਕਰ ਲਉ ਆਪਸ ਵਿੱਚ ਕੀ ਕਰਨਾ ਹੈ।’ ਵੀਰਦੀਪ ਨੇ ਦਿਲਬਾਗ ਨੂੰ ਸਲਾਹ ਦਿੱਤੀ।
‘ਵੀਰਦੀਪ ਮੈਨੂੰ ਉਂਝ ਕੁਝ ਵੀ ਚੰਗਾ ਨਹੀਂ ਲਗਦਾ, ਨਾ ਇਹ ਦੁਨੀਆਂ, ਨਾ ਇਹਦੀਆਂ ਰੀਤਾਂ; ਨਾ ਰਾਜ, ਨਾ ਅਦਾਲਤਾਂ। ਹਰ ਸੰਸਥਾ ‘ਚ ਮੈਨੂੰ ਦਿਓ ਜਿਹੇ ਬੈਠੇ ਦਿਖਾਈ ਦਿੰਦੇ। ਮੈਂ ਬਹੁਤੇ ਸਿਧਾਂਤ ਜਿਹੇ ਤਾਂ ਪੜ੍ਹੇ ਨਹੀਂ, ਪਰ ਮੇਰਾ ਦਿਲ ਕਰਦਾ ਇੱਕ ਚੁਟਕੀ ‘ਚ ਇਸ ਸਭ ਕਾਸੇ ਨੂੰ ਰਾਖ ਬਣਾ ਦਿਆਂ।’ ਦਿਲਬਾਗ ਨੇ ਆਪਣੇ ਅੰਦਰ ਦਾ ਗੁਬਾਰ ਕੱਢਿਆ।
‘ਇਹ ਤੇਰੀ ਫਰਸਟਰੇਸ਼ਨ ਹੈ, ਕੌਮੀ ਟੀਮ ਵਿੱਚ ਨਾ ਜਾ ਸਕਣ ਦੀ’ ਵੀਰਦੀਪ ਨੇ ਨਰਮੀ ਨਾਲ ਕਿਹਾ।
‘ਇਹ ਵੀ ਮੈਨੂੰ ਪਤਾ ਨਹੀਂ, ਮੈਂ ਭੁੱਲ ਵੀ ਗਿਆਂ ਹੁਣ ਉਸ ਨੂੰ’ ਦਿਲਬਾਗ ਨੇ ਕਿਹਾ।
‘ਤੇਰੇ ਅਚੇਤ ਮਨ ‘ਚ ਵੱਸ ਗਈ ਹੈ ਉਹ ਘਟਨਾ, ਉਹਦੇ ‘ਤੇ ਹੀ ਰੋਸ ਦਾ ਇੱਕ ਕਿਲ੍ਹਾ ਉੱਸਰ ਰਿਹਾ’ ਵੀਰਦੀਪ ਨੇ ਮਨੋ ਚਿਕਿਤਸਕਾਂ ਵਾਂਗ ਵਿਸ਼ਲੇਸ਼ਣ ਕੀਤਾ।
‘ਰੋਸ ਦਾ ਕਿਲਾ ਤਾਂ ਉਸਰੇਗਾ ਹੀ, ਜਦੋਂ ਤੁਹਾਡੇ ਨਾਲ ਗਲਤ ਹੋ ਰਿਹਾ ਹੋਵੇ?’ ਦਿਲਬਾਗ ਨੇ ਦਲੀਲ ਦਿੱਤੀ।
‘ਉਸਰੇਗਾ, ਪਰ ਇਸ ਉਸਾਰੀ ਨੂੰ ਕੋਈ ਸਿਵੇਲਾਈਜ਼ਡ ਰੂਪ ਦੇਣਾ ਚਾਹੀਦਾ। ਇੱਦਾਂ ਤਾਂ ਤੁਸੀਂ ਆਪਣੇ ਆਪ ਨੂੰ ਲੋਕਾਂ ਦੀ ਨਜ਼ਰ ਵਿੱਚ ਵੀ ਦੋਸ਼ੀ ਬਣਾ ਰਹੇ ਹੋ’ ਵੀਰਦੀਪ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ।
‘ਕਿੱਦਾਂ ਭਲਾਂ?’ ਦਿਲਬਾਗ ਨੇ ਪੁੱਛਿਆ।
‘ਇਸ ਰੋਸ ਨੂੰ ਕੋਈ ਸਮਾਜਕ ਰਾਜਨੀਤਿਕ ਰੂਪ ਦੇਣਾ ਚਾਹੀਦਾ’ ਵੀਰਦੀਪ ਦਿਲਬਾਗ ਦੀ ਮਾਨਸਿਕਤਾ ਨੂੰ ਮੋੜਾ ਦੇਣਾ ਚਾਹੁੰਦਾ ਸੀ।
‘ਚਲ ਤੂੰ ਬਣ ਫੇ ਸਾਡਾ ਸਿਧਾਂਤਕਾਰ, ਤੇਰੇ ਪਿੱਛੇ ਪਿੱਛੇ ਤੁਰ ਪੈਨੇ ਆਂ’ ਦਿਲਬਾਗ ਨੇ ਗੱਲ ਮਜ਼ਾਕ ਵਿੱਚ ਪਾ ਲਈ।
‘ਇੰਨੀ ਸਮਰੱਥਾ ਹਾਲੇ ਮੇਰੇ ਵਿੱਚ ਨਹੀਂ, ਮੈਂ ਪੜ੍ਹ ਵਾਚ ਰਿਹਾ ਹਿੰਦੁਸਤਾਨ ਦੀ ਪੌਲਿਟਿਕਸ, ਕਾਨੂੰਨ ਅਤੇ ਸੰਵਿਧਾਨ ਆਦਿ ਨੂੰ’ ਵੀਰਦੀਪ ਨੇ ਜੁਆਬ ਦਿੱਤਾ।
‘ਵੀਰਦੀਪ ਗੁੱਸਾ ਨਾ ਕਰੀਂ, ਇੱਕ ਗੱਲ ਆਖਣ ਲੱਗਾਂ, ਇਹ ਸਾਰੇ ਸਿਧਾਂਤ ਕਾਗਜ਼ ‘ਤੇ ਵਾਹੇ ਨਕਸ਼ੇ ਵਾਂਗ ਹੁੰਦੇ ਨੇ, ਜਦੋਂ ਤੁਸੀਂ ਫੀਲਡ ਵਿੱਚ ਆਉਂਦੇ ਹੋ ਤੁਹਾਨੂੰ ਬਹੁਤ ਕੁਝ ਬਦਲਣਾ ਪੈ ਜਾਂਦਾ।’ ਦਿਲਬਾਗ ਨੇ ਹਾਲਾਤ ਦੀ ਹਕੀਕਤ ਬਿਆਨ ਕੀਤੀ।
‘ਠੀਕ ਆ ਗੱਲ ਤੇਰੀ’ ਵੀਰਦੀਪ ਨੇ ਚਾਰ ਸ਼ਬਦਾਂ ‘ਚ ਜੁਆਬ ਦਿੱਤਾ।

ਸ਼ਨੀਵਾਰ ਵਾਲੇ ਦਿਨ ਵੀਰਦੀਪ ਆਪਣੇ ਪਿੰਡ ਵੱਲ ਆ ਰਿਹਾ ਸੀ। ਪਿੰਡ ਨੂੰ ਜਾਣ ਵਾਲੀ ਮਿੰਨੀ ਬੱਸ ਅੱਡੇ ‘ਤੇ ਲੱਗੀ ਖੜ੍ਹੀ ਸੀ। ਬੱਸ ਪਹਿਲਾਂ ਹੀ ਭਰੀ ਪਈ ਸੀ। ਸਿਮਰਨ ਸੀਟਾਂ ਵਿਚਕਾਰਲੀ ਸਪੇਸ ਵਿੱਚ ਖੜ੍ਹੀ ਸੀ। ਉਹ ਸ਼ਹਿਰ ਕਿਸੇ ਕੰਮ ਆਈ ਸੀ। ਵੀਰਦੀਪ ਨੇ ਫਤਿਹ ਬੁਲਾਈ ਅਤੇ ਉਸ ਦੇ ਲਾਗੇ ਖੜ੍ਹਾ ਹੋ ਗਿਆ। ਜਲਦੀ ਹੀ ਦੋਹਾਂ ਵਿਚਕਾਰ ਦਿਲਬਾਗ ਬਾਰੇ ਗੱਲਬਾਤ ਤੁਰ ਪਈ।
