ਵੱਕਾਰ ਦਾ ਸਵਾਲ ਬਣੀ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ

ਸਿਆਸੀ ਹਲਚਲ ਖਬਰਾਂ

*ਮੁੱਖ ਮੰਤਰੀ ਲਾਉਣਗੇ ਜਲੰਧਰ ‘ਚ ਡੇਰੇ
* ‘ਆਪ’ ਅਤੇ ਭਾਜਪਾ ਨੇ ਉਮੀਦਵਾਰ ਐਲਾਨੇ, ਅਕਾਲੀ-ਕਾਂਗਰਸੀ ਜੱਕੋ-ਤੱਕੀ ’ਚ
ਜਸਵੀਰ ਸਿੰਘ ਸ਼ੀਰੀ
ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਇੱਕ ਦਮ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਐਲਾਨੀਆਂ ਗਈਆਂ 13 ਜ਼ਿਮਨੀ ਚੋਣਾਂ ਲਈ ਵੋਟਾਂ 10 ਜੁਲਾਈ ਨੂੰ ਪੈਣੀਆਂ ਹਨ ਅਤੇ ਨਤੀਜੇ ਦਾ ਐਲਾਨ 13 ਜੁਲਾਈ ਨੂੰ ਕੀਤਾ ਜਾਵੇਗਾ। ਇਸ ਚੋਣ ਅਮਲ ਵਿੱਚ ਪੰਜਾਬ ਵਿੱਚ ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਵੀ ਸ਼ਾਮਲ ਹੈ। ਇਸ ਜ਼ਿਮਨੀ ਚੋਣ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਆਪੋ-ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ; ਪਰ ਕਾਂਗਰਸ, ਅਕਾਲੀ ਦਲ ਅਤੇ ਬਸਪਾ ਨੇ ਹਾਲੇ ਆਪੋ-ਆਪਣੇ ਉਮੀਦਵਾਰ ਨਹੀਂ ਐਲਾਨੇ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਜ਼ਿਮਨੀ ਚੋਣ ਲਈ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਐਲਾਨਿਆ ਹੈ, ਜਦਕਿ ‘ਆਪ’ ਵੱਲੋਂ ਮੁਹਿੰਦਰ ਭਗਤ ਨੂੰ ਇੱਥੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।

ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ਤਿੰਨ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਜ਼ਿਮਨੀ ਚੋਣ ਨੂੰ ਵੱਕਾਰ ਦਾ ਸੁਆਲ ਬਣਾ ਲਿਆ ਹੈ। ਇਸ ਚੋਣ ਮੁਹਿੰਮ ਦੀ ਅਗਵਾਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਡੇਰਾ ਲਾਉਣ ਦਾ ਫੈਸਲਾ ਕਰ ਲਿਆ ਹੈ। ਇਸ ਮਕਸਦ ਲਈ ਜਲੰਧਰ ਦੇ ਦੀਪ ਨਗਰ ਵਿਖੇ ਇੱਕ ਕਿਰਾਏ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੋਂ ਸਰਕਾਰ ਦਾ ਕੰਮਕਾਜ ਵੀ ਚੱਲੇਗਾ ਅਤੇ ਚੋਣ ਮੁਹਿੰਮ ਵੀ। ਯਾਦ ਰਹੇ, ਜਲੰਧਰ ਦੀ ਇਹ ਅਸੈਂਬਲੀ ਸੀਟ ਸ਼ੀਤਲ ਅੰਗੁਰਾਲ ਦੇ ਮੁੜ ਭਾਜਪਾ ਵਿੱਚ ਚਲੇ ਜਾਣ ਕਾਰਨ ਖਾਲੀ ਹੋਈ ਸੀ।
