ਸੰਗੀਤ ਇੱਕ ਸੱਭਿਆਚਾਰਕ ਕਲਾ ਦਾ ਰੂਪ ਹੈ, ਜੋ ਇੱਕ ਸੁਰੀਲੀ ਲਾਈਨ, ਰੂਪ, ਜਾਂ ਭਾਵਪੂਰਨ ਸਮੱਗਰੀ ਬਣਾਉਣ ਲਈ ਤਾਲ, ਧੁਨੀ ਅਤੇ ਹੋਰ ਤੱਤਾਂ ਨੂੰ ਜੋੜਦਾ ਹੈ। ਇਹ ਸਾਰੇ ਮਨੁੱਖੀ ਸਮਾਜਾਂ ਅਤੇ ਪੂਰੇ ਇਤਿਹਾਸ ਵਿੱਚ ਮੌਜੂਦ ਹੈ। ਸੰਗੀਤ ਸਮੇਂ, ਖਲਾਅ ਤੇ ਸਭਿਆਚਾਰਾਂ ਤੋਂ ਪਾਰ ਹੋ ਸਕਦਾ ਹੈ। ਇਹ ਕੰਨਾਂ ਰਾਹੀਂ ਦਿਲ-ਦਿਮਾਗ ਉਤੇ ਅਸਰ ਕਰਦਾ ਹੈ ਅਤੇ ਸ਼ਬਦਾਂ ਦੇ ਬਿਨਾ ਇੱਕ ਮੂਡ ਨੂੰ ਵਿਅਕਤ ਕਰ ਸਕਦਾ ਹੈ। ਸੰਗੀਤ ਦੀ ਕੋਈ ਭਾਸ਼ਾ ਜਾਂ ਦਾਇਰਾ ਨਹੀਂ; ਇਸਨੂੰ ਇੱਕ ਲਿਖਤੀ ਰੂਪ ਵਿੱਚ ਵੀ ਕੈਪਚਰ ਅਤੇ ਰਿਕਾਰਡ ਕੀਤਾ ਜਾ ਸਕਦਾ ਹੈ, ਜੋ ਸੰਗੀਤ ਲਈ ਵਿਲੱਖਣ ਹੈ।
ਪੀ. ਐੱਸ. ਬਟਾਲਾ
21 ਜੂਨ ਨੂੰ ‘ਵਿਸ਼ਵ ਸੰਗੀਤ ਦਿਵਸ’ ਇਹ ਚੇਤੇ ਕਰਵਾਉਂਦਾ ਹੈ ਕਿ ਸੰਗੀਤ ਉਹ ਮਾਧਿਅਮ ਹੈ, ਜਿਸ ਰਾਹੀਂ ਮਨੁੱਖ ਆਪਣੇ ਦੁੱਖ, ਸੁੱਖ, ਖ਼ੁਸੀ ਤੇ ਗ਼ਮੀ ਆਦਿ ਦੇ ਭਾਵ ਪ੍ਰਗਟ ਕਰਕੇ ਸਕੂਨ ਅਤੇ ਅਨੰਦ ਹਾਸਿਲ ਕਰਦਾ ਆਇਆ ਹੈ। ਭਾਰਤ ਸਮੇਤ ਦੁਨੀਆ ਦੇ ਹੋਰ ਮੁਲਕਾਂ ਵਿੱਚ ਵੀ ਸੰਗੀਤ ਦਾ ਉਪਯੋਗ ਮਨੋਰੰਜਨ ਤੋਂ ਇਲਾਵਾ ਭਗਤੀ ਦੇ ਮਾਧਿਅਮ ਵਜੋਂ ਵੀ ਕੀਤਾ ਗਿਆ ਹੈ ਤੇ ਸੰਗੀਤ ਨੂੰ ਰੱਬੀ ਦਰਗਾਹ ‘ਚੋਂ ਹਾਸਿਲ ਕੀਤੀ ਦਾਤ ਦੱਸਿਆ ਗਿਆ ਹੈ। ਗੱਲ ਚਾਹੇ ਸੂਫ਼ੀ ਸੰਗੀਤ ਦੀ ਹੋਵੇ ਜਾਂ ਫਿਰ ਭਾਰਤੀ ਸ਼ਾਸ਼ਤਰੀ ਸੰਗੀਤ ਵਿੱਚ ਗੁੰਨ੍ਹੇ ਗੁਰਮਤਿ ਸੰਗੀਤ ਦੀ, ਇਹ ਦੋਵੇਂ ਹੀ ਆਤਮਾ ਦੇ ਮੇਲ ਪਰਮਾਤਮਾ ਨਾਲ ਕਰਵਾਉਣ ਦਾ ਸਫ਼ਲ ਸਾਧਨ ਸਿੱਧ ਹੋਏ ਹਨ। ਵਿਗਿਆਨੀਆਂ ਦਾ ਤਾਂ ਇੱਥੋਂ ਤੱਕ ਵੀ ਮੰਨਣਾ ਹੈ ਕਿ ਮਨੁੱਖ ਹੀ ਨਹੀਂ ਸਗੋਂ ਜਲ, ਥਲ ਅਤੇ ਆਕਾਸ਼ ਵਿੱਚ ਵਿਚਰਨ ਵਾਲੇ ਸਮੂਹ ਪਸ਼ੂ, ਪੰਛੀ ਅਤੇ ਹੋਰ ਜੀਵ ਵੀ ਸੰਗੀਤ ਦਾ ਹਾਂ-ਪੱਖੀ ਪ੍ਰਭਾਵ ਕਬੂਲਦੇ ਹਨ।
ਗੱਲ ਸੰਨ 1970 ਦੀ ਹੈ, ਜਦੋਂ ਇੱਕ ਫ਼ਰਾਂਸੀਸੀ ਰੇਡੀਓ ’ਤੇ ਕੰਮ ਕਰਦੇ ਅਮਰੀਕੀ ਸੰਗੀਤਕਾਰ ਜੋਇਲ ਕੋਹੇਨ ਨੇ ਇਹ ਵਿਚਾਰ ਦਿੱਤਾ ਸੀ ਕਿ 21 ਜੂਨ ਦੇ ਦਿਨ ਇੱਕ ਵਿਸ਼ਾਲ ਸੰਗੀਤ ਸਭਾ ਹਰ ਦੇਸ਼, ਹਰ ਸੂਬੇ ਵਿੱਚ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ ਤੇ ਹਰ ਪਾਸੇ ਸੰਗੀਤ ਹੀ ਸੰਗੀਤ ਗੂੰਜਣਾ ਚਾਹੀਦਾ ਹੈ। ਖ਼ਾਸ ਕਾਰਨ ਇਹ ਸੀ ਕਿ 21 ਜੂਨ ਦਾ ਦਿਨ ਸਭ ਤੋਂ ਲੰਮਾ ਦਿਨ ਹੁੰਦਾ ਹੈ ਤੇ ਠੰਡੇ ਮੁਲਕਾਂ ਵਿੱਚ ਇਹ ਗਰਮੀਆਂ ਦੀ ਸ਼ੁਰੂਆਤ ਹੋਣ ਦਾ ਪ੍ਰਤੀਕ ਹੋਣ ਕਰਕੇ ਉੱਥੋਂ ਦੇ ਲੋਕਾਂ ਦਾ ਸਭ ਤੋਂ ਮਨਪਸੰਦ ਦਿਨ ਹੁੰਦਾ ਹੈ। ਜੋਇਲ ਕੋਹੇਨ ਦੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਦਾ ਖ਼ਿਆਲ ਸੰਨ 1981 ਵਿੱਚ ਫਰਾਂਸ ਦੇ ਮੌਰਿਸ ਫਲਾਰੈੱਟ ਦੇ ਮਨ ਵਿੱਚ ਵੀ ਉੱਠਿਆ ਸੀ, ਜਦੋਂ ਉਹ ਮਨਿਸਟਰੀ ਆਫ਼ ਕਲਚਰ ਅਧੀਨ ਸੰਗੀਤ ਅਤੇ ਨਾਚ ਵਿਭਾਗ ਦਾ ਨਿਰਦੇਸ਼ਕ ਬਣਿਆ ਸੀ। ਉਸਨੇ ਅਤੇ ਫ਼ਰਾਂਸ ਦੇ ਸੱਭਿਅਚਾਰਕ ਮਾਮਲਿਆਂ ਦੇ ਮੰਤਰੀ ਜੈਕ ਲੈਂਗ ਨੇ ਦੁਨੀਆ ਭਰ ਵਿੱਚ ਸੰਗੀਤ ਦੀ ਖ਼ੁਸ਼ਬੂ ਫ਼ੈਲਾਉਣ ਲਈ ਸਮੂਹ ਸੰਗੀਤ ਪ੍ਰੇਮੀਆਂ ਨੂੰ 21 