‘ਕਿਹੜੇ ਰਾਹੀਂ ਤੁਰ ਪਿਆ ਇਹ ਮੁੰਡਾ’ ਸਿਮਰਨ ਨੇ ਵੀਰਦੀਪ ਨੂੰ ਦਿਲਬਾਗ ਬਾਰੇ ਸਵਾਲ ਕੀਤਾ।
‘ਕਈ ਵਾਰ ਸ਼ਾਹਸਵਾਰ ਵੀ ਔਝੜੀਂ ਪੈ ਜਾਂਦੇ’ ਵੀਰਦੀਪ ਨੇ ਗੁੱਝੀ ਬਾਤ ਪਾਈ।
‘ਇੱਦਾਂ ਦਾ ਲਗਦਾ ਤਾਂ ਹੈ ਨੀ ਸੀ ਇਹ, ਖੁਸ਼ਤਬੀਅਤ, ਲਤੀਫੇਬਾਜ਼, ਜਿਹਨ ਤੋਂ ਹਲਕਾ-ਫੁਲਕਾ ਜਿਹਾ ਲਗਦਾ ਸੀ ਵੇਖਣ ਨੂੰ’ ਕੁੜੀ ਆਖਣ ਲੱਗੀ।
‘ਚਿਹਰੇ ਤੋਂ ਹੀ ਲਗਦਾ ਸੀ ਇੱਦਾਂ, ਉਂਝ ਅੰਦਰੋਂ ਬੜਾ ਕਾਠਾ ਹੈ ਉਹ’ ਵੀਰਦੀਪ ਨੇ ਦਿਲਬਾਗ ਦੀ ਅਸਲ ਨੇਚਰ ਬਿਆਨ ਕਰਨੀ ਚਾਹੀ।
‘ਵੀਰਦੀਪ ਮੈਨੂੰ ਮਿਲਾ ਦੇ ਉਹਨੂੰ ਇੱਕ ਵਾਰੀ, ਹੋ ਸਕਦਾ ਮਨ ਮਿਹਰ ਪੈ ਜਾਵੇ।’ ਕੁੜੀ ਨੇ ਮੁੰਡੇ ਦਾ ਜਿਵੇਂ ਤਰਲਾ ਕੀਤਾ।
‘ਉਂਝ ਹਾਲੇ ਪਤਾ ਨੀ ਮੈਨੂੰ ਵੀ ਉਹਦਾ ਕੋਈ ਠਿਕਾਣਾ, ਫਿਰ ਵੀ ਮਿਲਿਆ ਤਾਂ ਵੇਖ ਲਵਾਂਗੇ ਯਤਨ ਕਰਕੇ ਜੇ ਮੰਨ ਗਿਆ ਤਾਂ।’ ਵੀਰਦੀਪ ਨੇ ਜੁਆਬ ਦਿੱਤਾ।
‘ਕਿੱਥੋਂ ਕਰ ਰਹੇ ਹੋ ਫਿਰ ਪੀਐਚ.ਡੀ.?’ ਸਿਮਰਨ ਨੇ ਪੁੱਛਿਆ
‘ਕਿਤੋਂ ਵੀ ਨੀ’ ਵੀਰਦੀਪ ਨੇ ਜੁਆਬ ਦਿੱਤਾ।
‘ਕੀ ਮਨ ਬਣਾਇਆ ਫਿਰ’ ਸਿਮਰਨ ਪੁੱਛਣ ਲੱਗੀ।
‘ਵਕਾਲਤ ਦਾ ਕੋਰਸ ਕਰਨ ਲੱਗ ਪਿਆਂ’ ਵੀਰਦੀਪ ਨੇ ਜੁਆਬ ਦਿੱਤਾ।
‘ਪ੍ਰੋਫੈਸਰੀ ਵੱਲੋਂ ਮਨ ਮੋੜ ਲਿਆ ਫਿਰ’ ਸਿਮਰਨ ਨੇ ਕਾਰਨ ਜਾਨਣਾ ਚਾਹਿਆ।
‘ਮੈਂ ਇੰਡੀਅਨ ਪੌਲਿਟਿਕਸ ਦੇ ਆਧਾਰ ਅਤੇ ਕਾਨੂੰਨੀ ਢਾਂਚੇ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਨਾਂ’ ਵੀਰਦੀਪ ਨੇ ਜਵਾਬ ਦਿੱਤਾ।
‘ਨਾਲੇ ਚਾਰ ਪੈਸੇ ਕਮਾਉਣ ਜੋਗੇ ਵੀ ਹੋ ਜਾਵਾਂਗੇ’ ਉਹਨੇ ਹੋਰ ਕਿਹਾ।
ਇੰਨੇ ਨੂੰ ਪਿੰਡ ਦਾ ਬੱਸ ਅੱਡਾ ਨੇੜੇ ਆ ਗਿਆ ਸੀ, ਸਿਮਰਨ ਨੇ ਇੱਕ ਵਾਰ ਫਿਰ ਕਿਹਾ, ‘ਵੀਰਦੀਪ ਪਲੀਜ਼, ਮੈਨੂੰ ਇੱਕ ਵਾਰ ਮਿਲਾ ਦੇ ਦਿਲਬਾਗ ਨੂੰ’ ਥੋੜ੍ਹੀ ਦੇਰ ਬਾਅਦ ਬੱਸ ਅੱਡੇ ‘ਤੇ ਰੁਕੀ ਤੇ ਦੋਨੋਂ ਆਪੋ ਆਪਣੇ ਘਰਾਂ ਵੱਲ ਤੁਰ ਪਏ।
ਇਸ ਅਚਨਚੇਤ ਮੁਲਾਕਾਤ ਨੇ ਸਿਮਰਨ ਦੀ ਦਿਲਬਾਗ ਪ੍ਰਤੀ ਚਾਹਤ ਨੂੰ ਉਜਾਗਰ ਕਰ ਦਿੱਤਾ ਸੀ। ਉਸ ਨੂੰ ਕੁੜੀ ‘ਤੇ ਇੱਕ ਤਰ੍ਹਾਂ ਤਰਸ ਵੀ ਆਇਆ। ਉਹਨੂੰ ਲਗਦਾ ਸੀ ਕਿ ਸਿਮਰਨ ਇਸ ਅੱਗ ਦੀ ਖੇਡ ਤੋਂ ਦੂਰ ਹੀ ਰਹੇ ਤਾਂ ਚੰਗਾ। ਇੱਕ ਵਾਰ ਇਸ ਚੱਕਰਵਿਊ ‘ਚ ਫਸਿਆ ਬੰਦਾ ਮੁਸ਼ਕਲ ਨਾਲ ਹੀ ਬਾਹਰ ਆ ਸਕਦਾ। ਫਿਰ ਇੱਕ ਸਰੀਰੋਂ ਕਮਜ਼ੋਰ ਜਿਹੀ ਕੁੜੀ ਜਿਸ ਦੇ ਮਾਪੇ ਬਹੁਤੇ ਧਨਾਢ ਵੀ ਨਹੀਂ। ਉਸ ਨੇ ਕੁੜੀ ਨੂੰ ਮਿਲਾਉਣ ਲਈ ਹਾਂ ਤਾਂ ਕਰ ਦਿੱਤੀ, ਪਰ ਬਾਅਦ ਵਿੱਚ ਫੈਸਲਾ ਕੀਤਾ ਕਿ ਉਹ ਦੋਹਾਂ ਨੂੰ ਨਹੀਂ ਮਿਲਾਵੇਗਾ; ‘ਇਹ ਅਗਾਂਹ ਉਹਦੇ ਨਾਲ ਹੀ ਜਾਣ ਦੀ ਜਿੱਦ ਕਰਨ ਲੱਗੀ ਤੇ ਮੇਰਾ ਐਵੇਂ ਮੱਕੂ ਬੰਨਿ੍ਹਆ ਜਾਊ ਵਿਚੇ। ਨਾਲੇ ਪਿੰਡ ਦਾ ਮਾਮਲਾ ਹੈ।’
