ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪਿੰਡ ਬਾਹੋਵਾਲ ਬਾਰੇ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-9463439075
ਉਹ ਸਿਰਫ ਪੌਣੇ ਤਿੰਨ ਏਕੜ ਭੌਇੰ ਦਾ ਮਾਲਕ ਸੀ। ਪੌਣਾ ਏਕੜ ਖੂਹ ‘ਤੇ, ਚਾਹੀ ਅਤੇ ਦੋ ਏਕੜ ਚੌਅ ਬੁਰਦ, ਬਰਾਨੀ-ਬੰਜ਼ਰ ਕਦੀਮ। ਗਰੀਬੜਾ ਜੱਟ, ਭਾਰੀ-ਭਰਕਮ ਪਰਿਵਾਰ। ਖਰੀ ਜ਼ਿੰਦਗੀ ਦੀ ਭਾਲ ਉਸਨੂੰ ਮਲੇਸ਼ੀਆ-ਹਾਂਗਕਾਂਗ ਲੈ ਗਈ, ਜਿੱਥੇ ਉਹ ਚੀਨਿਆਂ ਦੇ ਧੜਵੈਲ ਕਾਰਖਾਨੇ ਵਿੱਚ ਜਾ ਚੌਕੀਦਾਰ ਭਰਤੀ ਹੋਇਆ। ਇੱਧਰ, ਉਹ ਫੁੱਟਬਾਲ ਦਾ ਵੀ ਆਹਲਾ ਖਿਡਾਰੀ ਸੀ, ਇਸੇ ਗੁਣ ਨੇ ਉਸਨੂੰ ਚੀਨਿਆਂ ਦੀ ਫੁੱਟਬਾਲ ਟੀਮ ਦਾ ਵੀ ਬੇਹਤਰੀਨ ਖਿਡਾਰੀ ਸਿੱਧ ਕੀਤਾ। ਸਿੱਟਾ; ਉਸਨੂੰ ਬਾਕੀਆਂ ਤੋਂ ਕੁਝ ਵਧੇਰੇ ਤਨਖਾਹ ਮਿਲਦੀ ਸੀ, ਪਰ ਐਨੀ ਵੱਧ ਨਹੀਂ ਕਿ ਉਹ ਤਾ-ਨੌਕਰੀ ਉਥੇ ਟਿਕਿਆ ਰਹਿੰਦਾ। ‘ਮਰੀਕਾ-ਕੈਨੇਡਾ ‘ਚ ਵੱਧ ਉਜਰਤ ਅਤੇ ‘ਸੁੱਖਾਂ-ਲੱਧੀ ਜ਼ਿੰਦਗੀ’ ਦੀ ਕਨਸੌਅ ਨੇ ਉਸਨੂੰ ਵੀ ਉਧਰ ਜਾਣ ਲਈ ਪ੍ਰੇਰਿਆ। ਬੇਹੱਦ ਔਖੇ ਹੋ ਕੇ ਜੋੜੇ ਧਨ ਨਾਲ ਜਦ 1915 ਵਿੱਚ ਉਹ ਬਹਿਰੀ ਜਹਾਜ਼ ਫੜਨ ਲੱਗਾ, ਤਦ ਘਾਟ ਉੱਤੇ ‘ਵਾਜ਼ ਕੰਨੀਂ ਪਈ, “ਤੇਰਾ ਚਾਚਾ ਭਾਈ ਵੀਰ ਸਿੰਘ ‘ਗਰੇਜ਼ਾਂ ਨੇ ਫਾਹੇ ਟੰਗ ਦਿੱਤਾ ਹੈ।” ਗੈਰਤ; ਗਰੀਬੀ ਦਾ ਭੰਨਿਆ ਇਹ ਕਰਮਯੋਗੀ ਬੜੇ ਤਰੱਦਦ ਨਾਲ ਕੈਨੇਡਾ ਪ੍ਰਸਥਾਨ ਹਿੱਤ ਲਈ ਆਗਿਆ ਅਤੇ ਢਿੱਡ ਬੰਨ ਕੇ ਖਰੀਦੀ ਟਿਕਟ ਨੂੰ ਫਾੜ ਵਤਨ ਨੂੰ ਮੁੜ ਪਿਆ, ਉਸ ਮਾਂ-ਮਿੱਟੀ ਨੂੰ ਆਜ਼ਾਦ ਕਰਵਾਉਣ ਜਿਸ ਲਈ ਉਸਦਾ ਗ਼ਦਰੀ ਚਾਚਾ ਕੁਰਬਾਨ ਹੋ ਗਿਆ ਸੀ ਅਤੇ ਉਸ ਦੇ ਪਿੰਡ ਦੇ ਦਰਜਨ ਭਰ ਨਾਇਕ ਜੂਝ ਰਹੇ ਸਨ। ਕੌਣ ਸੀ ਇਹ ਅਤੇ ਕਿਹੜੇ ਪਿੰਡ ਦਾ ਜਾਇਆ ਸੀ, ਉਹ? ਜਿਸਦੀ ਮੈਂ ਤੁਹਾਨੂੰ ਬਾਤ ਸੁਣਾਈ ਹੈ। ਉਹ ਸੀ ਬਹੁਪਰਤੀ ਦੇਸ਼ ਭਗਤ ਕਾਮਰੇਡ-ਜਥੇਦਾਰ ਮੂਲਾ ਸਿੰਘ ਬਾਹੋਵਾਲ; ਉਹ ਬਾਹੋਵਾਲ, ਜਿਸਦੀ ਆਬਾਦੀ ਦਾ ਸਬੱਬ ਬਾਹੋ ਬੈਂਸ ਬਣਿਆ ਸੀ।
ਕੰਨ-ਰਸ ਤੁਰੀ ਆਉਂਦੀ ਗਾਥਾ ਅਨੁਸਾਰ ਬਾਹੋਵਾਲ ਦਾ ਨਾਂ ਉਨ੍ਹਾਂ ਦੇ ਇੱਕ ਵਡੇਰੇ ਬਾਹੋ ਦੇ ਨਾਂ ‘ਤੇ ਪਿਆ, ਜੋ ਜਾਤ ਦਾ ਜੱਟ ਸੀ ਤੇ ਗੋਤ ਵਜੋਂ ਬੈਂਸ; ਪਰ ਇਸਦਾ ਮਤਲਬ ਇਹ ਨਹੀਂ ਕਿ ਇਸ ਪਿੰਡ ਦੀ ਮੋੜ੍ਹੀ ਬਾਹੋ ਨੇ ਹੀ ਗੱਡੀ ਹੋਵੇ। ਬਾਹੋਵਾਲ; ਜਿਸਦਾ ਨਾਂ ਪਹਿਲਾਂ ਬਾਗਾਂ ਵਾਲੀ ਸੀ, ਦਾ ਹਦਬਸਤ ਨੰ. 34 ਅਤੇ ਕੁੱਲ ਮਾਲਕੀ 1692 ਏਕੜ ਹੈ, ਲੋਅਰ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਹੁਸਿਆਰਪੁਰ ਤੋਂ 19 ਕਿਲੋਮੀਟਰ ਦੱਖਣ ਵੱਲ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਮਾਰਗ ਉਤੇ ਮੈਲੀ ਵਾਲੇ ਚੌਅ ਕਿਨਾਰੇ ਘੁੱਗ ਵਸਦਾ ਹੈ। ਮਾਹਿਲਪੁਰ ਇੱਥੋਂ 3 ਕਿਲੋਮੀਟਰ ਹੈ। ਇਸੇ ਮਾਹਿਲਪੁਰ ਦੇ ਵਡੇਰਿਆਂ ਦੀ ਜ਼ਮੀਂ ਸੀ, ਇਹ ਕਦੇ। ਬਾਹੋਵਾਲ ਤੋਂ ਪਹਿਲਾਂ ਇਸ ਖਿੱਤੇ ਜਾਂ ਆਰਜ਼ੀ ਵਸੋਂ ਨੂੰ ਉਥੇ ਮੌਜੂਦ ਘਣੇ ਅੰਬ-ਬਾਗਾਂ ਕਾਰਨ ਬਾਗਾਂ ਵਾਲੀ ਕਹਿੰਦੇ ਸਨ। ਮਾਹਿਲਪੁਰ ਬਾਰੇ ਜ਼ਿਕਰ ਮਸ਼ਹੂਰ ਚੀਨੀ ਯਾਤਰੀ 623 ਈਸਵੀ ਵਿੱਚ ਕਰਦਾ ਹੈ, ਜਦੋਂ ਉਹ ਥਾਨੇਸਰ (ਹਰਿਆਣਾ) ਵਿਖੇ ਮਹਾਰਾਜਾ ਹਰਸ਼ ਵਰਧਨ ਦਾ ਮਹਿਮਾਨ ਸੀ। ਇਸੇ ਮਹਾਰਾਜਾ ਦੇ ਪੁਰਖੇ ਵੀ ਮਾਹਿਲਪੁਰ ਦੇ ਜੰਮਪਲ ਸਨ, ਜਿਨ੍ਹਾਂ ਦੇ ਇੱਕ ਵੱਡ-ਵਡੇਰੇ ਨੇ 400 ਈਸਵੀਂ ਵਿੱਚ ਕੁਰੂਕਸ਼ੇਤਰ ਦੀ ਪਾਕ ਜ਼ਮੀਨ ਉੱਤੇ ਸਿਰੀ ਕੰਠ ਉਰਫ ਥਾਨੇਸਰ ਵਸਾਇਆ ਸੀ, ਨਾਂ ਸੀ ਉਸਦਾ ਬੈਂਸ ਬੰਸ ਪੁਸ਼ਭੂਪੀ।
ਬਾਹੋਵਾਲੀਏ ਬੈਂਸਾਂ ਦੇ ਕੁੱਲ-ਮਰਾਸੀ (ਪ੍ਰੋਹਿਤ) ਮੀਆਂ ਕੂੜਾਂ ਤੱਲ੍ਹਣ ਅਨੁਸਾਰ ਮਾਹਿਲਪੁਰ ਦੀ ਦਾਸੋ ਪੱਤੀ ਦੇ ਬਲੀ ਪੁਰਸ਼ ਬਾਹੋ ਬੈਂਸ, ਜਿਸ ਨੇ ਇਸ ਬਾਗਾਂਵਾਲੀ ਖਿੱਤੇ ‘ਚ ਆਪਣੇ ਸਕੇ-ਸੋਧਰਿਆਂ ਅਤੇ ਟੱਬਰ-ਟੀਰ੍ਹ ਸਮੇਤ ਪੱਕੀ ਰਿਹਇਸ਼ ਕੀਤੀ, ਦੀ ਸ਼ਾਖ ਇਵੇਂ ਤੁਰਦੀ ਹੈ: ਦਾਸੋ-ਵੀਰੋ-ਸੱਗਣ-ਉੱਦਰ-ਮੱਖਣ ਭੁਲਾ-‘ਬਾਹੋ’ (ਜਿਹੜਾ ਬਾਹੋਵਾਲ ਦਾ ਉਸਰੇਈਆ ਮੰਨਿਆ ਗਿਆ)-ਮਹਿਮਦ-ਸਕਤਾ-ਦੁਰਗਾ-ਕਮਾਲ-ਫਤਿਹ-ਹੀਰਾ-ਭੂਪ ਸਿੰਘ-ਸੁੱਚਾ ਸਿੰਘ-ਖੁਸ਼ਹਾਲ ਸਿੰਘ ਵਗੈਰਾ (ਜਦ ਤੱਕ ਬਾਹੋਵਾਲ ਤਾਅ ਜਾਤਾਂ, ਕਿਰਤੀ-ਸ਼ਿਲਪੀ, ਸ਼ਾਹੂਕਾਰ-ਪ੍ਰੋਹਿਤ ਵੀ ਆ ਵਸੇ ਸਨ)।