ਯਾਦ ਰਹੇ, ਸ਼ੀਤਲ ਅੰਗੁਰਾਲ ਨੇ ਆਪਣਾ ਰਾਜਨੀਤਿਕ ਕੈਰੀਅਰ ਭਾਜਪਾ ਨਾਲ ਸ਼ੁਰੂ ਕੀਤਾ, ਪਰ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। 2022 ਦੀ ਵਿਧਾਨ ਸਭਾ ਚੋਣਾਂ ਵਿੱਚ ਇਹ ਸੀਟ ਸ਼ੀਤਲ ਅੰਗੁਰਾਲ ਨੇ ‘ਆਪ’ ਦੀ ਟਿਕਟ ‘ਤੇ ਹੀ ਜਿੱਤੀ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਕੇ ਫਿਰ ਭਾਜਪਾ ਵੱਲ ਰਿਵਰਸ ਮਾਰਿਆ, ਪਰ ਕੁਝ ਦਿਨ ਬਾਅਦ ਵਾਪਸ ‘ਆਪ’ ਵੱਲ ਮੁੜਨ ਦਾ ਮਨ ਬਣਾ ਲਿਆ। ਬੀਤੀ 30 ਮਈ ਨੂੰ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਵੀ ਲਿਖਿਆ ਸੀ, ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਵਿਧਾਨ ਸਭਾ ਸਪੀਕਰ ਸ. ਸੰਧਵਾ ਨੇ ਇਹ ਅਸਤੀਫਾ ਪ੍ਰਵਾਨ ਕਰ ਲਿਆ।
ਲੋਕ ਸਭਾ ਵਾਸਤੇ ਟਿਕਟ ਦੀ ਝਾਕ ਵਿੱਚ ‘ਆਪ’ ਛੱਡ ਕੇ ਬੀ.ਜੇ.ਪੀ. ਵਿੱਚ ਜਾਣ ਤੋਂ ਬਾਅਦ ਜਦੋਂ ਮੁਰਾਦ ਪੂਰੀ ਨਾ ਹੋਈ ਤਾਂ ਉਸ ਨੇ ਵਿਧਾਨ ਸਭਾ ਦੀ ਮੈਂਬਰੀ ਬਚਾਉਣ ਲਈ ਅਸਤੀਫਾ ਵਾਪਸ ਲੈਣ ਦਾ ਮਨ ਬਣਾਇਆ, ਪਰ ਸਪੀਕਰ ਸਾਹਿਬ ਨੇ ਦਲਬਦਲੀ ਕਾਨੂੰਨ ਤਹਿਤ ਉਸ ਦਾ ਅਸਤੀਫਾ ਪ੍ਰਵਾਨ ਕਰ ਲਿਆ। ਯਾਦ ਰਹੇ, ਭਾਜਪਾ ਨੇ ਇਸ ਵਾਰ ਜਲੰਧਰ ਲੋਕ ਸਭਾ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਲੜਾਈ, ਉਹ ਵੀ ਤਾਜ਼ਾ-ਤਾਜ਼ਾ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਸੀ। ਉਹ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਤੋਂ ‘ਆਪ’ ਦੀ ਟਿਕਟ ‘ਤੇ ਜ਼ਿਮਨੀ ਚੋਣ ਜਿੱਤ ਕੇ ਐਮ.ਪੀ. ਬਣਿਆ ਸੀ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਿੰਕੂ ਪਾਰਟੀ ਬਦਲ ਕੇ ਭਾਜਪਾ ਵਿੱਚ ਚਲਾ ਗਿਆ ਸੀ। ਭਾਜਪਾ ਨੇ ਜਲੰਧਰ ਲੋਕ ਸਭਾ ਚੋਣ ਵਿੱਚ ਉਸ ਨੂੰ ਪਾਰਟੀ ਦਾ ਉਮੀਦਵਾਰ ਬਣਾ ਲਿਆ ਸੀ। ਇਸ ਮੁਕਾਬਲੇ ਵਿੱਚ ਉਹ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੱਡੇ ਫਰਕ ਨਾਲ ਹਾਰ ਗਿਆ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 13 ਸੀਟਾਂ ਜਿੱਤਣ ਦਾ ਦਾਅਵਾ ਪੇਸ਼ ਕੀਤਾ ਸੀ, ਪਰ ਉਨ੍ਹਾਂ ਦੇ ਹਿੱਸੇ ਸਿਰਫ ਤਿੰਨ ਸੀਟਾਂ ਆਈਆਂ, ਜਦੋਂਕਿ ਕਾਂਗਰਸ ਪਾਰਟੀ 7 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਇੱਕ ਸੀਟ ਅਕਾਲੀਆਂ ਨੇ ਜਿੱਤੀ ਅਤੇ ਦੋ ਸੀਟਾਂ ਉਤੇ ਪੰਥਕ ਧਿਰ ਦੇ ਅਜ਼ਾਦ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਰਹੇ।
ਜਿੱਥੋਂ ਤੱਕ ਜ਼ਿਮਨੀ ਚੋਣਾਂ ਦਾ ਸਵਾਲ ਹੈ, ਇਨ੍ਹਾਂ ਵਿੱਚ ਬਹੁਤੀ ਵਾਰ ਰਾਜ ਵਿੱਚ ਸੱਤਾਸ਼ੀਲ ਪਾਰਟੀਆਂ ਹੀ ਜਿੱਤਣ ਵਿੱਚ ਕਾਮਯਾਬ ਰਹੀਆਂ ਹਨ। 1994 ਤੋਂ ਬਾਅਦ ਸਿਰਫ ਚਾਰ ਵਾਰ ਵਿਰੋਧੀ ਧਿਰ ਵਿੱਚ ਬੈਠੀ ਪਾਰਟੀ ਚੋਣ ਜਿੱਤਣ ਵਿੱਚ ਕਾਮਯਾਬ ਹੋਈ ਹੈ, ਪਰ ਜਦੋਂ ਵੀ ਇਸ ਤਰ੍ਹਾਂ ਦੇ ਨਤੀਜੇ ਆਏ ਤਾਂ ਉਸ ਨੇ ਅਗਲੀ ਵਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਜਿੱਤ ਲਈ ਰਾਹ ਪੱਧਰਾ ਕੀਤਾ।
ਸਭ ਤੋਂ ਵੱਡਾ ਝਟਕਾ ਜਿਹੜਾ ਰਾਜਭਾਗ ਵਿੱਚ ਮੌਜੂਦ ਪਾਰਟੀ ਨੂੰ ਲੱਗਾ ਸੀ, ਉਹ 1994 ਵਿੱਚ ਸੀ। ਉਦੋਂ ਅਜਨਾਲਾ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਰਤਨ ਸਿੰਘ ਅਜਨਾਲਾ ਚੋਣ ਜਿੱਤ ਗਏ ਸਨ। ਇਹ ਸੀਟ ਉਦੋਂ ਦੇ ਵਿਧਾਨ ਸਭਾ ਸਪੀਕਰ ਹਰਚਰਨ ਸਿੰਘ ਅਜਨਾਲਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਕਾਂਗਰਸ ਨੇ ਉਨ੍ਹਾਂ ਦੇ ਬੇਟੇ ਰਾਜਬੀਰ ਸਿੰਘ ਨੂੰ ਟਿਕਟ ਦਿੱਤੀ ਸੀ। ਉਹ 10,314 ਵੋਟਾਂ ਨਾਲ ਇਹ ਚੋਣ ਹਾਰ ਗਏ ਸਨ। ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਿੱਚ ਸੱਤਾਧਾਰੀ ਕਾਂਗਰਸ ਨੂੰ ਦੂਜਾ ਝਟਕਾ ਉਦੋਂ ਲੱਗਾ ਸੀ, ਜਦੋਂ 1995 ਵਿੱਚ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਦੀਪਕ ਕੁਮਾਰ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੋਂ 2115 ਵੋਟਾਂ ਦੇ ਫਰਕ ਨਾਲ ਹਾਰ ਗਿਆ। ਇਹ ਸੀਟ ਐਮ.ਐਲ.ਏ. ਰਘਬੀਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਖਾਲੀ ਹੋਈ ਸੀ। ਇਸ ਤੋਂ ਪਿੱਛੋਂ 1998 ਵਿੱਚ ਸੱਤਾਧਾਰੀ ਅਕਾਲੀਆਂ ਨੂੰ ਝਟਕਾ ਉਸ ਵਕਤ ਲੱਗਾ, ਜਦੋਂ ਅਦਮਪੁਰ ਜ਼ਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਕੰਵਲਜੀਤ ਸਿੰਘ ਲਾਲੀ ਨੇ ਅਤਿ ਸਖਤ ਮੁਕਾਬਲੇ ਵਿੱਚ ਅਕਾਲੀ ਦਲ ਦੇ ਸਰਬਜੀਤ ਸਿੰਘ ਮੱਕੜ ਨੂੰ ਸਿਰਫ 5 ਵੋਟਾਂ ਦੇ ਫਰਕ ਨਾਲ ਹਾਰ ਦਿੱਤੀ ਸੀ। ਇਸ ਮੁਕਾਬਲੇ ਵਿੱਚ ਕਾਂਗਰਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੂੰ ਇਸ ਚੋਣ ਤੋਂ ਦੋ ਮਹੀਨੇ ਪਹਿਲਾਂ ਹੀ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਇਹ ਸੀਟ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਅਸੈਂਬਲੀ ਮੈਂਬਰ ਸਰੂਪ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।
ਅਕਾਲੀ ਦਲ ਦੇ 2007 ਤੋਂ 2012 ਦੇ ਕਾਰਜਕਾਲ ਦੌਰਾਨ ਸਿਰਫ ਕਾਦੀਆਂ ਵਿਧਾਨ ਸਭਾ ਸੀਟ ‘ਤੇ ਹੀ ਜ਼ਿਮਨੀ ਚੋਣ ਹੋਈ ਸੀ ਅਤੇ ਇਹ ਸੱਤਾਧਾਰੀ ਪਾਰਟੀ ਵੱਲੋਂ ਜਿੱਤ ਲਈ ਗਈ ਸੀ। ਇਹ ਸੀਟ ਪ੍ਰਤਾਪ ਸਿੰਘ ਬਾਜਵਾ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀ। 2012 ਤੋਂ 2017 ਤੱਕ ਦੇ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਦਸੂਹਾ, ਮੋਗਾ, ਖਡੂਰ ਸਾਹਿਬ, ਤਲਵੰਡੀ ਸਾਬੋ, ਪਟਿਆਲਾ ਵਿੱਚ ਜ਼ਿਮਨੀ ਚੋਣਾਂ ਹੋਈਆਂ। ਇਨ੍ਹਾਂ ਵਿੱਚੋਂ ਪਟਿਆਲਾ ਸੀਟ ਕਾਂਗਰਸੀ ਆਗੂ ਬੀਬੀ ਪ੍ਰਨੀਤ ਕੌਰ ਨੇ 23,282 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਤੋਂ ਬਿਨਾ ਹੁਣ ਤੱਕ ਹੋਈਆਂ ਬਹੁਤੀਆਂ ਜ਼ਿਮਨੀ ਚੋਣਾਂ ਸੱਤਾਧਾਰੀ ਧਿਰਾਂ ਹੀ ਜਿੱਤਦੀਆਂ ਰਹੀਆਂ ਹਨ। ਰਾਜਸੱਤਾ ਵਿੱਚ ਹੋਣ ਕਾਰਨ ਸੱਤਧਾਰੀ ਪਾਰਟੀ ਕੋਲ ਸਾਧਨਾਂ ਅਤੇ ਸੋਮਿਆਂ ਦੀ ਬਹੁਤਾਤ ਅਜਿਹੀਆਂ ਜਿੱਤਾਂ ਦਾ ਕਾਰਨ ਬਣਦੀ ਹੈ, ਪਰ ਇਸ ਵਾਰ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ‘ਆਪ’ ਰਾਜ ਪੱਧਰ ‘ਤੇ ਸੱਤਾ ਵਿੱਚ ਹੈ, ਜਦਕਿ ਭਾਜਪਾ ਕੇਂਦਰ ਵਿੱਚ ਸੱਤਾ ਵਿੱਚ ਹੈ। ਫਿਰ ਵੀ ਹਾਲੀਆ ਲੋਕ ਸਭਾ ਚੋਣਾਂ ਵਿੱਚ ਤਿੰਨ ਸੀਟਾਂ ਜਿੱਤਣ ਕਾਰਨ ਆਮ ਆਦਮੀ ਪਾਰਟੀ ਵੀ ਇੱਥੇ ਪੂਰੀ ਜ਼ੋਰ ਅਜ਼ਮਾਈ ਕਰਨ ਦੇ ਮੂਡ ਵਿੱਚ ਹੈ। ਲੋਕ ਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਵੀ ਜਲੌਅ ਵਿੱਚ ਵਿਖਾਈ ਦਿੰਦੀ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਸੀਟ ਤੋਂ ਸ਼ੀਤਲ ਅੰਗੁਰਾਲ 4253 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਸੀ। ਸੁਸ਼ੀਲ ਰਿੰਕੂ ਨੇ ਉਦੋਂ ਇਹ ਸੀਟ ਕਾਂਗਰਸ ਪਾਰਟੀ ਵੱਲੋਂ ਲੜੀ ਸੀ ਅਤੇ 34,960 ਵੋਟਾਂ ਹਾਸਲ ਕਰਕੇ ਦੂਜੇ ਨੰਬਰ ‘ਤੇ ਰਿਆ ਸੀ, ਜਦਕਿ ਮਹਿੰਦਰ ਭਗਤ ਭਾਜਪਾ ਵੱਲੋਂ ਚੋਣ ਲੜਿਆ ਸੀ ਅਤੇ ਉਸ ਨੂੰ 33,486 ਵੋਟਾਂ ਪਈਆਂ ਸਨ। ‘ਆਪ’ ਅਤੇ ਭਾਜਪਾ ਵੱਲੋਂ ਐਲਾਨੇ ਗਏ ਦੋਹਾਂ ਉਮੀਦਵਾਰਾਂ ਦਾ ਇਸ ਰਿਜ਼ਰਵ ਖੇਤਰ ਵਿੱਚ ਖਾਸਾ ਆਧਾਰ ਹੈ ਤੇ ਮੁਕਾਬਲਾ ਫਸਵਾਂ ਹੋਣ ਦੇ ਅਸਾਰ ਹਨ। ਇਸੇ ਲਈ ਭਾਜਪਾ ਅਤੇ ‘ਆਪ’ ਨੇ ਇਸ ਨੂੰ ਵੱਕਾਰ ਦਾ ਸਵਾਲ ਬਣਾ ਲਿਆ ਹੈ। ਕਾਂਗਰਸ ਨੇ ਭਾਵੇਂ ਹਾਲੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਪਰ ਉਹ ਵੀ ਇਸ ਚੋਣ ਵਿੱਚ ਜ਼ਬਰਦਸਤ ਟੱਕਰ ਦੇਵੇਗੀ। ਹਾਲ ਹੀ ਵਿੱਚ ਹੋਈ ਲੋਕ ਸਭਾ ਚੋਣ ਵਿੱਚ ਚੰਨੀ ਨੇ ਭਾਵੇਂ ਰਿੰਕੂ ਨੂੰ ਵੱਡੇ ਫਰਕ ਨਾਲ ਹਰਾਇਆ ਹੈ, ਪਰ ਜਲੰਧਰ ਪੱਛਮੀ ਵਿੱਚ ਚੰਨੀ ਦੀ ਲੀਡ ਸਿਰਫ 1557 ਵੋਟਾਂ ਦੀ ਸੀ।

Leave a Reply

Your email address will not be published. Required fields are marked *