ਜਦੋਂ ਦਿਨ ਦੇ ਛਿਪਾ ਨਾਲ ਵੀਰਦੀਪ ਘਰ ਪੁੱਜਾ ਤਾਂ ਨਵਜੋਤ ਤੇ ਕਰਮਾ ਵੀਰਦੀਪ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਹ ਗੱਲ ਸਾਰੇ ਇਲਾਕੇ ਵਿੱਚ ਧੁੰਮ ਗਈ ਸੀ ਕਿ ਪੁਲਿਸ 40 ਲੱਖ ਦੇ ਬੈਂਕ ਡਾਕੇ ਵਿੱਚ ਦਿਲਬਾਗ ਦੀ ਭਾਲ ਕਰ ਰਹੀ ਹੈ। ਵੀਰਦੀਪ ਦੇ ਘਰ ਵੀ ਪੁਲਿਸ ਗੇੜਾ ਮਾਰ ਗਈ ਸੀ। ਚਾਹ ਪਾਣੀ ਪੀਣ ਤੋਂ ਬਾਅਦ ਕਰਮੇ ਨੇ ਵੀ ਦਿਲਬਾਗ ਬਾਰੇ ਵੀਰਦੀਪ ਨਾਲ ਗੱਲ ਤੋਰੀ। ਉਹਨੇ ਦੱਸਿਆ ਕਿ ਇੱਕ ਏ.ਐਸ.ਆਈ. ਤੇ ਕੁਝ ਸਿਪਾਹੀ ਆਏ ਸਨ। ਏ.ਐਸ.ਆਈ. ਨੇ ਮੈਨੂੰ ਪਾਸੇ ਕਰਕੇ ਅਖਿਆ ਕਿ ਜੇ ਦਿਲਬਾਗ ਨੂੰ ਪੇਸ਼ ਕਰਵਾ ਦਿਉ ਤਾਂ ਉਸ ਦਾ ਖਾਸਾ ਬਚਾਅ ਹੋ ਸਕਦਾ ਹੈ। ‘ਕਿਤੇ ਮਿਲੇ ਤਾਂ ਸਹੀ ਚਾਚਾ, ਤਾਂ ਹੀ ਆਪਾਂ ਕੋਈ ਗੱਲ ਕਰ ਸਕਦੇ ਹਾਂ’ ਵੀਰਦੀਪ ਨੇ ਦਲੀਲ ਦਿੱਤੀ।
‘ਕੀਹਨੂੰ ਮਿਲਦਾ ਹੋਵੇਗਾ ਹੁਣ ਉਹ’ ਕਰਮੇ ਨੇ ਸਵਾਲ ਕੀਤਾ।
‘ਪਤਾ ਨੀ, ਹੁਣ ਤਾਂ ਉਹਦੇ ਰਾਹ ਈ ਹੋਰ ਹੋ ਗਏ ਆ’ ਵੀਰਦੀਪ ਕਰਮੇ ਦਿਲਬਾਗ ਨਾਲ ਆਪਣੀ ਮਿਲਣੀ ਬਾਰੇ ਕੁਝ ਵੀ ਦੱਸਣਾ ਨਹੀਂ ਸੀ ਚਾਹੁੰਦਾ। ਅਗਲੇ ਦਿਨ ਐਤਵਾਰ ਸੀ। ਵੀਰਦੀਪ ਨੇ ਸਾਰੇ ਖੇਤਾਂ ਵੱਲ ਗੇੜਾ ਮਾਰਿਆ। ਦਸੰਬਰ ਦੇ ਮਹਿਨੇ ਦੇ ਪਹਿਲੇ ਦਿਨ ਸਨ। ਕਣਕ ਪੁੰਗਰ ਰਹੀ ਸੀ। ਛੋਟੀ ਛੋਟੀ ਕਣਕ ਦੇ ਪੱਤਿਆਂ ‘ਤੇ ਲਟਕ ਰਹੇ ਤਰੇਲ ਦੇ ਤੁਪਕੇ ਚੜ੍ਹ ਰਹੇ ਸੂਰਜ ਦੀ ਰੌਸ਼ਨੀ ਨਾਲ ਸੁਨਹਿਰੀ ਰੰਗ ਫੜ ਗਏ ਸਨ। ਉਸ ਨੂੰ ਇਸ ਦ੍ਰਿਸ਼ ਨੇ ਵਿਸਮਾਦ ਵਿੱਚ ਲੈ ਆਂਦਾ। ਸ਼ਹਿਰੀ ਜ਼ਿੰਦਗੀ ਦੇ ਗਧੀਗੇੜ ਤੋਂ ਦੂਰ ਕੁਦਰਤ ਦੀ ਨਜ਼ਦੀਕੀ ਉਸਨੂੰ ਹਮੇਸ਼ਾ ਚੰਗੀ ਲਗਦੀ। ਕਈ ਵਾਰ ਉਹਦਾ ਦਿਲ ਕਰਦਾ ਚੁੱਪ ਕਰਕੇ ਖੇਤੀ ਕਰ ਲਵੇ। ਪਰ ਫੇਰ ਚਾਚੇ ਕਰਮੇ ਦੀਆਂ ਗੱਲਾਂ ਯਾਦ ਆ ਜਾਂਦੀਆਂ। ਜਦੋਂ ਵੀ ਇਸ ਤਰ੍ਹਾਂ ਦੀ ਗੱਲ ਤੁਰਦੀ ਉਹ ਹਮੇਸ਼ਾ ਆਖਦਾ, ‘ਖੇਤੀ ਵਿੱਚ ਕੀ ਪਿਆ ਵੀਰਦੀਪ, ਐਵੇਂ ਮਿੱਟੀ ਨਾਲ ਘੋਲ ਐ, ਪੱਲੇ ਪੁੱਲੇ ਕੁਸ਼ ਨੀ ਪੈਂਦਾ। ਬਸ ਕਰੀ ਜਾਨੇ ਆਂ ਕਿਉਂਕਿ ਹੋਰ ਕੁਸ਼ ਹੈ ਨੀ ਕਰਨ ਨੂੰ। ਪੜ੍ਹ ਲੈ ਚਾਰ ਅੱਖਰ ਕਿਸੇ ਚੱਜ ਦੇ ਕੰਮ ਕਾਰ ਜੋਗਾ ਹੋਜੇਂਗਾ।’ ਨਵਜੋਤ ਵੀ ਪੜ੍ਹਾਈ ਲਈ ਜ਼ੋਰ ਦਿੰਦੀ।
ਜਦੋਂ ਵੀ ਛੁੱਟੀ ਹੁੰਦੀ ਵੀਰਦੀਪ ਚਾਚੇ ਨਾਲ ਖੇਤੀ ਦਾ ਕੰਮ ਕਰਵਾਉਣ ਨੂੰ ਤਰਜ਼ੀਹ ਦਿੰਦਾ। ਉਂਝ ਨਵਜੋਤ ਤੇ ਕਰਮਾ ਉਸ ਨੂੰ ਖੇਤੀ ਦੇ ਕੰਮ ਲਈ ਬਹੁਤਾ ਜ਼ੋਰ ਨਹੀਂ ਸਨ ਪਾਉਂਦੇ, ਪਰ ਫਿਰ ਵੀ ਜਦੋਂ ਉਹ ਵੀਰਦੀਪ ਨੂੰ ਘਰ ਦੇ ਕੰਮ ਵਿੱਚ ਕਰਮੇ ਦਾ ਹੱਥ ਵਟਾਉਂਦਾ ਵੇਖਦੇ ਤਾਂ ਉਨ੍ਹਾਂ ਨੂੰ ਅੰਤਾਂ ਦੀ ਖੁਸ਼ੀ ਹੁੰਦੀ। ਨਵਜੋਤ ਨੂੰ ਕਦੀ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਵੀਰਦੀਪ ਉਸ ਦੀ ਆਪਣੀ ਕੁੱਖੋਂ ਜੰਮਿਆ ਜਾਇਆ ਨਹੀਂ ਹੈ। ਉਹ ਉਸ ਦੀ ਖੁਰਾਕ ਅਤੇ ਕੱਪੜੇ ਲੀੜੇ ਦਾ ਵੀ ਪੂਰਾ ਖਿਆਲ ਰੱਖਦੀ। ਭਾਵੇਂ ਗੇਮ ਛੱਡਣ ਤੋਂ ਬਾਅਦ ਉਸਦੀ ਖੁਰਾਕ ਕਾਫੀ ਘਟ ਗਈ ਸੀ। ਫਿਰ ਵੀ ਉਸ ਦੀ ਸਿਹਤ ਠੀਕ ਠਾਕ ਬਣੀ ਰਹੇ, ਇਸ ਦਾ ਨਵਜੋਤ ਪੂਰਾ ਧਿਆਨ ਰੱਖਦੀ। ਉਸ ਨੇ ਇਸ ਵਾਰ ਉਹਦੇ ਲਈ ਖੋਏ ਤੇ ਅਲਸੀ ਦੀਆਂ ਪਿੰਨੀਆਂ ਬਣਾ ਦਿੱਤੀਆਂ ਸਨ। ਉਹਨੂੰ ਸੀ ਬਈ ਸ਼ਹਿਰ ਇਕੱਲਾ ਰਹਿੰਦਾ, ਰੋਟੀ ਨੂੰ ਵੇਲਾ-ਕੁਵੇਲਾ ਹੋ ਜਾਵੇ ਤਾਂ ਖਾ ਲਿਆ ਕਰੇਗਾ। ਵੀਰਦੀਪ ਦੇ ਨਾਂਹ ਨੁੱਕਰ ਕਰਦਿਆਂ ਵੀ ਨਵਜੋਤ ਨੇ ਉਹਦੇ ਬੈਗ ਵਿੱਚ ਪਾ ਦਿੱਤੀਆਂ।
ਅਗਲੇ ਦਿਨ ਸਵੇਰੇ ਪਟਿਆਲੇ ਜਾਣ ਲੱਗੇ ਨੂੰ ਕਰਮੇ ਨੇ ਫਿਰ ਆਖਿਆ, ਦਿਲਬਾਗ ਮਿਲੇ ਤਾਂ ਉਹਨੂੰ ਕਵੀਂ ਪੇਸ਼ ਹੋ ਜਾਵੇ, ਉਹਦਾ ਬਚਾਅ ਹੋ ਜਾਵੇਗਾ। ਪੁਲਿਸ ਕੋਲ ਨਹੀਂ ਹੋਣਾ ਤਾਂ ਅਦਾਲਤ ਵਿੱਚ ਪੇਸ਼ ਹੋ ਜਾਵੇ। ਕਰਮੇ ਨੂੰ ਸੀ ਬਈ ਦਿਲਬਾਗ ਵੀਰਦੀਪ ਨੂੰ ਜ਼ਰੂਰ ਮਿਲੇਗਾ, ਪਰ ਦਿਲਬਾਗ ਨੇ ਵੀਰਦੀਪ ਵੱਲ ਜਲਦੀ ਗੇੜਾ ਨਾ ਮਾਰਿਆ। ਆਪਣੇ ਬੰਦਿਆਂ ਦਾ ਉਹ ਹੁਣ ਇੱਕ ਗਰੁੱਪ ਬਣਾ ਬੈਠਾ ਸੀ, ਜਿਨ੍ਹਾਂ ਦਾ ਉਹ ਰਿੰਗ ਲੀਡਰ ਸੀ। ਆਪਣੀ ਸਰੀਰਕ ਅਤੇ ਗਰੁੱਪ ਵਜੋਂ ਹੋਂਦ ਬਣਾਈ ਰੱਖਣ ਲਈ ਹੀ ਉਨ੍ਹਾਂ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਪੈਂਦੀ ਸੀ।
ਸਿਮਰਨ ਬੀ.ਐਡ ਕਰਕੇ ਘਰ ਬੈਠੀ ਸੀ। ਉਸ ਨੇ ਟੀਚਿੰਗ ਲਈ ਰਾਜ ਸਰਕਾਰ ਦਾ ਟੈਸਟ ਪਾਸ ਕਰ ਲਿਆ ਸੀ। ਘਰ ਵਾਲੇ ਵਿਆਹ ਲਈ ਮੁੰਡੇ ਦੀ ਭਾਲ ਕਰਨ ਲੱਗੇ ਸਨ। ਹਰਜੀਤ ਨੇ ਵੀ ਟੈਸਟ ਪਾਸ ਕਰ ਲਿਆ ਸੀ ਅਤੇ ਉਹ ਆਪਣੇ ਲਾਗੇ ਦੇ ਪਿੰਡ ਵਿੱਚ ਕਿਸੇ ਪ੍ਰਾਈਵੇਟ ਸਕੂਲ ਵਿੱਚ ਸਾਇੰਸ ਪੜ੍ਹਾਉਣ ਲੱਗ ਪਈ ਸੀ। ਤਨਖਾਹ ਤਾਂ ਭਾਵੇਂ ਘੱਟ ਸੀ, ਪਰ ਉਹਨੇ ਰੁਝੇ ਰਹਿਣ ਲਈ ਨੌਕਰੀ ਨੂੰ ਤਰਜ਼ੀਹ ਦਿੱਤੀ।
ਅਗਲੇ ਕੁਝ ਮਹੀਨੇ ਦਿਲਬਾਗ ਹੋਰੀਂ ਚੁੱਪ ਰਹੇ। ਆਪੋ ਆਪਣੇ ਲਈ ਖੋਲ੍ਹੇ ਨਿੱਕੇ-ਮੋਟੇ ਕੰਮਾਂ ‘ਤੇ ਬੈਠੇ ਰਹਿੰਦੇ। ਦਿਲਬਾਗ ਦੂਜੇ-ਚੌਥੇ ਸਾਰਿਆਂ ਨੂੰ ਮਿਲਦਾ। ਤਿੰਨ-ਚਾਰ ਮਹੀਨੇ ਉਹ ਚੁੱਪ-ਚਾਪ ਰਹੇ। ਫਿਰ ਆਪਣੇ ਇਲਾਕੇ `ਚੋਂ ਬਾਹਰ ਨਿਕਲ ਕੇ ਉਨ੍ਹਾਂ ਦੁਆਬੇ ਦੇ ਇੱਕ ਕਸਬੇ ਦੇ ਅਮੀਰ ਸੁਨਿਆਰੇ ਨੂੰ ਲੁੱਟਣ ਦੀ ਯੋਜਨਾ ਬਣਾਈ। ਇਹ ਮਈ ਦਾ ਅੱਧ ਸੀ। ਕਹਿਰ ਦੀ ਗਰਮੀ ਅਤੇ ਹੁੰਮਸ ਚੁਫੇਰੇ ਪਸਰੀ ਪਈ ਸੀ। ਦਿਨ ਦੇ ਡੇੜ ਕੁ ਵਜੇ ਸੜਕਾਂ ਲਗਪਗ ਸੁੰਨੀਆਂ ਹੋ ਗਈਆਂ ਸਨ। ਲਾਲਾ ਜੀ ਤਖਤਪੋਸ਼ ‘ਤੇ ਵਿਛੇ ਗੱਦੇ ‘ਤੇ ਸੁੱਤੇ ਪਏ ਸਨ। ਗੋਲੂ ਬਾਹਰ ਗੱਡੀ ਸਟਾਰਟ ਕਰੀ ਖੜ੍ਹਾ ਸੀ। ਇਹ ਦੁਆਬੇ ਦੀ ਐਨ.ਆਰ.ਆਈ. ਬੈਲਟ ਦਾ ਅਮੀਰ ਕਸਬਾ ਸੀ। ਦਿਲਬਾਗ ਤੇ ਅੰਬਾ ਸ਼ੋਅ ਰੂਮ ਦੇ ਦਰਵਾਜ਼ੇ ‘ਤੇ ਗਏ। ਨੌਕਰ ਭਈਏ ਨੇ ਦਰਵਾਜ਼ਾ ਖੋਲਿ੍ਹਆ। ਭਈਆ ਉੱਠਣ ਤੋਂ ਪਹਿਲਾਂ ਫਰਸ਼ ‘ਤੇ ਸੁੱਤਾ ਪਿਆ ਸੀ। ਚੱਲ ਰਹੇ ਸਪਲਿੱਟ ਏ.