ਜੂਨ ਦੇ ਦਿਨ ਘਰਾਂ, ਗਲੀਆਂ, ਬਾਜ਼ਾਰਾਂ ਤੇ ਪਾਰਕਾਂ ਵਿੱਚ ਇਕੱਤਰ ਹੋ ਕੇ ਸਾਰਾ ਵਾਤਾਵਰਣ ਸੰਗੀਤਮਈ ਕਰ ਦੇਣ ਦਾ ਹੋਕਾ ਦਿੱਤਾ ਸੀ। ਸੰਨ 1982 ਦੀ 21 ਜੂਨ ਨੂੰ 50 ਲੱਖ ਦੇ ਕਰੀਬ ਲੋਕ ਫ਼ਰਾਂਸ ਦੀਆਂ ਗਲੀਆਂ ਵਿੱਚ ਉਤਰ ਆਏ ਸਨ। ਸਾਰਾ ਦਿਨ ਸੰਗੀਤਕ ਸਮਾਗਮ ਚੱਲਦੇ ਰਹੇ ਤੇ ਲੋਕ ਸੰਗੀਤ ਦੀਆਂ ਧੁਨਾਂ ਦਾ ਅਨੰਦ ਲੈਂਦੇ ਰਹੇ ਸਨ। ਸੰਨ 1982 ਤੋਂ ਬਾਅਦ ਇਹ ਦਿਨ ਦੁਨੀਆ ਦੇ ਲਗਪਗ 172 ਦੇਸ਼ਾਂ ਵਿੱਚ ‘ਵਿਸ਼ਵ ਸੰਗੀਤ ਦਿਵਸ’ ਵਜੋਂ ਮਨਾਉਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਵੀ ਇਹ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਅੱਜ ਦੇ ਦਿਨ ਦੁਨੀਆ ਭਰ ਵਿੱਚ ਸਿਖਾਂਦਰੂ ਤੇ ਉਸਤਾਦ ਸੰਗੀਤਕਾਰ ‘ਮੇਕ ਮਿਊਜ਼ਿਕ’ ਦੇ ਉਦੇਸ਼ ਨਾਲ ਗਲੀਆਂ-ਬਜ਼ਾਰਾਂ ਵਿੱਚ ਇਕੱਤਰ ਹੁੰਦੇ ਹਨ ਜਾਂ ਵੱਡੇ ਮੈਦਾਨਾਂ ਵਿੱਚ ਵੱਡੇ ਸੰਗੀਤਕ ਸਮਾਗਮ ਆਯੋਜਿਤ ਕਰਦੇ ਹਨ ਤੇ ਆਮ ਲੋਕਾਂ ਨੂੰ ਹਰ ਪ੍ਰਕਾਰ ਦੇ ਸੰਗੀਤ ਨਾਲ ਸਰਾਬੋਰ ਕਰ ਦਿੰਦੇ ਹਨ; ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਦੇ ਹਨ ਕਿ ਸੰਗੀਤ ਅਨੰਦ ਦੇਵੇ ਤੇ ਸ਼ੋਰ ਨਾ ਬਣ ਜਾਵੇ, ਜਿਸ ਨਾਲ ਕਿਸੇ ਵਿਅਕਤੀ ਨੂੰ ਪ੍ਰੇਸ਼ਾਨੀ ਨਾ ਮਹਿਸੂਸ ਹੋਵੇ। ਸੰਨ 1985 ਦੇ ਵਰ੍ਹੇ ਨੂੰ ‘ਯੂਰਪੀਅਨ ਯੀਅਰ ਆਫ਼ ਮਿਊਜ਼ਿਕ’ ਵਜੋਂ ਮਨਾਇਆ ਗਿਆ ਸੀ ਤੇ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿਖੇ ‘ਮਿਊਜ਼ਿਕ ਚਾਰਟਰ’ ਸਾਈਨ ਕੀਤਾ ਗਿਆ ਸੀ, ਜਿਸ ਰਾਹੀਂ ਯੂਰਪ ਤੋਂ ਬਾਹਰਲੇ ਮੁਲਕਾਂ ਨੂੰ ਵੀ ਇਹ ਦਿਨ ‘ਸੰਗੀਤ ਦਿਵਸ’ ਵਜੋਂ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।
ਸਾਲ 2023 ਵਿੱਚ ਮਨਾਏ ਗਏ ਇਸ ਦਿਵਸ ਲਈ ਨਿਰਧਾਰਤ ਕੀਤਾ ਗਿਆ ਥੀਮ ਸੀ- ‘ਸੰਗੀਤ ਦੇ ਚੌਰਾਹੇ’ ਜਿਸਦਾ ਭਾਵ ਸੀ ਕਿ ਸੰਗੀਤ ਤਾਂ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਾਂ, ਮੁਲਕਾਂ ਤੇ ਧਰਮਾਂ ਨਾਲ ਜੁੜੇ ਲੋਕਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਅਤੇ ਅਕਹਿ ਅਨੰਦ ਪ੍ਰਦਾਨ ਕਰਨ ਦੀ ਤਾਕਤ ਤੇ ਸਮਰੱਥਾ ਰੱਖਦਾ ਹੈ। ਅੱਜ ਆਲਮ ਇਹ ਹੈ ਕਿ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਅਨੇਕਾਂ ਪੰਜਾਬੀ ਗੀਤਾਂ ’ਤੇ ਦੁਨੀਆ ਦੇ ਹਰੇਕ ਮੁਲਕ ਦੇ ਲੋਕ ਝੂਮ ਉੱਠਦੇ ਹਨ ਤੇ ਪੰਜਾਬੀ ਜ਼ੁਬਾਨ ਨਾ ਜਾਣਨ ਵਾਲੇ ਮੁਲਕਾਂ ਦੇ ‘ਬਿਲਬੋਰਡਾਂ’ ’ਤੇ ਅਤੇ ਮਕਬੂਲੀਅਤ ਦੇ ਹੋਰ ਪੈਮਾਨਿਆਂ ’ਤੇ ਪੰਜਾਬੀ ਗੀਤ ਸਿਖਰਲੇ ਸਥਾਨ ਛੂੰਹਦੇ ਹਨ। ਸੰਗੀਤ ਦੀ ਦਰਅਸਲ ਕੋਈ ਜ਼ੁਬਾਨ ਹੁੰਦੀ ਹੀ ਨਹੀਂ ਹੈ। ਇਹ ਤਾਂ ਹੱਦਾਂ-ਸਰਹੱਦਾਂ ਪਾਰ ਕਰ ਕੇ ਦਿਲਾਂ ਤੱਕ ਪੁੱਜ ਜਾਣ ਵਾਲੀ ਉਹ ਖ਼ੁਸ਼ਬੂ ਹੈ, ਜੋ ਸਰੋਤੇ ਨੂੰ ਵਜਦ ਵਿੱਚ ਲਿਆ ਦਿੰਦੀ ਹੈ। ਸੁੱਚੇ ਸੰਗੀਤ ਦੀ ਲੋਰ ’ਚ ਆ ਕੇ ਕੋਈ ਬੁੱਲੇ੍ਹ ਵਾਂਗ ਨੱਚਣ ਲੱਗ ਜਾਂਦਾ ਹੈ ਤੇ ਕੋਈ ਬੁੱਧ ਵਾਂਗ ਸ਼ਾਂਤ ਹੋ ਜਾਦਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਰੇ ਧਰਮ ਗ੍ਰੰਥ ਇਹ ਮੰਨਦੇ ਹਨ ਕਿ ਪਰਮਾਤਮਾ ਨਿਰਾਕਾਰ ਹੈ, ਅਬਿਨਾਸ਼ੀ ਹੈ, ਪਰਮਾਨੰਦ ਹੈ। ਹਰੇਕ ਮਨੁੱਖ ਜਦੋਂ ਆਪਣੇ ਗਿਆਨ ਇੰਦਰਿਆਂ ਦੇ ਨੌਂ ਦੁਆਰੇ ਬੰਦ ਕਰਕੇ ਸੁਰਤ ਨੂੰ ਇਕਾਗਰ ਕਰਦਾ ਹੈ ਤਾਂ ਫਿਰ ਉਸਦੇ ਧੁਰ ਅੰਦਰ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ, ਜਿੱਥੇ ਨਿਰੰਤਰ ਵੱਜ ਰਹੇ ‘ਅਨਹਦ’ ਨਾਦ ਦੀਆਂ ਅਨੰਦਮਈ ਧੁਨਕਾਰਾਂ ਉਸਨੂੰ ਸੁਣਦੀਆਂ ਹਨ ਤੇ ਅਨਹਦ ਨਾਦ ਦੀਆਂ ਇਹੋ ਧੁਨਕਾਰਾਂ ਉਸਨੂੰ ਪਰਮੇਸ਼ਰ ਤੇ ਉਸਦੀ ਕੁਦਰਤ ਵਿੱਚ ਇਕਮਿਕ ਕਰ ਦਿੰਦੀਆਂ ਹਨ। ਕੁਝ ਭਾਰਤੀ ਧਰਮ ਤਾਂ ਉਸ ਸੰਗੀਤਮਈ ‘ਅਨਹਦ ਨਾਦ’ ਨੂੰ ਸੁਣਨਾ ਹੀ ਜਨਮ-ਮਰਨ ਦੇ ਕੁਚੱਕਰ ਤੋਂ ‘ਮੁਕਤੀ’ ਦਾ ਸਾਧਨ ਐਲਾਨਦੇ ਹਨ।
ਇਹ ਕਹਿਣਾ ਬਣਦਾ ਹੈ ਕਿ ਕਾਸ਼ ਭਾਰਤ ਵਿੱਚ ਵੀ ਅਜਿਹਾ ਹੁੰਦਾ ਕਿ ਇਸ ਦਿਨ ਦੇਸ਼ ਦੇ ਹਰ ਗਲੀ-ਕੂਚੇ ਵਿੱਚ ਭਾਰਤੀ ਲੋਕ ਸੰਗੀਤ ਅਤੇ ਪ੍ਰਾਦੇਸ਼ਿਕ ਸੰਗੀਤ ਦੀਆਂ ਵੱਖ-ਵੱਖ ਵੰਨ੍ਹਗੀਆਂ ਦੀ ਗੂੰਜ ਸੁਣਾਈ ਦਿੰਦੀ ਤੇ ਸਾਡੀ ਅਜੋਕੀ ਨੌਜਵਾਨ ਪੀੜੀ ਸਾਡੇ ਬੇਸ਼ਕੀਮਤੀ ਤੇ ਵਿਰਾਸਤੀ ਸੰਗੀਤ ਦੇ ਰੂਬਰੂ ਹੋ ਕੇ ਉਸਦਾ ਅਨੰਦ ਲੈਂਦੀ ਅਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਰੂਹ ਨਾਲ ਸਾਂਭਦੀ, ਸੁਆਰਦੀ ਤੇ ਹਿਰਦੇ ਵਿੱਚ ਵਸਾਉਂਦੀ। ਇਹ ਦਿਨ ਫੂਹੜ ਤੇ ਫਾਹਸ਼ ਕਿਸਮ ਦੇ ਸੰਗੀਤ ਅਤੇ ਭੜਕਾਊ ਗੀਤਾਂ ਅਤੇ ਗਾਇਕਾਂ ਦੇ ਬਾਈਕਾਟ ਦੇ ਦਿਨ ਵਜੋਂ ਵੀ ਮਨਾਇਆ ਜਾਣਾ ਚਾਹੀਦਾ ਹੈ ਤੇ ਸਭ ਨੂੰ ਦਰਸਾਇਆ ਜਾਣਾ ਚਾਹੀਦਾ ਹੈ ਕਿ ਸੰਗੀਤ ‘ਤਿਜਾਰਤ ਨਹੀਂ, ਇਬਾਦਤ ਹੈ’ ਭਾਵ ਇਹ ਕੋਈ ਵਪਾਰ ਦਾ ਸਾਧਨ ਨਹੀਂ ਸਗੋਂ ‘ਭਗਤੀ ਦਾ ਇੱਕ ਸੁੱਚਾ ਮਾਧਿਅਮ’ ਵੀ ਹੈ। ਸੱਚੇ-ਸੁੱਚੇ ਸੰਗੀਤ ਦੀ ਖ਼ਾਸੀਅਤ ਇਹ ਹੈ ਕਿ ਆਪ ਵੀ ਪਾਕ ਹੁੰਦਾ ਹੈ ਤੇ ਸੁਣਨ ਵਾਲੇ ਨੂੰ ਵੀ ਪਾਕ ਕਰਦਾ ਹੈ। ਇਹ ਸਾਡੀ ਰੂਹ ਨੂੰ ਅਮਿਹ ਅਨੰਦ ਦਾ ਅਹਿਸਾਸ ਕਰਵਾਉਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੀ ਦੁਨੀਆਂ ਦਾ ਅਜਿਹਾ ਇਕਲੌਤਾ ਸਥਾਨ ਹੈ, ਜਿੱਥੇ ਚੱਤੇ ਪਹਿਰ ਰਸਭਿੰਨਾ ਤੇ ਸੰਗੀਤਮਈ ਕੀਰਤਨ ਚੱਲਦਾ ਹੈ, ਜਿੱਥੋਂ ਦੀ ਫ਼ਿਜ਼ਾ ਹਰ ਵੇਲੇ ਮਧੁਰ ਸੰਗੀਤ ਨਾਲ ਸਰਾਬੋਰ ਰਹਿੰਦੀ ਹੈ।
ਭਾਰਤ ਵਿੱਚ ਅੱਜ ਦਾ ਇਹ ਦਿਨ ਬੈਜੂ ਬਾਵਰਾ, ਤਾਨਸੇਨ, ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ, ਉਸਤਾਦ ਬਿਸਮਿੱਲਾ ਖ਼ਾਂ ਅਤੇ ਭਾਈ ਸਮੁੰਦ ਸਿੰਘ ਸਮੇਤ ਦੇਸ਼ ਦੇ ਹੋਰ ਉਸਤਾਦ ਸੰਗੀਤਕਾਰਾਂ ਅਤੇ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ, ਮਹਿੰਦਰ ਕਪੂਰ, ਸੁਰਿੰਦਰ ਕੌਰ, ਗੁਰਮੀਤ ਬਾਵਾ ਤੇ ਲਾਲ ਚੰਦ ਯਮਲਾ ਜੱਟ ਜਿਹੀਆਂ ਕਈ ਹੋਰ ਮਹਾਨ ਸੰਗੀਤਕ ਹਸਤੀਆਂ ਨੂੰ ਯਾਦ ਕਰਨ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਦਿਨ ਵੀ ਹੈ।