ਪੰਜਾਬੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਪੁਰਤਗਾਲ ਇੱਕ ਅਜਿਹਾ ਮੁਲਕ ਹੈ, ਜਿੱਥੇ ਸਿੱਖ ਜਾਂ ਪੰਜਾਬੀ ਲੋਕ ਹੈਨ ਤਾਂ ਘੱਟ ਗਿਣਤੀ ਵਿੱਚ, ਪਰ ਇਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਸੂਝਬੂਝ ਸਦਕਾ ਵੱਡਾ ਨਾਂ ਕਮਾਇਆ ਹੈ। ਪੰਜਾਬੀਆਂ ਦੀ ਵੱਡੀ ਗਿਣਤੀ ਇੱਥੇ ਉਸ ਵੇਲੇ ਪੁੱਜੀ ਸੀ, ਜਦੋਂ ਪਰਤਗਾਲ ਵਿਖੇ ‘ਭਵਨ ਨਿਰਮਾਣ ਲਹਿਰ’ ਚੱਲ ਰਹੀ ਸੀ ਤੇ ਮਿਹਨਤਕਸ਼ ਮਜ਼ਦੂਰਾਂ ਦੀ ਇੱਥੇ ਵੱਡੀ ਕਿੱਲਤ ਪੇਸ਼ ਆ ਰਹੀ ਸੀ। ਪੇਸ਼ ਹੈ, ਪੁਰਤਗਾਲ ਵਿੱਚ ਪੰਜਾਬੀਆਂ ਬਾਰੇ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਅਕਸਰ ਕਿਹਾ ਜਾਂਦਾ ਹੈ ਕਿ ‘ਪੰਜਾਬੀਆਂ ਦੀ ਸ਼ਾਨ ਵੱਖਰੀ’ ਤੇ ਇਹ ਅਖੌਤ ਸੱਚ ਵੀ ਹੈ, ਕਿਉਂਕਿ ਦੁਨੀਆ ਦਾ ਚਾਹੇ ਕਈ ਕੋਨਾ ਵੀ ਹੋਵੇ, ਪੰਜਾਬੀ ਲੋਕ ਆਪਣੇ ਮਿਹਨਤੀ ਤੇ ਸਿਰੜੀ ਸੁਭਾਅ ਕੇ ਹਰ ਦੇਸ਼, ਹਰ ਸ਼ਹਿਰ, ਹਰ ਪਿੰਡ ਤੇ ਹਰ ਦਿਲ ਵਿੱਚ ਆਪਣੀ ਵਿਲੱਖਣ ਥਾਂ ਬਣਾ ਹੀ ਲੈਂਦੇ ਹਨ। ਪੁਰਤਗਾਲ ਇੱਕ ਅਜਿਹਾ ਮੁਲਕ ਹੈ, ਜਿੱਥੇ ਸਿੱਖ ਜਾਂ ਪੰਜਾਬੀ ਲੋਕ ਹੈਨ ਤਾਂ ਘੱਟ ਗਿਣਤੀ ਵਿੱਚ, ਪਰ ਇਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਸੂਝਬੂਝ ਸਦਕਾ ਵੱਡਾ ਨਾਂ ਕਮਾਇਆ ਹੈ। ਇੱਕ ਅੰਦਾਜ਼ੇ ਅਨੁਸਾਰ ਸਾਲ 2007 ਦੀ ਜਨਗਣਨਾ ਅਨੁਸਾਰ ਪੁਰਤਗਾਲ ਵਿੱਚ ਪੰਜਾਬੀਆਂ ਦੀ ਆਬਾਦੀ 5 ਹਜ਼ਾਰ ਅਤੇ ਸਾਲ 2010 ਵਿੱਚ 10 ਹਜ਼ਾਰ ਦੇ ਕਰੀਬ ਸੀ। ਪੰਜਾਬੀ ਲੋਕ ਇੱਥੇ ਖੇਤੀਬਾੜੀ, ਭਵਨ ਨਿਰਮਾਣ ਅਤੇ ਵਪਾਰ ਆਦਿ ਕਿੱਤਿਆਂ ਨਾਲ ਜੁੜੇ ਹੋਏ ਹਨ। ਚੇਤੇ ਰਹੇ, ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਜਦੋਂ ਇਸ ਖਿੱਤੇ ਵਿੱਚ ਮਿਹਨਤਕਸ਼ਾਂ ਦੀ ਘਾਟ ਨੂੰ ਮਹਿਸੂਸ ਕਰਦਿਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਥੋੜ੍ਹੀ ਢਿੱਲ੍ਹ ਦਿੱਤੀ ਗਈ ਸੀ ਤਾਂ ਪੰਜਾਬੀ ਲੋਕ ਇੱਥੇ ਆਣ ਵੱਸੇ ਸਨ।
ਪੁਰਤਗਾਲ ਦੇ ਉਂਜ ਤਾਂ ਭਾਰਤ ਅਤੇ ਭਾਰਤੀਆਂ ਨਾਲ ਪੁਰਾਣੇ ਰਿਸ਼ਤੇ ਹਨ, ਕਿਉਂਕਿ ਪੁਰਤਗਾਲੀ ਯਾਤਰੀ ਵਾਸਕੋਡਿਗਾਮਾ ਸੰਨ 1498 ਵਿੱਚ ਸਮੁੰਦਰੀ ਮਾਰਗ ਰਾਹੀਂ ਪਹਿਲੀ ਵਾਰ ਭਾਰਤ ਪੁੱਜਿਆ ਸੀ। ਉਸ ਤੋਂ ਬਾਅਦ ਪੁਰਤਗਾਲੀ ਲੋਕ ਹੀ ਪਹਿਲੇ-ਪਹਿਲ ਵਪਾਰੀ ਬਣ ਕੇ ਭਾਰਤ ਆਏ ਸਨ ਤੇ ਫਿਰ ‘ਅੱਗ ਲੈਣ ਆਈ, ਬਣ ਬੈਠੀ ਘਰ ਦੀ ਮਾਲਕ’ ਦੀ ਕਹਾਵਤ ਨੂੰ ਸਾਕਾਰ ਕਰਦਿਆਂ ਇੱਥੇ ਹੀ ਵੱਸ ਗਏ ਸਨ ਤੇ ਫਿਰ ਸ਼ਾਸਕ ਬਣਨ ਦੇ ਯਤਨ ਕਰਨ ਲੱਗ ਪਏ ਸਨ। ਖ਼ੈਰ, ਉਸ ਲੰਮੇਰੇ ਇਤਿਹਾਸ ਨੂੰ ਇੱਕ ਪਾਸੇ ਰੱਖ ਕੇ, ਆਓ ਅਜੋਕੇ ਪੁਰਤਗਾਲ ਦੀ ਗੱਲ ਕਰਦੇ ਹਾਂ, ਜੋ ਸੰਨ 1986 ਵਿੱਚ ‘ਯੂਰਪੀਅਨ ਯੂਨੀਅਨ’ ਅਤੇ 1995 ਵਿੱਚ ‘ਸ਼ੈਨੇਗਨ ਏਰੀਆ’ ਦਾ ਹਿੱਸਾ ਬਣਿਆ ਸੀ ਤੇ ਇੱਥੋਂ ਦੀਆਂ ਕੁਝ ਨਰਮ ਸ਼ਰਤਾਂ ਕਰਕੇ ਦੱਖਣੀ ਏਸ਼ੀਆ ਤੋਂ ਵੱਡੀ ਗਿਣਤੀ ਵਿੱਚ ਪਰਵਾਸੀ ਲੋਕ ਇੱਥੇ ਆਣ ਪੁੱਜੇ ਸਨ।
ਪੰਜਾਬੀਆਂ ਦੀ ਵੱਡੀ ਗਿਣਤੀ ਇੱਥੇ ਉਸ ਵੇਲੇ ਪੁੱਜੀ ਸੀ, ਜਦੋਂ ਪਰਤਗਾਲ ਵਿਖੇ ‘ਭਵਨ ਨਿਰਮਾਣ ਲਹਿਰ’ ਚੱਲ ਰਹੀ ਸੀ ਤੇ ਮਿਹਨਤਕਸ਼ ਮਜ਼ਦੂਰਾਂ ਦੀ ਇੱਥੇ ਵੱਡੀ ਕਿੱਲਤ ਪੇਸ਼ ਆ ਰਹੀ ਸੀ। ਸਾਲ 2018 ਦੀ ਜਨਗਣਨਾ ਅਨੁਸਾਰ ਇੱਥੇ ਭਾਰਤੀਆਂ ਦੀ ਆਬਾਦੀ 80 ਹਜ਼ਾਰ ਦੇ ਕਰੀਬ ਸੀ, ਜੋ ਕਿ ਸਾਲ 2021 ਵਿੱਚ ਵਧ ਕੇ 1 ਲੱਖ 20 ਹਜ਼ਾਰ ਹੋ ਗਈ ਸੀ। ਇੱਥੇ ਭਾਰਤੀਆਂ ਦੀ ਆਬਾਦੀ ਪੁਰਤਗਾਲ ਦੀ ਕੁੱਲ ਆਬਾਦੀ ਦਾ 1.15 ਫ਼ੀਸਦੀ ਦੇ ਕਰੀਬ ਬਣਦੀ ਹੈ। ਇਸ ਮੁਲਕ ਵਿੱਚ ਆਣ ਵੱਸੇ ਭਾਰਤੀਆਂ ਵਿੱਚ ਜ਼ਿਆਦਾਤਰ ਸੰਖਿਆ ਗੋਆ, ਗੁਜਰਾਤ ਅਤੇ ਦੱਖਣ ਭਾਰਤ ਤੋਂ ਆਏ ਲੋਕਾਂ ਦੀ ਹੈ। ਭਾਰਤੀ ਮੂਲ ਦੇ ਲੋਕਾਂ ਨੇ ਇੱਥੇ ਰਾਜਨੀਤੀ, ਖੇਡਾਂ, ਫ਼ੌਜ, ਸਾਹਿਤਕਾਰੀ, ਸਿਨੇਮਾ, ਟੀ.ਵੀ., ਵਪਾਰ ਅਤੇ ਅਧਿਆਪਨ ਦੇ ਖੇਤਰਾਂ ਵਿੱਚ ਵਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹੋਈਆਂ ਹਨ ਤੇ ਭਾਰਤੀ ਮੂਲ ਦੀ ਪੁਰਤਗਾਲਣ ਇਲੀਆਨ ਡਿ ਕਰੂਜ਼ ਨਾਮਕ ਅਭਿਨੇਤਰੀ ਦੇ ਨਾਂ ਦਾ ਤਾਂ ਇਸ ਵੇਲੇ ਬਾਲੀਵੁੱਡ ਦੀਆਂ ਨਾਮਵਰ ਅਭਿਨੇਤਰੀਆਂ ਵਿੱਚ ਸ਼ੁਮਾਰ ਹੁੰਦਾ ਹੈ। ਭਾਰਤੀ ਮੂਲ ਦਾ ਕਾਂਤੀਲਾਲ ਜਮਨਾ ਦਾਸ ਨਾਮਕ ਉਦਯੋਗਪਤੀ ਪੁਰਤਗਾਲ ਦੇ ਅਮੀਰ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ ਤੇ ਉਹ ਬੇਕਰੀ ਨਾਲ ਸਬੰਧਿਤ ਪਦਾਰਥਾਂ ਦੀ ਇੱਕ ਵੱਡੀ ਕੰਪਨੀ ਦਾ ਮਾਲਕ ਹੈ।
ਵੀਹਵੀਂ ਸਦੀ ਦੇ ਉਸ ਨੌਵੇਂ ਦਹਾਕੇ ਵਿੱਚ ਪੰਜਾਬ ਤੋਂ ਪੁਰਤਗਾਲ ਪੁੱਜੇ ਪੰਜਾਬੀਆਂ ਨੇ ਖੇਤੀਬਾੜੀ, ਸੈਰ-ਸਪਾਟਾ ਅਤੇ ਸਨਅਤਾਂ ਆਦਿ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕੁਝ ਕੁ ਪੰਜਾਬੀਆਂ ਨੇ ਇੱਥੇ ਰੈਸਟੋਰੈਂਟ ਵੀ ਖੋਲ੍ਹ ਦਿੱਤੇ ਸਨ। ਪੰਜਾਬੀਆਂ ਦੀ ਵੱਡੀ ਗਿਣਤੀ ਇੱਥੇ ਲਿਸਬਨ, ਅਲਬੂਫ਼ੇਰੀਆ, ਪੋਰਟੋ ਅਤੇ ਅਲਗ੍ਰੇਵ ਨਾਮਕ ਇਲਾਕਿਆਂ ਵਿੱਚ ਵੱਸਦੀ ਹੈ। ਇੱਕ ਮਹੱਤਵਪੂਰਨ ਤੱਥ ਇਹ ਹੈ ਕਿ ਸਾਲ 2008 ਵਿੱਚ ਇੱਥੇ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ ਜਾਂ ਸ਼ਸ਼ਤਰ ਰੱਖਣ ਦੀ ਮਰਿਆਦਾ ਸਬੰਧੀ ਪੁਰਤਗਾਲ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਤੇ ਪੁਲਿਸ ਨੇ ਕਿਰਪਾਨ ਨੂੰ ਸਿੱਖਾਂ ਦਾ ਧਾਰਮਿਕ ਚਿੰਨ੍ਹ ਸਵੀਕਾਰ ਕਰਦਿਆਂ ਕਿਰਪਾਨਧਾਰੀ ਸਿੱਖ ਨੂੰ ਜਨਤਕ ਸਥਾਨਾਂ ’ਤੇ ਵਿਚਰਨ ਜਾਂ ਸਫ਼ਰ ਕਰਨ ਦੌਰਾਨ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰ ਦਿੱਤਾ ਸੀ।