ਬਾਹੋ ਕਰੀਬ 17ਵੀਂ ਸਦੀ ਦੇ ਨੇੜੇ-ਤੇੜੇ ਹੋਇਆ ਅਤੇ ਖੁਸ਼ਹਾਲ ਸਿੰਘ 19ਵੀਂ ਸਦੀ ਦੇ ਨੇੜੇ। ਕਹਿੰਦੇ ਹਨ ਕਿ ਜਦ ਕਾਂਗੜੇ ਦੇ ਰਾਜਾ ਸੰਸਾਰ ਚੰਦ ਨੇ ਲੋਅਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਤਲੇ ਬਜਵਾੜਾ-ਜੈਜੋਂ ਤੱਕ ਮੱਲ ਮਾਰ ਲਈ ਤਾਂ ਮਾਹਿਲਪੁਰ ਖਿੱਤੇ ਦੀ ਰੱਖਿਆ ਲਈ ਇਸ ਗਿਰਦ ਤੁਰਤ ਹੋਰ ਮੋਰਚੇ-ਗੜ੍ਹੀਆਂ ਉਸਾਰੀਆਂ ਗਈਆਂ। ਸਮਾਂ ਪਾ ਕੇ ਇਨ੍ਹਾਂ ਗੜ੍ਹੀਆਂ ਨੂੰ ਕਿਲੇ ਕਿਹਾ ਜਾਣ ਲੱਗ ਪਿਆ। ਬਾਹੋਵਾਲ ਵੀ ਅਜਿਹਾ ਕਿਲਾ ਸੀ, ਮਗਰੋਂ ਜਿੱਥੇ ਵਸੇਂਦਿਆਂ ਨੂੰ ਕਿਲੇ ਵਾਲੇ ਸਰਦਾਰ ਕਿਹਾ ਜਾਣ ਲੱਗ ਪਿਆ। ਇਨ੍ਹਾਂ ਕਿਲੇ ਵਾਲਿਆਂ ਵਿੱਚੋਂ ਹੀ ਬਾਹੋਵਾਲ ਦੇ ਛੇ ਗ਼ਦਰੀ ਦੇਸ਼ ਭਗਤਾਂ ਸਣੇ, ਇੱਕ ਗ਼ਦਰੀ ਹਰਨਾਮ ਸਿੰਘ ਬੈਂਸ ਹੋਇਆ ਹੈ। ਇਸ ਪਿੰਡ ਦੇ ਹੋਰ ਜਿਹੜੇ ਉੱਘੇ ਦੇਸ਼ ਭਗਤ ਹੋਏ ਹਨ, ਉਹ ਸਨ: ਲਿਖਾਰੀ ਸੰਤੋਖ ਸਿੰਘ ਕੂਕਾ (ਨਾਮਧਾਰੀ ਲਹਿਰ), ਸਰਵਣ ਸਿੰਘ-ਨਰੈਣ ਉਰਫ ਦਲੀਪ ਸਿੰਘ-ਜੀਤਾ ਉਰਫ ਨਰਿੰਦਰ ਸਿੰਘ-ਪਾਲਾ ਸਿੰਘ (ਸਾਰੇ ਗ਼ਦਰ/ਕਿਰਤੀ ਪਾਰਟੀ), ਜਥੇਦਾਰ ਪੂਰਨ ਸਿੰਘ-ਕਰਤਾਰ ਸਿੰਘ-ਚੰਨਣ ਸਿੰਘ-ਬੰਤਾ ਸਿੰਘ (ਸਾਰੇ ਗੁਰਦੁਆਰਾ ਸੁਧਾਰ ਲਹਿਰ) ਤੇ ਦੀਵਾਨ ਸਿੰਘ-ਸੰਤਾ ਸਿੰਘ (ਬੱਬਰ ਅਕਾਲੀ ਲਹਿਰ) ਅਤੇ ਚੌਧਰੀ ਰੁਲੀਆ ਰਾਮ-ਚੌਧਰੀ ਸ਼ਰਨ ਦਾਸ, ਪੰਡਿਤ ਵਿਦਿਆ ਸਾਗਰ-ਕਿਸ਼ਨ ਸਿੰਘ-ਕਰਤਾਰ ਸਿੰਘ-ਚੈਂਚਲ ਸਿੰਘ-ਮਈਆਂ ਸਿੰਘ-ਕਰਮ ਸਿੰਘ-ਗੁਰਬਖਸ਼ ਸਿੰਘ ਆਦਿ (ਸਾਰੇ ਕਿਸਾਨ-ਮਜ਼ਦੂਰ ਫਰੰਟ ਤੇ ਕੌਮੀ ਲਹਿਰਾਂ)।