ਸੀ. ਕਾਰਨ ਬਾਹਰ ਅਤੇ ਅੰਦਰ ਦੇ ਵਾਤਾਵਰਣ ਵਿੱਚ ਜ਼ਮੀਨ ਆਸਮਾਨ ਦਾ ਫਰਕ ਸੀ। ਲਾਲਾ ਜੀ ਦੇ ਲਾਗੇ ਪਿਆ ਮੋਬਾਈਲ ਫੋਨ ਦਿਲਬਾਗ ਨੇ ਆਪਣੇ ਕਾਬੂ ਵਿੱਚ ਕਰ ਲਿਆ। ਆਪਣੀ ਜੇਬ ਵਿੱਚ ਇੱਕ ਕੈਂਚੀ ਜਿਹੀ ਕੱਢੀ ਅਤੇ ਕਾਊਂਟਰ ‘ਤੇ ਪਏ ਲੈਂਡ ਲਾਈਨ ਫੋਨ ਦੀਆਂ ਤਾਰਾਂ ਕੱਟ ਦਿੱਤੀਆਂ। ਅੰਬੇ ਨੇ ਫਰਸ਼ ‘ਤੇ ਪਿਆ ਨੌਕਰ ਦਾ ਮੋਬਾਈਲ ਫੋਨ ਆਪਣੇ ਕਾਬੂ ਵਿੱਚ ਕਰ ਲਿਆ। ਭਈਏ ਦਾ ਮੱਥਾ ਠਣਕਿਆ। ਉਸ ਨੇ ਬਾਹਰ ਵੱਲ ਭੱਜਣ ਦਾ ਯਤਨ ਕੀਤਾ, ਅੰਬੇ ਨੇ ਉਸ ਦੀ ਪੁੜਪੁੜੀ ‘ਤੇ ਪਿਸਤੌਲ ਦੀ ਨਾਲੀ ਰੱਖ ਲਈ ਤੇ ਦੁਕਾਨ ਅੰਦਰੋਂ ਲੌਕ ਕਰਵਾ ਲਈ। ਭਈਏ ਦੇ ਪ੍ਰਾਣ ਜਿਵੇਂ ਖੁਸ਼ਕ ਹੋ ਗਏ ਹੋਣ। ਦੁਕਾਨ ਅੰਦਰਲੀ ਹਿਲਜੁਲ ਨਾਲ ਲਾਲਾ ਜੀ ਦੀ ਅੱਖ ਖੁੱਲ੍ਹ ਗਈ।
ਦੁਕਾਨ ਕਾਫੀ ਵੱਡੀ ਸੀ, ਇੱਥੇ ਕਈ ਨੌਕਰ ਕੰਮ ਕਰਦੇ ਸਨ, ਪਰ ਇਸ ਸਮੇਂ ਉਹ ਸਿਰਫ ਦੋ ਜਣੇ ਹੀ ਸਨ। ਦਿਲਬਾਗ ਨੇ ਲਾਲੇ ਦੇ ਮੱਥੇ ‘ਤੇ ਪਿਸਤੌਲ ਰੱਖਿਆ ਅਤੇ ਸ਼ੋਅ ਰੂਮ ਵਿੱਚ ਮੌਜੂਦ ਰਕਮ ਅਤੇ ਸੋਨਾ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ। ਇੱਕ ਬੋਰੀ ਉਹ ਨਾਲ ਲਿਆਏ ਸਨ। ਇੱਕ ਕਰੋੜ 24 ਲੱਖ ਦੇ ਨੋਟਾਂ ਦੀਆਂ ਦੱਥੀਆਂ ਅਤੇ ਤਕਰੀਬਨ ਡੇੜ ਕਿੱਲੋ ਸੋਨਾ ਉਨ੍ਹਾਂ ਨੇ ਬੋਰੀ ਵਿੱਚ ਪਾਇਆ ਤੇ ਅੰਬਾ ਕਾਰ ਦੀ ਡਿੱਗੀ ਵਿੱਚ ਸੁੱਟ ਆਇਆ। ਦਿਲਬਾਗ ਸ਼ੋਅ ਰੂਮ ਦੇ ਅੰਦਰ ਹੀ ਰਿਹਾ। ਜਦੋਂ ਉਹ ਤੁਰਨ ਲੱਗੇ ਤਾਂ ਲਾਲਾ ਜੀ ਨੇ ਇੱਕ ਹੋਰ ਮੋਬਾਈਲ ਤੋਂ ਫੋਨ ਕਰਨ ਦਾ ਯਤਨ ਕੀਤਾ। ਦਿਲਬਾਗ ਨੇ ਉਹ ਵੀ ਉਹਦੇ ਹੱਥੋਂ ਖੋਹ ਲਿਆ ਤੇ ਧਮਕੀ ਦਿੱਤੀ, ‘ਜੇ ਇੱਕ ਘੰਟੇ ਤੱਕ ਕਿਸੇ ਨੂੰ ਫੋਨ ਕੀਤਾ ਤਾਂ ਥੁਆਡਾ ਘਾਣ ਬੱਚਾ ਪੀੜ ਦਿਆਂਗੇ।’ ਇਹ ਉਨ੍ਹਾਂ ਦੀ ਵੱਡੀ ਕਾਰਵਾਈ ਸੀ।
ਤਕਰੀਬਨ ਡੇੜ ਘੰਟੇ ਬਾਅਦ ਪੁਲਿਸ ਮੌਕੇ ‘ਤੇ ਪੁੱਜੀ। ਜ਼ਿਲ੍ਹੇ ਦਾ ਪੁਲਿਸ ਮੁਖੀ ਤੇ ਹੋਰ ਉਚ ਅਫਸਰ ਮੌਕਾ ਵੇਖਣ ਆਏ। ਲਾਲਾ ਜੀ ਦਾ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਨਾਲ ਨੇੜਲਾ ਸੰਬੰਧ ਸੀ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਜ਼ਿਲ੍ਹਾ ਪੁਲਿਸ ਮੁਖੀ ਤੇ ਡਿਪਟੀ ਕਮਿਸ਼ਨਰ ਨੂੰ ਫੋਨ ਆਉਣ ਲੱਗੇ। ਇਸ ਕਾਰਵਾਈ ਪਿੱਛੋਂ ਪੁਲਿਸ ਭਾਰੀ ਦਬਾਅ ਹੇਠ ਆ ਗਈ। ਅਗਲੇ ਦਿਨਾਂ ਵਿੱਚ ਅਖਬਾਰਾਂ ਪੰਜਾਬ ਵਿੱਚ ਵਧ ਰਹੇ ਕੈਮੀਕਲ ਨਸ਼ਿਆਂ ਦੀ ਸਮਗਲਿੰਗ, ਖਪਤ ਅਤੇ ਗੈਂਗਸਟਰਵਾਦ ‘ਤੇ ਖਬਰਾਂ ਛਾਪਣ ਲੱਗੀਆਂ। ਕਈ ਕੌਮੀ ਅਤੇ ਖੇਤਰੀ ਅਖਬਾਰਾਂ ਨੇ ਇਸ ਮਸਲੇ ਉਪਰ ਐਡੀਟੋਰੀਅਲ ਲਿਖੇ। ਇੰਜ ਸਥਾਨਕ ਸਰਕਾਰੀ ਪ੍ਰਸ਼ਾਸਨ ਭਾਰੀ ਦਬਾਅ ਹੇਠ ਆ ਗਿਆ।
ਕਾਫੀ ਪੈਸਾ ਅਤੇ ਸੋਨਾ ਵਗੈਰਾ ਹੱਥ ਲੱਗ ਜਾਣ ਕਾਰਨ ਦਿਲਬਾਗ ਹੋਰਾਂ ਦਾ ਹੱਥ ਸੌਖਾ ਹੋ ਗਿਆ। ਦਿਲਬਾਗ ਨੇ ਥੋੜ੍ਹੀ ਦੂਰ ਜਾ ਕੇ ਗੱਡੀ ਪਿੰਡਾਂ ਵਿੱਚ ਦੀ ਪਾ ਲਈ। ਇੱਕ ਉੱਜੜੇ ਜਿਹੇ ਭੱਠੇ ਵਿੱਚ ਗੱਡੀ ਲਾ ਕੇ ਉਨ੍ਹਾਂ ਗੱਡੀ ਦਾ ਨੰਬਰ ਬਦਲਿਆ ਅਤੇ ਤੇਜ਼ੀ ਨਾਲ ਸੰਬੰਧਤ ਜ਼ਿਲ੍ਹੇ ਤੋਂ ਬਾਹਰ ਹੋ ਗਏ। ਫਿਲੌਰ ਪਹੁੰਚ ਕੇ ਦਿਲਬਾਗ ਨੇ ਅੰਬੇ ਹੋਰਾਂ ਨੂੰ ਬੱਸ ਚੜ੍ਹਾ ਦਿੱਤਾ ਅਤੇ ਆਪ ਆਪਣੇ ਕਿਸੇ ਪੁਰਾਣੇ ਦੋਸਤ ਕੋਲ ਟਿਕ ਗਿਆ। ਉਹਨੂੰ ਦਿਲਬਾਗ ਬਾਰੇ ਬਹੁਤਾ ਕੁਝ ਪਤਾ ਨਹੀਂ ਸੀ ਕਿ ਅੱਜ ਕੱਲ੍ਹ ਉਹ ਕੀ ਕਰਦਾ। ਉਹ ਦੋਨੋਂ ਕੌਮੀ ਪੱਧਰ ‘ਤੇ ਫੁੱਟਬਾਲ ਖੇਡੇ ਸਨ। ਫਿਜ਼ੀਕਲ ਐਜੂਕੇਸ਼ਨ ਵਿੱਚ ਐਮ.ਪੀ.ਐਡ ਕਰਨ ਤੋਂ ਬਾਅਦ ਬਘੇਲ ਸਿੰਘ ਨੂੰ ਨੌਕਰੀ ਨਹੀਂ ਸੀ ਮਿਲੀ। ਉਹ ਵਾਹੀ ਕਰਨ ਲੱਗ ਪਿਆ ਸੀ। ਆਪਣੇ ਇੱਕ ਹੋਰ ਪੁਰਾਣੇ ਖਿਡਾਰੀ ਯਾਰ ਦੀ ਸੰਗਤ ਨੇ ਉਸ ਨੂੰ ਚਿੱਟਾ ਵੇਚਣ ਦੀ ਲਤ ਲਾ ਦਿੱਤੀ। ਪਿਛੋਂ ਉਹ ਆਪ ਵੀ ਛਕਣ ਲੱਗਾ। ਦਿਲਬਾਗ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਘਰ ਆਇਆ ਸੀ। ਪਿਉ ਵਿਦੇਸ਼ ਗਿਆ ਹੋਇਆ ਸੀ। ਘਰ ਬਘੇਲਾ, ਉਹਦੀ ਭੈਣ ਤੇ ਮਾਂ ਹੀ ਸਨ। ਮੁੰਡੇ ਦੀ ਭੈਣ ਤੇ ਮਾਂ ਦਿਲਬਾਗ ਕੋਲ ਰੋਣ ਲੱਗੀਆਂ। ਉਨ੍ਹਾਂ ਤਰਲਾ ਕੀਤਾ, ‘ਕੁਝ ਕਰੋ, ਇਸ ਦਾ ਨਸ਼ਾ ਛਡਾਉ, ਜਦੋਂ ਨਸ਼ਾ ਨਹੀਂ ਮਿਲਦਾ ਤਾਂ ਇਹ ਮੱਛੀ ਵਾਂਗ ਤੜਫਦਾ, ਸਾਥੋਂ ਵੇਖ ਨਹੀਂ ਹੁੰਦਾ। ਕਈ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ, ਉਥੋਂ ਜ਼ਬਰਦਸਤੀ ਦੌੜ ਆਉਂਦਾ।’
ਦਿਲਬਾਗ ਆਪਣੀ ਫਸੀ ਨਿਬੇੜਨ ਲਈ ਉਨ੍ਹਾਂ ਦੇ ਘਰ ਆਇਆ ਸੀ, ਪਰ ਅਗਾਂਹ ਮੁੰਡੇ ਦੇ ਮਾਪਿਆਂ ਦਾ ਦੁਖ ਸੁਣਦਿਆਂ ਰਾਤ ਬੀਤ ਗਈ। ਸਵੇਰੇ ਜਾਣ ਤੋਂ ਪਹਿਲਾਂ ਉਸ ਨੇ 25,000 ਰੁਪਏ ਗੱਡੀ `ਚੋਂ ਕੱਢੇ ‘ਤੇ ਮੁੰਡੇ ਦੀ ਮਾਂ ਨੂੰ ਫੜਾਏ, ‘ਇਹਨੂੰ ਕਿਸੇ ਚੰਗੇ ਹਸਪਤਾਲ ਵਿੱਚ ਦਾਖਲ ਕਰਵਾਉ, ਮੈਂ ਫੇਰ ਗੇੜਾ ਮਾਰਾਂਗਾ। ਖਰਚੇ ਦਾ ਫਿਕਰ ਨਾ ਕਰਿਓ। ਹੋ ਸਕਦਾ ਉਪਰਲਾ ਮਿਹਰ ਕਰੇ।’ ਬਘੇਲੇ ਦੀ ਮਾਂ ਅਤੇ ਭੈਣ ਦੇ ਨਾਂਹ ਨੁੱਕਰ ਕਰਦਿਆਂ ਵੀ ਦਿਲਬਾਗ ਨੇ ਪੈਸੇ ਟੇਬਲ ‘ਤੇ ਰੱਖੇ ਅਤੇ ਗੱਡੀ ਵੱਲ ਤੁਰ ਪਿਆ। ਉਂਝ ਬਘੇਲਾ ਅੱਜ ਅਚਾਨਕ ਦਿਲਬਾਗ ਨੂੰ ਵੇਖ ਕੇ ਟਹਿਕ ਪਿਆ ਸੀ। ਉਹਨੂੰ ਹਾਲੇ ਇਹ ਪਤਾ ਨਹੀਂ ਸੀ ਕਿ ਦਿਲਬਾਗ ਆਪ ਕਿਹੜੇ ਵਾਹਣੀ ਪਿਆ ਹੋਇਆ ਹੈ।
ਦਿਲਬਾਗ ਨੇ ਸਵੇਰੇ ਪਹੁ ਫੁਟਾਲੇ ਤੋਂ ਥੋੜ੍ਹਾ ਜਿਹਾ ਪਹਿਲਾਂ ਆਪਣੇ ਟਿਕਾਣੇ ਵੱਲ ਚਾਲੇ ਪਾ ਲਏ। ਇਸ ਵਕਤ ਪੁਲਿਸ ਦੇ ਨਾਕੇ ਘੱਟ ਹੁੰਦੇ। ਉਹਨੇ ਗੱਡੀ ਪਿੰਡਾਂ ਵਿੱਚ ਦੀ ਹੀ ਦੱਬੀ ਰੱਖੀ। ਬਿਨਾ ਹਾਈਵੇਅ ਉਤੇ ਚੜ੍ਹੇ ਉਹ ਆਪਣੇ ਟਿਕਾਣੇ ‘ਤੇ ਪਹੁੰਚਿਆ। ਜਾਂਦਿਆਂ ਉਹ ਸੋਚਦਾ ਰਿਹਾ, ਅਸੀਂ ਜਿਹੜੇ ਕੌਮਾਂਤਰੀ ਪੱਧਰ ਦੇ ਖਿਡਾਰੀ ਬਣਨਾ ਚਾਹੁੰਦੇ ਸਾਂ, ਵੱਡੇ-ਵੱਡੇ ਖਿਡਾਰੀ ਸਾਡਾ ਤਹਿਲਕਾ ਮੰਨਦੇ ਸਨ, ਇਹ ਕਿਹੜੇ ਰਾਹ ਪੈ ਗਏ ਹਾਂ? ਇਹਦਾ ਕਿੱਥੇ ਅੰਤ ਹੋਵੇਗਾ? ਕਿਸੇ ਪੁਲਿਸ ਮੁਕਾਬਲੇ ਵਿੱਚ ਜਾਂ ਜੇਲ੍ਹ ਵਿੱਚ? ਇਹ ਬਘੇਲੇ ਦਾ ਕੀ ਬਣੂ, ਇਹ ਤਾਂ ਕੌਮੀ ਟੀਮ ਲਈ ਚੁਣਿਆ ਵੀ ਗਿਆ ਸੀ। ਇਹ ਸਾਲਾ ਚਿੱਟਾ ਵੇਚਦਾ ਵੇਚਦਾ ਚਿੱਟਾ ਖਾਣ ਲੱਗ ਪਿਆ। ਕਿੰਨਾ ਵਧੀਆ ਫਾਰਵਰਡ ਸੀ ਇਹ, ਇਹਦੇ ਪੈਰਾਂ ਨਾਲੋਂ ਬਾਲ ਲਾਹੁਣੀ ਮੁਸ਼ਕਲ ਹੋ ਜਾਂਦੀ ਸੀ। ਕਿੱਡਾ ਸਾਰਾ ਬੂਥਾ ਕਰੀ ਬੈਠਾ ਸਾਲਾ ਨਸ਼ੇ ਨਾਲ! ਢਿੱਡ ਇੱਦਾਂ ਵਧਿਆ, ਜਿਵੇਂ ਨਿਆਣਾ ਹੋਣਾ ਹੋਵੇ। ਹਾਲੇ ਸਾਲਾ ਵਿਆਹਿਆ ਨ੍ਹੀਂ ਵਰਿ੍ਹਆ ਨ੍ਹੀਂ। ਥਾਂ-ਥਾਂ ਤੋਂ ਬਾਹਾਂ ਵਿੰਨ੍ਹੀਆਂ ਪਈਆਂ ਨੇ ਟੀਕੇ ਲਾ ਲਾ ਕੇ।
ਦਿਲਬਾਗ ਦੀ ਜ਼ਮੀਰ ਉਸ ਨੂੰ ਆਪਣੇ ਸਮਾਜ ਦੇ ਵਰਤਮਾਨ ਦੇ ਸ਼ੀਸ਼ੇ ਸਾਹਮਣੇ ਖੜ੍ਹਾ ਕਰ ਰਹੀ ਸੀ। ਇਹ ਹਾਲ ਇਹਦਾ ‘ਕੱਲੇ ਦਾ ਨਹੀਂ, ਸਾਲੀ ਘਰ ਘਰ ਇਹੋ ਅੱਗ ਹੈ। ਕੀ ਬਣੂ ਸਾਡੇ ਮੁੰਡਿਆਂ ਦਾ? ਉਹ ਆਪਣੇ ਟਿਕਾਣੇ ਵੱਲ ਆਉਂਦਿਆਂ ਸਾਰੇ ਰਾਹ ਇਨ੍ਹਾਂ ਭੰਨਾਂ-ਘੜਤਾਂ ਵਿੱਚ ਪਿਆ ਰਿਹਾ ਸੀ। ਫਿਰ ਉਹਨੂੰ ਆਪਣੇ ਹਾਲ ‘ਤੇ ਵੀ ਤਰਸ ਆਇਆ, ‘ਤੂੰ ਤੇ ਆਪ ਯਾਰ ਔਝੜੀਂ ਪੈ ਗਿਐਂ, ਕਿਸੇ ਹੋਰ ਨੂੰ ਕਿਵੇਂ ਕੱਢੇਂਗਾ?’ ਉਹ ਘਰ ਪੁੱਜਾ ਤਾਂ ਮਿੰਜੇ ‘ਤੇ ਪੈ ਗਿਆ। ਭਾਵੇਂ ਬਹੁਤ ਗਰਮੀ ਸੀ, ਪਰ ਪੱਖੇ ਹੇਠ ਲੇਟਿਆਂ ਹੀ ਉਸ ਨੂੰ ਗੂਹੜੀ ਨੀਂਦ ਆ ਗਈ। ਜਦੋਂ ਉਠਿਆ ਤਾਂ ਸ਼ਾਮ ਦੇ ਸਾਢੇ ਪੰਜ ਵੱਜ ਚੁੱਕੇ ਸਨ। ਉਹਨੂੰ ਅੰਬੇ ਹੋਰਾਂ ਦੀ ਯਾਦ ਆਈ, ਪਤਾ ਤਾਂ ਕਰਾਂ ਕਿਵੇਂ ਨੇ! ਮੋਬਾਈਲ ਉਨ੍ਹਾਂ ਨੇ ਜਾਅਲੀ ਦਸਤਾਵੇਜ਼ਾਂ ਹੇਠਾਂ ਲਏ ਹੋਏ ਸਨ। ਉਹਨੇ ਦੋਵਾਂ ਨੂੰ ਦੱਸਿਆ, ਮੈਂ ਆ ਗਿਆਂ ਘਰੇ, ਸਭ ਠੀਕ ਠਾਕ ਆ ਨਾ? ਉਹਨੇ ਪੁਛਿਆ।
‘ਓ ਕੇ ਆ ਬਾਈ’ ਅੰਬਾ ਚੜ੍ਹਦੀ ਕਲਾ ਵਿੱਚ ਬੋਲਿਆ। ਉਸ ਨੂੰ ਕੱਲ੍ਹ ਵਾਲੀ ਕਾਰਵਾਈ `ਤੇ ਮਾਣ ਸੀ। ਗੋਲੂ ਵੀ ਅੱਜ ਅੰਬੇ ਵੱਲ ਹੀ ਟਿਕਿਆ ਹੋਇਆ ਸੀ। ਹਨੇਰਾ ਜਿਹਾ ਹੋਏ ਦਿਲਬਾਗ ਨੇ ਕੈਸ਼ ਵਾਲੀ ਬੋਰੀ ਆਪਣੇ ਕਮਰੇ ਵਿੱਚ ਲਿਆਂਦੀ। ਕਮਰੇ ਦੀਆਂ ਬਾਰੀਆਂ ਅੱਗੇ ਪਰਦੇ ਕੀਤੇ। ਮੱਧਮ ਜਿਹੀ ਬੱਤੀ ਬਾਲੀ ਤੇ ਕੈਸ਼ ਦੀਆਂ ਦੱਥੀਆਂ ਉਸ ਨੇ ਵੱਡੀ ਅਲਮਾਰੀ ਵਿੱਚ ਚਿਣ ਕੇ ਰੱਖ ਦਿੱਤੀਆਂ। ਸੋਨਾ ਦੂਜੀ ਅਲਮਾਰੀ ਦੇ ਲਾਕਰ ਦੇ ਅੰਦਰ ਰੱਖ ਕੇ ਉਨ੍ਹਾਂ ਦੋਹਾਂ ਅਲਮਾਰੀਆਂ ਨੂੰ ਲੌਕ ਕਰ ਦਿੱਤਾ। ਹੁਣ ਉਹ ਕੁਝ ਹੱਦ ਤੱਕ ਨਿਸ਼ਚਿੰਤ ਸੀ, ਭਾਵੇਂ ਇੰਨੇ ਵੱਡੇ ਕੈਸ਼ ਨੂੰ ਥਾਂ ਸਿਰ ਕਰਨ ਦੀ ਜ਼ਿੰਮੇਵਾਰੀ ਹਾਲੇ ਵੀ ਉਸ ਦੇ ਜਿਹਨ ਵਿੱਚ ਸੀ। ਪੈਸਾ ਤਾਂ ਆ ਗਿਆ, ਹੁਣ ਇਹਦਾ ਕਰਨਾ ਕੀ ਐ? ਇਹ ਚਿੰਤਾ ਵੀ ਦਿਲਬਾਗ ਨੂੰ ਸਤਾ ਰਹੀ ਸੀ। ਇਕ ਵਾਰ ਉਸ ਦੇ ਦਿਮਾਗ ਵਿੱਚ ਆਇਆ ਕਿ ਕੋਈ ਵੱਡਾ ਹਥਿਆਰ ਖਰੀਦ ਲਿਆ ਜਾਵੇ। ਫਿਰ ਸਵਾਲ ਖੜ੍ਹਾ ਸੀ, ਉਸ ਨੂੰ ਸਾਂਭਾਂਗੇ ਕਿੱਥੇ? ਹਾਲੇ ਤਿੰਨ ਤਾਂ ਜਣੇ ਹਾਂ ਅਸੀਂ। ਉਹ ਛੋਟੇ ਮੁੰਡਿਆਂ ‘ਤੇ ਇਹੋ ਜਿਹਾ ਵੱਡਾ ਭਾਰ ਪਾਉਣਾ ਨਹੀਂ ਸੀ ਚਾਹੁੰਦਾ। ਕਈ ਕਰੋੜ ਦਾ ਹੁਣ ਸੋਨਾ ਉਨ੍ਹਾਂ ਦੇ ਕੋਲ ਸੀ, ਸਵਾ ਕਰੋੜ ਦਾ ਕੈਸ਼ ਸੀ, ‘ਕੁਝ ਛੋਟੇ ਪਰ ਚੰਗੇ ਹਥਿਆਰ ਹੋਰ ਖਰੀਦੀਏ’, ਉਹਦਾ ਦਿਲ ਕੀਤਾ ਤੇ ਇੱਕ ਪੱਕਾ ਠਿਕਾਣਾ ਬਣਾ ਲਈਏ। ਘਰ ਕਿਲ੍ਹਾ ਨੁਮਾ ਹੋਵੇ। ਘਰ ਦੇ ਹੇਠਾਂ ਬੇਸਮੈਂਟ ਬਣਾਈਏ। ਹਥਿਆਰ, ਪੈਸਾ ਲਟਰਮ-ਪਟਰਮ ਉਥੇ ਸੁੱਟੀ ਰੱਖਿਆ ਕਰਾਂਗੇ। ਅਗਲੇ ਦਿਨ ਉਹ ਅੰਬੇ ਹੋਰਾਂ ਨੂੰ ਮਿਲਿਆ ਅਤੇ ਭਵਿੱਖ ਬਾਰੇ ਆਪਣੀ ਯੋਜਨਾ ਉਨ੍ਹਾਂ ਨਾਲ ਸਾਂਝੀ ਕੀਤੀ। ਮੁੰਡਿਆਂ ਨੇ ਦਿਲਬਾਗ ਨੂੰ ਨਵੀਂ ਵਿਥਿਆ ਸੁਣਾਈ ਕੇ ਉਨ੍ਹਾਂ ਸਾਰਿਆਂ ਦੇ ਮਾਪੇ ਪੁਲਿਸ ਨੇ ਫਿਰ ਚੁੱਕ ਲਏ ਹਨ। ਇੱਕ ਨਵੀਂ ਚਿੰਤਾ ਖੜ੍ਹੀ ਹੋ ਗਈ ਸੀ। ਇਹ ਪੀੜ ਮੁੰਡਿਆਂ ਨੂੰ ਸਤਾ ਰਹੀ ਸੀ।
ਅੰਬਾ ਆਖਣ ਲੱਗਾ, ‘ਭਾਅ ਦਿਲਬਾਗ ਆਪਾਂ ਨੂੰ ਪੇਸ਼ ਹੋ ਜਾਣਾ ਚਾਹੀਦਾ, ਬੁੜ੍ਹਿਆਂ ਦੇ ਹੱਡ ਕਾਹਨੂੰ ਕੁਟਾਈ ਜਾਨੇ ਆਂ?’ ‘ਚੁੱਪ ਕਰ ਯਾਰ ਅਮਰਜੀਤ, ਸਬਰ ਰੱਖ ਮਾੜਾ ਮੋਟਾ, ਕਰ ਲਵਾਂਗੇ ਕੋਈ ਹੀਲਾ, ਛੇਤੀ ਦਿਲ ਛੱਡ ਜਾਨਾਂ ਤੂੰ ਵੀ’ ਦਿਲਬਾਗ ਸਖਤੀ ਨਾਲ ਬੋਲਿਆ। ਮੁੰਡਾ ਚੁੱਪ ਕਰ ਗਿਆ।
ਕੁਝ ਦਿਨ ਪਹਿਲਾਂ ਸੱਤਾਧਾਰੀ ਪਾਰਟੀ ਦਾ ਇੱਕ ਸਿਆਸਤਦਾਨ ਦਿਲਬਾਗ ਨਾਲ ਸੰਪਰਕ ਕਰਨ ਦਾ ਯਤਨ ਕਰ ਰਿਹਾ ਸੀ, ਪਰ ਦਿਲਬਾਗ ਨੇ ਮੂੰਹ ਨਹੀਂ ਸੀ ਲਾਇਆ। ਅਗਲੇ ਦਿਨ ਦਿਲਬਾਗ ਨੇ ਕਿਸੇ ਹੋਰ ਸ਼ਹਿਰ ਤੋਂ ਇੱਕ ਨਵਾਂ ਫੋਨ ਤੇ ਸਿੰਮ ਖਰੀਦਿਆ ਅਤੇ ਸੰਬੰਧਤ ਸਿਆਸਦਾਨ ਨੂੰ ਫੋਨ ਮਿਲਾਇਆ। ਉਹਨੇ ਦੱਸਿਆ ਪਈ ਮੈਂ ਦਿਲਬਾਗ ਬੋਲ ਰਿਹਾਂ, ਫਲਾਣੇ-ਫਲਾਣੇ ਥਾਣੇ ਦੀ ਪੁਲਿਸ ਨੇ ਸਾਡੇ ਮਾਪੇ ਚੁੱਕ ਲਏ ਹਨ, ਉਨ੍ਹਾਂ ਨੂੰ ਰਿਹਾਅ ਕਰਵਾਉ। ਉਸੇ ਦਿਨ ਸ਼ਾਮ ਨੂੰ ਉਨ੍ਹਾਂ ਦੇ ਮਾਪੇ ਰਿਹਾਅ ਕਰ ਦਿੱਤੇ ਗਏ ਸਨ। ਦਿਲਬਾਗ ਨੇ ਇੱਕ ਫੋਨ ਕੀਤਾ ਤੇ ਸਿੰਮ ਤੋੜ ਕੇ ਸੁੱਟ ਦਿੱਤਾ। ਨਾਲ ਹੀ ਫੋਨ ਵੀ ਛੱਪੜ ਵਿੱਚ ਵਗਾਹ ਮਾਰਿਆ। ਤਿੰਨਾਂ ਦੇ ਮਾਂ-ਬਾਪ ਵਿੱਚ ਖੁਸ਼ੀ ਭਰੀ ਹੈਰਾਨੀ ਸੀ, ਬਈ ਇਹ ਕੀ ਹੋਇਆ? ਪਿੰਡਾਂ ਦੀਆਂ ਪੰਚਾਇਤਾਂ ਨੂੰ ਤਾਂ ਪੁਲਿਸ ਨੇ ਰਿਹਾਅ ਕਰਨ ਤੋਂ ਜੁਆਬ ਦੇ ਦਿੱਤਾ ਸੀ। ਹੁਣ ਸਾਰੇ ਛੱਡ ਦਿੱਤੇ।
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)

Leave a Reply

Your email address will not be published. Required fields are marked *