ਸਾਲ 2022 ਵਿੱਚ ਪੋਰਟੋ ਵਿਖੇ ਕਰਵਾਏ ਵਿਸਾਖੀ ਨਗਰ ਕੀਰਤਨ ਸਮਾਗਮ ਵਿੱਚ ਦੋ ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਹੁੰਮਹੁਮਾ ਕੇ ਭਾਗ ਲਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬੀਆਂ ਨੇ ਪੂਰਨ ਸ਼ਰਧਾ ਅਤੇ ਮਿਹਨਤ ਨਾਲ ਇੱਥੇ ਲਿਸਬਨ ਵਿਖੇ ‘ਗੁਰਦੁਆਰਾ ਸਿੱਖ ਸੰਗਤ ਸਾਹਿਬ’, ਅਲਬੂਫ਼ੇਰੀਆ ਵਿਖੇ ‘ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ’ ਅਤੇ ਪੋਰਟੋ ਵਿਖੇ ‘ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ’ ਆਦਿ ਦੀਆਂ ਸੁੰਦਰ ਇਮਾਰਤਾਂ ਦਾ ਨਿਰਮਾਣ ਵੀ ਕੀਤਾ ਹੈ। ਇਨ੍ਹਾਂ ਵਿੱਚੋਂ ਲਿਸਬਨ ਦਾ ‘ਗੁਰਦੁਆਰਾ ਸਿੱਖ ਸੰਗਤ ਸਾਹਿਬ’ ਸਭ ਤੋਂ ਵੱਡਾ ਗੁਰਦੁਆਰਾ ਹੈ।
—–
ਕਾਂਤੀਲਾਲ ਜਮਨਾਦਾਸ: ‘ਉਦਯੋਗਿਕ ਮੈਰਿਟ ਸਨਮਾਨ’
ਕਾਂਤੀਲਾਲ ਜਮਨਾਦਾਸ ਨੂੰ ਸਾਲ 2018 ਦੇ ਅਕਤੂਬਰ ਮਹੀਨੇ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ`ਸੂਜ਼ਾ ਵੱਲੋਂ ‘ਉਦਯੋਗਿਕ ਮੈਰਿਟ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ ਸੀ। ਪਹਿਲਾਂ ਵੀ ਪੁਰਤਗਾਲ ਦੇ ਸਾਬਕਾ ਰਾਸ਼ਟਰਪਤੀ ਜੋਰਜ ਸਾਂਪਾਇਓ ਵੱਲੋਂ ਕਾਂਤੀਲਾਲ ਜਮਨਾਦਾਸ ਨੂੰ ‘ਵਪਾਰਕ ਮੈਰਿਟ ਦੀ ਪ੍ਰਸ਼ੰਸਾ’ ਦਿੱਤੀ ਗਈ ਸੀ। ‘ਡੈਨ ਕੇਕ’ ਦੇ ਪ੍ਰਧਾਨ ਨੂੰ ਉਦਯੋਗਿਕ ਮੈਰਿਟ ਦੇ ਗ੍ਰੈਂਡ ਅਫਸਰ ਦੇ ਚਿੰਨ੍ਹ ਨਾਲ ਸਨਮਾਨਿਤ ਕੀਤਾ। ਉਸ ਦਿਨ ਕਾਂਤੀਲਾਲ ਜਮਨਾਦਾਸ ਦੀ ਕੰਪਨੀ ‘ਡੈਨ ਕੇਕ’ ਨੇ ਆਪਣਾ 40ਵਾਂ ਜਨਮ ਦਿਨ ਮਨਾਇਆ ਸੀ। ‘ਡੈਨ ਕੇਕ’ ਕੰਪਨੀ ਅਕਤੂਬਰ 1978 ਵਿੱਚ ਬਣੀ ਸੀ, ਜੋ ਕੂਕੀਜ਼, ਮੱਖਣ ਕੂਕੀਜ਼, ਬਿਸਕੁਟ, ਟੋਸਟ, ਸਵਿਸ ਰੋਲ ਅਤੇ ਕੇਕ ਬਣਾਉਂਦੀ ਹੈ। ਡੈਨ ਕੇਕ ਦੀਆਂ ਦੋ ਫੈਕਟਰੀਆਂ ਪੁਰਤਗਾਲ ਵਿੱਚ ਹਨ ਅਤੇ ਇਸ ਦੇ ਲਗਭਗ 500 ਕਾਮੇ ਹਨ।